Monday, September 17, 2007

Buddhey Dariya Di Jooh...






Posted by Picasa

ਕਹਾਣੀ: ਬੁੱਢੇ ਦਰਿਆ ਦੀ ਜੂਹ

ਬੁੱਢੇ ਦਰਿਆ ਦੀ ਜੂਹ
(ਕਹਾਣੀ)

ਪੂਰੇ ਪੈਂਤੀ ਸਾਲ ਹੋ ਗਏ ਸਨ ਬਦਨ ਸਿੰਘ ਨੂੰ ਆਸਟਰੀਆ ਆਏ ਹੋਏ। ਪ੍ਰਵਾਸ ਭੋਗਦਿਆਂ ਬੜੀਆਂ ਠੰਢੀਆਂ-ਤੱਤੀਆਂ ਹਵਾਵਾਂ ਪਿੰਡੇ 'ਤੇ ਵਗੀਆਂ। ਪਰ ਉਹ ਚੜ੍ਹਦੀ ਕਲਾ ਵਿਚ ਹੀ ਰਿਹਾ। ਕਿਸੇ ਪੱਖੋਂ ਗਿ਼ਲਾ ਨਾ ਕੀਤਾ। ਚੰਗੇ-ਮੰਦੇ, ਭਾਰੇ ਕੰਮ ਵੀ ਕੀਤੇ। ਗੋਰਿਆਂ ਦੇ ਛੋਕਰਿਆਂ ਦੀਆਂ ਢੁੱਚਰਾਂ ਸਹੀਆਂ। ਪਰ ਬਦਨ ਸਿੰਘ ਪਰਬਤ ਵਾਂਗ ਅਡੋਲ ਰਿਹਾ ਅਤੇ ਫ਼ੌਲਾਦ ਵਾਂਗ ਅਟੁੱਟ! ਸਿਰੜੀ ਸਾਧੂ ਵਾਂਗ ਪੈਂਤੀ ਸਾਲ ਤਪੱਸਿਆ ਹੀ ਕੀਤੀ ਸੀ। ਹਲਾਲ-ਹੱਕ ਦੀ ਕਮਾਈ ਦੀ ਤਪੱਸਿਆ! ਮਾੜੇ ਜਾਂ ਮਜ਼ਬੂਰ ਬੰਦੇ ਦੇ ਕੰਮ ਆਉਣਾ ਬਦਨ ਸਿੰਘ ਦੀ ਇੱਕ ਤਰ੍ਹਾਂ ਦੀ ਫਿ਼ਤਰਤ ਸੀ। ਕਿਸੇ ਦਾ ਦੁੱਖ ਉਹ ਝੱਲ ਨਹੀਂ ਸਕਦਾ ਸੀ। ਜਿੰਨੀ ਜੋਕਰਾ ਹੁੰਦਾ, ਵੱਧ ਚੜ੍ਹ ਕੇ ਮੱਦਦ ਕਰਦਾ। ਨੇਕ ਨੀਅਤ ਨੂੰ ਵੀ ਕਾਹਦੇ ਘਾਟੇ? ਪ੍ਰਮਾਤਮਾ ਨੇ ਵੀ ਉਸ ਨੂੰ ਸਾਰਾ ਕੁਝ ਬਖ਼ਸ਼ ਦਿੱਤਾ ਸੀ। ਆਸਟਰੀਆ ਵਿਚ ਖੁੱਲ੍ਹਾ-ਡੁੱਲ੍ਹਾ ਘਰ, ਧਨ-ਦੌਲਤ ਅਤੇ ਚਾਰ ਪੁੱਤਰ! ਬਦਨ ਸਿੰਘ ਦਰਵੇਸ਼ ਬੰਦਾ ਸੀ। ਰੱਬ ਦੀ ਰਜ਼ਾ ਵਿਚ ਰਾਜ਼ੀ ਰਹਿਣ ਵਾਲਾ ਦਿਆਲੂ ਪੁਰਸ਼। ਹੁਣ ਪਿਛਲੇ ਸਾਲ ਪੈਨਸ਼ਨ 'ਤੇ ਹੋਇਆ ਸੀ।
ਜਿਸ ਦਿਨ ਹਰਪ੍ਰੀਤ ਦੀ ਮੌਤ ਹੋਈ ਤਾਂ ਬਦਨ ਸਿੰਘ ਨਦੀ ਕਿਨਾਰੇ ਖੜ੍ਹੇ ਰੁੱਖ ਵਾਂਗ ਜੜ੍ਹੋਂ ਹੀ ਪੱਟਿਆ ਗਿਆ। ਉਹ ਹਰਪ੍ਰੀਤ ਨੂੰ ਆਪਣੇ ਸਕੇ ਪੁੱਤਰਾਂ ਤੋਂ ਵੱਧ ਪਿਆਰ ਕਰਦਾ ਸੀ। ਹਰਪ੍ਰੀਤ, ਬਦਨ ਸਿੰਘ ਦੇ ਛੋਟੇ ਭਰਾ ਅਤੇ ਸਾਲੀ ਦਾ ਪੁੱਤ ਸੀ। ਸਕੀ ਸਾਲੀ ਦਿਲਜੀਤ ਦਾ ਰਿਸ਼ਤਾ ਉਹ ਆਪ ਆਪਣੇ ਸਕੇ ਭਰਾ ਦਿਲਬਾਗ ਲਈ ਲੈ ਕੇ ਆਇਆ ਸੀ। ਬਦਨ ਸਿੰਘ ਦੀ ਮਾਂ ਅੜਬ ਸੀ। ਨਿੱਕੀ-ਨਿੱਕੀ ਗੱਲ 'ਤੇ ਨਿਘੋਚਾਂ ਕੱਢਣ ਵਾਲੀ ਅੜੀਖੋਰ ਔਰਤ! ਮਾੜੀ-ਮਾੜੀ ਗੱਲ 'ਤੇ ਘੜਮੱਸ ਪਾਉਣ ਵਾਲੀ ਸੱਸ!
ਪੂਰਾ ਇੱਕ ਸਾਲ ਦਿਲਜੀਤ ਨੂੰ ਕੋਈ ਬੱਚਾ-ਬੱਚੀ ਨਾ ਹੋਇਆ। ਸੱਸ ਨੇ ਫਿਰ ਪੜਛੱਤੀ ਸਿਰ 'ਤੇ ਚੁੱਕ ਲਈ।
-"ਇਹ ਤਾਂ ਫੰਡਰ ਮੱਝ ਐ!"
ਦਿਲਜੀਤ ਨੇ ਤਰ੍ਹਾਂ-ਤਰ੍ਹਾਂ ਦੇ ਡਾਕਟਰਾਂ ਕੋਲ ਗੇੜੇ ਕੱਢੇ। ਸਬਜ਼ਬਾਗ ਦਿਖਾਉਣ ਵਾਲੇ 'ਬਾਬਿਆਂ' ਦੇ ਚਰਨ ਪਰਸੇ, ਘਰ ਲੁਟਾਇਆ, ਪਰ ਗੱਲ ਨਾ ਬਣੀ। ਇੱਕ ਈਮਾਨਦਾਰ ਲੇਡੀ-ਡਾਕਟਰ ਨੇ ਚੈੱਕ-ਅੱਪ ਤੋਂ ਬਾਅਦ ਦਿਲਜੀਤ ਨੂੰ ਹਨ੍ਹੇਰੇ ਵਿਚ ਰੱਖਣਾ ਪਾਪ ਸਮਝਿਆ। ਉਸ ਨੇ ਦਿਲਜੀਤ ਨੂੰ ਸਿੱਧੀ ਗੱਲ ਹੀ ਦੱਸ ਦਿੱਤੀ।
-"ਤੁਹਾਡੇ ਵਿਚ ਕੋਈ ਨੁਕਸ ਨਹੀਂ-ਤੁਹਾਡੇ ਹਸਬੈਂਡ ਬੱਚਾ ਪੈਦਾ ਕਰਨ ਦੇ ਕਾਬਿਲ ਨਹੀਂ ਹਨ!" ਸੱਸ ਦੀ ਸਤਾਈ ਦਿਲਜੀਤ ਬੇਹੋਸ਼ ਹੋ ਗਈ। ਲੇਡੀ-ਡਾਕਟਰ ਨੇ ਕੋਸਿ਼ਸ਼ਾਂ ਕਰ ਕੇ ਉਸ ਨੂੰ ਹੋਸ਼ ਵਿਚ ਲਿਆਂਦਾ ਅਤੇ ਸਲਾਹ ਦਿੱਤੀ।
-"ਤੁਸੀਂ ਰਿਲੈਕਸ ਹੋਣ ਲਈ ਮਹੀਨਾ ਖੰਡ ਇੰਡੀਆ ਚਲੇ ਜਾਓ।" ਤੇ ਲੇਡੀ-ਡਾਕਟਰ ਦੀ ਸਲਾਹ 'ਤੇ ਦਿਲਜੀਤ ਮਹੀਨੇ ਲਈ ਇੰਡੀਆ ਆ ਗਈ। ਪਰ ਸਾਧਾਂ-ਸੰਤਾਂ ਦਾ ਖਹਿੜਾ ਉਸ ਨੇ ਫਿਰ ਵੀ ਨਾ ਛੱਡਿਆ। ਦੁੱਧ ਦਾ ਡੋਲੂ ਲੈ ਕੇ ਉਹ ਦੈੜਾਂ ਵਾਲੇ ਸਾਧ ਕੋਲ ਚਲੀ ਗਈ। ਦੈੜਾਂ ਵਾਲਾ ਸਾਧ ਸਿੱਧਾ ਅਤੇ ਸਪੱਸ਼ਟ ਬੰਦਾ ਸੀ।
-"ਕੀ ਅਚਾ ਐ, ਬੀਬੀ?" ਸਾਧ ਨੇ ਇਕਾਂਤ ਵਿਚ ਦਿਲਜੀਤ ਨੂੰ ਪੁੱਛਿਆ।
-"ਬਾਬਾ ਜੀ-ਇੱਕ ਸਾਲ ਤੋਂ ਉੱਪਰ ਹੋ ਗਿਆ ਵਿਆਹ ਹੋਏ ਨੂੰ-ਕੋਈ ਬੱਚਾ ਨਹੀਂ ਹੋਇਆ।" ਉਸ ਨੇ ਦੁੱਧ ਦਾ ਡੋਲੂ ਸਾਧ ਅੱਗੇ ਧੱਕਦਿਆਂ ਕਿਹਾ।
-"ਇਹ ਦੁੱਧ ਬੀਬੀ ਮੇਰੇ ਕਿਸੇ ਕੰਮ ਨਹੀਂ-ਇਹ ਆਬਦੇ ਪਤੀ ਪ੍ਰਮੇਸ਼ਰ ਨੂੰ ਪਿਆ-ਜੇ ਪਤੀ ਪ੍ਰਮੇਸ਼ਰ 'ਚ ਕਣ ਕੰਡਾ ਨਹੀਂ-ਕਿਸੇ ਦਿਉਰ ਜੇਠ ਨੂੰ ਪਿਆ-ਤੇ ਜੇ ਦਿਉਰ ਜੇਠ ਵੀ ਡੱਕੇ ਭੰਨੀਂ ਬੈਠੇ ਐ ਤਾਂ ਕਿਸੇ ਗੁਆਂਢੀ ਨੂੰ ਪਿਆ-ਸਾਧਾਂ ਦੇ ਡੇਰਿਆਂ ਤੋਂ ਤੈਨੂੰ ਪੁੱਤ ਨਹੀਂ ਮਿਲਣੇ-ਸਾਧ ਤਾਂ ਆਪ ਖਾਖੀ ਨੰਗ ਹੁੰਦੇ ਐ! ਗੱਲਾਂ ਨਾਲ ਪੂੜੇ ਨਹੀਂ ਪੱਕਦੇ, ਬੀਬੀ! ਜੇ ਕਿਸੇ ਪਾਸੇ ਨੂੰ ਤੁਰੇਂਗੀ ਤਾਂ ਈ ਕਿਸੇ ਪਾਸੇ ਲੱਗੇਂਗੀ-ਡੇਰਿਆਂ ਦਾ ਛੱਡ ਖਹਿੜਾ ਤੇ ਕੋਈ ਹੱਥ-ਪੱਲਾ ਹਿਲਾ-ਮੇਜ਼ 'ਤੇ ਪਿਆ ਸਾਜ਼ ਆਪਣੇ ਆਪ ਨਹੀਂ ਵੱਜਦਾ-ਸੰਗੀਤ ਦਾ ਰਸ ਲੈਣਾ ਹੋਵੇ ਤਾਂ ਹਰਮੋਨੀਅਮ ਦੀਆਂ ਸੁੱਚਾਂ ਦੱਬਣੀਆਂ ਪੈਂਦੀਐਂ! ਮੁੜ ਕੇ ਕਿਸੇ ਦੇ ਡੇਰੇ ਨਾ ਜਾਈਂ-ਔਲਾਦ ਦਾ ਹੱਲ ਤੈਨੂੰ ਆਪ ਲੱਭਣਾ ਪੈਣੈਂ! ਦਿਰੜ੍ਹ ਇਰਾਦੇ ਨਾਲ ਕੋਈ ਤੂੰਬਾ ਸੁਰ ਕਰ ਤੇ ਦੇਖ ਫੇਰ ਅਗਲੀ ਲੋਹੜੀ ਕਿਵੇਂ ਰੰਗੀਨ ਹੁੰਦੀ ਐ-ਜੇ ਥੁੱਕੀਂ ਵੜੇ ਪਕਾਉਣੇ ਐਂ-ਤੇਰੀ ਮਰਜ਼ੀ ਐ!"
ਦਿਲਜੀਤ ਨੇ ਦੁੱਧ ਦਾ ਡੋਲੂ ਨੇੜੇ ਕਰ ਲਿਆ।
-"ਇੱਕ ਗੱਲ ਯਾਦ ਰੱਖੀਂ, ਬੀਬੀ! ਖੇਤ ਵਿਚ ਰੇਹ ਨਾ ਪਾਈਏ ਤਾਂ ਉਪਜਾਊ ਜ਼ਮੀਨ ਵੀ ਬੰਜਰ ਹੋ ਜਾਂਦੀ ਐ-ਛੱਲੀਆਂ ਚੱਬਣੀਆਂ ਹੋਣ ਤਾਂ ਮੱਕੀ ਦਾ ਛਿੱਟਾ ਦੇਣਾ ਪੈਂਦੈ-ਕੁੱਖ ਹਰੀ ਕਰਨੀ ਐਂ ਤਾਂ ਕੋਈ ਠੋਰਾ ਲੱਭ-ਤੇ ਨਹੀਂ ਘਰੇ ਬੈਠ ਕੇ ਰਾਮ ਰਾਮ ਕਰ-ਬਾਕੀ ਤੂੰ ਆਪ ਸਿਆਣੀ ਐਂ!" ਸਾਧ ਨੇ ਸਿੱਧੀਆਂ ਅਤੇ ਅਸਿੱਧੀਆਂ ਸਪੱਸ਼ਟ ਸੁਣਾ ਦਿੱਤੀਆਂ ਅਤੇ ਦਿਲਜੀਤ ਦੁੱਧ ਦਾ ਡੋਲੂ ਲੈ ਕੇ ਪਰਤ ਆਈ।
ਪੂਰੇ ਇੱਕ ਸਾਲ ਬਾਅਦ ਦਿਲਜੀਤ ਦੇ ਘਰ ਹਰਪ੍ਰੀਤ ਹੋਇਆ। ਗਲੋਟੇ ਵਰਗਾ ਮੁੰਡਾ! ਘਰ ਵਿਚ ਖੁਸ਼ੀ ਖਿੜ ਪਈ। ਸੁੱਕਦੀਆਂ ਕਰੂੰਬਲਾਂ ਹਰੀਆਂ ਹੋ ਗਈਆਂ। ਖੁੱਲ੍ਹੀ ਪਾਰਟੀ ਕੀਤੀ ਗਈ।
ਕੁਦਰਤ ਰੱਬ ਦੀ, ਛੇ ਕੁ ਮਹੀਨਿਆਂ ਪਿੱਛੋਂ ਹੀ ਦਿਲਜੀਤ ਦੇ ਘਰ ਵਾਲਾ ਦਿਲਬਾਗ ਅਧਰੰਗ ਦੇ ਅਟੈਕ ਨਾਲ ਕੁਝ ਦਿਨਾਂ ਵਿਚ ਹੀ 'ਚੜ੍ਹਾਈ' ਕਰ ਗਿਆ। ਅਧਰੰਗ ਦਾ ਅਟੈਕ ਖੱਬੇ ਪਾਸੇ ਹੋਇਆ ਸੀ। ਜਿਸ ਕਰਕੇ ਕੋਈ ਬਹੁਤੀ ਚਾਰਾਜੋਈ ਨਾ ਹੋ ਸਕੀ। ਸੱਸ ਨੇ ਦਿਲਜੀਤ ਨੂੰ ਕਾਲੇ ਮੂੰਹ ਵਾਲੀ ਗਰਦਾਨਣਾ ਸ਼ੁਰੂ ਕਰ ਦਿੱਤਾ। ਹਰਪ੍ਰੀਤ ਹੋਣ ਤੋਂ ਬਾਅਦ ਦਿਲਜੀਤ ਵੀ ਸੱਸ ਅੱਗੇ ਮੂੰਹ ਖੋਲ੍ਹਣ ਲੱਗ ਪਈ ਸੀ।
ਇੱਕ ਦਿਨ ਐਸਾ ਯੁੱਧ ਸੱਸ-ਨੂੰਹ ਵਿਚ ਛਿੜਿਆ ਕਿ ਸੱਸ ਬਸੰਤ ਕੌਰ ਆਪਣਾ ਕੱਪੜਾ-ਲੱਤਾ ਚੁੱਕ ਕੇ ਇੰਡੀਆ ਤੁਰ ਗਈ ਅਤੇ ਮਰਨ ਤੱਕ ਵਾਪਿਸ ਨਾ ਆਈ। ਦਿਲਜੀਤ ਅਤੇ ਹਰਪ੍ਰੀਤ ਦੀ ਜਿ਼ੰਮੇਵਾਰੀ ਬਦਨ ਸਿੰਘ 'ਤੇ ਆ ਗਈ। ਉਸ ਨੇ ਸਾਲੀ ਨੂੰ ਆਪਣੇ ਸਾਹਮਣੇ ਹੀ ਇੱਕ ਗੁਜ਼ਾਰੇ ਜੋਕਰਾ ਮਕਾਨ ਲੈ ਕੇ ਦੇ ਦਿੱਤਾ।
ਜਦ ਹਰਪ੍ਰੀਤ ਹੋਇਆ ਸੀ ਤਾਂ ਬਦਨ ਸਿੰਘ ਤੋਂ ਚਾਅ ਨਹੀਂ ਚੁੱਕਿਆ ਜਾਂਦਾ ਸੀ।
-"ਛੋਟੇ ਭਾਈ ਦੀ ਜੜ੍ਹ ਵਧੀ ਐ।" ਪ੍ਰੀਤ ਦਾ ਕਮਰਾ ਉਸ ਨੇ ਖਿਡੌਣਿਆਂ ਨਾਲ ਭਰ ਦਿੱਤਾ ਸੀ। ਉਹ ਹਰਪ੍ਰੀਤ ਨੂੰ 'ਪ੍ਰੀਤ' ਹੀ ਆਖਦਾ। ਜਦ ਪ੍ਰੀਤ ਦੀ ਡਾਕਟਰੀ ਹੋਣੀ ਹੁੰਦੀ ਤਾਂ ਬਦਨ ਸਿੰਘ ਆਪਣੀ ਕਾਰ ਲੈ ਕੇ ਹਰ ਮਹੀਨੇ ਉਸ ਦੀ ਚੈੱਕ-ਅੱਪ ਕਰਵਾ ਕੇ ਲਿਆਉਂਦਾ। ਨਵੇਂ-ਨਵੇਂ ਕੱਪੜੇ ਖਰੀਦ ਕੇ ਦਿੰਦਾ। ਉਸ ਦੀ ਦੁਆਈ-ਬੂਟੀ, ਖਾਣੇਂ ਅਤੇ ਸਿਹਤ ਦਾ ਖਿਆਲ ਰੱਖਦਾ। ਉਸ ਦੇ ਘਰ ਵਾਲੀ ਮਲਕੀਤ ਕੌਰ ਅਤੇ ਜੁਆਕ ਉਸ ਨੂੰ ਨੱਕ-ਬੁੱਲ੍ਹ ਕੱਢਦੇ ਰਹਿੰਦੇ। ਉਹ ਕਿਸੇ ਦੀ ਕੋਈ ਪ੍ਰਵਾਹ ਨਾ ਕਰਦਾ।
-"ਇਹਦੇ ਨਾਲ ਤਾਂ ਮੇਰਾ ਧੁਰ ਦਰਗਾਹੋਂ ਪ੍ਰੇਮ ਐਂ।" ਉਹ ਆਖਦਾ, "ਇਹਨੂੰ ਪਿਉ ਨਹੀਂ ਯਾਦ ਆਉਣ ਦੇਣਾ।"
ਮਲਕੀਤ ਕੌਰ ਅਤੇ ਦਿਲਜੀਤ ਦੀ ਪੇਕਿਆਂ ਤੋਂ ਹੀ ਘੱਟ ਬਣਦੀ ਸੀ। ਚਾਹੇ ਉਹ ਸਕੀਆਂ ਭੈਣਾਂ ਸਨ। ਇੱਕੋ ਮਾਂ ਦੀਆਂ ਜਾਈਆਂ ਹੋਈਆਂ। ਪਰ ਮਲਕੀਤ ਕੌਰ ਦੇ ਅੜਬ ਸੁਭਾਅ ਨੇ ਨਰਮ-ਦਿਲ ਦਿਲਜੀਤ ਨੂੰ ਕਦੇ ਸਿੱਧੇ ਮੂੰਹ ਨਾਲ ਨਹੀਂ ਬੁਲਾਇਆ ਸੀ। ਦਿਲਜੀਤ ਦਾ ਰਿਸ਼ਤਾ ਵੀ ਬਦਨ ਸਿੰਘ ਆਪਣੇ ਬਿਰਧ ਸਹੁਰੇ ਦੇ ਕਹਿਣ 'ਤੇ ਲੈ ਆਇਆ ਸੀ। ਮਲਕੀਤ ਕੌਰ ਨੇ ਕੋਈ ਦਿਲਚਸਪੀ ਨਹੀਂ ਦਿਖਾਈ ਸੀ। ਵਿਆਹ ਵਿਚ ਉਹ ਲੱਕੜ ਦੀ ਲੱਕੜ ਬਣੀ ਰਹੀ ਸੀ। ਇੱਕ ਸੌਂਕਣ ਵਾਂਗ!
ਜਦ ਪ੍ਰੀਤ ਕੁਝ ਵੱਡਾ ਹੋਇਆ ਤਾਂ ਬਦਨ ਸਿੰਘ ਉਸ ਨੂੰ ਵਕਤ 'ਚੋਂ ਵਕਤ ਕੱਢ ਕੇ ਪਾਰਕ ਵਿਚ ਫ਼ੇਰਾ ਮਾਰਨ ਲੈ ਜਾਂਦਾ। ਆਈਸ-ਕਰੀਮ ਅਤੇ ਫ਼ਰੂਟੀ ਖਰੀਦ ਕੇ ਦਿੰਦਾ। ਘਰੇ ਆ ਕੇ ਕਾਰਪੈੱਟ 'ਤੇ ਘੋੜਾ ਬਣ ਕੇ ਝੂਟੇ ਦਿੰਦਾ ਅਤੇ ਫਿਰ ਮਰਸਡੀਜ਼ ਕਾਰ ਵਿਚ ਬਿਠਾ ਕੇ ਸਾਰੇ ਸ਼ਹਿਰ ਵਿਚ ਗੇੜਾ ਦਿਵਾਉਂਦਾ। ਭਲਵਾਨੀ ਗੇੜਾ!
-"ਮੈਨੂੰ ਇੱਕ ਯੂਰੋ ਦਿਓ!" ਪ੍ਰੀਤ ਆਖਦਾ।
-"ਪਹਿਲਾਂ ਡੈਡੀ ਆਖ!"
"ਡੈਡੀ" ਕਹਿਣ 'ਤੇ ਬਦਨ ਸਿੰਘ ਕੋਲੋਂ ਪ੍ਰੀਤ ਨੂੰ ਇੱਕ ਯੂਰੋ ਮਿਲ ਜਾਂਦਾ। ਦੋਨੋਂ ਖੁਸ਼ ਰਹਿੰਦੇ। ਹੱਸਦੇ-ਖੇਡਦੇ।
-"ਆਬਦਿਆਂ ਬਾਰੇ ਵੀ ਕੁਛ ਸੋਚ ਲਿਆ ਕਰ-ਉਹਦੀਆਂ ਕੋਕੋ ਜੀ ਦੀਆਂ ਲਾਲ੍ਹਾਂ ਚੱਟੀ ਜਾਂਦਾ ਰਹਿੰਨੈਂ-ਤੇਰੇ ਆਬਦੇ ਜੁਆਕ ਖਿਝਦੇ ਐ!" ਮਲਕੀਤ ਕੌਰ ਠ੍ਹੋਕਰਦੀ। ਪਰ ਬਦਨ ਸਿੰਘ ਮਸਤ ਰਹਿੰਦਾ। ਪਤਾ ਨਹੀਂ ਕਿਹੜੀ ਚੀਜ਼ ਦਾ ਉਸ ਨੂੰ ਚਾਅ, ਨਸ਼ਾ ਚੜ੍ਹਿਆ ਰਹਿੰਦਾ? ਉਹ ਮਲਕੀਤ ਕੌਰ ਦੀਆਂ ਗਾਲ੍ਹਾਂ ਸੁਣ ਕੇ ਵੀ ਹੱਸ ਛੱਡਦਾ। ਆਪਣੇ ਘਰ ਜਾਂ ਦਿਲਜੀਤ ਵੱਲ, ਪਰ ਰੋਟੀ ਉਹ ਪ੍ਰੀਤ ਨਾਲ ਹੀ ਖਾਂਦਾ।
-"ਪਤਾ ਨਹੀਂ ਤੇਰੇ ਨਾਲ ਮੇਰਾ ਐਨਾ ਮੋਹ ਕਿਉਂ ਐਂ?" ਕਦੇ-ਕੇ ਉਹ ਪ੍ਰੀਤ ਨੂੰ ਮੋਢਿਆਂ 'ਤੇ ਬਿਠਾਉਂਦਾ ਕਹਿੰਦਾ।
-"ਦਿਲਾਂ ਦਾ ਅੰਤ ਕਿਸੇ ਨੇ ਨਹੀਂ ਪਾਇਆ।" ਦਿਲਜੀਤ ਮੋੜਾ ਦਿੰਦੀ।
-"ਰੱਬ ਦੇ ਰੰਗ ਨਿਆਰੇ ਐ-ਪਿਉ ਖੋਹ ਲਿਆ-ਤਾਇਆ ਅੱਗੇ ਕਰਤਾ।"
-"ਤਾਇਆ ਕਹਿਲਾ-ਚਾਹੇ ਮਾਸੜ ਆਖ ਲੈ।"
-"ਕਿਉਂ ਉਏ ਲੁੱਚਿਆ! ਤੂੰ ਮੈਨੂੰ ਤਾਇਆ ਕਹੇਂਗਾ ਕਿ ਮਾਸੜ ਆਖੇਂਗਾ?" ਬਦਨ ਸਿੰਘ ਨੇ ਪ੍ਰੀਤ ਦੇ ਮੋਹ ਦੀ ਚਪੇੜ ਜਿਹੀ ਮਾਰੀ।
-"ਮੈਂ ਤਾਂ ਡੈਡੀ ਕਹੂੰਗਾ!" ਪ੍ਰੀਤ ਨੇ ਮਾਸੂਮੀਅਤ ਨਾਲ ਬੜੇ ਮਜਾਜ਼ ਨਾਲ ਉੱਤਰ ਦਿੱਤਾ।
-"ਉਏ ਬੱਲੇ ਉਏ ਸ਼ੇਰ ਬੱਗਿਆ! ਕਿਲੋ ਖੂਨ ਵਧਾ ਦਿੱਤਾ ਗੱਲ ਕਰਕੇ-ਤੇਰੀ ਮਾਂ ਤਾਂ ਘੋਗੜ ਈ ਐ-ਪਰ ਤੂੰ ਐਂ ਮੇਰਾ ਉੱਡਣਾ ਕਬੂਤਰ!"
-"ਡੈਡੀ! ਘੋਗੜ ਕੀ ਹੁੰਦੈ?"
-"ਤੇਰੀ ਤਾਈ ਮਲਕੀਤ ਕੁਰ ਅਰਗਾ ਹੁੰਦੈ।"
ਸਾਰੇ ਹੱਸ ਪਏ।
ਪ੍ਰੀਤ ਨੂੰ ਨਰਸਰੀ ਵਿਚ ਦਾਖਲਾ ਮਿਲਿਆ ਤਾਂ ਬਦਨ ਸਿੰਘ ਨੇ ਪਟੜੀਫੇਰ ਮਿੱਤਰਾਂ ਨੂੰ ਪਾਰਟੀ ਦਿੱਤੀ। ਦੁਪਿਹਰੇ ਸਪੈਸ਼ਲ ਤੌਰ 'ਤੇ ਉਸ ਨੂੰ ਲੈ ਕੇ ਆਉਂਦਾ। ਉਸ ਦਾ ਮੂੰਹ ਧੋਂਦਾ, ਬੂਟ ਪਾਲਿਸ਼ ਕਰਦਾ। ਮਲਕੀਤ ਕੌਰ ਉਸ ਨੂੰ 'ਕਮਲਾ' ਆਖਦੀ।
ਸਮਾਂ ਪਾ ਕੇ ਪ੍ਰੀਤ ਸਕੂਲ ਜਾਣ ਲੱਗਾ ਤਾਂ ਬਦਨ ਸਿੰਘ ਨੇ ਉਸ ਨੂੰ ਕੰਪਿਊਟਰ ਲੈ ਦਿੱਤਾ। ਜਿਸ ਦੀ ਅਜੇ ਉਸ ਨੂੰ ਕੋਈ ਲੋੜ ਹੀ ਨਹੀਂ ਸੀ। ਵੱਖੋ-ਵੱਖਰੀਆਂ ਕੰਪਿਊਟਰ-ਗੇਮਜ਼ ਲਿਆ ਰੱਖੀਆਂ। ਪ੍ਰੀਤ ਵੀ ਉਸ ਨੂੰ ਹੱਦੋਂ ਵੱਧ ਮੋਹ ਕਰਦਾ ਸੀ। ਉਹ ਬਦਨ ਸਿੰਘ ਨੂੰ 'ਡੈਡੀ' ਹੀ ਆਖਦਾ। ਜਦ ਬਦਨ ਸਿੰਘ ਉਸ ਦੇ ਮੁੱਖੋਂ 'ਡੈਡੀ' ਸੁਣਦਾ ਤਾਂ ਉਸ ਦੇ ਅੰਦਰ ਜਿਵੇਂ ਸ਼ਹਿਦ ਦੀਆਂ ਘੁੱਟਾਂ ਘੁਲ ਜਾਂਦੀਆਂ। ਉਸ ਦੇ ਧਰਤੀ 'ਤੇ ਪੈਰ ਨਾ ਲੱਗਦੇ। ਆਪਣੇ ਚਾਰਾਂ ਮੁੰਡਿਆਂ ਵੱਲੋਂ ਤਾਂ ਬਦਨ ਸਿੰਘ ਇੱਕ ਤਰ੍ਹਾਂ ਨਾਲ ਅਵੇਸਲਾ ਹੀ ਸੀ। ਉਸ ਦੇ 'ਚੜ੍ਹਦੇ ਚੰਦ' ਮੁੰਡੇ ਸਕੂਲ ਵਿਚ ਕਿਸੇ ਨਾ ਕਿਸੇ ਨਾਲ ਸਿੰਗੜੀ ਛੇੜੀ ਹੀ ਰੱਖਦੇ। ਸਕੂਲ ਵੱਲੋਂ ਸ਼ਕਾਇਤਾਂ ਆਉਂਦੀਆਂ। ਪਰ ਬਦਨ ਸਿੰਘ ਕਦੇ ਸਕੂਲ ਨਾ ਜਾਦਾ। ਉਸ ਦੇ ਬੱਚਿਆਂ ਦੀ ਸਾਰੀ ਜਿ਼ੰਮੇਵਾਰੀ ਮਲਕੀਤ ਕੌਰ ਦੇ ਉੱਪਰ ਹੀ ਸੀ। ਉਹ 'ਹਮਕੋ-ਤੁਮਕੋ' ਕਰ ਮਾਸਟਰਾਂ ਨੂੰ ਭੰਬਲਭੂਸੇ ਵਿਚ ਪਾ ਆਉਂਦੀ। ਮਾਸਟਰ ਉਸ ਦੀ ਭਾਸ਼ਾ ਕੁਝ ਸਮਝਦੇ ਅਤੇ ਕੁਝ ਨਾ ਸਮਝਦੇ। ਧੂੜ 'ਚ ਟੱਟੂ ਰਲਿਆ ਰਹਿੰਦਾ।
ਪ੍ਰੀਤ ਪੜ੍ਹਨ ਵਿਚ ਪੂਰਾ ਹੁਸਿ਼ਆਰ ਸੀ। ਬਦਨ ਸਿੰਘ ਦੇ ਆਪਣੇ ਮੁੰਡਿਆਂ ਵਾਂਗ 'ਲੋਲ੍ਹਾ' ਨਹੀਂ ਸੀ। ਮੁਢਲੀ ਪੜ੍ਹਾਈ ਪੂਰੀ ਕਰਕੇ ਉਸ ਨੇ ਮੈਡੀਕਲ ਵਿਚ ਦਾਖਲਾ ਲੈ ਲਿਆ। ਪੜ੍ਹਾਈ ਦੇ ਨਾਲ-ਨਾਲ ਹੀ ਸ਼ਾਮ ਮੌਕੇ ਉਹ ਡਰਾਈਵਿੰਗ-ਸਕੂਲ ਜਾਂਦਾ। ਕਾਰ ਚਲਾਉਣੀ ਸਿੱਖਦਾ। ਬਦਨ ਸਿੰਘ ਵੱਧ ਚੜ੍ਹ ਕੇ ਮੱਦਦ ਕਰਦਾ। ਘਰ ਵਾਲੀ ਫਿਰ ਖਿਝਦੀ। ਜੁਆਕ ਵੱਢ-ਵੱਢ ਕੇ ਪੈਂਦੇ। ਉਸ ਦੇ ਆਪਣੇ ਮੁੰਡੇ ਰਵਾਇਤੀ ਪੜ੍ਹਾਈ ਕਰਕੇ ਕਿੱਤਿਆਂ 'ਤੇ ਲੱਗ ਗਏ ਸਨ। ਕੋਈ ਟਰੱਕ ਚਲਾਉਣ ਜਾ ਲੱਗਿਆ ਸੀ। ਕੋਈ ਫ਼ੈਕਟਰੀ ਵਿਚ ਵੜ ਗਿਆ ਸੀ। ਸਾਰਿਆਂ ਤੋਂ ਵੱਡਾ ਇੱਕ 'ਬੈਂਗਣੀਂ ਰੰਗੀ' ਅਫ਼ਰੀਕਣ ਨਾਲ ਸ਼ਾਦੀ ਕਰਕੇ ਅਮਰੀਕਾ ਜਾ ਵਸਿਆ ਸੀ। ਇੱਕ ਨੇ ਪਲੰਬਰ ਦਾ ਕੰਮ ਖੋਲ੍ਹ ਲਿਆ ਸੀ। ਬੱਚਿਆਂ ਵਾਲਾ ਰੇੜਕਾ ਬਦਨ ਸਿੰਘ ਵੱਲੋਂ ਹੁਣ ਮੁੱਕ ਗਿਆ ਸੀ। ਉਹ ਪ੍ਰੀਤ ਦੇ ਪ੍ਰੇਮ ਵਿਚ ਹੀ ਮਸ਼ਰੂਫ਼ ਸੀ। ਮਲਕੀਤ ਕੌਰ ਨੂੰ ਖਰਚਾ-ਬਰਚਾ ਦੇ ਛੱਡਦਾ। ਇੰਡੀਆ ਜਾਣਾ ਚਾਹੁੰਦੀ ਤਾਂ ਟਿਕਟ ਲੈ ਕੇ ਚੜ੍ਹਾ ਦਿੰਦਾ। ਵਾਪਿਸ ਆਉਣ ਦੀ ਕੋਈ ਤਾਕੀਦ ਨਾ ਕਰਦਾ। ਜਦ ਮਲਕੀਤ ਕੌਰ ਦਾ ਦਿਲ ਭਰ ਜਾਂਦਾ, ਆ ਜਾਂਦੀ।
ਬਦਨ ਸਿੰਘ ਦੀ ਇੱਕ ਤਰ੍ਹਾਂ ਨਾਲ ਪ੍ਰੀਤ ਨਾਲ ਯਾਰੀ ਸੀ। ਉਹ ਖੁੱਲ੍ਹ ਕੇ ਗੱਲਾਂ ਕਰਦੇ। ਕਿਸੇ ਕੋਲੇ ਨਾ ਆਉਂਦੇ, ਨਾ ਜਾਂਦੇ। ਡਰਾਈਵਿੰਗ ਲਾਈਸੈਂਸ ਨਾ ਹੋਣ ਦੇ ਬਾਵਜੂਦ ਵੀ ਬਦਨ ਸਿੰਘ ਪ੍ਰੀਤ ਨੂੰ ਆਪਣੀ ਕਾਰ ਚਲਾਉਣ ਲਈ ਦੇ ਦਿੰਦਾ। ਚਾਹੇ ਉਸ ਨੂੰ ਪਤਾ ਸੀ ਕਿ ਯੂਰਪ ਵਿਚ ਬਗੈਰ ਲਾਈਸੈਂਸ ਤੋਂ ਕਾਰ ਚਲਾਉਣੀ ਜ਼ੁਰਮ ਸੀ। ਪਰ ਉਹ ਫਿਰ ਵੀ ਕੋਈ ਪ੍ਰਵਾਹ ਨਹੀਂ ਕਰਦਾ ਸੀ।
-"ਬੱਸ ਐਕਸੀਡੈਂਟ ਨਾ ਕਰੀਂ-ਫੜਿਆ ਗਿਆ ਤਾਂ ਜੁਰਮਾਨਾ ਤਾਰ ਦਿਆਂਗੇ।" ਉਹ ਪ੍ਰੀਤ ਨੂੰ ਮੱਤ ਦਿੰਦਾ।
ਜਦ ਪ੍ਰੀਤ ਨੂੰ ਡਰਾਈਵਿੰਗ ਲਾਈਸੈਂਸ ਮਿਲ ਗਿਆ ਤਾਂ ਬਦਨ ਸਿੰਘ ਨੇ ਉਸ ਨੂੰ ਆਪਣੇ ਨਾਂ 'ਤੇ ਬਿਲਕੁਲ ਨਵੀਂ ਕਾਰ ਲੈ ਦਿੱਤੀ। ਨੰਬਰ ਪਲੇਟ ਲੈ ਕੇ ਦੋਹਾਂ ਨੇ ਸਾਰੇ ਸ਼ਹਿਰ ਦਾ ਭਲਵਾਨੀ ਗੇੜਾ ਕੱਢਿਆ। ਕਾਰ ਪ੍ਰੀਤ ਚਲਾ ਰਿਹਾ ਸੀ। ਬਦਨ ਸਿੰਘ ਨਾਲ ਆਫ਼ਰਿਆ ਬੈਠਾ ਸੀ। ਕਿਸੇ ਗ਼ੈਬੀ-ਅਦੁਤੀ ਖੁਸ਼ੀ ਵਿਚ ਗੜੁੱਚ!
-"ਬੱਸ ਹੌਲੀ, ਧਹੱਮਲ ਨਾਲ ਈ ਚਲਾਉਣੀ ਐਂ-ਜੀਅ ਐ ਤਾਂ ਜਹਾਨ ਐਂ ਸ਼ੇਰਾ-ਇਹਨੇ ਕਰਮਾਂ ਆਲੀ ਨੇ ਤੈਨੂੰ ਇਉਂ ਨਹੀਂ ਕਹਿਣਾ ਬਈ ਮੈਨੂੰ ਹੌਲੀ ਚਲਾ-ਇਹ ਤਾਂ ਰੇਸ ਦੇਵੇਂਗਾ ਤਾਂ ਅੜਬ ਘੋੜੀ ਮਾਂਗੂੰ ਪੂਛ ਚੱਕੂ!"
ਦੋਨੋਂ ਹੱਸ ਪਏ।
-"ਡੈਡੀ ਮੇਰਾ ਕੋਰਸ ਪੂਰਾ ਹੋਣ ਤੋਂ ਬਾਅਦ ਮੈਨੂੰ ਇੱਕ ਸਾਲ ਕਿਸੇ ਬਾਹਰਲੇ ਕੰਟਰੀ ਵਿਚ ਪ੍ਰੈਕਟਿਸ ਕਰਨ ਜਾਣਾ ਪੈਣੈਂ।" ਅਚਾਨਕ ਪ੍ਰੀਤ ਨੇ ਕਿਹਾ।
-"ਪਰਾਟੀਸ ਕਰਨ ਆਸਤੇ? ਕਿਉਂ ਕੋਈ ਜਰੂਰੀ ਐ?" ਬਦਨ ਸਿੰਘ ਦਾ ਕਾਲਜਾ ਲੂਹਿਆ ਗਿਆ। ਉਹ ਪ੍ਰੀਤ ਦਾ ਇੱਕ ਪਲ ਦਾ ਵਿਛੋੜਾ ਨਹੀਂ ਜਰ ਸਕਦਾ ਸੀ।
-"ਹਾਂ ਜ਼ਰੂਰੀ ਐ-ਨਹੀਂ ਐਥੇ ਆਸਟਰੀਆ ਵਿਚ ਮੈਨੂੰ ਨੌਕਰੀ ਨਹੀਂ ਮਿਲਣੀ-ਇਹ ਕਾਨੂੰਨ ਐਂ!"
-"ਬੜਾ ਕੁੱਤਾ ਕਾਨੂੰਨ ਐਂ ਬਈ!" ਬਦਨ ਸਿੰਘ ਦਾ ਸੁਆਦ ਮਾਰਿਆ ਗਿਆ।
ਉਹਨਾਂ ਗੱਡੀ ਘਰੇ ਆ ਲਾਈ।
ਇੱਕ ਸਾਲ ਲਈ ਪ੍ਰੀਤ ਤਾਮਿਲਨਾਡੂ ਚਲਿਆ ਗਿਆ।
ਬਦਨ ਸਿੰਘ ਅੱਗੇ ਹਨ੍ਹੇਰ ਛਾ ਗਿਆ। ਪ੍ਰੀਤ ਬਦਨ ਸਿੰਘ ਨੂੰ ਹਰ ਰੋਜ਼ ਫ਼ੋਨ ਕਰਦਾ। ਬਦਨ ਸਿੰਘ ਉਸ ਨੂੰ ਫ਼ੋਨ ਕਰਦਾ। ਘੰਟਾ-ਘੰਟਾ ਫ਼ੋਨ 'ਤੇ ਗੱਲਾਂ ਹੁੰਦੀਆਂ ਰਹਿੰਦੀਆਂ।
ਪ੍ਰੀਤ ਬਿਨਾ ਇੱਕ ਤਰ੍ਹਾਂ ਨਾਲ, ਸਾਲ ਭਰ ਬਦਨ ਸਿੰਘ ਦਿਨ ਤੋੜਦਾ ਰਿਹਾ। ਵਿਛੋੜੇ ਵਿਚ ਕਲਪਦਾ ਰਿਹਾ। ਸਮਾਂ ਬਿਤਾਉਣ ਲਈ ਉਹ ਗੁਰਦੁਆਰੇ ਚਲਾ ਜਾਦਾ। ਗੁਰਬਾਣੀ ਸਰਵਣ ਕਰਦਾ। ਸੰਗਰਾਂਦ ਵਾਲੇ ਦਿਨ ਪ੍ਰੀਤ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਵਾਉਂਦਾ। ਗੁਰਦੁਆਰੇ ਦੀ ਲਾਇਬਰੇਰੀ ਵਿਚ ਬੈਠਾ ਪੰਜਾਬੀ ਦੇ ਅਖਬਾਰ ਫ਼ਰੋਲਦਾ, ਵਕਤ ਨੂੰ ਧੱਕਾ ਦਿੰਦਾ ਰਹਿੰਦਾ। ਰੂਹ ਨਾਲ ਰੋਟੀ ਨਾ ਖਾਂਦਾ। ਜਿਵੇਂ ਉਸ ਨੂੰ ਭੁੱਖ ਹੀ ਲੱਗਣੋਂ ਹਟ ਗਈ ਸੀ। ਉਹ ਅੰਨ੍ਹਿਆਂ ਵਾਂਗ ਔਟਲਿਆ ਫਿਰਦਾ।
ਫਿਰ ਜਿਸ ਦਿਨ ਪ੍ਰੀਤ ਨੇ ਤਾਮਿਲਨਾਡੂ ਤੋਂ ਪਰਤਣਾ ਸੀ ਤਾਂ ਬਦਨ ਸਿੰਘ ਸਵੇਰੇ ਸੱਤ ਵਜੇ ਹੀ ਫੁੱਲਾਂ ਦਾ ਵੱਡਾ ਸਾਰਾ ਗੁਲਦਸਤਾ ਲੈ ਕੇ ਸਾਲਜ਼ਬਰਗ ਏਅਰਪੋਰਟ 'ਤੇ ਜਾ ਬੈਠਾ। ਪ੍ਰੀਤ ਨੇ ਅਜੇ ਦੁਪਿਹਰੇ ਗਿਆਰ੍ਹਾਂ ਵੱਜ ਕੇ ਵੀਹ ਮਿੰਟ 'ਤੇ ਉਤਰਨਾ ਸੀ। ਉਹ ਏਅਰਪੋਰਟ ਦੇ ਕੈਬਿਨ ਵਿਚ ਖੜ੍ਹਾ ਹਰ ਉਤਰਦੇ ਯਾਤਰੀ ਨੂੰ ਦੇਖਦਾ ਰਿਹਾ ਸੀ।
ਜਦੋਂ ਪ੍ਰੀਤ ਕਸਟਮ ਤੋਂ ਵਿਹਲਾ ਹੋ ਕੇ ਬਾਰ੍ਹਾਂ ਕੁ ਵਜੇ ਬਾਹਰ ਆਇਆ ਤਾਂ ਬਦਨ ਸਿੰਘ ਨੇ ਉਸ ਨੂੰ ਬੱਚਿਆਂ ਵਾਂਗ ਚੁੰਮਣਾ ਸ਼ੁਰੂ ਕਰ ਦਿੱਤਾ। ਲਾਡ ਕੀਤਾ। ਪਰ ਪ੍ਰੀਤ ਕੁਝ ਸ਼ਰਮ ਮਹਿਸੂਸ ਕਰ ਰਿਹਾ ਸੀ।
-"ਮੈਨੂੰ ਈ ਪਤੈ ਕਿਵੇਂ ਦਿਨ ਕੱਟੇ ਐ ਤੇਰੇ ਬਿਨਾ-'ਕੱਠਾ ਜਿਆ ਕਾਹਨੂੰ ਹੋਈ ਜਾਨੈਂ?ਮੱਚੀ ਪਈ ਐ ਮੇਰੀ ਹਿੱਕ-ਠੰਢੀ ਕਰ ਨਾਲ ਲੱਗਕੇ ਇਹਨੂੰ-ਆ ਲੱਗ ਮੇਰੀ ਹਿੱਕ ਨਾਲ!" ਬਦਨ ਸਿੰਘ ਬਾਵਰਿਆਂ ਵਾਂਗ ਫਿ਼ੱਸ ਪਿਆ। ਪ੍ਰੀਤ ਉਸ ਨੂੰ ਸਾਂਭ ਕੇ ਜਿਹੇ ਬਾਹਰ ਪਾਰਕਿੰਗ ਵਿਚ ਲੈ ਗਿਆ।
-"ਤੇਰੇ ਬਿਨਾ ਦਿਲ ਨਹੀਂ ਲੱਗਿਆ ਮੇਰਾ ਅੱਗ ਲੱਗੜਾ-ਜਾਣੀਂਦੀ ਮੈਂ ਤਾਂ ਮਰਨ ਆਲਾ ਹੋ ਗਿਆ।" ਬਦਨ ਸਿੰਘ ਨੇ ਪ੍ਰੀਤ ਨੂੰ ਬੁੱਕਲ ਵਿਚ ਲੈ ਲਿਆ।
-"ਡੈਡੀ ਜੀ-ਜੀਅ ਤਾਂ ਮੇਰਾ ਵੀ ਥੋਡੇ ਬਿਨਾ ਨਹੀਂ ਲੱਗਿਆ।" ਪ੍ਰੀਤ ਨੇ ਕਿਹਾ। ਉਹ ਸੱਚ ਹੀ ਤਾਂ ਆਖ ਰਿਹਾ ਸੀ।
-"ਜੇ ਭਲਾ ਮੈਂ ਮਰ ਗਿਆ-ਫੇਰ ਤੇਰਾ ਜੀਅ ਕਿਵੇਂ ਲੱਗੂ?" ਬਦਨ ਸਿੰਘ ਨੇ ਗੱਲ ਹਾਸੇ ਵਿਚ ਪਾ ਕੇ, ਮਾਹੌਲ ਨੂੰ ਕੁਝ ਹਲਕਾ ਬਣਾਉਣਾ ਚਾਹਿਆ।
-"ਜੇ ਡੈਡੀ ਜੀ ਭਲਾ ਮੈਂ ਪਹਿਲਾਂ ਮਰ ਗਿਆ-ਫੇਰ?"
-"ਇਉਂ ਬੁਰੀ ਗੱਲ ਨਾ ਕਰ ਸ਼ੇਰਾ-ਮੈਥੋਂ ਸਹਾਰੀ ਨਹੀਂ ਜਾਂਦੀ-ਗਾਉਣ ਆਲੇ ਗਾਉਂਦੇ ਹੁੰਦੇ ਐ: ਤੇਰੀ ਆਈ ਮੈਂ ਮਰਜਾਂ ਤੇਰਾ ਵਾਲ ਵੀ ਵਿਗਾ ਨਾ ਹੋਵੇ।"
-"ਡੈਡ! ਕਾਹਨੂੰ ਕਿਸੇ ਨਾਲ ਮਰਿਆ ਜਾਂਦੈ? ਇਹ ਤਾਂ ਦੁਨਿਆਵੀ ਗੱਲਾਂ ਨੇ-ਨਿਰੇ ਢਕੌਂਜ!"
-"ਗੱਲ ਤੇਰੀ ਸੋਲਾਂ ਆਨੇ ਐਂ ਪੁੱਤਰਾ! ਨਿਰੀ ਦਰੁਸਤ-ਕਾਹਨੂੰ ਕਿਸੇ ਨਾਲ ਮਰਿਆ ਜਾਂਦੈ।"
-"ਪਰ ਡੈਡੀ ਜੀ-ਥੋਨੂੰ ਨਹੀਂ ਮੈਂ ਛੇਤੀ ਕੀਤੇ ਮਰਨ ਦਿੰਦਾ-ਮੈਂ ਡਾਕਟਰੀ ਐਵੈਂ ਨਹੀਂ ਕੀਤੀ।"
-"ਇਹ ਤਾਂ ਜਿੱਦੇਂ ਪੁੱਤ ਆ ਲੱਗੀ-ਫੁਰਰ ਹੋਜੂ-ਕੋਈ ਬਿਧ ਨਹੀਂ ਬਣਨੀਂ-ਇਹਤੋਂ ਤਾਂ ਰਾਵਣ ਵਰਗੇ ਨਹੀਂ ਬਚ ਸਕੇ-ਨਾਲੇ ਕਾਲ ਪਾਵੇ ਨਾਲ ਬੰਨ੍ਹਿਆਂ ਹੋਇਆ ਸੀ।"
.....ਪਰ ਅੱਜ ਐਕਸੀਡੈਂਟ ਵਿਚ ਪ੍ਰੀਤ ਦੀ ਹੋਈ ਅਚਾਨਕ ਮਤ ਨੇ ਬਦਨ ਸਿੰਘ ਨੂੰ ਜੜ੍ਹੋਂ ਹਿਲਾ ਧਰਿਆ ਸੀ। ਉਸ ਦਾ ਜਹਾਨ ਉੱਜੜ ਗਿਆ ਸੀ। ਉਹ ਗੱਡੇ ਵਰਗੀਆਂ ਭਾਰੀਆਂ ਲੱਤਾਂ ਘੜੀਸਦਾ ਮੁਰਦਾਘਰ ਪੁੱਜਿਆ ਅਤੇ ਪ੍ਰੀਤ ਦੀ ਪਈ ਲਾਅਸ਼ 'ਤੇ ਡਿੱਗ ਕੇ, ਰੱਜ ਕੇ ਰੋਇਆ। ਔਰਤਾਂ ਵਾਂਗ ਵੈਣ ਪਾਏ!
-"ਤੂੰ ਮੈਨੂੰ ਕਿਹੜੇ ਆਸਰੇ ਛੱਡ ਕੇ ਤੁਰ ਗਿਐਂ ਉਏ ਮੇਰਿਆ ਸੋਹਣਿਆਂ ਪੁੱਤਾ....!" ਉਸ ਨੇ ਆਪਣੀ ਖੜਕਦੀ ਛਾਤੀ ਪਿੱਟੀ। ਉਹ ਵਾਰ-ਵਾਰ ਪ੍ਰੀਤ ਦੀ ਲਾਅਸ਼ ਨੂੰ ਹਿੱਕ ਨਾਲ ਲਾ ਰਿਹਾ ਸੀ। ਉਸ ਦਾ ਦਿਲ ਝੱਖੜ ਵਾਂਗ ਝੰਬੇ ਦਰੱਖਤ ਵਾਂਗ ਮੁੱਛਿਆ ਪਿਆ ਸੀ। ਹਟਕੋਰੇ ਬੰਦ ਨਹੀਂ ਹੁੰਦੇ ਸਨ। ਮਨ ਹੌਲਾ ਕਰਕੇ ਉਸ ਨੇ ਮਰੇ ਪਏ ਪ੍ਰੀਤ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕਮਲਿਆਂ ਵਾਂਗ!
-"ਬੱਸ...! ਆਪਣੀ ਐਨੀ ਕੁ ਈ ਯਾਰੀ ਸੀ? ਚੰਗਾ, ਤੂੰ ਤਾਂ ਦਗਾ ਦੇ ਗਿਐਂ-ਪਰ ਮੈਂ ਤੇਰਾ ਪਿੱਛਾ ਨਹੀਂ ਛੱਡਣਾ-ਮਗਰੇ ਈ ਆਊਂ ਤੇਰੇ...!" ਉਸ ਦੀਆਂ ਬੁਝੀਆਂ ਅੱਖਾਂ 'ਚੋਂ ਮੋਹ ਦਾ ਹੜ੍ਹ ਵਗੀ ਜਾ ਰਿਹਾ ਸੀ ਅਤੇ ਆਤਮਾ ਲਹੂ-ਲੁਹਾਣ ਸੀ। ਮਨ ਕੁਰਲਾਈ ਜਾ ਰਿਹਾ ਸੀ।
ਅਖੀਰ ਮੁਰਦਾਘਰ ਦੇ ਕਰਮਚਾਰੀਆਂ ਨੇ ਉਸ ਨੂੰ ਪ੍ਰੀਤ ਦੀ ਲਾਅਸ਼ ਨਾਲੋਂ ਇੱਕ ਤਰ੍ਹਾਂ ਨਾਲ ਤੋੜ ਲਿਆ। ਉਹ ਕਰਮਚਾਰੀਆਂ ਨੂੰ ਗਾਲ੍ਹਾਂ ਕੱਢਣ ਲੱਗ ਪਿਆ। ਕਰਮਚਾਰੀਆਂ ਨੇ ਪੁਲੀਸ ਬੁਲਾ ਲਈ। ਪੁਲੀਸ ਬੜੀ ਹੀ ਹਮਦਰਦੀ ਨਾਲ ਉਸ ਨੂੰ ਘਰੇ ਲਾਹ ਗਈ।
ਬਦਨ ਸਿੰਘ ਸੋਫ਼ੇ 'ਤੇ ਹੀ ਪਿਆ ਸੀ ਕਿ ਬੀਮੇਂ ਵਾਲਿਆਂ ਦਾ ਏਜੰਟ ਆ ਗਿਆ।
-"ਮਿਸਟਰ ਸਿੰਘ! ਤੁਹਾਡੀ ਐਕਸੀਡੈਂਟ ਵਾਲੀ ਕਾਰ ਅਸੀਂ ਤੁਹਾਡੇ ਦਰਵਾਜੇ ਅੱਗੇ ਖੜ੍ਹੀ ਕਰ ਦਿੱਤੀ ਹੈ-ਆਹ ਲਵੋ ਚਾਬੀ ਅਤੇ ਇੱਥੇ ਦਸਤਖ਼ਤ ਕਰ ਦਿਓ!"
ਬਦਨ ਸਿੰਘ ਨੇ ਬਿਨਾ ਕੁਝ ਕਹੇ-ਸੁਣੇ ਲੋੜੀਂਦੇ ਕਾਗਜ਼ਾਂ 'ਤੇ ਦਸਤਖ਼ਤ ਕਰ ਦਿੱਤੇ ਅਤੇ ਚਾਬੀ ਮੋੜਦਾ ਹੋਇਆ ਬੋਲਿਆ।
-"ਜਨਾਬ-ਮੈਂ ਇਸ ਗੱਡੀ ਨੂੰ ਰੱਖਣਾ ਈ ਨਹੀਂ-ਜਿਸ ਨੇ ਮੇਰਾ ਪ੍ਰੀਤ ਖਾ ਲਿਆ-ਕਿਰਪਾ ਕਰਕੇ ਤੁਸੀਂ ਹੀ ਇਸ ਨੂੰ ਵਾਧਾ-ਘਾਟਾ ਕਰਕੇ ਵੇਚ ਦਿਓ!" ਤੇ ਏਜੰਟ ਚਾਬੀ ਲੈ ਕੇ ਚਲਾ ਗਿਆ।
ਬਦਨ ਸਿੰਘ ਪ੍ਰੀਤ ਦੀ ਲਾਅਸ਼ ਦਾ ਇੰਡੀਆ ਲਿਜਾ ਕੇ ਸਸਕਾਰ ਕਰਨਾ ਚਾਹੁੰਦਾ ਸੀ।
-"ਸਹੁਰੇ ਦੀ ਰੂਹ ਐਥੇ ਈ ਨਾ ਭੜਕਦੀ ਫਿਰੇ।"
ਪਰ ਉਹ ਬੇਵੱਸ ਸੀ। ਪੁੱਤਰਾਂ ਅਤੇ ਘਰ ਵਾਲੀ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਣਾ ਸੀ।
-"ਲੋਕ ਵੀ ਆਬਦਿਆਂ ਨੂੰ ਐਥੇ ਈ ਫੂਕਦੇ ਐ-ਬਾਹਲਾ ਹੇਜ ਮਾਰ ਗਿਆ ਇਹਨੂੰ।" ਘਰ ਵਾਲੀ ਨੇ ਕਹਿਣਾ ਸੀ। ਦੁੱਖ ਅਤੇ ਵਿਰੋਧ ਦਾ ਸਾਹਮਣਾ ਉਸ ਤੋਂ ਹੋਣਾ ਨਹੀਂ ਸੀ। ਖ਼ਾਸ ਤੌਰ 'ਤੇ ਪ੍ਰੀਤ ਬਾਰੇ ਉਹ ਕੋਈ ਗੱਲ ਸਹਾਰ ਨਹੀਂ ਸਕਦਾ ਸੀ। ਸਸਕਾਰ 'ਤੇ ਉਹ ਕਲੇਸ਼ ਕਰਨੋਂ ਡਰਦਾ ਸੀ।
-"ਸ਼ੇਰ ਬੱਗੇ ਦੀ ਮਿੱਟੀ ਨਹੀਂ ਰੋਲਣੀਂ!" ਉਹ ਆਪਦੇ ਆਪ ਨਾਲ ਹੀ ਗੱਲਾਂ ਕਰਦਾ।
ਖ਼ੈਰ! ਸਰਕਾਰੀ ਸ਼ਮਸ਼ਾਨਘਾਟ ਵਿਖੇ ਲਿਜਾ ਕੇ ਪ੍ਰੀਤ ਦਾ ਸਸਕਾਰ ਕਰ ਦਿੱਤਾ। ਪ੍ਰੀਤ ਦੀ ਮਾਂ ਦਿਲਜੀਤ ਨੂੰ ਦੰਦਲਾਂ-ਦੌਰੇ ਪੈ ਰਹੇ ਸਨ। ਕਿੰਨੇ ਪਾਪੜ ਵੇਲ ਕੇ ਇੱਕ ਪੁੱਤ ਲਿਆ ਸੀ ਅਤੇ ਉਹ ਵੀ 'ਝਾਤ' ਕਹਿ ਕੇ ਤੁਰ ਗਿਆ ਸੀ। ਉਸ ਦੀ ਵਸਦੀ-ਰਸਦੀ ਦੁਨੀਆਂ ਤਬਾਹ ਹੋ ਗਈ ਸੀ। ਇੱਥੇ ਲੋਕ-ਲਾਜ ਪੱਖੋਂ ਬਦਨ ਸਿੰਘ ਬਹੁਤ ਘੱਟ ਰੋਇਆ ਸੀ। ਦੁੱਖ-ਦਰਦ ਦਾ ਗੋਲਾ ਦਿਲ ਵਿਚ ਦੱਬੀ ਉਹ ਘੁੱਟਿਆ-ਘੁੱਟਿਆ ਫਿਰਦਾ ਰਿਹਾ ਸੀ। ਸਿਲ-ਪੱਥਰ ਬਣਿਆਂ। ਕਿਸੇ ਬੁੱਢੇ ਦਰਿਆ ਵਾਂਗ ਖ਼ਾਮੋਸ਼! ਉਹ ਬੁੱਢਾ ਦਰਿਆ ਜਿਹੜਾ ਸਿਰਫ਼ ਆਪਣੀ ਜੂਹ ਵਿਚ ਹੀ ਵਗ ਸਕਦਾ ਸੀ।
ਸ਼ਮਸ਼ਾਨਘਾਟ ਵਾਲਿਆਂ ਨੇ ਸਸਕਾਰ ਤੋਂ ਬਾਅਦ ਪ੍ਰੀਤ ਦੀ ਰਾਖ਼ ਅਤੇ 'ਫੁੱਲ' ਉਸ ਦੀ ਮਾਂ ਦਿਲਜੀਤ ਕੌਰ ਨੂੰ ਸੌਂਪ ਦਿੱਤੇ ਅਤੇ ਦਿਲਜੀਤ ਨੇ ਬਦਨ ਸਿੰਘ ਦੇ ਹਵਾਲੇ ਕਰ ਦਿੱਤੇ।
ਪ੍ਰੀਤ ਦੇ ਫੁੱਲ ਲੈ ਕੇ ਪ੍ਰੀਤ ਦੀ ਮਾਂ ਦਿਲਜੀਤ ਅਤੇ ਬਦਨ ਸਿੰਘ ਇੰਡੀਆ ਨੂੰ ਜਹਾਜ਼ ਚੜ੍ਹ ਗਏ। ਸਾਰੇ ਰਾਹ ਹੀ ਦੋਨਾਂ ਨੇ ਕੁਝ ਖਾਧਾ ਨਾ ਪੀਤਾ ਸੀ। ਬਦਨ ਸਿੰਘ ਪ੍ਰੀਤ ਦੇ ਫੁੱਲਾਂ ਨੂੰ ਹਿੱਕ ਨਾਲ ਲਾਈ ਆਇਆ ਸੀ। ਇੱਕ ਤਰ੍ਹਾਂ ਨਾਲ ਪ੍ਰੀਤ ਨੂੰ ਬੱਚੇ ਵਾਂਗ ਬੁੱਕਲ ਵਿਚ ਬਿਠਾਈ ਆਇਆ ਸੀ। ਇੱਕ ਪਲ ਵੀ ਫੁੱਲ ਉਸ ਨੇ ਛਾਤੀ ਨਾਲੋਂ ਨਹੀਂ ਲਾਹੇ ਸਨ। ਬਦਨ ਸਿੰਘ ਨੂੰ ਸਬਰ ਨਹੀਂ ਆ ਰਿਹਾ ਸੀ।
-"ਦਲਜੀਤ ਕੌਰੇ-ਆਹ ਵੀ ਕੱਲ੍ਹ ਨੂੰ ਤਾਰ ਦਿਆਂਗੇ-ਫੇਰ ਆਪਣੇ ਕੋਲ ਕੀ ਰਹਿ ਜਾਊ? ਜਾਣੀਂਦੀ ਜਮਾਂ ਈ ਹੱਥ ਮਾਂਜ ਕੇ ਬਹਿਜਾਂਗੇ।" ਬਦਨ ਸਿੰਘ ਦੇ ਦਿਲੋਂ ਵੈਰਾਗ਼ ਦਾ ਤੂਫ਼ਾਨ ਉਠਿਆ। ਦਿਲਜੀਤ "ਹਾਏ ਰੱਬਾ---!" ਆਖ ਕੇ ਰੋ ਪਈ। ਉਸ ਦਾ ਕਾਲਜਾ ਭਰਾੜ੍ਹ ਹੋ ਗਿਆ ਸੀ। ਉਹ ਬਦਨ ਸਿੰਘ ਦੇ ਮੋਹ-ਭਿੱਜੇ ਮਨ ਨੂੰ, ਦਿਲ ਦੇ ਅਥਾਹ ਦਰਦ ਨੂੰ ਚੰਗੀ ਤਰ੍ਹਾਂ ਹੀ ਤਾਂ ਸਮਝਦੀ ਸੀ।
ਪਿੰਡ ਪਹੁੰਚ ਕੇ ਉਸ ਨੇ ਇਸ਼ਨਾਨ ਕੀਤਾ ਅਤੇ 'ਵਾਹਿਗੁਰੂ-ਵਾਹਿਗੁਰੂ' ਕਰਦਾ ਫੁੱਲ ਲੈ ਕੇ ਗੁਰਦੁਆਰੇ ਪਹੁੰਚ ਗਿਆ। ਪੂਰੇ ਵੀਹ ਸਾਲਾਂ ਬਾਅਦ ਉਹ ਪਿੰਡ ਆਇਆ ਸੀ। ਗੁਰਦੁਆਰੇ ਦੇ ਪਿੱਪਲ ਨਾਲ ਉਸ ਨੇ ਪੋਟਲੀ ਟੰਗੀ ਅਤੇ ਅੰਦਰ ਚਲਾ ਗਿਆ।
ਮੱਥਾ ਟੇਕਿਆ।
ਓਪਰੇ ਗਰੰਥੀ ਸਾਹਿਬਾਨ ਨੂੰ 'ਫ਼ਤਹਿ' ਬੁਲਾਈ ਅਤੇ ਪ੍ਰੀਤ ਦੀ ਆਤਮਾ ਨੂੰ ਸ਼ਾਂਤੀ ਨਵਿਰਤ ਅਰਦਾਸ ਕਰਨ ਲਈ ਬੇਨਤੀ ਕੀਤੀ।
-"ਕੀ ਨਾਂ ਸੀ ਕਾਕੇ ਦਾ?" ਗਰੰਥੀ ਨੇ ਸੁਆਲ ਕੀਤਾ।
-"ਜੀ ਹਰਪ੍ਰੀਤ ਸਿੰਘ!" ਬਦਨ ਸਿੰਘ ਦੀਆਂ ਅੱਖਾਂ ਛਲਕੀਆਂ। ਬੋਲਾਂ 'ਚ ਹੰਝੂ ਬੋਲੇ। ਗਲ ਰੁਕ ਗਿਆ।
-"ਪਿਤਾ ਦਾ ਨਾਂ?"
ਬਦਨ ਸਿੰਘ ਡਰ ਕੇ, ਦਹਿਲ ਕੇ ਜਿਹੇ ਆਪਣੀ ਸਾਲੀ ਦਿਲਜੀਤ ਵੱਲ ਝਾਕਿਆ। ਉਹ ਗੁਰੂ ਦੀ ਤਾਬਿਆ ਵਿਚ ਖੜ੍ਹੇ ਸਨ। ਝੂਠ ਬੋਲਣਾ ਬੱਜਰ ਗੁਨਾਂਹ ਹੀ ਨਹੀਂ, ਘੋਰ ਪਾਪ ਵੀ ਸੀ। ਦਿਲਜੀਤ ਨੇ ਅੱਖਾਂ ਮੀਟ ਕੇ ਲੰਮਾ ਸਾਹ ਲਿਆ ਅਤੇ 'ਹਾਂ' ਵਿਚ ਸਿਰ ਹਿਲਾ ਦਿੱਤਾ।
-"ਜੀ ਸਰਦਾਰ ਬਦਨ ਸਿੰਘ...!"
ਗਰੰਥੀ ਨੇ ਨੋਟ ਕਰ ਲਿਆ।
ਅੱਜ ਉਸ ਦੇ ਸਿਰੋਂ ਮਣਾਂ-ਮੂੰਹੀਂ ਬੋਝ ਉੱਤਰ ਗਿਆ ਸੀ। ਉਹ ਗੁਰੂ-ਦਰਬਾਰ ਵਿਚ ਸੁਰਖ਼ਰੂ ਜਿਹਾ ਹੋਇਆ ਖੜ੍ਹਾ ਸੀ।
ਭਾਈ ਜੀ ਨੇ ਅਰਦਾਸ ਕਰ ਦਿੱਤੀ ਅਤੇ ਉਹ ਹਰਪ੍ਰੀਤ ਦੇ ਫੁੱਲ ਲੈ ਕੇ ਕੀਰਤਪੁਰ ਸਾਹਿਬ ਨੂੰ ਰਵਾਨਾ ਹੋ ਗਏ।

Sunday, September 9, 2007

Maroothalan Di Pairrh...

Posted by Picasa

ਕਹਾਣੀ: ਮਾਰੂਥਲਾਂ ਦੀ ਪੈੜ

ਮਾਰੂਥਲਾਂ ਦੀ ਪੈੜ
(ਕਹਾਣੀ)

ਫ਼ੌਜੀ ਅਮਰੀਕ ਸਿੰਘ ਦੀ ਆਪਣੀ ਪਤਨੀ ਗੁਰਮੀਤ ਕੌਰ ਨਾਲ ਪਹਿਲਾਂ ਤੋਂ ਹੀ ਘੱਟ ਬਣਦੀ ਸੀ। ਫ਼ੌਜੀ ਦੀ ਘਰਵਾਲੀ ਬੜੀ ਪਹਿਨ-ਪੱਚਰ ਕੇ ਰਹਿਣ ਵਾਲੀ ਸ਼ੌਕੀਨ ਔਰਤ ਸੀ। ਪਰ ਫ਼ੌਜੀ ਪੂਰਾ ਪੈਸੇ ਦਾ ਪੁੱਤ ਅਤੇ ਲੀਚੜ ਬੰਦਾ ਸੀ। ਮਰ ਕੇ ਵੀ ਪੈਸਾ ਹੱਥੋਂ ਨਾ ਛੱਡਣ ਵਾਲਾ ਅਥਾਹ ਲਾਲਚੀ ਇਨਸਾਨ! ਫ਼ੌਜੀ ਦੇ ਤਾੜਦਿਆਂ ਕਰਦਿਆਂ ਵੀ ਫ਼ੌਜਣ ਮੋਢਿਆਂ ਉਤੋਂ ਦੀ ਥੁੱਕਣੋਂ ਨਹੀਂ ਹਟੀ ਸੀ। ਨਵੇਂ ਤੋਂ ਨਵਾਂ ਫ਼ੈਸ਼ਨ ਕਰਨਾ, ਬਣ-ਠਣ ਕੇ ਰਹਿਣਾ। ਮਨ ਭਾਉਂਦਾ ਖਾਣਾ, ਮਨ ਭਾਉਂਦਾ ਪਹਿਨਣਾ। ਤਰ੍ਹਾਂ-ਤਰ੍ਹਾਂ ਦੀ ਮੇਕ-ਅੱਪ ਕਰਨੀ ਅਤੇ ਅੱਖਾਂ ਵਿਚ ਪੂਛਾਂ ਵਾਲਾ ਸੁਰਮਾ ਪਾਉਣਾ, ਉਸ ਦੀ ਆਮ ਆਦਤ ਸੀ। ਪਰ ਫ਼ੌਜੀ ਤਾਂ ਵਿਚਾਰਾ ਸਾਗ ਖਾ ਕੇ ਗੁਜ਼ਾਰਾ ਕਰਨ ਵਾਲਾ ਆਦਮੀ ਸੀ। ਫ਼ੌਜੀ ਦੀ ਤਾਂ ਆਪਣੀ ਕਹਾਵਤ ਘੜ੍ਹੀ ਹੋਈ ਸੀ:
-"ਸ਼ਾਮ ਨੂੰ ਖਾਣਾ ਤੇ ਤੜਕਿਓਂ ਗੰਦ ਬਣ ਜਾਣਾ।" ਪਰ ਫ਼ੌਜੀ ਦੀ ਇਹ ਕਹਾਵਤ ਫ਼ੌਜਣ ਦੇ ਜੁੱਤੀ ਦੇ ਯਾਦ ਨਹੀਂ ਸੀ। ਕਿਸੇ ਮਸ਼ਹੂਰ ਮੰਦਰ ਦੀ ਟੱਲੀ ਵਾਂਗ ਉਸ ਦੀ ਲੁਤਰੋ ਅੰਦਰ ਨਾ ਵੜਦੀ, ਖੜਕਦੀ ਹੀ ਰਹਿੰਦੀ।
ਫ਼ੌਜੀ ਹੌਲਦਾਰ ਪੈਨਸ਼ਨ ਆਇਆ ਤਾਂ ਉਸ ਦਾ ਭਰਾਵਾਂ ਨਾਲ ਸੰਨ੍ਹ ਨਾ ਰਲਿਆ। ਵਾਹੀ ਵਿਚ ਉਹ ਪਿਆ ਨਹੀਂ ਸੀ। ਵਿਹਲਾ ਉਸ ਨੂੰ ਭਰਾ ਜਰਦੇ ਨਹੀਂ ਸਨ। ਵੱਡੀ ਗੱਲ ਇਹ ਸੀ ਕਿ ਫ਼ੌਜੀ ਨੇ ਫ਼ੌਜ ਦੇ ਹਿਸਾਬ ਕਿਤਾਬ ਵਿਚੋ ਇੱਕ ਪੈਸਾ ਵੀ ਘਰੇ ਨਹੀਂ ਦਿਖਾਇਆ ਸੀ। ਇੱਕ ਫ਼ੌਜਣ ਅੱਠੋ ਪਹਿਰ ਘਰੇ 'ਮੇਲਣ' ਬਣੀ ਰਹਿੰਦੀ ਸੀ। ਕੰਮ ਦਾ ਡੱਕਾ ਤੋੜ ਕੇ ਦੂਹਰਾ ਕਰਨਾ, ਉਸ ਨੂੰ ਮਿਹਣਾ ਸੀ। ਸਾਰੀ ਉਮਰ ਵਿਹਲੀਆਂ ਹੀ ਖਾਧੀਆਂ ਸਨ। ਹਰਾਮ ਹੱਡ ਪਿਆ ਹੋਇਆ ਸੀ। ਫਿਰ ਵੀ ਉਹ ਫ਼ੌਜਣ ਸੀ, ਕਿਉਂ ਚੁੱਲ੍ਹੇ 'ਤੇ ਹੱਥ ਫੂਕਦੀ?
ਘਰ ਵਿਚ ਰੋਜ਼ਾਨਾ ਹੀ ਛਿਤਰੌਲ ਖੜਕਣ ਲੱਗ ਪਿਆ। ਬਿਗਾਨੀਆਂ ਧੀਆਂ ਅਤੇ ਬਰਾਬਰ ਦੀਆਂ ਸ਼ਰੀਕਣੀਆਂ, ਦਰਾਣੀਆਂ ਅਤੇ ਜਿਠਾਣੀਆਂ ਨੇ ਪੜਛੱਤੀ ਸਿਰ 'ਤੇ ਚੁੱਕ ਲਈ।
-"ਅਸੀਂ 'ਕੱਲੀਆਂ ਸਾਰਾ ਕੰਮ ਕਿਉਂ ਕਰੀਏ? ਇਹ ਤਾਂ ਬਣ ਤਣ ਕੇ ਇਉਂ ਬਹਿ ਜਾਂਦੀ ਐ-ਜਿਵੇਂ ਕੱਲ੍ਹ ਮੁਕਲਾਵੇ ਆਈ ਹੁੰਦੀ ਐ! ਅਸੀਂ ਕੁਛ ਦੇਣੈਂ ਏਸ ਘਰ ਦਾ?"
ਫ਼ੌਜੀ ਦੀ ਬਿਰਧ ਮਾਂ ਕਲੇਸ਼ ਤੋਂ ਅਤੀਅੰਤ ਦੁਖੀ ਸੀ। ਇਕ ਦਿਨ ਸ਼ਾਮ ਨੂੰ ਉਸ ਨੇ ਫ਼ੌਜੀ ਨੂੰ ਕੋਲ ਬਿਠਾ ਲਿਆ।
-"ਦੇਖ ਪੁੱਤ! ਗੁਰਮੀਤ ਵੀ ਤਾਂ ਇਸ ਘਰ ਦੀ ਨੂੰਹ ਐਂ-ਕੋਈ ਬਿਗਾਨੀ ਨਹੀਂ-ਉਸ ਨੂੰ ਆਖ-ਦੂਜੀਆਂ ਬਹੂਆਂ ਨਾਲ ਮਾੜੀ ਮੋਟੀ ਹੱਥ-ਪੜੱਥੀ ਕਰਵਾ ਦਿਆ ਕਰੇ-ਘਰ 'ਚ ਚਿੱਤੋ-ਪਹਿਰ ਕਲੇਸ਼ ਮਾੜਾ ਹੁੰਦੈ, ਸ਼ੇਰਾ!" ਬੇਬੇ ਦੀਆਂ ਝੁਰੜੀਆਂ ਵਿਚ ਫਿ਼ਕਰ ਕੰਬ ਰਿਹਾ ਸੀ।
-"ਮੈਂ ਤਾਂ ਸਾਰੀ ਉਮਰ ਨ੍ਹੀ ਕੀਤਾ-ਹੁਣ ਜਮਾਂ ਨ੍ਹੀ ਕਰਦੀ!" ਅੰਦਰੋਂ ਫ਼ੌਜਣ ਨੇ ਅਕਾਸ਼ਬਾਣੀ ਕੀਤੀ।
-"ਫੇਰ ਪੁੱਤ ਤੂੰ ਇਉਂ ਕਰ-ਸਾਰੀ ਦੁਨੀਆਂ ਬਾਹਰਲੇ ਮੁਲਕਾਂ ਨੂੰ ਤੁਰੀ ਜਾਂਦੀ ਐ-ਤੂੰ ਵੀ ਕਿਸੇ ਪਾਸੇ ਕੋਸ਼ਟ ਕਰਲਾ-ਇੱਕ ਮਰੂ ਦੂਜਾ ਫ਼ਾਹੇ ਲੱਗੂ-ਆਂਦਰਾਂ ਤਾਂ ਆਖਰ ਮੇਰੀਆਂ ਈ ਮੱਚਣੀਐਂ! ਇਹਨਾਂ ਬਿਗਾਨੀਆਂ ਧੀਆਂ ਦਾ ਕੱਖ ਨ੍ਹੀ ਜਾਣਾ-ਓਸ ਗੱਲ ਦੇ ਆਖਣ ਮਾਂਗੂੰ-ਇਹ ਤਾਂ ਅੱਡੋ ਅੱਡੀ ਪੇਕੀਂ ਜਾ ਬੈਠਣਗੀਆਂ-ਰੱਬ ਨੇ ਤੈਨੂੰ ਸਾਰਾ ਕੁਛ ਦਿੱਤੈ-ਜੇ ਕਿਸੇ ਪਾਸਿਓਂ ਥੁੜਿਆ ਤਾਂ ਮੈਨੂੰ ਦੱਸ ਦੇਈਂ-ਓਹ ਜਾਣੇਂ ਮੈਂ ਆਬਦੀਆਂ ਡੰਡੀਆਂ ਵੇਚ ਦਿਊਂ-ਪਰ ਪੁੱਤ ਭੇਜਣ ਨੂੰ ਤਾਂ ਮੇਰਾ ਵੀ ਦਿਲ ਨ੍ਹੀ ਕਰਦਾ-ਫਿਰ ਵੀ ਤੂੰ ਮੇਰੇ ਢਿੱਡ ਦੀ ਆਂਦਰ ਐਂ-ਪਰ ਰੋਜ ਦੇ ਸਿੜ੍ਹੀ-ਸਿਆਪੇ ਤੋਂ ਡਰਦੀ ਆਖਦੀ ਆਂ-ਲੜਾਈਆਂ ਭੜ੍ਹਾਈਆਂ 'ਚੋਂ ਕਿਸੇ ਨੇ ਕੁਛ ਨਹੀਂ ਖੱਟਿਆ-ਤੂੰ ਕਿਸੇ ਜੰਟ-ਜੁੰਟ ਨਾਲ ਗੱਲਬਾਤ ਕਰਕੇ ਕਿਸੇ ਬਿਲੇ ਲੱਗ-ਜਿੱਥੇ ਵਸੇਂਗਾ, ਸ਼ਾਂਤੀ ਨਾਲ ਤਾਂ ਵਸੇਂਗਾ? ਨਾਲੇ ਮੈਂ ਚਾਰ ਦਿਨ ਸੁਖ ਦੇ ਕੱਟ ਲਊਂ।"
ਬੇਬੇ ਦੀ ਠੰਢੀ ਦਲੀਲ ਫ਼ੌਜੀ ਦੇ ਦਿਲ ਵਿਚ ਘਰ ਕਰ ਗਈ।
-"ਨਾਲੇ ਤੇਰੇ ਤਿੰਨਾਂ ਜੁਆਕਾਂ ਦੀ ਜਿੰਦਗੀ ਸੁਧਰ ਜਾਊ-ਐਥੇ ਤਾਂ ਧੰਦ ਪਿੱਟਣ ਐਂ-ਜਿੰਨਾਂ ਮਰਜੀ ਐ ਪਿੱਟ ਲੈਣ।" ਫ਼ੌਜੀ ਨੂੰ ਚੁੱਪ ਦੇਖ ਕੇ ਬੇਬੇ ਨੇ ਫਿਰ ਕਿਹਾ।
ਪੈਨਸ਼ਨ ਹੋਣ 'ਤੇ ਮਿਲੀ ਰਕਮ ਫ਼ੌਜੀ ਨੇ ਬੈਂਕ ਵਿਚੋਂ ਕਢਵਾ ਕੇ ਦਿੱਲੀ ਦੇ ਕਿਸੇ ਏਜੰਟ ਦੇ ਚਰਨਾਂ ਵਿਚ ਜਾ ਰੱਖੀ। ਭਲੇ ਵੇਲਿਆਂ ਵਿਚ ਫ਼ੌਜੀ ਜਰਮਨ ਆ ਗਿਆ। ਇੱਕ ਸਾਲ ਜਰਮਨ ਪੈਰ ਨਾ ਲੱਗੇ ਤਾਂ ਉਹ ਆਸਟਰੀਆ ਪੁੱਜ ਗਿਆ। ਛੇ ਕੁ ਮਹੀਨੇ ਦੀ ਜੱਦੋ-ਜਹਿਦ ਮਗਰੋਂ ਫ਼ੌਜੀ ਨੂੰ ਪਰਮਿਟ ਮਿਲ ਗਿਆ ਅਤੇ ਪੱਕਾ ਹੋ ਗਿਆ। ਸਾਰਿਆਂ ਤੋਂ ਪਹਿਲਾਂ ਉਸ ਨੇ ਕੰਮ ਪਰਿਵਾਰ ਮੰਗਵਾਉਣ ਵਾਲਾ ਕੀਤਾ। ਤਿੰਨ ਬੱਚਿਆਂ ਸਮੇਤ ਗੁਰਮੀਤ ਕੌਰ ਆਸਟਰੀਆ ਆ ਗਈ। ਆਉਣਸਾਰ ਉਸ ਨੇ ਫ਼ੌਜੀ ਦੇ ਰਹਾਇਸ਼ੀ ਮਕਾਨ ਵਿਚ ਵੀਹ ਨਿਘੋਚਾਂ ਕੱਢੀਆਂ। ਪੁਰਾਣੀਆਂ ਜੁੱਤੀਆਂ, ਬੂਟ ਅਤੇ ਕੱਪੜੇ ਬਾਹਰ ਸੁੱਟੇ। ਫ਼ੌਜੀ ਦੇ ਬੱਗੇ ਹੋਏ ਵਾਲਾਂ 'ਚ ਨੁਕਸ ਕੱਢਿਆ। ਬੁੱਲ੍ਹ ਟੇਰੇ!
-"ਜੇ ਮੈਂ ਵਾਲ ਰੰਗਣ 'ਚ ਰਹਿੰਦਾ ਤਾਂ ਤੂੰ ਨਹੀਂ ਸੀ ਇੱਥੇ ਆ ਸਕਦੀ।" ਫ਼ੌਜੀ ਖੂੰਜਿਓਂ ਜੇਤੂਆਂ ਵਾਂਗ ਬੋਲਿਆ।
-"ਕਿਉਂ? ਕਾਲੇ ਵਾਲ ਮੇਰਾ ਵੀਜ਼ਾ ਰੋਕਦੇ ਸੀ?" ਅੱਗੋਂ ਉਸ ਨੇ ਕਵੱਲਾ ਵਾਰ ਕੀਤਾ। ਫ਼ੌਜੀ ਦਾ ਮੂੰਹ ਤਖ਼ਤੇ ਦੀ ਝੀਥ ਵਾਂਗ ਬੰਦ ਹੋ ਗਿਆ। ਉਹ ਤਾਂ ਗੁਰਮੀਤ ਕੌਰ ਤੋਂ ਥਾਪੀ ਦੀ ਆਸ ਲਾਈ ਬੈਠਾ ਸੀ। ਪਰ ਉਹ ਤਾਂ ਕਿੰਗਰਾ ਭੁਰੀ ਇੱਟ ਵਾਂਗ ਸਿੱਧਾ ਮੱਥੇ ਵਿਚ ਵੱਜ, ਟੀਕ ਚਲਾਈ ਜਾਂਦੀ ਸੀ।
-"ਤੂੰ ਨਹਾ ਲੈ! ਤੇਰਾ ਦਿਮਾਗ ਸੈੱਟ ਹੋ ਜਾਊ-ਫੇਰ ਆਪਾਂ ਬੈਠ ਕੇ ਗੱਲਾਂ ਬਾਤਾਂ ਕਰਾਂਗੇ।" ਫ਼ੌਜੀ ਨੇ ਕਿਹਾ।
-"ਗੁਸਲਖਾਨਾ ਕਿੱਥੇ ਐ?"
-"ਉਪਰ ਐ-ਚੱਲ ਤੈਨੂੰ ਸਮਝਾ ਕੇ ਆਵਾਂ।"
ਅੱਗੜ-ਪਿੱਛੜ ਉਹ ਬਾਥਰੂਮ ਨੂੰ ਹੋ ਤੁਰੇ।
ਗਰਮ-ਸਰਦ ਪਾਣੀ ਬਾਰੇ ਫ਼ੌਜੀ ਨੇ ਉਸ ਨੂੰ ਸਾਰਾ ਕੁਝ ਸਮਝਾ ਦਿੱਤਾ। ਸਾਬਣ, ਸ਼ੈਂਪੂ ਅਤੇ ਨਵਾਂ ਤੌਲੀਆ ਦੇ ਦਿੱਤਾ। ਬਾਥਰੂਮ ਦਾ ਦਰਵਾਜਾ ਬੰਦ ਕਰ ਉਹ ਹੇਠਾਂ ਉਤਰ ਆਇਆ।
ਜੁਆਕ ਹੇਠਾਂ ਚੀਕ-ਚਿਹਾੜਾ ਪਾਈ ਬੈਠੇ ਸਨ।
-"ਦੇਖੋ ਬੇਟੇ! ਇਹ ਇੰਡੀਆ ਨਹੀਂ, ਆਸਟਰੀਆ ਹੈ-ਇੱਥੇ ਸਿਆਣੇ ਬੱਚੇ ਰੌਲਾ ਨਹੀਂ ਪਾਉਂਦੇ-ਅਗਰ ਤੁਸੀਂ ਰੌਲਾ ਪਾਵੋਂਗੇ, ਗੁਆਂਢੀ ਪੁਲਸ ਬੁਲਾ ਲੈਣਗੇ।" ਫ਼ੌਜੀ ਨੇ ਬੜੇ ਪਿਆਰ ਨਾਲ ਸਮਝਾਇਆ। ਪੁਲੀਸ ਦਾ ਨਾਂ ਸੁਣ ਕੇ ਬੱਚੇ ਚੁੱਪ ਹੋ ਗਏ ਅਤੇ ਵੱਖੋ-ਵੱਖਰੇ ਖਿਡਾਉਣਿਆਂ ਨਾਲ ਖੇਡਣ ਲੱਗ ਪਏ। ਫ਼ੌਜੀ ਟੀ ਵੀ ਲਾ ਕੇ ਬੈਠ ਗਿਆ। ਅੱਜ ਉਹ ਪ੍ਰੀਵਾਰ ਵਿਚ ਬੈਠਾ ਅਥਾਹ ਖੁਸ਼ ਸੀ। ਇਕੱਲੇ ਨੇ ਦੋ ਸਾਲ ਦਸੌਂਟਾ ਹੀ ਕੱਟਿਆ ਸੀ। ਖੁਦ ਹੱਥ ਫ਼ੂਕੇ ਸਨ ਜਾਂ ਫਿਰ ਬਰੈੱਡ ਖਾ ਕੇ ਹੀ ਗੁਜ਼ਾਰਾ ਕਰ ਲਿਆ ਸੀ। ਦਿਨ-ਰਾਤ ਕਮਾਈ ਕੀਤੀ ਸੀ। ਚਾਰ-ਚਾਰ ਘੰਟੇ ਸੌਂ ਕੇ ਵੀਹ-ਵੀਹ ਘੰਟੇ ਸੱਤੇ ਦਿਨ ਕੰਮ ਕੀਤਾ ਸੀ। ਬਗੈਰ ਕਿਸੇ ਛੁੱਟੀ ਤੋਂ! ਅੱਜ ਉਸ ਦੀ ਕੀਤੀ ਕਮਾਈ ਰਾਸ ਆ ਗਈ ਸੀ। ਨਹੀਂ ਤਾਂ ਲੋਕ ਦਸ-ਦਸ ਸਾਲ ਦੇ ਇੱਥੇ ਬੈਠੇ ਸਨ। ਆਪਣਾ ਪ੍ਰੀਵਾਰ ਨਹੀਂ ਮੰਗਵਾ ਸਕੇ ਸਨ। ਫ਼ੌਜੀ ਤਾਂ ਅੱਜ ਸਿਰੋਂ ਸਰਦਾਰ ਸੀ। ਉਹ ਪਰਜਾ ਵਿਚ ਬੈਠੇ ਮਹਾਰਾਜੇ ਵਾਂਗ ਆਕੜਿਆ ਬੈਠਾ ਸੀ।
ਜਦ ਨੂੰ ਫ਼ੌਜਣ ਨਹਾ ਕੇ ਮੁੜੀ, ਉਸ ਨੇ ਦੋ ਕਰੜੇ ਪੈੱਗ ਚਾਹੜ ਲਏ ਸਨ। ਨਹਾ-ਧੋ ਕੇ ਫ਼ੌਜਣ ਹੋਰ ਨਿੱਖਰ ਆਈ ਸੀ। ਖੁੱਲ੍ਹੇ ਗਿੱਲੇ ਵਾਲ ਅਤੇ ਸੰਧੂਰੀ ਗੱਲ੍ਹਾਂ ਦੇਖ ਕੇ ਫ਼ੌਜੀ ਦਾ ਦਿਲ ਡੋਲ ਗਿਆ। ਉਹ ਫ਼ੌਜਣ ਨੂੰ ਜੁਆਕਾਂ ਤੋਂ ਓਹਲੇ ਕਰ, ਕਿਚਨ ਵਿਚ ਲੈ ਗਿਆ ਅਤੇ ਜੱਫ਼ੀ ਪਾ ਲਈ।
-"ਵੇ ਪਰ੍ਹੇ ਹੱਟ! ਮੁਸ਼ਕ ਮਾਰਦੈ ਜੈ ਖਾਣੇ ਦੇ-ਦੇ ਵਿਚੋਂ! ਨਹਾਉਣਾ ਨਾ ਧੋਣਾਂ-ਜੂਆਂ ਦੀ ਖਾਧ!" ਉਸ ਨੇ ਫ਼ੌਜੀ ਨੂੰ ਧੱਕਾ ਦੇ ਕੇ ਕੰਧ ਨਾਲ ਲਾ ਦਿੱਤਾ।
ਫ਼ੌਜੀ ਦਾ ਨਸ਼ਾ ਖੋਟਾ ਹੋ ਗਿਆ।
-"ਮੈਂ ਦਿਨ ਰਾਤ ਇੱਕ ਕਰਕੇ ਥੋਨੂੰ ਐਥੇ ਮੰਗਵਾਇਆ ਤੇ ਤੂੰ-!" ਫ਼ੌਜੀ ਨੇ ਉਸ ਨੂੰ ਸਮਝਾਉਣਾ ਚਾਹਿਆ। ਮੇਰ ਜਿਹੀ ਕੀਤੀ।
-"ਮੰਗਵਾਇਆ ਤੂੰ ਆਬਦੇ ਪਰਵਾਰ ਨੂੰ ਐਂ-ਕਿਸੇ ਸੱਤ ਬਿਗਾਨੇ ਨੂੰ ਨਹੀਂ ਮੰਗਵਾਇਆ-ਆਬਦਿਆਂ ਨੂੰ ਸਾਰੀ ਦੁਨੀਆਂ ਮੰਗਵਾਉਂਦੀ ਐ-ਜੁਆਕਾਂ ਦੀ ਜਿੰਦਗੀ ਸੁਆਰਨਾ ਹਰ ਪਿਉ ਦਾ ਫ਼ਰਜ ਐ!"
-"ਤੇ ਭਾਗਵਾਨੇ! ਤੇਰਾ ਕੋਈ ਫ਼ਰਜ਼ ਈ ਨਹੀਂ?" ਫ਼ੌਜੀ ਨੇ ਉਸ ਨੂੰ ਫਿਰ ਗਲਵਕੜੀ ਵਿਚ ਲੈਣਾ ਚਾਹਿਆ। ਉਹ ਤੁੱਕਿਆਂ ਵੱਲ ਔਹਲਦੇ ਬੋਕ ਵਾਂਗ, ਵਾਰ-ਵਾਰ ਫ਼ੌਜਣ ਦੀਆਂ ਗੱਲ੍ਹਾਂ ਵੱਲ ਨੂੰ, ਝਈਆਂ ਲੈ-ਲੈ ਕੇ ਪੈ ਰਿਹਾ ਸੀ।
-"ਵੇ ਪਰ੍ਹੇ ਹੋ ਜਾਹ! ਮੈਨੂੰ ਵੀ ਆਬਦੇ ਅਰਗੀ ਬੁੜ੍ਹੀ ਜੀ ਕਰ ਦੇਵੇਂਗਾ-ਕਹਿੰਦੇ ਹੁੰਦੇ ਐ-ਬੁੜ੍ਹੀਆਂ ਗਾਈਆਂ ਦੇ ਵੱਗ 'ਚ ਤੁਰੀ ਫਿਰਦੀ ਵਹਿੜ ਵੀ ਮੌਲੀ ਦਿਸਣ ਲੱਗ ਪੈਂਦੀ ਐ।" ਫ਼ੌਜੀ ਨੂੰ ਇੱਕ ਤਰ੍ਹਾਂ ਨਾਲ, ਨਾਲੋਂ ਤੋੜ ਕੇ ਉਹ ਡਰਾਇੰਗ-ਰੂਮ ਵਿਚ ਟੀ ਵੀ ਅੱਗੇ ਜਾ ਬੈਠੀ।
ਹਾਰੇ-ਹੁੱਟੇ ਸਾਹਣ ਵਾਂਗ ਦਧਨ ਹੋਏ ਫ਼ੌਜੀ ਨੇ ਮੂੰਹ ਲਾ ਕੇ ਅੱਧੀ ਬੋਤਲ ਸੂਤ ਧਰੀ। ਉਹ ਛਿੱਥਾ ਜਿਹਾ ਪਿਆ ਖੜ੍ਹਾ ਸੀ। ਉਸ ਦੇ ਸੁਪਨੇ ਚੂਰ ਹੋ ਗਏ ਸਨ। ਉਹ ਤਾਂ ਦਿਨ-ਰਾਤ ਕਲਪਨਾ ਵਿਚ ਫ਼ੌਜਣ ਨੂੰ ਹੀ ਬੁੱਕਲ ਵਿਚ ਲਈ ਰੱਖਦਾ ਸੀ। ਉਸ ਦੇ ਦਿਲ ਵਿਚ ਸੀ: ਫ਼ੌਜਣ ਆਵੇਗੀ, ਪਰੌਂਠੇ ਪਕਾ ਕੇ ਦਿਆ ਕਰੇਗੀ। ਥੱਕ ਟੁੱਟ ਕੇ ਆਏ ਦੀਆਂ ਲੱਤਾਂ ਘੁੱਟਿਆ ਕਰੇਗੀ। ਹੱਥੀਂ ਪੈੱਗ ਪਾ ਕੇ ਦਿਆ ਕਰੇਗੀ। ਗਲਵਕੜੀ ਪਾ ਕੇ ਪਿਆਰ ਕਰੇਗੀ ਤਾਂ ਸਾਰੇ ਦਿਨ ਦਾ ਥਕੇਂਵਾਂ ਦੂਰ ਹੋ ਜਾਇਆ ਕਰੇਗਾ!
ਪਰ ਅੱਜ ਤਾਂ ਫ਼ੌਜੀ ਦੇ ਸਿਰ ਵਿਚ ਜਿਵੇਂ ਕੱਛ 'ਚੋਂ ਮੂੰਗਲਾ ਵੱਜਿਆ ਸੀ। ਇਹ ਤਾਂ ਸਾਲੀ ਸੂਲ ਦੇ ਮਰੀਜ਼ ਵਾਂਗੂੰ ਨੇੜੇ ਨਹੀਂ ਲੱਗਣ ਦਿੰਦੀ! ਇਹ ਕਿਤੇ ਸਾਲੀ ਕਿਸੇ ਹੋਰ ਨਾਲ ਕੁੰਡਾ ਤਾਂ ਨਹੀਂ ਪਸਾਈ ਫਿਰਦੀ? ਤੀਮੀਂ ਦਾ ਕੀ ਐ? ਘਰਵਾਲਾ ਘਰ ਨਹੀਂ ਤੇ ਸਾਨੂੰ ਕਿਸੇ ਡਰ ਨਹੀਂ! ਨਾਲੇ ਇਹ ਤਾਂ ਦੋ ਸਾਲ ਇਕੱਲੀ ਰਹੀ ਐ, ਮੇਰੇ ਤੋਂ ਬਿਨਾਂ! ਤੇ ਉਹ ਵੀ ਪੇਕਿਆਂ ਦੇ ਘਰ! ਪੇਕੀਂ ਤਾਂ ਸਾਲੀਆਂ, ਭਰਾ ਬਣਾ ਕੇ ਆਸ਼ਕੀ ਕਰਦੀਐਂ! ਸਹੁਰੇ ਘਰ ਤਾਂ ਵੀਹ ਡਰ ਅਤੇ ਵੀਹ ਸ਼ਰਮਾਂ! ਸਹੁਰੀਂ ਤਾਂ ਕਿਸੇ ਦਿਉਰ-ਜੇਠ ਨਾਲ ਗੱਲ ਕਰੂ, ਵੀਹ ਗੱਲਾਂ ਹੋਣਗੀਆਂ। ਪਰ ਪੇਕੀਂ ਕੋਈ ਨਹੀਂ ਪੁੱਛਦਾ! ਦੁੱਧ ਅਤੇ ਬੁੱਧ ਫ਼ੱਟਦੀ ਦਾ ਕੋਈ ਪਤਾ ਨਹੀਂ ਲੱਗਦਾ!
ਫਿਰ ਫ਼ੌਜੀ ਨੇ ਆਪਣੇ ਆਪ ਨੂੰ ਹੀ ਲਾਹਣਤ ਪਾਈ। ਉਹ ਆਪਣੀ ਹੀ ਪਤਨੀ ਬਾਰੇ ਕੀ ਕੁਝ ਸੋਚ ਗਿਆ ਸੀ? ਇਹ ਵਿਚਾਰੀ ਦੋ ਸਾਲ ਮੇਰੇ ਤੋਂ ਬਗੈਰ ਰਹੀ। ਇਸ ਦੀਆਂ ਭਾਵਨਾਵਾਂ ਹੀ ਮਰ-ਮੁੱਕ ਗਈਆਂ ਹਨ। ਵੇਲ ਨੂੰ ਪਾਣੀ ਨਾ ਮਿਲੇ, ਉਹ ਵੀ ਸੜ-ਸੁੱਕ ਜਾਂਦੀ ਹੈ! ਫਿਰ ਭਾਵੇਂ ਬਾਲਟੀਆਂ ਭਰ-ਭਰ ਪਾਣੀ ਪਾਈ ਜਾਵੋ, ਵੇਲ ਨੂੰ ਕੋਈ ਆਸਰਾ ਨਹੀਂ, ਕੋਈ ਫ਼ਾਇਦਾ ਨਹੀਂ! ਇਹਨੂੰ ਮੇਰੀ ਹਮਦਰਦੀ ਅਤੇ ਆਸਰੇ ਦੀ ਲੋੜ ਹੈ! ਹੌਲੀ-ਹੌਲੀ ਥਾਂ ਸਿਰ ਆ ਜਾਵੇਗੀ। ਇਕੱਲੀ ਰਹਿਣ ਨਾਲ ਇਸ ਦਾ ਸੁਭਾਅ ਚਿੜਚੜਾ ਹੋ ਗਿਆ ਹੈ। ਇਸ ਨੂੰ ਨਿੱਘੇ ਹੁਲਾਸ ਦੀ ਲੋੜ ਹੈ।
ਸੋਚਾਂ ਦੇ ਝੱਖੜ ਵਿਚ ਝੁਲਦਾ ਫ਼ੌਜੀ ਬਾਥਰੂਮ ਚਲਾ ਗਿਆ। ਸਾਰਾ ਬਾਥਰੂਮ ਪਾਣੀ ਨਾਲ ਗੱਚ ਹੋਇਆ ਪਿਆ ਸੀ। ਫ਼ੌਜੀ ਨੂੰ ਲੱਗਿਆ ਜਿਵੇਂ ਇੱਥੇ ਫ਼ੌਜਣ ਨਹੀਂ, ਕੋਈ ਮੱਝ ਨੁਹਾ ਕੇ ਗਿਆ ਸੀ। ਕੱਪੜਾ ਲੈ ਕੇ ਫ਼ੌਜੀ ਨੇ ਸਾਰਾ ਬਾਥਰੂਮ ਸਾਫ਼ ਕੀਤਾ। ਬਾਰੀ ਖੋਲ੍ਹੀ। ਇੰਡੀਆ 'ਚ ਕਿਹੜਾ ਅਜਿਹੇ ਬਾਥਰੂਮਾਂ 'ਚ ਨਹਾਉਂਦੈ? ਹੌਲੀ-ਹੌਲੀ ਇਹ ਆਪੇ ਸਾਰੇ ਕਾਰਜ ਸਮਝ ਲਵੇਗੀ। ਸਮੇਂ ਦੇ ਨਾਲ-ਨਾਲ ਬੰਦੇ ਨੂੰ ਸਾਰਾ ਕੁਝ ਆਪੇ ਹੀ ਸਮਝ ਆ ਜਾਂਦੈ।
ਫ਼ੌਜੀ ਨੇ ਦੋਨੋਂ ਮੁੰਡੇ ਅਤੇ ਕੁੜੀ ਖੁਦ ਗਰਮ-ਗਰਮ ਪਾਣੀ ਨਾਲ ਨੁਹਾਏ। ਖਾ ਪੀ ਕੇ ਜੁਆਕ ਸੌਂ ਗਏ।
ਪੈੱਗ ਮਾਰ ਕੇ ਫ਼ੌਜੀ ਸ਼ਾਮ ਨੂੰ ਫਿਰ ਫ਼ੌਜਣ ਨਾਲ ਅੜ ਕੇ ਬੈਠ ਗਿਆ। ਹੁਣ ਉਹ ਡਰਾਇੰਗ-ਰੂਮ ਵਿਚ ਦੋਨੋਂ ਇਕੱਲੇ ਸਨ।
-"ਬੇਬੇ ਦਾ ਕੀ ਹਾਲ ਸੀ?"
-"ਨਾ ਮੈਂ ਉਥੇ ਗਈ ਆਂ-ਨਾ ਉਹ ਆਈ ਐ।" ਉਸ ਨੇ ਸੰਖੇਪ ਕਹਿ ਦਿੱਤਾ। ਬੜੀ ਆਕੜ ਨਾਲ!
-"ਬੇਬੇ ਤਾਂ ਬਿਰਧ ਐ-ਤੁਰ ਫਿਰ ਨਹੀਂ ਸਕਦੀ-ਤੂੰ ਤਾਂ ਮਿਲ ਆਉਣਾ ਸੀ? ਬੰਦੇ ਦਾ ਕੀ ਹੁੰਦੈ-ਨਦੀ ਕਿਨਾਰੇ ਰੁੱਖੜਾ!"
-"ਮੇਰਾ ਤਾਂ ਕੋਈ ਢੇਕਾ ਨਹੀਂ ਲੱਗਦਾ-ਨਾ ਹੀ ਮੈਨੂੰ ਕਿਸੇ ਦਾ ਹੇਜ ਆਉਂਦੈ-ਮੈਨੂੰ ਤਾਂ ਜੀਅ-ਜੀਅ ਨੇ ਤੋੜ ਤੋੜ ਖਾਧੈ!" ਉਹ ਬਿਨਾਂ ਗੱਲੋਂ ਗਲ ਨੂੰ ਆਉਂਦੀ ਸੀ।
ਫ਼ੌਜੀ ਦਾ ਦਿਲ ਟੁੱਟ ਗਿਆ। ਆਸ ਮਰ ਗਈ।
-"ਚੱਲ ਰੋਟੀ ਲਾਹ, ਖਾਈਏ।" ਰਹਿੰਦੀ ਬੋਤਲ 'ਚੋਂ ਉਸ ਨੇ ਰਹਿੰਦੀਆਂ ਘੁੱਟਾਂ ਭਰ ਲਈਆਂ।
ਫ਼ੌਜੀ ਨੇ ਹੀਟਰ ਛੱਡ ਦਿੱਤਾ। ਫ਼ੌਜਣ ਨੇ ਰੋਟੀਆਂ ਲਾਹ ਦਿੱਤੀਆਂ। ਕਾਲਜਾ ਧਾਫ਼ੜਨ ਲਈ ਉਸ ਨੇ ਰੋਟੀ ਖਾ ਲਈ। ਭੁੱਖ ਉਸ ਨੂੰ ਕੋਈ ਖਾਸ ਨਹੀਂ ਲੱਗੀ ਸੀ। ਪਹਿਲੇ ਦਿਨ ਹੀ ਫ਼ੌਜਣ ਨੇ ਕੜ੍ਹੀ 'ਚ ਸੁਆਹ ਧੂੜ ਦਿੱਤੀ ਸੀ। ਫ਼ੌਜੀ ਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਫ਼ੌਜਣ ਚਾਹੁੰਦੀ ਕੀ ਸੀ? ਬੰਦਾ ਕੋਈ ਗੱਲ ਵੀ ਤਾਂ ਦੱਸਦੈ? ਦੁਖ-ਸੁਖ ਕਰਦੈ। ਦਿਲ ਦਾ ਉਬਾਲ ਕੱਢਦੈ ਅਤੇ ਫਿਰ ਹਲਕਾ ਫੁੱਲ ਵਰਗਾ ਹੋ ਜਾਂਦੈ। ਜਿ਼ੰਦਗੀ ਆਮ ਚਾਲੇ ਪੈ ਜਾਂਦੀ ਹੈ!
ਫ਼ੌਜੀ ਨੇ ਇੱਕ ਹਫ਼ਤੇ ਦੀਆਂ ਛੁੱਟੀਆਂ ਲਈਆਂ ਹੋਈਆਂ ਸਨ। ਹਫ਼ਤੇ ਦੇ ਵਿਚ ਉਸ ਨੇ ਪ੍ਰੀਵਾਰ ਨੂੰ ਵਾਹਵਾ ਘੁੰਮਾ ਫਿਰਾ ਦਿੱਤਾ ਸੀ। ਬੱਚੇ ਸਕੂਲ ਲਾ ਦਿੱਤੇ ਸਨ।
ਫ਼ੌਜਣ ਆਮ ਤੌਰ 'ਤੇ ਟੈਲੀਫ਼ੋਨ ਨੂੰ ਹੀ ਚਿੰਬੜੀ ਰਹਿੰਦੀ। ਜਦ ਫ਼ੌਜੀ ਘਰ ਆਉਂਦਾ ਤਾਂ ਫ਼ੋਨ ਤੁਰੰਤ ਬੰਦ ਕਰ ਦਿੰਦੀ। ਜੇ ਫ਼ੌਜੀ ਪੁੱਛਦਾ, "ਕੀਹਨੂੰ ਫ਼ੋਨ ਕਰਦੀ ਸੀ?" ਤਾਂ ਇੱਕੋ ਹੀ ਘੜ੍ਹਿਆ ਘੜ੍ਹਾਇਆ ਉੱਤਰ ਮਿਲਦਾ, "ਬੇਬੇ ਨੂੰ ਕਰਦੀ ਸੀ!" ਫ਼ੌਜੀ ਅੰਦਰ ਧੁੜਕੂ ਜਾਗ ਪਿਆ ਕਿ ਇਹ ਮੇਰੇ ਆਉਣਸਾਰ ਫ਼ੋਨ ਕਿਉਂ ਬੰਦ ਕਰ ਦਿੰਦੀ ਹੈ? ਆਪ ਦੀ ਮਾਂ ਨਾਲ ਗੱਲ ਕਰਦੀ ਐ, ਸੌ ਵਾਰੀ ਕਰੇ! ਕਦੇ ਹਟਾਇਐ? ਫ਼ੋਨ ਚੋਰ ਬੰਦਾ ਕੱਟਦੈ! ਜਿਸ ਨੂੰ ਕਿਸੇ ਆਪਣੀ ਕਮਜ਼ੋਰੀ ਦਾ ਡਰ ਹੋਵੇ! ਸਿੱਧਾ ਸੱਚਾ ਬੰਦਾ ਨਿਧੜਕ, ਗੱਲ ਜਾਰੀ ਰੱਖਦੈ! ਪਰ ਫ਼ੌਜੀ ਨੇ 'ਚੱਲ ਹੋਊ' ਕਰ ਦਿੱਤਾ। ਇਤਨਾ ਜ਼ਰੂਰ ਕਿਹਾ, "ਇੱਥੇ ਫ਼ੋਨ ਬਹੁਤ ਮਹਿੰਗੇ ਐ-ਫ਼ੋਨ ਸੰਭਲ ਕੇ ਕਰਿਆ ਕਰ! ਬਿੱਲ ਬਹੁਤ ਆਜੂਗਾ-ਮੈਂ 'ਕੱਲਾ ਕਮਾਊ ਐਂ ਤੇ ਖਾਣ ਵਾਲੇ ਆਪਾਂ ਕਿੰਨੇ ਆਂ!"
ਪਰ ਫ਼ੌਜਣ ਨੇ ਕੋਈ ਉੱਤਰ ਨਾ ਦਿੱਤਾ। ਚੁੱਪ-ਚਾਪ ਨਹਾਉਣ ਤੁਰ ਗਈ। ਫ਼ੌਜੀ ਅੰਦਰੋਂ ਸੜ ਉਠਿਆ। ਬੰਦਾ ਕਿਤੇ ਤਾਂ ਸਿੱਧੇ ਮੂੰਹ ਗੱਲ ਕਰਦੈ? ਮਹੀਨਾ ਹੋ ਗਿਆ ਇਹਨੂੰ ਆਈ ਨੂੰ! ਕਦੇ ਨਾਲ ਬੈੱਡ 'ਤੇ ਨਹੀਂ ਸੌਣ ਦਿੱਤਾ। ਰੋਟੀਆਂ ਤਾਂ ਮੈਂ ਇਕੱਲਾ ਵੀ ਖਾਈ ਜਾਂਦਾ ਸੀ! ਬੰਦੇ ਨੂੰ ਸਰੀਰਕ ਅਤੇ ਆਤਮਿਕ ਤੌਰ 'ਤੇ ਵੀ ਸੰਤੁਸ਼ਟੀ ਚਾਹੀਦੀ ਹੈ! ਇਹ ਸਾਲੀ ਜਮਾਂ ਹੀ ਮਰ ਮੁੱਕ ਗਈ। ਇਹਨੂੰ ਲੇਡੀ ਡਾਕਟਰ ਕੋਲ ਲੈ ਕੇ ਜਾਵਾਂ? ਕੀ ਐ ਮੋਸ਼ਨ ਫੜਨ ਹੀ ਲੱਗ ਪਵੇ? ਇਕੱਲੀ ਰਹਿ ਕੇ ਇਹਦੀ ਸਰੀਰਕ-ਭਾਵਨਾ ਖ਼ਤਮ ਹੋ ਗਈ! ਅੱਖਾਂ ਤੋਂ ਦੂਰ ਹੋਣ ਨਾਲ ਬੰਦਾ ਮਨ ਤੋਂ ਵੀ ਦੂਰ ਹੋ ਜਾਂਦੈ! ਉਹ ਅਜ਼ੀਬ ਅਧੇੜਬੁਣ ਵਿਚ ਪਿਆ ਰਹਿੰਦਾ।
ਦੋ ਕੁ ਮਹੀਨਿਆਂ ਵਿਚ ਹੀ ਫ਼ੌਜਣ ਅਤੇ ਬੱਚਿਆਂ ਦੀ 'ਪੱਕੀ ਮੋਹਰ' ਲੱਗ ਗਈ। ਪੱਕੀ ਮੋਹਰ ਲੁਆ ਕੇ ਫ਼ੌਜੀ, ਫ਼ੌਜਣ ਨੂੰ ਲੇਡੀ ਡਾਕਟਰ ਕੋਲ ਲੈ ਗਿਆ। ਲੇਡੀ ਡਾਕਟਰ ਨੇ ਫ਼ੌਜਣ ਨੂੰ ਪੂਰਨ ਤੌਰ 'ਤੇ ਅਰੋਗ ਕਰਾਰ ਦੇ ਦਿੱਤਾ। ਰਲ ਮਿਲ ਕੇ 'ਖੁਸ਼ਹਾਲ' ਜੀਵਨ ਜੀਣ ਲਈ ਕਿਹਾ।
ਫ਼ੌਜੀ ਸਵੇਰੇ ਕੰਮ 'ਤੇ ਜਾਂਦਾ ਅਤੇ ਰਾਤ ਦੇ ਦਸ ਵਜੇ ਕੰਮ ਤੋਂ ਆਉਂਦਾ। ਹੁਣ ਪ੍ਰੀਵਾਰ ਆਉਣ ਕਰਕੇ ਘਰ ਦਾ ਖਰਚਾ ਵਧ ਗਿਆ ਸੀ। ਓਵਰ ਟਾਈਮ ਬਿਨਾਂ ਗੁਜ਼ਾਰਾ ਨਹੀਂ ਹੁੰਦਾ ਸੀ। ਉਹ ਸਾਰਾ ਹਫ਼ਤਾ, ਸਵੇਰੇ ਛੇ ਵਜੇ ਤੋਂ ਰਾਤ ਦਸ ਵਜੇ ਤੱਕ ਕੰਮ ਕਰਦਾ। ਆ ਕੇ ਦਾਰੂ ਪੀ, ਰੋਟੀ ਖਾ ਕੇ ਸੌਂ ਜਾਂਦਾ। ਕੋਹਲੂ ਦੇ ਬੈਲ ਵਾਂਗ ਗੇੜ ਜਾਰੀ ਸੀ। ਘਰੇ ਰੋਟੀ ਤੋਂ ਬਗੈਰ ਉਸ ਨੂੰ ਕੋਈ ਸਹੂਲਤ ਨਹੀਂ ਸੀ। ਉਹ ਦਿਲੋਂ ਦੁਖੀ ਸੀ। ਅਤੀਅੰਤ ਦੁਖੀ। ਪਰ ਕਲੇਸ਼ ਡਰੋਂ ਚੁੱਪ ਸੀ। ਇੱਕ ਲਾਵੇ ਵਾਂਗ ਅੰਦਰੋਂ ਅੰਦਰੀ ਧੁਖ ਰਿਹਾ ਸੀ।
ਇੱਕ ਦਿਨ ਫ਼ੌਜੀ ਦੁਪਿਹਰੇ ਗਿਆਰਾਂ ਵਜੇ ਹੀ ਕੰਮ ਤੋਂ ਵਾਪਿਸ ਆ ਗਿਆ। ਉਸ ਨੂੰ ਪੰਜ ਭੱਠ ਬੁਖਾਰ ਚੜ੍ਹਿਆ ਹੋਇਆ ਸੀ। ਉਸ ਨੇ ਊਧ-ਮਧੂਣੇ ਜਿਹੇ ਨੇ ਦਰਵਾਜਾ ਖੋਲਿਆ। ਅੰਦਰੋਂ ਟੀ ਵੀ ਦੀ ਅਵਾਜ਼ ਆ ਰਹੀ ਸੀ। ਫ਼ੌਜਣ ਬੇਖਬਰ ਟੈਲੀਫ਼ੋਨ ਨੂੰ ਚਿੰਬੜੀ ਹੋਈ ਸੀ। ਪਤਾ ਨਹੀਂ ਕਿਸ ਨਾਲ ਗੱਲ ਕਰ ਰਹੀ ਸੀ?
ਫ਼ੌਜੀ ਕੰਧ ਨਾਲ ਛਹਿ ਕੇ ਖੜ੍ਹ ਗਿਆ। ਬਾਘੜ੍ਹ ਬਿੱਲੇ ਵਾਂਗ!
ਫ਼ੋਜਣ ਫ਼ੋਨ 'ਤੇ ਕਿਸੇ ਨੂੰ ਆਖ ਰਹੀ ਸੀ:
-"ਮੇਰੀ ਪੱਕੀ ਮੋਹਰ ਲੱਗ ਗਈ ਐ-ਹੁਣ ਮੈਂ ਤੈਨੂੰ ਜਲਦੀ ਹੀ ਮੰਗਵਾ ਕੇ ਛੱਡੂੰਗੀ-ਫ਼ੌਜੀ ਨੂੰ ਤਾਂ ਮੈਂ ਨੇੜੇ ਨਹੀਂ ਫ਼ਟਕਣ ਦਿੱਤਾ-ਤੂੰ ਮੈਨੂੰ ਆਬਦੇ ਪਾਸਪੋਰਟ ਦੀ ਫ਼ੋਟੋ ਕਾਪੀ ਤੇ ਫ਼ੋਟੋਆਂ ਭੇਜ ਦੇਈਂ-ਮੈਂ ਕੰਮ 'ਤੇ ਲੱਗਣਸਾਰ ਤੈਨੂੰ ਕਾਗਜ਼ ਪੱਤਰ ਭੇਜ ਦਿਆਂਗੀ-ਤੇਰੇ ਬਿਨਾਂ ਤਾਂ ਮੈਂ ਮਰਦੀ ਜਾਨੀਂ ਐਂ-ਸਹੁੰ ਮਹਾਰਾਜ ਦੀ, ਦਿਲ ਨਹੀਂ ਲੱਗਦਾ-ਸਾਰੀ ਸਾਰੀ ਰਾਤ ਮੈਨੂੰ ਤੇਰੇ ਈ ਸੁਪਨੇ ਆਉਂਦੇ ਰਹਿੰਦੇ ਐ-ਮੇਰੀ ਹਿੱਕ 'ਤੇ ਈ ਚੜ੍ਹਿਆ ਰਹਿੰਨੈ ਤੂੰ ਤਾਂ।" ਉਹ ਆਖ ਰਹੀ ਸੀ।
ਫ਼ੌਜੀ ਨੇ ਬਾਹਰਲਾ ਦਰਵਾਜਾ ਬੰਦ ਕਰ ਦਿੱਤਾ।
ਮੁੜ ਕੇ ਦੇਖਦੀ ਫ਼ੌਜਣ ਨੇ ਘਬਰਾ ਕੇ ਫ਼ੋਨ ਬੰਦ ਕਰ ਦਿੱਤਾ।
-"ਐਡੀ ਜਲਦੀ-?" ਉਹ ਪੂਣੀ ਵਾਂਗ ਬੱਗੀ ਹੋਈ ਖੜ੍ਹੀ ਪੁੱਛ ਰਹੀ ਸੀ। ਫ਼ੌਜੀ ਟਾਈਮ ਤੋਂ ਪਹਿਲਾਂ ਕਦੇ ਘਰ ਨਹੀਂ ਆਇਆ ਸੀ।
-"ਕੀਹਦੇ ਨਾਲ ਗੱਲਾਂ ਕਰਦੀ ਸੀ ਫ਼ੋਨ 'ਤੇ?" ਫ਼ੌਜੀ ਦੀਆਂ ਅੱਖਾਂ 'ਚੋਂ ਰੱਤ ਚੋਅ ਰਹੀ ਸੀ।
ਫ਼ੌਜਣ ਡਰ ਗਈ।
-"ਭੂਆ ਦੇ ਮੁੰਡੇ ਦਾ ਫ਼ੋਨ ਸੀ।"
-"ਭੂਆ ਦੇ ਮੁੰਡੇ ਨਾਲ ਐਹੋ ਜੀਆਂ ਨੰਗੀਆਂ ਗੱਲਾਂ-ਕੁੱਤੀਏ ਰੰਨੇ!" ਡੰਡਾ ਲੈ ਕੇ ਉਸ ਨੇ ਫ਼ੌਜਣ ਦੀ ਤਹਿ ਲਾ ਦਿੱਤੀ। ਰੋਂਭੜ੍ਹੇ ਪਾ ਦਿੱਤੇ।
-"ਮੈਨੂੰ ਨਹੀਂ ਸੀ ਪਤਾ ਬਈ ਮੈਂ ਕਿਉਂ ਬੁੜ੍ਹਾ ਲੱਗਦੈਂ? ਜੁਆਨ ਯਾਰ ਹੋਵੇ, ਤਾਂ ਖਸਮ ਬੁੜ੍ਹਾ ਈ ਲੱਗਣੈਂ! ਮੈਂ ਤੇਰੀ ਖਾਤਰ ਸਾਰੀ ਜਿੰਦਗੀ ਗਾਲਤੀ ਤੇ ਮੈਨੂੰ ਆਹ ਇਨਾਮ?" ਉਹ ਕੁੱਟਣੋਂ ਬੱਸ ਹੀ ਨਹੀਂ ਕਰ ਰਿਹਾ ਸੀ। ਡੰਡੇ ਨੇ ਫ਼ੌਜਣ ਦਾ ਸਾਰਾ ਸਰੀਰ ਤੋੜ ਧਰਿਆ ਸੀ। ਉਹ ਕੁੱਟ ਖਾਂਦੀ-ਖਾਂਦੀ ਬਾਹਰਲਾ ਦਰਵਾਜਾ ਖੋਲ੍ਹਣ ਵਿਚ ਸਫ਼ਲ ਹੋ ਗਈ ਅਤੇ ਬਾਹਰ ਨਿਕਲ ਕੇ ਹਾਲ-ਦੁਹਾਈ ਮਚਾ ਦਿੱਤੀ। ਗੁਆਂਢੀਆਂ ਨੇ ਪੁਲੀਸ ਅਤੇ ਐਂਬੂਲੈਂਸ ਨੂੰ ਫ਼ੋਨ ਕਰ ਦਿੱਤਾ। ਪੁਲੀਸ ਨੇ ਆ ਕੇ ਫ਼ੌਜੀ ਨੂੰ ਕੁੱਟਣੋਂ ਰੋਕਿਆ ਅਤੇ ਹੱਥਕੜੀ ਜੜ ਲਈ। ਫ਼ੌਜਣ ਨੂੰ ਐਂਬੂਲੈਂਸ ਲੱਦ ਕੇ ਲੈ ਗਈ।
ਠਾਣੇ ਲਿਜਾ ਕੇ ਪੁਲੀਸ ਨੇ ਫ਼ੌਜੀ ਨੂੰ ਪਤਨੀ ਦੀ ਕੁੱਟ ਮਾਰ ਬਾਰੇ ਪੁੱਛਿਆ ਤਾਂ ਦੋਭਾਸ਼ੀਏ ਦੇ ਰਾਹੀਂ ਫ਼ੌਜੀ ਨੇ ਕਿਹਾ:
-"ਉਹ ਆਬਦੇ ਯਾਰਾਂ ਨੂੰ ਫ਼ੋਨ ਕਰਦੀ ਐ!"
ਫ਼ੌਜੀ ਦੀ ਗੱਲ ਸੁਣ ਕੇ ਪੁਲੀਸ ਵਾਲੇ ਹੱਸ ਪਏ।
-"ਇਹ ਆਸਟਰੀਆ ਹੈ ਮਿਸਟਰ ਸਿੰਘ, ਇੰਡੀਆ ਨਹੀਂ! ਅਗਰ ਤੁਸੀਂ ਆਪਣੇ ਰੀਤੀ ਰਿਵਾਜ਼ ਕਾਇਮ ਰੱਖਣਾ ਚਾਹੁੰਦੇ ਹੋ, ਤਾਂ ਇੰਡੀਆ ਵਾਪਿਸ ਜਾਓ! ਇੱਥੇ ਹਰ ਔਰਤ ਅਤੇ ਮਰਦ ਨੂੰ ਖੁੱਲ੍ਹ ਹੈ ਕਿ ਆਪਣੇ ਮਿੱਤਰ ਜਾਂ ਸਹੇਲੀ ਨੂੰ ਫ਼ੋਨ ਕਰ ਸਕੇ।"
ਬਿਆਨ ਲੈਣ ਤੋਂ ਬਾਅਦ ਫ਼ੌਜੀ ਨੂੰ ਹਵਾਲਾਤ ਵਿਚ ਤਾੜ ਦਿੱਤਾ ਗਿਆ। ਗੱਲ ਪੁਲੀਸ ਹੱਥ ਆ ਚੁੱਕੀ ਹੈ। ਆਪਸੀ ਰਾਜ਼ੀਨਾਵਾਂ ਹੋ ਗਿਆ ਤਾਂ ਠੀਕ ਹੈ ਅਤੇ ਨਹੀਂ ਤਲਾਕ ਪੱਕਾ ਹੈ! ਰਾਜ਼ੀਨਾਵਾਂ ਵੀ ਕੁੱਤੀ ਹੁਣ ਸ਼ਰਤਾਂ ਰੱਖ ਕੇ ਕਰੇਗੀ। ਵਕੀਲ ਕੁਰਕੀ ਵੱਖ ਕਰਨਗੇ। ਤਲਾਕ ਤੋਂ ਬਾਅਦ ਯਾਰ ਨੂੰ ਵੀ ਇੱਥੇ ਜ਼ਰੂਰ ਬੁਲਾਵੇਗੀ! ਪੱਕੀ ਮੋਹਰ ਜਿਉਂ ਲੱਗ ਚੁੱਕੀ ਹੈ! ਯਾਰ ਆ ਕੇ ਮੇਰੇ ਜੁਆਕਾਂ ਨੂੰ ਤਾਂ ਲੋਰੀਆਂ ਦੇਣੋਂ ਰਿਹਾ? ਇਸ ਕੁੱਤੀ ਨਾਲ ਹੀ ਰੰਗਰਲੀਆਂ ਮਨਾਇਆ ਕਰੇਗਾ। ਫਿਰ ਪੱਕਾ ਹੋ ਕੇ ਇਸ ਬੁੱਢੀ ਖੋਲੜ ਨੂੰ ਬੇਰ ਦੀ ਗਿੜ੍ਹਕ ਵਾਂਗ ਥੁੱਕ ਦੇਵੇਗਾ। ਰੋਊ ਫਿਰ ਕਰਮਾਂ ਨੂੰ। ਨਾਲੇ ਰੋਊ ਜਣਦਿਆਂ ਨੂੰ! ਹਵਾਲਾਤ ਵਿਚ ਬੈਠਾ ਫ਼ੌਜੀ, ਆਪਣੇ ਬੱਚਿਆਂ ਦੇ ਤਬਾਹ ਹੋਏ ਭਵਿੱਖ ਬਾਰੇ ਸੋਚਦਾ 'ਮਾਰੂਥਲ ਦੀ ਪੈੜ' ਵਾਂਗ ਗੁੰਮ ਹੁੰਦਾ ਜਾ ਰਿਹਾ ਸੀ।