Tuesday, January 15, 2008

ਵਿਅੰਗ: ਬਾਬਾ ਨਾਨਕ

ਬਾਬਾ ਨਾਨਕ, ਨਵਾਂ ਸਾਲ ਮੁਬਾਰਕ ਹੋਵੇ!
(ਵਿਅੰਗ)

ਧੰਨ ਬਾਬਾ ਨਾਨਕ...! ਧੰਨ ਬਾਬਾ ਨਾਨਕ...!! ਮੇਰੇ ਵਰਗੇ ਪਾਪੀ ਦੁਸ਼ਟ ਦੇ ਧੰਨਭਾਗ....!!! ਜਿਹੜਾ ਮੇਰੇ ਚੰਚਲ ਮਨ ਨੇ ਆਪ ਜੀ ਨੂੰ ਨਵਾਂ ਸਾਲ ਮੁਬਾਰਕ ਕਹਿਣ ਦਾ ਚੇਤਾ ਕਰਵਾਇਆ....। ਬਾਬਾ ਜੀ ਮੈਨੂੰ, ਆਪਣੇ ਬੱਚੇ ਨੂੰ ਬਖ਼ਸ਼ ਦਿਆ ਕਰੋ ਜੀ! ਸਾਨੂੰ ਕਦੇ-ਕਦੇ ਆਪ ਵਰਗੇ ਮਹਾਂਪੁਰਖ਼ਾਂ ਦਾ ਚੇਤਾ ਵਿਸਰ ਜਾਂਦੈ। 'ਕਦੇ-ਕਦੇ' ਤਾਂ ਮੈਂ ਬਹੁਤ ਗ਼ਲਤ ਕਹਿ ਗਿਆ ਬਾਬਾ ਜੀ! ਤੁਸੀਂ ਤਾਂ ਜਾਣੀਂ ਜਾਣ ਹੋ, ਥੋਨੂੰ ਤਾਂ ਸਾਰਾ ਕੁਛ ਹੀ ਪਤੈ, ਥੋਡੇ ਕੋਲ਼ੇ ਝੂਠ ਮਾਰਨ ਦਾ ਕੀ ਫ਼ਾਇਦਾ....? ਪਰ ਕਈ ਵਾਰ ਵਿਗੜਿਆ ਮਨ ਝੂਠ ਬੋਲਣ ਦੀ ਕੋਸਿ਼ਸ਼ ਜ਼ਰੂਰ ਕਰਦੈ। ਇਹਨੂੰ ਚੰਦਰੇ ਨੂੰ ਇਹ ਨ੍ਹੀ ਪਤਾ ਜੀ, ਬਈ ਜੀਹਦੇ ਕੋਲ਼ੇ ਤੂੰ ਝੂਠ ਤੂਫ਼ਾਨ ਤੋਲੀ ਜਾਨੈਂ, ਉਹ ਹੈ ਕੌਣ....? ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ....! ਮਨ ਕਮਲ਼ਾ ਜਾਂ ਪਾਗ਼ਲ ਤਾਂ ਨਹੀਂ ਜੀ, ਪਰ ਵਿਗੜਿਆ ਘੋੜਾ ਜ਼ਰੂਰ ਐ ਸੱਚੇ ਪਾਤਿਸ਼ਾਹ! ਮਨ ਮੈਲ਼ਾ ਤੇ ਗੁਰੂ ਸੱਚਾ..! ਇਸ ਨੂੰ ਤੇ ਮੈਨੂੰ ਮੁਆਫ਼ ਹੀ ਕਰਿਓ ਬਾਬਾ ਜੀ....! ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ।। ਚੋਰ ਯਾਰ ਜੁਆਰ ਹੂੰ ਪਰ ਖਰ ਜੋਹੰਦਾ।। ਨਿੰਦਕ ਦੁਸਟ ਹਰਾਮਖੋਰ ਠਗ ਦੇਸ ਠਗੰਦਾ।। ਕਾਮ ਕਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ।। ਵਿਸਵਾਸਘਾਤੀ ਅਕ੍ਰਿਤਘਣ ਮੈ ਕੋਇ ਨ ਰਾਖੰਦਾ।। ਸਿਮਰ ਮੁਰੀਦਾ ਢਾਡੀਆ ਸਤਗੁਰਿ ਬਖਸ਼ੰਦਾ।। ਇਸ ਲਈ ਬਖ਼ਸ਼ ਹੀ ਲਇਓ ਜੀ...!
ਇਹ ਤਾਂ ਬਾਬਾ ਜੀ ਹੋਗੀ, ਮੇਰੀ ਤੇ ਮੇਰੇ ਮਨ ਦੀ ਗੱਲ....! ਲਓ ਹੁਣ ਤੁਸੀਂ ਦੁਨੀਆਂ ਦੇ ਦਿਲਾਂ ਦੀਆਂ ਗੱਲਾਂ ਵੀ ਸੁਣ ਲਓ! ਪਤਾ ਤਾਂ ਥੋਨੂੰ ਸਾਰਾ ਕੁਛ ਈ ਐ ਬਾਬਾ ਜੀ। ਪਰ ਚੰਦਰੀ ਮੇਰੀ ਜ਼ੁਬਾਨ ਈ ਨ੍ਹੀ ਚੁਗਲੀਆਂ ਕਰਨੋਂ ਬਾਜ਼ ਆਉਂਦੀ। ਬਾਬਾ ਜੀ ਇਹਨੂੰ ਦੋ ਚਾਰ ਚੁਗਲੀਆਂ ਕਰਨ ਦੀ ਖੁੱਲ੍ਹ ਦੇ ਦਿਓ ਜੀ। ਇਹਦੇ ਵੀ ਦਿਲ ਦਾ ਭਾਰ ਹਲਕਾ ਹੋਜੂ। ਥੋਨੂੰ ਕੁਛ ਗੱਲਾਂ ਸੁਣਾਉਨੈਂ ਬਾਬਾ ਜੀ! ਪਰ ਸੁਣਾਊਂ ਹੌਲ਼ੀ, ਕੰਨ 'ਚ....! ਥੋਨੂੰ ਪਤਾ ਈ ਐ ਬਈ ਸੱਚ ਕਹਿਣਾ ਬਹੁਤ ਔਖੈ! ਤੇ ਸੱਚ ਸੁਣਨਾ ਉਸ ਤੋਂ ਵੀ ਜਿ਼ਆਦਾ ਔਖੈ। ਤੇ ਸੱਚ 'ਤੇ ਚੱਲਣਾ, ਆਜੋ ਜੀਹਨੇ ਨੱਚਣਾ ਖੰਡੇ ਦੀ ਧਾਰ 'ਤੇ, ਬਾਬਾ ਜੀ ਸਭ ਤੋਂ ਈ ਔਖੈ....! ਪਰ ਸੱਚ 'ਤੇ ਬਾਬਾ ਜੀ ਚੱਲਦਾ ਵੀ ਕੌਣ ਐਂ? ਇਹ ਤਾਂ ਸ਼ੋਸ਼ੇ ਐ! ਹੌਲ਼ੀ-ਹੌਲ਼ੀ ਗੱਲਾਂ ਮੈਂ ਥੋਨੂੰ ਤਾਂ ਸੁਣਾਉਨੈ, ਬਈ ਕੋਈ ਕਿਤੇ ਸੁਣ ਨਾ ਲਵੇ। ਥੋਨੂੰ ਪਤੈ ਬਈ ਜੀਹਦੇ ਬਾਰੇ ਸੱਚੀ ਗੱਲ ਕਰੋ, ਉਹ ਵੱਢਣ ਨੂੰ ਆਉਂਦੈ ਬਾਬਾ ਜੀ! ਇਹ ਤਾਂ ਥੋਡੀ ਈ ਛਤਰ ਛਾਇਆ ਸਿਰ 'ਤੇ ਰਹਿੰਦੀ ਐ। ਨਹੀਂ ਤਾਂ ਹੁਣ ਨੂੰ ਮੇਰੀ ਪੁੜਪੜੀ ਚਿੱਬੀ ਕੀਤੀ ਹੁੰਦੀ, ਤੇ ਬਾਬਾ ਜੀ ਮੇਰੇ ਫ਼ੁੱਲ ਕੀਰਤਪੁਰ ਸਾਹਿਬ ਪਏ ਹੁੰਦੇ। ਬੜੇ ਲੋਕਾਂ ਨੇ ਸ਼ਰਧਾਂਜਲੀਆਂ ਭੇਂਟ ਕਰਨੀਆਂ ਸੀ! ਹੋ ਸਕਦੈ ਹੁਣ ਤੱਕ ਮੇਰੇ ਨਾਂ 'ਤੇ ਕੋਈ ਮੇਲਾ ਵੀ ਲੱਗਣ ਲੱਗ ਪੈਂਦਾ...? ਜਾਂ ਮੇਰੇ ਨਾਂ 'ਤੇ ਕੋਈ ਪੁਰਸਕਾਰ ਦੇਣਾ ਹੀ ਸ਼ੁਰੂ ਕਰ ਲੈਂਦੇ..?
ਥੋਨੂੰ ਪਤਾ ਈ ਹੋਣੈਂ ਪਿੱਛੇ ਜਿਹੇ ਪਾਤੜੀਂ ਖੂਹੀ ਵਿਚੋਂ ਲੜਕੀਆਂ ਦੇ ਕਿੰਨੇ ਭਰੂਣ ਨਿਕਲ਼ੇ ਐ ਬਾਬਾ ਜੀ? ਦੇਖ ਲਓ ਦੁਨੀਆਂ ਕਿੰਨੀ ਚਤਰ ਐ! ਬਾਹਰ ਫ਼ੱਟਾ ਲਾਇਆ ਸੀ ਬਈ, "ਇੱਥੇ ਭਰੂਣ ਹੱਤਿਆ ਨਹੀਂ ਕੀਤੀ ਜਾਂਦੀ।" ਤੇ ਅੰਦਰ....? ਹੱਤਿਆ ਕਰ-ਕਰ ਕੇ ਅੰਦਰ ਖੂਹੀ ਵਿਚ ਈ ਸੁੱਟੀ ਗਏ। ਉਹ ਤਾਂ ਡਾਕਟਰ ਦਾ ਕਿਸੇ ਨਰਸ ਨਾਲ਼ ਤਨਖਾਹ ਪਿੱਛੇ ਝਗੜਾ ਹੋ ਗਿਆ, ਤਾਂ ਜਾ ਕੇ ਇਹ ਕਾਂਡ ਸਾਹਮਣੇ ਆਇਐ। ਨਹੀਂ ਖੂਹ ਕਿਹੜਾ ਬੋਲਦਾ ਸੀ ਬਾਬਾ ਜੀ....? ਮੰਤਰੀਆਂ ਵਰਗਾ 'ਜੀ ਹਜ਼ੂਰ' ਉਹ ਖੂਹ ਸੀ! ਜੀਹਨੂੰ ਪੰਜਾਬ ਦੇ ਮਸਲੇ ਵਾਂਗੂੰ 'ਅੰਨ੍ਹੀ-ਕਾਣੀ' ਮਨਜੂਰ ਹੋਊ ਜੀ! ਬਾਬਾ ਜੀ ਇਕ ਗੱਲ ਸਮਝ ਨ੍ਹੀਂ ਆਉਂਦੀ। ਬਈ ਉਹ ਭਰੂਣ ਹੱਤਿਆ ਕਰਨ ਵਾਲ਼ਾ ਡਾਕਟਰ ਪਤੰਦਰ ਐਨਾ ਕਤਲੇਆਮ ਕਰਕੇ ਰਾਤ ਨੂੰ ਸੌਂਦਾ ਕਿਵੇਂ ਹੋਊ ਜੀ? ਉਹਨੂੰ ਨੀਂਦ ਕਿਵੇਂ ਆਉਂਦੀ ਹੋਊ ਬਾਬਾ ਜੀ....? ਬਾਬਾ ਜੀ ਤੁਸੀਂ ਤਾਂ ਕਿਹਾ ਸੀ, "ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।" ਪਰ ਇਹ ਥੋਡਾ ਆਖਾ ਊਖਾ ਜਾਂ ਡਰ-ਡੁੱਕਰ ਨ੍ਹੀ ਮੰਨਦੇ ਜੀ? ਤੁਸੀਂ ਤਾਂ ਬਾਬਰ ਨੂੰ 'ਜ਼ਾਬਰ' ਕਹਿ ਕੇ ਚੱਕੀਆਂ ਵੀ ਪੀਸ ਲਈਆਂ ਸੀ ਤੇ ਅਕਾਲ ਪੁਰਖ਼ ਨੂੰ ਮਿਹਣਾ ਵੀ ਮਾਰ ਦਿੱਤਾ ਸੀ, "ਏਤੀ ਮਾਰ ਪਈ ਕੁਰਲਾਣੈ - ਤੈਂ ਕੀ ਦਰਦੁ ਨ ਆਇਆ।।" ਪਰ ਅੱਜ ਦੇ ਕਿਸੇ ਵੀ ਮੰਤਰੀ...? ਮੰਤਰੀ ਤਾਂ ਛੱਡੋ ਜੀ, ਕਿਸੇ ਸਾਧ ਸੰਤ ਨੇ ਵੀ ਹਾਅ ਦਾ ਨਾਅਰਾ ਨਹੀਂ ਮਾਰਿਆ! ਕੀ ਕਰੀਏ ਬਾਬਾ ਜੀ....? ਚੋਰ ਦੀ ਮਾਂ ਕੋਠੀ 'ਚ ਮੂੰਹ!
ਆਪਣੇ ਮਹਾਨ ਭਾਰਤ ਦੇਸ਼ ਵਿਚ ਬਾਬਾ ਜੀ ਇਕ ਮੰਤਰੀ ਨੂੰ ਆਬਦੇ ਪੀ. ਏ. ਦਾ ਕਤਲ ਕਰਨ ਦੇ ਜ਼ੁਰਮ 'ਚ ਉਮਰ ਕੈਦ ਹੋਈ ਸੀ ਜੀ? ਉਹਦਾ ਰੱਸਾ ਲਾਹਤਾ ਜੀ...! ਕੈਦ ਬੋਲਣ ਤੱਕ ਪਤੰਦਰ ਸੰਸਦ 'ਚ ਖੁਰਗੋ ਪੱਟਦਾ ਰਿਹੈ ਜੀ! ਕਿਸੇ ਦੀ ਕੀ ਤਾਕਤ ਸੀ, ਉਹਨੂੰ ਰੋਕ ਜੇ? ਬੜੀ ਝੰਡੀ ਸੀ ਪਤੰਦਰ ਦੀ! ਪੱਚਰੇ ਉੜਾਉਂਦਾ ਸੀ। ਆਪਣੇ ਪੰਜਾਬ 'ਚ ਵੀ ਜੀ ਇਕ ਮੰਤਰੀ ਨੂੰ ਤਿੰਨ ਸਾਲ ਦੀ ਕੈਦ ਹੋਈ ਸੀ। ਕਹਿੰਦੇ ਕਈ ਸਾਲ ਪਹਿਲਾਂ ਕੋਈ ਬੰਦਾ ਮਾਰਤਾ ਸੀ। ਨਹੀਂ-ਨਹੀਂ, ਮਾਰ ਨ੍ਹੀ ਦਿੱਤਾ, ਮਾਰਤਾ ਤਾਂ ਮੇਰੇ ਮੂੰਹੋਂ ਨਿਕਲ਼ ਗਿਆ ਸੀ ਜੀ! ਅਖੇ, ਪੱਸਲ਼ੀਆਂ 'ਚ ਘਸੁੰਨ ਵੱਜਿਆ ਕਰ ਕੇ, ਮਰ ਗਿਆ ਸੀ....! ਉਹਦਾ ਵੀ ਕੋਈ ਕਸੂਰ ਨ੍ਹੀ ਬਾਬਾ ਜੀ! ਕਿਤੇ ਮੂਡ 'ਚ ਆਏ ਤੋਂ ਕਿਸੇ ਦਿਲ ਦੇ ਮਰੀਜ਼ ਦੀ ਵੱਖੀ 'ਚ ਹੂਰਾ ਵੱਜ ਗਿਆ ਜੀ। ਕੀ ਕਸੂਰ ਐ ਵਿਚਾਰੇ ਦਾ....? ਕੁਛ ਵੀ ਤਾਂ ਨਹੀਂ! ਲੋਕਾਂ ਨੇ ਐਵੇਂ ਈ ਪੜਛੱਤੀ ਸਿਰ 'ਤੇ ਚੱਕਲੀ....! ਜੇ ਮੁੱਕੀ ਖਾਣ ਵਾਲ਼ਾ ਈ ਐਨਾ ਥੋੜ-ਦਿਲ ਹੋਵੇ? ਤਾਂ ਮੰਤਰੀ ਸ਼ੰਤਰੀ ਕੀ ਕਰਨ ਜੀ? ਕਿਹੜਾ ਪਤਾ ਲੱਗਦੈ ਬਈ ਅਗਲੇ ਦੇ ਸੱਟ ਕਿੰਨ੍ਹੀ ਕੁ ਵੱਜਦੀ ਐ? ਨਾਲ਼ੇ ਮਾਰਨ ਵੇਲ਼ੇ ਉਹ ਘੈਂਟ ਖਿਡਾਰੀ ਸੀ ਬਾਬਾ ਜੀ। ਘੱਟੋ ਘੱਟ ਮੁੱਕੀ ਖਾਣ ਵਾਲ਼ੇ ਨੂੰ ਐਨਾਂ ਕੁ ਸਹਾਰਨ ਦਾ ਤਾਂ ਬਲ ਰੱਖਣਾ ਹੀ ਚਾਹੀਦਾ ਸੀ, ਬਈ 'ਹਲਟ-ਟੈੱਕ' ਨਾ ਹੁੰਦਾ! ਜੇ ਮੁੱਕੀ ਮਾਰੀ ਤੋਂ ਬੇਦਿਲ ਹੋ ਕੇ ਮਰ ਗਿਆ, ਤਾਂ ਅਗਲਾ ਕੀ ਕਰੇ....? ਵੈਸੇ ਕੋਈ ਗੱਲ ਨ੍ਹੀ ਬਾਬਾ ਜੀ! ਉਹਨੂੰ ਅੰਦਰ ਨ੍ਹੀ ਕੀਤਾ..? ਬਥੇਰਾ ਲਾਣਾ ਬਾਣਾ ਤੇ ਤਾਣਾਂ-ਪੇਟਾ ਉਹਦੇ ਅੱਗੇ ਪਿੱਛੇ ਫਿ਼ਰਦੈ! ਸਾਰੀ ਦਿੱਲੀ ਤੇ ਅੰਬਰਸਰ ਉਹਦੇ ਈ ਐ ਜੀ! ਜੇ ਕਿਤੇ ਖ਼ੁਦਾ ਨਿਖ਼ਾਸਤਾ ਜੇਲ੍ਹ ਜਾਣਾ ਵੀ ਪੈ ਗਿਆ, ਉਹਦੀ ਜੁਆਈਆਂ ਮਾਂਗੂੰ ਸੇਵਾ ਕਰਨਗੇ! ਥੋਨੂੰ ਪਤਾ ਈ ਐ ਬਾਬਾ ਜੀ! ਇਸ ਦੁਨੀਆਂ ਮੰਡੀ 'ਚ ਚੱਲਦੀ ਦਾ ਨਾਂ 'ਗੱਡੀ' ਐ! ਤੇ ਇਹਦੀ ਗੱਡੀ ਨੂੰ ਧੱਕਾ ਲਾਉਣ ਵਾਲ਼ੇ ਬਹੁਤ ਹੈਗੇ ਐ। ਨਾਲ਼ੇ ਇਹਦੀ ਗੱਡੀ ਕਿਹੜਾ ਬਾਬਾ ਜੀ 'ਧੱਕਾ-ਸਟਾਟ' ਐ? ਗੱਡੀ ਤਾਂ ਚਾਬੀ ਲਾਈ ਤੋਂ "ਫ਼ੁਰਰ" ਕਰਦੀ ਐ ਤੇ ਸਿ਼ਕਾਰੀ ਕੁੱਤੀ ਮਾਂਗੂੰ ਤੀੜ ਦਿੰਦੀ ਐ..! ਊਂ ਕਹਿੰਦੇ ਸਜ਼ਾ ਸੁਣਾਉਣ ਤੋਂ ਬਾਅਦ ਵੀ ਬੜੀ ਚੜ੍ਹਦੀ ਕਲਾ 'ਚ ਐ ਜੀ। ਹੋਵੇ ਵੀ ਕਿਉਂ ਨਾ...? ਮਾਮੇ ਕੰਨੀਂ ਨੱਤੀਆਂ ਹੋਣ, ਤਾਂ ਭਾਣਜੇ ਨੇ ਆਕੜਨਾ ਈ ਐ ਜੀ! ਨਾਲ਼ੇ ਜੱਟ ਤਾਂ ਪਤੰਦਰ ਸੁਹਾਗੇ 'ਤੇ ਚੜ੍ਹਿਆ ਮਾਣ ਨ੍ਹੀ ਹੁੰਦਾ! ਇਹ ਤਾਂ ਫੇਰ ਕੁਰਸੀ 'ਤੇ ਬੈਠੈ..!
ਬਾਬਾ ਜੀ ਹੁਣ ਤਾਂ ਮੈਨੂੰ ਲੱਗਦੈ ਬਈ ਸਤਿਯੁਗ ਆਇਆ ਈ ਖੜ੍ਹੈ ਜੀ! ਮੈਨੂੰ ਹਾਲਾਤ ਜਿਹੇ ਦਿਸਦੇ ਐ! ਪਤੈ ਕਿਉਂ....? ਮੈਂ ਆਹ ਪਿਛੇ ਜਿਹੇ ਖ਼ਬਰ ਪੜ੍ਹੀ ਸੀ ਬਾਬਾ ਜੀ, ਬਈ ਇਕ ਪੁਲ਼ਸ ਵਾਲ਼ੇ ਨੇ ਕਿਸੇ ਦਾ ਡਿੱਗਿਆ ਪਿਆ ਬਟੂਆ ਮੋੜਤਾ....! ਹੈ ਕਿ ਨਹੀਂ ਸਤਿਯੁਗ ਆਉਣ ਦੇ ਲੱਛਣ ਜੀ....? ਪਰ ਮੈਨੂੰ ਹੋਰ ਲੱਗਦੈ ਬਾਬਾ ਜੀ, ਬਈ ਬਟੂਏ 'ਚ ਪਤੰਦਰ ਨੂੰ ਕੋਈ 'ਨੀਲਾ' ਨ੍ਹੀ ਦਿਸਿਆ ਹੋਣਾਂ? ਤੁਸੀਂ ਸ਼ੁਕਰ ਕਰੋ ਬਾਬਾ ਜੀ ਬਈ ਬਟੂਏ ਵਾਲ਼ੇ ਦੇ ਛਿੱਤਰ ਨ੍ਹੀ ਪਏ! ਬਈ ਕੰਜਰ ਦਿਆ, ਜੇ ਬਟੂਆ ਰੱਖਣ ਦਾ ਐਨਾ ਈ ਚਾਅ ਐ, ਤਾਂ ਕੋਈ ਸ਼ਾਂਤੀ ਦੇ ਪੁਜਾਰੀ, ਗਾਂਧੀ ਜੀ ਵਾਲ਼ਾ ਨੋਟ ਤਾਂ ਬਟੂਏ 'ਚ ਰੱਖਿਆ ਕਰ! ਚੱਕਣ ਵਾਲ਼ੇ ਨੂੰ ਵੀ ਮਾੜਾ ਮੋਟਾ ਹੌਸਲਾ ਤੇ ਧਰਵਾਸ ਹੋਵੇ! ਦੇਖ ਕੇ ਤਨ ਮਨ ਖਿੜੇ! ਵੈਸੇ ਸਾਰੇ ਪੁਲ਼ਸ ਵਾਲ਼ੇ ਵੀ ਮਾੜੇ ਨਹੀਂ ਬਾਬਾ ਜੀ! ਚੰਗੇ ਵੀ ਖ਼ਸਮਾਂ ਨੂੰ ਖਾਣੇ ਬਥੇਰੇ ਹੈਗੇ ਐ!
ਆਹ ਬਾਬਾ ਜੀ "ਪੰਥਕ ਬੰਦਿਆਂ" ਦੀ ਮੈਨੂੰ ਹੁਣ ਤੱਕ ਸਮਝ ਨ੍ਹੀ ਆਈ ਜੀ, ਬਈ ਇਹ ਪੰਥਕ ਬੰਦੇ ਕੀ ਹੁੰਦੇ ਐ? ਦੋ-ਦੋ ਵਿਆਹ, ਤੇ ਅੱਡੋ-ਅੱਡੀ ਪੰਜ-ਪੰਜ ਜੁਆਕ, ਤੇ ਫੇਰ ਵੀ ਪਤੰਦਰ, 'ਪੰਥਕ'....! ਭੇਖ ਦਿਖਾਵਨ ਜਗਤ ਕੋ ਲੋਗਨ ਕੋ ਵਸ ਕੀਨ।। ਹੋਰ ਤਾਂ ਹੋਰ ਜੀ, ਸਿੱਖੀ ਭਰੂਣ ਹੱਤਿਆ ਦੇ ਖਿ਼ਲਾਫ਼ ਐ ਜੀ! ਤੇ ਭਰੂਣ ਹੱਤਿਆ ਕਰਨ ਵਾਲ਼ੇ ਪੰਥਕ! ਇਸ ਗੱਲ ਦੀ ਸਮਝ ਨਹੀਂ ਆਈ ਜੀ...? ਊਂ ਤਾਂ ਥੋਨੂੰ ਪਤਾ ਈ ਐ ਬਾਬਾ ਜੀ, ਬਈ ਮੈਂ ਤਾਂ ਕਮਲ਼ਾ ਜਿਆ ਬੰਦੈਂ ਜੀ। ਪਰ ਮੈਂ ਕਹਿੰਨੈਂ ਬਈ ਮੈਂ ਇਹਨਾਂ 'ਪੰਥਕ' ਬੰਦਿਆਂ ਨਾਲੋਂ ਜ਼ਰੂਰ ਚੰਗੈਂ ਜੀ। ਮੇਰੇ ਕੋਲ਼ੇ ਪੰਦਰਾਂ ਸਾਲਾਂ ਤੋਂ ਇਕੋ ਈ ਘਰਵਾਲ਼ੀ ਐਂ ਤੇ ਨਾ ਈ ਕਦੇ ਕੋਈ ਭਰੂਣ ਹੱਤਿਆ ਕੀਤੀ ਐ। ਮੇਰੀ ਤਾਂ 'ਕੱਲੀ-'ਕੱਲੀ, ਇਕਲੌਤੀ ਘਰਵਾਲ਼ੀ ਵੀ ਬਾਬਾ ਜੀ ਮਤ੍ਰੇਈ ਮਾਂ ਮਾਂਗੂੰ ਘੂਰਦੀ ਰਹਿੰਦੀ ਐ। ਹੋ ਸਕਦੈ ਜੇ ਇਕ ਅੱਧੀ ਹੋਰ ਰੱਖੀ ਹੁੰਦੀ, ਤਾਂ ਇਹ ਵੀ ਲੋਟ ਹੋ ਜਾਂਦੀ ਜੀ? ਇਹ ਵੀ 'ਕੱਲੀ-'ਕੱਲੀ ਕਰਕੇ ਚਾਂਭਲ਼ੀ ਵੀ ਐ ਜੀ! ਮੇਰੇ ਜੁਆਕ ਵੀ ਬਾਹਲ਼ੇ ਘਤਿੱਤੀ ਐ ਜੀ, ਮਾਂ ਦੀ ਈ ਹਮਾਇਤ ਕਰਦੇ ਐ! ਵੱਡੇ ਘੂਰ ਕੇ, ਤੇ ਛੋਟੇ ਰੋ ਕੇ ਡਰਾਉਂਦੇ ਐ! ਕਿਤੇ ਇਹਨਾਂ 'ਪੰਥਕ' ਬੰਦਿਆਂ ਨੂੰ ਪਹਿਲਾਂ ਈ ਤਾਂ ਨ੍ਹੀ ਕੋਈ ਭਵਿੱਖਬਾਣੀ ਹੋ ਜਾਂਦੀ ਜੀ? ਬਈ ਕੱਲ੍ਹ ਨੂੰ ਤੀਮੀ ਜਾਂ ਜੁਆਕ ਲਾਚੜਨਗੇ, ਇਹਨਾਂ ਦਾ ਜੁਗਾੜ ਪਹਿਲਾਂ ਤੋਂ ਈ ਕਰਕੇ ਰੱਖੋ? ਬਈ ਤੀਮੀ ਦੀ ਹਿੱਕ 'ਤੇ ਦੂਜੀ ਤੀਮੀ ਪਿੱਪਲ਼ ਲਾਓ ਤੇ ਕੁੜੀਆਂ ਨੂੰ ਜੰਮਣ ਈ ਨਾ ਦਿਓ? ਜਾਂ ਤਾਂ ਬਾਬਾ ਜੀ ਇਹਨਾਂ ਨੂੰ ਪੱਕੇ ਪੰਥਕ ਬਣਾ ਕੇ ਸੁਮੱਤ ਬਖ਼ਸ਼ ਦਿਓ ਜੀ। ਤੇ ਨਹੀਂ ਇਹਨਾਂ ਨੂੰ 'ਪੰਥਕ ਬੰਦਿਆਂ' ਦੀ ਪ੍ਰੀਭਾਸ਼ਾ ਜ਼ਰੂਰ ਸਮਝਾਓ ਜੀ! ਇਹ ਮੇਰੀ ਜ਼ਰੂਰੀ ਬੇਨਤੀ ਐ ਜੀ! ਇਹਨੂੰ ਚਿੱਠੀ ਨਾ ਸਮਝਣਾ, ਤਾਰ ਸਮਝਣਾ ਜੀ!
ਆਹ ਹੁਣ ਅਕਾਲੀਆਂ ਤੇ ਕਾਂਗਰਸੀਆਂ ਨੇ ਜਿ਼ਦ ਕਰਕੇ 'ਵੱਡੀਆਂ' ਰੈਲੀਆਂ ਕਰਨ ਦੀ ਇਕ ਹੋਰ ਨਵੀਂ ਪਿਰਤ ਪਾਈ ਐ ਜੀ! ਪਰ ਕਾਹਦੀਆਂ ਰੈਲੀਆਂ ਜੀ...? ਲੋਕਾਂ ਦੀਆਂ ਜੁੱਤੀਆਂ ਤੇ ਲੋਕਾਂ ਦੇ ਸਿਰ! ਦੋਵਾਂ ਰੈਲੀਆਂ 'ਚ ਕਹਿੰਦੇ ਕਿਰਾਏ 'ਤੇ ਭਈਏ ਲਿਆ ਕੇ ਬਿਠਾਏ ਨੇ ਜੀ। ਚਲੋ, ਕਿਸੇ ਦਾ ਤਾਂ ਲੰਗਰ ਪਾਣੀ ਤਾਂ ਤੁਰਿਆ ਜੀ। ਆਪਾਂ ਨੂੰ ਕੀ? ਚਿੜੀਆਂ ਦਾ ਵੀ ਰੱਬ ਤੇ ਬਾਜਾਂ ਦਾ ਵੀ ਰੱਬ! ਆਪਾਂ ਨੂੰ ਤਾਂ ਸਾਰੇ ਇੱਕੋ ਜਿਹੇ ਐ। ਪਰ ਐਤਕੀਂ ਅਮਲੀਆਂ ਬਾਰੇ ਕੋਈ ਖ਼ਬਰ ਨਹੀਂ ਆਈ ਜੀ? ਉਹਨਾਂ ਦਾ ਜੁਗਾੜ ਪਤਾ ਨਹੀਂ ਕਿਵੇਂ ਚੱਲ ਰਿਹਾ ਹੋਊ? ਕਿਤੇ ਕਾਂਗਰਸੀਆਂ ਤੇ ਅਕਾਲੀਆਂ ਦੇ ਭੇੜ੍ਹ 'ਚ ਵਿਚਾਰੇ ਉਹ ਨਾ ਕਤੂਰੇ ਮਾਂਗੂੰ ਦਰੜੇ ਜਾਣ ਜੀ! ਪਿਛਲੀਆਂ ਵੋਟਾਂ ਵੇਲੇ ਤਾਂ ਕਹਿੰਦੇ ਉਹਨਾਂ ਦੀਆਂ ਭੁੱਕੀ ਤੇ ਦਾਰੂ ਨਾਲ ਕੁੱਖਾਂ ਕੱਢਤੀਆਂ ਸੀ ਜੀ। ਪਰ ਐਤਕੀਂ ਤਾਂ ਉਹ ਦਰਵੇਸ਼ ਮੈਨੂੰ ਅਣਗੌਲ਼ੇ ਜਿਹੇ ਲੱਗਦੇ ਐ ਜੀ। ਕਿਤੇ ਉਹ ਨਾ ਵਿਚਾਰੇ ਵੋਟਾਂ ਦੀ ਲੜਾਈ ਦੀ ਭੇਂਟ ਚੜ੍ਹ ਜਾਣ ਜੀ। ਬੱਕਰੇ ਦੀ ਮਾਂ ਕਿੰਨ੍ਹਾਂ ਕੁ ਚਿਰ ਸੁੱਖ ਮਨਾਊ ਜੀ? ਉਹਨਾਂ ਬਿਨਾ ਤਾਂ ਪੰਜਾਬ ਵਿਚਾਰਾ ਸੁੰਨਾਂ ਹੋਜੂ। ਪੰਜਾਬ ਤਾਂ ਕੀ ਸੁੰਨਾਂ ਹੋਜੂ? ਪਰ ਵੋਟਾਂ ਮਰ ਜਾਣਗੀਆਂ ਜੀ। ਰੈਲੀਆਂ ਵੇਲ਼ੇ ਕਹਿੰਦੇ ਸੀ ਕੇਲੇ ਤੇ ਲੰਗਰ ਪਾਣੀ ਦਾ ਸਾਰਾ ਪ੍ਰਬੰਧ ਹੋਊਗਾ ਜੀ। ਪਰ ਮੇਰੇ ਅਰਗੇ ਭੁੱਖਣ ਭਾਣੇ, ਬੂ-ਪਾਹਰਿਆ ਕਰਦੇ ਈ ਮੁੜੇ ਐ ਜੀ। ਅਖੇ, 'ਕਾਲੀਆਂ ਨੇ ਭੁੱਖੇ ਮਾਰਤੇ! ਉਹਨਾਂ ਨੂੰ ਪੁੱਛਣਾ ਹੋਵੇ, ਬਈ ਜਿਹੜੇ ਥੋਨੂੰ ਹੁਣ ਕੇਲੇ ਨਹੀਂ ਖੁਆ ਸਕੇ, ਉਹ ਵੋਟਾਂ ਲੈਣ ਤੋਂ ਬਾਅਦ ਥੋਨੂੰ ਕਿੱਥੋਂ ਬਨੱਕਸ਼ਾਂ ਛਕਾ ਦੇਣਗੇ? ਬਚਨ ਕਰੇ ਤੈ ਖਿਸਕਿ ਜਾਇ ਬੋਲੇ ਸਭ ਕੱਚਾ।। ਚਲੋ ਆਪਾਂ ਨੂੰ ਕੀ ਜੀ..? ਜੀਹਦੀਆਂ ਅੱਖਾਂ ਦੁਖਣਗੀਆਂ, ਆਪੇ ਪੱਟੀ ਬੰਨੂ ਜੀ। ਪਰ ਇਕ ਗੱਲ ਹੋਰ ਐ, ਮਾਨ ਤੇ ਬਿੱਟੂ ਨੂੰ ਪਤੰਦਰ ਸਾਲ 'ਚ ਢਾਈ ਸੌ ਦਿਨ ਅੰਦਰ ਈ ਰੱਖਦੇ ਐ ਜੀ..! ਪਤਾ ਨ੍ਹੀ ਉਹਨਾਂ ਤੋਂ ਕਾਹਦਾ ਡਰ ਐ?
ਸੱਚ ਬਾਬਾ ਜੀ, ਮੈਂ ਭੁੱਲ ਚੱਲਿਆ ਸੀ ਜੀ...ਯਾਦ ਆ ਗਿਆ..! ਐਤਕੀਂ ਕੈਨੇਡਾ ਆਲ਼ਾ ਬਾਬਾ ਬੜਾ ਨੱਚਿਆ ਜੀ..! ਉਂਗਲ਼ ਘੁੰਮਾ ਕੇ ਬੜੇ ਗੇੜੇ ਦਿੱਤੇ ਪਤੰਦਰ ਨੇ..! "ਨ੍ਹੀ ਮੈਂ ਕੈਪਟਨ ਭੰਗੜੇ ਦਾ ਸੋਹਣੀਏਂ ਬਣ ਗਿੱਧਿਆਂ ਦੀ ਰਾਣੀ" ਵਾਲ਼ੇ ਗੀਤ 'ਤੇ ਨੱਚ ਕੇ ਨਜਾਰਾ ਈ ਲਿਆਤਾ ਜੀ! ਜੇ ਮੈਂ ਉਥੇ ਹੁੰਦਾ ਜੀ..ਚਾਰ ਪੈਸੇ ਜਰੂਰ ਵਾਰਦਾ..! ਜੁਆਕ ਘਰੇ ਚਾਹੇ ਭੁੱਖੇ ਈ ਬੈਠੇ ਰਹਿੰਦੇ..ਲੰਮੀ ਬਾਂਹ ਕਰਕੇ ਨੱਚਦਾ, ਪਤੰਦਰ ਕਮਾਲ ਕਰਦਾ ਸੀ..! ਅਸੀਂ ਵੀ ਕਲਾ ਦੇ ਕਦਰਦਾਨ ਐਂ ਜੀ...ਚਲੋ ਉਹਦਾ ਆਬਦਾ ਮਸਲਾ ਐ ਜੀ..! ਸਾਨੂੰ ਕੀ? ਸਾਨੂੰ ਤਾਂ ਆਬਦੇ ਜੁਆਕਾਂ ਦੀ ਰੋਟੀ ਦਾ ਫਿ਼ਕਰ ਲੱਗਿਐ ਪਿਐ ਜੀ। ਪਰ ਜੇ ਮੰਤਰੀਆਂ ਸ਼ੰਤਰੀਆਂ ਨੂੰ 'ਸਭ-ਕੁਛ' ਮੁਆਫ਼ ਐ ਜੀ, ਤਾਂ ਇਹ ਬਾਬੇ ਵੀ ਨੱਚਣ-ਟੱਪਣ 'ਤੇ ਆਪਣਾ ਹੱਕ ਜਿਆ ਜਤਾਉਣ ਲੱਗਪੇ ਜੀ! ਬਾਬਾ ਜੀ, ਆਹ ਪਵਿੱਤਰ ਬੀੜਾਂ ਦਾ ਮਸਲਾ...ਥੋਨੂੰ ਪਤਾ ਈ ਹੋਣੈਂ ਜੀ? ਕਹਿੰਦੇ ਹੁਣ ਤਾਂ 'ਕੰਨਟੇਨਰਾਂ' 'ਚ ਭਰ-ਭਰ ਬਾਹਰ ਨੂੰ ਤੋਰਨ ਲੱਗਪੇ ਜੀ...ਤੇ ਇਕ ਗੁਰਦੁਆਰੇ 'ਚ ਬੀਬੀਆਂ ਨੇ ਕਹਿੰਦੇ ਹਿੰਦੀ ਗੀਤਾਂ 'ਤੇ ਬੜਾ 'ਡਾਂਸ' ਕੀਤਾ ਜੀ ਤੇ ਪ੍ਰਬੰਧਕ ਕਮੇਟੀ ਆਲ਼ੇ ਵੀ ਭੰਗੜੇ ਵਾਲ਼ੀਆਂ 'ਬੀਬੀਆਂ' ਦੇ ਖ਼ੁਸ਼ ਹੋ ਕੇ ਦਰਸ਼ਣ ਕਰਦੇ ਰਹੇ। ਆਹ ਹਵਾਰੇ ਅਰਗਿਆਂ ਨੂੰ ਫ਼ਾਂਸੀ ਦੀ ਸਜ਼ਾ ਦੇਤੀ ਜੀ ਤੇ ਦਿੱਲੀ ਦੰਗਿਆਂ ਆਲਿ਼ਆਂ ਨੂੰ ਬਰੀ ਕਰਤਾ, ਅਖੇ ਸਬੂਤ ਹੈਨੀ...! ਦਿੱਲੀ ਆਲ਼ੇ ਪਤੰਦਰ ਮੁੱਛਾਂ ਮਰੋੜੀ ਫਿ਼ਰਦੇ ਐ ਜੀ...! ਪਰ ਸਜ਼ਾ ਦੇਣ ਆਲਿ਼ਆਂ ਨੂੰ ਵੀ ਪਤੈ ਬਾਬਾ ਜੀ ਬਈ ਹਵਾਰੇ ਅਰਗਿਆਂ ਦੇ ਮਗਰ ਬਹੁਤਿਆਂ ਨੇ ਤਾਂ ਬੋਲਣਾਂ ਈ ਨ੍ਹੀ, ਚੁੱਪ ਈ ਧਾਰ ਲੈਣੀਂ ਐਂ, ਤੇ ਜਿਹੜੇ ਪੰਜ-ਸੱਤ ਬੋਲਣ ਆਲ਼ੇ ਹੈਗੇ ਵੀ ਨੇ, ਉਹਨਾਂ ਨੂੰ ਅਸੀਂ ਗੌਲ਼ਦੇ ਡੱਕਾ ਨ੍ਹੀ? ਆਪੇ ਰੌਲ਼ਾ ਰੱਪਾ ਪਾ ਕੇ ਚੁੱਪ ਕਰ ਜਾਣਗੇ। ਤੇ ਦਿੱਲੀ ਆਲਿ਼ਆਂ ਦੇ ਮਗਰ ਬੋਲਣ ਆਲ਼ੇ ਬਥੇਰੇ ਹੈਗੇ ਐ ਜੀ, ਅਸੀਂ ਕਿਉਂ ਵੈਰ ਪਾਈਏ? ਆਹ ਸਿਰਸੇ ਆਲ਼ੇ ਸਾਧ ਦਾ ਕੁਛ ਬਣੂੰ ਜੀ? ਜਾਂ ਧੂਤਕੜਾ ਜਿਆ ਪੈ ਕੇ ਹਟ ਗਿਐ...? ਆਹ ਲਾਲ ਬੱਤੀ ਆਲ਼ੀਆਂ ਕਾਰਾਂ ਦਾ ਬੜਾ ਰੌਲ਼ਾ ਗੌਲ਼ਾ ਜਿਆ ਹੋਇਆ ਸੀ ਜੀ। ਇਸ ਰੌਲ਼ੇ ਗੌਲ਼ੇ ਨੇ ਤਾਂ ਸਾਡੇ ਪਿੰਡ ਆਲ਼ਾ ਫੱਲ੍ਹੀ ਅਮਲੀ ਵੀ ਖ਼ਰਾਬ ਕਰਤਾ ਜੀ। ਇਕ ਦਿਨ ਡੋਡਿਆਂ ਨਾਲ਼ ਡੱਕ ਕੇ ਆਪਦੇ ਸਾਈਕਲ 'ਤੇ 'ਲਾਲ ਲੈਟ' ਟੰਗੀ ਫਿ਼ਰੇ ਪਤੰਦਰ! ਲਾਲ ਬੱਤੀ ਪਤਾ ਨ੍ਹੀ ਕਿੱਥੋਂ ਹਥਿਆ ਲਿਆਇਆ? ਨਾਲ਼ੇ ਸੈਕਲ 'ਤੇ ਚੜ੍ਹਿਆ ਜਾਂਦਾ ਮੂੰਹ ਨਾਲ਼ "ਟੂੰਅ-ਟਾਂਅ" ਬੁਲਾਵੇ ਜੀ..! ਵੀ. ਆਈ. ਪੀ. ਬਣਦੇ ਬਣਦੇ ਨੂੰ ਪੁਲ਼ਸ ਨੇ ਬੌਡਿਆਂ ਕੋਲ਼ੇ ਫੜ ਕੇ ਮੂਧਾ ਪਾ ਲਿਆ। ਉਹ ਪਿੱਟੇ ਅਖੇ ਜੇ ਕਮੇਟੀਆਂ ਆਲ਼ੇ ਸਰਕਾਰੀ ਕਾਰ 'ਤੇ ਲਾਲ ਬੱਤੀ ਲਾ ਸਕਦੇ ਐ, ਮੈਂ 'ਆਪਦੇ' ਸੈਕਲ 'ਤੇ ਨ੍ਹੀ ਲਾਲ ਬੱਤੀ ਲਾ ਸਕਦਾ? ਨਾਲ਼ੇ 'ਟੂੰਅ-ਟਾਂਅ' ਤਾਂ ਮੈਂ ਮੂੰਹ ਨਾਲ਼ ਬੁਲਾਉਨੈਂ, ਕਿਹੜਾ ਸਰਕਾਰੀ ਬਿਜਲੀ ਫ਼ੂਕਦੈਂ? ਚਲੋ ਚੱਪਣੀਆਂ 'ਚ ਫ਼ਰੜ ਪਾ ਕੇ ਘਰ ਨੂੰ ਤੋਰਤਾ ਜੀ...ਕਹਿੰਦੇ ਬੁਲਾਈ ਚੱਲ ਬਿੱਲੀਆਂ ਮੰਜੀ 'ਤੇ ਪਿਆ...ਖੁੱਲ੍ਹੀ ਛੁੱਟੀ!
ਓਸਾਮਾ ਬਿਨ ਲਾਦੇਨ ਦਾ ਕੁਛ ਪਤਾ ਈ ਨ੍ਹੀ ਲੱਗਿਆ ਜੀ? ਉਹ ਪਤਾ ਨ੍ਹੀ ਕਿਹੜੀ ਕੂਟੀਂ ਜਾ ਚੜ੍ਹਿਐ? ਕਿੰਨੇ ਦੇਸ਼ਾਂ ਦੀ ਫ਼ੋਰਸ ਉਹਦੇ ਮਗਰ ਲਾਈ ਵੀ ਐ। ਬੜਾ ਪਤੰਦਰ ਐ ਜੀ। ਜਦੋਂ ਕਿਤੇ ਹਮਲਾ ਹੁੰਦੈ, ਪਤਾ ਨ੍ਹੀ ਖ਼ਰਗੋਸ਼ ਮਾਂਗੂੰ ਕਿੱਥੇ ਛਹਿ ਜਾਂਦੈ ਜੀ? ਪਰ ਬਾਬਾ ਜੀ, ਜੇ ਉਹ ਮਰ ਵੀ ਗਿਆ। ਉਹਨੂੰ ਮਰਿਆ ਨਹੀਂ ਦੱਸਦੇ। ਕਿਉਂਕਿ ਉਹਦੇ ਸਿਰ 'ਤੇ ਤਾਂ ਇਹ ਠਾਣੇਦਾਰ ਤੇ ਮੁਣਸ਼ੀ ਪੂਰੇ ਸੰਸਾਰ ਦੀ ਅਹੀ ਤਹੀ ਫੇਰੀ ਫਿਰਦੇ ਐ ਜੀ। ਜਿੱਥੇ ਆਬਦਾ ਜੋਰ ਨ੍ਹੀ ਚੱਲਦਾ, ਉਥੇ ਬਦਾਮੀ ਬੁੱਲ੍ਹਾਂ ਤੇ ਚਿੱਟੇ ਦੰਦਾਂ ਵਾਲ਼ੀ ਕੋਂਡੋਲੀਜ਼ਾ ਰਾਈਸ ਨੂੰ ਭੇਜ ਛੱਡਦੇ ਐ ਜੀ। ਪਰ ਬਾਬਾ ਜੀ, ਜਿਵੇਂ ਆਪਾਂ ਜੁਆਕ ਨੂੰ ਡਰ ਨ੍ਹੀ ਦਿੰਦੇ? ਬਈ, "ਸੌਂ ਜਾ ਕੰਜਰ ਦਿਆ! ਨਹੀਂ ਤਾਂ ਬਿੱਲਾ ਆਜੂ....!" ਉਵੇਂ ਇਹਨਾਂ ਨੂੰ ਓਸਾਮਾ ਬਿਨ ਲਾਦੇਨ ਮਿਲਿਆ ਹੋਇਐ ਜੀ। ਜਦੋਂ ਕਿਸੇ ਦੇਸ਼ ਦੀ ਹੇਠਲੀ ਉਤੇ ਕਰਨੀ ਹੋਵੇ, ਤਾਂ ਰੌਲ਼ਾ ਪਾ ਦਿੰਦੇ ਐ, "ਚੁੱਪ..! ਬਿਨ ਲਾਦੇਨ ਆਜੂ....!" ਲੋਕ ਡਰਦੇ ਮਾਰੇ ਰਜਾਈਆਂ 'ਚ ਦੜ ਜਾਂਦੇ ਐ ਜੀ। ਹੁਣ ਹੋਰ ਰੋਲ਼ਾ ਪਾਈ ਜਾਂਦੇ ਐ ਜੀ। ਬਈ ਬਿਨ ਲਾਦਨ ਦੇ ਬੰਦੇ 'ਕੈਮੀਕਲ' ਹਮਲਾ ਕਰ ਸਕਦੇ ਐ....! ਉਹਨੂੰ ਵਿਚਾਰੇ ਨੂੰ ਭਲਾ ਕੈਮੀਕਲ ਦੇ ਅਰਥ ਨਾ ਆਉਂਦੇ ਹੋਣ? ਤੇ ਇਹ 'ਕੈਮੀਕਲ-ਕੈਮੀਕਲ' ਪਿੱਟੀ ਜਾਂਦੇ ਐ। ਦੇਖਲੋ ਬਾਬਾ ਜੀ, ਬਿਨ ਲਾਦੇਨ ਤੇ ਬੁਸ਼ ਪ੍ਰੀਵਾਰ ਦੀ ਕਿੰਨੀ ਮਿੱਤਰਤਾਈ ਸੀਗੀ ਜੀ। ਤੇ ਹੁਣ ਝਾਤੀ ਮਾਰ ਲਓ....? ਇਕ ਦੂਜੇ ਨੂੰ ਦੇਖ ਕੇ ਨ੍ਹੀ ਜਰਦੇ ਜੀ। ਹੈ ਨ੍ਹਾਂ ਕਲਯੁਗ? ਪਰ ਬਾਬਾ ਜੀ, ਇਕ ਗੱਲ ਹੋਰ ਐ, ਜਦੋਂ ਨਾ ਵਸਣਾ ਹੋਵੇ, ਜਾਂ ਨਾ ਵਸਣ ਦੇਣਾ ਹੋਵੇ, ਤਾਂ ਚੰਗੇ ਭਲੇ ਖਾਂਦੇ ਦੀ ਦਾਹੜੀ ਹਿੱਲਣ ਲੱਗ ਪੈਂਦੀ ਐ ਜੀ! ਜਾਂ ਆਟਾ ਗੁੰਨ੍ਹਦੀ ਹਿੱਲਣ ਲੱਗ ਪੈਂਦੀ ਐ ਜੀ! ਕੀ ਕਰੀਏ....? ਜੇ ਬਾਬਾ ਜੀ, ਉਹ ਮਰ ਵੀ ਗਿਆ ਹੋਇਆ, ਤਾਂ ਇਹਨਾਂ ਨੇ ਆਪਣੇ ਹਿਤਾਂ ਲਈ ਉਹਨੂੰ ਜਿਉਂਦਾ ਈ ਰੱਖਣੈਂ। ਜੇ ਉਹਨੂੰ ਈ ਮਾਰਤਾ? ਤਾਂ ਇਹਨਾਂ ਕੋਲ਼ੇ ਦੁਨੀਆਂ ਨੂੰ ਮੂਰਖ਼ ਬਣਾਉਣ ਲਈ, ਜਾਂ ਮਗਰ ਲਾਉਣ ਲਈ ਨਾਅਰਾ ਵੀ ਕਿਹੜਾ ਰਹਿਜੂ ਜੀ..? ਕੋਈ ਵੀ ਤਾਂ ਨਹੀਂ...! ਬਿਨ ਲਾਦੇਨ ਦੇ ਮੋਢੇ ਧਰ-ਧਰ ਕੇ ਤਾਂ ਇਹ ਬੰਦੂਕ ਚਲਾਈ ਜਾਂਦੇ ਐ ਜੀ। ਬੱਸ, ਇਹਨਾਂ ਦੇ ਹੋਕਰੇ ਤੇ ਡਰਾਵੇ, "ਮਾਰਦੂ ਉਏ....! ਫ਼ੂਕਦੂ ਉਏ....! ਕੈਮੀਕਲ ਅਟੈਕ ਕਰਦੂ ਉਏ....! ਫ਼ਨਾਂਹ ਕਰਦੂ ਉਏ....! ਬਚੋ ਮੋੜ ਤੋਂ ਉਏ....!" ਈ ਕਰਦੇ ਰਹਿੰਦੇ ਐ। ਦੁਨੀਆਂ ਡਰ ਨਾਲ਼ ਕੰਬ ਕੇ ਮਗਰ ਲੱਗਪੀ! ਕੌਣ ਮਰਨਾ ਚਾਹੁੰਦੈ ਜੀ....? ਸਾਰੇ ਈ ਸ਼ਾਂਤੀ ਨਾਲ਼ ਜਿਉਣਾ ਚਾਹੁੰਦੇ ਐ।
ਕੀ ਕਰੀਏ ਬਾਬਾ ਜੀ? ਬਹੁਤ ਦੁਖੀ ਐਂ! ਜਿੱਥੇ ਕਿਤੇ, ਜੀਹਦਾ ਕਿਤੇ ਹੱਥ ਪੈਂਦੈ, ਭਰਾੜ੍ਹ ਕਰਕੇ ਛੱਡਦੈ। ਬੱਸ ਮਾੜੀ ਜਿਹੀ ਤੁੰਭ ਲੱਗੀ ਹੋਣੀ ਚਾਹੀਦੀ ਐ। ਅੱਜ ਕੱਲ੍ਹ ਤਾਂ ਇੱਥੇ ਅੱਗੇ ਨਾਲੋਂ ਵੀ ਜਿ਼ਆਦਾ ਬੁਰਾ ਹਾਲ ਐ ਜੀ। ਆਹ ਦੇਖਲੋ, ਕੈਨੇਡਾ 'ਚ ਕਹਿੰਦੇ ਸਮਲਿੰਗੀਆਂ ਨੂੰ ਮਾਨਤਾ ਮਿਲਗੀ ਜੀ। ਤੇ ਜਿਹੜੇ ਮੇਰੇ ਅਰਗੇ ਸੀ, ਉਹ ਤਾਂ ਵਿਰੋਧ 'ਚ ਖੜ੍ਹੇ ਬਾਂਹਾਂ ਹਿਲਾਉਂਦੇ ਰਹੇ ਜੀ। ਤੇ ਜਿਹੜਾ ਕਹਿੰਦੇ ਆਪਣਾ ਕੋਈ ਮੰਤਰੀ ਐ ਜੀ, ਉਹਨੇ ਸਮਲਿੰਗੀਆਂ ਦੇ ਹੱਕ 'ਚ ਵੋਟ ਭੁਗਤਾਈ ਐ ਜੀ! ਅੰਨ੍ਹੀ ਕਉ ਬੋਲ਼ਾ ਘੜੀਸੈ॥ ਨ ਉਸ ਸੁਣੈ ਨ ਉਸ ਦੀਸੈ॥ ਵਾਲ਼ੀ ਗੱਲ ਹੋਈ ਪਈ ਐ ਜੀ। ਹੋਰ ਤਾਂ ਹੋਰ, ਹੁਣ ਤਾਂ ਆਪਣੇ ਪੰਜਾਬ 'ਚ ਵੀ ਦੋ ਸਮਲਿੰਗੀ ਕੁੜੀਆਂ ਨੇ ਸ਼ਾਦੀ ਰਚਾਈ ਐ ਜੀ। ਸ਼ਰਮ ਤੇ ਧਰਮ ਦੋਨੋਂ ਈ ਛੁਪ ਕੇ ਬਹਿਗੇ। ਅੱਜ ਕੱਲ੍ਹ ਤਾਂ ਬਾਬਾ ਜੀ ਕੂੜ ਈ ਪ੍ਰਧਾਨ ਫਿਰਦੈ ਜੀ। ਜਿਹੜੇ ਗਿੱਦੜਮਾਰ ਤੇ ਠੱਗ ਐ, ਉਹਨਾਂ ਦੇ ਚਿਹਰਿਆਂ 'ਤੇ ਲਾਲੀਆਂ ਝਗੜਦੀਐਂ ਤੇ ਸੱਚੇ ਮੂੰਹ ਲਕੋ ਕੇ ਜਿਉਂਦੇ ਐ ਜੀ। ਬੱਸ ਬਾਬਾ ਨਾਨਕ ਜੀ, ਤੁਸੀਂ ਤਾਂ ਘਟ-ਘਟ ਵਿਚ ਵਸਦੇ ਹੋ। ਪਰ ਜੇ ਕਿਤੇ ਥੋਡੇ ਕੋਲ਼ੇ ਟੈਮ ਹੋਵੇ, ਤਾਂ ਇਕ ਵਾਰੀ ਸੰਸਾਰ 'ਤੇ ਆ ਕੇ, ਅੱਗੇ ਮਾਂਗੂੰ ਪ੍ਰਗਟ ਹੋ ਕੇ, ਪ੍ਰਤੱਖ ਫੇਰਾ ਪਾਵੋ ਜੀ। ਇੱਥੇ ਅੱਜ ਵੀ ਬਲੀ ਕੰਧਾਰੀਆਂ, ਸੱਜਣ ਠੱਗਾਂ ਤੇ ਮਲਕ ਭਾਗੋਆਂ ਦਾ ਬੋਲਬਾਲਾ ਹੋ ਗਿਐ ਜੀ! ਜਗਤ ਜਲੰਦਾ ਰਖਿ ਲੈ ਆਪਣੀ ਕ੍ਰਿਪਾ ਧਾਰਿ।। ਜਿਤੁ ਦੁਆਰੈ ਉਬਰੈ ਤਿਤੈ ਲੇਹੁ ਉਬਾਰ।। ਅੱਜ ਵੀ ਧਰਤੀ ਮਾਤਾ ਦਾ ਉਹੀ, ਅੱਗੇ ਵਾਲ਼ਾ ਹਾਲ ਹੋਇਆ ਪਿਐ ਜੀ, "ਭਾਰੇ ਭੂਈ ਅਕ੍ਰਿਤਘਣ ਮੰਦੀ ਹੂੰ ਮੰਦੇ।।" ਬੱਸ ਬਾਬਾ ਜੀ ਆਪਣੇ ਇਸ ਪਾਪੀ ਬੱਚੇ ਦੇ ਸਿਰ 'ਤੇ ਵੀ ਹੱਥ ਰੱਖਿਆ ਕਰੋ ਜੀ। ਤੇ ਨਾਲ਼ੇ ਬਾਬਾ ਨਾਨਕ, ਥੋਨੂੰ ਨਵਾਂ ਸਾਲ ਮੁਬਾਰਕ...!

Sunday, January 6, 2008

Mallomalli Di Kudmani...
ਕਹਾਣੀ: ਮੱਲੋਮੱਲੀ ਦੀ ਕੁੜਮਣੀ

ਮੱਲੋਮੱਲੀ ਦੀ ਕੁੜਮਣੀ

(ਕਹਾਣੀ)

ਅੰਗਰੇਜ਼ੀ ਦੀ ਕਹਾਵਤ ਹੈ, "ਏ ਬਰਨਟ ਚਾਈਲਡ ਡਰੈਡਸ ਦਾ ਫ਼ਾਇਰ!" ਜਰਮਨ ਭਾਸ਼ਾ ਵਿਚ ਇਸ ਨੂੰ, "ਆਈਨ ਗਿਬਰਾਂਤਿਸ ਕਿੰਦ ਸ਼ੋਇਤ ਦਸ ਫ਼ੋਇਰ!" ਪਰ ਠੇਠ ਪੰਜਾਬੀ ਦਾ ਅਖਾਣ ਹੈ, "ਗਧੀ ਡਿੱਗ ਪਈ ਸੀ ਭੱਠੇ 'ਚ ਤੇ ਦੀਵੇ ਵਾਲੇ ਘਰੇ ਨ੍ਹੀ ਸੀ ਵੜਦੀ!" ਇਸੇ ਤਰ੍ਹਾਂ ਹੀ ਦਲੀਪ ਅਮਲੀ ਦੀ ਗੱਲ ਸੀ। ਦਲੀਪ ਸਾਡੇ ਨਾਲ ਸੀਰੀ ਰਲਿਆ ਹੁੰਦਾ ਸੀ। ਸਾਡਾ ਖੂਹ ਵਾਲਾ ਖੇਤ ਚਕਰ ਪਿੰਡ ਦੇ ਨਾਲ ਜਾ ਲੱਗਦਾ ਸੀ। ਚਕਰ ਪਿੰਡ, ਸਤਿਕਾਰਤ ਖੇਡ ਲਿਖਾਰੀ ਪ੍ਰਿੰਸੀਪਲ ਸਰਵਣ ਸਿੰਘ ਦਾ ਪਿੰਡ ਹੈ। ਚਕਰ ਪਿੰਡ ਦਾ ਹੋਣ ਕਰਕੇ ਪ੍ਰਿੰਸੀਪਲ ਸਰਵਣ ਸਿੰਘ ਮੈਨੂੰ ਬੜਾ ਆਪਣਾ-ਆਪਣਾ ਜਿਹਾ ਲੱਗਦਾ ਹੈ।

ਦਲੀਪ ਮੋਟਾ ਅਮਲੀ ਸੀ। ਤਕੜੀ ਅਫ਼ੀਮ ਖਾਂਦਾ ਸੀ।

ਸਾਡਾ ਸਾਢੇ ਪੰਜ ਏਕੜ ਜ਼ਮੀਨ ਦਾ ਬਿੰਜਲ ਪਿੰਡ ਦੇ ਬੰਦਿਆਂ ਨਾਲ ਰੌਲਾ ਚੱਲਦਾ ਸੀ। ਇਹ ਰੌਲਾ ਤਕਰੀਬਨ ਦਸ ਸਾਲ ਚੱਲਿਆ ਅਤੇ ਦਸ ਸਾਲ ਸਾਡੇ ਬਜ਼ੁਰਗਾਂ ਨੇ ਇਹਨਾਂ ਸਾਢੇ ਪੰਜ ਕਿੱਲਿਆਂ 'ਤੇ ਕਬਜ਼ਾ ਰੱਖਿਆ। ਸਾਡੇ ਬਜੁਰਗ ਹੋਰਾਂ ਦੀ ਬੜੀ ਤਕੜੀ ਪਾਰਟੀ ਸੀ, ਅਖਾੜੇ ਵਾਲਾ ਕਾਕਾ ਅਤੇ ਦੇਹੜਕਿਆਂ ਵਾਲਾ 'ਨਹਿੰਗ' ਸਾਡੇ ਖੇਤ ਆਮ ਹੀ ਆਉਂਦੇ ਅਤੇ ਦਸ-ਦਸ ਦਿਨ ਰਹਿੰਦੇ ਸਨ। ਅਖਾੜੇ ਵਾਲਾ ਕਾਕਾ ਮੈਨੂੰ ਨਿੱਕੇ ਹੁੰਦੇ ਨੂੰ ਮੋਢਿਆਂ 'ਤੇ ਚੁੱਕ ਕੇ ਖਿਡਾਉਂਦਾ ਰਿਹਾ ਹੈ। ਅਖਾੜੇ ਵਾਲਾ ਕਾਕਾ ਮੇਰੇ ਬਾਪੂ ਜੀ ਨੂੰ 'ਚਾਚਾ' ਅਤੇ ਮੈਨੂੰ 'ਛੋਟੇ ਭਾਈ' ਆਖ ਕੇ ਬੁਲਾਉਂਦਾ ਹੁੰਦਾ ਸੀ। ਮੁਕੱਦਮੇਂ ਕਰਕੇ ਬਾਪੂ ਜੀ ਨੂੰ ਚੰਡੀਗੜ੍ਹ ਤਰੀਕ ਭੁਗਤਣ ਜਾਣਾ ਪੈਂਦਾ ਸੀ। ਉਦੋਂ ਸ਼ਾਇਦ ਮੈਂ ਦਸਵੀਂ ਜਮਾਤ ਵਿਚ ਪੜ੍ਹਦਾ ਸੀ। ਜਦੋਂ ਬਾਪੂ ਜੀ ਨੇ ਤਰੀਕ ਭੁਗਤਣ ਚੰਡੀਗੜ੍ਹ ਜਾਣਾ ਹੁੰਦਾ ਤਾਂ ਮੈਨੂੰ ਸਕੂਲੋਂ ਛੁੱਟੀ ਲੈਣੀ ਪੈਂਦੀ ਅਤੇ ਮੇਰੀ ਡਿਊਟੀ 'ਉਪਰਲੇ' ਕੰਮਾਂ 'ਤੇ ਲੱਗ ਜਾਂਦੀ। ਖੇਤ ਵਿਚ ਕੰਮ ਕਰਨ ਵਾਲਿਆਂ ਦੀ ਰੋਟੀ ਲੈ ਕੇ ਜਾਣਾ, ਸੀਰੀਆਂ ਨਾਲ ਪੱਠੇ ਲੱਦਵਾ ਕੇ ਲਿਆਉਣੇ, ਮੱਝਾਂ ਛੱਪੜ 'ਤੇ ਲੈ ਕੇ ਜਾਣੀਆਂ, ਆਦਿ!

ਸਾਡੇ ਖੂਹ ਵਾਲੇ ਖੇਤ ਕੱਸੀ ਦਾ ਪਾਣੀ ਲੱਗ ਰਿਹਾ ਸੀ। ਮੈਂ ਦਲੀਪ ਦੀ ਰੋਟੀ ਲੈ ਕੇ ਪਹੁੰਚ ਗਿਆ। ਦਲੀਪ ਰੋਟੀ ਖਾਣ ਲੱਗ ਪਿਆ ਅਤੇ ਮੈਂ ਤੂਤ ਹੇਠਾਂ ਮੰਜਾ ਡਾਹ ਕੇ ਸੌਂ ਗਿਆ। ਦੁਪਿਹਰੇ ਦੋ ਕੁ ਵਜੇ ਦਲੀਪ ਨੇ ਮੈਨੂੰ ਜਗਾਇਆ।

-"ਕੀ ਗੱਲ ਐ ਤਾਇਆ?" ਮੈਂ ਪੁੱਛਿਆ। ਬਾਪੂ ਜੀ ਤੋਂ ਵੱਡਾ ਹੋਣ ਕਰਕੇ ਮੈਂ ਉਸ ਨੂੰ ਹਮੇਸ਼ਾ ਤਾਇਆ ਕਹਿ ਕੇ ਹੀ ਬੁਲਾਉਂਦਾ ਹੁੰਦਾ ਸੀ।

-"ਭਤੀਜ ਕਾਲਜਾ ਮੱਚੀ ਜਾਂਦੈ-ਜਾਹ ਪਿੰਡੋਂ ਲੱਸੀ ਈ ਫੜ ਲਿਆ-ਬੱਕੀ ਲੈ ਜਾਹ।" ਦਲੀਪ ਸਾਈਕਲ ਨੂੰ ਹਮੇਸ਼ਾ 'ਬੱਕੀ' ਹੀ ਕਹਿੰਦਾ ਹੁੰਦਾ। ਲੱਗਦਾ ਸੀ ਕਿ ਉਹ ਅੱਜ ਕੁਝ 'ਮਾਵਾ' ਜਿ਼ਆਦਾ ਹੀ ਖਾ ਗਿਆ ਸੀ। ਜਿਸ ਕਰ ਕੇ ਉਸ ਦਾ ਸੰਘ ਸੁੱਕ ਰਿਹਾ ਸੀ ਜਾਂ ਅੰਦਰ ਵੱਢੀਦਾ ਸੀ।

-"ਤਾਇਆ-ਮੈਂ ਕਿੱਥੇ ਹੁਣ ਤਿੰਨ ਕਿਲੋਮੀਟਰ ਜਾਊਂ-ਕਿੱਥੋਂ ਮੁੜਿਆ ਆਊਂ? ਤੂੰ ਪਾਣੀ ਪੂਣੀ ਪੀ-ਲਾ।" ਮੈਂ ਆਖਿਆ।

-"ਪਾੜ੍ਹਿਆ-ਕਰਲੈ ਬੁੜ੍ਹੇ ਆਦਮੀ ਦੀ ਸੇਵਾ-ਰੱਬ ਤਾਰ ਈ ਦਿਊ।" ਦਲੀਪ ਬੋਲਿਆ।

-"ਤਾਇਆ-ਮੈਂ ਤੈਨੂੰ ਇਕ ਜੁਗਤ ਦੱਸਦੈਂ-ਤੂੰ ਹਜਾਰੇ ਕੇ ਸਹੁਰਿਆਂ ਤੋਂ ਪੀ ਆ-ਨਾਲੇ ਬੁੜ੍ਹੀ ਨਾਲ ਜੱਕੜ ਮਾਰ ਆਈਂ-ਪਾਣੀ ਦਾ ਧਿਆਨ ਮੈਂ ਰੱਖਦੈਂ।" ਸਾਡੇ ਪਿੰਡੋਂ ਨਾਲ ਦੇ ਪਿੰਡ ਚਕਰ ਵਿਚ ਇਕ ਮਿਸਤਰੀਆਂ ਦਾ ਮੁੰਡਾ ਵਿਆਹਿਆ ਹੋਇਆ ਸੀ। ਸਾਡਾ ਸਾਰਾ ਪਿੰਡ ਉਹਨਾਂ ਦੇ ਟੱਬਰ ਨੂੰ "ਕਮਲਿਆਂ ਦਾ ਟੱਬਰ" ਕਹਿੰਦਾ ਸੀ। ਲੰਡੇ ਨੂੰ ਮੀਣਾਂ ਸੌ ਕੋਹ ਦਾ ਵਲ ਪਾ ਕੇ ਮਿਲਣ ਵਾਂਗ, ਹਜਾਰੇ ਨੂੰ ਉਸ ਦੇ ਸਹੁਰੇ ਵੀ ਉਹੋ ਜਿਹੇ ਕੱਛਾਂ ਵਜਾਉਣ ਵਾਲੇ ਹੀ ਟੱਕਰੇ ਸਨ, ਜਿਹੋ ਜਿਹਾ ਉਹ ਆਪ ਸੀ! ਹਜਾਰੇ ਦੇ ਘਰਵਾਲੀ ਕਰਤਾਰੋ ਵੀ ਵਿਚਾਰੀ ਸਿੱਧਰੀ ਸੀ। ਉਹ ਉਂਜ ਮੂੰਹ ਨੰਗਾ ਰੱਖਦੀ, ਪਰ ਹਜਾਰੇ ਤੋਂ ਘੁੰਡ ਕੱਢ ਲਿਆ ਕਰੇ! ਪਰ ਉਹ ਇੱਜ਼ਤ ਦੀ ਮਾੜੀ ਨਹੀਂ ਸੀ। ਕਰਤਾਰੋ ਦੀ ਸੱਸ ਦੇ ਕਾਫ਼ੀ ਸਮਝਾਉਣ ਤੋਂ ਬਾਅਦ, ਤਾਂ ਕਿਤੇ ਜਾ ਕੇ ਉਸ ਨੇ ਹਜਾਰੇ ਤੋਂ ਘੁੰਡ ਚੁੱਕਿਆ। ਉਹ ਹਮੇਸ਼ਾ ਹਜਾਰੇ ਨੂੰ "ਤੂੰ ਜੀ" ਕਹਿ ਕੇ ਬੁਲਾਉਂਦੀ ਹੁੰਦੀ ਸੀ।

ਉਧਰੋਂ ਹਜਾਰੇ ਦੀ ਸੱਸ ਦਿਆਲੋ ਵੀ ਉਹੋ ਜਿਹੀ ਹੀ 'ਚੜ੍ਹਦੀ ਕਲਾ' ਵਾਲੀ ਸੀ।

-"ਹਾਂ-ਇਹ ਪਾੜ੍ਹਿਆ ਤੂੰ ਗੱਲ ਲੱਖ ਰੁਪਈਏ ਦੀ ਕੀਤੀ-ਹਜਾਰੇ ਦੇ ਸਹੁਰਿਆਂ ਤੋਂ ਲੱਸੀ ਮਿਲ ਸਕਦੀ ਐ-ਨਾਲੇ ਬਾਹਲੀ ਵਾਟ ਨਾ ਜਾਣਾ ਪਊ-ਤੂੰ ਕਿਆਰਾ ਦੇਖ ਕੇ ਨੱਕਾ ਮੋੜਦੀਂ।" ਦਲੀਪ ਕਹੀ ਰੱਖ ਅੱਡੀਆਂ ਨੂੰ ਥੁੱਕ ਲਾ ਗਿਆ।

ਹਜਾਰੇ ਦੀ ਸੱਸ ਦਿਆਲੋ ਨਲਕੇ ਤੋਂ ਮੱਝ ਨੂੰ ਪਾਣੀ ਪਿਆ ਰਹੀ ਸੀ।

-"ਤਕੜੀ ਐਂ ਮਾਸੀ?" ਦਲੀਪ ਨੇ ਗੱਲ ਚਲਾਈ।

-"ਵੇ ਕੌਣ ਐਂ ਭਾਈ ਤੂੰ?" ਬੁੜ੍ਹੀ ਨੇ ਨਲਕਾ ਰੋਕ ਕੇ ਪੁੱਛਿਆ।

-"ਮੈਂ ਕੁੱਸਿਓਂ ਆਂ ਮਾਸੀ!"

-"ਅੱਛਾ! ਮੈਂ ਵੀ ਆਖਾਂ-ਆ ਜਾਹ ਲੰਘਿਆ ਭਾਈ!"

ਦਲੀਪ ਅੰਦਰ ਲੰਘ ਗਿਆ।

-"ਦੇਹ ਗੱਲ ਭਾਈ ਹਜਾਰਾ ਸਿਉਂ ਹੋਰਾਂ ਦੀ?"

-"ਸਭ ਸੱਤੇ ਖੈਰਾਂ ਐਂ ਮਾਸੀ-ਮੈਂ ਕੱਲ੍ਹ ਈ ਚੌਅ ਕੁਟਵਾ ਕੇ ਲਿਆਇਐਂ।" ਦਲੀਪ ਨੇ ਪੀੜ੍ਹੀ ਖਿੱਚ ਲਈ।

-"ਚੱਲ ਸ਼ੁਕਰ ਐ ਭਾਈ।" ਬੁੜ੍ਹੀ ਮੱਝ ਬੰਨ੍ਹਣ ਲੱਗ ਪਈ।

ਦਲੀਪ ਪੀੜ੍ਹੀ 'ਤੇ ਸੂਤ ਹੋ ਕੇ ਬੈਠ ਗਿਆ। ਉਸ ਨੂੰ ਯਕੀਨ ਆ ਗਿਆ ਕਿ ਬੁੜ੍ਹੀ ਸੁਰ ਵਿਚ ਹੀ ਬੋਲ ਰਹੀ ਸੀ।

-"ਚਾਹ ਬਣਾਵਾਂ ਭਾਈ?"

-"ਨਹੀਂ ਮਾਸੀ-ਚਾਹ ਦੀ ਤਾਂ ਲੋੜ ਨ੍ਹੀ-ਜੇ ਲੱਸੀ ਘੁੱਟ ਪਈ ਐ ਤਾਂ-?" ਦਲੀਪ ਨੇ ਅਸਲ ਗੱਲ ਦੱਸੀ।

-"ਲੈ ਭਾਈ ਲੱਸੀ ਜੁੱਗ-ਜੁੱਗ ਪੀਓ-ਪ੍ਰਮਾਤਮਾ ਦਾ ਦਿੱਤਾ ਬਹੁਤ ਕੁਛ ਐ।"

-"-----।"

-"ਤੂੰ ਬੈਠ ਭਾਈ-ਮੈਂ ਲੱਸੀ 'ਚ ਨੂਣ ਖੋਰ ਕੇ ਲਿਆਈ।" ਬੁੜ੍ਹੀ ਅੰਦਰ ਚਲੀ ਗਈ।

-"ਜਿਉਂਦੀ ਵਸਦੀ ਰਹਿ ਮਾਸੀ-ਜਿਉਂਦੀ ਵਸਦੀ ਰਹਿ!"

-"ਨੂਣ ਬਿਨਾ ਭਾਈ ਲੱਸੀ ਚੰਗੀ ਨ੍ਹੀ ਹੁੰਦੀ-ਸੌ ਬਿਮਾਰੀਆਂ ਲੱਗਦੀਐਂ-ਪਰ ਨੂਣ ਪਾ ਕੇ ਲੱਸੀ ਪੀਣੀ ਸੌ ਰੋਗਾਂ ਦੀ ਦਾਰੂ ਐ।" ਬੁੜ੍ਹੀ ਨੇ ਲੱਸੀ ਦਾ ਭਰਿਆ ਕੁੱਜਾ ਦਲੀਪ ਕੋਲੇ ਲਿਆ ਧਰਿਆ।

ਉਸ ਨੇ ਫ਼ੌਜੀ ਕੱਪ ਕੰਗਣੀਂ ਤੱਕ ਕਰਕੇ ਦਲੀਪ ਨੂੰ ਫੜਾ ਦਿੱਤਾ। ਦਲੀਪ 'ਚਰੜ-ਚਰੜ' ਕਰਕੇ ਚਾੜ੍ਹ ਗਿਆ। ਅੰਦਰ ਠੰਢ ਪੈ ਗਈ। ਮੱਚਦਾ ਕਾਲਜਾ ਠਰ ਗਿਆ। ਬੁੜ੍ਹੀ ਨੇ ਇੱਕ ਕੱਪ ਹੋਰ ਭਰ ਦਿੱਤਾ। ਉਹ ਔਖਾ-ਸੌਖਾ ਪੀ ਗਿਆ।

-"ਬੱਸ ਮਾਸੀ---!" ਉਸ ਨੇ ਕੱਪ ਹੇਠਾਂ ਰੱਖ ਦਿੱਤਾ।

-"ਲੈ ਭਾਈ ਇਕ ਅੱਧਾ ਤਾਂ ਹੋਰ ਪੀ! ਇਹ ਨੂਣ ਤੇਰੇ ਆਸਤੇ ਈ ਖੋਰਿਐ!" ਬੁੜ੍ਹੀ ਨੇ ਇਕ ਕੱਪ ਹੋਰ ਭਰ ਦਿੱਤਾ। ਪੁੜਾਂ ਸੰਨ੍ਹ ਆਏ ਦਲੀਪ ਨੇ ਲੱਸੀ ਨਾਲ ਭਰਿਆ ਕੱਪ ਮਸਾਂ ਹੀ ਅੰਦਰ ਸੁੱਟਿਆ। ਉਸ ਦਾ ਢਿੱਡ ਸਾਹਮਣੇਂ ਪਏ ਮੱਘੇ ਵਾਂਗ ਹੀ ਬਾਹਰ ਨੂੰ ਆ ਗਿਆ ਸੀ!

-"ਲੈ ਭਾਈ ਇਕ ਹੋਰ!" ਬੁੜ੍ਹੀ ਨੇ ਕੁੱਜਾ ਫੇਰ ਚੁੱਕ ਲਿਆ।

-"ਨਹੀਂ ਮਾਸੀ-ਪੂਛ ਆਲੇ ਬਾਬੇ ਦੀ ਸਹੁੰ-ਹੁਣ ਬੱਸ!" ਘਾਬਰੇ ਦਲੀਪ ਨੂੰ ਹਨੂੰਮਾਨ ਮਹਾਰਾਜ ਜੀ ਦਾ ਨਾਂ ਨਹੀਂ ਸੁੱਝ ਰਿਹਾ ਸੀ।

-"ਵੇ ਭਾਈ ਤੂੰ ਮੈਨੂੰ ਮਾਸੀ-ਮਾਸੀ ਕਾਹਤੋਂ ਆਖੀ ਜਾਨੈਂ? ਤੂੰ ਮੇਰੀ ਤਾਂ ਉਮਰ ਦੈਂ-ਮੈਨੂੰ ਕੁੜਮਣੀ ਆਖਗਾਂ।" ਉਸ ਨੇ ਕਮਲਪੁਣੇਂ ਦਾ ਪਹਿਲਾ 'ਰਾਕਟ' ਦਾਗਿਆ।

-"ਚਾਹੇ ਬੇਬੇ ਅਖਵਾ ਲੈ-ਪਰ ਲੱਸੀ ਬੱਸ!" ਦਲੀਪ ਨੂੰ ਖਹਿੜਾ ਛੁਡਾਉਣਾ ਮੁਸ਼ਕਿਲ ਹੋ ਗਿਆ ਸੀ।

-"ਕਿਉਂ ਬੇਬੇ ਕਾਹਤੋਂ ਕਹੇਂ ਤੂੰ ਮੈਨੂੰ? ਪਤਾ ਨ੍ਹੀ ਕਿੱਥੋਂ ਦਾ ਕੱਢਿਆ ਵੱਢਿਆ ਵਿਐਂ? ਪਰ ਲੱਸੀ ਤੈਨੂੰ ਸਾਰੀ ਪੀਣੀ ਪਊ-ਇਹ ਨੂਣ ਤੇਰੇ ਆਸਤੇ ਈ ਖੋਰਿਐ।" ਬੁੜ੍ਹੀ ਦੇ ਕਮਲਪੁਣੇਂ ਦੀ ਸੂਈ ਖ਼ਤਰੇ ਵਾਲੀ ਟੀਸੀ 'ਤੇ ਪਹੁੰਚ ਗਈ ਸੀ।

ਦਲੀਪ ਕੱਪ ਸੁੱਟ ਕੇ ਭੱਜ ਤੁਰਿਆ।

ਪਰ ਬੁੜ੍ਹੀ ਅਜੇ ਵੀ ਕੁੱਜਾ ਚੁੱਕੀ ਮਗਰ ਭੱਜੀ ਆ ਰਹੀ ਸੀ।

-"ਤੂੰ ਜਾਏਂਗਾ ਕਿੱਥੇ? ਨੂਣ ਤੇਰੇ ਆਸਤੇ ਈ ਖੋਰਿਐ-ਲੱਸੀ ਸਾਰੀ ਪੀਣੀ ਪਊ!" ਦੀ ਰਟ ਲਾਈ ਜਾ ਰਹੀ ਸੀ।

---ਮੈਂ ਤੂਤਾਂ ਥੱਲੇ ਮੰਜੇ 'ਤੇ ਬੈਠਾ ਦਲੀਪ ਦੀ ਉਡੀਕ ਕਰ ਰਿਹਾ ਸੀ। ਅਚਾਨਕ ਦੂਰੋਂ ਉਹ ਮੈਨੂੰ ਸਿਰਤੋੜ ਭੱਜਿਆ ਆ ਰਿਹਾ ਦਿਖਾਈ ਪਿਆ। ਉਹ ਤੂਤਾਂ ਹੇਠ ਆ ਕੇ ਬੈਠਾ ਨਹੀਂ, ਇਕ ਤਰ੍ਹਾਂ ਨਾਲ ਡਿੱਗ ਹੀ ਪਿਆ। ਸਾਹੋ-ਸਾਹ ਹੋਇਆ!

-"ਕਿਉਂ ਤਾਇਆ-ਪੀ ਆਇਆ ਲੱਸੀ?" ਮੈਂ ਪੁੱਛਿਆ।

-"ਪਾੜ੍ਹਿਆ ਮਾਰੇ ਗਏ ਸੀ।"

-"ਕਿਉਂ?" ਮੈਂ ਹੱਸਦਿਆਂ ਪੁੱਛਿਆ।

-"ਉਹ ਟੱਬਰ ਤਾਂ ਜਿਵੇਂ ਸੁਣਿਆਂ ਸੀ-ਉਵੇਂ ਈ ਐਂ-ਅੱਜ ਦੇ ਬਚੇ ਬਹੁਤ ਵਾਰੀ ਬਚਾਂਗੇ।" ਉਸ ਨੇ ਸਾਰੀ ਕਹਾਣੀ ਸੁਣਾਈ ਤਾਂ ਸਾਡੀਆਂ ਹੱਸਦਿਆਂ ਦੀਆਂ ਵੱਖੀਆਂ ਟੁੱਟ ਗਈਆਂ।

ਦਲੀਪ ਨੇ ਸਤੱਤਰ ਸਾਲ ਦਾ ਹੋ ਕੇ 'ਚੜ੍ਹਾਈ' ਕੀਤੀ। ਪਰ ਮਰਨ ਤੱਕ ਉਹ ਚਕਰ ਪਿੰਡ ਨਹੀਂ ਸੀ ਵੜਿਆ।