Wednesday, October 29, 2008

ਲੇਖ - ਗੁਰੂ-ਘਰਾਂ ਵਿਚ ਹੁੰਦੀ ਮਰਿਆਦਾ ਦੀ ਉਲੰਘਣਾ ਅਤੇ ਪ੍ਰਬੰਧਕ

ਗੁਰੂ-ਘਰਾਂ ਵਿਚ ਹੁੰਦੀ ਮਰਿਆਦਾ ਦੀ ਉਲੰਘਣਾ ਅਤੇ ਪ੍ਰਬੰਧਕ
ਲੇਖ
ਸ਼ਹੀਦੀ-ਇਤਿਹਾਸ ਨਾਲ ਗ੍ਰੰਥਾਂ ਦੇ ਗਰੰਥ ਭਰੇ ਪਏ ਹਨ ਕਿ ਕਿਵੇਂ ਗੁਰੂ-ਕਾਲ ਤੋਂ ਲੈ ਕੇ ਹੁਣ ਤੱਕ ਸਿੱਖੀ ਦੀ ਮਰਿਆਦਾ ਕਾਇਮ ਅਤੇ ਬਰਕਰਾਰ ਰੱਖਣ ਵਾਸਤੇ ਗੁਰੂਆਂ ਨੂੰ ਵੀ ਤੱਤੀ ਤਵੀ ˆਤੇ ਬੈਠਣਾ ਪਿਆ, ਭਿਆਨਕ ਜੰਗਾਂ ਲੜਨੀਆਂ ਪਈਆਂ, ਚਾਂਦਨੀ ਚੌਂਕ ਵਿਚ ਸੀਸ ਦੇਣਾ ਪਿਆ, ਸਰਬੰਸ ਵਾਰਨਾ ਪਿਆ ਅਤੇ ਗੁਰੂ-ਕਾਲ ਤੋਂ ਬਾਅਦ ਇਹ ਸ਼ਹੀਦੀ ਪ੍ਰੰਪਰਾ ਗੁਰੂ ਦੇ ਸਿੰਘਾਂ ਨੇ ਨਿਰੰਤਰ ਜਾਰੀ ਰੱਖੀ ਅਤੇ ਮੱਸੇ ਰੰਘੜ ਵਰਗੇ ਪਾਪੀਆਂ ਦੇ ਸਿਰ ਵੱਢ ਕੇ, ਬੁੱਢਾ ਜੌਹੜ ਵੀ ਪਹੁੰਚਾਏ ਅਤੇ ਗੁਰੂ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ। ਪਾਖੰਡੀਆਂ ਜਾਂ ਗੁਰੂ ਘਰ ਦੇ ਦੋਖੀਆਂ ਨੂੰ ਗੱਡੀ ਚਾੜ੍ਹਿਆ, ਪਰ ਗੁਰੂ ਘਰ ਦੀ ਮਰਿਆਦਾ ਨੂੰ ਆਂਚ ਨਹੀਂ ਆਉਣ ਦਿੱਤੀ। ਬਲੀ ਬਾਬਾ ਦੀਪ ਸਿੰਘ ਜੀ ਨੇ ਬਗੈਰ ਸੀਸ ਤੋਂ ਲੜ ਕੇ, ਇਕ ਅਨੋਖਾ ਇਤਿਹਾਸ ਸਿਰਜ, ਦੁਨੀਆਂ ਨੂੰ ਚਕਿੱਤ ਕਰ ਦਿੱਤਾ। ਭਾਈ ਮਨੀ ਸਿੰਘ ਦੀ ਸ਼ਹੀਦੀ ਕਿਸੇ ਤੋਂ ਲੁਕੀ-ਛੁਪੀ ਨਹੀਂ। ਜਦੋਂ ਭਾਈ ਮਨੀ ਸਿੰਘ ਜੀ ਨੂੰ ਬੰਦ-ਬੰਦ ਕਟਵਾਉਣ ਦਾ ਫ਼ਤਵਾ ਜ਼ਾਲਿਮ ਸਰਕਾਰ ਵੱਲੋਂ ਜਾਰੀ ਹੋਇਆ ਤਾਂ ਲਾਹੌਰ ਦੀ ਸੰਗਤ ਨੇ ਪੰਜ ਹਜ਼ਾਰ ਰੁਪਏ ਇਕੱਠੇ ਕਰ ਲਿਆਂਦੇ। ਸਿਆਣੇ ਦੱਸਦੇ ਹਨ ਕਿ ਉਦੋਂ ਦੇ ਪੰਜ ਹਜ਼ਾਰ ਰੁਪਏ ਅੱਜ ਦੇ 50 ਲੱਖ ਰੁਪਏ ਦੇ ਬਰਾਬਰ ਸਨ। ਲਾਹੌਰ ਦੀ ਸੰਗਤ ਨੇ ਭਾਈ ਮਨੀ ਸਿੰਘ ਪਾਸ ਬੇਨਤੀ ਕੀਤੀ ਕਿ ਭਾਈ ਸਾਹਿਬ ਜੀ, ਤੁਹਾਡੀ ਅਜੇ ਕੌਮ ਨੂੰ ਅਤੀਅੰਤ ਲੋੜ ਹੈ, ਇਹ ਦੁਸ਼ਟ ਜਿਤਨੀ ਮਾਇਆ ਆਖਦੇ ਹਨ, ਅਸੀਂ ਹੋਰ ਇਕੱਠੀ ਕਰ ਕੇ ਦੇ ਦਿੰਦੇ ਹਾਂ, ਪਰ ਤੁਸੀਂ ਸ਼ਹੀਦੀ ਨਾ ਦਿਓ! ਤਾਂ ਭਾਈ ਮਨੀ ਸਿੰਘ ਜੀ ਨੇ ਬਚਨ ਕੀਤਾ ਸੀ: ਤਨ ਗੰਦਗੀ ਕੀ ਕੋਠੜੀ, ਹਰ ਹੀਰਿਆਂ ਦੀ ਖਾਣ, ਜੇ ਤਨ ਦਿੱਤਿਆਂ ਹਰ ਮਿਲੇ, ਤਉ ਭੀ ਸਸਤਾ ਜਾਣ...। ਭਾਈ ਤਾਰੂ ਸਿੰਘ ਦਾ ਕੀ ਕਸੂਰ ਸੀ? ਗੁਰੂ ਦੇ ਸਿੰਘਾਂ ਨੂੰ ਪ੍ਰਛਾਦਾ-ਪਾਣੀ ਛਕਾ ਕੇ ਸੇਵਾ ਕਰਦਾ ਹੁੰਦਾ ਸੀ। ਸਮੇਂ ਦੀ ਜ਼ਾਲਿਮ ਸਰਕਾਰ ਨੇ ਵਰਜਿਆ। ਪਰ ਭਾਈ ਤਾਰੂ ਸਿੰਘ ਜੀ ਨੇ ਹਕੂਮਤ ਦੀ ਗੱਲ ਨਾ ਮੰਨੀ, ਖੋਪੜ ਲੁਹਾਉਣਾ ਜ਼ਰੂਰ ਪ੍ਰਵਾਨ ਕਰ ਲਿਆ। ਖੋਪੜ ਲੁਹਾ ਕੇ ਵੀ ਗੁਰੂ ਦਾ ਸਿੰਘ ਇੱਕੀ ਦਿਨ ਬੈਠਾ ਰਿਹਾ। ਇਹ ਤਾਂ ਇੱਕ-ਦੋ ਟੂਕ-ਮਾਤਰ ਹੀ ਉਦਾਹਰਣਾਂ ਹਨ। ਪਰ ਸੁਆਲ ਤਾਂ ਇਹ ਉਠਦਾ ਹੈ ਕਿ ਇਹ ਸ਼ਹੀਦੀਆਂ ਦੇਣ ਦੀ ਕੀ ਜ਼ਰੂਰਤ ਸੀ? ਇਹ ਸ਼ਹੀਦੀਆਂ ਪੰਥ, ਸਿੱਖੀ-ਸ਼ਾਨ ਅਤੇ ਗੁਰੂ-ਘਰ ਦੀ ਮਰਿਆਦਾ ਵਾਸਤੇ ਸਿੰਘਾਂ ਨੇ ਹੱਸ ਹੱਸ ਕੇ ਦਿੱਤੀਆਂ।ਸਾਡੇ ਗੁਰੂ ਘਰਾਂ ਵਿਚ ਗੁਰੂ ਦੀ ਮਰਿਆਦਾ ਦੀ ਉਲੰਘਣਾ ਸ਼ਰੇਆਮ ਕੀਤੀ ਜਾਂਦੀ ਹੈ, ਪਰ ਪ੍ਰਬੰਧਕ ਮੂਕ-ਦਰਸ਼ਕ ਬਣ ਕੇ ਦੇਖੀ ਜਾਂਦੇ ਹਨ। ਕਿਸੇ ਨੂੰ ਕੋਈ ਰੋਕ ਟੋਕ ਨਹੀਂ ਸਕਦਾ। ਮਹਾਰਾਜਾ ਰਣਜੀਤ ਸਿੰਘ ਦੇ ਮਰਿਆਦਾ ਦੀ ਉਲੰਘਣਾ ਕਰਕੇ ਅਕਾਲੀ ਫ਼ੂਲਾ ਸਿੰਘ ਅਤੇ ਸਰਦਾਰ ਹਰੀ ਸਿੰਘ ਨਲੂਏ ਵੱਲੋਂ ਕੋੜੇ ਮਾਰੇ ਜਾਂਦੇ ਰਹੇ ਹਨ। ਜੇ ਅਕਾਲੀ ਫ਼ੂਲਾ ਸਿੰਘ ਅਤੇ ਜਰਨੈਲ ਹਰੀ ਸਿੰਘ ਨਲੂਆ, ਮਹਾਰਾਜਾ ਰਣਜੀਤ ਸਿੰਘ ਦੇ ਅਹੁਦੇ ਦੀ ਪ੍ਰਵਾਹ ਨਾ ਕਰਦੇ ਹੋਏ, ਉਸ ਨੂੰ ਤਨਖਾਹ ਲਾ ਕੇ ਕੋੜੇ ਮਾਰ ਸਕਦੇ ਸਨ, ਤਾਂ ਅੱਜ ਦੇ ਪ੍ਰਬੰਧਕਾਂ ਨੂੰ ਕੀ ਅਤੇ ਕਿਸ ਕੋਲੋਂ ਡਰ ਜਾਂ ਸ਼ਰਮ ਹੈ ਕਿ ਉਹ ਗੁਰ-ਮਰਿਆਦਾ ਦੀਆਂ ਧੱਜੀਆਂ ਉਡਦੀਆਂ ਸ਼ਰੇਆਮ ਅੱਖੀਂ ਤੱਕ ਰਹੇ ਹਨ ਅਤੇ ਉਹਨਾਂ ਨੂੰ ਰੋਕ ਤੱਕ ਨਹੀਂ ਸਕਦੇ? ਕੀ ਇਹ ਹੀ ਸਿੱਖੀ ਜਾਂ ਸਿੱਖ-ਪੰਥ ਦੀ ਸੇਵਾ ਹੈ? ਕੀ ਸਾਡੇ ਮਨਾਂ ਵਿਚੋਂ ਸਿੱਖੀ ਜਜ਼ਬਾ ਖੰਭ ਲਾ ਕੇ ਉੱਡ ਗਿਆ ਹੈ ਅਤੇ ਅਸੀਂ ਹਰ ਮਨਮਤਿ ਨੂੰ ˆਸਤਿˆ ਕਰਕੇ ਪ੍ਰਵਾਨ ਕਰੀ ਜਾ ਰਹੇ ਹਾਂ? ਫਿਰ ਸਟੇਜਾਂ ਤੋਂ ਸ਼ਹੀਦਾਂ ਦੀਆਂ ਸ਼ਹੀਦੀਆਂ ਦੀ ਗਾਥਾ-ਕਥਾ ਸੁਣਾ-ਸੁਣਾ ਕੇ ਅਸੀਂ ਕੀ ਖੱਟਿਆ, ਜਦੋਂ ਆਪਣੇ ਗੁਰੂ ਘਰ ਵਿਚ ਹੀ ਮਰਿਆਦਾ ਦਾ ਸਤਿਕਾਰ ਨਹੀਂ! ਕੀ ਇਸ ਦਾ ਸਿੱਧਾ ਭਾਵ ਇਹ ਤਾਂ ਨਹੀਂ ਕਿ ਜੇ ਅਸੀਂ ਕਿਸੇ ਨੂੰ ਮਰਿਆਦਾ ਦੀ ਉਲੰਘਣਾ ਕਰਨ ਤੋਂ ਰੋਕ ਬੈਠੇ ਤਾਂ ਪਤਾ ਨਹੀਂ ਕੀ ਪਰਲੋਂ ਆ ਜਾਵੇਗੀ ਅਤੇ ਹੋ ਸਕਦਾ ਹੈ ਕਿ ਸਾਡੀ ਚੌਧਰ ਵੀ ਖਤਰੇ ਵਿਚ ਪੈ ਜਾਵੇ? ਕੀ ਇਹੀ ਸ਼ਹੀਦਾਂ ਦੀਆਂ ਸ਼ਹੀਦੀਆਂ ਪ੍ਰਤੀ ਸਾਡਾ ਅਦਬ-ਸਤਿਕਾਰ ਹੈ? ਦੱਸੋ ਅਸੀਂ ਕਿਹੜਾ ਮੂੰਹ ਲੈ ਕੇ ਸ਼ਹੀਦਾਂ ਦੀਆਂ ਸ਼ਹੀਦੀਆਂ ਦੇ ਗੁਣ ਗਾਉਂਦੇ ਹਾਂ ਅਤੇ ਉਹਨਾਂ ਦੇ ਪਾਏ ਪੂਰਨਿਆਂ ˆਤੇ ਚੱਲਣ ਦੇ ਫ਼ੋਕੇ ਦਮਗੱਜੇ ਮਾਰਦੇ ਹਾਂ?ਆਸਟਰੀਆ, ਸਾਡੇ ਸ਼ਹਿਰ ਵਿਚ ਵਸਦਾ ਇੱਕ ਪ੍ਰੀਵਾਰ ਗੁਰੂ-ਘਰ ਆਉਂਦਾ ਹੈ। ਕਦੇ ਉਹਨਾਂ ਨੂੰ ਲੰਗਰ ਦੀ ਸੇਵਾ ਕਰਦਿਆਂ ਨਹੀਂ ਤੱਕਿਆ, ਕਦੇ ਉਹਨਾਂ ਨੇ ਬਰਤਨਾਂ ਦੀ ਸੇਵਾ ਨਹੀਂ ਕੀਤੀ। ਪਰ ਜਦੋਂ ਉਹ ਗੁਰੂ ਘਰ ਵਿਚ ਆਉਂਦੇ ਹਨ ਤਾਂ ਪਹਿਲਾਂ ਤਾਂ ਸਾਰਾ ਟੱਬਰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ਵਾਲੇ ਪੀੜ੍ਹਾ ਸਾਹਿਬ ਦੇ ਪਾਵੇ ਅਤੇ ਫਿਰ ਬਾਹੀਆਂ ਘੁੱਟਦਾ, ਮੁੱਠੀ-ਚਾਪੀ ਕਰਦਾ ਹੈ। ਗੁਰੂ ਤਾਬਿਆ ਵਿਚ ਲੱਗੀਆਂ ਗੁਰੂ ਸਾਹਿਬਾਨ ਦੀਆਂ ਫ਼ੋਟੋਆਂ ਨੂੰ ਮੱਥੇ ਟੇਕਦਾ ਹੈ। ਸਾਰੀ ਸੰਗਤ ਗਵਾਹ ਹੈ। ਇਸ ਦੇ ਸਬੂਤ ਵਜੋਂ ਸੰਗਤ ਵਿਚੋਂ ਕਿਸੇ ਨੇ ਇਕ ਵੀਡੀਓ ਕੈਸਿਟ ਵੀ ਤਿਆਰ ਕੀਤੀ ਹੋਈ ਹੈ, ਜੋ ਸਮਾਂ ਆਉਣ ˆਤੇ ਪੇਸ਼ ਵੀ ਕੀਤੀ ਜਾ ਸਕਦੀ ਹੈ। ਜੇ ਇਹ ਮਨਮਤਿ ਪੀੜ੍ਹਾ ਸਹਿਬ ਦੀਆਂ ਬਾਹੀਆਂ ਘੁੱਟਣ ਅਰਥਾਤ ਮੁੱਠੀ ਚਾਪੀ ਤੱਕ ਜਾਂ ਫ਼ੋਟੋਆਂ ਨੂੰ ਮੱਥੇ ਟੇਕਣ ਤੱਕ ਹੀ ਸੀਮਤ ਰਹਿੰਦੀ ਤਾਂ ਵੀ ਵਾਹ ਭਲੀ ਸੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਦੋਂ ਗੁਰੂ ਘਰ ਦਾ ਪਾਠੀ ਸਿੰਘ ਸਮੁੱਚੀ ਸੰਗਤ ਵਿਚ ਖੜ੍ਹ ਕੇ, ਗੁਰੂ ਗਰੰਥ ਸਾਹਿਬ ਜੀ ਦੇ ਸਨਮੁੱਖ ਅਰਦਾਸ ਕਰ ਰਿਹਾ ਹੁੰਦਾ ਹੈ ਤਾਂ ਇਸ ਪ੍ਰੀਵਾਰ ਦੇ ਜੀਅ ਅਰਦਾਸ ਦੇ ਨਾਲ-ਨਾਲ, ਉੱਚੀ-ਉੱਚੀ ਬੋਲਦੇ ਹਨ। ਪਰ ਪ੍ਰਬੰਧਕਾਂ ਦਾ ਹੁਣ ਤੱਕ ਇਹ ਦਿਲ ਨਹੀਂ ਪਿਆ ਕਿ ਉਸ ਪ੍ਰੀਵਾਰ ਨੂੰ ਅਰਦਾਸੀ ਸਿੰਘ ਦੇ ਨਾਲ-ਨਾਲ ਬੋਲਣ ਤੋਂ ਵਰਜ ਸਕਣ! ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬਾਨ ਤੋਂ ਲੈ ਕੇ ਸਾਧਾਂ-ਸੰਤਾਂ ਤੱਕ ਨੂੰ, ਕਈ ਸਮਾਗਮਾਂ ˆਤੇ ਅਰਦਾਸ ਵਿਚ ਸ਼ਾਮਿਲ ਹੁੰਦਿਆਂ ਅੱਖੀਂ ਤੱਕਿਆ ਹੈ, ਪਰ ਕਿਸੇ ਜੱਥੇਦਾਰ, ਸਾਧ ਜਾਂ ਸੰਤ ਨੂੰ ਅਰਦਾਸੀ ਸਿੰਘ ਦੇ ਨਾਲ-ਨਾਲ, ਉੱਚੀ-ਉੱਚੀ ਬੋਲ ਕੇ ਅਰਦਾਸ ਕਰਦਿਆਂ ਨਾ ਹੀ ਸੁਣਿਆਂ ਅਤੇ ਨਾ ਹੀ ਦੇਖਿਆ ਹੈ। ਭਾਵੇਂ ਸੰਗਤ ਨੇ ਪ੍ਰਬੰਧਕਾਂ ਦੇ ਨੋਟਿਸ ਵਿਚ ਇਹ ਗੱਲ ਕਈ ਵਾਰ ਲਿਆਂਦੀ ਹੈ, ਪਰ ਪ੍ਰਬੰਧਕ, ˆˆਇਹ ਤਾਂ ਅਗਲੇ ਦੀ ਸ਼ਰਧਾ ਹੈ ਜੀ!ˆˆ ਆਖ ਕੇ ਬਰੀ ਹੋ ਜਾਂਦੇ ਹਨ। ਜੇ ਸੰਗਤ ਵਿਚੋਂ ਹਰ ਸਿੰਘ ਅਤੇ ਬੀਬੀ ਅਰਦਾਸੀ ਸਿੰਘ ਦੇ ਨਾਲ-ਨਾਲ ਬੋਲਣ ਲੱਗ ਪਵੇ, ਫਿਰ ਤਾਂ ਗੁਰੂ ਦੇ ਹਜ਼ੂਰ ਅਰਦਾਸ ਨਹੀਂ, ਇਕ ਧਾਰਨਾ ਗਾਉਣੀ ਹੋ ਗਈ। ਨਾਲੇ ਜਿਹੜੀ ˆਸ਼ਰਧਾˆ ਦੀ ਗੱਲ ਪ੍ਰਬੰਧਕ ਕਮੇਟੀ ਵਾਲੇ ਕਰਦੇ ਹਨ, ਜੇ ਸਾਰੀ ਸੰਗਤ ਆਪਣੀ-ਆਪਣੀ ˆਸ਼ਰਧਾˆ ਪੂਰਨ ਲੱਗ ਪਵੇ ਤਾਂ ਕੀ ਫਿਰ ਪ੍ਰਬੰਧਕ ਗੁਰੂ ਘਰਾਂ ਵਿਚ ਵਰਤ ਰੱਖਣ ਜਾਂ ਹੋਰ ਕਰਮ-ਕਾਂਡਾਂ ਨੂੰ ਵੀ ਸ਼ਰਧਾ ਦਾ ਨਾਮ ਦੇ ਕੇ ਅੱਖੋਂ ਪਰੋਖੇ ਕਰਨਗੇ? ਕੀ ਇਹੀ ਮਰਿਆਦਾ ਹੈ? ਇਹ ਗੱਲਾਂ ਸੰਜੀਦਗੀ ਨਾਲ ਸੋਚਣ ਵਾਲੀਆਂ ਹਨ।ਜੇ ਅਸੀਂ ਕਿਸੇ ਮਿੱਤਰ ਜਾਂ ਰਿਸ਼ਤੇਦਾਰ ਦੇ ਘਰ ਮਹਿਮਾਨ ਬਣ ਕੇ ਜਾਂਦੇ ਹਾਂ, ਤਾਂ ਜੇ ਅਸੀਂ ਉਸ ਰਿਸ਼ਤੇਦਾਰ ਜਾਂ ਮਿੱਤਰ ਦੇ ਘਰ ਦੀ ਟੁਆਇਲਟ ਵਰਤਣ ਦੀ ਥਾਂ ਉਸ ਦੇ ਕੰਧਾਂ-ਕੌਲ਼ਿਆਂ ˆਤੇ ਹੀ ਧਾਰਾਂ ਮਾਰਨ ਲੱਗ ਪਈਏ, ਤਾਂ ਕੀ ਉਹ ਰਿਸ਼ਤੇਦਾਰ ਮਿੱਤਰ ਗੁੱਸੇ ਨਹੀਂ ਹੋਵੇਗਾ? ਜੇ ਅਸੀਂ ਗੁਰੂ ਘਰ ਵਿਚ ਆਉਂਦੇ ਹਾਂ ਅਤੇ ਗੁਰੂ ਦੀ ਮਰਿਆਦਾ ਦਾ ਕਤਈ ਖਿਆਲ ਨਹੀਂ ਕਰਦੇ, ਦੱਸੋ ਗੁਰੂ ਸਾਡੇ ˆਤੇ ਕਿੰਨਾ ਕੁ ਮਿਹਰਵਾਨ ਹੋਵੇਗਾ? ਅਸੀਂ ਗੁਰੂ ਘਰ ਪਾਪ ਬਖਸ਼ਾਉਣ ਲਈ ਆਉਂਦੇ ਹਾਂ, ਨਾ ਕਿ ਪਾਪ ਸਿਰ ਚੜ੍ਹਾਉਣ ਲਈ। ਸਾਡਾ ਗੁਰੂ ਗਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕਣ ਦਾ ਮਤਲਬ ਕੀ ਹੈ? ਆਪਣੀ ਮੂੜ੍ਹ-ਮੱਤ ਗੁਰੂ ਦੇ ਚਰਨਾਂ ਵਿਚ ਅਰਪਨ ਕਰਨੀ ਅਤੇ ਗੁਰੂ ਦੀ ਸੁਮੱਤ ਗ੍ਰਹਿਣ ਕਰਨੀ। ਪਰ ਕੀ ਅਸੀਂ ਇਹ ਕਰਮ-ਕਾਂਡ ਜਾਂ ਮਨਮੱਤੀਆਂ ਕਰ ਕੇ ਵਾਕਿਆ ਹੀ ਗੁਰੂ ਦੀਆਂ ਖ਼ੁਸ਼ੀਆਂ ਪ੍ਰਾਪਤ ਕਰ ਰਹੇ ਹੁੰਦੇ ਹਾਂ? ਹੋ ਸਕਦਾ ਹੈ ਕਿ ਪੀੜ੍ਹਾ ਸਾਹਿਬ ਦੇ ਪਾਵੇ ਘੁੱਟਣ ਵਾਲੇ ਜਾਂ ਫ਼ੋਟੋਆਂ ਨੂੰ ਮੱਥੇ ਟੇਕਣ ਵਾਲੇ ਇਸ ਪ੍ਰੀਵਾਰ ਨੂੰ ਇਸ ਮਨਮਤਿ ਬਾਰੇ ਗਿਆਨ ਨਾ ਹੋਵੇ, ਫਿਰ ਸੰਗਤ ਨੇ ਪ੍ਰਬੰਧਕ ਕਿਸ ਲਈ ਬਿਠਾਏ ਹਨ? ਇਹ ਗੱਲ ਇਕੱਲੇ ਸਾਡੇ ਪ੍ਰਬੰਧਕਾਂ ਦੀ ਹੀ ਨਹੀਂ, ਇਸ ਗੁਰੂ ਘਰ ਵਿਚ ਕਿੰਨੇ ਕਥਾਕਾਰ, ਕਿੰਨੇ ਕੀਰਤਨੀ ਜੱਥੇ ਆਏ ਜਾਂ ਆਉਂਦੇ ਹਨ। ਪਰ ਕਿਸੇ ਨੇ ਵੀ ਇਸ ਮਨਮਤਿ ਬਾਰੇ ਕਿਸੇ ਪ੍ਰਬੰਧਕ ਨੂੰ ਚੌਕਸ ਨਹੀਂ ਕੀਤਾ। ਕਸੂਰ ਕਥਾਕਾਰਾਂ ਜਾਂ ਕੀਰਤਨੀਆਂ ਦਾ ਨਹੀਂ, ਉਹ ਸੋਚਦੇ ਹੋਣਗੇ ਕਿ ਜਦੋਂ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਹੀ ਮਰਿਆਦਾ ਪ੍ਰਤੀ ਅਵੇਸਲੀ ਹੈ, ਤਾਂ ਸਾਨੂੰ ਕੀ ਚੱਟੀ ਪਈ ਹੈ ਕਿ ਅਸੀਂ ਸੰਗਤ ਦੀਆਂ ਨਜ਼ਰਾਂ ਵਿਚ ਬੁਰੇ ਬਣੀਏਂ? ਜੇ ਸੰਗਤ ਵਿਚ ਕਥਾਕਾਰ ਜਾਂ ਕੀਰਤਨੀਏਂ ਹੀ ਨਿਘੋਚਾਂ ਕੱਢਣ ਲੱਗ ਪੈਣ ਤਾਂ ਉਹਨਾਂ ਸੱਜਣਾਂ ਨੂੰ ਮਾਇਆ ਦਾਨ ਕਿਸ ਨੇ ਦੇਣਾ ਹੈ? ਸੰਗਤ ਦੇ ਸਿਰੋਂ ਤਾਂ ਉਹਨਾਂ ਨੂੰ ਕੋਠੀਆਂ-ਕਾਰਾਂ ਉਪਲੱਭਦ ਹਨ। ਹੋਰ ਬਾਬਿਆਂ ਦੇ ਕਿਹੜਾ ਹਲ਼ ਚੱਲਦੇ ਨੇ?ਇਕ ਵਾਰ ਕੋਈ ਕੀਰਤਨੀ ਜੱਥਾ ਇਕ ਗੁਰੂ ਘਰ ਪੰਜਾਬ ਤੋਂ ਆਇਆ ਹੋਇਆ ਸੀ। ਉਹ ਲੰਗਰ ਹਾਲ ਵਿਚ ਸੰਗਤ ਨੂੰ ਲੰਗਰ ਵਰਤਾਉਣ ਲੱਗ ਪਏ। ਬੱਚਿਆਂ ਨੂੰ ਮੱਕੀ ਅਤੇ ਕਣਕ ਦੇ ਪ੍ਰਛਾਦੇ ਵਰਤਾਉਂਦਾ ਜੱਥੇ ਦਾ ਉਹ ਸਿੰਘ ਪੁੱਛ ਰਿਹਾ ਸੀ, ਹਾਂ ਜੀ, ਖੱਟੀ ਰੋਟੀ ਜਾਂ ਚਿੱਟੀ? ਕਣਕ ਜਾਂ ਮੱਕੀ ਦੀ ਰੋਟੀ ਦਾ ਕੋਈ ਜ਼ਿਕਰ ਨਹੀਂ! ਫਿਰ ਸ਼ਾਮ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰ-ਪੁਰਬ ਬਾਰੇ ਚਾਨਣਾ ਪਾਉਂਦਾ ਉਹੀ ਸਿੰਘ ਆਖਣ ਲੱਗਿਆ, ਅਖੇ, ਬੱਚਿਓ ਅਗਲੇ ਹਫ਼ਤੇ ਗੁਰੂ ਨਾਨਕ ਦੇਵ ਜੀ ਦਾ ˆਬਰਥ-ਡੇˆ ਹੈ। ਜੇ ਬੰਦਾ ਇੰਗਲੈਂਡ, ਅਮਰੀਕਾ ਜਾਂ ਕੈਨੇਡਾ ਤੋਂ ਆਇਆ ਹੋਵੇ ਤਾਂ ਸਮਝ ਵਿਚ ਵੀ ਆਉਂਦਾ ਹੈ ਕਿ ਇਹਨਾਂ ਦਾ ਅੰਗਰੇਜ਼ੀ ਬੋਲਣ ਦਾ ˆਰੁਟੀਨˆ ਬਣਿਆਂ ਹੋਇਆ ਹੈ। ਜੇ ਬੱਚੇ ਪੰਜਾਬੀ ਨਾ ਬੋਲਦੇ ਹੋਣ, ਤਾਂ ਵੀ ਅੰਗਰੇਜ਼ੀ ਵਿਚ ਸਮਝਾਉਣ ਦੀ ਸਮਝ ਲੱਗਦੀ ਹੈ। ਪਰ ਜੇ ਪੰਜਾਬ ਤੋਂ ਆ ਕੇ ਸਾਡੇ ਕੀਰਤਨੀਏਂ ਸਿੰਘ, ਪੰਜਾਬੀ ਬੋਲਣ ਵਾਲੇ ਬੱਚਿਆਂ ਨੂੰ ˆਗੁਰ-ਪੁਰਬˆ ਦੀ ਥਾਂ ˆਬਰਥ-ਡੇˆ ਕਹਿ ਸਕਦੇ ਹਨ ਤਾਂ ਸਾਡੇ ਬਾਹਰਲੇ ਦੇਸ਼ਾਂ ਵਿਚ ਵਸਦੇ ਕਥਾ-ਕੀਰਤਨੀ ਜੱਥੇ ਸਾਡੇ ਬੱਚਿਆਂ ਨੂੰ ਕੀ ਆਖਣਗੇ? ਇਹ ਵੀ ਸਾਡੇ ਪ੍ਰਬੰਧਕਾਂ ਨੂੰ ਸੋਚਣਾ ਚਾਹੀਦਾ ਹੈ! ਅਸੀਂ ਆਪਣੇ ਬੱਚਿਆਂ ਨੂੰ, ਜਿੰਨਾਂ ਕੁ ਸਾਨੂੰ ਗੁਰੂ ਕ੍ਰਿਪਾ ਸਦਕਾ ਗਿਆਨ ਹੈ, ਗੁਰ-ਪੁਰਬ, ਜੋਤੀ-ਜੋਤਿ ਸਮਾਉਣ ਜਾਂ ਸ਼ਹੀਦੀ-ਦਿਵਸ ਬਾਰੇ ਜਾਣੂੰ ਕਰਵਾਉਂਦੇ ਰਹਿੰਦੇ ਹਾਂ। ਪਰ ਸਾਡੇ ਪ੍ਰਚਾਰਕ ਸਾਡੇ ਬੱਚਿਆਂ ਨੂੰ ਖੱਟੀ ਰੋਟੀ, ˆਚਿੱਟੀ ਰੋਟੀˆ ਜਾਂ ˆਬਰਥ-ਡੇˆ ਦਾ ਉਪਦੇਸ਼ ਦਿੰਦੇ ਹਨ! ਇਸ ਪਾਸੇ ਵੀ ਪ੍ਰਬੰਧਕਾਂ ਨੂੰ ਤਵੱਜੋਂ ਦੇਣੀ ਬਣਦੀ ਹੈ।ਇਕ ਐਤਵਾਰ ਨੂੰ ਕਮੇਟੀ ਦੇ ਪ੍ਰਬੰਧਕ ਸੇਵਾਦਾਰਾਂ ਨੂੰ ਆਖਣ ਲੱਗੇ ਕਿ ਅਗਲੇ ਹਫ਼ਤੇ ਸੰਗਤ ਬਹੁਤ ਘੱਟ ਆਵੇਗੀ, ਲੰਗਰ ਜਰਾ ਸੋਚ ਸਮਝ ਕੇ ਬਣਾਇਓ। ਸਾਨੂੰ ਸਮਝ ਨਾ ਲੱਗੇ ਕਿ ਪ੍ਰਬੰਧਕਾਂ ਕੋਲ ਕਿਹੜੀ ਗਿੱਦੜਸਿੰਗੀ ਹੈ, ਜਿਸ ਆਸਰੇ ਇਹਨਾਂ ਨੇ ਅੱਜ ਹੀ ਭਵਿੱਖਬਾਣੀ ਕਰ ਦਿੱਤੀ ਕਿ ਅਗਲੇ ਹਫ਼ਤੇ ਸੰਗਤ ਘੱਟ ਆਵੇਗੀ? ਅਸੀਂ ਦੋ-ਚਾਰ ਜਾਣੇਂ ਸਹਿਜ ਸੁਭਾਅ ਹੀ ਪ੍ਰਬੰਧਕਾਂ ਨੂੰ ਕਾਰਨ ਪੁੱਛ ਬੈਠੇ ਕਿ ਤੁਹਾਨੂੰ ਕਿਵੇਂ ਪਤਾ ਹੈ, ਕਿ ਅਗਲੇ ਹਫ਼ਤੇ ਸੰਗਤ ਘੱਟ ਆਵੇਗੀ? ਪ੍ਰਬੰਧਕ ਆਖਣ ਲੱਗੇ, ਅਖੇ, ਅਗਲੇ ਹਫ਼ਤੇ ਬੀਬੀਆਂ ਨੇ ˆਕਰਵਾ-ਚੌਥˆ ਦਾ ਵਰਤ ਰੱਖਣਾ ਹੈ, ਇਸ ਕਰਕੇ! ਬੜਾ ਮਹਿਸੂਸ ਹੋਇਆ ਕਿ ਜੇ ਅਜੇ ਤੱਕ ਬੀਬੀਆਂ ਨੂੰ ਇਹ ਸਮਝ ਨਹੀਂ ਆਈ ਕਿ, ˆˆਅਨਿਕ ਜਤਨ ਕਰਿ ਕਾਲੁ ਸੰਤਾਏ।। ਮਰਣੁ ਲਿਖਾਇ ਮੰਡਲ ਮਹਿ ਆਏ।।ˆˆ ਜਾਂ ˆˆਛੋਡਹਿ ਅੰਨਿ ਕਰਹਿ ਪਾਖੰਡ।। ਨਾ ਸੁਹਾਗਨਿ ਨ ਉਹਿ ਰੰਡਿ।।ˆˆ ਅਥਵਾ ˆˆਜਾਗਤ ਜੋਤਿ ਜਪੈ ਨਿਸ ਬਾਸੁਰ।। ਏਕ ਬਿਨਾ ਮਨ ਨੈਕ ਨ ਆਨੈ।। ਪੂਰਨ ਪ੍ਰੇਮ ਪ੍ਰਤੀਤ ਸਜੈ।। ਬ੍ਰਤ ਗੋਰ ਮੜ੍ਹੀ ਮਟ ਭੂਲ ਨ ਮਾਨੈ।।ˆˆ ਫੇਰ ਗੁਰੂ ਦੀ ਸੰਗਤ ਕਰਨ ਦਾ ਲਾਭ ਕੀ ਹੋਇਆ? ਉਸੇ ਦਿਨ ਹੀ ਮੈਂ ਸਟੇਜ ਤੋਂ ਵਰਤਾਂ ਅਤੇ ਕਰਮ-ਕਾਂਡਾਂ ਪ੍ਰਤੀ ਸਪੀਚ ਕਰ ਬੈਠਾ। ਲੰਗਰ ਛਕਣ ਮੌਕੇ ਪ੍ਰਬੰਧਕ-ਮਿੱਤਰ ਮੇਰੇ ਗਲ ਪੈ ਗਏ, ਅਖੇ ਤੂੰ ਬੀਬੀਆਂ ਨੂੰ ਗੁਰਦੁਆਰੇ ਆਉਣੋਂ ਹਟਾਵੇਂਗਾ। ਲਓ ਜੀ, ਕਰ ਲਓ ਗੱਲ! ਦੱਸੋ ਕੀ ਕਰੋਂਗੇ? ਆਪ ਕੁਝ ਕਹਿਣਾ ਨਹੀਂ, ਦੂਜਿਆਂ ਨੂੰ ਆਖਣ ਨਹੀਂ ਦੇਣਾ, ਸੁਧਾਰ ਕਿਹੜੇ ਪਾਸਿਓਂ ਆਵੇਗਾ? ਇਸ ਪ੍ਰਤੀ ਸਾਡੇ ਪ੍ਰਬੰਧਕਾਂ ਨੂੰ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ!