Thursday, December 27, 2007

Kabootar Te Kurki...




ਕਾਵਿ-ਵਿਅੰਗ: ਕਬੂਤਰ ਤੇ ਕੁਰਕੀ

ਕਬੂਤਰ ਅਤੇ ਕੁਰਕੀ
(ਕਾਵਿ-ਵਿਅੰਗ)

-ਕੱਕਾ ਕਬੂਤਰਾਂ ਦੀ ਕੀ ਗੱਲ ਦੱਸਾਂ
ਨਸਲਾਂ ਕਬੂਤਰਾਂ ਦੀਆਂ ਬੇਸ਼ੁਮਾਰ ਲੋਕੋ
ਕਈ ਬੜੇ ਹੀ ਸਾਊ ਜਿਹੀ ਨਸਲ ਵਾਲੇ
ਕਈ ਮਾਰਦੇ ਉਡਾਰੀ ਨੇ 'ਬਾਹਰ' ਲੋਕੋ
-ਕਬੂਤਰ ਸ਼ਾਂਤੀ ਦਾ ਪ੍ਰਤੀਕ ਹੁੰਦਾ
ਇਹਨੂੰ ਛੱਡਦੇ, ਸਮਝੌਤੇ ਜਦੋਂ ਕਰਦੇ ਨੇ
ਕਈ ਛੱਡ ਕੇ ਕਬੂਤਰ ਬਾਹਰ ਆਉਂਦੇ
ਢਿੱਡ ਲੋਕਾਂ ਦੀ ਕਮਾਈ ਨਾਲ ਭਰਦੇ ਨੇ
-ਬਾਹਰ ਜਾਣ ਦਾ ਟੀਟੂ ਨੂੰ ਹਲਕ ਉਠਿਆ
ਡਰਦਾ ਬਾਪੂ ਕੋਲ ਗੱਲ ਚਲਾਂਵਦਾ ਨਹੀਂ
ਗੋਡੇ ਬੇਬੇ ਦੇ ਜਾ ਕੇ ਫੜ ਲਏ ਸੀ
ਬੇਬੇ ਕਰ ਕਿਰਪਾ, ਅਹਿਸਾਨ ਭੁਲਾਂਵਦਾ ਨਹੀਂ
-ਗੱਲ ਬਾਪੂ ਦੇ ਨਾਲ ਦੇਖ ਕਰਕੇ
ਦੁਨੀਆਂ ਧੜਾ-ਧੜ ਬਾਹਰ ਤੁਰੀ ਜਾਂਵਦੀ ਏ
ਬੰਦਾ ਚੰਦਰਮਾਂ ਉਪਰ ਹੈ ਜਾ ਪਹੁੰਚਾ
ਥੋਨੂੰ ਰੀਸ ਕਾਹਤੋਂ ਨਹੀਂ ਆਂਵਦੀ ਏ
-ਬੇਬੇ ਟਾਲ-ਮਟੋਲ ਤਾਂ ਬਹੁਤ ਕੀਤੀ
ਬੁੱਲ੍ਹ ਟੇਰੇ ਵੀ ਕੰਮ ਨਾ ਆਏ ਉਹਦੇ
ਟੀਟੂ ਬੈਠਾ ਦਲੀਲ-ਵਕੀਲ ਬਣਿਆਂ
ਮੋੜੀ ਜਾਵੇ ਬਿਆਨ ਜੋ ਆਏ ਉਹਦੇ
-ਫੱਟੇ ਚੱਕਦੂੰ ਬੇਬੇ ਕਮਾਈ ਵਾਲੇ
ਬਾਹਰ ਇਕ ਵਾਰੀ ਮੈਨੂੰ ਜਾਣ ਦੇ ਤੂੰ
ਮੋੜ-ਘੋੜ ਕੇ ਬਾਪੂ ਨੂੰ ਲਿਆ ਬੋਹੜ ਥੱਲੇ
ਕਰਵਾ ਦੇ 'ਹਾਂ' ਤੇ ਤੰਬੂ ਤਾਣ ਦੇ ਤੂੰ
-ਬੇਬੇ, ਬਾਪੂ ਦੇ ਨਾਲ ਗੱਲ ਤੋਰੀ
ਤੋਕੜ ਮੱਝ ਵਾਂਗ ਬਾਪੂ ਨੇ ਲੱਤ ਚੁੱਕੀ
ਦੁਰਮਟ ਵਰਗੇ ਧਰਤੀ 'ਤੇ ਪੈਰ ਮਾਰੇ
ਗਾਲ੍ਹਾਂ ਵਾਲੀ ਬਾਪੂ ਨੇ ਕੱਢੀ ਧੁੱਕੀ
-ਬੰਨ੍ਹਣ ਪੱਗ ਈ ਟੂਟੀ ਆਲੀ ਜਾਣਦਾ ਏ
ਹੋਰ ਗੁਣ ਨਾ ਇਹਦੇ ਵਿਚ ਕੋਈ ਮੇਲੋ
ਅਜੰਟ ਲਾ ਕੇ ਉੜਦੂ ਹੋਊ ਪਾਸੇ
ਵਾਧੂ ਅੱਗ ਦੇ ਨਾਲ ਨਾ ਤੁਸੀਂ ਖੇਲ੍ਹੋ
-'ਅਲੀ-ਅਲੀ' ਕਰਕੇ ਬਾਪੂ ਨੂੰ ਪਈ ਬੇਬੇ
ਜਦੋਂ ਗੱਲ ਕਰੂ, ਬੱਸ ਮੋਕ ਮਾਰੂ
ਤੂੰ ਜੱਟ ਕਾਹਦਾ, ਨਿਰਾ ਕਰਾੜ ਲਾਲਾ
ਆਪ ਧੰਦ ਪਿੱਟੂ, ਮੈਨੂੰ ਝੋਕ ਮਾਰੂ
-ਜਦ ਜੱਟ ਦੀ ਅਣਖ਼ ਦਾ ਸੁਆਲ ਬਣਿਆਂ
ਬਾਪੂ ਨੇ ਸੱਪ ਵਾਂਗ ਫ਼ਣ ਖਿਲਾਰਿਆ ਸੀ
ਜਿੱਥੇ ਕੱਟਿਆਂ ਦੇ ਉਥੇ ਵੱਛਿਆਂ ਦੇ
ਉਹਨੇ ਜੋਰ ਨਾਲ ਬੜ੍ਹਕ ਨੂੰ ਮਾਰਿਆ ਸੀ
-ਗੱਲ ਟੀਟੂ ਦੇ ਦਿਲ ਦੀ ਹੋਈ ਪੂਰੀ
ਉਹਦੇ ਕੱਛਾਂ ਵਿਚੋਂ ਹਾਸਾ ਡੁੱਲ੍ਹਿਆ ਸੀ
ਕੁਤਕੁਤੀਆਂ ਨਿਕਲਣ ਸਰੀਰ ਵਿਚੋਂ
ਹਨ੍ਹੇਰ 'ਬਾਹਰਲਾ' ਸਿਰੋਂ ਉਹਦੇ ਝੁੱਲਿਆ ਸੀ
-ਬਾਪੂ ਪੈਲੀ 'ਤੇ 'ਗੂਠਾ ਛਾਪ ਦਿੱਤਾ
ਛੇ ਲੱਖ ਏਜੰਟ ਨੂੰ ਮੱਥਾ ਜਾ ਟੇਕਿਆ ਸੀ
ਕਹਿੰਦਾ ਗਾਉਣ ਵਾਲੇ ਬਾਹਰ ਨੂੰ ਬੜੇ ਜਾਂਦੇ
ਨਿੱਘ ਏਜੰਟ ਨੇ ਰੁਪਈਆਂ ਦਾ ਸੇਕਿਆ ਸੀ
-ਇਹਨੂੰ ਤੋਰਾਂਗੇ ਗਵੱਈਏ ਨਾਲ ਬਾਬਾ
ਤੁਸੀਂ ਫਿ਼ਕਰ ਭੋਰਾ ਨਾ ਕਰੋ ਸਿੰਘ ਜੀ
ਜਾਂ ਕਿਸੇ ਕੀਰਤਨੀਏਂ ਨਾਲ ਟਾਂਕਾ ਫਿੱਟ ਕਰਦੇ
ਇਕ ਚਿਮਟੇ ਦਾ ਪ੍ਰਬੰਧ ਤੁਸੀਂ ਕਰੋ ਸਿੰਘ ਜੀ
-ਚਿਮਟਾ ਸਾਂਝਾ ਸਾਜ ਹੈ ਜੱਥਿਆਂ ਦਾ
ਇਹਨੂੰ ਕੀਰਤਨੀਏਂ ਤੇ ਸਿੰਗਰ ਵਜਾਉਣ ਦੋਨੋਂ
ਇਹਦੀ ਮੌਜ, ਵਜਾਉਣਾ ਇਹ ਬੜਾ ਸੌਖਾ
ਸਿੱਧਾ 'ਛਣ-ਛਣ' ਇਹਨੂੰ ਛਣਕਾਉਣ ਦੋਨੋਂ
-ਬਾਪੂ ਗਿਆ ਗੁਰਦੁਆਰੇ, ਸਿੰਘ ਕੋਲੇ
ਇਕ ਚਿਮਟਾ ਸਾਨੂੰ ਦਿਓ ਘੱਲ ਸਿੰਘ ਜੀ
ਮੁੰਡਾ ਬਾਹਰ ਜਾਣ ਖੁਣੋਂ ਰਹਿ ਜਾਣਾ
ਸੱਚੀ ਕੀਤੀ ਤੁਹਾਡੇ ਕੋਲ ਗੱਲ ਸਿੰਘ ਜੀ
-ਸਿੰਘ ਚਿਮਟਾ ਦਿੱਤਾ ਅਰਦਾਸ ਕਰਕੇ
ਬਾਹਰ ਜਾ ਕੇ ਭੁੱਲ ਨਾ ਜਾਈਂ ਕਾਕਾ
ਕਦੇ ਗੁਰੂ-ਘਰ ਵਜ਼ੀਰ ਦੀ ਲੋੜ ਹੋਵੇ
ਬੱਸ ਦਾਸ ਨੂੰ ਈ ਸੱਦ ਬੁਲਾਈਂ ਕਾਕਾ
-ਏਜੰਟ ਖੁਸ਼ਖਬਰੀ ਸੀ ਲੈ ਆਇਆ
ਗਰੁੱਪ ਚੱਲਿਆ ਬਾਹਰ ਨੂੰ ਗਾਉਣ ਵਾਲਾ
ਮੁਖੀ ਪੌਪ-ਸਿੰਗਰ ਅਖਵਾਂਵਦਾ ਏ
ਅੱਜ-ਕੱਲ੍ਹ 'ਚ ਚਾਲੇ ਹੈ ਪਾਉਣ ਵਾਲਾ
-ਉਹਦੇ ਗੀਤ ਬੜੇ ਹੀ ਹਿੱਟ ਹੋਏ
ਪੱਗ ਬੰਨ੍ਹ ਕੇ ਲੀਰ ਜਿਹੀ ਲਾਂਵਦਾ ਏ
ਧਾਰਮਿਕ ਸਟੇਜ 'ਤੇ ਖੰਡਾ ਵੀ ਜੜ ਲੈਂਦਾ
ਬੜਾ ਮਸ਼ਹੂਰ ਸਿੰਗਰ ਅਖਵਾਂਵਦਾ ਏ
-ਤਖ਼ੱਲਸ ਉਸ ਦਾ ਹੈ 'ਡਰਪੋਕ' ਕਹਿੰਦੇ
ਉਂਜ ਹੈ ਤਾਂ ਬੜਾ ਦਲੇਰ ਬੰਦਾ
ਨਾਲ ਰੱਖਦਾ ਨਿਰਭਉ-ਨਿਰਵੈਰ ਵਰਗੇ
ਕਰਦਾ ਜਮਾਂ ਨ੍ਹੀ ਸ਼ੇਰ ਕੋਈ ਗ਼ੈਰ ਧੰਦਾ
-ਪੀੜ੍ਹੀ ਨਵੀਂ ਕਮਲੀ ਉਹਦੇ ਹੋਈ ਪਿੱਛੇ
ਜਦੋਂ ਅਵਲੀਆਂ-ਸਵਲੀਆਂ ਗਾਂਵਦਾ ਏ
ਕਦੇ ਰੇਹੜ੍ਹੀ-ਗਡੀਰ੍ਹੇ ਦੀ ਗੱਲ ਕਰਦਾ
ਕਦੇ ਰੱਬ-ਰੱਬ ਵੀ ਜਪ ਜਾਂਵਦਾ ਏ
-ਤੁਸੀਂ ਮੁੰਡੇ ਦੀ ਤਿਆਰੀ ਕਰੋ ਪੂਰੀ
ਵਾਧੂ ਤੇਲ ਮਸਾਲਾਂ ਵਿਚ ਫ਼ੂਕਿਓ ਨਾ
ਕਦੇ ਗੱਡੀ, ਗਡੀਰ੍ਹੇ ਵਾਲੀ ਲੰਘ ਗਈ ਜੇ
ਫੇਰ ਡਰਦੇ ਰੱਬ-ਰੱਬ ਕੂਕਿਓ ਨਾ
-ਟੀਟੂ ਪੈਂਟਾਂ-ਕਮੀਜ਼ਾਂ ਸੰਵਾ ਲਈਆਂ
ਬੇਬੇ ਸ਼ੁੱਧ ਖੋਆ ਸੀ ਮਾਰ ਦਿੱਤਾ
ਪੁੱਤ ਡਾਲਰ ਹੂੰਝਣ ਵਲਾਇਤ ਚੱਲਿਆ
ਬਾਪੂ ਹੂੰਝ ਸਾਰਾ ਘਰ-ਬਾਰ ਦਿੱਤਾ
-ਨਿੱਤ ਕਰਦਾ ਪ੍ਰੈਸ ਟੀਟੂ ਪੈਂਟਾਂ ਨੂੰ
ਸ਼ੁਕੀਨੀ ਵਾਲੀ ਨਾ ਕਸਰ ਕੋਈ ਰਹਿ ਜਾਵੇ
ਇਹ ਸਾਜੀ-ਵਾਜੀ ਤਾਂ ਕੋਈ ਲੱਗਦਾ ਨ੍ਹੀ
ਏਅਰਪੋਰਟ 'ਤੇ ਨਾ ਕੋਈ ਕਹਿ ਜਾਵੇ
-ਜੁਲਫ਼ਾਂ ਵਾਹੁੰਦਾ, ਧਾਗੇ ਨਾਲ ਖਤ ਕੱਢਦਾ
ਚਿਮਟਾ ਵਜਾ ਕੇ ਕਦੇ-ਕਦੇ ਦੇਖ ਲੈਂਦਾ
ਕਹਿੰਦੇ ਲੋੜ ਕਾਢ ਦੀ ਮਾਂ ਹੁੰਦੀ
ਰਾਹ ਜਾਣੀਏਂ ਜਦੋਂ ਹੈ ਵਾਹ ਪੈਂਦਾ
-ਸੁਣਨ ਲੱਗਿਆ ਗਵੱਈਏ ਦੇ ਪੌਪ ਗਾਣੇਂ
'ਘੀਂ-ਘੀਂ' ਨਾਲ ਖਰਾਸ ਵਾਂਗ ਕਰੀ ਜਾਵੇ
ਸਿਆਣੇ ਡਿੱਗ-ਡਿੱਗ ਕਹਿੰਦੇ ਸਵਾਰ ਹੁੰਦੇ
ਕੁੱਟ-ਕੁੱਟ ਕੇ ਹੌਂਸਲਾ ਭਰੀ ਜਾਵੇ
-ਟੀਟੂ ਧੋਤੇ ਮੂੰਹ ਚੁਪੇੜ ਵੱਜੀ
ਕਹਿੰਦੇ ਪੌਪ-ਸਿੰਗਰ ਪੁਲਸ ਨੇ ਫੜ ਲਿਆ ਸੀ
ਟੀਟੂ ਪੜਛੱਤੀਓਂ ਹੇਠਾਂ ਆਣ ਡਿੱਗਿਆ
ਪੜ੍ਹਿਆ ਜਦੋਂ, ਕੜੱਕੇ ਵਿਚ ਜੜ ਲਿਆ ਸੀ
-ਬਾਪੂ ਭੱਜਿਆ ਤੁਰੰਤ ਏਜੰਟ ਵੱਲ ਨੂੰ
ਦੇਖਿਆ ਸੀਲ ਦਫ਼ਤਰ, ਦਰਵਾਜਾ ਬੰਦ ਕੀਤਾ
ਡਿੱਗੀ ਖੂਹ 'ਚ ਸੁੱਕੀ ਨਾ ਇੱਟ ਨਿਕਲੇ
ਕਰੜਾ ਪੁਲਸ ਨੇ ਸੀ ਪ੍ਰਬੰਧ ਕੀਤਾ
-ਬਾਪੂ ਪਿੱਟਿਆ ਬੇਬੇ ਵੀ ਵੈਣ ਪਾਏ
ਦੋ ਕਿੱਲੇ ਵੀ ਬਿਲੇ ਲਗਾ ਦਿੱਤੇ
ਚਾਰ ਦਾਣੇ ਆਉਂਦੇ, ਢਿੱਡ ਭਰਦੇ ਸੀ
ਉਹ ਵੀ 'ਬਾਹਰ' ਦੀ ਭੇਂਟ ਚੜ੍ਹਾ ਦਿੱਤੇ
-ਦੇਖ ਬੋਤੇ ਦਾ ਲਮਕਦਾ ਬੁੱਲ੍ਹ ਟੀਟੂ
ਸੁਝਦਾ ਕੁਝ ਨਹੀਂ ਪਤਾ ਨਹੀਂ ਜਾਵੇ ਕਿੱਥੇ
ਅੱਧੀ ਬਾਪੂ ਦੀ ਪੈਲੀ ਵੀ ਗਈ ਵਿਕ ਸੀ
ਗ਼ਰੀਬ ਮਾਪਿਆਂ ਦਾ ਦਿਲ ਧਰਾਵੇ ਕਿੱਥੇ
-ਪੁਲਸ ਗਵੰਤਰੀ ਨੂੰ ਅਦਾਲਤੀਂ ਫਿਰੇ ਖਿੱਚੀ
ਡਰੇ ਟੀਟੂ, ਮੇਰਾ ਨਾਂ ਨਾ ਬੋਲ ਦੇਵੇ
ਜਿਹੜੇ ਕਿੱਸੇ ਉਲੀਕੇ ਸੀ ਬਾਹਰ ਵਾਲੇ
ਕੁੱਟ ਪੁਲਸ ਕੋਲ ਨਾ ਢੋਲ ਦੇਵੇ
-ਜਿੰਨੀ ਛੇਤੀ ਸੀ ਗਰਦੋਗੋਰ ਉਠੀ
ਛਿੱਟਾ ਮਾਰ ਠੰਢੀ ਸੀ ਕਰ ਦਿੱਤੀ
ਜਿਹੜੀ ਸੂਈ ਸੀ ਗਵੱਈਏ 'ਤੇ ਧਰੀ ਹੋਈ
ਚੁੱਕ ਬਾਦਲ ਪ੍ਰੀਵਾਰ 'ਤੇ ਧਰ ਦਿੱਤੀ
-ਫੜ ਪਿਉ-ਪੁੱਤ ਦਿੱਤੇ ਕਰ ਅੰਦਰ
ਅਟੈਚੀ ਵਾਲੀ ਬੀਬੀ ਵੀ ਫਿਰੇ ਭੱਜੀ
ਫੜ ਪਟਿਆਲੇ ਜੇਲ੍ਹ ਵਿਚ ਧੱਕ ਦਿੱਤੇ
ਕੈਪਟਨ ਜਾਵੇ ਬੱਦਲ ਦੇ ਵਾਂਗ ਗੱਜੀ
-ਧਰਵਾਸ ਬਾਪੂ ਨੂੰ ਟੀਟੂ ਦੇਣ ਲੱਗਾ
ਜਿਹੜਾ ਹੋ ਗਿਆ ਮਿੱਟੀ ਪਾ ਬਾਪੂ
ਸਿੰਗਰ ਬਣ ਕੇ ਮੈਂ ਦਿਖਾਊਂ ਤੈਨੂੰ
ਕੰਧਾਂ ਸੋਨੇ ਦੀਆਂ ਦਿਊਂ ਬਣਾ ਬਾਪੂ
-ਚੰਗੇ ਭਲੇ ਸ਼ਰੀਕੇ ਵਿਚ ਵਸਦੇ ਸੀ
ਬੜਾ ਸੋਹਣਾ ਨਿਭਾਅ ਸੀ ਕਰੀ ਜਾਂਦੇ
ਚਾਰ ਸਿਆੜ ਜੋ ਬਾਪੂ ਨੇ ਸੀ ਦਿੱਤੇ
ਢਿੱਡ ਆਪਣਾ ਸੀ ਵਧੀਆ ਭਰੀ ਜਾਂਦੇ
-ਗੱਲ ਬਾਪੂ ਦੀ ਸੁਣੀਂ, ਅਣਸੁਣੀਂ ਕਰਕੇ
ਸੱਪ ਨਵਾਂ ਹੀ ਟੀਟੂ ਨੇ ਕੱਢਿਆ ਸੀ
ਮੈਂ ਰੈਅ ਦੇਵਾਂ, ਗੌਰ ਕਰ ਬਾਪੂ
ਉਹਨੇ ਨਵਾਂ ਹੀ ਪੜੁੱਲ ਇੱਕ ਛੱਡਿਆ ਸੀ
-ਬਾਪੂ ਆਖਦਾ ਅੱਗੇ ਹੀ ਬਹੁਤ ਹੋਗੀ
ਦੱਬੇ ਮੁਰਦੇ ਨਾ ਹੁਣ ਉਖਾੜ ਕਾਕਾ
ਅਸੀਂ ਨਦੀ ਕਿਨਾਰੇ ਰੁੱਖੜੇ ਹਾਂ
ਸਾਡੀ ਦੁਖੀ ਹੈ ਨਾੜ-ਨਾੜ ਕਾਕਾ
-ਜਿਹੜੀ ਬਾਪੂ ਦੀ ਜ਼ਮੀਨ ਹਿੱਸੇ ਆਈ ਸੀਗੀ
ਉਹ ਵੀ ਤੱਕੜ 'ਤੇ ਦਿੱਤੀ ਚਾੜ੍ਹ ਕਾਕਾ
ਮਾਂ ਚੋਰ ਦੀ ਕੋਠੀ ਵਿਚ ਮੂੰਹ ਡੱਕੇ
ਦਿਲ ਹੋਇਆ ਪਿਆ ਭਰਾੜ੍ਹ ਕਾਕਾ
-ਜਿਹੜੀ ਰਹਿੰਦੀ ਪੈਲੀ, ਬਾਪੂ ਉਹ ਵੀ ਬੈਅ ਕਰਦੇ
ਤਵੀਤੀਆਂ-ਛਾਪਾਂ ਬਿਨਾ ਜਮਾਂ ਸਰਨਾ ਨ੍ਹੀ
ਬਿਨਾ ਕੈਂਠਿਆਂ ਤੋਂ ਨ੍ਹੀ ਠੁੱਕ ਬਣਦੀ
ਸੁੱਕੇ-ਸੋਹੜੇ ਬਾਪੂ ਹੁਣ ਮਰਨਾ ਨ੍ਹੀ
-ਪਾ ਕੇ ਕੱਢਵੀਂ ਜਾਕਟ ਨਿੱਤ ਲਾਊਂ ਖਾੜੇ
ਦੋ ਕੁ ਕੈਸਿਟਾਂ ਵੀ ਕਰਵਾਊਂ ਬਾਪੂ
ਦੇ ਕੇ ਪੈਸੇ 'ਐਡ' ਲੁਆਊਂ ਟੀ ਵੀ 'ਤੇ
ਪਬਲੀਸਿਟੀ ਦੀ ਨ੍ਹੇਰੀ ਲਿਆਊਂ ਬਾਪੂ
-ਸੁਣੀ ਗੱਲ ਤੇ ਬਾਪੂ ਬੇਹੋਸ਼ ਹੋਇਆ
ਕਰਦਾ 'ਦਾਅੜ' ਡਿੱਗਿਆ, ਡਾਕਟਰ ਸੱਦਿਆ ਸੀ
ਡਾਕਟਰ ਦੱਸੇ ਇਹ 'ਪੂਰਾ' ਹੋ ਗਿਆ ਹੈ
ਇਹਨੂੰ ਸਦਮਾਂ ਕੋਈ ਚਾਣਚੱਕ ਲੱਗਿਆ ਸੀ
-ਕੀਰਨਾਂ ਪਾਇਆ ਬੇਬੇ, ਟੀਟੂ ਪਿੱਟਿਆ ਸੀ
ਸਾਨੂੰ ਸੁਪਨਿਆਂ ਛੱਜ ਪਾ ਛੱਟਿਆ ਸੀ
ਨਾ ਬਾਹਰ ਗਿਆ ਨਾ ਗਾਇਕ ਬਣਿਆਂ
ਦੱਸ ਸਬਜ਼ਬਾਗਾਂ 'ਚੋਂ ਕੀ ਖੱਟਿਆ ਸੀ
-ਬਾਪੂ ਗਿਆ ਤੇ ਨਾਲੇ ਜ਼ਮੀਨ ਖੁੱਸੀ
ਬਹੁਤਾ ਖਾਂਦੇ ਵੀ ਥੋੜਿਓਂ ਜਾਂਦੇ ਲੱਗੇ
ਕਰੋ ਸਬਰ ਭਾਈ ਸਾਰੇ ਲੋਕ ਕਹਿੰਦੇ
ਦੱਸੋ ਜੋਰ ਕੀ ਐ ਡਾਢੇ ਰੱਬ ਅੱਗੇ

Thursday, December 20, 2007

Mubarakaan...



mubwrkW - nwmvr nwvlkwr iSvcrn j`gI ku`sw ny ie`k hor mIl p`Qr g`ifAw
swfy swry pwTkW, sRprsqW Aqy pRSMskW leI ieh ^uSI dI g`l hY ik ieMglYNf ivc vsdy bhu-p`KI swihqkwr iSvcrn j`gI ku`sw ny swihq dy ipV ivc iek hor mIl p`Qr g`ifAw hY[ CotI ijhI aumr ivc ijqnw nwmxW aus ƒ imilAw hY, Ajoky smyN Swied hI iksy hor nOjvwn pMjwbI lyKk dy ih`sy AwieAw hovy! pMQ Aqy pMjwb ƒ smrpq ilKqW dw rcxhwrw iSvcrn j`gI ku`sw Awpxy ivrsy Aqy Awpxy lokW nwl pIfI qrHW juiVAw hoieAw hY[ swihqk inrMqrqw dy nwl inmrqw Aqy hlImI aus dw mIrI gux hY[
iSvcrn j`gI ku`sw dy ilKy Aqy sMswr Br ivc pRis`D hoey iqMn nwvlW: 'purjw purjw kit mrY', 'qvI qoN qlvwr q`k' Aqy 'bwrHIN kohIN bldw dIvw' dw AMgryzI ivc Anuvwd kIqw jw irhw hY[ pMjwbI swihq ivc ieh Swied pihlI vwr vwpirAw hY ik iksy sMsQw ny iksy pMjwbI swihqkwr dIAW iqMn pusqkW ƒ ie`ko smyN AMgryzI ivc Anuvwd krn dw auprwlw kIqw hovy[ ies pRwpqI leI AsIN Awpxy ies ihMmqI Aqy sunyhIN s`jx nUUMM hwridk mubwrk idMdy hoey, siqgurU dy hzUr Ardws krdy hW ik pMQ Aqy pMjwb dy h`k ivc auTI ieh klm hor vI SkqISwlI bx ky auBry!
ribMdr rYNsI


vDweIAW dyx leI eImyl: jaggikussa65@gmail.com


Tuesday, December 11, 2007

Kaali Boli Raat ...




ਕਹਾਣੀ: ਕਾਲ਼ੀ ਬੋਲ਼ੀ ਰਾਤ

ਕਾਲ਼ੀ ਬੋਲ਼ੀ ਰਾਤ
(ਕਹਾਣੀ)

ਅਜੇ ਉਹ ਬੱਚੀ ਸੀ।
ਇਕ ਮਾਸੂਮ ਬੱਚੀ, ਜਿਸ ਦਾ ਨਾਂ ਭੋਲੀ ਸੀ। ਉਹ ਆਪਣੇ ਨਾਂ ਵਾਂਗ ਸੱਚ ਹੀ ‘ਭੋਲੀ’ ਸੀ। ਇਕ ਪੁੰਗਰਦਾ ਫੁੱਲ ਸੀ। ਉਹ ਫੁੱਲ, ਜੋ ਇਕ ਧੂੜ ਭਰੇ ਬਾਗ ਵਿਚ ਆਪਣੇ ਜੀਵਨ ਨਾਲ ਜੱਦੋ-ਜਹਿਦ ਕਰ ਰਿਹਾ ਸੀ। ਉਸ ਦਾ ਜਨਮ ਇਕ ਹਨ੍ਹੇਰੇ ਭਰੀ ਜਿ਼ੰਦਗੀ ਵਾਲੇ, ਗਰੀਬ ਕਿਸਾਨ ਬਾਪ ਦੇ ਘਰ ਹੋਇਆ ਸੀ। ਅੱਜ ਉਹ ਪੰਜ ਸਾਲਾਂ ਦੀ ਸੀ। ਮਾਂ ਬਿਮਾਰ ਹੋਣ ਕਰਕੇ ਉਸ ਨੂੰ ਆਪਣੀ ਮਾਂ ਦਾ ਦੁੱਧ ਵੀ ਨਸੀਬ ਨਹੀਂ ਸੀ ਹੋਇਆ। ਵਿਚਾਰੀ ਸਿਰਫ ਬੱਕਰੀ ਦੇ ਜਾਂ ਗਾਂ ਦੇ ਦੁੱਧ ‘ਤੇ ਹੀ ਪਲੀ ਸੀ। ਉਸ ਨੂੰ ਆਪਣੀ ਮਾਂ, ਜੋ ਮੰਜੇ ‘ਤੇ ਬੈਠੀ ਸੀ, ਨੂੰ ਚਾਹ ਬਣਾ ਕੇ ਦੇਣ ਦੀ ਸੂੰਹ ਸੀ। ਦੁਆਈ ਲੈਣ ਵਾਸਤੇ ਪਾਣੀ ਲਿਆ ਕੇ ਦੇਣ ਦਾ ਪਤਾ ਸੀ। ਪਰ ਮਾਂ ਦੀ ਬਿਮਾਰੀ ਬਾਰੇ ਕੋਈ ਗਿਆਨ ਨਹੀਂ ਸੀ।
ਕਦੇ-ਕਦੇ ਉਹ ਬੁੜ੍ਹੀਆਂ ਤੋਂ ਸੁਣ ਜਰੂਰ ਲੈਂਦੀ ਸੀ ਕਿ ਉਸ ਦੀ ਮਾਂ ਨੂੰ ਉਸ ਦੇ ਜਨਮ ਤੋਂ ਬਾਅਦ ‘ਕੈਂਸਰ’ ਹੋ ਗਿਆ ਸੀ। ਪਰ ਉਸ ਨੂੰ ਕੋਈ ਖਾਸ ਸਮਝ ਨਾਂ ਪੈਂਦੀ। ਜਦੋਂ ਭੋਲੀ ਦਾ ਬਾਪ ਸਰਦਾਰਾ ਸਿੰਘ ਖੇਤ ਉਠ ਜਾਂਦਾ ਤਾਂ ਭੋਲੀ ਦੀ ਬਿਮਾਰ ਮਾਂ ਮਹਿੰਦਰ ਕੌਰ ਭੋਲੀ ਨੂੰ ਗਲ ਲਾ ਕੇ ਰੋਣ ਲੱਗ ਜਾਂਦੀ ਅਤੇ ਕਹਿੰਦੀ, “ਮੈਥੋਂ ਬਾਅਦ ਤੈਨੂੰ ਕੌਣ ਗਲ ਨਾਲ ਲਾਊ ਧੀਏ?” ਮਹਿੰਦਰ ਕੌਰ ਵੈਰਾਗ ਵਿਚ ਡੁਸਕਦੀ। ਪਰ ਬਚਪਨ ਮੱਤ ਵਾਲੀ ਭੋਲੀ ਮਾਂ ਨੂੰ ਪੁੱਛਦੀ, “ਬੇਬੇ ਤੂੰ ਰੋਨੀਂ ਕਾਹਤੋਂ ਐਂ?” ਤਾਂ ਉਹ ਫਿਰ ਰੋ ਕੇ ਜਵਾਬ ਦਿੰਦੀ, “ਮੈਂ ਆਬਦੇ ਕਰਮਾਂ ਨੂੰ ਰੋਨੀਂ ਐਂ ਧੀਏ!” ਤੇ ਧੀ ਨੂੰ ਹਰ ਵਾਰ ਇਸ ਤਰ੍ਹਾਂ ਵੈਰਾਗ ਨਾਲ ਹਾਉਕੇ ਭਰ-ਭਰ ਪਿਆਰ ਕਰਦੀ, ਜਿਸ ਤਰ੍ਹਾਂ ਉਹ ਆਪਣੇ ਹਰ ਸਾਹ ਨੂੰ ਆਖਰੀ ਸਾਹ ਸਮਝਦੀ ਹੋਵੇ। ਜਿਸ ਤਰ੍ਹਾਂ ਉਸ ਨੂੰ ਆਪਣੇ ਕਿਸੇ ਸਾਹ ‘ਤੇ ਇਤਬਾਰ ਹੀ ਨਾ ਹੋਵੇ। ਸਾਹ ਦਾ ਕੀ ਭਰੋਸਾ? ਆਇਆ ਨਾ ਆਇਆ!
-“ਮਾਂ ਪਾਣੀ ਦੇਵਾਂ?” ਦੁਪਿਹਰੋਂ ਬਾਅਦ ਸੁੱਤੀ ਉਠੀ ਮਾਸੂਮ ਭੋਲੀ ਨੇ ਪੁੱਛਿਆ। ਕਿੰਨਾ ਖਿਆਲ ਰੱਖਦੀ ਸੀ ਉਹ ਆਪਣੀ ਮਾਂ ਦਾ!
-"ਦੇ-ਦੇ ਪੁੱਤ!" ਭੋਲੀ ਦੀ ਮਾਸੂਮ ਆਵਾਜ਼, ਮਾਸੂਮ ਸ਼ਕਲ, ਮਾਸੂਮ ਸੁਭਾਅ ‘ਤੇ ਮਾਂ ਨੂੰ ਤਰਸ ਜਿਹਾ ਆਇਆ। ਉਸ ਅੰਦਰ ਝੋਕਾ ਜਿਹਾ ਫਿਰ ਗਿਆ ਅਤੇ ਮਾਂ ਦਾ ਬੇਵਸਾ, ਹੁਬਕੀਂ ਰੋਣ ਨਿਕਲ ਗਿਆ। ਮਾਂ ਨੂੰ ਆਪਣੀ ਜਿ਼ੰਦਗੀ ‘ਤੇ ਇਤਨਾ ਕਰੋਧ ਆਇਆ ਕਿ ਉਹ ਖੁਦਕਸ਼ੀ ਕਰ ਲਵੇ। ਕੀ ਅਰਥ ਸੀ ਉਸ ਦੀ ਜਿ਼ੰਦਗੀ? ਜਿਹੜਾ ਆਪਣੀ ਫੁੱਲ ਵਰਗੀ ਧੀ ਨੂੰ ਖਿਡਾ, ਪਰਚਾ ਨਹੀਂ ਸਕਦੀ ਸੀ? ਉਸ ਦੇ ਚਾਅ-ਮਲਾਰ ਪੂਰੇ ਨਹੀਂ ਕਰ ਸਕਦੀ ਸੀ?
-“ਮਾਂ ਲੈ ਪਾਣੀ....।” ਭੋਲੀ ਨੇ ਕਿਹਾ ਮਾਂ ਨੇ ਪਾਣੀ ਫੜ ਲਿਆ। ਦੁਆਈ ਲੈ ਲਈ।
-“ਲੈ ਪੁੱਤ ਗਿਲਾਸ ਰੱਖ ਦੇ।” ਮਾਂ ਨੇ ਕਿਹਾ। ਭੋਲੀ ਨੇ ਫੜ ਕੇ ਗਿਲਾਸ ਹੇਠਾਂ ਰੱਖ ਦਿੱਤਾ।
-“ਮਾਂ ਮੈਂ ਭੱਠੀ ‘ਤੇ ਖੇਡ ਆਵਾਂ?”
-“ਜਾਹ ਪੁੱਤ ਖੇਡ ਆ।” ਉਹ ਚਲੀ ਗਈ। ਖੇਡਦੇ ਬੱਚਿਆਂ ਨਾਲ ਖੇਡ ਲੱਗ ਗਈ।
-“ਲੈ ਕੁੜ੍ਹੇ-ਕੀ ਵਿਚਾਰੀ ਦੀ ਕੋਈ ਉਮਰ ਐ?” ਭੱਠੀ ‘ਤੇ ਦਾਣੇ ਭੁੰਨਾ ਰਹੀ ਇਕ ਬੁੱਢੀ ਨੇ ਭੋਲੀ ਵੱਲ ਤਰਸ ਭਰੀਆਂ ਨਜ਼ਰਾਂ ਨਾਲ ਤੱਕ ਕੇ ਕਿਹਾ।
-“ਰੋਇਆ ਕਰੂਗੀ ਵਿਚਾਰੀ ਮਾਂ ਨੂੰ।” ਦੂਜੀ ਬੋਲੀ।
ਭੋਲੀ ਨੂੰ ਚਾਹੇ ਪੂਰੀ ਸਮਝ ਨਹੀਂ ਆਈ ਸੀ। ਪਰ ਬੁੜ੍ਹੀਆਂ ਦੀਆਂ ਗੱਲਾਂ ਉਸ ਨੂੰ ਚੰਗੀਆਂ ਵੀ ਨਹੀਂ ਲੱਗੀਆਂ ਸਨ। ਉਹ ਖੇਡਣਾ ਵਿਚੇ ਹੀ ਛੱਡ ਘਰੇ ਆ ਗਈ। ਬਿਨਾ ਕੁਝ ਖਾਧੇ-ਪੀਤੇ ਮੰਜੇ ‘ਤੇ ਪਈ ਮਾਂ ਨਾਲ ਜੱਫੀ ਪਾ ਕੇ ਪੈ ਗਈ। ਪਤਾ ਨਹੀਂ ਕਿਉਂ ਅੱਜ ਮਾਂ ਉਸ ਨੂੰ ਕੁਝ ਜਿਆਦਾ ਹੀ ਪਿਆਰੀ-ਪਿਆਰੀ ਜਿਹੀ ਲੱਗੀ ਸੀ? ਮਾਂ ਦੇ ਸਰੀਰ ‘ਚੋਂ ਆਉਂਦੀ ਬਦਬੂ ਉਸ ਨੂੰ ਪਤਾ ਨਹੀਂ ਕਿਉਂ ਚੰਗੀ-ਚੰਗੀ ਲੱਗੀ ਸੀ? ਪਤਾ ਨਹੀਂ ਕਿਉਂ ਅੱਜ ਉਸ ਦਾ ਮਾਂ ਨਾਲੋਂ ਉਠਣ ਨੂੰ ਦਿਲ ਨਹੀਂ ਕਰਦਾ ਸੀ? ਪਤਾ ਨਹੀਂ ਕਿਉਂ ਅੱਜ ਉਸ ਨੂੰ ਮਾਂ ਦਾ ਬਹੁਤਾ ਹੀ ਮੋਹ ਜਿਹਾ ਆ ਰਿਹਾ ਸੀ? ਪਤਾ ਨਹੀਂ ਕਿਉਂ ਅੱਜ ਮਾਂ ਦਾ ਚਿਹਰਾ ਦੇਖ ਕੇ ਉਸ ਨੂੰ ਰੋਣ ਜਿਹਾ ਆ ਰਿਹਾ ਸੀ?
ਖੇਤੋਂ ਬਾਪੂ ਬਲਦ ਲੈ ਕੇ ਆ ਗਿਆ।
ਬਾਪੂ ਕੋਲ ਸਿਰਫ ਇਕ ਕਿੱਲਾ ਜ਼ਮੀਨ ਅਤੇ ਇਕ ਹੀ ਬਲਦ ਸੀ। ਜਿਸ ਨਾਲ ਉਹ ਖੇਤੀ ਕਰਦਾ ਸੀ। ਛਿਮਾਹੀ ਖਾਣ ਜੋਗੇ ਦਾਣੇ ਮਸਾਂ ਹੀ ਘਰ ਆਉਂਦੇ ਸਨ।
-“ਉਏ ਪੁੱਤ ਭੋਲਿਆ! ਤੂੰ ਸ਼ੇਰਾ ਮੇਰੇ ਆਸਤੇ ਅੱਜ ਚਾਹ ਨਹੀਂ ਬਣਾ ਕੇ ਰੱਖੀ ਉਏ?” ਬਾਪੂ ਦੇ ਬੋਲਾਂ ਵਿਚ ਲਾਡ ਸੀ। ਪਿਆਰ ਸੀ।
-“ਬਾਪੂ ਅੱਜ ਮੇਰਾ ਬੇਬੇ ਨਾਲੋਂ ਉਠਣ ਨੂੰ ਜੀਅ ਨਹੀਂ ਕਰਦਾ-ਅੱਜ ਤੂੰ ਆਪ ਈ ਬਣਾ ਲੈ।” ਭੋਲੀ ਨਾਲ ਦੀ ਨਾਲ ਰੋ ਪਈ। ਪਤਾ ਨਹੀਂ ਬਾਪੂ ਕੀ ਸੋਚ ਕੇ ਚੁੱਪ ਹੋ ਗਿਆ ਸੀ।
ਉਸ ਨੇ ਚੁੱਲ੍ਹੇ ਵਿਚ ਛਿਟੀਆਂ ਡਾਹ ਕੇ ਆਪ ਹੀ ਚਾਹ ਧਰ ਲਈ।
ਭੋਲੀ ਸਾਰੀ ਰਾਤ ਮਾਂ ਨਾਲ ਪਈ ਰਹੀ। ਜਦੋਂ ਉਸ ਦੀ ਜਾਗ ਖੁੱਲ੍ਹਦੀ ਤਾਂ ਉਹ ਮਾਂ ਨੂੰ ਘੁੱਟ ਕੇ ਜੱਫੀ ਪਾਉਂਦੀ ਅਤੇ ਮਾਂ ਦਾ ਮੂੰਹ ਚੁੰਮਦੀ। ਪਤਾ ਨਹੀਂ ਕਿਉਂ ਅੱਜ ਉਸ ਦਾ ਜੀਅ ਜਿਹਾ ਹੀ ਨਹੀਂ ਰੱਜਦਾ ਸੀ?
ਜਦੋਂ ਭੋਲੀ ਦੀ ਸਵੇਰੇ ਅੱਖ ਖੁੱਲ੍ਹੀ ਤਾਂ ਮਾਂ ਮੰਜੇ ‘ਤੇ ਨਹੀਂ ਸੀ। ਵਿਹੜੇ ਵਿਚ ਪਿੰਡ ਦੀਆਂ ਚਾਰ ਕੁ ਬੁੜ੍ਹੀਆਂ ਹੀ ਬੈਠੀਆਂ ਗੱਲਾਂ ਕਰ ਰਹੀਆਂ ਸਨ। ਭੋਲੀ ਦਾ ਦਿਲ ਧੜਕਿਆ। ਉਹ ‘ਬੇਬੇ’ ਕਹਿ ਕੇ ਮੰਜੇ ਤੋਂ ਭਮੱਤਰ ਕੇ ਉਠੀ ਸੀ।
-“ਪੈ ਜਾਹ ਡੱਡੇ ਪੈ ਜਾਹ।” ਇਕ ਬੁੱਢੀ ਨੇ ਉਸ ਨੂੰ ਵਿਰਾਉਣ ਦੀ ਕੋਸਿ਼ਸ਼ ਕੀਤੀ।
-“ਮੇਰੀ ਬੇਬੇ ਕਿੱਥੇ ਐ?”
-“ਹਸਪਤਾਲ ਐ ਪੁੱਤ।”
-“ਰਾਤ ਤਾਂ ਘਰੇ ਸੀ?”
-“ਤੜਕਿਓਂ ਤਿੰਨ ਵਜੇ ਲੈ ਕੇ ਗਏ ਐ-ਕੁੜ੍ਹੇ।”
-“ਮੈਨੂੰ ਦੱਸਿਆ ਕਿਉਂ ਨਹੀਂ?”
-“ਤੂੰ ਪੁੱਤ ਸੁੱਤੀ ਪਈ ਸੀ।”
-“ਮੇਰਾ ਬਾਪੂ ਕਿੱਥੇ ਐ?”
-“ਉਹ ਵੀ ਨਾਲ ਈ ਗਿਐ।”
-“ਮੈਂ ਵੀ ਜਾਊਂਗੀ।” ਤੇ ਉਹ ਮੰਜੇ ਤੋਂ ਪਾਗਲਾਂ ਵਾਂਗ ਉਠ ਕੇ ਭੱਜ ਤੁਰੀ। ਬੁੜ੍ਹੀਆਂ ਨੇ ਫੜ੍ਹ ਕੇ ਮਸਾਂ ਹੀ ਰੋਕੀ। ਉਹ ਬੁੜ੍ਹੀਆਂ ਨੂੰ ਗਾਹਲਾਂ ਕੱਢਦੀ ਰਹੀ। ਅਖੀਰ ਬੇਵੱਸ ਹੋ ਕੇ ਰੋਣ ਲੱਗ ਪਈ।
ਦੁਪਿਹਰੋਂ ਬਾਅਦ ਬਾਪੂ ਪਹੁੰਚ ਗਿਆ। ਉਦਾਸੀ ਅਤੇ ਦੁੱਖ ਦੀ ਸਿੱਕਰੀ ਉਸ ਦੇ ਚਿਹਰੇ ਤੋਂ ਸਾਫ਼ ਜ਼ਾਹਿਰ ਕਰਦੀ ਸੀ ਕਿ ਕੋਈ ਬੁਰੀ ਖਬਰ ਸੀ। ਭੋਲੀ ਡਡਿਆ ਕੇ ਬਾਪੂ ਦੀ ਬੁੱਕਲ ਵਿਚ ਵੜ ਗਈ। ਬਾਪੂ ਵੀ ਕੁੜੀ ਦੇ ਦੁੱਖ ਨੂੰ ਸਮਝਦਾ ਸੀ।
-“ਕਿਉਂ ਸਰਦਾਰਾ ਸਿਆਂ-ਕੀ ਹਾਲ ਐ ਹੁਣ ਮੁਹਿੰਦਰ ਕੁਰ ਦਾ ਪੁੱਤ?” ਅੰਬੋ ਨੇ ਪੁੱਛਿਆ। ਉਹ ਬੜੀ ਹੀ ਹਮਦਰਦ ਬੁੜ੍ਹੀ ਜਾਪਦੀ ਸੀ।
-“ਡਾਕਦਾਰ ਪੈਸੇ ਭਾਲਦੈ ਤਾਈ!” ਕਹਿਰਾਂ ਦੀ ਮਜਬੂਰੀ ਵਿਚ ਉਸ ਨੇ ਸਿਰ ਫੇਰਿਆ।
-“ਸਰਦਾਰਾ ਸਿਆਂ ਬੰਦਾ ਲੱਖੀਂ ਨਾ ਹਜਾਰੀਂ-ਪੈਸਾ ਤਾਂ ਕੋਹੜਿਆ ਵਾ ਹੱਥਾਂ ਦੀ ਮੈਲ ਐ-ਜਦੋਂ ਮਰਜ਼ੀ ਐ ਕਮਾ ਲਈਏ-ਪਰ ਬੰਦਾ ਨਹੀਂ ਮਿਲਦਾ ਭਾਈ-ਚੱਲ ਮੇਰੇ ਨਾਲ ਤੁਰ-ਬੋਲ ਕਿੰਨੇ ਪੈਸੇ ਚਾਹੀਦੇ ਐ-ਫੋਟ੍ਹ ਚੰਦਰਾ! ਸਿਰਫ ਐਨੀ ਕੁ ਗੱਲ ਪਿੱਛੇ ਮੂੰਹ ਢਿੱਲਾ ਜਿਆ ਕਰੀ ਫਿਰਦੈਂ? ਵੇ ਜਾਹ ਪਰ੍ਹੇ! ਆ ਤੁਰ ਮੇਰੇ ਨਾਲ....!” ਅੰਬੋ ਸਰਦਾਰੇ ਨੂੰ ਖਿੱਚ ਕੇ ਆਪ ਦੇ ਘਰ ਲੈ ਗਈ। ਵਰਾਂਡੇ ਵਿਚ ਮੰਜਾ ਡਾਹ ਦਿੱਤਾ ਅਤੇ ਆਪ ਆਪਦੇ ਵੱਡੇ ਮੁੰਡੇ ਸੌਦਾਗਰ ਸਿੰਘ ਕੋਲੇ ਅੰਦਰ ਚਲੀ ਗਈ।
ਪੰਦਰਾਂ ਕੁ ਮਿੰਟਾਂ ਬਾਅਦ ਹੀ ਉਸ ਨੇ ਸਰਦਾਰੇ ਨੂੰ ਅੰਦਰ ਆਵਾਜ਼ ਮਾਰ ਲਈ।
ਸਰਦਾਰਾ ਅੰਦਰ ਚਲਾ ਗਿਆ।
-“ਬੋਲ ਸਰਦਾਰਾ ਸਿਆਂ ਕਿੰਨੇ ਪੈਸੇ ਦਿਆਂ?” ਅੰਬੋ ਦੇ ਮੁੰਡੇ ਸੌਦਾਗਰ ਨੇ ਖੁੱਲ੍ਹ-ਦਿਲੀ ਵਿਖਾਈ।
-“ਦੋ ਕੁ ਹਜਾਰ ਤਾਂ ਚਾਹੀਦਾ ਈ ਐ ਬਾਈ।”
-“ਤੂੰ ਦੋ ਤਾਂ ਕੀ ਤਿੰਨ ਹਜਾਰ ਲੈ-ਹੈ ਕਮਲਾ? ਬੰਦਾ ਬੰਦੇ ਦੀ ਦਾਰੂ ਐ-ਆਹ ਫੜ ਤਿੰਨ ਹਜਾਰ-!” ਉਹ ਪੈਸੇ ਦਿੰਦਾ ਬੋਲਿਆ।
-“ਤੇ ਨਾਲੇ ਜੇ ਆਪਾਂ ਦੂਜਾ ਵਿਹਾਰ ਜਿਹਾ ਕਰ ਲੈਂਦੇ ਤਾਂ ਸਿਆਣਿਆਂ ਦੇ ਆਖਣ ਮਾਂਗੂੰ ਕੰਮ ਪੱਕਾ ਜਿਆ ਹੋ ਜਾਂਦਾ?” ਕਹਿ ਕੇ ਅੰਬੋ ਨੇ ਸਰਦਾਰੇ ਦਾ ਚਿਹਰਾ ਨਿਰਖਿਆ।
-“ਕਿਹੜਾ ਵਿਹਾਰ ਤਾਈ?” ਸਰਦਾਰਾ ਹੈਰਾਨ ਸੀ।
-“ਓਸ ਗੱਲ ਦੇ ਆਖਣ ਮਾਂਗੂੰ-ਡੁੱਬੜਾ ਨਾਂ ਨਹੀਂ ਆਉਂਦਾ ਸਰਦਾਰਾ ਸਿਆਂ ਪੁੱਤ-ਹਿੱਕ ਤੇ ਧਰਕੇ ਤਾਂ ਪੁੱਤ ਕਿਸੇ ਨੇ ਕੁਛ ਲੈ ਨਹੀਂ ਜਾਣਾ ਹੁੰਦਾ-ਪਰ ਜੇ ਤੂੰ ਕਿੱਲੇ ‘ਤੇ 'ਗੂਠਾ ਲਾ ਕੇ ਗਹਿਣੇ ਕਰਨ ਦਾ ਵਿਹਾਰ ਜਿਆ ਕਰ ਦੇਵੇਂ ਤਾਂ-?”
-“......।” ਸਰਦਾਰਾ ਖਾਮੋਸ਼ ਹੋ ਗਿਆ।
-“ਕਮਲਿਆ ਪੁੱਤਾ ਜੇ ਮਹਿੰਦਰ ਕੁਰ ਠੀਕ ਹੋ ਗਈ-ਤੈਨੂੰ ਤਾਂ ਸਾਰੇ ਕਿੱਲੇ ਵਿਚੇ ਹੀ ਆ ਗਏ-ਨਾਲੇ ਇਹ ਰਕਮ ਤਾਰ ਕੇ ਤੂੰ ਆਬਦਾ ਕਿੱਲਾ ਜਦੋਂ ਮਰਜ਼ੀ ਐ ਦੁੱਧ ਵਰਗਾ ਲੈ ਲਵੀਂ।” ਸਿਰੇ ਦੀ ਗੱਲ ਕਰ ਕੇ ਅੰਬੋ ਨੇ ਉਸ ਨੂੰ ਚਿੱਤ ਕਰ ਦਿੱਤਾ। ਸਰਦਾਰਾ ਕਰ ਵੀ ਕੀ ਸਕਦਾ ਸੀ? ਦੋ ਪੁੜਾਂ ਸੰਨ੍ਹ ਜਾਨ ਸੀ। ਅਖੀਰ ਮਜ਼ਬੂਰ ਹੋ ਕੇ ਉਸ ਨੂੰ ਪਰੋਨੋਟ ‘ਤੇ ਅੰਗੂਠਾ ਲਾਉਣਾ ਪਿਆ ਅਤੇ ਰਕਮ ਲੈ ਕੇ ਹਸਪਤਾਲ ਚਲਾ ਗਿਆ। ਉਹ ਸਾਹ ਜਿਹੇ ਵਰੋਲਦਾ ਫਿਰਦਾ ਸੀ।
ਅੰਬੋ ਲੋਕਾਂ ਵਿੱਚ ਹਿੱਕ ਠੋਕਦੀ ਫਿਰਦੀ ਸੀ। ਅਖੇ: ਜੇ ਬੰਦਾ ਬੰਦੇ ਦੇ ਭੀੜ ਪੈਣ 'ਤੇ ਕੰਮ ਨਾ ਆਇਆ ਤਾਂ ਫਿੱਟੇ ਮੂੰਹ ਜੰਮਣ ਦੇ! ਪਰ ਕਿੱਲੇ ਵਾਲੀ ਵਿਚਲੀ ਗੱਲ ਦਾ ਕਿਸੇ ਨੂੰ ਵੀ ਨਹੀਂ ਪਤਾ ਸੀ। ਅਗਲੇ ਦਿਨ ਸਰਦਾਰਾ ਹਸਪਤਾਲੋਂ ਫਿਰ ਵਾਪਿਸ ਆ ਗਿਆ। ਭੋਲੀ ਬਾਪੂ ਨਾਲ ਹਸਪਤਾਲ ਜਾਣ ਦੀ ਜਿ਼ਦ ਕਰ ਰਹੀ ਸੀ।
-“ਪੁੱਤ ਮੈਨੂੰ ਅੰਬੋ ਤਾਈ ਦੇ ਘਰ ਹੋ ਆਉਣ ਦੇ-ਫਿਰ ਆਪਾਂ ਚੱਲਦੇ ਐ।” ਤੇ ਉਹ ਅੰਬੋ ਤਾਈ ਦੇ ਘਰੇ ਚਲਾ ਗਿਆ। ਅੰਬੋ ਮੰਜੇ ਤੇ ਬੈਠੀ ਮਾਲਾ ਫੇਰ ਰਹੀ ਸੀ। ਦੂਰੋਂ ਸਰਦਾਰੇ ਨੂੰ ਦੇਖ ਕੇ ਉਹ ਉਚੀ-ਉਚੀ ਬੋਲਣ ਲੱਗ ਪਈ, “ਹੇ ਮਹਾਰਾਜ! ਸਾਰੇ ਸੰਸਾਰ ਨੂੰ ਈ ਤੰਦਰੁਸਤੀ ਦੇਈਂ।” ਮਚਲੀ ਹੋ ਕੇ ਉਸ ਨੇ ਅੱਖਾਂ ਮੀਟ ਲਈਆਂ ਸਨ।
-“ਤਾਈ ਮੱਥਾ ਟੇਕਦੈਂ।” ਸਰਦਾਰਾ ਅੰਬੋ ਦੀ ਪੈਂਦ ਬੈਠ ਗਿਆ।
-“ਆ ਪੁੱਤ ਸਰਦਾਰਿਆ-ਮਹਾਰਾਜ ਭਾਗ ਲਾਵੇ-ਰਾਜੀ ਖੁਸ਼ੀ ਰੱਖੇ-ਤੇ ਆਪਣਾ ਦੇਹ ਗੱਲ ਮਹਿੰਦਰ ਕੁਰ ਦੀ?” ਖਚਰੀ ਬੁੜ੍ਹੀ ਨੇ ਗਰਾਰੀ ਵਿਚ ਗਰਾਰੀ ਫਸਾ ਲਈ। ਉਹ ਕੁਤਰੇ ਵਾਲੀ ਮਸ਼ੀਨ ਵਾਂਗ ਸ਼ੁਰੂ ਹੋ ਗਈ ਸੀ।
-“ਅਜੇ ਤਾਂ ਮਾੜਾ ਈ ਹਾਲ ਐ ਤਾਈ।”
-“ਹੇ ਬਾਘਰੂ! ਤੂੰ ਬੰਦਿਆਂ ਨੂੰ ਐਨੀਆਂ ਤਕਲੀਪਾਂ ਕਿਉਂ ਦਿੰਨੈ?” ਅੰਬੋ ਨੇ ਰੱਬ ਵੱਲ ਨੂੰ ਗਲ ਉਗੀਸ ਲਿਆ।
-“ਤਾਈ-ਡਾਕਦਾਰ ਥੋੜੇ ਜਿਹੇ ਪੈਸੇ ਹੋਰ ਮੰਗਦੈ।” ਜਕਦੇ ਜਕਦੇ ਸਰਦਾਰੇ ਨੇ ਕਹਿ ਹੀ ਦਿੱਤਾ।
-“ਫੇਰ ਕੀ ਹੋ ਗਿਆ ਸ਼ੇਰਾ? ਮੈਂ ਦੇਖਗਾਂ ਬੈਠੀ! ਤੈਨੂੰ ਚਿੰਤਾ ਕਾਹਦੀ? ਜਸਮੇਲ ਕੁਰੇ ਚਾਹ ਧਰ ਪੁੱਤ-ਜਾਹ ਵੇ ਮਿਲਟੂ ਆਬਦੇ ਪਿਉ ਨੂੰ ਸੱਦ ਕੇ ਲਿਆ।” ਅੰਬੋ ਨੇ ਇਕੇ ਸਾਹ ਕਈ ਹੁਕਮ ਚਾਹੜ ਦਿੱਤੇ।
ਅੰਬੋ ਦੀ ਨੂੰਹ ਜਸਮੇਲ ਕੌਰ ਚਾਹ ਬਣਾ ਕੇ ਰੱਖ ਗਈ। ਬਾਹਰੋਂ ਸੌਦਾਗਰ ਵੀ ਆ ਗਿਆ।
-“ਆਪਣੇ ਸਰਦਾਰਾ ਸਿਉਂ ਨੂੰ ਥੋੜੇ ਜਿਹੇ ਪੈਸਿਆਂ ਦੀ ਹੋਰ ਲੋੜ ਸੀ।” ਚਾਹ ਦੇ ਸੜ੍ਹਾਕੇ ਮਾਰਦੀ ਬੁੜ੍ਹੀ ਤਿਰਛੀ ਝਾਕ ਰਹੀ ਸੀ।
-“ਫੇਰ ਕੀ ਹੋ ਗਿਆ? ਇਹਦਾ ਆਬਦਾ ਘਰ ਐ-ਗੁਆਂਢ ਮੱਥੈ-ਕਿੰਨੇ ਕੁ ਲੋੜੀਦੇ ਸੀ?” ਸੌਦਾਗਰ ਨੇ ਫੋਕੀ ਅਪਣੱਤ ਜ਼ਾਹਿਰ ਕੀਤੀ।
-“ਹਜਾਰ ਕੁ ਦੀ ਹੋਰ ਲੋੜ ਸੀ ਬਾਈ।”
-“ਮਿਲਜੂਗਾ-ਫਿਕਰ ਕਿਉਂ ਕਰਦੈਂ?” ਅੰਬੋ ਬੋਲੀ।
-“ਪਰ ਤਾਈ-ਹੁਣ ਤਾਂ ਮੇਰੇ ਕੋਲੇ ਕੁਛ ਗਹਿਣੇ ਧਰਨ ਨੂੰ ਵੀ ਨਹੀਂ ਰਹਿ ਗਿਆ।” ਸਰਦਾਰੇ ਦੀ ਆਵਾਜ਼ ਵਿਚ ਹੰਝੂ ਬੋਲੇ।
-“ਕਮਲਿਆਂ ਤੈਨੂੰ ਗਹਿਣੇ ਕਰਨ ਨੂੰ ਕਹਿੰਦਾ ਕੌਣ ਐਂ?”
-“ਤੇ ਉਹੋ ਆਪਣਾ ਸਾਅਵਾ ਬਲਦ ਵੇਚਤਾ?” ਸੌਦਾਗਰ ਨੇ ਪੈਂਦੀ ਸੱਟੇ ‘ਦੱਲਿਆਂ’ ਵਾਲਾ ਦਾਅ ਸੁੱਟਿਆ ਤਾਂ ਸਰਦਾਰੇ ਦਾ ਮੂੰਹ ਸਿਉਂਤਾ ਗਿਆ। ਉਹ ਸੋਚ ਰਿਹਾ ਸੀ ਕਿ ਮਾਂ ਪੁੱਤ ਰਲ ਕੇ ਮੇਰੀ ਮਜ਼ਬੂਰੀ ਦਾ ਫਾਇਦਾ ਉਠਾ ਰਹੇ ਸਨ।
-“ਕਮਲਿਆ-ਜਦੋਂ ਖੂਹ ਈ ਵੇਚਤਾ ਤੇ ਫਿਰ 'ਕੱਲੀ ਗਾਂਧਲ ਦਾ ਕੀ ਕੰਮ? ਮੇਰਾ ਮਤਬਲ ਜਦੋਂ ਖੇਤ ਈ ਗਹਿਣੇ ਕਰਤਾ ਫੇਰ ਬਲਦ ਦੀ ਕੀ ਜਰੂਰਤ? ਨਾਲੇ ਮਾੜੇ ਕਰਮਾਂ ਆਲਿਆ-ਤੇਰੇ ਤਾਂ ਕੋਈ ਪੁੱਤ ਵੀ ਹੈਨੀ-ਜੀਹਨੂੰ ਸੀਰੀ ਰਲਾ ਦੇਵੇਂਗਾ?” ਅੰਬੋ ਦੀ ਵਕਾਲਤ ਪਾਸ ਕੀਤੀ ਲੱਗਦੀ ਸੀ।
ਉਸ ਦੀਆਂ ਗੱਲਾਂ ਨੇ ਸਰਦਾਰੇ ਦੇ ਦਿਲ ‘ਤੇ ਜ਼ਖਮ ਜਰੂਰ ਕੀਤੇ ਸਨ। ਪਰ ਮਜ਼ਬੂਰੀ ਮਾਰਿਆ ਉਹ ਚੁੱਪ ਸੀ। ਉਸ ਨੇ ਸਾਰਾ ਕੁਝ ਸਹਿਣ ਕਰ ਲਿਆ। ਸੌਦਾਗਰ ਨੇ ਜੇਬ ਵਿਚੋਂ ਸੌ-ਸੌ ਦੇ ਦਸ ਨੋਟ ਕੱਢ ਕੇ ਸਰਦਾਰੇ ਨੂੰ ਫੜਾ ਦਿੱਤੇ ਅਤੇ ਸਰਦਾਰਾ ਚਲਾ ਗਿਆ।
ਸ਼ਾਮ ਨੂੰ ਹੀ ਅੰਬੋ ਸਰਦਾਰੇ ਦਾ ਬਲਦ ਖੋਲ੍ਹ ਲਿਆਈ।
ਜਦੋਂ ਲੋਕਾਂ ਨੇ ਬਲਦ ਖੋਲ੍ਹ ਕੇ ਲਿਜਾਣ ਦਾ ਕਾਰਨ ਪੁੱਛਿਆ ਤਾਂ ਅੰਬੋ ਨੇ ਬੜੀ ਆਫਰ ਕੇ ਉੱਤਰ ਦਿੱਤਾ, “ਗਊ ਦਾ ਜਾਇਆ ਖੁਰਨੀ ਤੇ ਖੜ੍ਹਾ ਭੁੱਖਾ ਤਿਹਾਇਆ ਮਰੀ ਜਾਂਦੈ-ਜੇ ਬੇਕਿਰਕ ਲੋਕਾਂ ਨੂੰ ਨਹੀਂ ਤਰਸ ਤਾਂ ਸਾਨੂੰ ਤਾਂ ਆਉਂਦੈ? ਜੇ ਐਥੇ ਸਾਡੇ ਚਾਰ ਦਿਨ ਪੱਠੇ ਖਾ ਲਊ ਤਾਂ ਸਾਡਾ ਕੀ ਥੁੜਜੂ? ਹਰ ਕੋਈ ਆਬਦੀ ਕਿਸਮਤ ਖਾਂਦੈ ਭਾਈ!” ਪਰ ‘ਅੰਦਰਲੀ’ ਗੱਲ ਦਾ ਫਿਰ ਨਾ ਕਿਸੇ ਨੂੰ ਪਤਾ ਲੱਗਿਆ। ਅੰਬੋ ਗੱਲਾਂ ਦੀਆਂ ਬੱਤੀਆਂ ਵੱਟਦੀ ਫਿਰਦੀ ਸੀ।
ਅਗਲੇ ਦਿਨ ਹੀ ਡਾਕਟਰ ਨੇ ਦੋ ਹਜਾਰ ਰੁਪਏ ਦਾ ਹੋਰ ਸੁਆਲ ਪਾ ਦਿੱਤਾ, “ਇਸ ਕੇ ਟੀਕੇ ਹਮੇਂ ਚੰਡੀਗੜ੍ਹ ਸੇ ਮੰਗਵਾਨੇ ਪੜੇਂਗੇ।”
ਸਰਦਾਰਾ ਤਾਂ ਜਿਵੇਂ ਧਰਤੀ ਵਿੱਚ ਹੀ ਗਰਕ ਗਿਆ ਸੀ। ਪਹਾੜ ਜਿੱਡਾ ਸੁਆਲ! ਦੋ ਹਜਾਰ ਰੁਪਈਆ? ਪਰ ਮਹਿੰਦਰ ਕੌਰ ਦੀ ਜਾਨ, ਉਹ ਆਪਣੀ ਜਾਨ ਵੇਚ ਕੇ ਵੀ ਬਚਾਉਣੀ ਚਾਹੁੰਦਾ ਸੀ। ਉਹ ਡਿੱਗਦਾ ਢਹਿੰਦਾ ਪਿੰਡ ਪਹੁੰਚਿਆ। ਅੰਬੋ ਕੋਲ ਜੋ ਕਿੱਲਾ ਗਹਿਣੇ ਸੀ, ਉਹ ਦੋ ਹਜ਼ਾਰ ਵਿਚ ਬੈਅ ਕਰ ਦਿੱਤਾ।
ਸ਼ਾਮ ਨੂੰ ਜਦ ਸਰਦਾਰੇ ਨੇ ਦੋ ਹਜਾਰ ਰੁਪਏ ਡਾਕਟਰ ਅੱਗੇ ਰੱਖੇ ਤਾਂ ਡਾਕਟਰ ਰੁਪਏ ਜੇਬ ਵਿਚ ਪਾਉਂਦਾ ਬੋਲਿਆ, “ਟੀਕੇ ਹਮਨੇ ਚੰਡੀਗੜ੍ਹ ਸੇ ਮੰਗਵਾ ਕਰ ਲਗਾਏ ਥੇ-ਲੇਕਿਨ ਬਿਮਾਰੀ ਕੰਟਰੋਲ ਸੇ ਬਾਹਰ ਹੋ ਚੁੱਕੀ ਥੀ-ਮੁਝੇ ਅਫਸੋਸ ਹੈ ਕਿ ਮੈਂ ਆਪ ਕੀ ਬੀਵੀ ਕੋ ਬਚਾ ਨਹੀਂ ਸਕਾ।” ਤੇ ਡਾਕਟਰ ਚਲਾ ਗਿਆ। ਸਰਦਾਰੇ ਅੰਦਰੋਂ ਕੀਰਨਾਂ ਨਿਕਲਣ ਲੱਗਿਆ ਸੀ। ਪਰ ਬਾਹਰ ਬੈਂਚ ‘ਤੇ ਬੈਠੀ ਭੋਲੀ ਦੇ ਖਿਆਲ ਨੇ ਉਸ ਦੀ ਭੁੱਬ ਗਲ ਵਿੱਚ ਹੀ ਘੁੱਟ ਦਿਤੀ। ਉਹ ਬਾਹਰ ਬੈਂਚ 'ਤੇ ਬੇਖ਼ਬਰ ਬੈਠੀ ਲੱਤਾਂ ਹਿਲਾ ਰਹੀ ਸੀ।
ਇਕ ਭੋਲੀ ਤੋਂ ਬਿਨਾਂ ਸਾਰੇ ਪਿੰਡ ਨੂੰ ਪਤਾ ਲੱਗ ਗਿਆ ਸੀ ਕਿ ਮੁਹਿੰਦਰ ਕੌਰ ਚੱਲ ਵਸੀ ਸੀ। ਪਤਾ ਲੱਗਦੇ ਹੀ ਸੌਦਾਗਰ ਆਪਣਾ ਟਰੈਕਟਰ ਅਤੇ ਟਰਾਲੀ ਲੈ ਕੇ ਹਸਪਤਾਲ ਪਹੁੰਚਿਆਂ। ਪੋਸਟ ਮਾਰਟਮ ਤੋਂ ਬਾਦ ਪਾੜੀ ਝੀੜੀ ਲਾਸ਼ ਮੰਜੇ ਉਤੇ ਪਾ, ਟਰਾਲੀ ਵਿਚ ਰੱਖ ਲਈ।
-“ਚੱਲ ਬਈ ਪੁੱਤ ਭੋਲਿਆ ਬੈਠ ਟਰੈਗਟ 'ਤੇ-ਪਿੰਡ ਚੱਲੀਏ।” ਸਰਦਾਰੇ ਨੇ ਭੋਲੀ ਨੂੰ ਕਿਹਾ।
-“ਤੇ ਬੇਬੇ?” ਭੋਲੀ ਨੇ ਪੁੱਛਿਆ।
-“ਉਹ ਵੀ ਨਾਲ ਈ ਚੱਲੂਗੀ ਪੁੱਤ।” ਭਰਿਆ ਗਲਾ ਸਾਫ ਕਰਕੇ ਸਰਦਾਰੇ ਨੇ ਕਿਹਾ। ਉਸ ਦੀ ਕਮਜ਼ੋਰ ਛਾਤੀ ਅੰਦਰ ਸਾਹ ਖੜਕ ਜਿਹੇ ਰਹੇ ਸਨ।
-“ਬਾਪੂ ਬੇਬੇ ਕਿੱਥੇ ਐ?” ਭੋਲੀ ਨੇ ਬਾਪੂ ਦਾ ਪਜਾਮਾ ਫੜ ਕੇ ਪੁੱਛਿਆ।
-“ਔਹ ਸੀ-ਟਰਾਲੀ ‘ਚ ਮੰਜੇ ਤੇ ਪਈ।”
-“ਮੈਂ ਤਾਂ ਬੇਬੇ ਨਾਲ ਪੈ ਕੇ ਜਾਊਂਗੀ ਬਾਪੂ।” ਭੋਲੀ ਨੇ ਕਿਹਾ ਤਾਂ ਸਰਦਾਰੇ ਦਾ ਕਾਲਜਾ ਭਰਾੜ੍ਹ ਹੋ ਗਿਆ ਅਤੇ ਅੱਖਾਂ ‘ਚੋਂ ਬੇਮੋਖਾ ਹੜ੍ਹ ਤੁਰ ਪਿਆ। ਉਹ ਮੂੰਹ ਹਨ੍ਹੇਰੇ ਵਿਚ ਖੜ੍ਹਾ, ਧਰਾਲੀਂ ਵਗਦੇ ਹੰਝੂ ਪੂੰਝ ਰਿਹਾ ਸੀ।
-“ਬਾਪੂ-ਮੈਂ ਤਾਂ ਬੇਬੇ ਨਾਲ ਪੈ ਕੇ ਜਾਊਂਗੀ।” ਭੋਲੀ ਨੇ ਜਿ਼ਦ ਫੜ ਲਈ। ਉਸ ਮਾਸੂਮ ਨੂੰ ਕੀ ਪਤਾ ਸੀ ਕਿ ਮਾਂ ਦੀ ਠੰਢੀ ਛਾਂ ਤਾਂ ਸਿਰ ਤੋਂ ਉਡ ਗਈ ਸੀ?
-“ਨਹੀਂ ਪੁੱਤ-ਡਾਕਟਰ ਨੇ ਕਿਹੈ ਬਈ ਤੇਰੀ ਬੇਬੇ ਮਸਾਂ ਸੁੱਤੀ ਐ-ਜਗਾਉਣੀ ਨਹੀਂ-ਤੂੰ ਘਰੇ ਜਾ ਕੇ ਆਬਦੀ ਬੇਬੇ ਨਾਲ ਪੈਜੀਂ-ਬਹੁਤ ਛਿਆਣਾਂ ਪੁੱਤ ਐ।” ਬਾਪੂ ਨੇ ਸਮਝਾਇਆ। ਉਹ ਬਰਾਬਰ ਅੱਖਾਂ ਤੇ ਨੱਕ ਪੂੰਝ ਰਿਹਾ ਸੀ।
-“ਚੰਗਾ।” ਭੋਲੀ ਸਹਿਮਤ ਹੋ ਗਈ।
ਮਹਿੰਦਰ ਕੌਰ ਦੀ ਲਾਅਸ਼ ਸਮੇਤ ਸਾਰੇ ਪਿੰਡ ਪਹੁੰਚ ਗਏ।
ਹਨ੍ਹੇਰਾ ਕਾਫੀ ਹੋ ਚੁੱਕਾ ਸੀ। ਲਾਅਸ਼ ਵਾਲਾ ਮੰਜਾ ਟਰਾਲੀ ‘ਚੋਂ ਉਤਾਰਿਆ ਗਿਆ। ਆਂਢ-ਗੁਆਂਢ ਦੀਆਂ ਬੁੜ੍ਹੀਆਂ ਨੇ ਰੋਣਾਂ ਸ਼ੁਰੂ ਕਰ ਦਿੱਤਾ। ਅੰਬੋ ਬੁੜ੍ਹੀ ਵੀ ਪੱਟਾਂ ‘ਤੇ ਹੱਥ ਮਾਰਦੀ, ਹਿੱਕ ਪਿੱਟਦੀ ਆ ਗਈ।
-“ਅੰਮਾਂ ਤੂੰ ਕਾਹਤੋਂ ਰੋਨੀਂ ਐਂ?” ਭੋਲੀ ਨੇ ਪੁੱਛਿਆ।
-“ਭੋਲੀ-ਪੁੱਤ ਤੇਰੀ ਬੇਬੇ ਮਰਗੀ!” ਤੇ ਭੋਲੀ ‘ਬੇਬੇ-ਬੇਬੇ’ ਕਰਦੀ ਮਾਂ ਦੀ ਲਾਅਸ਼ ‘ਤੇ ਡਿੱਗ ਪਈ। ਹੁਣ ਉਸ ਨੂੰ ਸਾਰੀ ਕਹਾਣੀ ਦੀ ਸਮਝ ਆ ਗਈ ਸੀ।
ਅਗਲੇ ਦਿਨ ਸਸਕਾਰ ਕੀਤਾ ਗਿਆ।
ਕਾਫੀ ਦਿਨ ਬੀਤੇ। ਅੰਬੋ ਨੇ ਫਿਰ ਸਰਦਾਰੇ ਦੇ ਘਰ ਗੇੜਾ ਮਾਰਿਆ।
-“ਸਰਦਾਰਿਆ-ਪੁੱਤ ਰੱਬ ਦਾ ਕਰਿਆ ਕੌਣ ਮੋੜ ਸਕਦੈ-ਰੱਬ ਦਾ ਭਾਣਾ ਮੰਨ-ਸਬਰ ਕਰ ਪੁੱਤ!”
-“ਹੁਣ ਤਾਂ ਜੱਗ ਤੇ ਜੀਅ ਨਹੀਂ ਲੱਗਦਾ ਤਾਈ-ਬੱਸ ਜੇ ਜਿਉਨੈਂ ਤਾਂ ਸਿਰਫ ਭੋਲੀ ਖਾਤਰ।” ਉਹ ਉੱਚੀ ਉੱਚੀ ਰੋ ਪਿਆ। ਦਿਲ ਉਸ ਦਾ ਲਹੂ-ਲੁਹਾਣ ਸੀ।
-“ਤੂੰ ਦਿਲ ਨਾ ਸਿੱਟ ਸਰਦਾਰਿਆ-ਤੂੰ ਇਉਂ ਕਰਿਆ ਕਰ-ਰੋਟੀ ਉਧਰ ਆਪਣੇ ਵੱਲ ਈ ਖਾ ਲਿਆ ਕਰ-ਨਾਲ ਈ ਭੋਲੀ ਨੂੰ ਲੈ ਆਇਆ ਕਰ-ਥੋਡਾ ਦਿਲ ਲੱਗਜੂ-ਭੋਲੀ ਬਹੂਆਂ ਨਾਲ ਚੱਕਣ ਧਰਨ ਕਰਵਾ ਦਿਆ ਕਰੂ ਤੇ ਤੂੰ ਪਸ਼ੂਆਂ ਨੂੰ ਪਾਣੀ ਧਾਣੀ-ਪੱਠੇ ਦੱਥੇ ਪਾ ਦਿਆ ਕਰੀਂ।” ਤੇ ਅੰਬੋ ਚਲੀ ਗਈ।
ਸਿਰਫ ਰੋਟੀ ਖਾਤਰ ਸਰਦਾਰੇ ਨੂੰ ਸੀਰੀਆਂ ਵਾਂਗ ਕੰਮ ਕਰਨਾ ਪੈਂਦਾ। ਪਰ ਪਤਾ ਨਹੀਂ ਕਿਉਂ, ਉਸ ਤੋਂ ਝੇਪ ਨਹੀਂ ਚੁੱਕੀ ਜਾਂਦੀ ਸੀ? ਭੋਲੀ ਵਿਚਾਰੀ ਸਵੇਰ ਤੋਂ ਲੈ ਕੇ ਅੱਧੀ ਰਾਤ ਤੱਕ ਸਾਰੇ ਪ੍ਰੀਵਾਰ ਦੇ ਕੱਪੜੇ ਧੋਂਦੀ, ਭਾਂਡੇ ਮਾਂਜਦੀ, ਜੁਆਕ ਖਿਡਾਉਂਦੀ। ਪਰ ਫਿਰ ਵੀ ਅੰਬੋ ਤੇ ਉਸ ਦੀਆਂ ਨੂੰਹਾਂ ਉਸ ਨੂੰ ਝਿੜਕਦੀਆਂ ਰਹਿੰਦੀਆਂ। ਕਦੇ-ਕਦੇ ਕੁੱਟਦੀਆਂ ਵੀ। ਭੋਲੀ ਨੂੰ ਆਪਣਾ ਜੀਵਨ ‘ਕਾਲ਼ੀ ਬੋਲ਼ੀ ਰਾਤ’ ਵਰਗਾ ਲੱਗਦਾ। ਜਿਸ ਵਿਚ ਉਸ ਨੂੰ ਹੱਥ ਮਾਰਿਆਂ ਵੀ ਕੁਝ ਨਹੀਂ ਦਿਸਦਾ ਸੀ।

Wednesday, December 5, 2007

No Jutti, No Kutta...


ਕਹਾਣੀ: "ਨ੍ਹੋ ਜੁੱਤੀ ਨ੍ਹੋ ਕੁੱਤਾ!!"

"ਨ੍ਹੋ ਜੁੱਤੀ! ਨ੍ਹੋ ਕੁੱਤਾ!!"
(ਕਹਾਣੀ)

ਬਾਬਾ ਬਖਤੌਰਾ ਸਿੱਧ-ਪੱਧਰਾ ਬੰਦਾ ਸੀ। ਪੂਰਨ ਫ਼ੱਕਰ, ਸਾਊ, ਦਰਵੇਸ਼! ਦਸਾਂ ਨਹੁੰਆਂ ਦੀ ਕਿਰਤ ਕਰਕੇ ਖਾਣ ਵਾਲਾ ਮਾਨੁੱਖ! ਸਵੇਰੇ, ਸਾਝਰੇ ਉੱਠ ਕੇ ਸਭ ਤੋਂ ਪਹਿਲਾਂ ਗੁਰਦੁਆਰੇ ਜਾ ਕੇ ਝਾੜੂ ਫੇਰਨਾ, ਪਾਣੀ ਛਿੜਕਣਾ, ਮਹਾਂਵਾਕਿ ਲੈ ਕੇ ਫਿਰ ਕੁਝ ਖਾਣਾ-ਪੀਣਾ ਉਸ ਦਾ ਪ੍ਰਣ ਸੀ।
ਬਾਬਾ ਇੱਕ ਗ਼ਰੀਬ ਜਿ਼ਮੀਦਾਰ ਘਰ ਦਾ ਜੰਮਪਲ ਸੀ। ਬਾਬੇ ਦੇ ਬਾਪ ਕੋਲ ਪੰਜ ਏਕੜ ਆਪਣੀ ਜ਼ਮੀਨ ਸੀ ਅਤੇ ਕੁਝ ਉਹ ਅੱਧ-ਮਾਮਲੇ 'ਤੇ ਲੈ ਕੇ ਵਾਹ ਲੈਂਦਾ ਅਤੇ ਘਰ ਦਾ ਤੋਰਾ ਸੋਹਣਾ ਤੋਰੀ ਜਾਂਦਾ ਸੀ। ਬਾਬਾ ਬਖਤੌਰਾ ਦੋ ਭੈਣਾਂ ਦਾ ਇਕੱਲਾ-ਇਕੱਲਾ ਭਰਾ ਸੀ। ਭੈਣਾਂ ਵੱਡੀਆਂ ਸਨ ਅਤੇ ਬਾਬਾ ਛੋਟਾ ਸੀ। ਦੋਹਾਂ ਭੈਣਾਂ ਦੇ ਵਿਆਹ ਮਗਰੋਂ ਬਾਬੇ ਨੂੰ ਪੰਜਵੀਂ ਜਮਾਤ ਵਿਚੋਂ ਹਟਾ ਕੇ ਬਾਪੂ ਨੇ ਵਾਹੀ ਵਿਚ ਹੀ ਅੜੁੰਗ ਲਿਆ। ਬਾਬੇ ਬਖਤੌਰੇ ਦੇ ਸਿਰ 'ਤੇ ਬਚਪਨ ਤੋਂ ਹੀ ਧੌਲੇ ਸਨ। ਜਿਸ ਕਰਕੇ ਲੋਕਾਂ ਨੇ ਉਸ ਦਾ ਨਾਂ ਹੀ 'ਬਾਬਾ' ਪਾ ਲਿਆ। ਆਮ ਤੌਰ 'ਤੇ ਪਿੰਡ ਦੇ ਲੋਕ, ਫਿਰ ਘਰਦੇ ਅਤੇ ਫਿਰ ਰਿਸ਼ਤੇਦਾਰ ਉਸ ਨੂੰ 'ਬਾਬਾ ਬਖਤੌਰਾ' ਆਖਣ ਲੱਗ ਪਏ। ਬਾਬਾ ਬੜਾ ਲਹਿਰੀ ਬੰਦਾ ਸੀ। ਕਿਸੇ ਦਾ ਵੀ ਗੁੱਸਾ ਨਾ ਕਰਦਾ। ਜੇ ਗਲੀ ਵਿਚ ਖੇਡਦੇ ਬੱਚੇ ਉਸ ਨੂੰ ਵਿਅੰਗਮਈ, "ਕੀ ਹਾਲ ਐ ਬਾਬਾ ਜੀ?" ਪੁੱਛਦੇ ਤਾਂ ਉਹ ਬੜਾ ਸੁਆਰ ਕੇ, "ਠੀਕ ਐ ਪੁੱਅਤ!" ਆਖ ਕੇ ਉੱਤਰ ਦਿੰਦਾ।
ਇਕ ਦਿਨ ਬਾਬਾ ਅਤੇ ਬਾਪੂ ਖੇਤ ਕੱਸੀ ਦਾ ਪਾਣੀ ਲਾ ਰਹੇ ਸਨ ਕਿ ਬਾਬੇ ਦਾ ਫ਼ੌਜੀ ਮਾਮਾ ਆ ਗਿਆ। ਖੁੱਲ੍ਹੇ ਸੁਭਾਅ ਅਤੇ ਸੁਡੌਲ ਸਰੀਰ ਵਾਲਾ ਮਾਮਾ ਬੜਾ ਦਲੇਰ ਆਦਮੀ ਸੀ। ਬਾਬੇ ਬਖਤੌਰੇ ਨਾਲੋਂ ਉਹ ਸਿਰਫ਼ ਦਸ ਕੁ ਸਾਲ ਹੀ ਵੱਡਾ ਸੀ।
-"ਉਏ ਆ ਬਈ ਸਰਬੰਧੀਆ!" ਬਾਪੂ ਉਸ ਨੂੰ ਬੜਾ ਲਿਫ਼ ਕੇ ਮਿਲਿਆ। ਬਾਪੂ ਉਸ ਨੂੰ ਦਿਲੋਂ ਪਿਆਰ ਕਰਦਾ ਸੀ।
-"ਲੋਟ ਐ ਪ੍ਰਾਹੁਣਿਆਂ! ਤੂੰ ਸੁਣਾ?"
-"ਬੱਸ ਧੱਕੀ ਜਾਨੇ ਐਂ ਗੱਡੀ-ਤੂੰ ਦੇਹ ਗੱਲ ਖੇਡਦੀ ਐ ਕਾਟੋ ਫ਼ੁੱਲਾਂ 'ਤੇ ਕਿ ਨਹੀਂ?"
-"ਬੱਸ! ਸਦਾਂ ਦਿਵਾਲੀ ਸਾਧ ਦੀ ਚੋਰ ਦੀਆਂ ਰਾਤਾਂ।" ਮਾਮਾ ਬੜਾ ਖੁੱਲ੍ਹ ਕੇ ਹੱਸਿਆ ਸੀ।
-"ਉਹ ਤਾਂ ਪਤਾ ਈ ਐ-ਲੰਡਰ ਹੈਗਾਂ-ਕੋਈ ਫਿ਼ਕਰ ਨਾ ਫ਼ਾਕਾ-ਨੂੰਹ ਲਿਆਉਣੀ ਨ੍ਹੀ ਧੀ ਤੋਰਨੀ ਨੀ-ਤੇਰੀ ਤਾਂ ਭਾਈ ਆਪੇ ਨਿੱਤ ਦੁਆਲੀ ਐ-ਨਾਮਾਂ ਫੌਜ 'ਚੋਂ ਕਮਾਈ ਜਾਨੈਂ ਤੇ ਗੁਰੂ ਭਲਾ ਕਰੇ ਗੁਲਛਰੇ ਉਡਾਈ ਜਾਨੈਂ-ਨਾ ਰੰਨ ਨਾ ਕੰਨ।"
ਮਾਮਾ ਹੱਸੀ ਜਾ ਰਿਹਾ ਸੀ।
-"ਤੇਰਾ ਕੀ ਹਾਲ ਐ ਬਾਬਾ?"
-"ਠੀਕ ਐ-।" ਮੁੱਛ ਫ਼ੁੱਟ ਚੋਬਰ ਬਾਬਾ ਬਖਤੌਰਾ ਮਾਮੇ ਤੋਂ ਕੁਝ ਸੰਗਦਾ ਸੀ। ਜੁਆਨ ਮਾਮਾ ਕਦੇ ਕਦੇ ਉਸ ਕੋਲੋਂ 'ਕੁੜੀਆਂ' ਦੀਆਂ ਗੱਲਾਂ ਪੁੱਛਣ ਲੱਗ ਪੈਂਦਾ। ਪਰ ਬਾਬਾ ਇਹੋ ਜਿਹਾ ਹੈ ਨਹੀਂ ਸੀ। ਉਹ ਤਾਂ ਸਾਧੂ ਬੰਦਾ ਸੀ।
ਸ਼ਾਮ ਨੂੰ ਉਹ ਘਰੇ ਆ ਗਏ।
ਬੇਬੇ ਰੋਟੀ ਲਾਹ ਰਹੀ ਸੀ।
-"ਫ਼ੌਜੀਆ ਤੂੰ ਬਿਆਹ ਬੂਹ ਦਿਖਾਉਣੈਂ ਕਿ ਨਹੀਂ?" ਬਾਪੂ ਨੇ ਦੇਸੀ ਦਾਰੂ ਦੀ ਬੋਤਲ 'ਚੋਂ ਮੱਕੀ ਦਾ ਗੁੱਲ ਖਿੱਚਦਿਆਂ ਤਾੜਿਆ। ਪਾਣੀ ਦਾ ਡੋਲੂ ਉਹ ਪਹਿਲਾਂ ਹੀ ਭਰ ਲਿਆਇਆ ਸੀ।
-"ਆਹ, ਕਰਵਾਉਣੈਂ ਇਹਨੇ ਬਿਆਹ! ਜਦੋਂ ਆਖੀਏ ਦੰਦੀਆਂ ਜੀਆਂ ਕੱਢ ਕੇ ਦਿਖਾਦੂ।" ਬੇਬੇ ਨੇ ਮੱਕੀ ਦੀ ਰੋਟੀ 'ਫ਼ਾਅੜ੍ਹ' ਕਰਦੀ ਛਾਬੇ ਵਿਚ ਮਾਰੀ।
-"ਪਤਾ ਨ੍ਹੀ ਮੇਰੇ ਪੇਕਿਆਂ ਦੀ ਜੜ੍ਹ ਰਹੂ, ਪਤਾ ਨ੍ਹੀ ਨਹੀਂ-ਬੰਦਾ ਹੁੰਦੈ ਕਦੇ ਤਾਂ ਗੱਲ ਮੰਨਦੈ-ਇਹਦੀ ਅਕਲ 'ਤੇ ਤਾਂ ਠੀਕਰਾ ਮੂਧਾ ਵੱਜਿਐ!"
-"ਇਹਦੀ ਅਕਲ ਤਾਂ ਮਲੱਟਰੀ ਨੇ ਚਰਲੀ!" ਬਾਪੂ ਬੋਲਿਆ।
-"ਉਏ ਭੈਣੇ! ਕਰਵਾਲਾਂਗੇ ਵਿਆਹ ਵੀ-ਐਨੀ ਕਾਹਲੀ ਵੀ ਕਾਹਦੀ ਐ?" ਮਾਮੇ ਨੇ ਕੰਗਣੀਂ ਤੱਕ ਦਾਰੂ ਦਾ ਭਰਿਆ ਗਿਲਾਸ ਅੰਦਰ ਸੁੱਟਿਆ।
-"ਨਾ ਅਜੇ ਤੂੰ ਗੀਗੈਂ? ਬੋਢਲ ਕੱਟਾ ਹੋਇਆ ਪਿਐਂ-ਦਾਹੜ੍ਹੀ ਤੇਰੇ ਗਿੱਟਿਆਂ ਤੱਕ ਆਈ ਵੀ ਐ।" ਬੇਬੇ ਤਪੀ ਬੈਠੀ ਸੀ।
-"ਲੈ ਸੁਣ ਲੈ ਪ੍ਰਾਹੁਣਿਆਂ!" ਫ਼ੌਜੀ ਨੇ ਬਾਪੂ ਨੂੰ ਸ਼ਕਾਇਤ ਜਿਹੀ ਲਾਈ। ਦਾਰੂ ਦੇ ਪੈੱਗ ਨਾਲ ਸਰ੍ਹੋਂ ਦਾ ਸਾਗ ਖਾਂਦੇ ਦੀ ਉਸ ਦੀ 'ਗਪਲ-ਗਪਲ' ਦੂਰ ਤੱਕ ਸੁਣਦੀ ਸੀ। ਮੂੰਹ ਦੀ 'ਟੁੱਚ-ਟੁੱਚ' ਟਿਕੀ ਰਾਤ ਵਿਚ ਤਾੜੀ ਵਾਂਗ ਵੱਜਦੀ ਸੀ।
-"ਇਹ ਥੋਡਾ ਮਸਲੈ ਬਈ-ਮੈਂ ਵਿਚ ਆ ਕੇ ਕਾਹਤੋਂ ਘਰੂਟ ਮਰਵਾਵਾਂ?" ਬਾਪੂ ਨੇ ਹੱਥ ਖੜ੍ਹੇ ਕਰ ਦਿੱਤੇ।
-"ਮੈਂ ਤੇ ਬਾਬਾ 'ਕੱਠੇ ਈ ਵਿਆਹ ਕਰਵਾਵਾਂਗੇ।" ਉਸ ਨੇ ਵੱਡੀਆਂ ਸਾਰੀਆਂ ਮੁੱਛਾਂ 'ਤੇ ਹੱਥ ਫੇਰ ਕੇ ਆਖਿਆ। ਦਾਰੂ ਦੇ ਛਿੱਟੇ ਦੂਰ-ਦੂਰ ਤੱਕ ਬੁੜ੍ਹਕੇ!
-"ਇਹਦਾ ਤਾਂ ਰਾਮ ਕੁਰੇ ਇੱਕੋ ਈ 'ਲਾਜ ਐ-ਸੁੱਕਿਆ ਵਿਆ ਛਿੱਤਰ ਲੈ-ਲੇ ਤੇ ਟੋਟਣ ਈ ਟੋਟਣ ਭੰਨੇ-ਹੋਰ ਕਿਤੇ ਨਾ ਮਾਰੇ-ਬੱਸ!" ਬਾਪੂ ਨੇ ਦੂਜੀ ਬੋਤਲ 'ਚੋ ਗੁੱਲ ਮਰੋੜਦਿਆਂ ਕਿਹਾ।
-"ਵੇ ਤੂੰ ਵਿਆਹ ਕਰਵਾ ਨਾ ਕਰਵਾ-ਖਾ ਖਸਮਾਂ ਨੂੰ-ਤੂੰ ਕਿਹੜਾ ਸਾਡੀ ਕੋਈ ਗੱਲ ਮੰਨਣੀ ਐਂ? ਪਰ ਸਾਡਾ ਇੱਕ ਕੰਮ ਜਰੂਰ ਕਰ।"
-"ਭੈਣੇ ਤੇਰੇ ਕਹੇ ਤਾਂ ਮੈਂ ਖੂਹ 'ਚ ਡਿੱਗਣ ਨੂੰ ਤਿਆਰ ਐਂ।" ਮਾਮਾ ਰੂੜੀ-ਮਾਰਕਾ ਨਾਲ 'ਬਾਬੂ' ਬਣਿਆਂ ਬੈਠਾ ਸੀ। ਦੀਵੇ ਦੀ ਲੋਅ ਉਸ ਦੀਆਂ ਅੱਖਾਂ ਵਿਚ ਡੋਲ ਰਹੀ ਸੀ।
-"ਤੈਨੂੰ ਖੂਹ 'ਚ ਡਿੱਗਣ ਨੂੰ ਜਮਾਂ ਨ੍ਹੀ ਆਖਦੇ।"
-"ਖਾਤੇ 'ਚ ਡਿੱਗ ਪੈਨੈਂ?" ਉਹ ਵੱਡਾ ਸਾਰਾ ਜਬਾੜ੍ਹਾ ਖੋਲ੍ਹ ਕੇ ਹੱਸਦਾ ਸੀ।
-"ਵੇ ਫ੍ਹੋਅਟ! ਮੈਂ ਕਹਿੰਨੀ ਆਂ ਸਾਡੇ ਛੋਰ੍ਹ ਨੂੰ ਵੀ ਫ਼ੌਜ 'ਚ ਭਰਤੀ ਕਰਵਾ ਦੇਹ-ਵਾਹੀ 'ਚ ਈ ਗਿੱਟੇ ਫਿਰਦੇ ਜਾਦੇ ਐ ਇਹਦੇ।"
-"ਕੱਲ੍ਹ ਨੂੰ ਈ ਲਓ!"
-"ਨੀ ਤੂੰ ਰਹਿਣ ਦੇ! ਜੁਆਕ ਨੂੰ ਲੈ ਕੇ ਬੇਗੇ ਲਹਿਰੇ ਬੱਜੂ-ਫੇਰ ਝਾਕੇਂਗੀ-ਐਹੋ ਜੇ ਨੇੜੇ ਤੇੜੇ ਖੜ੍ਹਦੇ ਵੀ ਨੀ ਹੁੰਦੇ-ਪਾਕਸਤਾਨੋਂ ਲੱਭ ਕੇ ਲਿਆਉਣੇ ਪੈਣਗੇ।"
-"ਵੇ ਤੂੰ ਕੋਈ ਚੱਜ ਦੀ ਗੱਲ ਕਰਿਆ ਕਰ!"
-"ਪ੍ਰਾਹੁਣਿਆਂ ਆਪਣਾ ਪੱਕਾ ਵਾਅਦਾ ਰਿਹਾ-ਮੈਂ ਇਹਨੂੰ ਫੌਜ 'ਚ ਭਰਤੀ ਕਰਵਾਊਂ-ਦੇਖੀਂ ਫੌਜ 'ਚ ਜਾ ਕੇ ਤਾਂ ਇਹ ਬੰਦਾ ਬਣਜੂ-ਐਥੇ ਰਹਿ ਕੇ ਤਾਂ ਰਹਿਜੂ ਤੇਰੇ ਅਰਗਾ ਗਰੜਪੌਂਕ!"
-"ਦੇਖ ਲੈ ਰਾਮ ਕੁਰੇ! ਮੈਂ ਇਹਦੇ ਮੱਥੇ 'ਚ ਬੋਤਲ ਮਾਰ ਕੇ ਟੀਕ ਚਲਾਦੂੰ!" ਬਾਪੂ ਦੀ ਸ਼ਰਾਬੀ ਜ਼ਬਾਨ ਮੂੰਹ ਵਿਚ 'ਡੱਕ-ਡੱਕ' ਵੱਜਣ ਲੱਗ ਪਈ ਸੀ।
ਸਾਰੇ ਹੱਸੀ ਗਏ।
ਅਗਲੇ ਦਿਨ ਮਾਮਾ ਬਾਬੇ ਬਖਤੌਰੇ ਨੂੰ ਲੈ ਕੇ ਤੁਰ ਗਿਆ। ਪੁੱਤ ਦੇ ਸੁਨਿਹਰੀ ਭਵਿੱਖ ਦੀ ਆਸ ਵਿਚ ਬੇਬੇ ਅੱਖਾਂ 'ਚੋਂ ਮੱਲੋਮੱਲੀ ਡੁੱਲ੍ਹਦੇ ਹੰਝੂ ਬੋਚੀ ਖੜ੍ਹੀ ਸੀ।
ਬਾਬੇ ਬਖਤੌਰੇ ਨੂੰ ਮਿਲਟਰੀ ਵਿਚ ਭਰਤੀ ਕਰਵਾ ਦਿੱਤਾ। ਹੱਡ ਦਾ ਕਰੜਾ ਅਤੇ ਮਿਹਨਤੀ ਬਾਬਾ ਫ਼ੌਜ ਵਿਚ ਚੰਗਾ ਤੁਰ ਪਿਆ ਸੀ।
ਪੂਰੇ ਸੱਤ ਸਾਲਾਂ ਬਾਅਦ ਬਾਬੇ ਦਾ ਵਿਆਹ ਹੋ ਗਿਆ। ਮਾਮਾ ਪੈਨਸ਼ਨ ਆ ਗਿਆ ਸੀ। ਬਾਬੇ ਦੇ ਘਰਵਾਲੀ ਜੈਕੁਰ ਵੀ ਬਾਬੇ ਵਾਂਗ ਦਿਲ ਦੀ ਸਾਫ਼ ਔਰਤ ਸੀ। ਰੱਬ ਦੀ ਰਜ਼ਾ ਵਿਚ ਰਾਜ਼ੀ ਰਹਿਣ ਵਾਲੀ ਦਿਲਦਾਰ ਔਰਤ।
ਤਿੰਨ ਸਾਲਾਂ ਵਿਚ ਵਿਚ ਹੀ ਜੈਕੁਰ ਨੇ ਦੋ ਸੋਹਣੇ ਸੁਨੱਖੇ ਪੁੱਤਾਂ ਨੂੰ ਜਨਮ ਦਿੱਤਾ। ਮਾਮਾ ਵਧਾਈ ਦੇਣ ਆਇਆ। ਉਹ ਇੱਕ 'ਜੀਵਨ ਸਾਥਣ' ਨਾਲ ਸ਼ਾਦੀ ਕਰਕੇ ਹੁਣ ਅਮਰੀਕਾ ਜਾ ਰਿਹਾ ਸੀ। ਉਸ ਦੀ ਜੀਵਨ ਸਾਥਣ ਅਮਰੀਕਾ ਵਿਚ ਵਸਦੀ ਵਿਧਵਾ ਔਰਤ ਸੀ। ਜਿਸ ਨੇ ਅਖ਼ਬਾਰ ਵਿਚ 'ਜੀਵਨ ਸਾਥੀ ਦੀ ਲੋੜ' ਦਾ ਇਸ਼ਤਿਹਾਰ ਦਿੱਤਾ ਸੀ ਅਤੇ ਜੁਗਤੀ ਮਾਮੇ ਨੇ ਇਸ ਇਸ਼ਤਿਹਾਰ ਦਾ ਪੂਰਾ ਪੂਰਾ ਫ਼ਾਇਦਾ ਉਠਾਇਆ ਸੀ।
ਮਾਮੇ ਦੇ ਅਮਰੀਕਾ ਜਾਣ ਤੋਂ ਬਾਅਦ ਹੀ ਬਾਬੇ ਬਖਤੌਰੇ ਦੇ ਬੇਬੇ-ਬਾਪੂ ਵਾਰੀ ਵਾਰੀ ਚੜ੍ਹਾਈ ਕਰ ਗਏ। ਸਰਦੀ ਪੁਰਦੀ ਮਿੱਟੀ ਕਿਉਂਟਣ ਤੋਂ ਬਾਅਦ ਬਾਬਾ ਆਪਣੇ ਦੋਹਾਂ ਪੁੱਤਾਂ ਅਤੇ ਘਰਵਾਲੀ ਜੈਕੁਰ ਨੂੰ ਆਪਣੇ ਕੋਲ ਹੀ ਲੈ ਗਿਆ। ਕੁਆਟਰ ਮਿਲ ਗਿਆ ਅਤੇ ਮੁੰਡੇ ਉਸ ਨੇ ਸੈਨਿਕ ਸਕੂਲ ਵਿਚ ਦਾਖਲ ਕਰਵਾ ਦਿੱਤੇ। ਜੈਕੁਰ ਦੀ, ਗੁਆਂਢਣ ਫ਼ੌਜਣ ਰੁਕਮਣ ਨਾਲ ਬਾਹਵਾ ਬੁੱਕਲ ਖੁੱਲ੍ਹ ਗਈ ਸੀ। ਸਾਰੀ ਦਿਹਾੜੀ ਉਹਨਾਂ ਦੀ ਰਾਲ-ਬੋਲ ਬਣੀ ਰਹਿੰਦੀ। ਜਦੋਂ ਸ਼ਾਮ ਨੂੰ ਬੱਚੇ ਅਤੇ ਫ਼ੌਜੀ ਘਰੇ ਆ ਜਾਂਦੇ ਤਾਂ ਉਹ ਆਪਣੇ ਆਪਣੇ ਘਰੇਲੂ ਕਿੱਤਿਆਂ ਵਿਚ ਰੁੱਝ ਜਾਂਦੀਆਂ।
ਸਰਵਿਸ ਪੂਰੀ ਕਰਨ ਬਾਅਦ ਬਾਬਾ ਬਖਤੌਰਾ ਸੂਬੇਦਾਰ ਪੈਨਸ਼ਨ ਆ ਗਿਆ। ਬੱਚੇ ਆ ਕੇ ਇੱਕ ਪ੍ਰਾਈਵੇਟ ਸਕੂਲ ਵਿਚ ਲਾ ਦਿੱਤੇ ਅਤੇ ਆਪ ਬਾਬਾ ਮਿਲਟਰੀ 'ਚੋਂ ਮਿਲੀ ਰਕਮ ਬੈਂਕ ਵਿਚ ਰੱਖ ਕੇ ਸ਼ਾਹੀ ਠਾਠ ਨਾਲ ਰਹਿਣ ਲੱਗ ਪਿਆ। ਜ਼ਮੀਨ ਦੇ ਪੰਜ ਏਕੜ ਉਹ ਅੱਧ 'ਤੇ ਦੇ ਛੱਡਦਾ। ਖਾਣ ਜੋਗੇ ਦਾਣੇ ਹਾੜ੍ਹੀ-ਸਾਉਣੀ ਘਰੇ ਆ ਜਾਂਦੇ।
ਬਾਬਾ ਹਰ ਰੋਜ਼ ਗੁਰਦੁਆਰੇ ਜਾਣ ਲੱਗ ਪਿਆ। ਗੁਰਬਾਣੀ ਸੁਣਦਾ, ਕੀਰਤਨ ਸਰਵਣ ਕਰਦਾ ਅਤੇ ਕਦੇ ਕਦੇ ਖੇਤ ਗੇੜਾ ਮਾਰ ਆਉਂਦਾ।
ਫ਼ੌਜੀ ਮਾਮੇ ਦਾ ਚਿੱਠੀ ਪੱਤਰ ਆਉਂਦਾ ਰਹਿੰਦਾ। ਉਸ ਦੀ ਘਰਵਾਲੀ ਨੂੰ ਕੋਈ ਬਾਲ-ਬੱਚਾ ਨਹੀਂ ਹੋਇਆ ਸੀ। ਉਹ ਹਮੇਸ਼ਾ ਬਾਬੇ ਦੇ ਮੁੰਡਿਆਂ ਨੂੰ ਗੋਦ ਲੈ ਕੇ ਅਮਰੀਕਾ ਲੈ ਜਾਣ ਲਈ ਲਿਖਦਾ। ਉਹ ਇਹ ਵੀ ਲਿਖਦਾ ਕਿ ਮੁੰਡੇ ਤਾਂ ਬਾਬੇ ਬਖਤੌਰੇ ਦੇ ਹੀ ਰਹਿਣੇ ਸਨ। ਬੱਸ! ਉਹ ਤਾਂ ਸਿਰਫ਼ ਕਾਗਜ਼ ਪੂਰਤੀ ਲਈ ਬੱਚੇ 'ਅਡਾਪਟ' ਕਰ ਕੇ ਅਮਰੀਕਾ ਸੈੱਟ ਕਰਨਾ ਚਾਹੁੰਦਾ ਸੀ। ਉਸ ਦੇ ਘਰਵਾਲੀ ਵੀ ਇਸ ਗੱਲ ਨਾਲ ਸਹਿਮਤ ਸੀ।
-"ਊਂ ਤਾਂ ਜੈਕੁਰੇ ਜੁਆਕਾਂ ਦੀ ਜਿੰਦਗੀ ਬਣਜੂ-ਅਮਰੀਕਾ ਤਾਂ ਕੋਈ ਕਰਮਾਂ ਆਲਾ ਈ ਜਾਂਦੈ-ਕੇਰਾਂ ਤਾਂ ਨਾਮਾਂ ਰੋਲ ਕਰ ਦੇਣਗੇ ਬੱਗੇ ਸ਼ੇਰ-ਨਾਲੇ ਮਾਮਾ ਵੀ ਦਿਲ ਦਾ ਮਾੜਾ ਬੰਦਾ ਨ੍ਹੀ।" ਬਾਬਾ ਬਖਤੌਰਾ ਜੈਕੁਰ ਨੂੰ ਆਖਦਾ।
-"ਆਹੋ ਨਾਲੇ ਉਹਨਾਂ ਨੂੰ ਆਹਰ ਬਣਿਆਂ ਰਹੂ-ਉਹਨਾਂ ਦਾ ਵੀ ਆਪਣੇ ਬਿਨਾ ਕੌਣ ਐਂ? ਉਹ ਜਾਣੇ ਬਾਹਲਾ ਕਿਹਾ ਤਾਂ ਤੋਰ ਦਿਆਂਗੇ।" ਜੈਕੁਰ ਨੇ ਆਪਣੇ ਵੱਲੋਂ ਪੂਰਨ ਹੁੰਗਾਰਾ ਦਿੱਤਾ।
ਬਾਬੇ ਨੇ ਮਾਮੇ ਨੂੰ ਚਿੱਠੀ ਲਿਖ ਦਿੱਤੀ।
ਮਾਮਾ ਅਤੇ ਮਾਮੀ ਸਰਦੀਆਂ ਵਿਚ ਆ ਗਏ। ਮਾਮੇ ਨੇ ਵਾਲ ਕਟਵਾ ਕੇ ਦਾਹੜ੍ਹੀ ਕਤਰ ਲਈ ਸੀ। ਅੱਧਬੱਗੀ ਦਾਹੜ੍ਹੀ ਨੂੰ ਉਹ ਵਾਰ ਵਾਰ ਪਲੋਸਦਾ ਸੀ। ਬਾਬਾ, ਮਾਮੇ ਦੇ ਚੋਹਲ ਮੋਹਲ ਦੇਖ ਕੇ ਅੰਦਰੋਂ ਹੱਸ ਰਿਹਾ ਸੀ।
ਵਕੀਲ 'ਐੱਨ ਸਿੰਘ' ਨਾਲ ਗੱਲਬਾਤ ਕਰਕੇ ਸਾਰੇ ਕਾਗਜ਼ ਪੱਤਰ ਤਿਆਰ ਕਰਵਾਏ। ਮੋਗੇ ਕਚਿਹਰੀਆਂ ਵਿਚ ਸਾਰਾ ਕੇਸ ਪੇਸ਼ ਕਰਕੇ ਦੋਨੋਂ ਮੁੰਡੇ ਕੁਲਬੀਰ ਅਤੇ ਜਸਬੀਰ 'ਗੋਦ' ਲੈ ਲਏ।
ਚਾਰ ਕੁ ਹਫ਼ਤੇ ਬਾਅਦ ਮਾਮਾ, ਮਾਮੀਂ ਅਤੇ ਦੋਨੋਂ ਮੁੰਡੇ ਅਮਰੀਕਾ ਉਡਾਰੀ ਮਾਰ ਗਏ।
-"ਲੈ ਇਹਨਾਂ ਦੇ ਵਾਲ ਨਾ ਕਟਵਾਈਂ!" ਤੁਰਦੇ ਮਾਮੇਂ ਨੂੰ ਬਾਬੇ ਨੇ ਭਰੇ ਮਨ ਨਾਲ ਆਖਿਆ ਸੀ।
ਬਾਬਾ ਅਤੇ ਜੈਕੁਰ ਇਕੱਲੇ ਰਹਿ ਗਏ। ਹੁਣ ਉਹਨਾਂ ਨੂੰ ਸਿਰਫ਼ ਗੁਰੂ-ਘਰ ਦਾ ਹੀ ਆਸਰਾ ਰਹਿ ਗਿਆ ਸੀ। ਦੋਵੇਂ ਮੀਆਂ-ਬੀਵੀ ਹੁਣ ਬਹੁਤਾ ਸਮਾਂ ਗੁਰਦੁਆਰੇ ਹੀ ਬਤੀਤ ਕਰਦੇ। ਸਮਾਂ ਪਾ ਕੇ ਦੋਹਾਂ ਨੇ ਅੰਮ੍ਰਿਤਪਾਨ ਕਰ ਲਿਆ ਅਤੇ ਗੁਰੂ ਵਾਲੇ ਬਣ ਗਏ। ਹੁਣ ਦੋਹਾਂ ਦਾ ਵਕਤ ਬਾਣੀ ਪੜ੍ਹਦਿਆਂ ਸੁਣਦਿਆਂ ਹੀ ਨਿਕਲਦਾ। ਬਾਬੇ ਬਖਤੌਰੇ ਨੇ ਧਾਰਮਿਕ ਕਿਤਾਬਾਂ ਦਾ ਅਧਿਐਨ ਸ਼ੁਰੂ ਕਰ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਤੋਂ ਲੈ ਕੇ ਉਸ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਜੰਗਾਂ ਤੱਕ, ਸਾਰਾ ਇਤਿਹਾਸ ਪੜ੍ਹ ਲਿਆ ਸੀ। ਬਾਬੇ ਨੂੰ ਸਿੱਖ ਇਤਿਹਾਸ ਪ੍ਰਤੀ ਕਾਫ਼ੀ ਗਿਆਨ ਹੋ ਗਿਆ ਸੀ। ਹੁਣ ਉਹ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਲਈ ਯਤਨਸ਼ੀਲ ਰਹਿੰਦਾ। ਜੈਕੁਰ ਗੁਰਦੁਆਰੇ ਦੇ ਆਸੇ ਪਾਸੇ ਤੋਂ ਇੱਟਾਂ ਰੋੜੇ ਚੁਗਦੀ, ਬੂਟਿਆਂ ਨੂੰ ਪਾਣੀ ਦਿੰਦੀ ਅਤੇ ਨਾਮ ਜਪਦੀ ਰਹਿੰਦੀ। ਲੰਗਰ ਵਿਚ ਸੇਵਾ ਕਰਦੀ ਉਹ 'ਪ੍ਰਸ਼ਾਦਾ ਵਾਹਿਗੁਰੂ' ਆਖ ਕੇ ਰੋਟੀ ਪੁੱਛਦੀ।
ਵਰ੍ਹੇ ਬੀਤ ਗਏ। ਮੁੰਡਿਆਂ ਦੀ ਅਤੇ ਮਾਮੇ ਮਾਮੀਂ ਦੀ ਚਿੱਠੀ ਆਉਂਦੀ ਤਾਂ ਤਪਦੇ ਹਿਰਦੇ ਠਰ ਜਾਦੇ।
ਅੱਜ ਅਮਰੀਕਾ ਤੋਂ ਆਈ ਚਿੱਠੀ ਨੇ ਦੋਹਾਂ ਦੇ ਖੰਭ ਲਾ ਦਿੱਤੇ। ਚਾਅ ਨਾਲ ਉਹਨਾਂ ਦੇ ਪੱਬ ਧਰਤੀ 'ਤੇ ਨਹੀਂ ਲੱਗਦੇ ਸਨ। ਬਾਬੇ ਅਤੇ ਜੈਕੁਰ ਨੇ ਸ੍ਰੀ ਗੁਰੂ ਗਰੰਥ ਸਾਹਿਬ ਅੱਗੇ ਸੱਤ-ਸੱਤ ਵਾਰ ਨੱਕ ਰਗੜ ਕੇ ਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਸੀ। ਕੁਲਬੀਰ ਨੇ ਡਾਕਟਰੀ ਪਾਸ ਕਰ ਲਈ ਸੀ ਅਤੇ ਜਸਬੀਰ ਇੰਜਨੀਅਰ ਬਣ ਗਿਆ ਸੀ। ਹੁਣ ਉਹਨਾਂ ਦੇ ਵਿਆਹ ਦੀ ਗੱਲ ਚੱਲੀ ਸੀ। ਬਾਬੇ ਅਤੇ ਜੈਕੁਰ ਨੂੰ ਅਮਰੀਕਾ ਦੀ ਰਾਹਦਾਰੀ ਅਤੇ ਨਾਲ ਹਵਾਈ ਟਿਕਟਾਂ ਲਈ ਲੱਖ ਰੁਪਏ ਦਾ ਚੈੱਕ ਪਹੁੰਚ ਗਿਆ ਸੀ। ਉਹ ਅਮਰੀਕਾ ਜਾਣਾ ਤਾਂ ਨਹੀਂ ਚਾਹੁੰਦੇ ਸਨ, ਪਰ ਪੁੱਤਾਂ ਦੇ ਵਿਆਹ ਦੀ ਗੱਲ ਦਾ ਚਾਅ ਉਨ੍ਹਾਂ ਨੂੰ ਅਮਰੀਕਾ ਵੱਲ ਨੂੰ ਇੱਕ ਤਰ੍ਹਾਂ ਨਾਲ ਘੜ੍ਹੀਸ ਰਿਹਾ ਸੀ।
ਮਹੀਨੇ ਕੁ ਬਾਅਦ ਹੀ ਦੋਹਾਂ ਨੂੰ ਅਮਰੀਕਾ ਦਾ ਵੀਜ਼ਾ ਮਿਲ ਗਿਆ ਅਤੇ ਉਹ ਅਮਰੀਕਾ ਨੂੰ ਉਡਾਰੀ ਮਾਰ ਗਏ। ਦੋਹਾਂ ਦੇ ਦਿਲ ਜਹਾਜ਼ ਨਾਲੋਂ ਤੇਜ਼ ਉੱਡ ਰਹੇ ਸਨ। ਪੁੱਤਾਂ ਨੂੰ ਮਿਲਣ ਦਾ ਚਾਅ ਹਿੱਕ 'ਚ ਧੂਹ ਪਾ ਰਿਹਾ ਸੀ। ਉਹ ਸੋਚ ਰਹੇ ਸਨ ਕਿ ਉਹਨਾਂ ਦੇ ਪੁੱਤ ਕਿੱਡੇ ਕੁ ਹੋ ਗਏ ਹੋਣਗੇ? ਦਾਹੜ੍ਹੀਆਂ ਭਰ ਗਈਆਂ ਹੋਣਗੀਆਂ! ਚਿਣ ਕੇ ਦਸਤਾਰਾਂ ਸਜ਼ਾਈਆਂ ਹੋਣਗੀਆਂ? ਚਾਅਵਾਂ ਦੇ ਸਮੁੰਦਰ ਵਿਚ ਤਰਦੇ ਉਹ ਨਿਊਯਾਰਕ ਏਅਰਪੋਰਟ 'ਤੇ ਆ ਉਤਰੇ।
ਇੰਮੀਗਰੇਸ਼ਨ ਤੋਂ ਵਿਹਲੇ ਹੋ ਕੇ ਬਾਹਰ ਨਿਕਲੇ ਤਾਂ ਸਾਹਮਣੇ ਮਾਮਾ ਮਾਮੀ ਖੜ੍ਹੇ ਸਨ। ਮਾਮੀ ਤਾਂ ਹਾਰ ਗਈ ਸੀ, ਪਰ ਮਾਮੇ ਦੀ ਡਰਾਈਵਰ ਕੱਟ ਦਾਹੜ੍ਹੀ ਕਾਫ਼ੀ ਪ੍ਰਭਾਵ ਦੇ ਰਹੀ ਸੀ। ਦਾਹੜ੍ਹੀ ਨੂੰ ਕਲਫ਼ ਲਾ ਕੇ ਉਹ 'ਮੋਰ' ਬਣਿਆਂ ਖੜ੍ਹਾ ਸੀ। ਦਾਹੜ੍ਹੀ ਕਾਲੀ ਕਰੀ ਹੋਣ ਕਰਕੇ ਵਿਚੋਂ ਚਿੱਟੇ ਦੰਦ ਖਿਲ-ਬਿਲੀਆਂ ਛੱਡ ਰਹੇ ਸਨ।
ਸਾਰੇ ਜੱਫ਼ੀਆਂ ਪਾ ਕੇ ਮਿਲੇ। ਸੁੱਖ-ਸਾਂਦ ਪੁੱਛੀ ਗਈ ਅਤੇ ਕੁਝ ਕੁ ਰਵਾਇਤੀ ਗੱਲਾਂ ਹੋਈਆਂ।
-"ਕੁਲਬੀਰੇ ਹੋਰੀਂ ਕਿੱਥੇ ਐ?" ਜੈਕੁਰ ਦਾ ਦਿਲ ਕਾਹਲਾ ਪਿਆ ਹੋਇਆ ਸੀ।
-"ਐਥੇ ਈ ਸੀ-ਆਸੇ ਪਾਸੇ ਹੋ ਗਏ ਹੋਣੇ ਐਂ-ਮੁੰਡੇ ਖੁੰਡੇ ਐ-ਲੈ, ਔਹ ਆ ਗਏ!" ਮਾਮੀ ਨੇ ਕਿਹਾ।
ਦੇਖ ਕੇ ਬਾਬੇ ਬਖਤੌਰੇ ਦਾ ਦਿਲ ਹਿੱਲ ਗਿਆ! ਜੈਕੁਰ ਭਮੱਤਰ ਕੇ ਪਿੱਟਣ ਵਾਲੀ ਹੋ ਗਈ! ਕੁਲਬੀਰ ਅਤੇ ਜਸਬੀਰ ਦੀ ਦਾਹੜ੍ਹੀ ਅਤੇ ਮੁੱਛਾਂ 'ਚਟਮ' ਕਰਵਾਈਆਂ ਹੋਈਆਂ ਸਨ! ਵਾਲਾਂ ਦੇ ਕੁੰਡਲ ਬਣਵਾ ਕੇ, ਕੰਨਾਂ ਵਿਚ ਮੁਰਕੀਆਂ ਪੁਆਈਆਂ ਹੋਈਆਂ ਸਨ। ਕੁਲਬੀਰ ਦੇ ਜੀਨ ਦੀ ਘਸੀ ਜਿਹੀ ਪੈਂਟ ਪਾਈ ਹੋਈ ਸੀ, ਜਿਹੜੀ ਗੋਡੇ ਕੋਲੋਂ ਜਾਣ ਕੇ ਪਾੜੀ ਲੱਗਦੀ ਸੀ। ਜਸਬੀਰ ਦੇ ਗਰਮੀ ਹੋਣ ਕਾਰਨ ਲੰਡਾ ਜਿਹਾ ਕੱਛਾ ਹੀ ਪਾਇਆ ਹੋਇਆ ਸੀ। ਉਹਨਾਂ ਦਾ ਦਾ ਚਾਅ ਗਫ਼ੂਰ ਦੇ ਹੁੱਕੇ ਦੀ ਸੁਆਹ ਵਾਂਗ ਉੱਡ ਗਿਆ!
-"ਹਾਏ ਡੈਡ! ਹਾਏ ਮੰਮ!!" ਕੁਲਬੀਰ ਅਤੇ ਜਸਬੀਰ ਨੇ ਓਪਰਿਆਂ ਵਾਂਗ ਕਿਹਾ। ਜੈਕੁਰ ਨੇ ਢਿੱਡ ਦੀ ਅੱਗ ਨੂੰ ਵਾਰੀ ਵਾਰੀ ਕਾਲਜੇ ਨਾਲ ਘੁੱਟਿਆ। ਬਾਬੇ ਨੇ ਸਿਰ ਪਲੋਸ ਦਿੱਤਾ।
-"ਮਾਮਾ ਤੂੰ ਤਾਂ ਮੇਰੀ ਔਲਾਦ ਈ ਗਾਲਤੀ-ਇਹ ਤਾਂ ਸਾਲੇ ਕੰਜਰਾਂ ਮਾਂਗੂੰ ਕੋਕਰੂ ਜਿਹੇ ਪਾਈ ਫਿਰਦੇ ਐ-ਮੈਂ ਤਾਂ ਲੋਕਾਂ ਦੇ ਮੁੰਡਿਆਂ ਨੂੰ ਸਿੱਖ ਬਣਾਉਂਦਾ ਬਣਾਉਂਦਾ ਆਪ ਈ ਟੋਭੇ 'ਚ ਜਾ ਡਿੱਗਿਆ।" ਘਰ ਆ ਕੇ ਬਾਬੇ ਨੇ ਉਲਾਂਭਾ ਦਿੱਤਾ। ਉਸ ਦਾ ਦਿਲ ਰੋਈ ਜਾ ਰਿਹਾ ਸੀ।
-"ਉਏ ਭਾਣਜੇ ਐਥੇ ਮਾਹੌਲ ਈ ਸਹੁਰਾ ਕੁਛ ਐਹੋ ਜਿਐ-ਬਥੇਰ੍ਹੇ ਸਿੱਖ ਬਣ ਜਾਣਗੇ-ਤੂੰ ਕਿਹੜਾ ਜੁਆਨੀ 'ਚ ਈ ਗਾਤਰਾ ਪਾ ਲਿਆ ਸੀ?" ਮਾਮੇ ਨੇ ਪੈੱਗ ਪੀਣ ਤੋਂ ਬਾਅਦ ਕਿਹਾ। ਉਹ ਤਿੱਖੀ ਜਿਹੀ ਮੁੱਛ ਨੂੰ ਵਾਰੀ ਸਿਰ ਵੱਟ ਚਾੜ੍ਹਦਾ ਸੀ।
-"-----।" ਬਾਬਾ ਚੁੱਪ ਸੀ।
-"ਭਾਣਜੇ ਜੈਸਾ ਦੇਸ਼ ਵੈਸਾ ਭੇਸ-ਜੇ ਇਹਨਾਂ ਦੇ ਵਾਲ ਨਾ ਕਟਾਵਾਉਂਦੇ ਤਾਂ ਇਹਨਾਂ ਨੂੰ ਸਕੂਲ 'ਚ ਦਾਖਲਾ ਈ ਨ੍ਹੀ ਮਿਲਣਾ ਸੀ।" ਮਾਮਾ ਹੱਦੋਂ ਵੱਧ ਗੱਪ ਮਾਰ ਗਿਆ ਸੀ।
-"ਮਾਮਾ ਗੋਲੀ ਮਾਰਦਾ ਐਹੋ ਜਿਹੇ ਸਕੂਲ ਨੂੰ-ਵਾਪਸ ਤੋਰ ਦਿੰਦਾ-ਉਥੇ ਆਪੇ ਕਰਕੇ ਖਾਈ ਜਾਂਦੇ-ਭੁੱਖੇ ਤਾਂ ਮਰਨ ਨਹੀਂ ਲੱਗੇ ਸੀ-ਆਬਦਾ ਦੀਨ ਧਰਮ ਤਾਂ ਰੱਖਦੇ!"
-"ਚੱਲ ਥੁੱਕ ਗੁੱਸੇ ਨੂੰ-ਬਥੇਰ੍ਹੀ ਉਮਰ ਪਈ ਐ ਦੀਨਾਂ ਧਰਮਾਂ ਆਸਤੇ-ਤੂੰ ਐਧਰਲੀ ਦੀਨ ਦੁਨੀਆਂ ਦੇਖ!" ਮਾਮੇ ਨੇ ਬਾਬੇ ਨੂੰ ਥਾਪੜਦਿਆਂ ਕਿਹਾ।
ਕਈ ਦਿਨ ਗੁਜ਼ਰ ਗਏ।
ਮਾਮੇ ਮਾਮੀਂ ਨੇ ਉਹਨਾਂ ਨੂੰ ਕਾਫ਼ੀ ਘੁੰਮਾ ਫਿਰਾ ਦਿੱਤਾ ਸੀ। ਵਧੀਆ ਵਧੀਆ, ਮਹੱਤਵਪੂਰਨ ਥਾਵਾਂ ਦਿਖਾ ਦਿੱਤੀਆਂ ਸਨ। ਕੁਲਬੀਰ ਅਤੇ ਜਸਬੀਰ ਸਵੇਰੇ ਜਾਂਦੇ ਅਤੇ ਸ਼ਾਮ ਨੂੰ ਮੁੜਦੇ। ਬਾਬੇ ਨੂੰ ਉਹਨਾਂ ਦਾ ਕੋਈ ਚਾਅ ਨਹੀਂ ਰਹਿ ਗਿਆ ਸੀ। ਸਗੋਂ ਪਤਿਤ ਹੋਣ ਦਾ ਦੁੱਖ ਸੀ। ਹੁਣ ਬਾਬਾ ਅਤੇ ਜੈਕੁਰ ਸਭ ਕਾਸੇ ਨੂੰ 'ਰੱਬ ਦਾ ਭਾਣਾ' ਮੰਨ ਕੇ ਸਾਂਅਵੇਂ ਹੋ ਤੁਰੇ ਸਨ। ਅਗਲੇ ਦਿਨ ਉਹਨਾਂ ਦਾ ਗੁਰਦੁਆਰੇ ਜਾਣ ਦਾ ਪ੍ਰੋਗਰਾਮ ਬਣਿਆਂ। ਬਾਬੇ ਅਤੇ ਜੈਕੁਰ ਨੂੰ ਕੁਝ ਸ਼ਾਂਤੀ ਜਿਹੀ ਆਈ ਕਿ ਅਮਰੀਕਾ ਜਿਹੇ ਗੋਰਿਆਂ ਦੇ ਦੇਸ਼ ਵਿਚ ਵੀ ਗੁਰੂ ਦੇ ਲਾਡਲੇ ਸਿੰਘਾਂ ਨੇ ਗੁਰਦੁਆਰੇ ਉਸਾਰੇ ਹੋਏ ਸਨ। ਖ਼ਾਲਸਾ ਜੀ ਦੇ ਬੋਲ ਬਾਲੇ ਸਨ। ਸਿੰਘਾਂ ਦੀ ਹਿੰਮਤ ਨੂੰ ਉਹ ਅੰਦਰੋ-ਅੰਦਰੀ ਦਾਦ ਦੇ ਰਹੇ ਸਨ।
ਸਵੇਰੇ ਨਿੱਤਨੇਮ ਤੋਂ ਬਾਅਦ ਉਹਨਾਂ ਨੇ ਨਾਸ਼ਤਾ ਕੀਤਾ ਅਤੇ ਕਾਰ ਲੈ ਕੇ ਗੁਰਦੁਆਰੇ ਨੂੰ ਚੱਲ ਪਏ। ਗੁਰੂ ਦਰਸ਼ਣਾਂ ਲਈ ਉਹਨਾਂ ਦਾ ਮਨ ਬਹਿਬਲ ਹੋਇਆ ਪਿਆ ਸੀ।
ਪਾਰਕਿੰਗ ਵਿਚ ਕਾਰ ਖੜ੍ਹੀ ਕਰ ਕੇ ਉਹਨਾਂ ਨੇ ਜੋੜੇ ਲਾਹੇ ਅਤੇ ਨੰਗੇ ਪੈਰੀਂ ਗੁਰੂ-ਘਰ ਨੂੰ ਹੋ ਤੁਰੇ। ਬਾਬਾ ਅਤੇ ਜੈਕੁਰ 'ਧੰਨ ਐਂ ਮਾਲਕਾ-ਧੰਨ ਐਂ ਮਾਲਕਾ' ਕਰਦੇ ਜਾ ਰਹੇ ਸਨ। ਉਹਨਾਂ ਦਾ ਚਾਅ ਨਹੀਂ ਚੁੱਕਿਆ ਜਾ ਰਿਹਾ ਸੀ।
ਜਦੋਂ ਉਹ ਗੁਰੂਘਰ ਪਹੁੰਚੇ ਤਾਂ ਪ੍ਰਬੰਧਕਾਂ ਨੇ ਉਹਨਾਂ ਨੂੰ ਦਰਵਾਜੇ 'ਤੇ ਹੀ ਰੋਕ ਦਿੱਤਾ। ਕਾਰਨ ਪੁੱਛਣ 'ਤੇ ਪ੍ਰਬੰਧਕ ਨੇ ਉਹਨਾਂ ਨੂੰ ਸੰਖੇਪ ਸ਼ਬਦਾਂ ਵਿਚ ਦੱਸਿਆ ਕਿ ਅੰਦਰ ਇੱਕ ਗਰੁੱਪ ਵੱਲੋਂ ਧਰਨਾ ਦਿੱਤਾ ਹੋਇਆ ਸੀ ਅਤੇ ਲੜਾਈ ਹੋ ਪਈ ਹੈ। ਸਿੰਘ ਪੱਗੋਲੱਥੀ ਹੋ ਕੇ ਹਟੇ ਹਨ ਅਤੇ ਸ੍ਰੀ ਸਾਹਿਬਾਂ ਦੀ ਖੁੱਲ੍ਹ ਕੇ ਵਰਤੋਂ ਕੀਤੀ ਗਈ ਹੈ। ਕੁਝ ਸਿੰਘ ਅਤੇ ਬੀਬੀਆਂ ਸਖ਼ਤ ਫ਼ੱਟੜ ਹਨ।
ਪੁਲੀਸ ਅਤੇ ਐਂਬੂਲੈਂਸਾਂ ਦੀ ੳਡੀਕ ਹੋ ਰਹੀ ਸੀ।
ਬਾਬਾ ਅਤੇ ਜੈਕੁਰ ਸੁੰਨ ਖੜ੍ਹੇ ਸਨ।
ਅਜੇ ਉਹ ਗੱਲਾਂ ਕਰਦੇ ਕਰਦੇ ਪ੍ਰਕਰਮਾ ਵਿਚ ਦਾਖਲ ਹੋਏ ਹੀ ਸਨ ਕਿ ਅਚਾਨਕ ਪੁਲੀਸ ਦੇ ਕੋਈ ਤੀਹ-ਚਾਲੀ ਗੋਰੇ ਜਵਾਨ, ਜੁੱਤੀਆਂ ਅਤੇ ਕੁੱਤਿਆਂ ਸਮੇਤ ਅੰਦਰ ਦਾਖਲ ਹੋ ਗਏ। ਭਗਦੜ ਮੱਚ ਗਈ ਸੀ ਅਤੇ ਬਾਬਾ ਬਖਤੌਰਾ, "ਨ੍ਹੋ ਜੁੱਤੀ! ਨ੍ਹੋ ਕੁੱਤਾ!!" ਕਰਦਾ ਕਰਦਾ, ਕੁਰਲਾਉਂਦਾ ਹੀ ਰਹਿ ਗਿਆ! ਬਾਬਾ ਪੁਲੀਸ ਨੂੰ ਜੁੱਤੀ ਅਤੇ ਕੁੱਤਿਆਂ ਸਮੇਤ ਅੰਦਰ ਜਾਣੋਂ ਰੋਕਣਾ ਚਾਹੁੰਦਾ ਸੀ। ਪਰ ਸੁਣਨੀ ਕਿਸ ਨੇ ਸੀ? ਮੇਲੇ ਵਿਚ ਚੱਕੀਰਾਹੇ ਨੂੰ ਕੌਣ ਪੁੱਛਦਾ ਸੀ? ਪੁਲੀਸ ਨੇ ਕੁਝ ਸਿੰਘਾਂ ਨੂੰ ਗ੍ਰਿਫ਼ਤਾਰ ਕਰਕੇ ਹੱਥਕੜੀਆਂ ਜੜ ਲਈਆਂ ਅਤੇ ਕੁਝ ਜ਼ਖਮੀ ਸਿੰਘਾਂ ਅਤੇ ਬੀਬੀਆਂ ਨੂੰ ਐਂਬੂਲੈਂਸਾਂ ਵਿਚ ਲੱਦ ਕੇ ਹਸਪਤਾਲ ਤੋਰ ਦਿੱਤਾ। ਪੁਲੀਸ ਦਾ ਐਕਸ਼ਨ ਇਤਨੀ ਤੇਜ਼ੀ ਨਾਲ ਹੋਇਆ ਸੀ ਕਿ ਸਾਰੇ ਦੇਖਦੇ ਹੀ ਰਹਿ ਗਏ ਸਨ!
ਕਾਰਵਾਈ ਖ਼ਤਮ ਹੋਣ ਉਪਰੰਤ ਬਾਬੇ ਨੇ ਮਾਮੇ ਨੂੰ ਕਿਹਾ ਕਿ ਉਹ ਦੁਭਾਸ਼ੀਏ ਦਾ ਕੰਮ ਕਰੇ। ਉਹ ਪੁਲਸ ਅਫ਼ਸਰ ਨੂੰ ਕੁਝ ਸੁਆਲ ਪੁੱਛਣੇ ਚਾਹੁੰਦਾ ਹੈ। ਪਹਿਲੀ ਗੱਲ ਤਾਂ ਪੁਲੀਸ ਜੁੱਤੀਆਂ ਅਤੇ ਕੁੱਤਿਆਂ ਸਮੇਤ ਗੁਰੂਘਰ ਅੰਦਰ ਕਿਉਂ ਦਾਖਲ ਹੋਈ? ਕੀ ਉਹਨਾਂ ਨੂੰ ਗੁਰੂਘਰ ਦੀ ਮਰਿਆਦਾ ਦਾ ਨਹੀਂ ਪਤਾ? ਗੁਰੂਘਰ ਦੀ ਮਰਿਆਦਾ ਕਾਇਮ ਰੱਖਣ ਲਈ ਤਾਂ ਸਿੰਘਾਂ ਨੇ ਸੀਸ ਦੇਣੋਂ ਸੰਕੋਚ ਨਹੀਂ ਕੀਤਾ! ਇਸ ਗੱਲ ਦਾ ਖਾਸ ਖਿਆਲ ਰੱਖਣਾ ਜ਼ਰੂਰੀ ਸੀ!
ਉਹ ਗੋਰੇ ਅਫ਼ਸਰ ਕੋਲ ਆ ਗਏ। ਬਾਬੇ ਦੀਆਂ ਗੱਲਾਂ ਦਾ ਉੱਤਰ ਪੁਲਸ ਅਫ਼ਸਰ ਨੇ ਬੜੇ ਵਿਅੰਗਮਈ ਲਹਿਜ਼ੇ ਵਿਚ ਦਿੱਤਾ।
-"ਮਿਸਟਰ ਸਿੰਘ! ਮੈਨੂੰ ਸਾਡੇ ਚਰਚ ਬਾਰੇ ਇਤਨੀ ਜਾਣਕਾਰੀ ਨਹੀਂ, ਜਿਤਨੀ ਕਿ ਤੁਹਾਡੇ ਗੁਰਦੁਆਰਿਆਂ ਬਾਰੇ ਹੈ-ਕਿਉਂਕਿ ਇੱਥੇ ਆਉਣ ਦਾ ਸਾਨੂੰ ਆਮ ਹੀ ਮੌਕਾ ਮਿਲਦਾ ਰਹਿੰਦਾ ਹੈ! ਜਿੱਥੋਂ ਤੱਕ ਜੁੱਤੀਆਂ ਅਤੇ ਕੁੱਤਿਆਂ ਦਾ ਸੁਆਲ ਹੈ-ਉਹ ਇਹ ਹੈ ਕਿ ਸਾਨੂੰ ਮਾਹੌਲ ਸ਼ਾਂਤ ਬਣਾਉਣ ਲਈ ਹਰ ਸੰਭਵ ਕੋਸਿ਼ਸ਼ ਕਰਨੀ ਪੈਂਦੀ ਹੈ-ਮਰਿਆਦਾ ਸਾਡੇ ਕਾਨੂੰਨ ਅੱਗੇ ਕੋਈ ਮਹੱਤਵ ਨਹੀਂ ਰੱਖਦੀ-ਨਾਲੇ ਗੁਰੂਘਰ ਦੀ ਮਰਿਆਦਾ ਸਭ ਤੋਂ ਪਹਿਲਾਂ ਪ੍ਰਬੰਧਕ ਭੰਗ ਕਰਦੇ ਹਨ-ਅਸੀਂ ਤਾਂ ਬਾਅਦ ਵਿਚ ਆਉਂਦੇ ਹਾਂ-ਗੁਰੂਘਰ ਵਿਚ ਝਗੜੇ ਕਰਨਾ ਮਰਿਆਦਾ ਹੈ? ਕਿਰਪਾਨਾਂ ਚਲਾਉਣਾ ਮਰਿਆਦਾ ਹੈ? ਗੁਰੂਘਰ ਦੇ ਪ੍ਰੇਮੀਆਂ ਨੂੰ ਫ਼ੱਟੜ ਕਰਨਾ ਮਰਿਆਦਾ ਹੈ? ਮਿਸਟਰ ਸਿੰਘ! ਤੁਸੀਂ ਪੁਲੀਸ ਨੂੰ ਦੋਸ਼ੀ ਠਹਿਰਾਉਣ ਦੀ ਵਜਾਏ ਪ੍ਰਬੰਧਕਾਂ ਨੂੰ ਹੀ ਮਰਿਆਦਾ ਬਰਕਰਾਰ ਰੱਖਣ ਲਈ ਕਿਉਂ ਨਹੀਂ ਕਹਿੰਦੇ? ਸਾਨੂੰ ਤਾਂ ਜਾਨੀ ਨੁਕਸਾਨ ਹੋਣ ਦੇ ਡਰੋਂ ਮਜ਼ਬੂਰਨ ਐਕਸ਼ਨ ਲੈਣਾ ਪੈਂਦਾ ਹੈ-ਅਸੀਂ ਮਜ਼ਬੂਰ ਹਾਂ ਮਿਸਟਰ ਸਿੰਘ! ਪਰ ਮੈਂ ਤੁਹਾਡੀ ਭਾਵਨਾ ਅਤੇ ਤੁਹਾਡੇ ਜਜ਼ਬਾਤਾਂ ਦੀ ਕਦਰ ਕਰਦਾ ਹਾਂ।" ਤੇ ਅਫ਼ਸਰ ਕਾਰ ਵਿਚ ਬੈਠ ਕੇ ਤੁਰ ਗਿਆ। ਬਾਬੇ ਸਮੇਤ ਸਾਰੇ ਹੀ ਨਿਰੁੱਤਰ ਖੜ੍ਹੇ ਸਨ। ਅਫ਼ਸਰ ਦੀਆਂ ਗੱਲਾਂ ਕੋਈ ਝੂਠੀਆਂ ਵੀ ਨਹੀਂ ਸਨ। ਪੈਸਾ ਆਪਦਾ ਖੋਟਾ ਸੀ! ਬਾਣੀਏਂ ਨੂੰ ਕਾਹਦਾ ਦੋਸ਼ ਸੀ?
-"ਇਹ ਗੁਰੂਘਰਾਂ 'ਚ ਲੜਾਈ ਹੈ ਕਾਹਦੀ ਮਾਮਾ?" ਬਾਬੇ ਨੇ ਪੁੱਛਿਆ।
-"ਗੋਲਕ ਦੀ-ਚੌਧਰ ਦੀ।"
-"ਹੈਅ, ਥੋਡੀ ਬੇੜੀ ਬਹਿਜੇ!"
-"ਇੱਥੇ ਤਾਂ ਭਾਣਜੇ ਨਿੱਤ ਆਹੀ ਹਾਲ ਰਹਿੰਦੈ-ਕਿਰਪਾਨਾਂ ਤਾਂ ਕੀ? ਐਥੇ ਤਾਂ ਕਦੇ ਕਦੇ ਗੋਲੀ ਵੀ ਚੱਲ ਪੈਂਦੀ ਐ! ਪੈਸਾ ਤੇ ਪ੍ਰਧਾਨਗੀ ਹਰ ਕੋਈ ਚਾਹੁੰਦੈ!"
-"ਫੇਰ ਤਾਂ ਗੁਰਸਿੱਖ ਹਾਰੇ ਤੇ ਜੱਗ ਜੀਤਾ ਆਲੀ ਗੱਲ ਹੋਈ।" ਬਾਬੇ ਦਾ ਦਿਲ ਘੋਰ ਦੁਖੀ ਸੀ।
ਉਹ ਬਾਹਰੋਂ ਹੀ ਮੱਥਾ ਟੇਕ ਕੇ ਮੁੜ ਆਏ।
ਬਾਬੇ ਦਾ ਦਿਲ ਧਾਹਾਂ ਮਾਰੀ ਜਾ ਰਿਹਾ ਸੀ। ਸਾਰੀ ਰਾਤ ਬਾਬੇ ਅਤੇ ਜੈਕੁਰ ਨੂੰ ਨੀਂਦ ਨਾ ਪਈ। ਉਹ ਜਿਵੇਂ ਹੀ ਪਏ ਸਨ, ਉਵੇਂ ਹੀ ਉਠ ਖੜ੍ਹੇ। ਬੀਤੀ ਸ਼ਾਮ ਉਹਨਾਂ ਨੇ ਰੋਟੀ ਵੀ ਨਹੀਂ ਖਾਧੀ ਸੀ। ਪੁੱਛਣ 'ਤੇ ਕੁਝ ਦੱਸਿਆ ਨਹੀਂ ਸੀ।
ਸਵੇਰੇ ਨਿੱਤਨੇਮ ਵਿਚ ਵੀ ਉਹਨਾਂ ਦਾ ਮਨ ਨਾ ਜੁੜਿਆ। ਮਨ ਖੰਡਨ ਹੁੰਦਾ ਰਿਹਾ। ਬਾਣੀਂ ਪੜ੍ਹਦਾ ਬਾਬਾ ਇੱਕ-ਦੋ ਵਾਰ ਰੋਇਆ ਵੀ!
-"ਮਾਮਾ! ਮੁੰਡਿਆਂ ਦੇ ਵਿਆਹ ਤੂੰ ਹੀ ਕੋਈ ਚੰਗਾ ਜਿਆ ਥਾਂ ਦੇਖ ਕੇ ਕਰਦੀਂ-ਅਸੀਂ ਤਾਂ ਚੱਲੇ ਆਂ ਵਾਪਿਸ।" ਨਾਸ਼ਤੇ ਦੇ ਟੇਬਲ 'ਤੇ ਬੈਠੇ ਬਾਬੇ ਬਖਤੌਰੇ ਨੇ ਕੱਛ 'ਚੋਂ ਮੂੰਗਲਾ ਕੱਢ ਮਾਰਿਆ ਸੀ।
-"ਕਿਉਂ? ਕਾਹਤੋਂ?" ਮਾਮੇ ਅਤੇ ਮਾਮੀਂ ਨੇ ਇਕੱਠਿਆਂ ਨੇ ਪੁੱਛਿਆ। ਉਹ ਹੱਦੋਂ ਵੱਧ ਹੈਰਾਨ ਸਨ।
-"ਸਾਨੂੰ ਤਾਂ ਮਾਮਾ ਗੁਰੂ ਬਿਨਾ ਕੁਛ ਨ੍ਹੀ ਲੋੜੀਦਾ-ਮੁੰਡੇ ਤੈਨੂੰ ਦਿੱਤੇ-ਤੂੰ ਜਾਣ ਤੇਰਾ ਕੰਮ ਜਾਣੇਂ।"
-"ਐਡੇ ਵੱਡੇ ਤਿਆਗ ਦਾ ਕਾਰਨ? ਜੀਅ ਨ੍ਹੀ ਲੱਗਦਾ ਥੋਡਾ? ਦੋਹਾਂ ਨੇ ਈ ਅੱਗ ਮਚਾਤੀ!" ਮਾਮੇਂ, ਮਾਮੀਂ ਨੂੰ ਉਹਨਾਂ ਦੇ ਜਾਣ ਦਾ ਦਿਲੋਂ ਦੁੱਖ ਸੀ।
-"ਮਾਮਾਂ! ਜਿਹੜੇ ਮੁਲਕ 'ਚ ਗੁਰੂ ਦੀ ਆਹ ਹਾਲਤ ਐ! ਮਹਾਤੜਾਂ ਦੀ ਕੀ ਹੋਊ?" ਅੰਦਰੂਨੀ ਪੀੜ ਦੱਸ ਕੇ ਬਾਬਾ ਪਹਿਲਾਂ ਹੁਬਕੀਂ ਅਤੇ ਫਿਰ ਭੁੱਬੀਂ ਰੋ ਪਿਆ।
---ਤੇ ਅਗਲੇ ਹਫ਼ਤੇ ਹੀ ਬਾਬਾ ਅਤੇ ਜੈਕੁਰ ਇੰਡੀਆ ਨੂੰ ਜਹਾਜ਼ ਚੜ੍ਹ ਗਏ।