Thursday, April 17, 2008

ਕਹਾਣੀ: ਅਮਲੀਆਂ ਦੀ ਦੁਨੀਆਂ

ਅਮਲੀਆਂ ਦੀ ਵੀ ਕੀ ਦੁਨੀਆਂ ਹੁੰਦੀ ਹੈ! ਅਮਲੀਆਂ ਦੀਆਂ ਗੱਲਾਂ ਨਿਰਪੱਖ ਅਤੇ ਦਿਲਚਸਪ ਹੁੰਦੀਆਂ ਹਨ। ਨਸ਼ੇ ਦੀ ਲੋਰ ਇਹਨਾਂ ਨੂੰ ਸਵਰਗ ਦੀ ਸੈਰ ਕਰਵਾ ਦਿੰਦੀ ਹੈ। ਪਰ ਕਦੇ-ਕਦੇ ਇਹਨਾਂ ਦਰਵੇਸ਼ਾਂ ਉੱਪਰ ਵੀ ਮੁਸੀਬਤ ਆ ਜਾਂਦੀ ਹੈ।
ਇੱਕ ਵਾਰੀ ਦੀ ਗੱਲ ਹੈ ਕਿ ਅਮਲੀਆਂ 'ਤੇ ਪੁਲਸ ਦਾ ਛਾਪਾ ਪੈ ਗਿਆ। ਅਸਲ ਵਿਚ ਗੱਲ ਕੁਛ ਵੀ ਨਹੀਂ ਸੀ। ਨਾ ਕੋਈ ਮੁਖ਼ਬਰੀ। ਨਾ ਕੋਈ ਡੈਰੀ! ਨਾ ਹੀ ਕਿਸੇ ਦੀ ਸ਼ਕਾਇਤ ਹੀ ਠਾਣੇ ਤੱਕ ਪਹੁੰਚੀ ਸੀ।
ਸਾਰੇ ਹਫ਼ਤੇ ਦਾ ਵਿਹਲਾ ਬੈਠਾ ਠਾਣੇਦਾਰ ਅਤੇ ਸਿਪਾਹੀ ਅੱਕ ਗਏ ਸਨ। ਕੋਈ 'ਸ਼ਿਕਾਰ' ਨਹੀਂ ਫ਼ਸਿਆ ਸੀ। ਮੁਣਸ਼ੀ ਦਾ ਤਾਂ ਬਹੁਤਾ ਹੀ ਬੁਰਾ ਹਾਲ ਸੀ। ਉਸ ਨੇ ਤਾਂ ਤੰਦੂਰ ਦੀ ਰੋਟੀ ਨਾਲ ਗੰਢੇ ਦੀਆਂ 'ਪੂਤਨੀਆਂ' ਖਾ-ਖਾ ਕੇ ਮੂੰਹ ਹੀ ਪਕਾ ਲਿਆ ਸੀ। ਉਹਨਾਂ ਨੇ ਜੁਗਤ ਲੜਾਈ ਅਤੇ ਸਾਡੇ ਪਿੰਡ ਅਮਲੀਆਂ 'ਤੇ ਛਾਪਾ ਆ ਮਾਰਿਆ।
ਸਾਰੇ ਮਜ੍ਹਬੀ ਸਿੱਖਾਂ ਅਤੇ ਰਵਿਦਾਸੀਆਂ ਦੇ ਖੂੰਜੇ ਫਰੋਲ ਮਾਰੇ। ਪਰ ਨਾ ਨਜਾਇਜ਼ ਸ਼ਰਾਬ ਮਿਲੀ ਅਤੇ ਨਾ ਹੀ ਕੋਈ ਹੋਰ ਨਜਾਇਜ਼ ਚੀਜ਼! ਮਾਯੂਸ ਹੋਏ ਠਾਣੇਦਾਰ ਨੇ ਪਿੰਡ ਦੇ ਪੰਜ-ਸੱਤ ਅਮਲੀ ਫੜ ਕੇ ਧਰਮਸਾਲਾ ਵਿਚ ਬਿਠਾ ਲਏ। ਡਰ ਨਾਲ ਕੂੰਗੜੇ ਅਮਲੀ ਕੰਬ ਰਹੇ ਸਨ।
-''ਥੋਡੇ 'ਚੋਂ ਦਸ ਨੰਬਰੀਏ ਕਿਹੜੇ ਕਿਹੜੇ ਐ ਉਏ?'' ਮੁੰਨਿਆਂ ਮੂੰਹ ਬੋਕ ਵਾਂਗ ਖੋਲ੍ਹ ਕੇ ਇੱਕ ਸਿਪਾਹੀ ਨੇ ਪੁੱਛਿਆ। ਉਸ ਦੀਆਂ ਚੌੜੀਆਂ ਨਾਸਾਂ 'ਚੋਂ ਹਵਾ 'ਫਕੜ-ਫਕੜ' ਆ-ਜਾ ਰਹੀ ਸੀ। ਘੁੱਟਿਆ ਮੂੰਹ ਲੋਟੇ ਵਰਗਾ ਸੀ।
-''ਅਸੀਂ ਦਸ ਲੰਬਰੀਏ ਕਿੱਥੇ ਮਾਈ ਬਾਪ-ਅਸੀਂ ਤਾਂ ਦਿਨ ਕਟੀ ਕਰਨ ਆਲੇ ਐਂ।'' ਸੱਘਾ ਅਮਲੀ ਬੋਲਿਆ। ਉਹ ਵਾਰ-ਵਾਰ ਉਬਾਸੀ ਲੈਂਦਾ ਸੀ। ਇੱਕ ਟੁੰਡਾ ਹੱਥ ਮੱਝ ਦੀ ਪੂਛ ਵਾਂਗ ਹਿੱਲ ਕੇ ਮੱਖੀਆਂ ਉਡਾ ਰਿਹਾ ਸੀ।
-''ਤੁਸੀਂ ਜਿੰਨੇਂ ਉੱਪਰ ਓਂ-ਉਨੇ ਈ ਧਰਤੀ 'ਚ!''
-''ਤੁਸੀਂ ਤਾਂ ਹੱਥ ਜੋੜੋਂਗੇ-ਜਦੋਂ ਵਾਰੀ ਵਾਰੀ ਮੂਧੇ ਪਾਏ!'' ਦੂਜੇ ਸਿਪਾਹੀ ਨੇ ਤੜ੍ਹ ਪਾਉਣ ਲਈ ਸੱਟ ਮਾਰੀ।
-''ਹੱਥ ਊਂ ਈਂ ਜੁੜਵਾ ਲੈ ਜੋਰਾਵਰਾ!''
-''ਭੌਂਕ ਨਾ ਉਏ ਕੁੱਤਿਆ!'' ਸਿਪਾਹੀ ਨੇ ਅਮਲੀ ਦੇ ਟੁੰਡ 'ਤੇ ਡੰਡਾ ਮਾਰਿਆ। ਟੁੰਡ ਦੋਨਾਲੀ ਰਫ਼ਲ ਵਰਗਾ ਬਣ ਗਿਆ।
-''ਸਰਦਾਰ ਰੋਟੀ ਛਕੋ!'' ਸਰਪੰਚ ਨੇ ਕਿਹਾ।
ਸਾਰੀ ਪੁਲਸ ਰੋਟੀ ਖਾਣ ਵਿਚ ਰੁੱਝ ਗਈ।
ਸਰਪੰਚ ਨੇ ਅੱਖ ਬਚਾ ਕੇ ਅਮਲੀਆਂ ਨੂੰ ਇੱਕ-ਇੱਕ 'ਕੰਡਾ' ਦੇ ਦਿੱਤਾ। ਸਰਪੰਚ ਅਮਲੀਆਂ ਦਾ ਖ਼ਾਸ ਖਿਆਲ ਰੱਖਦਾ ਸੀ। ਕਿਉਂਕਿ ਅਜਿਹੇ ਪੱਕੇ ਵੋਟਰ ਉਸ ਨੂੰ ਕਿੱਧਰੋਂ ਲੱਭਣੇ ਸਨ? ਬਾਕੀ ਅਗਲੀ ਇਲੈਕਸ਼ਨ ਵੀ ਸਿਰ 'ਤੇ ਆਉਣ ਵਾਲੀ ਸੀ। ਬੁੱਢੀਆਂ ਅਤੇ ਬਿਮਾਰੀ ਨਾਲ ਮੰਜੇ 'ਤੇ ਪਈਆਂ 'ਵੋਟਾਂ' ਅਮਲੀ ਹੀ ਮੋਢਿਆਂ 'ਤੇ ਢੋਂਦੇ ਸਨ। ਇੱਕ ਤਰ੍ਹਾਂ ਨਾਲ ਵੋਟਾਂ ਦਾ ਜਨਾਜਾ!
ਨਸ਼ਾ ਖਿੜਨ 'ਤੇ ਅਮਲੀਆਂ ਨੇ ਅੜਾਹਟ ਪਾਉਣਾ ਸ਼ੁਰੂ ਕਰ ਦਿੱਤਾ।
-''ਠਾਣੇਦਾਰ ਸਾਅਬ-ਮੈਨੂੰ ਛੱਡ ਦਿਓ-ਮੇਰੀ ਬੱਕਰੀ ਨੂੰ ਮੋਕ ਲੱਗੀ ਵੀ ਐ-ਜੇ ਨਾ ਗੌਰ ਕੀਤੀ, ਬਿਚਾਰੀ ਮਰਜੂਗੀ!'' ਸੱਘੇ ਅਮਲੀ ਨੇ ਟੁੰਡ ਨਾਲ ਦੂਜਾ ਹੱਥ ਜੋੜ ਕੇ ਕਿਹਾ। ਹੱਥ ਓਹਲੇ ਟੁੰਡ 'ਪਿਸਤੌਲ' ਲੱਗਦਾ ਸੀ।
ਪੁਲਸ ਚੁੱਪ ਸੀ। ਖਾ ਰਹੀ ਸੀ।
-''ਨਹੀਂ ਬੱਚਿਆਂ ਆਲਿਆ-ਮੈਨੂੰ ਛੱਡ-ਮੇਰਾ ਕੰਮ ਬਾਹਲਾ ਖਰਾਬ ਐ।'' ਸਰ੍ਹੋਂ-ਫੁੱਲਾ ਬੋਲਿਆ।
-''ਕਿਉਂ ਤੂੰ ਭੈਣ ਦਾ ਮੁਕਲਾਵਾ ਤੋਰਨੈਂ?'' ਠਾਣੇਦਾਰ ਨੇ ਸ਼ਬਦ ਪੜ੍ਹਿਆ। ਕੁੱਕੜ ਦੀ ਵੱਡੀ ਸਾਰੀ ਲੱਤ ਉਸ ਦੇ ਬੁੱਚੜ ਜਬਾੜ੍ਹੇ ਵਿਚ ਅੜ ਜਿਹੀ ਗਈ ਸੀ। ਸੁਆਦ ਖਰਾਬ ਹੋ ਗਿਆ ਸੀ।
-''ਭੈਣ ਮੋਤੀਆਂ ਆਲਿਆ ਜੀਹਦੇ ਹੋਊ-ਉਹੀ ਮੁਕਲਾਵਾ ਤੋਰੂ-ਮੈਨੂੰ ਤਾਂ ਥੋਡੀ ਗੱਲ ਦਾ ਭੋਰਾ ਗ਼ਿਲਾ ਨੀ-ਪਰ ਸਰਕਾਰ ਸਾਡੇ ਕੱਟੇ ਨੂੰ ਨਮੂੰਨੀਆਂ ਹੋਇਐ-ਸਲੋਤਰੀ ਨੂੰ ਦਿਖਾਉਣੈਂ ਜੀ!''
-''ਸਾਲੇ ਕਿੱਡੇ ਪਾਖੰਡੀ ਐ ਉਏ!'' ਇੱਕ ਹਰਖ਼ੇ ਸਿਪਾਹੀ ਨੇ ਹੱਡੀ ਚੂੰਡ ਕੇ ਅਮਲੀ ਦੇ ਮੂੰਹ 'ਤੇ ਮਾਰੀ।
-''ਸਰਕਾਰ-ਕਿਉਂ ਗਾਲ੍ਹਾਂ ਦਾ ਛਕਾਟ ਪਾਇਐ-ਗੱਲ ਸਿੱਧੀ ਕਰੋ!'' ਵਿਰਲੇ ਅਮਲੀ ਦਾ ਨਸ਼ਾ ਖ਼ਤਰੇ ਵਾਲੀ ਸੂਈ ਤੱਕ ਪਹੁੰਚ ਗਿਆ ਸੀ। ਗਿੱਲੇ ਝੰਡੇ ਵਾਂਗ ਲਮਕਦਾ ਮੂੰਹ ਨਸ਼ੇ ਕਾਰਨ ਰੌਣਕ ਫੜ ਗਿਆ ਸੀ।
-''ਕਜਾਤੋ-ਕਰਦੇ ਨਹੀਂ ਚੁੱਪ ਥੋਡੀ ਮਾਂ ਦੀ।।।!'' ਰੋਟੀਆਂ ਨਾਲ ਰੱਜੇ ਸਿਪਾਹੀ ਨੇ ਹੱਥ ਧੋ ਕੇ ਅਮਲੀਆਂ ਨੂੰ 'ਛਾਂਗਣਾ' ਸ਼ੁਰੂ ਕਰ ਦਿੱਤਾ।
-''ਮੈਖਿਆ, ਮਾਪਿਓ ਕੁੱਟ ਲਓ-ਪਰ ਜਲਦੀ ਛੱਡ ਦਿਓ-ਜੇ ਮੇਰੀ ਬੱਕਰੀ ਮਰ ਗਈ-ਪਾਪ ਥੋਨੂੰ ਲੱਗੂ।''
-''ਮੇਰਾ ਕੱਟਾ ਮਰ ਕੇ ਪ੍ਰੇਤ ਬਣੂੰ ਤੇ ਥੋਨੂੰ ਪਟਕਾ ਪਟਕਾ ਕੇ ਮਾਰੂ।'' ਕੁੱਟ ਖਾਂਦੇ ਅਮਲੀ ਕਹਿ ਰਹੇ ਸਨ।
-''ਸਰਪੈਂਚਾ! ਇਹਨਾਂ ਸੂਰਤਾਂ ਦਾ ਕੀ ਕਰੀਏ?'' ਠਾਣੇਦਾਰ ਅਮਲੀਆਂ ਤੋਂ ਤੰਗ ਆ ਗਿਆ ਸੀ। ਉਸ ਨੇ ਡਕਾਰ੍ਹ ਮਾਰ ਕੇ ਕੇ 'ਹਰੀ-ਓਮ' ਕਿਹਾ।
-''ਜੀ ਸਾਨੂੰ ਛੱਡੋ ਪਰ੍ਹਾਂ-!'' ਸੰਤੋਖ ਪਹਿਲਾਂ ਹੀ ਬੋਲ ਪਿਆ। ਉਹ ਓਕੜੂ ਜਿਹਾ ਹੋਇਆ, ਪੈਰਾਂ ਭਾਰ ਬੈਠਾ ਸੀ।
-''ਤੈਨੂੰ ਕਿਸੇ ਨੇ ਪੁੱਛਿਐ, ਹਰਾਮਦਿਆ! ਇਹ ਮਾਂ ਅੰਦਰ ਨੀ ਵੜਦੀ?'' ਠਾਣੇਦਾਰ ਨੇ ਦੰਦ ਕਿਰਚ ਕੇ ਉਸ ਦੀ ਧੌਣ 'ਚ ਮੁੱਕੀ ਮਾਰੀ। ਉਹ 'ਦਾਅੜ' ਕਰਦਾ ਧਰਤੀ 'ਤੇ ਜਾ ਡਿੱਗਿਆ।
-''ਹਾਏ ਸਰਕਾਰ! ਧੌਣ ਦੀ ਸੰਗਲੀ ਟੁੱਟ ਗਈ।।।!'' ਉਹ ਬਿਲਕਿਆ।
-''ਬੱਸ ਮੱਲਾ ਬੱਸ! ਤਿਲ੍ਹਕ ਕੇ ਡਿੱਗੇ ਦਾ ਤੇ ਗੌਰਮਿਲਟ ਦੇ ਘੂਰੇ ਦਾ ਕੀ ਗੁੱਸਾ ਹੁੰਦੈ? ਸੰਗਲੀ ਤਾਂ ਕੀ ਟੁੱਟਣੀ ਸੀ-ਕੋਈ ਨਾੜ ਨੂੜ ਚੜ੍ਹਗੀ ਹੋਣੀ ਐਂ।'' ਹਜ਼ਾਰੇ ਅਮਲੀ ਨੇ ਉਸ ਨੂੰ ਇੱਕ ਤਰ੍ਹਾਂ ਨਾਲ ਮੌਲੇ ਬਲਦ ਵਾਂਗ ਪੂਛੋਂ ਫੜ ਕੇ ਖੜ੍ਹਾ ਕੀਤਾ।
-''ਚੱਲ ਸਰਦਾਰ-ਥੁੱਕ ਗੁੱਸਾ!'' ਸਰਪੰਚ ਬੋਲਿਆ।
-''ਇਹਨਾਂ ਨੂੰ ਠਾਣੇ ਲੈ ਕੇ ਚੱਲੋ!'' ਠਾਣੇਦਾਰ ਨੇ ਹੁਕਮ ਕੀਤਾ।
-''ਸਰਦਾਰ ਜੀ! ਇਹਨਾਂ ਖਾਖੀ ਨੰਗਾਂ ਤੋਂ ਕੀ ਝਾਕ ਕਰਦੇ ਓਂ? ਹੈਨੀ ਤਿਲਾਂ 'ਚ ਤੇਲ! ਠਾਣੇ ਇਹਨਾਂ ਨੂੰ ਕਿਹੜਾ ਸਹੁਰਾ ਫ਼ੀਮ ਦੇਈ ਜਾਊ? ਇਹ ਤਾਂ ਜੁਆਈਆਂ ਮਾਂਗੂੰ ਸਾਂਭਣੇਂ ਪੈਣਗੇ-ਜੇ ਇਹਨਾਂ ਨੂੰ ਫ਼ੀਮ ਨਾ ਮਿਲੀ-ਤਾਂ ਇਹ ਊਂ ਮਰ ਜਾਣਗੇ-ਨਾ ਮਰਿਆ ਸੱਪ ਗਲ ਪਾਓ!'' ਇੱਕ ਬਜ਼ੁਰਗ ਸਿਪਾਹੀ ਨੇ ਠਾਣੇਦਾਰ ਨੂੰ ਕੰਨ ਵਿਚ ਸਮਝਾਇਆ। ਖ਼ਬਰਦਾਰ ਕੀਤਾ। ਠਾਣੇਦਾਰ ਨੂੰ ਸੱਚ ਹੀ ਤਾਂ ਆ ਗਿਆ ਸੀ।
-''ਪਰ ਸਰਦਾਰ ਜੀ! ਇਹਨਾਂ ਦੀ ਧੌੜੀ ਕਿਹੜੇ ਕਸੂਰ 'ਚ ਲਾਹੀ?'' ਸਰਪੰਚ ਨੇ ਠਾਣੇਦਾਰ ਨੂੰ ਪੁੱਛਿਆ।
-''ਸਬੂਤ ਮਿਲੇ ਤੋਂ ਦੱਸਾਂਗੇ।'' ਠਾਣੇਦਾਰ ਨੇ ਪੱਲਾ ਛੁਡਾਇਆ। ਉਸ ਨੂੰ ਤਾਂ ਖੁਦ ਨੂੰ ਨਹੀਂ ਪਤਾ ਸੀ!
ਪੁਲਸ ਤੁਰ ਗਈ।
-''ਇਹ ਪੁਲਸ ਆਲੇ ਸੀ ਕਿ ਭੂਤ?'' ਸੱਘਾ ਅਮਲੀ ਬੋਲਿਆ।
-''ਜਮਦੂਤ ਨੇ ਐਹੋ ਜੀ ਮੁੱਕੀ ਮਾਰੀ-ਤਣ ਪੱਤਣ ਈ ਹਿਲਾਤਾ-ਮੇਰੀਆਂ ਤਾਂ ਰਗਾਂ ਜੁੜੀਆਂ ਪਈਐਂ।'' ਸੰਤੋਖ ਧੋਣ ਪਲੋਸੀ ਜਾ ਰਿਹਾ ਸੀ।
-''ਉਏ ਮੇਰਾ ਸਾਅਫ਼ਾ।।।?'' ਇੱਕ ਅਮਲੀ ਤ੍ਰਭਕਿਆ।
-''ਉਹ ਤਾਂ ਚਪਾਹੀ ਕੋਲੇ ਸੀ।''
-''ਬੱਸ ਫੇਰ-ਲੈ ਗਿਆ ਨਾਲ ਈ।''
-''ਪੈ ਗਿਆ ਪੱਕੇ।।।।''
-''ਲੱਗ ਗਏ ਪੈਰ।।।!''
-''ਹਾਏ ਉਏ ਚਪਾਹੀਆ-ਤੇਰੀ ਨਿੱਕੀ ਉੱਧਲਜੇ।।।!'' ਅਮਲੀ ਨੇ ਸਾਫ਼ੇ ਦੇ ਵਿਯੋਗ ਵਿਚ ਵੈਣ ਪਾਉਣੇ ਸ਼ੁਰੂ ਕਰ ਦਿੱਤੇ।
-''ਸਾਲੇ ਜੱਭਲ ਨੂੰ ਗਾਲ੍ਹ ਵੀ ਨੀ ਕੱਢਣੀ ਆਉਂਦੀ! ਤੂੰ ਕਹਿ ਚਪਾਹੀਆ ਤੇਰੀ ਨਿੱਕੀ ਸਾਡੇ ਨਾਲ ਉੱਧਲਜੇ!'' ਇੱਕ ਨੇ ਗਲਤੀ ਕੱਢੀ। ਢੰਗ ਦੱਸਿਆ।
-''ਐਸ ਮੂੰਹ ਨੂੰ ਮਸਰਾਂ ਦੀ ਦਾਲ?''
-''ਤੂੰ ਗਿੱਡਲਾ ਮੇਰੇ ਮੂੰਹ ਨੂੰ ਸਾਕ ਕਰਨੈਂ?''
-''ਤੇ ਤੂੰ ਪਿਉ ਦੀਆਂ ਨਿਘੋਚਾਂ ਕੱਢਦੈਂ?''
-''ਜੇ ਕਾਵਾਂ ਦੇ ।।। ਹੋਣ ਉਹ ਬਨੇਰੇ ਨਾ ਢਾਹ ਦੇਣ?''
-''ਤੁਸੀਂ ਸਹੁਰਿਓ ਲੜਨ ਲੱਗ ਪਏ? ਕੋਈ ਕੰਮ ਦੀ ਗੱਲ ਕਰੋ!'' ਬਖਤੌਰ ਨੂੰ ਕੌਂਸਲ ਵਿਚ ਭੂਚਾਲ ਆਇਆ ਜਾਪਿਆ।
-''ਮਾਵਾ ਮੁਕਦਾ ਜਾਂਦੈ-ਪੈਸੇ ਧੇਲੇ ਦਾ ਪ੍ਰਬੰਧ ਕਰੋ!''
-''ਉਹ ਮੈਂ ਸੋਚ ਰੱਖਿਐ।'' ਅਮਲੀਆਂ ਦੀ ਪਾਰਟੀ ਵਿਚ ਸੱਘਾ ਬੜਾ ਦਿਮਾਗੀ ਸੀ।
-''ਕੀ।।।?'' ਸਾਰੇ ਕੋਚਰ ਵਾਂਗ ਇੱਧਰ ਨੂੰ ਝਾਕੇ।
-''ਲੈਕਸ਼ਨ ਆ ਰਹੀ ਐ-ਅੱਡੋ ਅੱਡੀ ਮੀਦਵਾਰਾਂ ਦੇ ਘਰੀਂ ਵੜ ਜਾਓ-ਬੋਟ ਦਾ ਮੁੱਲ ਤਾਂ ਲਓ!''
-''ਉਏ ਬੱਲੇ ਉਏ ਫੁੱਫੜਾ।।।!'' ਸੁੱਚੇ ਨੇ ਚਾਂਗਰ ਮਾਰੀ। ਸੱਘਾ ਸਹੁਰੀਂ ਰਹਿੰਦਾ ਕਰਕੇ ਸਾਰੇ ਉਸ ਨੂੰ 'ਫੁੱਫੜ' ਹੀ ਆਖਦੇ ਸਨ।
-''ਫੁੱਫੜ ਬੜਾ ਮਾਂਦਰੀ ਐ ਬਈ!''
-''ਹੋਵੇ ਨਾ? ਇੱਕ ਆਰੀ ਫੁੱਫੜ ਕਹੀਏ-ਦੀਵਾ ਬੁਝ ਜਾਂਦੈ।''
ਸਾਰੇ ਹੱਸ ਪਏ।
-''ਪਰ ਜਦੋਂ ਲੈਕਸ਼ਨ ਖਤਮ ਹੋਗੀ, ਫੇਰ।।।?'' ਹਜ਼ਾਰੇ ਨੂੰ ਭਵਿੱਖ ਧੁੰਦਲਾ ਜਾਪਿਆ।
-''ਫੇਰ ਹੀਲਾ ਬਣਾਊ ਰੱਬ-ਜਿਹੜਾ ਉੱਤੇ ਬੈਠੈ-ਲੀਲੀ ਛਤਰੀ ਆਲਾ।''
-''ਆਹ ਬਣਾਊ ਰੱਬ ਹੀਲਾ! ਰੱਬ ਤਾਂ ਬਦਲੇਖੋਰੈ।''
-''ਕਿਉਂ।।।? ਕਾਹਤੋਂ।।।?''
-''ਤੇ ਹੋਰ! ਹਰ ਰੋਜ ਬਦਲੇ ਲੈਂਦੈ-ਕਦੇ ਪੁਲਸ ਤੋਂ ਕੁਟਵਾ ਦਿੰਦੈ-ਕਦੇ ਕਿਸੇ ਮਜ੍ਹਬਣ ਤੋਂ ਛਿੱਤਰ ਪੁਆ ਦਿੰਦੈ-ਬਈ ਪਤੰਦਰਾ! ਜਿੱਥੇ ਤੂੰ ਲੋਕਾਂ ਵਾਸਤੇ ਤੀਮੀਆਂ ਬਣਾਉਨੈਂ-ਉਥੇ ਅਮਲੀਆਂ ਵਾਸਤੇ ਇੱਕ ਦੀ ਥਾਂ ਦੋ ਬਣਾ ਕੇ ਦੇਹ-ਸੌ ਨਾ ਜਾਣੀਏਂ ਇੱਕ ਅੱਧੀ ਬਿਮਾਰ ਠਮਾਰ ਹੋਜੇ।।।?'' ਸੁੱਚੇ ਦੀਆਂ ਅੱਖਾਂ ਅੱਗੇ ਹੁਸੀਨ ਨਜ਼ਾਰਾ ਟਿਮਕਣ ਲੱਗ ਪਿਆ। ਉਸ ਦੀਆਂ ਬੁਝੀਆਂ ਜਿਹੀਆਂ ਅੱਖਾਂ ਬੱਲਬ ਵਾਂਗ ਜਗਣ ਲੱਗ ਪਈਆਂ ਸਨ।
-''ਆਹਾ ਹਾਹਾ-ਖ਼ੁਸ਼ ਕੀਤਾ।।।!''
-''ਸੁੱਚਿਆ-ਰੱਬ ਤਰਸਖੋਰਾ ਐ।''
-''ਉਹ ਕਿਵੇਂ?''
-''ਉਹਨੇ ਤੀਮੀਆਂ ਅਮਲੀਆਂ ਕੋਲੇ ਛੱਡ ਕੇ ਮਰਵਾਉਣੀਐਂ?''
-''ਬਈ ਆਪਾਂ ਛੜੇ ਈ ਮਰਜਾਂਗੇ?'' ਸੁੱਚੇ ਨੂੰ ਸੱਚ ਹੀ ਨਹੀਂ ਆ ਰਿਹਾ ਸੀ।
-''।।।।।।।'' ਸਾਰੇ ਇੱਕ ਦੂਜੇ ਦੇ ਮੂੰਹ ਵੱਲ ਝਾਕਣ ਲੱਗ ਪਏ।
-''ਉਏ ਆਹ ਕਿਹੜੀ ਜਾਂਦੀ ਐ?'' ਬਖਤੌਰ ਨੇ ਰੱਸੀ ਵਾਲੀ ਗੋਲ ਐਨਕ ਵਿਚੋਂ ਸ਼ਿਸ਼ਤ ਬੰਨ੍ਹ ਕੇ ਦੇਖਿਆ।
-''ਕੜਬਚੱਬਾਂ ਦੀ ਮਾਛਟਰਾਣੀਂ ਐਂ!'' ਸਾਰਿਆਂ ਨੇ ਮੱਥਿਆਂ 'ਤੇ ਸੱਪ ਦੀ ਸਿਰੀ ਵਾਂਗ, ਹੱਥਾਂ ਦੀ ਛਾਂ ਕਰ ਲਈ।
-''ਤੁਰਦੀ ਦੇਖ ਕਿਮੇਂ ਸਿੰਧ ਦੀ ਘੋੜੀ ਮਾਂਗੂੰ ਐਂ-ਪੱਟ ਹੋਣੀਂ!''
-''ਇਹ ਬਿਜਲੀ ਆਲੀ 'ਟੂਪ' ਦੇ ਚਾਨਣ 'ਚ ਨੰਗੀ ਖੜ੍ਹੀ ਕਿਹੋ ਜੀ ਲੱਗਦੀ ਹੋਊ ਬਈ?'' ਫੁੱਫੜ 'ਖ਼ੀਂ-ਖ਼ੀਂ' ਕਰ ਕੇ ਹੱਸਿਆ।
ਸਾਰਿਆਂ ਦੇ ਸੀਨੇ ਆਰੀ ਫਿਰ ਗਈ। ਕਾਲਜੇ ਚੀਰੇ ਗਏ।
-''ਮੈਂ ਤਾਂ ਦੇਖ ਕੇ ਥਾਂ 'ਤੇ ਈ ਮਰਜਾਂ।''
-''ਕਹਿੰਦੇ ਐ-ਛੜਾ ਮਰ ਕੇ ਭੂਤ ਬਣਦੈ?''
-''ਨਜਾਰਾ ਤਾਂ ਫੇਰ ਈ ਆਊ।''
-''ਫੇਰ ਕਰਾਂਗੇ ਮਜ੍ਹਬਣਾਂ ਨੂੰ ਬੱਤ!''
-''ਮੈਂ ਤਾਂ ਜੰਗਲ ਪਾਣੀ ਬੈਠੀਆਂ ਨੂੰ ਡਰਾਇਆ ਕਰੂੰ।'' ਵਿਰਲੇ ਨੂੰ ਗੱਲ ਮੇਚ ਆ ਗਈ ਸੀ।
-''ਤੇ ਮੈਂ ਵਿਰਲਿਆ-ਨਹਾਉਂਦੀਆਂ ਦੇ ਕੁਤਕੁਤੀਆਂ ਕੱਢਿਆ ਕਰੂੰ।'' ਹਜ਼ਾਰੇ ਨੇ ਰੇਖ 'ਚ ਮੇਖ ਮਾਰੀ।
-''ਪਰ ਜੇ ਸਹੁਰੇ ਦੀਆਂ ਨੇ ਕੋਈ ਧਾਗਾ ਤਵੀਤ ਕਰਾ ਕੇ ਪਾ ਲਿਆ-ਫੇਰ?'' ਸੁੱਚਾ ਦਹਿਲ ਗਿਆ।
-''ਧਾਗਾ ਤਵੀਤ ਕਰਵਾਉਣ ਜਾਣ ਦਿਆਂਗੇ ਤਾਂ ਈ ਐ ਨਾ?''
-''ਜਦੋਂ ਧਾਗਾ ਤਵੀਤ ਕਰਵਾਉਣ ਤੁਰੇ-ਓਦੋਂ ਈ ਠਿੱਬੀ ਮਾਰ ਕੇ ਟਿੱਬੇ 'ਤੇ ਸਿੱਟ ਲਈ!''
-''ਤੇ ਜੇ ਕੋਈ ਸਾਧ ਪਿੰਡ ਆ ਗਿਆ-ਫੇਰ?''
-''ਮੁਰਦਾ ਬੋਲੂ ਖੱਫਣ ਪਾੜੂ-ਉਏ ਸਾਧ ਆਪਣੇ ਤੋਂ ਤਕੜਾ ਹੋਊ? ਫੜ ਕੇ ਉੱਡਣਕਟੋਲ੍ਹਾ ਨਾ ਬਣਾ ਦਿਆਂਗੇ? ਪਹਿਲਾਂ ਗਲੀਸ ਸਾਧ ਨੂੰ ਦਮਾਂਗੇ!''
-''ਸੱਚ ਸੱਘਿਆ! ਤੂੰ ਤਾਂ ਕਹਿੰਦਾ ਸੀ ਤੇਰੀ ਬੱਕਰੀ ਨੂੰ ਮੋਕ ਲੱਗੀ ਐ?'' ਹਜ਼ਾਰੇ ਨੂੰ ਅਚਾਨਕ ਗੱਲ ਯਾਦ ਆ ਗਈ।
-''ਕਿੱਥੇ ਭਰਾਵਾ! ਉਹ ਤਾਂ ਛੁੱਟਣ ਲਈ ਫੈਂਟਰ ਸਿੱਟਿਆ ਸੀ-ਪਰ ਸੁਣਨੀ ਕਿਹੜੇ ਕੰਜਰ ਨੇ ਸੀ? ਧੂੜ੍ਹ 'ਚ ਟੱਟੂ ਰਲਾਤਾ!''
-''ਨਾਲੇ ਸੱਘਾ ਕਿਤੇ ਬੱਕਰੀ ਨੂੰ ਮੋਕ ਲੱਗਣ ਦਿੰਦੈ?''
-''ਫੀਮ ਖੁਆਉਂਦੈ ਨਿੱਤ, ਫੀਮ।।।!''
-''ਬੁੜ੍ਹੀਆਂ ਆਲਾ ਕੰਮ ਵੀ ਲਈਦੈ, ਬਾਈ ਸਿਆਂ!'' ਸੱਘਾ 'ਫ਼ੀਂ-ਫ਼ੀਂ' ਕਰਕੇ ਹੱਸਿਆ।
-''ਉਏ ਕਰਦੇ ਨੀਂ ਚੁੱਪ, ਕਨਸਲੋ!'' ਦੂਰ ਕੌਲੇ ਨਾਲ ਬੈਠਾ, ਧੁੱਪ ਸੇਕ ਰਿਹਾ ਇੱਕ ਬਾਬਾ ਚੀਕਿਆ।
-''ਕੋਈ ਨਾ ਬਾਬਾ! ਟੈਮ ਟੈਮ ਦੀਆਂ ਗੱਲੈਂ-ਜੁਆਨੀ 'ਚ ਤੂੰ ਵੀ ਬੜੇ ਤੋਤੇ ਉੜਾਏ ਐ।''
-''ਪਾਲੋ ਫੌਜਣ ਨਾਲ ਤੂੰ ਵੀ ਬਥੇਰੇ ਚੋਹਲ ਮੋਹਲ ਕਰਦਾ ਹੁੰਦਾ ਸੀ।''
-''ਚਿੜੇ ਤੇ ਘੁੱਗੇ ਮਾਰ ਮਾਰ ਵੀ ਖਾਂਦਾ ਰਿਹੈ, ਬਾਈ!''
-''ਬਾਬਾ ਛਿੱਤਰ ਨਾਲ ਘੁੱਗੀ ਕੁੱਟਣ ਦਾ ਆਦੀ ਸੀ।''
-''ਤੇ ਕਿੱਕਰ ਤੋਂ ਕਾਟੋ ਲਾਹੁੰਣ ਦਾ ਸ਼ੌਕੀਨ ਸੀ ਪੂਰਾ!''
-''ਤਾਂਹੀਂ ਤਾਂ ਫ਼ੌਜਣ ਅੜਿੱਕੇ ਆਈ-ਨਹੀਂ ਇਹ ਕਾਹਨੂੰ ਛੇਤੀ ਕੀਤੇ ਨੇੜੇ ਲੱਗਣ ਦਿੰਦੀਐਂ!''
-''।।।।।।।'' ਬਾਬਾ ਚੁੱਪ ਕਰ ਗਿਆ। ਸੱਚੀ ਗੱਲ ਡਾਂਗ ਵਾਂਗ ਸਿਰ 'ਚ ਵੱਜੀ ਸੀ।
-''ਕਹਿੰਦੇ ਐ-ਬਾਬਾ ਫੌਜਣ ਨੂੰ ਹਰ ਸਾਲ ਮੇਲੇ ਤੋਂ ਨਵਾਂ ਰੁਮਾਲ ਲਿਆ ਕੇ ਦਿੰਦਾ ਸੀ।''
-''ਇੱਕ ਆਰੀ ਕਹਿੰਦੇ ਯਾਂਘੀਆ ਵੀ ਸਮਾ ਕੇ ਦਿੱਤਾ ਸੀ-ਰੇਸ਼ਮੀ ਨਾਲਿਆਂ ਆਲਾ।''
-''ਯਾਂਘੀਆ ਪਾ ਕੇ ਕੁਸ਼ਤੀ ਲੜਨੀ ਸੀ?''
-''ਕੀ ਪਤੈ? ਬਾਬਾ ਪੂਰਾ ਘਤਿੱਤੀ ਸੀ-ਕੀ ਪਤੈ ਫੌਜਣ ਨਾਲ ਕਿਹੜੀ ਕਿਹੜੀ ਖੇਡ ਕਰਦਾ ਹੋਊ?''
-''ਫ਼ੋਜਣ ਵੀ ਭਾਈ ਆਖਦੇ ਐ ਸੱਬਲ ਅਰਗੀ ਨਿੱਗਰ ਸੀ-ਜਿੱਥੇ ਵੱਜਦੀ ਸੀ-ਕਹਿੰਦੇ ਟੋਆ ਪੱਟ ਦਿੰਦੀ ਸੀ।''
-''ਬੱਲੇ! ਐਹੋ ਜੀ ਤੀਮੀ ਸਾਂਭਣੀ ਕਿਤੇ ਜਣੇ ਖਣੇ ਦਾ ਕੰਮ ਐਂ?''
-''ਸਾਡਾ ਬਾਬਾ ਕਿਹੜਾ ਘੱਟ ਸੀ? ਧੌਣੋਂ ਫੜ ਕੇ ਬੋਤੇ ਨੂੰ ਸਿੱਟ ਲੈਂਦਾ ਸੀ-ਤੀਮੀ ਇਹਦੇ ਕੀ ਯਾਦ ਐ ਐਹੋ ਜੀ।''
-''ਦੇਹ ਥਰਮਲ ਪਲਾਂਟ ਅਰਗੀ ਸੀ।''
-''ਤੁਰਦਾ ਸੀ ਤਾਂ ਪੈਰ ਦੁਰਮਟ ਮਾਂਗੂੰ ਧਰਤੀ 'ਤੇ ਮਾਰਦਾ ਸੀ।''
-''ਹੁਣ ਤਾਂ ਭਾਈ ਮੇਰੀ ਪਤੀਲੀ ਮਾਂਗੂੰ ਚਿੱਬ ਪਏ-ਪਏ ਐ ਬਿਚਾਰੇ 'ਚ!''
-''ਸੋਟੇ ਬਿਨਾ ਤੁਰਿਆ ਨ੍ਹੀ ਜਾਂਦਾ।''
-''ਮੂੰਹ ਧੁਆਂਖੀ ਠੂਠੀ ਵਰਗਾ ਹੋਇਆ ਪਿਐ!''
-''ਹੋਣਾ ਈ ਸੀ-ਲਟੈਣ ਅਰਗੀ ਤੀਮੀਂ ਸਾਂਭਣੀਂ ਕਿਤੇ ਖੇਡ ਐ-ਧਰਨ ਡਿੱਗ ਪੈਂਦੀ ਐ!''
-''।।।।।।!'' ਬਾਬਾ ਉਠ ਕੇ ਤੁਰ ਚੱਲਿਆ। ਉਹ ਬਦ-ਲਾਣੇਂ ਵਿਚ ਫ਼ਸ ਗਿਆ ਸੀ।
-''ਬਾਬਾ! ਉਦੋਂ ਬੋਚ ਬੋਚ ਕੇ ਪੈਰ ਧਰਦਾ।''
-''ਹੁਣ ਪੁਰਾਣੇ ਗੱਡੇ ਮਾਂਗੂੰ ਚੂਕ ਚੂਕ ਤੁਰਦੈਂ!''
-''ਨਹੀਂ ਬਾਈ! ਬਾਬੇ ਦੀ ਤੋਰ 'ਚ ਅਜੇ ਵੀ ਫੌਜਣ ਤੁਰਦੀ ਐ।''
-''ਲੈ, ਬੱਦਲ ਗੱਜੇ ਤੇ ਮੋਰ ਨਾ ਨੱਚੇ?''
-''ਕੀ ਹੋ ਗਿਆ ਬਾਬਾ ਬੁੱਢਾ ਹੋ ਗਿਆ-ਚਾਲ ਅਜੇ ਵੀ ਬਾਬੇ ਦੀ ਟੈਂਕ ਅਰਗੀ ਐ।''
-''ਫ਼ੌਜਣ ਵੀ ਭਾਈ ਕਹਿੰਦੇ ਰਾਗਟ ਮਾਂਗੂੰ ਚਲਦੀ ਸੀ-ਨਾਗਵਲ ਪਾਉਂਦੀ ਸੀ ਨਾਗਵਲ!''
-''ਕਰਦਾ ਨ੍ਹੀ ਚੁੱਪ ਦਗੜੋ ਦਿਆ।।।?'' ਬਾਬੇ ਨੇ ਖੂੰਡਾ ਚਲਾਵਾਂ ਮਾਰਿਆ।
ਪਰ ਖੂੰਡਾ ਪਹੁੰਚਣ ਤੋਂ ਪਹਿਲਾਂ ਹੀ ਅਮਲੀ ਖਿੰਡ ਗਏ।

Monday, April 14, 2008

Mill Jeya Karin Dheeye...

Posted by Picasa

ਕਹਾਣੀ: "ਮਿਲ਼ ਜਿਆ ਕਰੀਂ ਧੀਏ!"

"ਮਿਲ ਜਿਆ ਕਰੀਂ ਧੀਏ!"
ਕਹਾਣੀ
ਗੁਰਮੀਤ ਜਦੋਂ ਮੰਗੀ ਗਈ ਤਾਂ ਉਸ ਦੇ ਕੰਨੀ ਭਿਣਕ ਪਈ ਕਿ ਉਸ ਦੀ ਸੱਸ ਹਰਬੰਸ ਕੌਰ ਬੜੀ ਹੀ ‘ਕੱਬੀ’ ਸੀ। ਸੁਣ ਕੇ ਉਸ ਨੂੰ ਸੀਤ ਚੜ੍ਹ ਜਾਂਦਾ। ਭਵਿੱਖ ਵਿਚ ਹੋਣ ਵਾਲੇ ਸਲੂਕ ਲਈ ਉਹ ਆਪਣੇ ਆਪ ਨੂੰ ਕਰੜਾ ਕਰਦੀ। ਪਰ ਉਸ ਦਾ ਮਨ ਥਾਲੀ ਦੇ ਪਾਣੀ ਵਾਂਗ ਡੋਲਦਾ ਰਹਿੰਦਾ। ਉਹ ਉਸ ਪ੍ਰਮ-ਸ਼ਕਤੀ, ਪ੍ਰਮਾਤਮਾ ਅੱਗੇ ਬੇਨਤੀਆਂ ਕਰਦੀ ਰਹਿੰਦੀ।
- “ ਹੇ ਅਕਾਲ ਪੁਰਖ ! ਮੇਰੀ ਸੱਸ ਨੂੰ ਸਮੱਤ ਬਖਸ਼।" ਆਪਣੇ ਵਿਆਹਤਾ ਜੀਵਨ ਲਈ ਸੁਖ ਪ੍ਰਦਾਨ ਕਰਨ ਲਈ ਉਹ ਰੱਬ ਅੱਗੇ ਅਰਦਾਸਾਂ ਕਰਦੀ। ਗੁਰਮੀਤ ਦਾ ਸਹੁਰਾ ਚੰਨਣ ਸਿੰਘ ਮਿਲਟਰੀ ਵਿਚ ਡਾਕਟਰ ਸੀ ਅਤੇ ਹੁਣ ਰਟਾਇਰ ਹੋ ਚੁੱਕਾ ਸੀ। ਹੁਣ ਉਸ ਨੇ ਆਪਣੇ ਪਿੰਡ ਹੀ ਪ੍ਰਾਈਵੇਟ ਡਿਸਪੈਂਸਰੀ ਖੋਲ੍ਹ ਲਈ ਸੀ ਅਤੇ ਕੰਮ ਕਾਫੀ ਰਿੜ੍ਹ ਪਿਆ ਸੀ। ਗੁਰਮੀਤ ਦੀ ਸੱਸ ਹਰਬੰਸ ਕੌਰ ਮਾਪਿਆਂ ਦੀ ਇਕੱਲੀ-ਇਕੱਲੀ ਧੀ ਸੀ। ਜਿਸ ਨੇ ਪੇਕੀਂ ਅਤੇ ਸਹੁਰੀਂ ਚੰਮ ਦੀਆਂ ਚਲਾਈਆਂ ਸਨ। ਹਰਬੰਸ ਕੌਰ ਦਾ ਪੁੱਤ ਰੂਪਇੰਦਰ ਮਿਲਟਰੀ ਸਕੂਲ ਵਿਚ ਹੀ ਪੜ੍ਹਿਆ ਸੀ, ਸਕੂਲ ਤੋਂ ਬਾਅਦ ਕਾਲਿਜ। ਰੂਪਇੰਦਰ ਇਕ ਲੰਡਰ ਮੁੰਡਾ ਸੀ। ਕਾਲਿਜ ਵਿਚ ਉਹ ਪੜ੍ਹਾਈ ਘੱਟ ਅਤੇ ਲਫੈਂਡਪੁਣਾਂ ਜਿਆਦਾ ਕਰਦਾ ਸੀ। ਗਸ਼ਤ ਜਿ਼ਆਦਾ ਅਤੇ ਪੜ੍ਹਾਈ ਘੱਟ ਕਰਨ ਦਾ ਉਹ ਆਦੀ ਬਣ ਚੁੱਕਾ ਸੀ।
ਰਟਾਇਰਮੈਂਟ ਲੈਣ ਤੋਂ ਬਾਅਦ ਚੰਨਣ ਸਿੰਘ ਨੂੰ ਜਦੋਂ ਅਹਿਸਾਸ ਹੋਇਆ ਕਿ ਰੂਪਇੰਦਰ ਪੜ੍ਹਾਈ ਵਿਚ ਉੱਕਾ ਹੀ ਰੁਚੀ ਨਹੀਂ ਰੱਖਦਾ ਤਾਂ ਉਸ ਨੇ ਉਸ ਨੂੰ ਡਾਕਟਰੀ ਕਿੱਤੇ ਵਿਚ ਹੀ ਲਾ ਲਿਆ। ਪਰ ਰੂਪਇੰਦਰ ਦੀ ਆਦਤ ਨਾ ਬਦਲੀ। ਉਹ ਕੁੜੀਆਂ ਦੀ ਚੱੈਕ ਅੱਪ ਘੱਟ ਅਤੇ ਛਾਤੀਆਂ ਜਿ਼ਆਦਾ ਨਾਪਦਾ ਤੋਲਦਾ ਸੀ। ਪਰ ਦਿਨ ਤਾਂ ਚੰਨਣ ਸਿੰਘ ਦੇ ਸਿਰ ਉਪਰੋਂ ਪਾਣੀ ਹੀ ਵਗ ਗਿਆ, ਜਦ ਉਸ ਦੀ ਗੈਰਹਾਜ਼ਰੀ ਵਿਚ ਰੂਪਇੰਦਰ ਨੇ ਦੁਆਈ ਲੈਣ ਆਈ ਕੁੜੀ ਹੀ ਫੜ ਲਈ। ਕਾਫੀ ਲਾਅਲਾ-ਲਾਅਲਾ ਹੋਈ। ਪਰ ਚੰਨਣ ਸਿੰਘ ਬਾਰਸੂਖ਼ ਬੰਦਾ ਸੀ। ਜਿਸ ਕਰਕੇ ਪੰਚਾਇਤ ਨੇ ਗੱਲ ਦਬਾ ਲਈ। ਰੂਪਇੰਦਰ ਤੋਂ ਮੁਆਫੀ ਦੁਆ ਕੇ ਗੱਲ ਰਫ਼ਾ-ਦਫ਼ਾ ਕਰ ਦਿੱਤੀ ਗਈ। ਅੱਗੇ ਤੋਂ ਰੂਪਇੰਦਰ ਨੂੰ ਖ਼ਬਰਦਾਰ ਕਰ ਦਿੱਤਾ ਗਿਆ।
ਇੱਜ਼ਤਦਾਰ ਬੰਦਾ, ਡਾਕਟਰ ਚੰਨਣ ਸਿੰਘ ਸ਼ਰਮ ਦਾ ਮਾਰਿਆ ਕਈ ਦਿਨ ਬਾਹਰ ਹੀ ਨਾ ਨਿਕਲਿਆ। ਧਰਤੀ ਗਰਕਣ ਲਈ ਉਸ ਨੂੰ ਵਿਹਲ ਨਹੀਂ ਦਿੰਦੀ ਸੀ। ਇਕੱਲੇ-ਕਹਿਰੇ ਪੁੱਤ ਨੂੰ ਉਹ ਜਿਆਦਾ ਘੂਰਨੋ ਵੀ ਡਰਦਾ ਸੀ। ਅੱਜ ਦੀ ਮਡੀਹਰ ਦਾ ਕੀ ਇਤਬਾਰ? ਗੁੱਸੇ ਮਾਰਿਆ ਖੂਹ ਖਾਤੇ ਹੀ ਪੈ ਜਾਵੇ? ਜਾਂ ਫਿਰ ਅੱਗੋਂ ਥੱਪੜ ਹੀ ਕੱਢ ਮਾਰੇ? ਆਪਣੀ ਇੱਜ਼ਤ ਆਪਣੇ ਹੱਥ!
- “ਤੇਰੇ ਅੰਨ੍ਹੇ ਲਾਅਡ ਨੇ ਮੁੰਡਾ ਵਿਗਾੜਤਾ।" ਰੋਟੀ ਖਾਣ ਲੱਗਾ ਡਾਕਟਰ ਹਰਬੰਸ ਕੌਰ ਨੂੰ ਕਹਿ ਬੈਠਾ।
- “ਕੀ ਪਰਲੋਂ ਆ ਗਈ? ਮੁੰਡੇ ਖੁੰਡੇ ਅਜਿਹੀਆਂ ਘਤਿੱਤਾਂ ਕਰਦੇ ਹੀ ਹੁੰਦੇ ਐ - ਕੀ ਅਗਲੀ ਦੇ ਗੋਲੀ ਮਾਰਤੀ?”
- “ਅਗਲੇ ਮੇਰੇ ਮੂੰਹ ਨੂੰ ਈ ਚੁੱਪ ਕਰ ਗਏ-ਨਹੀਂ ਤਾਂ ਮਾਰ ਮਾਰ ਰੈਂਗੜੇ ਇਹਦੇ 'ਚ ਚਿੱਬ ਪਾ ਦਿੰਦੇ-ਬਾਹਲੀ ਹੱਫੀ ਬਣੀ ਫਿਰਦੀ ਐਂ।"
- “ਤਾੜੀ ਦੋਹਾਂ ਹੱਥਾਂ ਨਾਲ ਵੱਜਦੀ ਐ-ਸਾਰਾ ਕਸੂਰ ਮੁੰਡੇ ’ਚ ਵੀ ਨਹੀਂ।" ਹਰਬੰਸ ਕੌਰ ਤੱਟ ਫੱਟ ਜਵਾਬ ਦੇ ਰਹੀ ਸੀ।
- “ਤੇਰੇ ਧੀ ਹੈ ਨਹੀ ਨਾਂ ਘਰੇ-ਤੈਨੂੰ ਧੀਆਂ ਦੇ ਦੁੱਖ ਦਾ ਕੀ ਪਤੈ? ਲੱਗ ਪਈ ਚਬਰ-ਚਬਰ ਮੂੰਹ ਮਾਰਨ ਹਰਾਮਦੀ!"
ਚੰਨਣ ਸਿੰਘ ਭੂਸਰ ਗਿਆ। ਉਹ ਚੁਪ ਕਰ ਗਈ। ਜਦੋਂ ਡਾਕਟਰ ਗੁੱਸੇ ਵਿਚ ਹੁੰਦਾ, ਹਰਬੰਸ ਕੌਰ ਉਸ ਤੋਂ ਕੰਨ ਭੰਨਦੀ। ਕਿਉਂਕਿ ਗੱਸਾ ਡਾਕਟਰ ਨੂੰ ਬਹੁਤ ਹੀ ਘੱਟ ਆਉਂਦਾ ਸੀ। ਪਰ ਜਦੋਂ ਗੁੱਸਾ ਉਸ ਦੇ ਸਿਰ ਨੂੰ ਚੜ੍ਹਦਾ ਤਾਂ ਉਹ ਹਾਕੀ ਲੈ ਕੇ ਹਰਬੰਸ ਕੌਰ ਦੇ ਦੁਆਲੇ ਹੋ ਜਾਂਦਾ ਅਤੇ ਫਿਰ ਨਿੱਸਲ ਕਰ ਕੇ ਹਟਦਾ ਸੀ। ਗੁੱਸੇ ਵਿਚ ਉਸ ਦੇ ਕੁਝ ਵੱਸ ਨਾ ਰਹਿੰਦਾ। ਹਰਬੰਸ ਕੌਰ ਨੂੰ ਭਲੀ-ਭਾਂਤ ਪਤਾ ਸੀ ਕਿ ਜਦੋਂ ਚੰਨਣ ਸਿੰਘ ‘ਹਰਾਮਦੀ’ ਲਫਜ਼ ਵਰਤਦਾ ਸੀ ਤਾਂ ਉਸ ਦੇ ਗੁੱਸੇ ਦੀ ਭੱਠੀ ਮਘਣ ਲੱਗ ਪੈਂਦੀ ਸੀ। ਜਿਸ ਕਰਕੇ ਉਹ ਤੁਰੰਤ ਹੀ ਚੁੱਪ ਧਾਰ ਲੈਂਦੀ। ‘ਹਰਾਮਦੀ’ ਲਫ਼ਜ਼ ਤਬਾਹੀ ਦਾ ਸੰਕੇਤ ਸੀ। ਗੁੱਸੇ ਵਿਚ ਭੂਤਰਿਆ ਡਾਕਟਰ ਖੱਬੇ ਸੱਜੇ ਨਹੀਂ ਦੇਖਦਾ ਸੀ। ਬੱਸ! ਪਰਾਗਾ ਪਾ ਹੀ ਲੈਂਦਾ ਸੀ।
ਖ਼ੈਰ! ਡਾਕਟਰ ਨੇ ਰਿਸ਼ਤੇਦਾਰ ਬੁਲਾ ਕੇ ਰੂਪਇੰਦਰ ਦੀ ਸ਼ਾਦੀ ਦੀ ਗੱਲ ਤੋਰੀ।
- “ਇੱਤਰਾਂ ਪ੍ਰਾਹੁਣਿਆਂ ਸਾਕਾਂ ਦਾ ਮੁੰਡੇ ਨੂੰ ਘਾਟੈ? ਤੂੰ ਮੁੜ ਹੁਕਮ ਤਾਂ ਕਰਕੇ ਤੇ ਦੇਖ- ਕੁੜੀਆਂ ਦੇ ਮੁੜ ਢੇਰ ਪਏ ਲਾ ਦਿਆਂਗੇ- ਉੱਤਰਾਂ ਕੋਈ ਕੁੜੀ ਤੇਰੀ ਨਜ਼ਰ’ਚ ਹੈ?” ਰੂਪਇੰਦਰ ਦੇ ‘ਅੰਬਰਸਰੀਏ’ ਭਾਊ ਮਾਮੇ ਨੇ ਆਖਿਆ। ਮੁੱਛਾਂ ਦੇ ਕੁੰਢ ਉਹ ਅੱਖਾਂ ਨਾਲ ਲਾਈ ਬੈਠਾ ਸੀ। ਕੱਕੀਆਂ ਮੁੱਛਾਂ ਉਪਰੋਂ ਦੀ ਕੋਚਰੀਆਂ ਅੱਖਾਂ ‘ਗਟਰ ਗਟਰ’ ਝਾਕ ਰਹੀਆਂ ਸਨ।
-“ਜੈਤੋ ਵਾਲੇ ਬਰਾੜ ਬਾਰੇ ਤੇਰਾ ਕੀ ਖਿਆਲ ਐ? ਕੈਪਟਨ ਬੜਾ ਹੀ ਸਾਊ ਬੰਦੈ।" ਡਾਕਟਰ ਨੇ ਕਿਹਾ।
- “ਛੱਡ ਪਰਾਂਹ ਪ੍ਰਾਹੁਣਿਆਂ - ਕੈਪਟਨ ਕੋਈ ਬੰਦੈ? ਉਹ ਤਾਂ ਮੁੜ ਨਿਰਾ ਗੁਰਦੁਆਰੇ ਦਾ ਗ੍ਰੰਥੀ ਲੱਗਦਾ ਊ।" ਮਾਮੇ ਨੇ ਨੱਕ ਚਾੜ੍ਹਿਆ।
- “ਸਾਨੂੰ ਬੰਦੇ ਚਾਹੀਦੇ ਐ ਘੈਂਟ - ਜਿਹੜੇ ਜੁਆਕ ਦੇ ਪਿੱਛੇ ਆਉਣ ਵਾਲੇ ਵੀ ਹੋਣ।" ਹਰਬੰਸ ਕੌਰ ਨੇ ਕਿਹਾ।
- “ਜੁਆਕ ਦੇ ਪਿੱਛੇ ਆਉਣ ਚਾਹੇ ਨਾ ਆਉਣ - ਪਰ ਤੂੰ ਗੁਤਨੀ ਜਰੂਰ ਪੱਟਾਵਾਂਏਂਗੀ- ਕਿਉਂਕਿ ਤੇਰੀ ਜਬਾਨ ਚੱਲਣੋਂ ਰਹਿਣੀ ਨਹੀ-।"
- “ਉੱਤਰਾਂ ਗੱਲ ਭੈਣਾਂ ਦੀ ਦਰੁਸਤ ਈ - ਮੁੜ ਚਾਰ ਬੰਦੇ ਪਿੱਠ ਤੇ ਹੋਏ ਜੁਆਨ ਦੀ ਭੱਲ ਤਾਂ ਬਣੀ ਰਹੂ।“ ਮਾਮੇ ਤੋਂ ਰਿਹਾ ਨਾ ਗਿਆ, “ਕੋਈ ਉੱਤਰਾਂ ਅੱਖ ’ਚ ਪਾਇਆ ਤਾਂ ਮੁੜ ਨਾ ਰੜਕੂ ਪ੍ਰਾਹੁਣਿਆਂ।"
- “ਘੱਲਾਂ ਆਲਿਆਂ ਨਾਲ ਗੱਲ ਕਰੀਏ?” ਰੂਪਇੰਦਰ ਦੇ ਫੁੱਫੜ ਨੇ ਆਖਿਆ।
- “ਚਾਰ ਭਰਾਵਾਂ ਦੀ 'ਕੱਲੀ-'ਕੱਲੀ ਭੈਣ ਐਂ।"
- “ਕਰ ਲਓ! ਦਾਜ ਦਹੇਜ ਦੀ ਆਪਾਂ ਨੂੰ ਉੱਕਾ ਈ ਜਰੂਰਤ ਨਹੀਂ।" ਡਾਕਟਰ ਨੇ ਕਿਹਾ।
- “ਕਿਉਂ ਲੋੜ ਕਿਉਂ ਨ੍ਹੀਂ? ਹਰਬੰਸ ਕੌਰ ਜਿਵੇਂ ਭੱਜ ਕੇ ਵਿਚ ਹੋਈ, “ਅਗਲਿਆਂ ਨੇ ਆਬਦੀ ਕੁੜੀ ਨੂੰ ਦੇਣੈ -ਸਾਨੂੰ ਦੇਣੈ?” ਹਰਬੰਸ ਕੌਰ ਰਹਿ ਨਾ ਸਕੀ।
- “ਮੁੜ ਭਾਅ ਫੌਜੀਆਂ ਆਲੀ ਗੱਲ ਨਾ ਮੁੜ ਪਿਆ ਕਰ- ਘਰ ਆਈ ਲਕਸ਼ਮੀ ਕਿਸੇ ਨੇ ਮੋੜੀ ਊ? ਉੱਤਰਾਂ ਆਪਾਂ ਕੋਈ ਮੰਗ ਨਹੀ ਧਰਦੇ - ਵੈਸੇ ਮਾਮਿਆਂ ਫੁੱਫਿਆਂ ਨੂੰ ਮੁੰਦਰੀਆਂ ਛੁੰਦਰੀਆਂ ਦਾ ਤਾਂ ਹੱਕ ਬਣਦਾ ਈ।"
- “ਕਿਉਂ ਨਹੀਂ ਬਣਦਾ? ਇੱਕੋ ਇੱਕ ਪੁੱਤ ਵਿਆਹੁੰਣੈ- ਅਸੀਂ ਇਲਾਕੇ ’ਚ ਕਿਹੜਾ ਮੂੰਹ ਵਿਖਾਵਾਂਗੇ?”
ਡਾਕਟਰ ਚੁਪ ਕਰ ਗਿਆ। ਮੇਲੇ ਵਿਚ ਚੱਕੀਰਾਹੇ ਦਾ ਕੁਝ ਨਹੀ ਵੱਟੀਦਾ ਸੀ। ਝੰਡੇ ਹੇਠਲੀ ਹਰਬੰਸ ਕੌਰ ਅਤੇ ਪ੍ਰਤਾਪ ਸਿੰਘ ਭਾਊ ਅੱਗੇ ਉਸ ਦੀ ਪੇਸ਼ ਨਹੀ ਜਾ ਰਹੀ ਸੀ। ਰਿਸ਼ਤੇਦਾਰਾਂ ਸਾਹਮਣੇ ਉਹ ਝੱਜੂ ਨਹੀ ਪਾਉਣਾ ਚਾਹੁੰਦਾ ਸੀ।
ਖ਼ੈਰ! ਰੂਪਇੰਦਰ ਦੇ ਫੁੱਫੜ ਨੇ ਗੱਲ ਚਲਾਈ।
ਰਿਸ਼ਤਾ ਸਿਰੇ ਚੜ੍ਹ ਗਿਆ।
ਪਹਿਲੇ ਦਿਨ ਮੰਗਣੀ ਅਤੇ ਦੂਜੇ ਦਿਨ ਸ਼ਾਦੀ ਹੋ ਗਈ। ਸਹੁਰਿਆਂ ਨੇ ਦਾਜ ਵਿਚ ਕਾਫੀ ਕੁਝ ਦਿੱਤਾ ਸੀ। ਫਰਿੱਜ਼, ਸੋਫੇ਼, ਅਲਮਾਰੀਆਂ, ਟੀ.
ਵੀ. ਅਤੇ ਮੋਟਰਸਾਈਕਲ! ਮਾਮਿਆਂ-ਫੁੱਫੜਾਂ ਤੱਕ ਛਾਪਾਂ ਪਾਈਆਂ ਸਨ। ਪਰ ਹਰਬੰਸ ਕੌਰ ਅਜੇ ਵੀ ਖੁਸ਼ ਨਹੀ ਸੀ।
- “ਮੇਰਾ ਗਲ ਕਿਉਂ ਨਹੀ ਢਕਿਆ?” ਉਹ ਮੂੰਹ ਵੱਟੀ ਬੈਠੀ ਸੀ। ਰਿਸ਼ਤੇਦਾਰੀਆਂ ਵਿਚੋਂ ਅੱਗ ਤੇ ਫੂਸ ਪਾਉਣ ਵਾਲੀਆਂ ਜਿ਼ਆਦਾ ਅਤੇ ਪਾਣੀ ਪਾਉਣ ਵਾਲੀਆਂ ਘੱਟ ਸਨ।
- “ਹੈਂ-ਹੈਂ ਨੀ! ਇਹ ਕੀ ਆਖ? ਇੱਕੋ ਇੱਕ ਪੁੱਤ ਵਿਆਹਿਐ- ਗਲ ਢਕਣ ਦਾ ਤਾਂ ਭੈਣੇ ਹੱਕ ਬਣਦਾ ਸੀ।" ਕੋਈ ਆਖ ਰਹੀ ਸੀ।
- “ਸਹੁਰਿਆਂ ਨੇ ਤਾਂ ਭਾਈ ਮੂਲੋਂ ਈ ਨਿੱਕਾ ਕੱਤਿਆ।" ਸੁਣ ਕੇ ਗੁਰਮੀਤ ਨੂੰ ਘੁੰਡ ਵਿਚ ਤਰੇਲੀਆਂ ਆ ਰਹੀਆਂ ਸਨ। ਉਸ ਨੂੰ ਅੰਦਰੋਂ ਝਰਨਾਹਟ ਚੜ੍ਹਦੀ ਅਤੇ ਸਿਰ ਚਕਰਾ ਰਿਹਾ ਸੀ।
- “ਹਰਬੰਸ ਕੁਰੇ ਭਾਈ ਸਾਹੇ ’ਚ ਕਲੇਸ਼ ਮਾੜਾ ਹੁੰਦੈ।" ਗੁਆਂਢਣ ਸੰਤੀ ਬੁੜ੍ਹੀ ਨੇ ਆ ਕੇ ਮੱਤ ਦਿੱਤੀ।
- “ਸਾਰੀ ਉਮਰ ਪਈ ਐ ਗੱਲਾਂ ਕਰਨ ਨੂੰ - ਪਰ ਅੱਜ ਕਲੇਸ਼ ਨਾ ਕਰੋ - ਸ਼ਗਨਾਂ ਦਾ ਖੱਟਿਆ ਈ ਖਾਈਦੈ।" ਕਿਸੇ ਹੋਰ ਸਚਿਆਰੀ ਨੇ ਹਾਮ੍ਹੀਂ ਭਰੀ।
ਬਾਹਰ ‘ਅੰਬਰਸਰੀਆ’ ਮਾਮਾ ਸ਼ਰਾਬ ਨਾਲ ਰੱਜਿਆ ਲਲਕਾਰੇ ਮਾਰ ਰਿਹਾ ਸੀ, ਉਹ ਬਲਦ ਵਾਂਗ ਝੂਲਦਾ ਅੰਦਰ ਆਇਆ।
- “ਦੇਖ ਕੁੜੀਏ! ਮੁੜ ਸਾਰੀ ਉਮਰ ਤੇਰੇ ਘਰ 'ਤੇ ਖੂਨ ਪਏ ਵਗਾਂਦੇ ਰਹੇ - ਅੱਜ ਮੇਰਾ ਇੱਕੋ ਮੁੰਦਰੀ ਨਾਲ ਮੁੜ ਸਾਰ ਦਿੱਤਾ? ਜਿਹਨਾਂ ਨੇ ਤੇਰੀ ਦੁਖਦੇ ਸੁਖਦੇ ਬਾਤ ਨਹੀ ਮੁੜ ਪੁੱਛੀ ਸੀ - ਉਹਨਾਂ ਨੂੰ ਵੀ ਮੁੜ ਮੁੰਦਰੀਆਂ ਤੇ ਇੱਤਰਾਂ ਮੇਰੇ ਨਾਲ ਮੁੜ ਕਿੱਧਰਲਾ ਇਨਸਾਫ ਹੋਇਆ?”
- ਉਏ ਮਾਮਾ ਬੱਸ ਵੀ ਕਰ ਪਤੰਦਰਾ! ਆ ਬਾਹਰ ਪੈੱਗ ਸ਼ੈੱਗ ਲਾਈਏ।" ਰੂਪਇੰਦਰ ਦੇ ਦੋਸਤ ਮਾਮੇਂ ਨੂੰ ਧੱਕੀ ਲਿਜਾ ਰਹੇ ਸਨ। ਜਿਵੇਂ ਰੋਡਵੇਜ਼ ਦੀ ਬੱਸ ਨੂੰ ਧੱਕਾ ਲਾਈਦੈ।
- “ਉੱਤਰਾਂ ਕੁੜੀਏ ਮੁੜ ਯਾਦ ਰੱਖੀਂ - ਦੁਖਦੇ ਸੁਖਦੇ ਤੇਰੇ ਕੰਮ ਮੈਂ ਈ ਆਣਾ ਊਂ।" ਮਾਮਾ ਬੁੱਕਦਾ ਜਾਂਦਾ ਕਹਿ ਰਿਹਾ ਸੀ। ਉਹ ਰਿੰਗ ਬੈਠੇ ਟਰੈਕਟਰ ਵਾਂਗ ਧੂੰਆਂ ਮਾਰੀ ਜਾ ਰਿਹਾ ਸੀ।
- “ ਵੇ ਮੈਂ ਕਿਹੜੇ ਜਣਦਿਆਂ ਨੂੰ ਪਿੱਟਾਂ.....?” ਉਠ ਕੇ ਹਰਬੰਸ ਕੌਰ ਨੇ ਦੁਹੱਥੜ ਮਾਰੀ। ਪਰ ਸੰਤੀ ਬੁੜ੍ਹੀ ਨੇ ਫਿਰ ਬਿਠਾ ਲਈ।
- “ਕਲੇਸ਼ ਮਾੜਾ ਹੁੰਦੈ ਹਰਬੰਸ ਕੁਰੇ!“
- “ਬਹਿਨੀ ਐਂ ਕਿ ਦੇਵਾਂ ਮੱਤ ਹਰਾਮਦੀਏ?” ਡਾਕਟਰ ਹਨ੍ਹੇਰੀ ਵਾਂਗ ਅੰਦਰ ਆਇਆ। ਹਰਬੰਸ ਕੌਰ ਦੜ ਵੱਟ ਗਈ। ‘ਹਰਾਮਦੀਏ’ ਵੱਖੀਆਂ ਸੇਕਣ ਦਾ ਪ੍ਰਤੀਕ ਸੀ। ਸ਼ਾਮਤ ਦਾ ਘੁੱਗੂ ਸੀ। ਡਾਂਗ ਤੋਂ ਡਰਦੀ ਉਹ ਚੁੱਪ ਕਰ ਗਈ।
- “ਬੱਸ ਡੱਡੇ ਗੁੱਸਾ ਥੁੱਕੋ - ਸ਼ਗਨਾਂ ਵਾਲੇ ਦਿਨ ਤੁਸੀਂ ਕਾਹਤੋਂ ਕਲੇਸ਼ ਪਾ ਕੇ ਬੈਠ ਗਏ?” ਸੰਤੀ ਬੁੜ੍ਹੀ ਸਮਝਾਉਣ ਦੀ ਬੜੀ ਕੋਸਿ਼ਸ਼ ਕਰ ਰਹੀ ਸੀ।
- “ਮੈਂ ਕਦੋਂ ਦਾ ਮੂੰਹ ਕੰਨੀ ਦੇਖੀ ਜਾਨੈਂ - ਬੱਸ ਈ ਨਹੀ ਕਰਦੀ ਗੱਦਾਂ ਯੱਧੀ - ਕੀ ਕੰਜਰਖਾਨਾਂ ਖੜ੍ਹੈ ਕੀਤੈ ਇਹਨੇ ਮੱਚੜ ਜੀ ਨੇ!“ ਗੁੱਸੇ ਦੇ ਲਾਂਬੂ ਛੱਡਦਾ ਡਾਕਟਰ ਬਾਹਰ ਨਿਕਲ ਗਿਆ।
ਖ਼ੈਰ! ਸੰਤੀ ਬੁੜ੍ਹੀ ਦੀ ਸਰਪ੍ਰਸਤੀ ਸਦਕਾ ਵਿਆਹ ਘੱਟਣ ਜਿਹੇ ਮਾਹੌਲ ਵਿਚ ਵੀ ਸੁੱਖ ਸਾਂਦ ਨਾਲ ਲੰਘ ਗਿਆ। ਪਰ ਹਰਬੰਸ ਕੌਰ ਨੇ ਦਿਲੋਂ ਖੋਰ ਨਾ ਗੁਆਇਆ। ਨੂੰਹ ਪ੍ਰਤੀ ਉਸ ਦੇ ਦਿਲ ਵਿਚ ਪਿਆ ਵਲ ਹਰ ਰੋਜ਼ ਵੱਟ ਚਾਹੜਦਾ ਸੀ। ਨੂੰਹ ਰੋਟੀ ਪਕਾ ਕੇ ਦਿੰਦੀ ਉਸ ਦੇ ਪਸੰਦ ਨਾ ਆਉਂਦੀ। ਸਬਜ਼ੀ ਬਣਾਉਂਦੀ ਤਾਂ ਹਰਬੰਸ ਕੌਰ ਨੱਕ ਬੁੱਲ੍ਹ ਮਾਰਦੀ ਰਹਿੰਦੀ।
ਪਰ ਚੰਨਣ ਸਿੰਘ ਨੂੰਹ ਦੀ ਦਿਲੋਂ ਇੱਜ਼ਤ ਕਰਦਾ ਸੀ। ਉਸ ਦੀਆਂ ਭਾਵਨਾਵਾਂ ਦੀ ਕਦਰ ਕਰਦਾ ਸੀ। ਪਰ ਜਦੋਂ ਚੰਨਣ ਸਿੰਘ ਕਿਤੇ ਬਾਹਰ ਚਲਾ ਜਾਂਦਾ ਤਾਂ ਹਰਬੰਸ ਕੌਰ ਗੁਰਮੀਤ ਨੂੰ ਸੁਣਾਈ ਕਰਦੀ, “ਆਹ ਭਿੱਟਭਿਟੀਆ ਜਿਆ ਖਰਚਿਆਂ ਦਾ ਘਰ ਸਾਡੇ ਮੱਥੇ ਮਾਰਿਆ।“ ਪਰ ਧੰਨ ਸੀ ਗੁਰਮੀਤ ਦੀ ਸਹਿਣਸ਼ੀਲਤਾ। ਉਹ ਚੁੱਪ ਚਾਪ ਸਾਰਾ ਕੁਝ ਜਰਦੀ, ਸਹਾਰਦੀ। ਮੂੰਹੋਂ ਕਦੇ ਨਾ ਬੋਲਦੀ। ਕਈ ਵਾਰ ਉਸ ਨੇ ਰਾਤ ਨੂੰ ਰੂਪਇੰਦਰ ਨੂੰ ਸੱਸ ਦੇ ਕੁਰੱਖਤ ਸੁਭਾਅ ਬਾਰੇ ਦੱਸਿਆ। ਪਰ ਉਹ ਪੀਤੀ ਵਿਚ, “ਮੰਮੀ ਦਾ ਸੁਭਾਅ ਈ ਕੁਛ ਐਹੋ ਜਿਐ- ਤੂੰ ਚੁੱਪ ਰਿਹਾ ਕਰ!“ ਆਖ ਕੇ ਅੱਖੋਂ ਪਰੋਖੇ ਕਰ ਛੱਡਦਾ। ਗੁਰਮੀਤ ਨੂੰ ਸਾਰੀ ਸਾਰੀ ਰਾਤ ਨੀਂਦ ਨਾ ਪੈਂਦੀ। ਕਦੇ ਉਹ ਸੋਚਦੀ ਕਿ ਉਹ ਤਾਂ ਇਕ ਮਸ਼ੀਨ ਸੀ। ਜਿਸ ਨੂੰ ਰਾਤ ਨੂੰ ਰੂਪਇੰਦਰ ਵਰਤ ਛੱਡਦਾ ਅਤੇ ਦਿਨੇ ਸੱਸ ਕੰਮ ’ਤੇ ਲਾਈ ਰੱਖਦੀ ਸੀ। ਜੇ ਉਸ ਨੂੰ ਕੋਈ ਸਮਝਣ ਵਾਲਾ ਸੀ ਤਾਂ ਸਿਰਫ ਉਸ ਦਾ ਸਹੁਰਾ ਚੰਨਣ ਸਿੰਘ!
ਕਈ ਵਾਰ ਗੁਰਮੀਤ ਦੇ ਪੇਕੇ ਉਸ ਨੂੰ ਲੈਣ ਆਏ ਪਰ ਹਰਬੰਸ ਕੌਰ ਕੋਈ ਨਾ ਕੋਈ ਬਹਾਨਾ ਮਾਰ ਕੇ ਟਰਕਾ ਛੱਡਦੀ। ਕਰਵਾ ਚੌਥ ਦੇ ਵਰਤਾਂ ’ਤੇ ਗੁਰਮੀਤ ਦਾ ਭਰਾ ਲੈਣ ਆਇਆ ਤਾਂ ਡਾਕਟਰ ਨੇ ਹਰਬੰਸ ਕੌਰ ਦੀ ਗੈਰਹਾਜ਼ਰੀ ਵਿਚ ਤੋਰ ਦਿੱਤੀ। ਉਸ ਨੂੰ ਮਹਿਸੂਸ ਹੋਇਆ ਕਿ ਜਿਵੇਂ ਉਹ ਕਿਸੇ ਕੈਦ ਵਿਚੋਂ ਰਿਹਾਅ ਹੋਈ ਹੋਵੇ।
ਜਦ ਹਰਬੰਸ ਕੌਰ ਨੂੰ ਪਤਾ ਚੱਲਿਆ ਕਿ ਨੂੰਹ ਪੇਕੀਂ ਚਲੀ ਗਈ ਸੀ ਤਾਂ ਉਸ ਨੇ ਬਰੜਾਹਟ ਕਰਨਾ ਸ਼ੁਰੂ ਕਰ ਦਿੱਤਾ।
- “ਮੇਰੀ ਕਾਹਨੂੰ ਹੁਣ ਦੱਸ ਪੁੱਛ ਰਹੀ ਐ ਇਸ ਘਰ ’ਚ - ਜੋ ਕਰਨ ਨੂੰਹ ਸਹੁਰਾ ਈ ਕਰਨ।“ ਉਹ ਰੋਣ ਲੱਗ ਪਈ।
- “ਮੈਂ ਨਹੀਂ ਐਹੋ ਜਿਹੀ ਆਪਹੁਦਰੀ ਘਰੇ ਰੱਖਣੀ- ਰਹੇ ਪੇਕੀੰਂ - ਅਸੀਂ ਤਾਂ ਤਲਾਕ ਦੇ ਦੇਣੈਂ!”
- “ਤੈਨੂੰ ਚਾਰਾਂ ਬੱਕਲ? ਮਾਰ ਮਾਰ ਪੁੜੇ ਸੇਕਦੂੰ - ਕੁਛ ਨਾ ਆਖ!“ ਡਾਕਟਰ ਨੇ ਡਿਸਪੈਂਸਰੀ ਅੰਦਰੋਂ ਕਿਹਾ।
- “ਚਾਰਾਂ ਬੱਕਲ - ਸੇਕਦੂੰ ਪੁੜੇ - ਜੀਹਨੇ ਸਾਰੀ ਉਮਰ ਸਾਥ ਦਿੱਤੈ - ਉਹਦੀ ਕੋਈ ਪੁੱਛ ਦੱਸ ਨਹੀ -ਕੱਲ੍ਹ ਦੀ ਆਈ ਨੇ ਪਤਾ ਨਹੀ ਕੀ ਘੋਲ ਕੇ ਸਿਰ ਪਾ ਦਿੱਤੈ - ਐਹੋ ਜਿਹੀਆਂ ਰੰਡੀਆਂ ਬੜੀਆਂ ਖੇਖਣ ਹੱਥੀਆਂ ਹੁੰਦੀਆਂ।“ ਉਹ ਮੂੰਹ ਪਾੜ ਕੇ ਆਪਣੀ ਇਕਲੌਤੀ ਨੂੰਹ ਨੂੰ ‘ਰੰਡੀ’ ਆਖ ਰਹੀ ਸੀ।
ਡਾਕਟਰ ਨੇ ਬੈਂਤ ਫੜ ਕੇ ਹਰਬੰਸ ਕੌਰ ਦੀ ਤਹਿ ਲਾ ਦਿੱਤੀ। ਰੋਂਭੜ੍ਹੇ ਪਾ ਦਿੱਤੇ।
ਸ਼ਾਮ ਨੂੰ ਸ਼ਰਾਬ ਨਾਲ ਧੁੱਤ ਰੂਪਇੰਦਰ ਜਦ ਘਰ ਆਇਆ ਤਾਂ ਘਰ ਦਾ ਮਾਹੌਲ ਕਾਫ਼ੀ ਗੰਭੀਰ ਸੀ। ਉਹ ਮਾਂ ਦੇ ਮੰਜੇ ਤੇ ਇਕ ਤਰ੍ਹਾਂ ਨਾਲ ਡਿੱਗ ਹੀ ਪਿਆ। ਮੋਟਰਸਾਈਕਲ ਦਾ ਉਸ ਤੋਂ ਸਟੈਂਡ ਨਹੀਂ ਲੱਗਿਆ ਸੀ। ਉਸ ਨੇ ਵੈਸੇ ਹੀ ਕੰਧ ਨਾਲ ਲਾ ਦਿੱਤਾ ਸੀ।
- “ ਲੈ ਪੁੱਤ ਇਕ ਕੰਮ ਕਰ ਲੈ - ਜਾਂ ਤਾਂ ਬਹੂ ਛੱਡ ਦੇ ਤੇ ਜਾਂ ਫਿਰ ਮਾਂ ਛੱਡ ਦੇ।“ ਹਰਬੰਸ ਕੌਰ ਨੇ ਪੁੱਤ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ।
- “ਮੰਮੀ! ਬਹੂਆਂ ਮੈਨੂੰ ਵੀਹ - ਮਾਂ ਕਿਥੋਂ ਲਿਆਊਂ?” ਸ਼ਰਾਬੀ ਰੂਪਇੰਦਰ ਨੇ ਕਿਹਾ।
- “ਹੁਸਨ ਜਵਾਨੀ ਮਾਪੇ - ਮਿਲਦੇ ਨਹੀਂ ਹੱਟੀਆਂ ਤੋਂ”। ਕਵਿਸ਼ਰੀ ਕਰਦਾ ਉਹ ਘੁਰਾੜ੍ਹੇ ਮਾਰਨ ਲੱਗ ਪਿਆ। ਚੁਬਾਰੇ ਵਿਚ ਪਿਆ ਡਾਕਟਰ ਸਾਰਾ ਕੁਝ ਸੁਣ ਰਿਹਾ ਸੀ। ਉਸ ਦੇ ਤਨ ਮਨ ਨੂੰ ਅੱਗ ਲੱਗੀ ਪਈ ਸੀ। ਕਰੋਧ ਵਿਚ ਉਹ ਸੜਿਆ ਪਿਆ ਸੀ।
ਜਦ ਰੂਪਇੰਦਰ ਗੁਰਮੀਤ ਨੂੰ ਲੈਣ ਨਾ ਹੀ ਗਿਆ ਤਾਂ ਉਸ ਦਾ ਭਰਾ ਗੁਰਮੀਤ ਨੂੰ ਛੱਡ ਗਿਆ। ਬਗੈਰ ਚੰਨਣ ਸਿੰਘ ਤੋਂ ਉਸ ਨਾਲ ਕਿਸੇ ਨੇ ਵੀ ਗੱਲ ਨਾ ਕੀਤੀ। ਸ਼ਾਮ ਨੂੰ ਉਹ ਵਾਪਿਸ ਪਰਤ ਗਿਆ। ਜਿ਼ੱਦੀ ਹਰਬੰਸ ਕੌਰ ਨੇ ਨੂੰਹ ਨਾਲ ਇਕ ਸ਼ਬਦ ਵੀ ਸਾਂਝਾ ਨਾ ਕੀਤਾ। ਜਦ ਗੁਰਮੀਤ ਉਸ ਦੇ ਪੈਰੀਂ ਹੱਥ ਲਾਉਣ ਲੱਗੀ ਤਾਂ ਹਰਬੰਸ ਕੌਰ ਨੇ ‘ਖ਼ਬਰਦਾਰ’ ਆਖ ਕੇ ਵਰਜ਼ ਦਿੱਤੀ। ਨੂੰਹ ਦੀ ਪਕਾਈ ਹੋਈ ਰੋਟੀ ਵੀ ਉਸ ਨੇ ਨਾ ਖਾਧੀ।
ਰੂਪਇੰਦਰ ਗੁਰਮੀਤ ਹੁਰਾਂ ਨੂੰ ਤੱਕ ਕੇ ਹੀ, ਮੋਟਰਸਾਈਕਲ ਲੈ ਕੇ ਬਾਹਰ ਨਿਕਲ ਗਿਆ ਸੀ। ਇਕ ਦੋਸਤ ਨੂੰ ਨਾਲ ਲੈ ਕੇ ਉਹ ਕਿਸੇ ਦੂਸਰੇ ਦੋਸਤ ਦੇ ਖੇਤ ਜਾ ਕੇ ਦਾਰੂ ਪੀਣ ਲੱਗ ਪਿਆ। ਉਹ ਤਿੰਨੇ ਸਾਰੀ ਦਿਹਾੜੀ ਪੀਂਦੇ ਰਹੇ।
ਹਨ੍ਹੇਰੇ ਹੋਏ ਰੂਪਇੰਦਰ ਨੇ ਮੋਟਰਸਾਈਕਲ ਲਿਆ ਅਤੇ ਆਪਣੇ ਪਿੰਡ ਨੂੰ ਸਿੱਧਾ ਹੋ ਗਿਆ। ਉਸ ਦਾ ਦੋਸਤ ਬਹੁਤਾ ਸ਼ਰਾਬੀ ਹੋਣ ਕਰਕੇ ਉਥੇ ਹੀ ਰਹਿ ਪਿਆ ਸੀ। ਉਹ ਆਪਣੇ ਪਿੰਡ ਦੀ ਸੜਕ ਪੈ ਕੇ ਆ ਹੀ ਰਿਹਾ ਸੀ ਕਿ ਸਪੀਡ ਜਿਆਦਾ ਹੋਣ ਕਰਕੇ ਸ਼ਰਾਬੀ ਰੂਪਇੰਦਰ ਤੋਂ ਮੋਟਰਸਾਈਕਲ ਨਾ ਸੰਭਲਿਆ ਅਤੇ ਸਾਹਮਣੇ ਆ ਰਹੇ ਟਰੱਕ ਨਾਲ ਟਕਰਾ ਗਿਆ। ਰੂਪਇੰਦਰ ਦੀ ਮੌਕੇ ਤੇ ਹੀ ਮੌਤ ਹੋ ਗਈ।
ਹਾਹਾਕਾਰ ਮੱਚ ਗਈ। ਕੋਈ ਮਨਹੂਸ ਖਬਰ ਲੈ ਕੇ ਡਾਕਟਰ ਚੰਨਣ ਸਿੰਘ ਵੱਲ ਤੁਰ ਗਿਆ।
ਚੰਨਣ ਸਿੰਘ ਅਜੇ ਡਿਸਪੈਂਸਰੀ ਵਿਚ ਹੀ ਬੈਠਾ ਸੀ। ਬਿਲਕੁਲ ਇਕੱਲਾ! ਘੋਰ ਦੁਖੀ! ਖ਼ਾਮੋਸ਼! ਹਰਬੰਸ ਕੌਰ ਉਪਰ ਚੁਬਾਰੇ ਵਿਚ ਸੀ। ਨੂੰਹ ਦੋ ਵਾਰ ਰੋਟੀ ਨੂੰ ਆਖ ਆਈ ਸੀ।
- "ਤੂੰ ਪੈ ਜਾ ਪੁੱਤ! ਮੈਂ ਆਪੇ ਰੋਟੀ ਖਾ ਲਊਂ!“ ਚੰਨਣ ਸਿੰਘ ਨੇ ਕਿਹਾ ਸੀ। ਉਸ ਦਾ ਮੱਥਾ ਠਣਕ ਰਿਹਾ ਸੀ। ਖੱਬੀ ਅੱਖ ਸਵੇਰ ਦੀ ਫ਼ਰਕੀ ਜਾ ਰਹੀ ਸੀ।
- “ਚਾਚਾ ਜੀ ਆਪਾਂ ਤਾਂ ਪੱਟੇ ਗਏ! ਆਪਣਾ ਰੂਪ ਚੜ੍ਹਾਈ ਕਰ ਗਿਆ!” ਚੰਨਣ ਸਿੰਘ ਦਾ ਸਾਬਤ ਸੂਰਤ ਭਤੀਜਾ ਗੁਰਮੇਲ ਸਿੰਘ ਡਿਸਪੈਂਸਰੀ ਵਿਚ ਆ ਕੇ ਪਿੱਟਿਆ। ਚੰਨਣ ਸਿੰਘ ਤਾਂ ਜਿਵੇਂ ਅਜਿਹੀ ਮਨਹੂਸ ਖਬਰ ਦੀ ਕਾਫੀ ਚਿਰ ਤੋਂ ਉਡੀਕ ਕਰ ਰਿਹਾ ਸੀ। ਉਸ ਦਾ ਦੁਖੀ ਦਿਲ ਲਹੂ ਲੁਹਾਣ ਹੋ, ਨੁੱਚੜਨ ਲੱਗ ਪਿਆ। ਉਸ ਨੂੰ ਜਿਵੇਂ ਇਸ ਭਾਣੇ ਬਾਰੇ ਪਹਿਲਾਂ ਹੀ ਪਤਾ ਸੀ। ਗੁਰਮੀਤ ਦੇ ਕੰਨੀਂ ਪਿਆ ਤਾਂ ਉਹ ਕਾਲਜਾ ਫੜ ਕੇ ਬੈਠ ਗਈ। ਪਰ ਹਰਬੰਸ ਕੌਰ ਨੂੰ ਕੋਈ ਖ਼ਬਰ ਨਹੀ ਸੀ।
ਚੰਨਣ ਸਿੰਘ ਜਾ ਕੇ ਪੱਤ ਦੀ ਲਾਸ਼ ਲੈ ਆਇਆ। ਰੂਪਇੰਦਰ ਦਾ ਸਾਰਾ ਸਿਰ ਪਾਟ ਗਿਆ ਸੀ। ਖੂਨ ਨਾਲ ਸਾਰਾ ਸਰੀਰ ਗੜੁੱਚ ਸੀ।
ਟਰਾਲੀ ਵਿਚੋਂ ਲਾਸ਼ ਲਾਹੀ ਗਈ।
- “ ਅੰਦਰ ਲੈ ਚੱਲੋ!” ਚੰਨਣ ਸਿੰਘ ਨੇ ਕਿਹਾ।
- “ਲਾਸ਼ ਨੂੰ ਘਰ ਅੰਦਰ ਨਹੀਂ ਲੈ ਕੇ ਜਾਂਦੇ ਹੁੰਦੇ ਭਾਈ!” ਕਿਸੇ ਬਜੁਰਗ ਨੇ ਕਿਹਾ।
- “ਇਹ ਘਰ ਨਹੀ ਕਬਰਸਤਾਨ ਐ - ਅੰਦਰ ਲੈ ਚੱਲੋ.....!” ਚੰਨਣ ਸਿੰਘ ਨੇ ਚੀਕ ਕੇ ਕਿਹਾ।
ਲਾਸ਼ ਅੰਦਰ ਲੈ ਗਏ।
- “ਹਰਬੰਸ ਕੁਰੇ! ਨੀ ਹਰਬੰਸ ਕੁਰੇ!! ਅੱਜ ਰੋ ਲੈ ਜਿੰਨਾ ਰੋਣੈ - ਰੋ ਲੈ ਰੱਜ ਕੇ - ਲਾਹ ਲੈ ਚਾਅ - ਆਹ ਦੇਖ ਰੂਪ ਦੀ ਲਾਸ਼ ਆ ਗਈ - ਹਰਬੰਸ ਕੁਰੇ....!” ਚੰਨਣ ਸਿੰਘ ਨੇ ਬੇਹੋਸ਼ਾਂ ਵਾਂਗ ਕਿਹਾ।
- “ਦੇਖ ਲੈ ਤੇਰੇ ਪੁੱਤ ਦੀ ਲਾਅਸ਼ ਆ ਗਈ - ਜੀਹਦੇ ਸਿਰ ਤੇ ਤੂੰ ਬੁੱਕਦੀ ਫਿਰਦੀ ਸੀ - ਹਰਬੰਸ ਕੁਰੇ.....!” ਚੰਨਣ ਸਿੰਘ ਜਿਵੇਂ ਕਮਲਾ ਹੋ ਗਿਆ ਸੀ।
ਘਰ ਵਿਚ ਰੋਣ ਪਿੱਟਣ ਪੈ ਗਿਆ। ਗੁਰਮੀਤ ਨੇ ਛਾਤੀ ਪਿੱਟ ਲਾਲ ਕਰ ਲਈ। ਹਰਬੰਸ ਕੌਰ ਹਾਲੋਂ ਬੇਹਾਲ ਸੀ। ਹੋਣੀ ਕਿੱਡੀ ਬਲਵਾਨ ਸੀ? ਨੂੰਹ ਦੇ ਹੱਥਾਂ ਦੀ ਅਜੇ ਮਹਿੰਦੀ ਵੀ ਨਹੀਂ ਲਹੀ ਸੀ!
ਅਗਲੇ ਦਿਨ ਸਵੇਰੇ ਹੀ ਰੂਪਇੰਦਰ ਦਾ ਸਸਕਾਰ ਕਰ ਦਿੱਤਾ ਗਿਆ। ਰੂਹ ਦੀ ਸ਼ਾਂਤੀ ਲਈ ਸ੍ਰੀ ਆਖੰਡ ਪਾਠ ਦਾ ਭੋਗ ਪਾਇਆ ਗਿਆ। ਵਿਛੜੀ ਰੂਹ ਨੂੰ ਚਰਨਾਂ ਵਿਚ ਜਗਾਹ ਬਖਸ਼ਣ ਲਈ ਦਾਤੇ ਅੱਗੇ ਅਰਦਾਸਾਂ ਹੋਈਆਂ।
ਹਰਬੰਸ ਕੌਰ ਅਤੇ ਚੰਨਣ ਸਿੰਘ ਪੁੱਤਰ ਦੇ ਵਿਛੋੜੇ ਨਾਲ ਦਿਨਾਂ ਵਿਚ ਹੀ ਹਾਰ ਗਏ। ਬੁੱਢੇ ਹੋ ਗਏ।
ਮਹੀਨਾਂ ਕੁ ਬੀਤਣ ਤੇ ਗੁਰਮੀਤ ਦਾ ਬਾਪ ਆ ਗਿਆ।
- “ਚੰਨਣ ਸਿਆਂ - ਜੇ ਗੁੱਸਾ ਨਾ ਕਰੇਂ ਤਾਂ.....।“ ਗੁਰਮੀਤ ਦੇ ਬਾਪੂ ਤੋਂ ਗੱਲ ਪੂਰੀ ਨਾ ਹੋ ਸਕੀ।
- “ਗੁਰਮੁਖ ਸਿਆਂ - ਕੱਲ੍ਹ ਦੀ ਜੁਆਕੜੀ ਐ - ਐਡੀ ਪਹਾੜ ਜਿੱਡੀ ਜਿੰਦਗੀ ਕਿਵੇਂ ਲੰਘਾਊ - ਮੈਂ ਤਾਂ ਖ਼ੁਦ ਹੀ ਆਖਣ ਵਾਲਾ ਸੀ - ਵਿਚਾਰੀ ਦੀ ਸਾਰੀ ਜਿੰਦਗੀ ਦਾ ਸੁਆਲ ਐ - ਇਹਦੇ ’ਚ ਗੁੱਸੇ ਵਾਲੀ ਕਿਹੜੀ ਗੱਲ ਐ?” ਚੰਨਣ ਸਿੰਘ ਦਿਲੋਂ ਸਹਿਮਤ ਸੀ।
ਸਾਰੇ ਸਮਾਨ ਦੀ ਮੋੜ ਮੁੜਾਈ ਹੋ ਗਈ। ਗੁਰਮੀਤ ਕਿਤੇ ਹੋਰ ਮੰਗ ਦਿੱਤੀ ਗਈ। ਵਿਆਹ ਦਾ ਦਿਨ ਤਹਿ ਹੋ ਗਿਆ।
ਅੱਜ ਗੁਰਮੀਤ ਇਸ ਘਰੋਂ ਜਾ ਰਹੀ ਸੀ। ਹਰਬੰਸ ਕੌਰ ਦਾ ਦਿਲ ਹਿੱਲਿਆ। ਉਹ ਕੋਈ ਪੀਚ੍ਹੀ ਗੰਢ ਲੱਗਦੀ ਸੀ।
- “ਚੰਗਾ ਬੀਜੀ - ਮੈਂ ਚੱਲਦੀ ਆਂ।” ਗੁਰਮੀਤ ਸੱਸ ਦੇ ਪੈਰੀਂ ਹੱਥ ਲਾਉਂਦੀ ਡੁਸਕ ਪਈ। ਉਸ ਦਾ ਦਿਲ ਰੋਈ ਜਾ ਰਿਹਾ ਸੀ।
- “ਪੁੱਤ - ਗਲਤੀਆਂ ਤਾਂ ਮਾਂ ਬਾਪ ਤੋਂ ਹੋ ਜਾਂਦੀਐਂ - ਮਾਫ਼ ਈ ਕਰੀਂ!" ਅੰਦਰੋਂ ਕਿਰਦੀ ਹਰਬੰਸ ਕੌਰ ਗੁਰਮੀਤ ਨੂੰ ਘੁੱਟੀ ਖੜੀ ਸੀ। ਉਸ ਦੀਆਂ ਅੱਖਾਂ ਚੋਅ ਰਹੀਆਂ ਸਨ।
- “ਚੰਗਾ - ਬਾਪੂ ਜੀ।“ ਧਾਹ ਮਾਰ ਕੇ ਗੁਰਮੀਤ ਚੰਨਣ ਸਿੰਘ ਦੇ ਗਲ ਨੂੰ ਚਿੰਬੜ ਗਈ, ਸਕੇ ਬਾਪ ਵਾਂਗ!
- “ ਆਉਂਦੀ ਜਾਂਦੀ- ਮਿਲ ਜਿਆ ਕਰੀਂ ਧੀਏ.......।" ਚੰਨਣ ਸਿੰਘ ਦਾ ਉੱਚੀ ਉੱਚੀ ਰੋਣ ਨਿਕਲ ਗਿਆ ਅਤੇ ਦੇਖਣ ਵਾਲਿਆਂ ਦਾ ਸੀਨਾਂ ਪਾਟ ਗਿਆ। ਹਰ ਇਕ ਦੇ ਮੂੰਹੋਂ ‘ਵਾਹਿਗੁਰੂ’ ਨਿਕਲਿਆ ਸੀ।