Thursday, December 27, 2007

ਕਾਵਿ-ਵਿਅੰਗ: ਕਬੂਤਰ ਤੇ ਕੁਰਕੀ

ਕਬੂਤਰ ਅਤੇ ਕੁਰਕੀ
(ਕਾਵਿ-ਵਿਅੰਗ)

-ਕੱਕਾ ਕਬੂਤਰਾਂ ਦੀ ਕੀ ਗੱਲ ਦੱਸਾਂ
ਨਸਲਾਂ ਕਬੂਤਰਾਂ ਦੀਆਂ ਬੇਸ਼ੁਮਾਰ ਲੋਕੋ
ਕਈ ਬੜੇ ਹੀ ਸਾਊ ਜਿਹੀ ਨਸਲ ਵਾਲੇ
ਕਈ ਮਾਰਦੇ ਉਡਾਰੀ ਨੇ 'ਬਾਹਰ' ਲੋਕੋ
-ਕਬੂਤਰ ਸ਼ਾਂਤੀ ਦਾ ਪ੍ਰਤੀਕ ਹੁੰਦਾ
ਇਹਨੂੰ ਛੱਡਦੇ, ਸਮਝੌਤੇ ਜਦੋਂ ਕਰਦੇ ਨੇ
ਕਈ ਛੱਡ ਕੇ ਕਬੂਤਰ ਬਾਹਰ ਆਉਂਦੇ
ਢਿੱਡ ਲੋਕਾਂ ਦੀ ਕਮਾਈ ਨਾਲ ਭਰਦੇ ਨੇ
-ਬਾਹਰ ਜਾਣ ਦਾ ਟੀਟੂ ਨੂੰ ਹਲਕ ਉਠਿਆ
ਡਰਦਾ ਬਾਪੂ ਕੋਲ ਗੱਲ ਚਲਾਂਵਦਾ ਨਹੀਂ
ਗੋਡੇ ਬੇਬੇ ਦੇ ਜਾ ਕੇ ਫੜ ਲਏ ਸੀ
ਬੇਬੇ ਕਰ ਕਿਰਪਾ, ਅਹਿਸਾਨ ਭੁਲਾਂਵਦਾ ਨਹੀਂ
-ਗੱਲ ਬਾਪੂ ਦੇ ਨਾਲ ਦੇਖ ਕਰਕੇ
ਦੁਨੀਆਂ ਧੜਾ-ਧੜ ਬਾਹਰ ਤੁਰੀ ਜਾਂਵਦੀ ਏ
ਬੰਦਾ ਚੰਦਰਮਾਂ ਉਪਰ ਹੈ ਜਾ ਪਹੁੰਚਾ
ਥੋਨੂੰ ਰੀਸ ਕਾਹਤੋਂ ਨਹੀਂ ਆਂਵਦੀ ਏ
-ਬੇਬੇ ਟਾਲ-ਮਟੋਲ ਤਾਂ ਬਹੁਤ ਕੀਤੀ
ਬੁੱਲ੍ਹ ਟੇਰੇ ਵੀ ਕੰਮ ਨਾ ਆਏ ਉਹਦੇ
ਟੀਟੂ ਬੈਠਾ ਦਲੀਲ-ਵਕੀਲ ਬਣਿਆਂ
ਮੋੜੀ ਜਾਵੇ ਬਿਆਨ ਜੋ ਆਏ ਉਹਦੇ
-ਫੱਟੇ ਚੱਕਦੂੰ ਬੇਬੇ ਕਮਾਈ ਵਾਲੇ
ਬਾਹਰ ਇਕ ਵਾਰੀ ਮੈਨੂੰ ਜਾਣ ਦੇ ਤੂੰ
ਮੋੜ-ਘੋੜ ਕੇ ਬਾਪੂ ਨੂੰ ਲਿਆ ਬੋਹੜ ਥੱਲੇ
ਕਰਵਾ ਦੇ 'ਹਾਂ' ਤੇ ਤੰਬੂ ਤਾਣ ਦੇ ਤੂੰ
-ਬੇਬੇ, ਬਾਪੂ ਦੇ ਨਾਲ ਗੱਲ ਤੋਰੀ
ਤੋਕੜ ਮੱਝ ਵਾਂਗ ਬਾਪੂ ਨੇ ਲੱਤ ਚੁੱਕੀ
ਦੁਰਮਟ ਵਰਗੇ ਧਰਤੀ 'ਤੇ ਪੈਰ ਮਾਰੇ
ਗਾਲ੍ਹਾਂ ਵਾਲੀ ਬਾਪੂ ਨੇ ਕੱਢੀ ਧੁੱਕੀ
-ਬੰਨ੍ਹਣ ਪੱਗ ਈ ਟੂਟੀ ਆਲੀ ਜਾਣਦਾ ਏ
ਹੋਰ ਗੁਣ ਨਾ ਇਹਦੇ ਵਿਚ ਕੋਈ ਮੇਲੋ
ਅਜੰਟ ਲਾ ਕੇ ਉੜਦੂ ਹੋਊ ਪਾਸੇ
ਵਾਧੂ ਅੱਗ ਦੇ ਨਾਲ ਨਾ ਤੁਸੀਂ ਖੇਲ੍ਹੋ
-'ਅਲੀ-ਅਲੀ' ਕਰਕੇ ਬਾਪੂ ਨੂੰ ਪਈ ਬੇਬੇ
ਜਦੋਂ ਗੱਲ ਕਰੂ, ਬੱਸ ਮੋਕ ਮਾਰੂ
ਤੂੰ ਜੱਟ ਕਾਹਦਾ, ਨਿਰਾ ਕਰਾੜ ਲਾਲਾ
ਆਪ ਧੰਦ ਪਿੱਟੂ, ਮੈਨੂੰ ਝੋਕ ਮਾਰੂ
-ਜਦ ਜੱਟ ਦੀ ਅਣਖ਼ ਦਾ ਸੁਆਲ ਬਣਿਆਂ
ਬਾਪੂ ਨੇ ਸੱਪ ਵਾਂਗ ਫ਼ਣ ਖਿਲਾਰਿਆ ਸੀ
ਜਿੱਥੇ ਕੱਟਿਆਂ ਦੇ ਉਥੇ ਵੱਛਿਆਂ ਦੇ
ਉਹਨੇ ਜੋਰ ਨਾਲ ਬੜ੍ਹਕ ਨੂੰ ਮਾਰਿਆ ਸੀ
-ਗੱਲ ਟੀਟੂ ਦੇ ਦਿਲ ਦੀ ਹੋਈ ਪੂਰੀ
ਉਹਦੇ ਕੱਛਾਂ ਵਿਚੋਂ ਹਾਸਾ ਡੁੱਲ੍ਹਿਆ ਸੀ
ਕੁਤਕੁਤੀਆਂ ਨਿਕਲਣ ਸਰੀਰ ਵਿਚੋਂ
ਹਨ੍ਹੇਰ 'ਬਾਹਰਲਾ' ਸਿਰੋਂ ਉਹਦੇ ਝੁੱਲਿਆ ਸੀ
-ਬਾਪੂ ਪੈਲੀ 'ਤੇ 'ਗੂਠਾ ਛਾਪ ਦਿੱਤਾ
ਛੇ ਲੱਖ ਏਜੰਟ ਨੂੰ ਮੱਥਾ ਜਾ ਟੇਕਿਆ ਸੀ
ਕਹਿੰਦਾ ਗਾਉਣ ਵਾਲੇ ਬਾਹਰ ਨੂੰ ਬੜੇ ਜਾਂਦੇ
ਨਿੱਘ ਏਜੰਟ ਨੇ ਰੁਪਈਆਂ ਦਾ ਸੇਕਿਆ ਸੀ
-ਇਹਨੂੰ ਤੋਰਾਂਗੇ ਗਵੱਈਏ ਨਾਲ ਬਾਬਾ
ਤੁਸੀਂ ਫਿ਼ਕਰ ਭੋਰਾ ਨਾ ਕਰੋ ਸਿੰਘ ਜੀ
ਜਾਂ ਕਿਸੇ ਕੀਰਤਨੀਏਂ ਨਾਲ ਟਾਂਕਾ ਫਿੱਟ ਕਰਦੇ
ਇਕ ਚਿਮਟੇ ਦਾ ਪ੍ਰਬੰਧ ਤੁਸੀਂ ਕਰੋ ਸਿੰਘ ਜੀ
-ਚਿਮਟਾ ਸਾਂਝਾ ਸਾਜ ਹੈ ਜੱਥਿਆਂ ਦਾ
ਇਹਨੂੰ ਕੀਰਤਨੀਏਂ ਤੇ ਸਿੰਗਰ ਵਜਾਉਣ ਦੋਨੋਂ
ਇਹਦੀ ਮੌਜ, ਵਜਾਉਣਾ ਇਹ ਬੜਾ ਸੌਖਾ
ਸਿੱਧਾ 'ਛਣ-ਛਣ' ਇਹਨੂੰ ਛਣਕਾਉਣ ਦੋਨੋਂ
-ਬਾਪੂ ਗਿਆ ਗੁਰਦੁਆਰੇ, ਸਿੰਘ ਕੋਲੇ
ਇਕ ਚਿਮਟਾ ਸਾਨੂੰ ਦਿਓ ਘੱਲ ਸਿੰਘ ਜੀ
ਮੁੰਡਾ ਬਾਹਰ ਜਾਣ ਖੁਣੋਂ ਰਹਿ ਜਾਣਾ
ਸੱਚੀ ਕੀਤੀ ਤੁਹਾਡੇ ਕੋਲ ਗੱਲ ਸਿੰਘ ਜੀ
-ਸਿੰਘ ਚਿਮਟਾ ਦਿੱਤਾ ਅਰਦਾਸ ਕਰਕੇ
ਬਾਹਰ ਜਾ ਕੇ ਭੁੱਲ ਨਾ ਜਾਈਂ ਕਾਕਾ
ਕਦੇ ਗੁਰੂ-ਘਰ ਵਜ਼ੀਰ ਦੀ ਲੋੜ ਹੋਵੇ
ਬੱਸ ਦਾਸ ਨੂੰ ਈ ਸੱਦ ਬੁਲਾਈਂ ਕਾਕਾ
-ਏਜੰਟ ਖੁਸ਼ਖਬਰੀ ਸੀ ਲੈ ਆਇਆ
ਗਰੁੱਪ ਚੱਲਿਆ ਬਾਹਰ ਨੂੰ ਗਾਉਣ ਵਾਲਾ
ਮੁਖੀ ਪੌਪ-ਸਿੰਗਰ ਅਖਵਾਂਵਦਾ ਏ
ਅੱਜ-ਕੱਲ੍ਹ 'ਚ ਚਾਲੇ ਹੈ ਪਾਉਣ ਵਾਲਾ
-ਉਹਦੇ ਗੀਤ ਬੜੇ ਹੀ ਹਿੱਟ ਹੋਏ
ਪੱਗ ਬੰਨ੍ਹ ਕੇ ਲੀਰ ਜਿਹੀ ਲਾਂਵਦਾ ਏ
ਧਾਰਮਿਕ ਸਟੇਜ 'ਤੇ ਖੰਡਾ ਵੀ ਜੜ ਲੈਂਦਾ
ਬੜਾ ਮਸ਼ਹੂਰ ਸਿੰਗਰ ਅਖਵਾਂਵਦਾ ਏ
-ਤਖ਼ੱਲਸ ਉਸ ਦਾ ਹੈ 'ਡਰਪੋਕ' ਕਹਿੰਦੇ
ਉਂਜ ਹੈ ਤਾਂ ਬੜਾ ਦਲੇਰ ਬੰਦਾ
ਨਾਲ ਰੱਖਦਾ ਨਿਰਭਉ-ਨਿਰਵੈਰ ਵਰਗੇ
ਕਰਦਾ ਜਮਾਂ ਨ੍ਹੀ ਸ਼ੇਰ ਕੋਈ ਗ਼ੈਰ ਧੰਦਾ
-ਪੀੜ੍ਹੀ ਨਵੀਂ ਕਮਲੀ ਉਹਦੇ ਹੋਈ ਪਿੱਛੇ
ਜਦੋਂ ਅਵਲੀਆਂ-ਸਵਲੀਆਂ ਗਾਂਵਦਾ ਏ
ਕਦੇ ਰੇਹੜ੍ਹੀ-ਗਡੀਰ੍ਹੇ ਦੀ ਗੱਲ ਕਰਦਾ
ਕਦੇ ਰੱਬ-ਰੱਬ ਵੀ ਜਪ ਜਾਂਵਦਾ ਏ
-ਤੁਸੀਂ ਮੁੰਡੇ ਦੀ ਤਿਆਰੀ ਕਰੋ ਪੂਰੀ
ਵਾਧੂ ਤੇਲ ਮਸਾਲਾਂ ਵਿਚ ਫ਼ੂਕਿਓ ਨਾ
ਕਦੇ ਗੱਡੀ, ਗਡੀਰ੍ਹੇ ਵਾਲੀ ਲੰਘ ਗਈ ਜੇ
ਫੇਰ ਡਰਦੇ ਰੱਬ-ਰੱਬ ਕੂਕਿਓ ਨਾ
-ਟੀਟੂ ਪੈਂਟਾਂ-ਕਮੀਜ਼ਾਂ ਸੰਵਾ ਲਈਆਂ
ਬੇਬੇ ਸ਼ੁੱਧ ਖੋਆ ਸੀ ਮਾਰ ਦਿੱਤਾ
ਪੁੱਤ ਡਾਲਰ ਹੂੰਝਣ ਵਲਾਇਤ ਚੱਲਿਆ
ਬਾਪੂ ਹੂੰਝ ਸਾਰਾ ਘਰ-ਬਾਰ ਦਿੱਤਾ
-ਨਿੱਤ ਕਰਦਾ ਪ੍ਰੈਸ ਟੀਟੂ ਪੈਂਟਾਂ ਨੂੰ
ਸ਼ੁਕੀਨੀ ਵਾਲੀ ਨਾ ਕਸਰ ਕੋਈ ਰਹਿ ਜਾਵੇ
ਇਹ ਸਾਜੀ-ਵਾਜੀ ਤਾਂ ਕੋਈ ਲੱਗਦਾ ਨ੍ਹੀ
ਏਅਰਪੋਰਟ 'ਤੇ ਨਾ ਕੋਈ ਕਹਿ ਜਾਵੇ
-ਜੁਲਫ਼ਾਂ ਵਾਹੁੰਦਾ, ਧਾਗੇ ਨਾਲ ਖਤ ਕੱਢਦਾ
ਚਿਮਟਾ ਵਜਾ ਕੇ ਕਦੇ-ਕਦੇ ਦੇਖ ਲੈਂਦਾ
ਕਹਿੰਦੇ ਲੋੜ ਕਾਢ ਦੀ ਮਾਂ ਹੁੰਦੀ
ਰਾਹ ਜਾਣੀਏਂ ਜਦੋਂ ਹੈ ਵਾਹ ਪੈਂਦਾ
-ਸੁਣਨ ਲੱਗਿਆ ਗਵੱਈਏ ਦੇ ਪੌਪ ਗਾਣੇਂ
'ਘੀਂ-ਘੀਂ' ਨਾਲ ਖਰਾਸ ਵਾਂਗ ਕਰੀ ਜਾਵੇ
ਸਿਆਣੇ ਡਿੱਗ-ਡਿੱਗ ਕਹਿੰਦੇ ਸਵਾਰ ਹੁੰਦੇ
ਕੁੱਟ-ਕੁੱਟ ਕੇ ਹੌਂਸਲਾ ਭਰੀ ਜਾਵੇ
-ਟੀਟੂ ਧੋਤੇ ਮੂੰਹ ਚੁਪੇੜ ਵੱਜੀ
ਕਹਿੰਦੇ ਪੌਪ-ਸਿੰਗਰ ਪੁਲਸ ਨੇ ਫੜ ਲਿਆ ਸੀ
ਟੀਟੂ ਪੜਛੱਤੀਓਂ ਹੇਠਾਂ ਆਣ ਡਿੱਗਿਆ
ਪੜ੍ਹਿਆ ਜਦੋਂ, ਕੜੱਕੇ ਵਿਚ ਜੜ ਲਿਆ ਸੀ
-ਬਾਪੂ ਭੱਜਿਆ ਤੁਰੰਤ ਏਜੰਟ ਵੱਲ ਨੂੰ
ਦੇਖਿਆ ਸੀਲ ਦਫ਼ਤਰ, ਦਰਵਾਜਾ ਬੰਦ ਕੀਤਾ
ਡਿੱਗੀ ਖੂਹ 'ਚ ਸੁੱਕੀ ਨਾ ਇੱਟ ਨਿਕਲੇ
ਕਰੜਾ ਪੁਲਸ ਨੇ ਸੀ ਪ੍ਰਬੰਧ ਕੀਤਾ
-ਬਾਪੂ ਪਿੱਟਿਆ ਬੇਬੇ ਵੀ ਵੈਣ ਪਾਏ
ਦੋ ਕਿੱਲੇ ਵੀ ਬਿਲੇ ਲਗਾ ਦਿੱਤੇ
ਚਾਰ ਦਾਣੇ ਆਉਂਦੇ, ਢਿੱਡ ਭਰਦੇ ਸੀ
ਉਹ ਵੀ 'ਬਾਹਰ' ਦੀ ਭੇਂਟ ਚੜ੍ਹਾ ਦਿੱਤੇ
-ਦੇਖ ਬੋਤੇ ਦਾ ਲਮਕਦਾ ਬੁੱਲ੍ਹ ਟੀਟੂ
ਸੁਝਦਾ ਕੁਝ ਨਹੀਂ ਪਤਾ ਨਹੀਂ ਜਾਵੇ ਕਿੱਥੇ
ਅੱਧੀ ਬਾਪੂ ਦੀ ਪੈਲੀ ਵੀ ਗਈ ਵਿਕ ਸੀ
ਗ਼ਰੀਬ ਮਾਪਿਆਂ ਦਾ ਦਿਲ ਧਰਾਵੇ ਕਿੱਥੇ
-ਪੁਲਸ ਗਵੰਤਰੀ ਨੂੰ ਅਦਾਲਤੀਂ ਫਿਰੇ ਖਿੱਚੀ
ਡਰੇ ਟੀਟੂ, ਮੇਰਾ ਨਾਂ ਨਾ ਬੋਲ ਦੇਵੇ
ਜਿਹੜੇ ਕਿੱਸੇ ਉਲੀਕੇ ਸੀ ਬਾਹਰ ਵਾਲੇ
ਕੁੱਟ ਪੁਲਸ ਕੋਲ ਨਾ ਢੋਲ ਦੇਵੇ
-ਜਿੰਨੀ ਛੇਤੀ ਸੀ ਗਰਦੋਗੋਰ ਉਠੀ
ਛਿੱਟਾ ਮਾਰ ਠੰਢੀ ਸੀ ਕਰ ਦਿੱਤੀ
ਜਿਹੜੀ ਸੂਈ ਸੀ ਗਵੱਈਏ 'ਤੇ ਧਰੀ ਹੋਈ
ਚੁੱਕ ਬਾਦਲ ਪ੍ਰੀਵਾਰ 'ਤੇ ਧਰ ਦਿੱਤੀ
-ਫੜ ਪਿਉ-ਪੁੱਤ ਦਿੱਤੇ ਕਰ ਅੰਦਰ
ਅਟੈਚੀ ਵਾਲੀ ਬੀਬੀ ਵੀ ਫਿਰੇ ਭੱਜੀ
ਫੜ ਪਟਿਆਲੇ ਜੇਲ੍ਹ ਵਿਚ ਧੱਕ ਦਿੱਤੇ
ਕੈਪਟਨ ਜਾਵੇ ਬੱਦਲ ਦੇ ਵਾਂਗ ਗੱਜੀ
-ਧਰਵਾਸ ਬਾਪੂ ਨੂੰ ਟੀਟੂ ਦੇਣ ਲੱਗਾ
ਜਿਹੜਾ ਹੋ ਗਿਆ ਮਿੱਟੀ ਪਾ ਬਾਪੂ
ਸਿੰਗਰ ਬਣ ਕੇ ਮੈਂ ਦਿਖਾਊਂ ਤੈਨੂੰ
ਕੰਧਾਂ ਸੋਨੇ ਦੀਆਂ ਦਿਊਂ ਬਣਾ ਬਾਪੂ
-ਚੰਗੇ ਭਲੇ ਸ਼ਰੀਕੇ ਵਿਚ ਵਸਦੇ ਸੀ
ਬੜਾ ਸੋਹਣਾ ਨਿਭਾਅ ਸੀ ਕਰੀ ਜਾਂਦੇ
ਚਾਰ ਸਿਆੜ ਜੋ ਬਾਪੂ ਨੇ ਸੀ ਦਿੱਤੇ
ਢਿੱਡ ਆਪਣਾ ਸੀ ਵਧੀਆ ਭਰੀ ਜਾਂਦੇ
-ਗੱਲ ਬਾਪੂ ਦੀ ਸੁਣੀਂ, ਅਣਸੁਣੀਂ ਕਰਕੇ
ਸੱਪ ਨਵਾਂ ਹੀ ਟੀਟੂ ਨੇ ਕੱਢਿਆ ਸੀ
ਮੈਂ ਰੈਅ ਦੇਵਾਂ, ਗੌਰ ਕਰ ਬਾਪੂ
ਉਹਨੇ ਨਵਾਂ ਹੀ ਪੜੁੱਲ ਇੱਕ ਛੱਡਿਆ ਸੀ
-ਬਾਪੂ ਆਖਦਾ ਅੱਗੇ ਹੀ ਬਹੁਤ ਹੋਗੀ
ਦੱਬੇ ਮੁਰਦੇ ਨਾ ਹੁਣ ਉਖਾੜ ਕਾਕਾ
ਅਸੀਂ ਨਦੀ ਕਿਨਾਰੇ ਰੁੱਖੜੇ ਹਾਂ
ਸਾਡੀ ਦੁਖੀ ਹੈ ਨਾੜ-ਨਾੜ ਕਾਕਾ
-ਜਿਹੜੀ ਬਾਪੂ ਦੀ ਜ਼ਮੀਨ ਹਿੱਸੇ ਆਈ ਸੀਗੀ
ਉਹ ਵੀ ਤੱਕੜ 'ਤੇ ਦਿੱਤੀ ਚਾੜ੍ਹ ਕਾਕਾ
ਮਾਂ ਚੋਰ ਦੀ ਕੋਠੀ ਵਿਚ ਮੂੰਹ ਡੱਕੇ
ਦਿਲ ਹੋਇਆ ਪਿਆ ਭਰਾੜ੍ਹ ਕਾਕਾ
-ਜਿਹੜੀ ਰਹਿੰਦੀ ਪੈਲੀ, ਬਾਪੂ ਉਹ ਵੀ ਬੈਅ ਕਰਦੇ
ਤਵੀਤੀਆਂ-ਛਾਪਾਂ ਬਿਨਾ ਜਮਾਂ ਸਰਨਾ ਨ੍ਹੀ
ਬਿਨਾ ਕੈਂਠਿਆਂ ਤੋਂ ਨ੍ਹੀ ਠੁੱਕ ਬਣਦੀ
ਸੁੱਕੇ-ਸੋਹੜੇ ਬਾਪੂ ਹੁਣ ਮਰਨਾ ਨ੍ਹੀ
-ਪਾ ਕੇ ਕੱਢਵੀਂ ਜਾਕਟ ਨਿੱਤ ਲਾਊਂ ਖਾੜੇ
ਦੋ ਕੁ ਕੈਸਿਟਾਂ ਵੀ ਕਰਵਾਊਂ ਬਾਪੂ
ਦੇ ਕੇ ਪੈਸੇ 'ਐਡ' ਲੁਆਊਂ ਟੀ ਵੀ 'ਤੇ
ਪਬਲੀਸਿਟੀ ਦੀ ਨ੍ਹੇਰੀ ਲਿਆਊਂ ਬਾਪੂ
-ਸੁਣੀ ਗੱਲ ਤੇ ਬਾਪੂ ਬੇਹੋਸ਼ ਹੋਇਆ
ਕਰਦਾ 'ਦਾਅੜ' ਡਿੱਗਿਆ, ਡਾਕਟਰ ਸੱਦਿਆ ਸੀ
ਡਾਕਟਰ ਦੱਸੇ ਇਹ 'ਪੂਰਾ' ਹੋ ਗਿਆ ਹੈ
ਇਹਨੂੰ ਸਦਮਾਂ ਕੋਈ ਚਾਣਚੱਕ ਲੱਗਿਆ ਸੀ
-ਕੀਰਨਾਂ ਪਾਇਆ ਬੇਬੇ, ਟੀਟੂ ਪਿੱਟਿਆ ਸੀ
ਸਾਨੂੰ ਸੁਪਨਿਆਂ ਛੱਜ ਪਾ ਛੱਟਿਆ ਸੀ
ਨਾ ਬਾਹਰ ਗਿਆ ਨਾ ਗਾਇਕ ਬਣਿਆਂ
ਦੱਸ ਸਬਜ਼ਬਾਗਾਂ 'ਚੋਂ ਕੀ ਖੱਟਿਆ ਸੀ
-ਬਾਪੂ ਗਿਆ ਤੇ ਨਾਲੇ ਜ਼ਮੀਨ ਖੁੱਸੀ
ਬਹੁਤਾ ਖਾਂਦੇ ਵੀ ਥੋੜਿਓਂ ਜਾਂਦੇ ਲੱਗੇ
ਕਰੋ ਸਬਰ ਭਾਈ ਸਾਰੇ ਲੋਕ ਕਹਿੰਦੇ
ਦੱਸੋ ਜੋਰ ਕੀ ਐ ਡਾਢੇ ਰੱਬ ਅੱਗੇ

No comments: