ਕੂੜ ਫਿਰੇ ਪ੍ਰਧਾਨ ਵੇ ਲਾਲੋ
ਖ਼ੁਸ਼ੀ ਵਿਚ ਜੰਗੀਰ ਕੌਰ ਦੀ ਅੱਡੀ ਨਹੀਂ ਲੱਗਦੀ ਸੀ। ਕਿਸੇ ਚਾਅ ਵਿਚ ਉਹ ਭੱਜੀ ਫਿਰਦੀ ਸੀ। ਉਹ ਤਾਂ ਲੋਕਾਂ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਦੀ ਸੀ। ਪਰ ਅੱਜ ਤਾਂ ਫਿਰ ਉਸ ਦੇ ਘਰੇ ਖ਼ੁਸ਼ੀ ਸੀ। ਖੇੜਾ ਸੀ! ਉਸ ਦੇ ਇਕਲੌਤੇ ਪੁੱਤ ਦਾ ਵਿਆਹ ਸੀ। ਪਹਿਲੀ ਅਤੇ ਇੱਕੋ-ਇਕ ਨੂੰਹ ਘਰੇ ਆਉਣੀ ਸੀ। ਚਾਅ ਤਾਂ ਕੁਦਰਤੀਂ ਹੋਣਾ ਹੀ ਸੀ।
ਸ਼ਾਦੀ ਹੋ ਗਈ। ਨੂੰਹ ਘਰੇ ਆ ਗਈ। ਜੰਗੀਰ ਕੌਰ ਨੇ ਨੂੰਹ-ਪੁੱਤ ਉਪਰੋਂ ਦੀ ਖ਼ੂਬ ਪਾਣੀ ਵਾਰ-ਵਾਰ ਪੀਤਾ ਸੀ। ਰੱਜ ਕੇ ਸ਼ਗਨ ਕੀਤੇ ਸਨ। ਗੀਤ, ਦੋਹੇ ਗਾਏ ਸਨ ਅਤੇ ਧਰਤੀ ਹਿਲਾਊ ਗਿੱਧਾ ਪਾਇਆ ਸੀ। ਜਾਣੋਂ ਹਰ ਖ਼ੁਸ਼ੀ ਪੂਰੀ ਕੀਤੀ ਸੀ।
ਜੰਗੀਰ ਕੌਰ ਬਹੁਤ ਹੀ 'ਲਾਈਲੱਗ' ਬੁੜ੍ਹੀ ਸੀ। ਹਰ ਇਕ ਦੇ 'ਪਿੱਛੇ' ਲੱਗ ਜਾਂਦੀ ਸੀ। ਕੋਈ ਕੁਝ ਵੀ ਕਹਿ ਦਿੰਦਾ, ਉਸ ਨੂੰ 'ਸੱਤ' ਹੀ ਮੰਨਦੀ ਸੀ। ਦਿਮਾਗ ਦੀ ਥੋਥੀ ਸੀ। ਇਸ ਲਈ ਕੁਝ ਸੋਚਦੀ ਵੀ ਨਹੀਂ ਸੀ। ਭੇਡ ਦੇ ਪਿੱਛੇ ਭੇਡ ਡਿੱਗਣ ਵਾਂਗ, ਕਿਸੇ ਮਗਰ ਲੱਗ ਕੇ ਤਾਂ ਉਹ ਖੂਹ ਵਿਚ ਵੀ ਡਿੱਗ ਸਕਦੀ ਸੀ!
-"ਇਕ ਗੱਲ ਸੁਣ ਲੈ ਜੰਗੀਰੋ! ਨੂੰਹ ਨੂੰ ਸਿਰ 'ਤੇ ਨਾ ਚੜ੍ਹਾਲੀਂ-ਇਹ ਚਾਂਭਲਦੀਆਂ ਵੀ ਬਾਹਲੀ ਛੇਤੀ ਐ-ਮੇਰੀ ਮੰਨੇਂ ਤਾਂ ਹੁਣੇ ਤੋਂ ਈ ਛਿੱਤਰ ਹੇਠਾਂ ਰੱਖੀਂ-ਤੇਰੀ ਤਾਂ ਫਿਰ ਵੀ ਇਕੋ ਇਕ ਨੂੰਹ ਐਂ-ਵਿਗੜੀ ਲੋਟ ਨ੍ਹੀ ਆਉਣੀ!" ਸੰਤੀ ਕੂਕਣ ਇਕ ਦਿਨ ਘਰੇ ਆ ਕੇ ਜੰਗੀਰੋ ਨੂੰ ਕਹਿ ਗਈ ਸੀ।
----
ਸੰਤੀ ਕੂਕਣ ਨੂੰਹਾਂ ਤੋਂ ਕਾਫ਼ੀ ਮਾਯੂਸ ਹੋ ਗਈ ਸੀ। ਨੂੰਹਾਂ ਨੂੰ ਜੁੱਤੀ ਹੇਠ ਰੱਖਦੀ-ਰੱਖਦੀ ਨੇ ਕਿ ਦਿਨ ਝਾਟਾ ਹੀ ਪੁਟਵਾ ਲਿਆ ਸੀ। ਉਹ ਨੂੰਹਾਂ ਨੂੰ ਮੂੰਹ ਨਹੀਂ ਬੋਲਦੀ ਸੀ। ਇਕ ਦਿਨ ਕਰੋਧੀ ਹੋਈਆਂ ਨੂੰਹਾਂ ਨੇ ਕਿੱਲੇ ਨਾਲ ਬੰਨ੍ਹ ਕੇ ਸੁੱਕੇ ਛਿੱਤਰਾਂ ਨਾਲ ਮੂੰਹ ਹੀ ਮੂੰਹ ਭੰਨਿਆਂ ਸੀ। ਪਰ ਸੰਤੀ ਨੇ ਰੌਲਾ ਨਹੀਂ ਪਾਇਆ ਸੀ। ਚੁੱਪ-ਚਾਪ ਸੀਲ ਬਣ ਲੇ ਕੁੱਟ ਸਹਿ ਲਈ ਸੀ। ਰੱਬ ਦਾ ਭਾਣਾ ਮਿੱਠਾ-ਮਿੱਠਾ ਕਰਕੇ ਮੰਨ ਲਿਆ ਸੀ। ਬੁੱਢੀ ਦਾ ਮੂੰਹ ਸੁੱਜ ਕੇ ਬੁਲ੍ਹਬਲ੍ਹੇ ਜਿੱਡਾ ਬਣ ਗਿਆ ਸੀ। ਜਦ ਲੋਕਾਂ ਨੇ ਮੂੰਹ ਸੁੱਜਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਬੜੀ ਧਹੱਮਲ ਨਾਲ ਫੈਂਟਰ ਸੁੱਟਿਆ ਸੀ ਕਿ ਉਹ ਅੰਦਰੋਂ ਪਾਥੀਆਂ ਲੈਣ ਗਈ ਤਾਂ ਛੱਤ 'ਤੇ ਭਰਿੰਡਾਂ ਦੀ ਖੱਖਰ ਲੱਗੀ ਹੋਈ ਸੀ। ਭਰਿੰਡਾਂ ਨੇ ਅਚਾਨਕ ਹਮਲਾ ਕਰ ਦਿੱਤਾ ਸੀ। ਅਸਲੀਅਤ ਦੱਸਣੀ ਤਾਂ ਉਸ ਦੀ ਆਪਣੀ ਹੀ ਬੇਇੱਜ਼ਤੀ ਸੀ, ਹੇਠੀ ਸੀ!
ਜੰਗੀਰ ਕੌਰ ਸੱਚੀਂ ਹੀ ਲਾਈਲੱਗ ਨਿਕਲੀ। ਜਦੋਂ ਦੂਜੀ ਵਾਰ ਨੂੰਹ ਸਹੁਰੀਂ ਆਈ ਤਾਂ ਉਸ ਨੇ ਜ਼ਿਆਦਤੀਆਂ ਸ਼ੁਰੂ ਕਰ ਦਿੱਤੀਆਂ। ਨੂੰਹ ਸਚਿਆਰੀ ਸੀ। ਕੰਮ ਧੰਦੇ ਨੂੰ ਤਕੜੀ ਸੀ। ਪਰ ਜੰਗੀਰੋ ਨਿਘੋਚਾਂ ਕੱਢਣੋਂ ਨਹੀਂ ਹੱਟਦੀ ਸੀ। ਹਰ ਵਕਤ ਨੱਕ ਬੁੱਲ੍ਹ ਕੱਢਦੀ ਰਹਿੰਦੀ।
-"ਸੱਸਾਂ ਭੁੱਲ ਕਿਉਂ ਜਾਂਦੀਐਂ ਬਈ ਨੂੰਹਾਂ ਵੀ ਕਿਸੇ ਦੀਆਂ ਧੀਆਂ ਹੁੰਦੀਐਂ?" ਬਹੂ ਕਦੇ-ਕਦੇ ਸੋਚਦੀ। ਪਰ ਚੁੱਪ ਰਹਿੰਦੀ। ਆਪਦੇ ਘਰਵਾਲੇ ਨੂੰ ਵੀ ਕਦੇ ਕੁਝ ਨਾ ਦੱਸਦੀ। ਹਿੱਕ 'ਤੇ ਪੱਥਰ ਰੱਖ ਕੇ ਸਭ ਕੁਝ ਜਰਦੀ।
ਮਹੀਨਾ ਕੁ ਗੁਜਰਿਆ। ਬਹੂ ਦਾ ਵੱਡਾ ਭਰਾ ਲੈਣ ਲਈ ਆ ਗਿਆ। ਸ਼ਾਮ ਨੂੰ ਉਸ ਨੇ ਬੁੱਢੀ ਦੇ ਮੰਜੇ ਦੀ ਪੈਂਦ 'ਤੇ ਬੈਠ ਕੇ ਲਿਜਾਣ ਵਾਲੀ ਗੱਲ ਚਿਤਾਰੀ ਤਾਂ ਬੁੜ੍ਹੀ ਕੌੜ ਮੱਝ ਵਾਂਗ ਲੱਤ ਹੀ ਚੁੱਕ ਗਈ। ਲੋਹੇ ਦਾ ਥਣ ਬਣ ਗਈ।
-"ਭਾਈ ਸਾਡਾ ਤਾਂ ਕੰਮ ਦਾ ਆਬਦਾ ਨ੍ਹੀ ਸਰਦਾ-ਇਕ ਔਤਰੇ ਮੇਰੇ ਹੱਡ ਪ੍ਰਾਣ ਜੁੜੇ ਰਹਿੰਦੇ ਐ-ਮੇਥੀ ਜਿਹੀ ਵੀ ਰਲਾ ਕੇ ਖਾਧੀ ਸੀ-ਪਰ 'ਰਾਮ ਨ੍ਹੀ ਆਇਆ-ਨਾਲੇ ਪੁੱਤ ਜੇ ਇਹਨੂੰ ਪੇਕੀਂ ਰੱਖਣ ਦਾ ਬਹੁਤਾ ਈ ਚਾਅ ਸੀ-ਤਾਂ ਇਹਨੂੰ ਵਿਆਹੁੰਣਾ ਈ ਕਾਹਤੋਂ ਸੀ? ਘਰੇ ਈ ਰੱਖ ਲੈਂਦੇ!" ਬੁੱਢੀ ਦਾ ਖੱਪਰਖਾਧਾ ਮੂੰਹ ਕੌੜਾ ਜਿਹਾ ਹੱਸਿਆ ਸੀ। ਮੁੰਡਾ ਚੁੱਪ ਵੱਟ ਗਿਆ। ਪਰ ਬੁੱਢੀ ਦੀ ਚੋਭਵੀਂ ਗੱਲ ਮੁੰਡੇ ਦੇ ਸੀਨੇ ਵਿਚ ਲਾਟ ਵਾਂਗ ਫਿਰ ਗਈ ਸੀ। ਉਹ ਭਰਿਆ ਪੀਤਾ ਮੁੜ ਗਿਆ। ਪਰ ਬੱਤੀ-ਸੁਲੱਖਣੀਂ ਨੂੰਹ ਨੇ ਫਿਰ ਨਾ ਕਿਸੇ ਕੋਲ ਭਾਫ਼ ਕੱਢੀ। ਉਹ ਅੰਦਰੋ-ਅੰਦਰੀ ਰੋ ਕੇ ਚੁੱਪ ਕਰ ਗਈ ਸੀ। ਉਹ ਸੋਚਦੀ ਸੀ ਕਿ ਕਿਵੇਂ ਨਾ ਕਿਵੇਂ ਇਸ ਘਰ ਵਿਚ ਵਸ ਜਾਵਾਂ। ਨਾਲੇ ਸੱਸ ਦਾ ਕੀ ਸੀ? ਨਦੀ ਕਿਨਾਰੇ ਰੁੱਖ ਸੀ। ਇਹ ਨਹੀਂ ਪਤਾ ਸੀ ਕਿ ਕਦੋਂ ਸਾਹ ਛੱਡ ਜਾਣੇ ਸਨ। ਬਹੂ ਬਹੁਤੀਆਂ ਹੀ ਡੂੰਘੀਆਂ ਗੱਲਾਂ ਸੋਚਦੀ ਸੀ। ਪਰ 'ਪੱਟ-ਹੋਣੀ' ਬੁੜ੍ਹੀ ਹੋਸ਼ੀ ਵਗਦੀ ਸੀ।
----
ਸਬੱਬੀਂ ਇਕ ਦਿਨ ਸੰਤੀ ਕੂਕਣ ਨੇ ਫਿਰ ਗੇੜਾ ਮਾਰਿਆ। ਅੱਜ ਫਿਰ ਉਸ ਦੀ ਇਕ ਅੱਖ ਸੁੱਜੀ ਹੋਈ ਸੀ। ਕਿਸੇ ਨੂੰਹ ਦੀ ਕਰਤੂਤ ਜਾਪਦੀ ਸੀ। ਕੁੱਟ ਖਾਧੇ ਬਿਨਾ ਸੰਤੀ ਦੇ ਰੋਟੀ ਹਜ਼ਮ ਨਹੀਂ ਆਉਂਦੀ ਸੀ।
-"ਮੱਥਾ ਟੇਕਦੀ ਐਂ ਅੰਮਾਂ ਜੀ!" ਜੰਗੀਰੋ ਨੇ ਸੰਤੀ ਦੇ ਪੈਰੀਂ ਹੱਥ ਲਾਏ।
-"ਵੀਰ ਜਿਉਣ-ਗੁਰੂ ਭਾਗ ਲਾਵੇ-ਪੋਤਿਆਂ 'ਚ ਖੇਡੇਂ!" ਸੰਤੀ ਨੇ ਘਰਾਟ ਰਾਗ ਚਾਲੂ ਕਰ ਦਿੱਤਾ ਸੀ।
-"ਅੰਮਾਂ ਜੀ-ਅੱਖ 'ਤੇ ਕੀ ਹੋ ਗਿਆ?"
-"ਨੀ ਕੀ ਪੁੱਛਦੀ ਐਂ? ਹੱਥ ਮੂੰਹ ਧੋ ਕੇ ਗੁਰਦੁਆਰੇ ਜਾਣ ਲੱਗੀ ਸੀ-ਤਿਲ੍ਹਕ ਕੇ ਡਿੱਗਪੀ-ਤੇ ਨਲਕੇ ਦੀ ਹੱਥੀ ਵੱਜੀ।" ਸੰਤੀ ਨੇ ਕਾਹਲੀ ਨਾਲ ਸਮਾਂ ਬੋਚਿਆ। ਅਸਲ ਵਿਚ ਛੋਟੀ ਨੂੰਹ ਨੇ ਚਲਾਵਾਂ ਘੋਟਣਾ ਮਾਰਿਆ ਸੀ।
-"ਸੱਚ! ਦੇਹ ਗੱਲ ਬਹੂ ਦੀ? ਹੋਈ ਕੋਈ ਮੈਦਵਾਰੀ?" ਸੰਤੀ ਨੇ ਪੈਂਦੀ ਸੱਟੇ ਗੱਲ ਬਦਲੀ!
-"ਨੀ ਕਾਹਨੂੰ ਅੰਮਾਂ ਜੀ! ਅਜੇ ਤਾਂ ਕੋਈ ਮੈਦਵਾਰੀ ਨ੍ਹੀ ਹੋਈ-ਆਹ ਕੱਲ੍ਹ ਫੇਰ ਬਿਮਾਰ ਹੋਗੀ।" ਪਿਛਲੀ ਗੱਲ ਜੰਗੀਰੋ ਨੇ ਦੱਬਵੀਂ ਜਿਹੀ ਅਵਾਜ਼ ਨਾਲ ਕਹੀ।
-"ਹਾਏ-ਹਾਏ ਨ੍ਹੀ! ਬੁਰਸ਼ੇ ਅਰਗੀ ਪਈ ਐ-ਜੇ ਇਹੇ ਸਾਡੇ ਪ੍ਰੀਵਾਰ 'ਚ ਵਾਧਾ ਨਾ ਕਰੂਗੀ-ਫੇਰ ਅਸੀਂ ਐਹੋ ਜੀ ਕੰਜ ਬੱਕਰੀ ਤੋਂ ਕਾਢਾ ਕਢਵਾਉਣੈਂ?" ਸੰਤੀ ਨੇ ਮੂੰਹ ਘੁੱਟ ਲਿਆ। ਸੁੱਜੀ ਅੱਖ ਡੰਡ ਬੈਠਕਾਂ ਕੱਢਣ ਲੱਗ ਪਈ ਸੀ।
-"ਨੀ ਬਹੂ! ਤੈਨੂੰ ਐਨੀ ਵੀ ਅਕਲ ਨ੍ਹੀ ਬਈ ਘਰ ਆਏ ਬੰਦੇ ਦਾ ਕਿਮੇ ਮਾਣ ਤਾਣ ਕਰਨੈਂ? ਅੰਮਾਂ ਜੀ ਦੇ ਪੈਰੀਂ ਹੱਥ ਨ੍ਹੀ ਲਾਏ ਤੂੰ---?" ਜੰਗੀਰੋ ਨੇ ਨੂੰਹ ਉਪਰ ਆਪਣਾ ਰੋਅਬ ਜਿਹਾ ਦਿਖਾਉਣ ਲਈ ਕਿਆਂਕ ਕੱਢੀ। ਬਹੂ ਆ ਕੇ ਪੈਰੀਂ ਹੱਥ ਲਾ ਗਈ। ਬਹੂ ਨੂੰ ਸੰਤੀ ਆਈ ਦਾ ਪਤਾ ਤਾਂ ਲੱਗ ਗਿਆ ਸੀ। ਪਰ ਉਹ ਪਤਾ ਨਹੀਂ ਕਿਉਂ, ਸੰਤੀ ਦੇ ਮੱਥੇ ਲੱਗਣੋਂ ਡਰਦੀ ਸੀ। ਪਤਾ ਨਹੀਂ ਕਿਉਂ ਉਸ ਦਾ ਸੰਤੀ ਨੂੰ ਦੇਖ ਕੇ ਕਾਲਜਾ ਜਿਹਾ ਨਿਕਲ ਜਾਂਦਾ ਸੀ? ਡਰ ਜਿਹੀ ਜਾਂਦੀ ਸੀ ਉਹ ਉਸ ਦੀ ਮਨਹੂਸ ਸ਼ਕਲ ਤੱਕ ਕੇ!
-"ਕੁਛ ਘਰੋੜ ਜਿਹੀ ਰੱਖਦੀ ਐ ਬਹੂ?" ਸੰਤੀ ਨੇ ਪੁੱਛਿਆ।
-"ਤੀਮੀ ਮਾਲਕ ਦੀ ਘੱਟ ਈ ਬਣਦੀ ਐ।" ਜੰਗੀਰੋ ਨੇ ਸੰਤੀ ਦੇ ਨੇੜੇ ਜਿਹੇ ਹੋ ਕੇ ਕਿਹਾ।
-"ਤੇ ਫੇਰ ਤੂੰ ਬਣ ਚੁੱਕੀ ਦਾਦੀ!" ਸੰਤੀ ਨੇ ਬੁੱਲ੍ਹ ਟੇਰੇ।
-"-----।" ਜੰਗੀਰੋ ਕੁਝ ਚੁੱਪ ਜਿਹਾ ਕਰ ਗਈ। ਸ਼ਾਇਦ ਉਸ ਨੂੰ ਆਪਣੀ ਕਹੀ ਗੱਲ ਦਾ ਅਹਿਸਾਸ ਹੋਇਆ ਸੀ।
-"ਦੇਹ ਅੰਮਾਂ ਜੀ ਤੇਰੇ ਘਰ ਦੀ ਖਬਰ?" ਜੰਗੀਰੋ ਨੇ ਗੱਲ ਬਦਲਣ ਦਾ ਯਤਨ ਕੀਤਾ।
-"ਮਿਹਰ ਐ ਦਾਤੇ ਦੀ-ਵੱਡੀ ਪੇਕੀਂ ਗਈ ਹੋਈ ਐ-ਤੇ ਛੋਟੀ ਸੁੱਖ ਨਾਲ ਮੰਜੇ 'ਤੇ ਪੈਣ ਆਲੀ ਐ-ਅੱਜ ਉਹਦਾ ਭਰਾ ਲੈਣ ਆਇਆ ਬੈਠੈ।" ਸੰਤੀ ਨੇ ਦੱਸਿਆ। ਅਸਲ ਵਿਚ ਵੱਡੀ ਲੜ ਕੇ ਪੇਕੀਂ ਗਈ ਹੋਈ ਸੀ ਅਤੇ ਛੋਟੀ ਨਾਲ ਸੰਤੀ ਹੁਣੇ ਜੁੰਡੋ-ਜੁੰਡੀ ਹੋ ਕੇ ਆਈ ਸੀ। ਪਰ ਵਿਚਲੀ ਗੱਲ ਉਹ ਕਿਸੇ ਨੂੰ ਵੀ ਨਹੀਂ ਦੱਸਦੀ ਸੀ। ਉਹ ਭੁੱਖਣ-ਭਾਣੀ ਘਰੋਂ ਖਿਸਕ ਆਈ ਸੀ, ਮਤਾਂ ਨੂੰਹ ਫਿਰ ਨਾ ਤਾਉਣੀ ਚਾੜ੍ਹ ਦੇਵੇ!
ਬਹੂ ਚਾਹ ਬਣਾ ਕੇ ਰੱਖ ਗਈ।
-"ਕੁੜ੍ਹੇ ਬਹੂ! ਇਕ ਅੱਧੀ ਰੋਟੀ ਨ੍ਹੀ ਪਈ?" ਸੰਤੀ ਨੇ ਪੁੱਛਿਆ। ਬਹੂ ਬਿਨਾ ਬੋਲੇ ਹੀ ਚਕਲੇ ਵਰਗੀਆਂ ਦੋ ਰੋਟੀਆਂ ਅਚਾਰ ਨਾਲ ਰੱਖ ਗਈ। ਰੋਟੀਆਂ ਰਗੜ ਕੇ ਅਤੇ ਚਾਹ ਸੜ੍ਹਾਕ ਕੇ ਸੰਤੀ ਤੁਰ ਗਈ।
----
ਜੰਗੀਰੋ ਕੇ ਘਰ 'ਤੇ ਵੀ ਰੱਬ ਦੀ ਮਿਹਰ ਹੋਈ। ਬਹੂ ਦਾ 'ਪੈਰ ਭਾਰਾ' ਹੋ ਗਿਆ। ਉਮੀਦਵਾਰੀ ਹੋ ਗਈ। ਦਿਨ ਬੀਤਦੇ ਗਏ। ਪੰਜਵਾਂ ਮਹੀਨਾਂ ਚੱਲ ਰਿਹਾ ਸੀ। ਇਕ ਸਵੇਰ ਬਹੂ ਨੂੰ ਚੱਕਰ ਜਿਹੇ ਆ ਰਹੇ ਸਨ। ਉਹ ਮੰਜੇ ਤੋਂ ਨਾ ਉਠ ਸਕੀ। ਬੁੱਢੀ ਦਾ ਪੁੱਤ ਤਾਂ ਦਹੀਂ ਪੀ ਕੇ ਸਾਝਰੇ ਹੀ ਖੇਤ ਚਲਾ ਗਿਆ ਸੀ। ਪੁੱਤ ਬਹੁਤ ਸਾਊ ਅਤੇ ਕੂਨਾਂ ਸੀ। ਉਹ ਹਨ੍ਹੇਰੇ-ਹਨ੍ਹੇਰੇ ਹੌ ਖੇਤ ਚਲਾ ਜਾਂਦਾ ਅਤੇ ਅੱਧੀ ਰਾਤ ਘਰ ਆਉਂਦਾ ਸੀ।
ਸੂਰਜ ਦੀ ਕਿਰਨ ਫੁੱਟੀ। ਪਰ ਜੰਗੀਰੋ ਨੂੰ ਨੂੰਹ ਵਿਹੜੇ ਵਿਚ ਫਿਰਦੀ ਨਜ਼ਰ ਨਾ ਆਈ। ਉਹ ਮੱਚ ਕੇ ਕੋਲੇ ਹੋ ਗਈ। ਉਸ ਦੀਆਂ ਚੜ੍ਹ ਮੱਚੀਆਂ ਸਨ। ਉਹ ਕਰੋਧ ਨਾਲ ਸੜ ਉਠੀ ਸੀ।
-"ਨੀ ਤੂੰ ਸੁੱਤੀ ਨ੍ਹੀ ਉਠੀ ਅਜੇ? ਮੇਰੇ ਘਰੇ ਤੇਰੇ ਹਰਾਮ ਹੱਡ ਨ੍ਹੀ ਚੱਲਣੇ! ਇਹ ਤੇਰੇ ਪੇਕੇ ਨ੍ਹੀ ਬਈ ਦਿਨੇ ਯਾਰਾਂ ਹੇਠ ਪੈ ਗਈ ਤੇ ਰਾਤ ਨੂੰ ਸੌਂ ਲਿਆ-ਕੀ ਢਿੱਡ ਜਿਆ ਕਰਵਾ ਕੇ ਮਸਤਗੀ ਇਹੇ-ਨੀ ਅਸੀਂ ਵੀ ਤਿੰਨ ਜੰਮੇ ਸੀ-ਪਰ ਤੇਰੇ ਮਾਂਗੂੰ ਪਖੰਡ ਨ੍ਹੀ ਸੀ ਕੀਤੇ-।" ਜੰਗੀਰੋ ਦੇ ਮੂੰਹੋਂ ਝੱਗ ਡਿੱਗਣ ਲੱਗ ਪਈ ਸੀ। ਜੁਆਕ ਤਾਂ ਉਸ ਨੇ ਤਿੰਨ ਹੀ ਜੰਮੇ ਸਨ। ਪਰ ਦੋ ਮਰ ਗਏ ਸਨ।
-"ਉਠ ਕੇ ਗੋਹਾ ਸਿੱਟ! ਪਸ਼ੂ ਚਰਘਲ ਕਰੀ ਜਾਂਦੇ ਐ-ਉਠ ਕੇ ਖੜ੍ਹੀ ਹੋਜਾ ਜੇ ਅਸਲ ਦੀ ਐਂ ਤਾਂ---!" ਬੁੜ੍ਹੀ ਨੇ ਭਕਾਟ ਪਾ ਦਿੱਤਾ ਸੀ। ਉਸ ਦੇ ਸਾਹਮਣੇ ਧਰਤੀ ਘੁਕਣ ਲੱਗ ਪਈ ਸੀ।
ਬਹੂ ਦੀਆਂ ਅੱਖਾਂ ਵਿਚੋਂ ਹੰਝੂ ਵਗ ਰਹੇ ਸਨ। ਉਹ ਸੱਸ ਦੀਆਂ ਜ਼ਿਆਦਤੀਆਂ ਤੋਂ ਅਤੀਅੰਤ ਦੁਖੀ ਸੀ। ਪਰ ਕਰ ਵੀ ਕੀ ਸਕਦੀ ਸੀ? ਉਸ ਦਾ ਤਾਂ ਇਕ ਹੀ ਮਿਥਿਆ ਹੋਇਆ ਸੀ ਕਿ, ਵਸਣਾ ਹੈ!
----
ਉਹ ਬੜੀ ਜੱਦੋਜਹਿਦ ਨਾਲ ਉਠੀ। ਉਸ ਦਾ ਬੁਰਾ ਹਾਲ ਸੀ। ਸਿਰ ਫ਼ਟ ਰਿਹਾ ਸੀ। ਚੱਕਰ ਆ ਰਹੇ ਸਨ। ਬੁਖ਼ਾਰ ਨਾਲ ਸਰੀਰ ਭੱਠ ਵਾਂਗ ਤਪ ਰਿਹਾ ਸੀ। ਉਸ ਨੇ ਕੜਾਹੀਆ ਲਿਆ ਅਤੇ ਗੋਹਾ ਇਕੱਠਾ ਕਰਨ ਲੱਗ ਪਈ। ਉਸ ਦੀ ਨਜ਼ਰ ਪਾਟ ਰਹੀ ਸੀ। ਅੱਖਾਂ ਮੂਹਰੇ ਭੰਬੂਤਾਰੇ ਜਿਹੇ ਨੱਚ ਰਹੇ ਸਨ।
ਸੱਸ ਨੇ ਉਸ ਨੂੰ ਗੋਹੇ ਦਾ ਭਰਿਆ ਕੜਾਹੀਆ ਚੁਕਾ ਦਿੱਤਾ। ਉਹ ਡਿਗਦੀ-ਢਹਿੰਦੀ ਦਰਵਾਜੇ ਤੱਕ ਪਹੁੰਚੀ ਤਾਂ ਬੇਵੱਸ ਹੋ ਗਈ। ਨਜ਼ਰ ਬਿਲਕੁਲ ਜਵਾਬ ਦੇ ਗਈ। ਅੱਖਾਂ ਅੱਗੇ ਹਨ੍ਹੇਰ ਛਾ ਗਿਆ। ਲੱਤਾਂ ਸੌਂ ਗਈਆਂ ਅਤੇ ਉਹ 'ਧੜ੍ਹੰਮ' ਕਰਕੇ ਮੂਧੇ ਮੂੰਹ ਡਿੱਗ ਪਈ। ਦੇਹਲੀ ਤੋਂ ਅੱਧੀ ਉਧਰ ਅਤੇ ਅੱਧੀ ਉਧਰ ਉਹ ਲਟਕ ਜਿਹੀ ਰਹੀ ਸੀ। ਉਸ ਦੀਆਂ ਚੀਕਾਂ ਗੁਆਂਢੀਆਂ ਦੇ ਘਰੇ ਸੁਣੀਆਂ ਸਨ। ਦਰਦ ਨਾ ਸਹਿੰਦੀ ਹੋਈ ਉਹ ਬੇਹੋਸ਼ ਹੋ ਗਈ। ਲੋਕਾਂ ਨੇ ਆ ਕੇ ਉਸ ਨੂੰ ਮੂਧੀ ਪਈ ਨੂੰ ਚੁੱਕਿਆ। ਗਰਭ ਤੜਪ ਰਿਹਾ ਸੀ। ਬੁੜ੍ਹਕ ਰਿਹਾ ਸੀ। ਬਹੂ ਦਾ ਬੁਰਾ ਹਾਲ ਸੀ। ਖ਼ੂਨ ਦਾ ਛੱਪੜ ਲੱਗ ਗਿਆ ਸੀ।
----
ਪਿੰਡ 'ਚੋਂ ਟਰਾਲੀ ਲਿਆਂਦੀ ਗਈ। ਟਰਾਲੀ ਵਿਚ ਪਾ ਕੇ ਬਹੂ ਨੂੰ ਹਸਪਤਾਲ ਪਹੁੰਚਾਇਆ। ਉਸ ਦੀ ਹਾਲਤ ਕਾਫ਼ੀ ਖ਼ਤਰਨਾਕ ਸੀ। ਡਾਕਟਰ ਪ੍ਰੇਸ਼ਾਨ ਸੀ।
-"ਨੀ ਕਮਲੀਏ-ਤੂੰ ਪੰਜਮੇਂ ਮਹੀਨੇ ਬਹੂ ਕਿਉਂ ਗੋਹੇ ਕੂੜੇ ਲਾਈ?" ਕਈ ਬੁੜ੍ਹੀਆਂ ਨੇ ਆ ਕੇ ਜੰਗੀਰੋ ਨੂੰ ਠ੍ਹੋਕਰਿਆ।
-"ਨੀ ਕਾਹਨੂੰ ਭਗਵਾਨ ਕੁਰੇ-ਮੈਂ ਤਾਂ ਬੀਹ ਆਰੀ ਵਰਜਿਆ ਸੀ ਬਈ ਨਾ ਗੋਹੇ ਨਾਲ ਪੰਗੇ ਲਿਆ ਕਰ-ਕੋਈ ਮਜ੍ਹਬਣ ਰੱਖ ਲੈਨੇ ਐਂ-ਪਰ ਕੀ ਕਰਾਂ? ਮੰਨੀ ਈ ਨ੍ਹੀ!"
-"ਨੀ ਭੈਣੇ ਐਹੋ ਜੇ ਮੌਕੇ ਤਾਂ ਅਗਲਾ ਕਿਸੇ ਚੂਹੜ੍ਹੀ ਤੋਂ ਨ੍ਹੀ ਗੋਹਾ ਕੂੜਾ ਸੁੱਟਵਾਉਂਦਾ-ਇ ਤਾਂ ਫੇਰ ਵੀ ਸਕੀ ਨੂੰਹ ਐਂ-ਤੇ ਉਹ ਵੀ 'ਕੱਲੀ 'ਕੱਲੀ!" ਕਿਸੇ ਸਿਆਣੀ ਬੁੜ੍ਹੀ ਨੇ ਹੱਡ 'ਤੇ ਮਾਰੀ।
-"ਨੀ ਮੈਂ ਬਥ੍ਹੇਰੀ ਕਲਪੀ-ਪਰ ਕਾਹਨੂੰ ਥੜ੍ਹੇ-ਥੂਹ ਲੱਗਣ ਦਿੰਦੀ ਸੀ-ਨੀ ਭੈਣੇ ਅਸੀਂ ਤਾਂ ਜੁਆਕ ਵੀ ਜੰਮੇ ਸੀ-ਪੰਦਰਾਂ ਪੰਦਰਾਂ ਪਸ਼ੂਆਂ ਦਾ ਗੋਹਾ ਵੀ ਸਿੱਟਿਆ-ਤੇ ਨਾਲੇ ਪਕਾਉਂਦੇ ਸੀ ਪੂਰੇ ਪੰਜਾਹਾਂ ਜਾਣਿਆਂ ਦੀਆਂ ਰੋਟੀਆਂ-ਸਾਨੂੰ ਤਾਂ ਕੋਈ ਕੋਹੜ ਨਾ ਚੱਲਿਆ।" ਜੰਗੀਰੋ ਚੀਕ ਜਿਹੀ ਪਈ।
-"ਨੀ ਹੁਣ ਉਹ ਖੁਰਾਕਾਂ ਕਿਤੇ ਰਹੀਐਂ? ਤੂੰ ਪੂਰਾ ਰਿੜਕਣਾਂ ਲੱਸੀ ਦਾ ਈ ਪੀ ਜਾਂਦੀ ਸੀ-ਤੇ ਅੱਜ ਦੀਆਂ ਨੂੰ ਕੌਲੀ ਦਹੀਂ ਦੀ ਹਜਮ ਨ੍ਹੀ ਆਉਂਦੀ।"
-"ਭੈਣੇ ਬਹੂ ਉਦਮੀ ਐਂ-ਰੱਬ ਤੰਦਰੁਸਤੀ ਦੇਵੇ ਬਿਚਾਰੀ ਨੂੰ।" ਪੰਜਾਬ ਕੌਰ ਨੇ ਕਿਹਾ। ਉਸ ਦੀਆਂ ਗੰਧਲੀਆਂ ਅੱਖਾਂ ਵਿਚ ਦੁੱਖ ਅਤੇ ਨਿਰਾਸ਼ਾ ਛੁਪੀ ਹੋਈ ਸੀ।
ਅਗਲੀ ਸ਼ਾਮ ਹਸਪਤਾਲੋਂ ਖ਼ਬਰ ਪਹੁੰਚ ਗਈ ਕਿ ਗਹਿਰੀ ਚੋਟ ਲੱਗਣ ਕਾਰਨ ਗਰਭ ਤਾਂ ਜਾਂਦਾ ਰਿਹਾ। ਪਰ ਬਹੂ ਰੱਬ ਦੀ ਮਿਹਰ ਨਾਲ ਹੁਣ ਠੀਕ ਸੀ। ਡਾਕਟਰ ਨੇ ਤਿੰਨ ਹਜ਼ਾਰ ਦਾ ਬਿੱਲ ਬਣਾ ਦਿੱਤਾ ਸੀ। ਸੁਣ ਕੇ ਜੰਗੀਰੋ ਹੋਰ ਭੂਤਰ ਗਈ।
ਜਦੋਂ ਸਾਡਾ ਜੁਆਕ ਈ ਨ੍ਹੀ ਰਿਹਾ-ਫੇਰ ਕੜਮੀਂ ਬਹੂ ਤੋਂ ਅਸੀਂ ਮੇਹੜ ਪੁਆਉਣੀ ਐਂ? ਸਾਡੇ ਕੋਲੇ ਹੈਨ੍ਹੀ ਪੈਸੇ ਪੂਸੇ! ਲਿਆਵੇ ਆਬਦੇ ਪੇਕਿਆਂ ਤੋਂ ਜਿਹਨਾਂ ਨੇ ਉਹ ਜੰਮੀ ਐਂ-ਸਾਡਾ ਨਿੱਤ ਦਾ ਠੇਕਾ ਨ੍ਹੀ ਲਿਆ-ਉਹ ਤਾਂ ਨਿੱਤ ਬਿਮਾਰ ਈ ਰਹਿੰਦੀ ਐ-ਬਿਮਾਰੀ ਦਾ ਘਰ-ਕਿਹੜਾ ਰੋਜ ਪੈਸੇ ਲਾਈ ਜਾਵੇ? ਕਿੱਥੇ ਲਹਿ ਜਾਣਿਆਂ ਨੇ ਬਿਮਾਰੀ ਮੱਥੇ ਮਾਰੀ ਸਾਡੇ!" ਜੰਗੀਰੋ ਬੜੀ ਪੱਥਰ ਦਿਲ ਬੁੜ੍ਹੀ ਸੀ। ਪਹਿਲਾਂ ਉਸ ਨੇ ਆਪਣੀ ਸੱਸ ਅਜਿਹੀਆਂ ਘਤਿੱਤਾਂ ਕਰ-ਕਰ ਮਾਰੀ ਸੀ।
----
ਸੁਨੇਹੇ ਵਾਲਾ ਵਾਪਿਸ ਮੁੜ ਗਿਆ।
ਖ਼ੈਰ! ਬਹੂ ਦੇ ਪੇਕਿਆਂ ਨੇ ਸਾਰਾ ਹਸਪਤਾਲ ਦਾ ਖਰਚਾ ਦੇ ਦਿੱਤਾ। ਦੋ ਮਹੀਨੇ ਪੇਕਿਆਂ ਤੋਂ ਆਉਣ ਨਾ ਦਿੱਤਾ।
-"ਬੇਬੇ ਤੂੰ ਇਹ ਸਾਰਾ ਕੁਛ ਠੀਕ ਨ੍ਹੀ ਕੀਤਾ।" ਇਕ ਦਿਨ ਅੱਕਿਆ ਮੁੰਡਾ ਬਘਿਆੜ੍ਹੀ ਮਾਂ ਮੂਹਰੇ ਬੋਲ ਹੀ ਪਿਆ। ਸ਼ਾਇਦ ਉਹ ਮਾਂ ਅੱਗੇ ਪਹਿਲੀ ਵਾਰ ਬੋਲਿਆ ਸੀ।
-"ਵੇ ਜਾਹ ਵੇ ਪਰ੍ਹਾਂ ਜੱਭਲਾ ਜਿਆ! ਮੇਰਾ ਜੰਮਿਆਂ ਤੂੰ ਕੱਲ੍ਹ ਦੀ ਵਿਆਹੀ ਦੀ ਸੁੱਥਣ 'ਚ ਵੜੀ ਜਾਨੈਂ? ਖਾਖਾਂ ਪਾੜਦੂੰ ਖਾਖਾਂ-ਸਣੇ ਤੇਰੀ ਬਹੂ ਦੀਆਂ! ਜੇ ਬਾਹਲਾ ਔਖੈਂ ਤਾਂ ਚੱਕਲਾ ਹਿੱਸੇ ਬਹਿੰਦਾ ਸਮਾਨ ਤੇ ਅੱਡ ਹੋਜਾ! ਮੈਂ ਈ ਮਾੜੀ ਬਣਗੀ ਇਸ ਘਰ 'ਚ-ਬਾਕੀ ਸਾਰੇ ਦੁੱਧ ਧੋਤੇ ਐ-ਵੇ ਮੈਂ ਥੋਨੂੰ ਹਥਾਂ 'ਤੇ ਚੱਕਾਂ-ਤੇ ਤੂੰ ਮੈਨੂੰ ਆਹ ਦਾਤਨਾ ਦੇਤੀ?" ਬੁੜ੍ਹੀ ਮੁੰਡੇ ਨੂੰ ਭਰਿੰਡ ਵਾਂਗ ਪਈ। ਪਰ ਸਿਆਣਾ ਮੁੰਡਾ ਚੁੱਪ ਕਰ ਗਿਆ। ਉਹ ਜੱਗ ਤਮਾਸ਼ੇ ਤੋਂ ਕੁਝ ਜ਼ਿਆਦਾ ਹੀ ਡਰਦਾ ਸੀ।
ਦਿਨ ਲੰਘਦੇ ਰਹੇ। ਜੰਗੀਰੋ ਦਾ ਉਹੀ ਕੰਮ ਚੱਲਦਾ ਰਿਹਾ। ਸੰਤੀ ਆਉਂਦੀ ਅਤੇ ਜੰਗੀਰੋ ਨੂੰ 'ਸੇਕ' ਦੇ ਜਾਂਦੀ। ਉਹ ਜੰਗੀਰੋ ਦਾ ਤਾਪਮਾਨ ਘਟਣ ਨਹੀਂ ਦਿੰਦੀ ਸੀ। ਹਰ ਰੋਜ ਨਵੀਂ ਹੀ ਸਕੀਮ ਦੱਸਦੀ ਸੀ। ਕਿਤਨਾ ਸਿਦਕ ਸੀ ਸੰਤੀ ਵਿਚ!
ਠੰਢ ਦਾ ਮੌਸਮ ਉਤਰ ਆਇਆ। ਠੰਢ ਵੀ ਕੀ ਸੀ? ਕਹਿਰਾਂ ਦੀ ਸਰਦੀ ਪੈਂਦੀ ਸੀ। ਉਹ ਵੀ ਸੁੱਕੀ! ਹਰ ਬੱਚਾ, ਬੁੱਢਾ, ਜੁਆਨ ਹਰ ਵਕਤ ਨਲੀ ਸੁਣਕਦਾ ਰਹਿੰਦਾ ਸੀ। ਨਿੱਘੀ ਰਜਾਈ ਵਿਚੋਂ ਰਾਤ ਨੂੰ ਜੰਗੀਰੋ ਪਿਸ਼ਾਬ ਕਰਨ ਉਠੀ ਤਾਂ ਠੱਕਾ ਵਗ ਰਿਹਾ ਸੀ। ਗਰਮ ਸਰੀਰ ਵਿਚ ਠੰਢੀ ਸੀਤ ਹਵਾ ਵੱਜੀ ਤਾਂ ਬੁੜ੍ਹੀ ਸਾਰੀ ਦੀ ਸਾਰੀ ਹੀ ਜੁੜ ਗਈ। ਉਸ ਦੀਆਂ ਲੱਤਾਂ ਬਾਂਹਾਂ ਟੁੱਟ ਰਹੀਆਂ ਸਨ। ਸੰਘ ਬੈਠ ਗਿਆ ਸੀ। ਛਾਤੀ ਜੁੜ ਕੇ ਮਾੜੇ ਟਰੱਕ ਵਾਂਗ 'ਘੈਂ-ਘੈਂ' ਕਰ ਰਹੀ ਸੀ। ਸਾਹ ਕਿਸ਼ਤਾਂ 'ਤੇ ਹੀ ਆਉਂਦਾ ਸੀ। ਨੱਕ ਵਿਚ ਸੀਂਢ ਬਰੇਕਾਂ ਲਾਈ ਬੈਠਾ ਸੀ। ਪਿੱਠ ਪਟੜਾ ਬਣ ਗਈ ਸੀ।
----
ਬੁੱਢੀ ਨੂੰ ਬਰਾਂਡੀ ਵਿਚ ਸ਼ਹਿਦ ਪਾ ਕੇ ਦਿੱਤਾ ਗਿਆ। ਫਿਰ ਗਰਮ ਦੁੱਧ ਵਿਚ ਦੋ ਆਂਡੇ ਫੈਂਟ ਕੇ ਪਿਆਏ। ਪਰ ਕੋਈ ਫ਼ਰਕ ਨਾ ਪਿਆ। ਬੁੱਢੀ ਨੇ ਮੰਜੇ ਕੋਲ ਸੁਆਹ ਦਾ ਭਰਿਆ ਬੱਠਲ ਰਖਵਾ ਲਿਆ। ਜਿਸ ਵਿਚ ਉਹ 'ਤੋਤੇ ਰੰਗੇ' ਘੰਗਾਰ ਤੋਲ-ਤੋਲ ਕੇ ਸੁੱਟ ਰਹੀ ਸੀ। ਬਹੂ ਉਸ ਦੀ ਲਗਾਤਾਰ, ਦਿਲੋਂ ਸੇਵਾ ਕਰ ਰਹੀ ਸੀ। ਪਰ ਜ਼ਿੱਦੀ ਬੁੜ੍ਹੀ ਬੁੱਢੇ ਬੋਤੇ ਵਾਂਗ ਬੁੱਲ੍ਹ ਸੁੱਟੀ ਬੈਠੀ ਸੀ।
ਸੰਤੀ ਵੀ ਬੁੱਢੀ ਦੀ ਖ਼ਬਰ ਨੂੰ ਪਹੁੰਚ ਗਈ।
-"ਨੀ ਤੂੰ ਹਿੰਗ ਲੈ ਕੇ ਦੇਖ!" ਸੰਤੀ ਨੇ ਅਕਲ ਅਨੁਸਾਰ ਇਲਾਜ ਦੱਸਿਆ, "ਹਿੰਗ ਨੇ ਤਾਂ ਸਾਡੀ ਝੋਟੀ ਆਥਣ ਨੂੰ ਰਾਜੀ ਕਰਤੀ ਸੀ।" ਸੰਤੀ ਨੇ ਪ੍ਰਮਾਣ ਦਿੱਤਾ। ਅਜੇ ਸ਼ੁਕਰ ਹੈ ਉਸ ਨੇ 'ਸਲੋਤਰੀ' ਬੁਲਾਉਣ ਲਈ ਨਹੀਂ ਆਖ ਦਿੱਤਾ!
-"ਅੰਮਾਂ ਜੀ ਸਾਰਾ ਕੁਛ ਕਰਕੇ ਦੇਖ ਲਿਆ-ਨਪੁੱਤੇ ਦਾ 'ਰਾਮ ਈ ਨ੍ਹੀ ਆਉਂਦਾ।" ਜੰਗੀਰੋ ਨੱਕ 'ਚੋਂ 'ਭੱਗ-ਭੱਗ' ਜਿਹਾ ਕਰਕੇ ਬੋਲੀ।
-"ਤੇ ਕੋਈ ਡਾਕਦਾਰ ਤੋਂ ਗੋਲੀ ਗੱਪਾ ਲੈ ਲੈਣਾ ਸੀ?"
-"ਇਹ ਵੀ ਕਰ ਕੇ ਦੇਖ ਲੈਨੀਂ ਆਂ।" ਜੰਗੀਰੋ ਕਾਫ਼ੀ ਤੰਗ ਸੀ। ਗੁਆਂਢੀਆਂ ਦਾ ਜੁਆਕ ਭੇਜ ਕੇ ਡਾਕਟਰ ਬੁਲਾਇਆ ਗਿਆ। ਡਾਕਟਰ ਵੀ ਕਾਹਦਾ ਸੀ? ਉਸ ਨੇ ਦੋ ਕੁ ਮਹੀਨੇ ਸ਼ਹਿਰ ਕਿਸੇ ਡਾਕਟਰ ਕੋਲ ਲਾਏ ਸਨ। ਫਿਰ ਉਥੇ ਉਸ ਨੇ ਕੋਈ ਕੁੜੀ-ਕੱਤਰੀ ਨਾਲ ਪੰਗਾ ਲੈ ਲਿਆ। ਜਿਸ ਕਰਕੇ ਡਾਕਟਰ ਨੇ ਕਲੀਨਿਕ ਵਿਚੋਂ ਦਫ਼ਾ ਕਰ ਦਿੱਤਾ ਸੀ। ਗੋਲੀ-ਗੱਟੇ ਦੀ ਮਾੜੀ ਮੋਟੀ ਸੂੰਹ ਆ ਗਈ ਸੀ, ਜਿਸ ਕਰਕੇ ਉਸ ਨੇ ਪਿੰਡ ਆ ਕੇ ਦੁਕਾਨ ਕਰ ਲਈ ਸੀ।
----
ਡਾਕਟਰ ਨੇ ਬੁੱਢੀ ਨੂੰ ਟੂਟੀ ਜਿਹੀ ਲਾ ਕੇ ਦੇਖੀ। ਫਿਰ ਥਰਮਾਮੀਟਰ ਲਾਇਆ। ਫਿਰ ਬੁੱਢੀ ਦੀ ਨਬਜ਼ ਅਤੇ ਆਪਣੀ ਘੜ੍ਹੀ ਪੜ੍ਹੀ।
-"ਤੁਸੀਂ ਲੋਕ ਬਿਮਾਰੀ ਵਧੀ ਤੋਂ ਚੀਕਾਂ ਮਾਰਦੇ ਓਂ-ਪਹਿਲਾਂ ਗੌਰ ਨ੍ਹੀ ਕਰਦੇ।" ਉਸ ਨੇ ਸੁਲਝੇ ਡਾਕਟਰਾਂ ਵਾਲਾ 'ਛੁਰਲ੍ਹਾ' ਛੱਡ ਕੇ ਬੁੜ੍ਹੀ 'ਤੇ ਰੋਅਬ ਜਿਹਾ ਖਿਲਾਰਿਆ।
-"ਵੇ ਪੁੱਤ! ਤੈਨੂੰ ਪਤਾ ਈ ਐ ਘਰਾਂ ਦਾ।" ਬੁੜ੍ਹੀ ਨੇ ਆਪਣੀ ਗਲਤੀ ਜਿਹੀ ਮੰਨੀ ਅਤੇ ਖੰਘ ਕੇ ਥੁੱਕਣ ਦਾ ਦਿਖਾਵਾ ਜਿਹਾ ਕੀਤਾ।
-"ਮਾਈ ਪਹਿਲਾਂ ਸਰੀਰ ਫੇਰ ਘਰ-ਜੇ ਸਿਹਤ ਈ ਠੀਕ ਨਹੀਂ ਤਾਂ ਘਰ ਕਿਹੜਾ ਸਿਰ 'ਤੇ ਚੱਕ ਕੇ ਲੈ ਜਾਣੈਂ?" ਦੋ ਸੁਣੀਆਂ ਸੁਣਾਈਆਂ ਗੱਲਾਂ ਕਰਕੇ ਡਾਕਟਰ ਨੇ ਬੁੱਢੀ ਨੂੰ ਸੱਪ ਵਾਂਗ ਕੀਲ ਜਿਹਾ ਲਿਆ। ਉਸ ਨੇ ਦੋ ਗੋਲੀਆਂ ਪਾਣੀ ਵਿਚ ਘੋਲ ਕੇ ਬੁੜ੍ਹੀ ਨੂੰ ਪਿਆਈਆਂ ਅਤੇ ਇਕ ਟੀਕਾ ਲਾਇਆ। ਮਾੜੀ ਕਿਸਮਤ ਸੀ ਜੰਗੀਰੋ ਦੀ ਕਿ ਟੀਕਾ 'ਰੀ-ਐਕਸ਼ਨ' ਕਰ ਗਿਆ! ਉਸ ਨੇ ਪਿੰਡਾ ਖੁਰਕਣਾ ਛੱਡ ਵੱਢਣਾਂ ਸ਼ੁਰੂ ਕਰ ਦਿੱਤਾ। ਸਰੀਰ ਭੜ੍ਹੋਲੇ ਵਾਂਗ ਸੁੱਜ ਗਿਆ। ਉਸ ਨੂੰ ਸਾਹ ਘੁੱਟ-ਘੁੱਟ ਕੇ ਆਉਣ ਲੱਗ ਪਿਆ। ਦਿਲ ਦੀ ਧੜਕਣ ਬੰਦ ਹੁੰਦੀ ਲੱਗਦੀ ਸੀ। ਡਾਕਟਰ ਭਮੱਤਰਿਆ ਖੜ੍ਹਾ ਕੰਬੀ ਜਾ ਰਿਹਾ ਸੀ। ਕੁਝ ਸੁੱਝ ਨਹੀਂ ਰਿਹਾ ਸੀ। ਸੰਘ ਖੁਸ਼ਕ ਹੋ ਗਿਆ ਸੀ। ਚਿਹਰਾ ਬੱਗਾ ਅਤੇ ਜ਼ੁਬਾਨ ਸੁੱਕ ਗਈ ਸੀ।
-"ਇਹਨੂੰ ਸ਼ਹਿਰ ਵੱਡੇ ਹਸਪਤਾਲ ਲੈ ਜਾਓ-ਨਹੀਂ ਤਾਂ ਮਰਜੂਗੀ!" ਕਹਿੰਦਾ ਡਾਕਟਰ ਆਪਣਾ ਝੋਲਾ ਜਿਹਾ ਚੁੱਕ ਕੇ ਭੱਜ ਗਿਆ।
ਦੇਰ ਨ੍ਹੇਰ ਸੀ। ਬੁੱਢੀ ਤਾਂ ਅੱਖਾਂ ਫੇਰ ਚੱਲੀ ਸੀ। ਸਾਰਾ ਮੂੰਹ ਸਿਰ ਸੁੱਜ ਕੇ ਇੱਕੋ ਹੀ ਬਣ ਗਿਆ ਸੀ। ਕੰਨ ਗੁਲਗਲੇ ਵਰਗੇ ਬਣ ਗਏ ਸਨ। ਉਹ ਲਗਾਤਾਰ ਖੁਰਕ ਰਹੀ ਸੀ। ਚੀਕ-ਚਿਹਾੜਾ ਪਾ ਰਹੀ ਸੀ। ਮੱਝ ਦੇ ਮੱਖ ਲੜਨ ਵਾਂਗ ਛੜਾਂ ਜਿਹੀਆਂ ਮਾਰ ਰਹੀ ਸੀ।
----
ਪੰਚਾਇਤ ਦੀ ਸਾਂਝੀ ਕਾਰ ਲਿਆਂਦੀ ਗਈ। ਬੋਹੜ ਦੇ ਮੁੱਛ ਵਰਗੀ ਬੁੱਢੀ ਨੂੰ ਕਾਰ ਵਿਚ ਲੱਦ ਕੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਨੇ ਬੁੱਢੀ ਨੂੰ ਸੰਭਾਲਿਆ। ਟੀਕੇ ਲਾਏ। ਗੋਲੀਆਂ ਦਿੱਤੀਆਂ। ਦੁਆਈ ਪਿਆਈ। ਘੰਟੇ ਕੁ ਬਾਅਦ ਬੁੱਢੀ ਨੂੰ ਸ਼ਾਂਤੀ ਜਿਹੀ ਆ ਗਈ। ਤਾਜ਼ੀ ਸੂਅ ਕੇ ਹਟੀ ਮੱਝ ਵਾਂਗ ਨਿਢਾਲ ਜਿਹੀ ਹੋ ਗਈ ਸੀ। ਉਸ ਨੂੰ ਮੱਲੋਮੱਲੀ ਨੀਂਦ ਆ ਰਹੀ ਸੀ। ਪਰ ਡਾਕਟਰਾਂ ਦਾ ਕਹਿਣਾ ਸੀ ਕਿ ਉਹ ਸੌਂ ਨਹੀਂ ਸੀ ਸਕਦੀ। ਸੌਣ ਨਾਲ ਦਿਲ ਦੀ ਹਰਕਤ ਕਦੇ ਵੀ ਬੰਦ ਹੋ ਸਕਦੀ ਸੀ ਅਤੇ ਬੁੱਢੀ ਦਾ ਗੁੱਗਾ ਪੂਜਿਆ ਜਾਣਾ ਸੀ।
ਖ਼ੈਰ! ਰੱਬ ਬੁੱਢੀ 'ਤੇ ਮਿਹਰਵਾਨ ਹੋਇਆ ਅਤੇ ਉਹ ਤੀਜੇ ਦਿਨ ਟੱਲੀ ਵਰਗੀ ਹੋ ਕੇ ਘਰੇ ਆ ਗਈ। ਸੰਤੀ ਕੂਕਣ ਨੇ ਫਿਰ ਚੱਕਰ ਮਾਰਿਆ। ਬਹੂ ਨੂੰ ਚੱਕਰ ਆਇਆ! ਉਸ ਦਾ ਦਿਲ ਕੰਬਿਆ ਕਿ ਕੋਈ ਪੁਆੜਾ ਫਿਰ ਪੈਣ ਵਾਲਾ ਸੀ। ਕੋਈ ਨਵਾਂ ਭਾਣਾ ਵਰਤਣ ਵਾਲਾ ਸੀ। ਸੁੱਖ ਨਹੀਂ ਸੀ!
-"ਕੀ ਬਿਪਤਾ ਆ ਪਈ ਸੀ ਰੱਬ ਨੇ ਹੱਥ ਦੇ ਕੇ ਰੱਖੀਂ ਐਂ-ਸ਼ੁਕਰ ਕਰ!" ਸੰਤੀ ਨੇ ਹਮਦਰਦੀ ਪ੍ਰਗਟਾਈ। ਚੁੱਪ ਰਹਿਣਾ ਉਸ ਲਈ ਅਸੰਭਵ ਸੀ।
-"ਤੇ ਹੋਰ ਅੰਮਾਂ ਜੀ-ਔਤਾਂ ਦੇ ਨੇ ਜਾਹ ਜਾਂਦੀ ਕਰ ਦੇਣੀ ਸੀ।" ਜੰਗੀਰੋ ਅੰਦਰੋਂ ਹਿੱਲੀ। ਉਸ ਨੂੰ ਡਾਕਟਰ 'ਹੋਣੀਂ' ਜਾਪਿਆ ਸੀ।
-"ਨੀ ਇਹੋ ਡਾਕਦਾਰ ਲੋਕਾਂ ਦਾ ਵੀ 'ਲਾਜ ਕਰਦਾ ਈਐ-ਤੇ ਫੇਰ ਤੇਰੇ 'ਤੇ ਆ ਕੇ ਈ ਆਹ ਘਾਣੀਂ ਬੀਤਣੀ ਸੀ? ਮੈਨੂੰ ਤਾਂ ਦਾਲ 'ਚ ਕੁਛ ਕਾਲਾ ਲੱਗਦੈ।" ਪਿਛਲੀ ਗੱਲ ਸੰਤੀ ਨੇ ਟਿਕਾਅ ਕੇ ਜਿਹੇ ਕਹੀ।
-"ਕੀ ਅੰਮਾਂ ਜੀ?"
-"ਮੈਨੂੰ ਤਾਂ ਹੋਰ ਸ਼ੱਕ ਐ ਬਈ ਤੇਰੀ ਨੂੰਹ ਨੇ ਤੈਨੂੰ ਕੁਛ ਕਰਵਾਤਾ-ਐਹੋ ਜੀਆਂ ਫਫੇਕੁੱਟ ਧਾਗਿਆਂ ਤਬੀਤਾਂ ' ਬਾਹਲਾ ਪਈਆਂ ਹੁੰਦੀਐਂ।" ਸੰਤੀ ਬਰਾਬਰ ਜੰਗੀਰੋ ਦੇ ਚਿਹਰੇ ਨੂੰ ਨਿਹਾਰ ਰਹੀ ਸੀ।
-"ਚੱਲ ਕੱਲ੍ਹ ਨੂੰ ਤੈਨੂੰ ਰੋਡੇ ਸਾਧ ਕੋਲੇ ਲੈ ਕੇ ਚੱਲਾਂ-ਭੈਣੇਂ ਆਪਾਂ ਨੂੰ ਤਾਂ ਆਉਂਦੈ ਤੇਰਾ ਦੁੱਖ-ਮੈਨੂੰ ਤਾਂ ਤਿੰਨ ਦਿਨ ਰੋਟੀ ਨੀ ਸੁਆਦ ਲੱਗੀ-ਤੇਰੇ ਘਰ ਵੱਲੀਂ ਦੇਖਣ ਨੂੰ ਚਿੱਤ ਨਾ ਕਰੇ-ਸੋਚੀ ਜਾਵਾਂ-ਖਬਰੇ ਘਰੇ ਮੁੜੇਂਗੀ-ਖਬਰੇ ਨਹੀਂ!" ਗੱਲਾਂ ਗੱਲਾਂ ਵਿਚ ਸੰਤੀ ਨੇ ਜੰਗੀਰੋ ਨੂੰ ਇਕ ਤਰ੍ਹਾਂ ਨਾਲ ਨਹਿਬ ਲਿਆ ਸੀ, ਨਰੜ ਲਿਆ ਸੀ।
----
ਅਗਲੀ ਸਵੇਰ ਹੀ ਦੋਵੇਂ ਰੋਡੇ ਸਾਧ ਦੇ ਡੇਰੇ ਜਾ ਵੜੀਆਂ। ਇਸ ਸਾਧ ਦੀਆਂ ਲੋਕ ਕਾਫ਼ੀ ਸਿਫ਼ਤਾਂ ਕਰਦੇ ਸਨ। ਸੁਣਿਆਂ ਸੀ ਉਹ ਸਰਦੀਆਂ ਵਿਚ ਜਲਧਾਰਾ ਕਰਦਾ ਸੀ ਅਤੇ ਗਰਮੀਆਂ ਵਿਚ ਧੂੰਣਾ ਤਾਪਦਾ ਸੀ। ਫਿਰ ਸਵਾ ਮਹੀਨਾ ਇਕ ਲੱਤ 'ਤੇ ਖੜ੍ਹਦਾ ਸੀ। ਬੜਾ ਕਰਨੀ ਵਾਲਾ ਸਾਧ ਸੀ।
ਰੋਡਾ ਸਾਧ ਹਲਟੀ ਤੋਂ ਇਸ਼ਨਾਨ ਕਰ ਕੇ ਹਟਿਆ ਸੀ। ਉਹ ਆਪਣੇ ਸਾਰੇ ਸਰੀਰ 'ਤੇ ਵਾਲ ਨਹੀਂ ਛੱਡਦਾ ਸੀ। ਜਿਸ ਕਰ ਕੇ ਉਸ ਦਾ ਨਾਂ 'ਰੋਡਾ ਸਾਧ' ਪਿਆ ਹੋਇਆ ਸੀ।
ਦੋਹਾਂ ਨੇ ਬਾਬੇ ਦੇ ਚਰਨੀਂ ਹੱਥ ਲਾਏ। ਬਾਬੇ ਨੇ ਆਸ਼ੀਰਵਾਦ ਦਿੱਤਾ। ਜੰਗੀਰੋ ਭੁੱਬੀਂ ਰੋ ਪਈ।
-"ਸਭ ਮਾਲੁਮ ਹੈ ਹਮੇਂ-ਸਭ ਮਾਲੁਮ ਹੈ! ਰੋਨਾ ਬੰਦ ਕਰੀਏ-ਰੋਨਾ ਪਸੰਦ ਨਹੀਂ ਹੈ ਹਮੇਂ--!" ਸਾਧ ਨੇ ਚਿਲਮ 'ਚੋਂ ਸੂਟਾ ਮਾਰਿਆ।
ਜੰਗੀਰੋ ਹੈਰਾਨ ਹੋਈ ਕਿ ਬਾਬੇ ਤਾਂ ਜਾਣੀਜਾਣ, ਪਹੁੰਚੇ ਹੋਏ ਹਨ। ਪਰ ਫਿਰ ਵੀ ਉਸ ਨੇ ਸੰਖੇਪ ਦੁੱਖ ਸੁਣਾਇਆ।
-"ਹੂੰ---!" ਕਹਿ ਕੇ ਉਸ ਨੇ ਜੰਗੀਰੋ ਦੇ ਚਿਹਰੇ 'ਤੇ ਫ਼ੂਕ ਮਾਰੀ। ਹੱਥ ਹਵਾ ਵਿਚ ਲਹਿਰਾਇਆ, ਅੱਖਾਂ ਬੰਦ ਕਰ ਲਈਆਂ। ਸਾਧ ਕਿੱਲੇ ਵਾਂਗ ਆਕੜ ਗਿਆ ਸੀ!
-"ਰਵੀਵਾਰ ਕੋ ਤੁਮਹਾਰੀ ਬਹੂ ਨੇ ਤੁਮਹੇਂ ਦੂਧ ਮੇਂ ਤਬੀਤ ਘੋਲ ਕਰ ਪਿਲਾਏ ਹੈਂ-ਤਬੀਤ ਬਹੁਤ ਖ਼ਤਰਨਾਕ ਥੇ-ਯੇਹ ਏਕ ਮੁਸਲਮਾਨ ਕਾ ਪ੍ਰੇਤ ਥਾ-ਲੇਕਿਨ ਤੁਮ ਹਮਾਰੀ ਜੂਹ ਮੇਂ ਵਸਤੀ ਹੈਂ-ਇਸ ਲੀਏ ਤੁਮ ਬਚ ਗਈ-ਤੁਮ ਹਮਾਰੇ ਭਗਤ ਹੈਂ-ਆਜ ਸੇ ਕੋਈ ਭੀ ਐਸੀ ਵੈਸੀ ਵਸਤੂ ਤੁਮਹੇਂ ਪ੍ਰੇਸ਼ਾਨ ਨਹੀਂ ਕਰੇਗੀ-ਕੁਸ਼ਲ ਵਸੀਏ-ਪ੍ਰੀਵਾਰ ਮੇਂ ਖੁਸ਼ਹਾਲੀ ਆ ਜਾਏਗੀ-ਬਹੂ ਸੇ ਸਾਵਧਾਨ ਰਹਿਨਾ ਔਰ ਸੰਗਰਾਂਦ ਕੋ ਏਕ ਸੌ ਏਕ ਰੁਪਏ ਔਰ ਸਾਮੱਗਰੀ ਲੇਕਰ ਆ ਜਾਨਾ-ਹਵਨ ਕਰੇਂਗੇ।" ਸਾਧ ਥਾਪੀਆਂ ਮਾਰ ਰਿਹਾ ਸੀ। ਸੂਟੇ ਮਾਰ ਮਾਰ ਉਸ ਨੇ ਚਿਲਮ ਦਾ ਧੂੰਆਂ ਰੋਲ ਕਰ ਦਿੱਤਾ ਅਤੇ ਫਿਰ ਉਸ ਨੂੰ ਹੱਥੂ ਆ ਗਿਆ।
ਦੋਨਾਂ ਨੇ ਮੱਥਾ ਟੇਕਿਆ ਅਤੇ ਵਾਪਿਸ ਪਰਤ ਆਈਆਂ।
-"ਕਿਉਂ? ਮੈਂ ਕੀ ਕਿਹਾ ਸੀ ਜੰਗੀਰੋ?" ਸੰਤੀ ਨੇ ਆਪਣੀ ਜਿੱਤ ਦੀ ਵਡਿਆਈ ਜਿਹੀ ਕੀਤੀ।
ਜੰਗੀਰੋ ਗੁੱਸੇ ਵਿਚ ਜਲੀ ਪਈ ਸੀ।
-"ਅੱਜ ਕੱਲ੍ਹ ਦੀਆਂ ਨ੍ਹੀ ਕਰਦੀਆਂ ਸੇਵਾ! ਉਹ ਤਾਂ ਆਪਾਂ ਈ ਸੀ ਜਿਹੜੀਆਂ ਅੜਬ ਸੱਸਾਂ ਨਾਲ ਵੀ ਕੱਟ ਗਈਆਂ-ਕੀ ਕਲਯੁੱਗ ਆ ਗਿਆ ਭੈਣੇਂ-ਲੋਹੜਾ!" ਸਾਰੇ ਰਾਹ ਹੀ ਸੰਤੀ ਉਸ ਨੂੰ ਫ਼ੂਕ ਭਰਦੀ ਆਈ।
----
ਬਹੂ ਨੂੰ ਫਿਰ ਬਾਲ-ਬੱਚਾ ਹੋਣ ਵਾਲਾ ਸੀ। ਤੀਜਾ ਮਹੀਨਾ ਸੀ। ਉਹ ਰਸੋਈ ਵਿਚ ਕੋਈ ਚੱਕਣ-ਧਰਨ ਕਰ ਰਹੀ ਸੀ। ਗੁੱਸੇ ਨਾਲ ਦਧਨ, ਭੂਤਰੀ ਜੰਗੀਰੋ ਅੰਦਰ ਆਈ। ਪੂਰੇ ਕਰੋਧ ਅਤੇ ਜੋਰ ਨਾਲ ਉਸ ਨੇ ਘੋਟਣਾ ਚੁੱਕ ਕੇ ਬਹੂ ਦੇ ਸਿਰ ਵਿਚ ਮਾਰਿਆ। ਬਹੂ ਦੇ ਹੋਸ਼ ਪਹਿਲੀ ਸੱਟ ਨਾਲ ਹੀ ਉੱਡ ਗਏ। ਉਹ ਕਿਸੇ ਪੱਥਰ ਵਾਂਗ ਧਰਤੀ 'ਤੇ ਵਿਛ ਗਈ ਸੀ। ਪਈ ਬਹੂ ਦੇ ਕਈ ਵਾਰ ਜੰਗੀਰੋ ਨੇ ਹੋਰ ਕੀਤੇ। ਪਰ ਉਸ ਦੇ ਮੂੰਹੋਂ 'ਹਾਏ' ਵੀ ਨਾ ਨਿਕਲੀ। ਸ਼ਾਇਦ ਮਰ ਗਈ ਸੀ। ਸਿਰ 'ਚੋਂ ਲਹੂ ਦਾ ਖਾਲ ਤੁਰ ਪਿਆ ਸੀ।
ਸੰਤੀ ਨੇ ਦੁਹਾਈ ਦਿੱਤੀ।
ਪਿੰਡ ਇਕੱਠਾ ਹੋ ਗਿਆ।
ਬਹੂ ਸੱਚ ਹੀ ਮਰ ਚੁੱਕੀ ਸੀ। ਕਿਸੇ ਦੀ ਖਬਰ 'ਤੇ ਪੁਲੀਸ ਪੁੱਜ ਗਈ। ਲਾਸ਼ ਕਬਜ਼ੇ ਵਿਚ ਕਰ ਲਈ ਗਈ। ਮੁੰਡੇ ਅਤੇ ਜੰਗੀਰੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁੱਛ-ਦੱਸ ਤੋਂ ਬਾਅਦ ਮੁੰਡੇ ਦਾ ਤਾਂ ਰੱਸਾ ਲਾਹ ਦਿੱਤਾ। ਪਰ ਜੰਗੀਰੋ ਨੂੰ ਹੱਥਕੜੀ ਲਾ ਕੇ ਧਰਮਸਾਲਾ ਵਿਚ ਬਿਠਾ ਲਿਆ।
-"ਨੂੰਹਾਂ ਸੱਸਾਂ ਲੜਦੀਆਂ ਤਾਂ ਸੁਣੀਆਂ ਸੀ-ਪਰ ਆਹ ਅਨਰਥ ਨ੍ਹੀ ਸੁਣਿਆਂ-ਹਾਏ ਹਾਏ ਨੀ ਕਲਜੋਗਣੇਂ! ਤੈਨੂੰ ਸੋਨੇ ਅਰਗੀ ਸਾਊ ਨੂੰਹ ਮਾਰਦੀ ਨੂੰ ਤਰਸ ਨਾ ਆਇਆ? ਪਰ ਕਾਹਨੂੰ ਭਾਈ-ਕਲਯੁਗ ਐ ਕਲਯੁਗ!" ਸੰਤੀ ਜੰਗੀਰੋ ਦੇ ਮੂੰਹ 'ਚ ਹੱਥ ਦੇਣ ਤੱਕ ਜਾਂਦੀ ਸੀ।
-"ਠਾਣੇਦਾਰਾ-ਜੇ ਤੂੰ ਮੇਰਾ ਧਰਮ ਦਾ ਪੁੱਤ ਐਂ ਤਾਂ ਏਸ ਕਲਜੋਗਣ ਨੂੰ ਫਾਹਾ ਲੁਆ ਦੇਹ!" ਸੰਤੀ ਨੇ ਕਿਹਾ।
----
ਜੰਗੀਰੋ ਮੁਤਰ-ਮੁਤਰ, ਮਜੌਰਾਂ ਦੀ ਮਾਂ ਵਾਂਗ ਸੰਤੀ ਵੱਲ ਘੋਰ ਹੈਰਾਨ ਤੱਕ ਰਹੀ ਸੀ। ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਹਮੇਸ਼ਾ ਉਸ ਦੀ ਮੱਦਦਗਾਰ ਰਹੀ ਸੰਤੀ ਅੱਜ ਕੀ ਬੱਕੜਵਾਹ ਕਰ ਰਹੀ ਸੀ?
-"ਰਿਸ਼ਤਿਆਂ 'ਚ ਭਾਨੀ ਮਾਰਨ ਵਾਲਿਆਂ ਤੇ ਲਾਈਲੱਗਾਂ ਨਾਲ ਇਉਂ ਈ ਹੁੰਦੀ ਐ!" ਸੰਤੀ ਨੇ ਜੰਗੀਰੋ ਦੇ ਕਾਫ਼ੀ ਨਜ਼ਦੀਕ ਹੋ ਕੇ ਕੰਨ 'ਚ ਕਿਹਾ ਤਾਂ ਜੰਗੀਰੋ ਦੇ ਕੰਨ 'ਪਟੱਕ' ਦੇਣੇ ਖੁੱਲ੍ਹ ਗਏ। ਅਸਲ ਵਿਚ ਜੰਗੀਰੋ ਨੇ ਸੰਤੀ ਦੇ ਭਤੀਜੇ ਦੇ ਸਾਕ 'ਚ ਭਾਨੀ ਮਾਰੀ ਸੀ। ਰਿਸ਼ਤਾ ਨਹੀਂ ਹੋਣ ਦਿੱਤਾ ਸੀ। ਪਰ ਸੰਤੀ ਚੁੱਪ ਕਰ ਗਈ ਸੀ। ਉਸ ਨੇ ਜ਼ਾਹਿਰ ਨਾ ਹੋਣ ਦਿੱਤਾ, ਪਰ ਬਦਲਾ ਲੈਣ ਦੀ ਠਾਣ ਲਈ ਸੀ।
ਸੰਤੀ 'ਬਾਖਰੂ-ਬਾਖਰੂ' ਕਰਦੀ ਘਰ ਨੂੰ ਜਾ ਰਹੀ ਸੀ। ਜੰਗੀਰੋ ਅੱਡੀਆਂ ਅੱਖਾਂ ਨਾਲ ਜਾਂਦੀ ਸੰਤੀ ਨੂੰ ਤੱਕ ਰਹੀ ਸੀ!