Tuesday, December 11, 2007

ਕਹਾਣੀ: ਕਾਲ਼ੀ ਬੋਲ਼ੀ ਰਾਤ

ਕਾਲ਼ੀ ਬੋਲ਼ੀ ਰਾਤ
(ਕਹਾਣੀ)

ਅਜੇ ਉਹ ਬੱਚੀ ਸੀ।
ਇਕ ਮਾਸੂਮ ਬੱਚੀ, ਜਿਸ ਦਾ ਨਾਂ ਭੋਲੀ ਸੀ। ਉਹ ਆਪਣੇ ਨਾਂ ਵਾਂਗ ਸੱਚ ਹੀ ‘ਭੋਲੀ’ ਸੀ। ਇਕ ਪੁੰਗਰਦਾ ਫੁੱਲ ਸੀ। ਉਹ ਫੁੱਲ, ਜੋ ਇਕ ਧੂੜ ਭਰੇ ਬਾਗ ਵਿਚ ਆਪਣੇ ਜੀਵਨ ਨਾਲ ਜੱਦੋ-ਜਹਿਦ ਕਰ ਰਿਹਾ ਸੀ। ਉਸ ਦਾ ਜਨਮ ਇਕ ਹਨ੍ਹੇਰੇ ਭਰੀ ਜਿ਼ੰਦਗੀ ਵਾਲੇ, ਗਰੀਬ ਕਿਸਾਨ ਬਾਪ ਦੇ ਘਰ ਹੋਇਆ ਸੀ। ਅੱਜ ਉਹ ਪੰਜ ਸਾਲਾਂ ਦੀ ਸੀ। ਮਾਂ ਬਿਮਾਰ ਹੋਣ ਕਰਕੇ ਉਸ ਨੂੰ ਆਪਣੀ ਮਾਂ ਦਾ ਦੁੱਧ ਵੀ ਨਸੀਬ ਨਹੀਂ ਸੀ ਹੋਇਆ। ਵਿਚਾਰੀ ਸਿਰਫ ਬੱਕਰੀ ਦੇ ਜਾਂ ਗਾਂ ਦੇ ਦੁੱਧ ‘ਤੇ ਹੀ ਪਲੀ ਸੀ। ਉਸ ਨੂੰ ਆਪਣੀ ਮਾਂ, ਜੋ ਮੰਜੇ ‘ਤੇ ਬੈਠੀ ਸੀ, ਨੂੰ ਚਾਹ ਬਣਾ ਕੇ ਦੇਣ ਦੀ ਸੂੰਹ ਸੀ। ਦੁਆਈ ਲੈਣ ਵਾਸਤੇ ਪਾਣੀ ਲਿਆ ਕੇ ਦੇਣ ਦਾ ਪਤਾ ਸੀ। ਪਰ ਮਾਂ ਦੀ ਬਿਮਾਰੀ ਬਾਰੇ ਕੋਈ ਗਿਆਨ ਨਹੀਂ ਸੀ।
ਕਦੇ-ਕਦੇ ਉਹ ਬੁੜ੍ਹੀਆਂ ਤੋਂ ਸੁਣ ਜਰੂਰ ਲੈਂਦੀ ਸੀ ਕਿ ਉਸ ਦੀ ਮਾਂ ਨੂੰ ਉਸ ਦੇ ਜਨਮ ਤੋਂ ਬਾਅਦ ‘ਕੈਂਸਰ’ ਹੋ ਗਿਆ ਸੀ। ਪਰ ਉਸ ਨੂੰ ਕੋਈ ਖਾਸ ਸਮਝ ਨਾਂ ਪੈਂਦੀ। ਜਦੋਂ ਭੋਲੀ ਦਾ ਬਾਪ ਸਰਦਾਰਾ ਸਿੰਘ ਖੇਤ ਉਠ ਜਾਂਦਾ ਤਾਂ ਭੋਲੀ ਦੀ ਬਿਮਾਰ ਮਾਂ ਮਹਿੰਦਰ ਕੌਰ ਭੋਲੀ ਨੂੰ ਗਲ ਲਾ ਕੇ ਰੋਣ ਲੱਗ ਜਾਂਦੀ ਅਤੇ ਕਹਿੰਦੀ, “ਮੈਥੋਂ ਬਾਅਦ ਤੈਨੂੰ ਕੌਣ ਗਲ ਨਾਲ ਲਾਊ ਧੀਏ?” ਮਹਿੰਦਰ ਕੌਰ ਵੈਰਾਗ ਵਿਚ ਡੁਸਕਦੀ। ਪਰ ਬਚਪਨ ਮੱਤ ਵਾਲੀ ਭੋਲੀ ਮਾਂ ਨੂੰ ਪੁੱਛਦੀ, “ਬੇਬੇ ਤੂੰ ਰੋਨੀਂ ਕਾਹਤੋਂ ਐਂ?” ਤਾਂ ਉਹ ਫਿਰ ਰੋ ਕੇ ਜਵਾਬ ਦਿੰਦੀ, “ਮੈਂ ਆਬਦੇ ਕਰਮਾਂ ਨੂੰ ਰੋਨੀਂ ਐਂ ਧੀਏ!” ਤੇ ਧੀ ਨੂੰ ਹਰ ਵਾਰ ਇਸ ਤਰ੍ਹਾਂ ਵੈਰਾਗ ਨਾਲ ਹਾਉਕੇ ਭਰ-ਭਰ ਪਿਆਰ ਕਰਦੀ, ਜਿਸ ਤਰ੍ਹਾਂ ਉਹ ਆਪਣੇ ਹਰ ਸਾਹ ਨੂੰ ਆਖਰੀ ਸਾਹ ਸਮਝਦੀ ਹੋਵੇ। ਜਿਸ ਤਰ੍ਹਾਂ ਉਸ ਨੂੰ ਆਪਣੇ ਕਿਸੇ ਸਾਹ ‘ਤੇ ਇਤਬਾਰ ਹੀ ਨਾ ਹੋਵੇ। ਸਾਹ ਦਾ ਕੀ ਭਰੋਸਾ? ਆਇਆ ਨਾ ਆਇਆ!
-“ਮਾਂ ਪਾਣੀ ਦੇਵਾਂ?” ਦੁਪਿਹਰੋਂ ਬਾਅਦ ਸੁੱਤੀ ਉਠੀ ਮਾਸੂਮ ਭੋਲੀ ਨੇ ਪੁੱਛਿਆ। ਕਿੰਨਾ ਖਿਆਲ ਰੱਖਦੀ ਸੀ ਉਹ ਆਪਣੀ ਮਾਂ ਦਾ!
-"ਦੇ-ਦੇ ਪੁੱਤ!" ਭੋਲੀ ਦੀ ਮਾਸੂਮ ਆਵਾਜ਼, ਮਾਸੂਮ ਸ਼ਕਲ, ਮਾਸੂਮ ਸੁਭਾਅ ‘ਤੇ ਮਾਂ ਨੂੰ ਤਰਸ ਜਿਹਾ ਆਇਆ। ਉਸ ਅੰਦਰ ਝੋਕਾ ਜਿਹਾ ਫਿਰ ਗਿਆ ਅਤੇ ਮਾਂ ਦਾ ਬੇਵਸਾ, ਹੁਬਕੀਂ ਰੋਣ ਨਿਕਲ ਗਿਆ। ਮਾਂ ਨੂੰ ਆਪਣੀ ਜਿ਼ੰਦਗੀ ‘ਤੇ ਇਤਨਾ ਕਰੋਧ ਆਇਆ ਕਿ ਉਹ ਖੁਦਕਸ਼ੀ ਕਰ ਲਵੇ। ਕੀ ਅਰਥ ਸੀ ਉਸ ਦੀ ਜਿ਼ੰਦਗੀ? ਜਿਹੜਾ ਆਪਣੀ ਫੁੱਲ ਵਰਗੀ ਧੀ ਨੂੰ ਖਿਡਾ, ਪਰਚਾ ਨਹੀਂ ਸਕਦੀ ਸੀ? ਉਸ ਦੇ ਚਾਅ-ਮਲਾਰ ਪੂਰੇ ਨਹੀਂ ਕਰ ਸਕਦੀ ਸੀ?
-“ਮਾਂ ਲੈ ਪਾਣੀ....।” ਭੋਲੀ ਨੇ ਕਿਹਾ ਮਾਂ ਨੇ ਪਾਣੀ ਫੜ ਲਿਆ। ਦੁਆਈ ਲੈ ਲਈ।
-“ਲੈ ਪੁੱਤ ਗਿਲਾਸ ਰੱਖ ਦੇ।” ਮਾਂ ਨੇ ਕਿਹਾ। ਭੋਲੀ ਨੇ ਫੜ ਕੇ ਗਿਲਾਸ ਹੇਠਾਂ ਰੱਖ ਦਿੱਤਾ।
-“ਮਾਂ ਮੈਂ ਭੱਠੀ ‘ਤੇ ਖੇਡ ਆਵਾਂ?”
-“ਜਾਹ ਪੁੱਤ ਖੇਡ ਆ।” ਉਹ ਚਲੀ ਗਈ। ਖੇਡਦੇ ਬੱਚਿਆਂ ਨਾਲ ਖੇਡ ਲੱਗ ਗਈ।
-“ਲੈ ਕੁੜ੍ਹੇ-ਕੀ ਵਿਚਾਰੀ ਦੀ ਕੋਈ ਉਮਰ ਐ?” ਭੱਠੀ ‘ਤੇ ਦਾਣੇ ਭੁੰਨਾ ਰਹੀ ਇਕ ਬੁੱਢੀ ਨੇ ਭੋਲੀ ਵੱਲ ਤਰਸ ਭਰੀਆਂ ਨਜ਼ਰਾਂ ਨਾਲ ਤੱਕ ਕੇ ਕਿਹਾ।
-“ਰੋਇਆ ਕਰੂਗੀ ਵਿਚਾਰੀ ਮਾਂ ਨੂੰ।” ਦੂਜੀ ਬੋਲੀ।
ਭੋਲੀ ਨੂੰ ਚਾਹੇ ਪੂਰੀ ਸਮਝ ਨਹੀਂ ਆਈ ਸੀ। ਪਰ ਬੁੜ੍ਹੀਆਂ ਦੀਆਂ ਗੱਲਾਂ ਉਸ ਨੂੰ ਚੰਗੀਆਂ ਵੀ ਨਹੀਂ ਲੱਗੀਆਂ ਸਨ। ਉਹ ਖੇਡਣਾ ਵਿਚੇ ਹੀ ਛੱਡ ਘਰੇ ਆ ਗਈ। ਬਿਨਾ ਕੁਝ ਖਾਧੇ-ਪੀਤੇ ਮੰਜੇ ‘ਤੇ ਪਈ ਮਾਂ ਨਾਲ ਜੱਫੀ ਪਾ ਕੇ ਪੈ ਗਈ। ਪਤਾ ਨਹੀਂ ਕਿਉਂ ਅੱਜ ਮਾਂ ਉਸ ਨੂੰ ਕੁਝ ਜਿਆਦਾ ਹੀ ਪਿਆਰੀ-ਪਿਆਰੀ ਜਿਹੀ ਲੱਗੀ ਸੀ? ਮਾਂ ਦੇ ਸਰੀਰ ‘ਚੋਂ ਆਉਂਦੀ ਬਦਬੂ ਉਸ ਨੂੰ ਪਤਾ ਨਹੀਂ ਕਿਉਂ ਚੰਗੀ-ਚੰਗੀ ਲੱਗੀ ਸੀ? ਪਤਾ ਨਹੀਂ ਕਿਉਂ ਅੱਜ ਉਸ ਦਾ ਮਾਂ ਨਾਲੋਂ ਉਠਣ ਨੂੰ ਦਿਲ ਨਹੀਂ ਕਰਦਾ ਸੀ? ਪਤਾ ਨਹੀਂ ਕਿਉਂ ਅੱਜ ਉਸ ਨੂੰ ਮਾਂ ਦਾ ਬਹੁਤਾ ਹੀ ਮੋਹ ਜਿਹਾ ਆ ਰਿਹਾ ਸੀ? ਪਤਾ ਨਹੀਂ ਕਿਉਂ ਅੱਜ ਮਾਂ ਦਾ ਚਿਹਰਾ ਦੇਖ ਕੇ ਉਸ ਨੂੰ ਰੋਣ ਜਿਹਾ ਆ ਰਿਹਾ ਸੀ?
ਖੇਤੋਂ ਬਾਪੂ ਬਲਦ ਲੈ ਕੇ ਆ ਗਿਆ।
ਬਾਪੂ ਕੋਲ ਸਿਰਫ ਇਕ ਕਿੱਲਾ ਜ਼ਮੀਨ ਅਤੇ ਇਕ ਹੀ ਬਲਦ ਸੀ। ਜਿਸ ਨਾਲ ਉਹ ਖੇਤੀ ਕਰਦਾ ਸੀ। ਛਿਮਾਹੀ ਖਾਣ ਜੋਗੇ ਦਾਣੇ ਮਸਾਂ ਹੀ ਘਰ ਆਉਂਦੇ ਸਨ।
-“ਉਏ ਪੁੱਤ ਭੋਲਿਆ! ਤੂੰ ਸ਼ੇਰਾ ਮੇਰੇ ਆਸਤੇ ਅੱਜ ਚਾਹ ਨਹੀਂ ਬਣਾ ਕੇ ਰੱਖੀ ਉਏ?” ਬਾਪੂ ਦੇ ਬੋਲਾਂ ਵਿਚ ਲਾਡ ਸੀ। ਪਿਆਰ ਸੀ।
-“ਬਾਪੂ ਅੱਜ ਮੇਰਾ ਬੇਬੇ ਨਾਲੋਂ ਉਠਣ ਨੂੰ ਜੀਅ ਨਹੀਂ ਕਰਦਾ-ਅੱਜ ਤੂੰ ਆਪ ਈ ਬਣਾ ਲੈ।” ਭੋਲੀ ਨਾਲ ਦੀ ਨਾਲ ਰੋ ਪਈ। ਪਤਾ ਨਹੀਂ ਬਾਪੂ ਕੀ ਸੋਚ ਕੇ ਚੁੱਪ ਹੋ ਗਿਆ ਸੀ।
ਉਸ ਨੇ ਚੁੱਲ੍ਹੇ ਵਿਚ ਛਿਟੀਆਂ ਡਾਹ ਕੇ ਆਪ ਹੀ ਚਾਹ ਧਰ ਲਈ।
ਭੋਲੀ ਸਾਰੀ ਰਾਤ ਮਾਂ ਨਾਲ ਪਈ ਰਹੀ। ਜਦੋਂ ਉਸ ਦੀ ਜਾਗ ਖੁੱਲ੍ਹਦੀ ਤਾਂ ਉਹ ਮਾਂ ਨੂੰ ਘੁੱਟ ਕੇ ਜੱਫੀ ਪਾਉਂਦੀ ਅਤੇ ਮਾਂ ਦਾ ਮੂੰਹ ਚੁੰਮਦੀ। ਪਤਾ ਨਹੀਂ ਕਿਉਂ ਅੱਜ ਉਸ ਦਾ ਜੀਅ ਜਿਹਾ ਹੀ ਨਹੀਂ ਰੱਜਦਾ ਸੀ?
ਜਦੋਂ ਭੋਲੀ ਦੀ ਸਵੇਰੇ ਅੱਖ ਖੁੱਲ੍ਹੀ ਤਾਂ ਮਾਂ ਮੰਜੇ ‘ਤੇ ਨਹੀਂ ਸੀ। ਵਿਹੜੇ ਵਿਚ ਪਿੰਡ ਦੀਆਂ ਚਾਰ ਕੁ ਬੁੜ੍ਹੀਆਂ ਹੀ ਬੈਠੀਆਂ ਗੱਲਾਂ ਕਰ ਰਹੀਆਂ ਸਨ। ਭੋਲੀ ਦਾ ਦਿਲ ਧੜਕਿਆ। ਉਹ ‘ਬੇਬੇ’ ਕਹਿ ਕੇ ਮੰਜੇ ਤੋਂ ਭਮੱਤਰ ਕੇ ਉਠੀ ਸੀ।
-“ਪੈ ਜਾਹ ਡੱਡੇ ਪੈ ਜਾਹ।” ਇਕ ਬੁੱਢੀ ਨੇ ਉਸ ਨੂੰ ਵਿਰਾਉਣ ਦੀ ਕੋਸਿ਼ਸ਼ ਕੀਤੀ।
-“ਮੇਰੀ ਬੇਬੇ ਕਿੱਥੇ ਐ?”
-“ਹਸਪਤਾਲ ਐ ਪੁੱਤ।”
-“ਰਾਤ ਤਾਂ ਘਰੇ ਸੀ?”
-“ਤੜਕਿਓਂ ਤਿੰਨ ਵਜੇ ਲੈ ਕੇ ਗਏ ਐ-ਕੁੜ੍ਹੇ।”
-“ਮੈਨੂੰ ਦੱਸਿਆ ਕਿਉਂ ਨਹੀਂ?”
-“ਤੂੰ ਪੁੱਤ ਸੁੱਤੀ ਪਈ ਸੀ।”
-“ਮੇਰਾ ਬਾਪੂ ਕਿੱਥੇ ਐ?”
-“ਉਹ ਵੀ ਨਾਲ ਈ ਗਿਐ।”
-“ਮੈਂ ਵੀ ਜਾਊਂਗੀ।” ਤੇ ਉਹ ਮੰਜੇ ਤੋਂ ਪਾਗਲਾਂ ਵਾਂਗ ਉਠ ਕੇ ਭੱਜ ਤੁਰੀ। ਬੁੜ੍ਹੀਆਂ ਨੇ ਫੜ੍ਹ ਕੇ ਮਸਾਂ ਹੀ ਰੋਕੀ। ਉਹ ਬੁੜ੍ਹੀਆਂ ਨੂੰ ਗਾਹਲਾਂ ਕੱਢਦੀ ਰਹੀ। ਅਖੀਰ ਬੇਵੱਸ ਹੋ ਕੇ ਰੋਣ ਲੱਗ ਪਈ।
ਦੁਪਿਹਰੋਂ ਬਾਅਦ ਬਾਪੂ ਪਹੁੰਚ ਗਿਆ। ਉਦਾਸੀ ਅਤੇ ਦੁੱਖ ਦੀ ਸਿੱਕਰੀ ਉਸ ਦੇ ਚਿਹਰੇ ਤੋਂ ਸਾਫ਼ ਜ਼ਾਹਿਰ ਕਰਦੀ ਸੀ ਕਿ ਕੋਈ ਬੁਰੀ ਖਬਰ ਸੀ। ਭੋਲੀ ਡਡਿਆ ਕੇ ਬਾਪੂ ਦੀ ਬੁੱਕਲ ਵਿਚ ਵੜ ਗਈ। ਬਾਪੂ ਵੀ ਕੁੜੀ ਦੇ ਦੁੱਖ ਨੂੰ ਸਮਝਦਾ ਸੀ।
-“ਕਿਉਂ ਸਰਦਾਰਾ ਸਿਆਂ-ਕੀ ਹਾਲ ਐ ਹੁਣ ਮੁਹਿੰਦਰ ਕੁਰ ਦਾ ਪੁੱਤ?” ਅੰਬੋ ਨੇ ਪੁੱਛਿਆ। ਉਹ ਬੜੀ ਹੀ ਹਮਦਰਦ ਬੁੜ੍ਹੀ ਜਾਪਦੀ ਸੀ।
-“ਡਾਕਦਾਰ ਪੈਸੇ ਭਾਲਦੈ ਤਾਈ!” ਕਹਿਰਾਂ ਦੀ ਮਜਬੂਰੀ ਵਿਚ ਉਸ ਨੇ ਸਿਰ ਫੇਰਿਆ।
-“ਸਰਦਾਰਾ ਸਿਆਂ ਬੰਦਾ ਲੱਖੀਂ ਨਾ ਹਜਾਰੀਂ-ਪੈਸਾ ਤਾਂ ਕੋਹੜਿਆ ਵਾ ਹੱਥਾਂ ਦੀ ਮੈਲ ਐ-ਜਦੋਂ ਮਰਜ਼ੀ ਐ ਕਮਾ ਲਈਏ-ਪਰ ਬੰਦਾ ਨਹੀਂ ਮਿਲਦਾ ਭਾਈ-ਚੱਲ ਮੇਰੇ ਨਾਲ ਤੁਰ-ਬੋਲ ਕਿੰਨੇ ਪੈਸੇ ਚਾਹੀਦੇ ਐ-ਫੋਟ੍ਹ ਚੰਦਰਾ! ਸਿਰਫ ਐਨੀ ਕੁ ਗੱਲ ਪਿੱਛੇ ਮੂੰਹ ਢਿੱਲਾ ਜਿਆ ਕਰੀ ਫਿਰਦੈਂ? ਵੇ ਜਾਹ ਪਰ੍ਹੇ! ਆ ਤੁਰ ਮੇਰੇ ਨਾਲ....!” ਅੰਬੋ ਸਰਦਾਰੇ ਨੂੰ ਖਿੱਚ ਕੇ ਆਪ ਦੇ ਘਰ ਲੈ ਗਈ। ਵਰਾਂਡੇ ਵਿਚ ਮੰਜਾ ਡਾਹ ਦਿੱਤਾ ਅਤੇ ਆਪ ਆਪਦੇ ਵੱਡੇ ਮੁੰਡੇ ਸੌਦਾਗਰ ਸਿੰਘ ਕੋਲੇ ਅੰਦਰ ਚਲੀ ਗਈ।
ਪੰਦਰਾਂ ਕੁ ਮਿੰਟਾਂ ਬਾਅਦ ਹੀ ਉਸ ਨੇ ਸਰਦਾਰੇ ਨੂੰ ਅੰਦਰ ਆਵਾਜ਼ ਮਾਰ ਲਈ।
ਸਰਦਾਰਾ ਅੰਦਰ ਚਲਾ ਗਿਆ।
-“ਬੋਲ ਸਰਦਾਰਾ ਸਿਆਂ ਕਿੰਨੇ ਪੈਸੇ ਦਿਆਂ?” ਅੰਬੋ ਦੇ ਮੁੰਡੇ ਸੌਦਾਗਰ ਨੇ ਖੁੱਲ੍ਹ-ਦਿਲੀ ਵਿਖਾਈ।
-“ਦੋ ਕੁ ਹਜਾਰ ਤਾਂ ਚਾਹੀਦਾ ਈ ਐ ਬਾਈ।”
-“ਤੂੰ ਦੋ ਤਾਂ ਕੀ ਤਿੰਨ ਹਜਾਰ ਲੈ-ਹੈ ਕਮਲਾ? ਬੰਦਾ ਬੰਦੇ ਦੀ ਦਾਰੂ ਐ-ਆਹ ਫੜ ਤਿੰਨ ਹਜਾਰ-!” ਉਹ ਪੈਸੇ ਦਿੰਦਾ ਬੋਲਿਆ।
-“ਤੇ ਨਾਲੇ ਜੇ ਆਪਾਂ ਦੂਜਾ ਵਿਹਾਰ ਜਿਹਾ ਕਰ ਲੈਂਦੇ ਤਾਂ ਸਿਆਣਿਆਂ ਦੇ ਆਖਣ ਮਾਂਗੂੰ ਕੰਮ ਪੱਕਾ ਜਿਆ ਹੋ ਜਾਂਦਾ?” ਕਹਿ ਕੇ ਅੰਬੋ ਨੇ ਸਰਦਾਰੇ ਦਾ ਚਿਹਰਾ ਨਿਰਖਿਆ।
-“ਕਿਹੜਾ ਵਿਹਾਰ ਤਾਈ?” ਸਰਦਾਰਾ ਹੈਰਾਨ ਸੀ।
-“ਓਸ ਗੱਲ ਦੇ ਆਖਣ ਮਾਂਗੂੰ-ਡੁੱਬੜਾ ਨਾਂ ਨਹੀਂ ਆਉਂਦਾ ਸਰਦਾਰਾ ਸਿਆਂ ਪੁੱਤ-ਹਿੱਕ ਤੇ ਧਰਕੇ ਤਾਂ ਪੁੱਤ ਕਿਸੇ ਨੇ ਕੁਛ ਲੈ ਨਹੀਂ ਜਾਣਾ ਹੁੰਦਾ-ਪਰ ਜੇ ਤੂੰ ਕਿੱਲੇ ‘ਤੇ 'ਗੂਠਾ ਲਾ ਕੇ ਗਹਿਣੇ ਕਰਨ ਦਾ ਵਿਹਾਰ ਜਿਆ ਕਰ ਦੇਵੇਂ ਤਾਂ-?”
-“......।” ਸਰਦਾਰਾ ਖਾਮੋਸ਼ ਹੋ ਗਿਆ।
-“ਕਮਲਿਆ ਪੁੱਤਾ ਜੇ ਮਹਿੰਦਰ ਕੁਰ ਠੀਕ ਹੋ ਗਈ-ਤੈਨੂੰ ਤਾਂ ਸਾਰੇ ਕਿੱਲੇ ਵਿਚੇ ਹੀ ਆ ਗਏ-ਨਾਲੇ ਇਹ ਰਕਮ ਤਾਰ ਕੇ ਤੂੰ ਆਬਦਾ ਕਿੱਲਾ ਜਦੋਂ ਮਰਜ਼ੀ ਐ ਦੁੱਧ ਵਰਗਾ ਲੈ ਲਵੀਂ।” ਸਿਰੇ ਦੀ ਗੱਲ ਕਰ ਕੇ ਅੰਬੋ ਨੇ ਉਸ ਨੂੰ ਚਿੱਤ ਕਰ ਦਿੱਤਾ। ਸਰਦਾਰਾ ਕਰ ਵੀ ਕੀ ਸਕਦਾ ਸੀ? ਦੋ ਪੁੜਾਂ ਸੰਨ੍ਹ ਜਾਨ ਸੀ। ਅਖੀਰ ਮਜ਼ਬੂਰ ਹੋ ਕੇ ਉਸ ਨੂੰ ਪਰੋਨੋਟ ‘ਤੇ ਅੰਗੂਠਾ ਲਾਉਣਾ ਪਿਆ ਅਤੇ ਰਕਮ ਲੈ ਕੇ ਹਸਪਤਾਲ ਚਲਾ ਗਿਆ। ਉਹ ਸਾਹ ਜਿਹੇ ਵਰੋਲਦਾ ਫਿਰਦਾ ਸੀ।
ਅੰਬੋ ਲੋਕਾਂ ਵਿੱਚ ਹਿੱਕ ਠੋਕਦੀ ਫਿਰਦੀ ਸੀ। ਅਖੇ: ਜੇ ਬੰਦਾ ਬੰਦੇ ਦੇ ਭੀੜ ਪੈਣ 'ਤੇ ਕੰਮ ਨਾ ਆਇਆ ਤਾਂ ਫਿੱਟੇ ਮੂੰਹ ਜੰਮਣ ਦੇ! ਪਰ ਕਿੱਲੇ ਵਾਲੀ ਵਿਚਲੀ ਗੱਲ ਦਾ ਕਿਸੇ ਨੂੰ ਵੀ ਨਹੀਂ ਪਤਾ ਸੀ। ਅਗਲੇ ਦਿਨ ਸਰਦਾਰਾ ਹਸਪਤਾਲੋਂ ਫਿਰ ਵਾਪਿਸ ਆ ਗਿਆ। ਭੋਲੀ ਬਾਪੂ ਨਾਲ ਹਸਪਤਾਲ ਜਾਣ ਦੀ ਜਿ਼ਦ ਕਰ ਰਹੀ ਸੀ।
-“ਪੁੱਤ ਮੈਨੂੰ ਅੰਬੋ ਤਾਈ ਦੇ ਘਰ ਹੋ ਆਉਣ ਦੇ-ਫਿਰ ਆਪਾਂ ਚੱਲਦੇ ਐ।” ਤੇ ਉਹ ਅੰਬੋ ਤਾਈ ਦੇ ਘਰੇ ਚਲਾ ਗਿਆ। ਅੰਬੋ ਮੰਜੇ ਤੇ ਬੈਠੀ ਮਾਲਾ ਫੇਰ ਰਹੀ ਸੀ। ਦੂਰੋਂ ਸਰਦਾਰੇ ਨੂੰ ਦੇਖ ਕੇ ਉਹ ਉਚੀ-ਉਚੀ ਬੋਲਣ ਲੱਗ ਪਈ, “ਹੇ ਮਹਾਰਾਜ! ਸਾਰੇ ਸੰਸਾਰ ਨੂੰ ਈ ਤੰਦਰੁਸਤੀ ਦੇਈਂ।” ਮਚਲੀ ਹੋ ਕੇ ਉਸ ਨੇ ਅੱਖਾਂ ਮੀਟ ਲਈਆਂ ਸਨ।
-“ਤਾਈ ਮੱਥਾ ਟੇਕਦੈਂ।” ਸਰਦਾਰਾ ਅੰਬੋ ਦੀ ਪੈਂਦ ਬੈਠ ਗਿਆ।
-“ਆ ਪੁੱਤ ਸਰਦਾਰਿਆ-ਮਹਾਰਾਜ ਭਾਗ ਲਾਵੇ-ਰਾਜੀ ਖੁਸ਼ੀ ਰੱਖੇ-ਤੇ ਆਪਣਾ ਦੇਹ ਗੱਲ ਮਹਿੰਦਰ ਕੁਰ ਦੀ?” ਖਚਰੀ ਬੁੜ੍ਹੀ ਨੇ ਗਰਾਰੀ ਵਿਚ ਗਰਾਰੀ ਫਸਾ ਲਈ। ਉਹ ਕੁਤਰੇ ਵਾਲੀ ਮਸ਼ੀਨ ਵਾਂਗ ਸ਼ੁਰੂ ਹੋ ਗਈ ਸੀ।
-“ਅਜੇ ਤਾਂ ਮਾੜਾ ਈ ਹਾਲ ਐ ਤਾਈ।”
-“ਹੇ ਬਾਘਰੂ! ਤੂੰ ਬੰਦਿਆਂ ਨੂੰ ਐਨੀਆਂ ਤਕਲੀਪਾਂ ਕਿਉਂ ਦਿੰਨੈ?” ਅੰਬੋ ਨੇ ਰੱਬ ਵੱਲ ਨੂੰ ਗਲ ਉਗੀਸ ਲਿਆ।
-“ਤਾਈ-ਡਾਕਦਾਰ ਥੋੜੇ ਜਿਹੇ ਪੈਸੇ ਹੋਰ ਮੰਗਦੈ।” ਜਕਦੇ ਜਕਦੇ ਸਰਦਾਰੇ ਨੇ ਕਹਿ ਹੀ ਦਿੱਤਾ।
-“ਫੇਰ ਕੀ ਹੋ ਗਿਆ ਸ਼ੇਰਾ? ਮੈਂ ਦੇਖਗਾਂ ਬੈਠੀ! ਤੈਨੂੰ ਚਿੰਤਾ ਕਾਹਦੀ? ਜਸਮੇਲ ਕੁਰੇ ਚਾਹ ਧਰ ਪੁੱਤ-ਜਾਹ ਵੇ ਮਿਲਟੂ ਆਬਦੇ ਪਿਉ ਨੂੰ ਸੱਦ ਕੇ ਲਿਆ।” ਅੰਬੋ ਨੇ ਇਕੇ ਸਾਹ ਕਈ ਹੁਕਮ ਚਾਹੜ ਦਿੱਤੇ।
ਅੰਬੋ ਦੀ ਨੂੰਹ ਜਸਮੇਲ ਕੌਰ ਚਾਹ ਬਣਾ ਕੇ ਰੱਖ ਗਈ। ਬਾਹਰੋਂ ਸੌਦਾਗਰ ਵੀ ਆ ਗਿਆ।
-“ਆਪਣੇ ਸਰਦਾਰਾ ਸਿਉਂ ਨੂੰ ਥੋੜੇ ਜਿਹੇ ਪੈਸਿਆਂ ਦੀ ਹੋਰ ਲੋੜ ਸੀ।” ਚਾਹ ਦੇ ਸੜ੍ਹਾਕੇ ਮਾਰਦੀ ਬੁੜ੍ਹੀ ਤਿਰਛੀ ਝਾਕ ਰਹੀ ਸੀ।
-“ਫੇਰ ਕੀ ਹੋ ਗਿਆ? ਇਹਦਾ ਆਬਦਾ ਘਰ ਐ-ਗੁਆਂਢ ਮੱਥੈ-ਕਿੰਨੇ ਕੁ ਲੋੜੀਦੇ ਸੀ?” ਸੌਦਾਗਰ ਨੇ ਫੋਕੀ ਅਪਣੱਤ ਜ਼ਾਹਿਰ ਕੀਤੀ।
-“ਹਜਾਰ ਕੁ ਦੀ ਹੋਰ ਲੋੜ ਸੀ ਬਾਈ।”
-“ਮਿਲਜੂਗਾ-ਫਿਕਰ ਕਿਉਂ ਕਰਦੈਂ?” ਅੰਬੋ ਬੋਲੀ।
-“ਪਰ ਤਾਈ-ਹੁਣ ਤਾਂ ਮੇਰੇ ਕੋਲੇ ਕੁਛ ਗਹਿਣੇ ਧਰਨ ਨੂੰ ਵੀ ਨਹੀਂ ਰਹਿ ਗਿਆ।” ਸਰਦਾਰੇ ਦੀ ਆਵਾਜ਼ ਵਿਚ ਹੰਝੂ ਬੋਲੇ।
-“ਕਮਲਿਆਂ ਤੈਨੂੰ ਗਹਿਣੇ ਕਰਨ ਨੂੰ ਕਹਿੰਦਾ ਕੌਣ ਐਂ?”
-“ਤੇ ਉਹੋ ਆਪਣਾ ਸਾਅਵਾ ਬਲਦ ਵੇਚਤਾ?” ਸੌਦਾਗਰ ਨੇ ਪੈਂਦੀ ਸੱਟੇ ‘ਦੱਲਿਆਂ’ ਵਾਲਾ ਦਾਅ ਸੁੱਟਿਆ ਤਾਂ ਸਰਦਾਰੇ ਦਾ ਮੂੰਹ ਸਿਉਂਤਾ ਗਿਆ। ਉਹ ਸੋਚ ਰਿਹਾ ਸੀ ਕਿ ਮਾਂ ਪੁੱਤ ਰਲ ਕੇ ਮੇਰੀ ਮਜ਼ਬੂਰੀ ਦਾ ਫਾਇਦਾ ਉਠਾ ਰਹੇ ਸਨ।
-“ਕਮਲਿਆ-ਜਦੋਂ ਖੂਹ ਈ ਵੇਚਤਾ ਤੇ ਫਿਰ 'ਕੱਲੀ ਗਾਂਧਲ ਦਾ ਕੀ ਕੰਮ? ਮੇਰਾ ਮਤਬਲ ਜਦੋਂ ਖੇਤ ਈ ਗਹਿਣੇ ਕਰਤਾ ਫੇਰ ਬਲਦ ਦੀ ਕੀ ਜਰੂਰਤ? ਨਾਲੇ ਮਾੜੇ ਕਰਮਾਂ ਆਲਿਆ-ਤੇਰੇ ਤਾਂ ਕੋਈ ਪੁੱਤ ਵੀ ਹੈਨੀ-ਜੀਹਨੂੰ ਸੀਰੀ ਰਲਾ ਦੇਵੇਂਗਾ?” ਅੰਬੋ ਦੀ ਵਕਾਲਤ ਪਾਸ ਕੀਤੀ ਲੱਗਦੀ ਸੀ।
ਉਸ ਦੀਆਂ ਗੱਲਾਂ ਨੇ ਸਰਦਾਰੇ ਦੇ ਦਿਲ ‘ਤੇ ਜ਼ਖਮ ਜਰੂਰ ਕੀਤੇ ਸਨ। ਪਰ ਮਜ਼ਬੂਰੀ ਮਾਰਿਆ ਉਹ ਚੁੱਪ ਸੀ। ਉਸ ਨੇ ਸਾਰਾ ਕੁਝ ਸਹਿਣ ਕਰ ਲਿਆ। ਸੌਦਾਗਰ ਨੇ ਜੇਬ ਵਿਚੋਂ ਸੌ-ਸੌ ਦੇ ਦਸ ਨੋਟ ਕੱਢ ਕੇ ਸਰਦਾਰੇ ਨੂੰ ਫੜਾ ਦਿੱਤੇ ਅਤੇ ਸਰਦਾਰਾ ਚਲਾ ਗਿਆ।
ਸ਼ਾਮ ਨੂੰ ਹੀ ਅੰਬੋ ਸਰਦਾਰੇ ਦਾ ਬਲਦ ਖੋਲ੍ਹ ਲਿਆਈ।
ਜਦੋਂ ਲੋਕਾਂ ਨੇ ਬਲਦ ਖੋਲ੍ਹ ਕੇ ਲਿਜਾਣ ਦਾ ਕਾਰਨ ਪੁੱਛਿਆ ਤਾਂ ਅੰਬੋ ਨੇ ਬੜੀ ਆਫਰ ਕੇ ਉੱਤਰ ਦਿੱਤਾ, “ਗਊ ਦਾ ਜਾਇਆ ਖੁਰਨੀ ਤੇ ਖੜ੍ਹਾ ਭੁੱਖਾ ਤਿਹਾਇਆ ਮਰੀ ਜਾਂਦੈ-ਜੇ ਬੇਕਿਰਕ ਲੋਕਾਂ ਨੂੰ ਨਹੀਂ ਤਰਸ ਤਾਂ ਸਾਨੂੰ ਤਾਂ ਆਉਂਦੈ? ਜੇ ਐਥੇ ਸਾਡੇ ਚਾਰ ਦਿਨ ਪੱਠੇ ਖਾ ਲਊ ਤਾਂ ਸਾਡਾ ਕੀ ਥੁੜਜੂ? ਹਰ ਕੋਈ ਆਬਦੀ ਕਿਸਮਤ ਖਾਂਦੈ ਭਾਈ!” ਪਰ ‘ਅੰਦਰਲੀ’ ਗੱਲ ਦਾ ਫਿਰ ਨਾ ਕਿਸੇ ਨੂੰ ਪਤਾ ਲੱਗਿਆ। ਅੰਬੋ ਗੱਲਾਂ ਦੀਆਂ ਬੱਤੀਆਂ ਵੱਟਦੀ ਫਿਰਦੀ ਸੀ।
ਅਗਲੇ ਦਿਨ ਹੀ ਡਾਕਟਰ ਨੇ ਦੋ ਹਜਾਰ ਰੁਪਏ ਦਾ ਹੋਰ ਸੁਆਲ ਪਾ ਦਿੱਤਾ, “ਇਸ ਕੇ ਟੀਕੇ ਹਮੇਂ ਚੰਡੀਗੜ੍ਹ ਸੇ ਮੰਗਵਾਨੇ ਪੜੇਂਗੇ।”
ਸਰਦਾਰਾ ਤਾਂ ਜਿਵੇਂ ਧਰਤੀ ਵਿੱਚ ਹੀ ਗਰਕ ਗਿਆ ਸੀ। ਪਹਾੜ ਜਿੱਡਾ ਸੁਆਲ! ਦੋ ਹਜਾਰ ਰੁਪਈਆ? ਪਰ ਮਹਿੰਦਰ ਕੌਰ ਦੀ ਜਾਨ, ਉਹ ਆਪਣੀ ਜਾਨ ਵੇਚ ਕੇ ਵੀ ਬਚਾਉਣੀ ਚਾਹੁੰਦਾ ਸੀ। ਉਹ ਡਿੱਗਦਾ ਢਹਿੰਦਾ ਪਿੰਡ ਪਹੁੰਚਿਆ। ਅੰਬੋ ਕੋਲ ਜੋ ਕਿੱਲਾ ਗਹਿਣੇ ਸੀ, ਉਹ ਦੋ ਹਜ਼ਾਰ ਵਿਚ ਬੈਅ ਕਰ ਦਿੱਤਾ।
ਸ਼ਾਮ ਨੂੰ ਜਦ ਸਰਦਾਰੇ ਨੇ ਦੋ ਹਜਾਰ ਰੁਪਏ ਡਾਕਟਰ ਅੱਗੇ ਰੱਖੇ ਤਾਂ ਡਾਕਟਰ ਰੁਪਏ ਜੇਬ ਵਿਚ ਪਾਉਂਦਾ ਬੋਲਿਆ, “ਟੀਕੇ ਹਮਨੇ ਚੰਡੀਗੜ੍ਹ ਸੇ ਮੰਗਵਾ ਕਰ ਲਗਾਏ ਥੇ-ਲੇਕਿਨ ਬਿਮਾਰੀ ਕੰਟਰੋਲ ਸੇ ਬਾਹਰ ਹੋ ਚੁੱਕੀ ਥੀ-ਮੁਝੇ ਅਫਸੋਸ ਹੈ ਕਿ ਮੈਂ ਆਪ ਕੀ ਬੀਵੀ ਕੋ ਬਚਾ ਨਹੀਂ ਸਕਾ।” ਤੇ ਡਾਕਟਰ ਚਲਾ ਗਿਆ। ਸਰਦਾਰੇ ਅੰਦਰੋਂ ਕੀਰਨਾਂ ਨਿਕਲਣ ਲੱਗਿਆ ਸੀ। ਪਰ ਬਾਹਰ ਬੈਂਚ ‘ਤੇ ਬੈਠੀ ਭੋਲੀ ਦੇ ਖਿਆਲ ਨੇ ਉਸ ਦੀ ਭੁੱਬ ਗਲ ਵਿੱਚ ਹੀ ਘੁੱਟ ਦਿਤੀ। ਉਹ ਬਾਹਰ ਬੈਂਚ 'ਤੇ ਬੇਖ਼ਬਰ ਬੈਠੀ ਲੱਤਾਂ ਹਿਲਾ ਰਹੀ ਸੀ।
ਇਕ ਭੋਲੀ ਤੋਂ ਬਿਨਾਂ ਸਾਰੇ ਪਿੰਡ ਨੂੰ ਪਤਾ ਲੱਗ ਗਿਆ ਸੀ ਕਿ ਮੁਹਿੰਦਰ ਕੌਰ ਚੱਲ ਵਸੀ ਸੀ। ਪਤਾ ਲੱਗਦੇ ਹੀ ਸੌਦਾਗਰ ਆਪਣਾ ਟਰੈਕਟਰ ਅਤੇ ਟਰਾਲੀ ਲੈ ਕੇ ਹਸਪਤਾਲ ਪਹੁੰਚਿਆਂ। ਪੋਸਟ ਮਾਰਟਮ ਤੋਂ ਬਾਦ ਪਾੜੀ ਝੀੜੀ ਲਾਸ਼ ਮੰਜੇ ਉਤੇ ਪਾ, ਟਰਾਲੀ ਵਿਚ ਰੱਖ ਲਈ।
-“ਚੱਲ ਬਈ ਪੁੱਤ ਭੋਲਿਆ ਬੈਠ ਟਰੈਗਟ 'ਤੇ-ਪਿੰਡ ਚੱਲੀਏ।” ਸਰਦਾਰੇ ਨੇ ਭੋਲੀ ਨੂੰ ਕਿਹਾ।
-“ਤੇ ਬੇਬੇ?” ਭੋਲੀ ਨੇ ਪੁੱਛਿਆ।
-“ਉਹ ਵੀ ਨਾਲ ਈ ਚੱਲੂਗੀ ਪੁੱਤ।” ਭਰਿਆ ਗਲਾ ਸਾਫ ਕਰਕੇ ਸਰਦਾਰੇ ਨੇ ਕਿਹਾ। ਉਸ ਦੀ ਕਮਜ਼ੋਰ ਛਾਤੀ ਅੰਦਰ ਸਾਹ ਖੜਕ ਜਿਹੇ ਰਹੇ ਸਨ।
-“ਬਾਪੂ ਬੇਬੇ ਕਿੱਥੇ ਐ?” ਭੋਲੀ ਨੇ ਬਾਪੂ ਦਾ ਪਜਾਮਾ ਫੜ ਕੇ ਪੁੱਛਿਆ।
-“ਔਹ ਸੀ-ਟਰਾਲੀ ‘ਚ ਮੰਜੇ ਤੇ ਪਈ।”
-“ਮੈਂ ਤਾਂ ਬੇਬੇ ਨਾਲ ਪੈ ਕੇ ਜਾਊਂਗੀ ਬਾਪੂ।” ਭੋਲੀ ਨੇ ਕਿਹਾ ਤਾਂ ਸਰਦਾਰੇ ਦਾ ਕਾਲਜਾ ਭਰਾੜ੍ਹ ਹੋ ਗਿਆ ਅਤੇ ਅੱਖਾਂ ‘ਚੋਂ ਬੇਮੋਖਾ ਹੜ੍ਹ ਤੁਰ ਪਿਆ। ਉਹ ਮੂੰਹ ਹਨ੍ਹੇਰੇ ਵਿਚ ਖੜ੍ਹਾ, ਧਰਾਲੀਂ ਵਗਦੇ ਹੰਝੂ ਪੂੰਝ ਰਿਹਾ ਸੀ।
-“ਬਾਪੂ-ਮੈਂ ਤਾਂ ਬੇਬੇ ਨਾਲ ਪੈ ਕੇ ਜਾਊਂਗੀ।” ਭੋਲੀ ਨੇ ਜਿ਼ਦ ਫੜ ਲਈ। ਉਸ ਮਾਸੂਮ ਨੂੰ ਕੀ ਪਤਾ ਸੀ ਕਿ ਮਾਂ ਦੀ ਠੰਢੀ ਛਾਂ ਤਾਂ ਸਿਰ ਤੋਂ ਉਡ ਗਈ ਸੀ?
-“ਨਹੀਂ ਪੁੱਤ-ਡਾਕਟਰ ਨੇ ਕਿਹੈ ਬਈ ਤੇਰੀ ਬੇਬੇ ਮਸਾਂ ਸੁੱਤੀ ਐ-ਜਗਾਉਣੀ ਨਹੀਂ-ਤੂੰ ਘਰੇ ਜਾ ਕੇ ਆਬਦੀ ਬੇਬੇ ਨਾਲ ਪੈਜੀਂ-ਬਹੁਤ ਛਿਆਣਾਂ ਪੁੱਤ ਐ।” ਬਾਪੂ ਨੇ ਸਮਝਾਇਆ। ਉਹ ਬਰਾਬਰ ਅੱਖਾਂ ਤੇ ਨੱਕ ਪੂੰਝ ਰਿਹਾ ਸੀ।
-“ਚੰਗਾ।” ਭੋਲੀ ਸਹਿਮਤ ਹੋ ਗਈ।
ਮਹਿੰਦਰ ਕੌਰ ਦੀ ਲਾਅਸ਼ ਸਮੇਤ ਸਾਰੇ ਪਿੰਡ ਪਹੁੰਚ ਗਏ।
ਹਨ੍ਹੇਰਾ ਕਾਫੀ ਹੋ ਚੁੱਕਾ ਸੀ। ਲਾਅਸ਼ ਵਾਲਾ ਮੰਜਾ ਟਰਾਲੀ ‘ਚੋਂ ਉਤਾਰਿਆ ਗਿਆ। ਆਂਢ-ਗੁਆਂਢ ਦੀਆਂ ਬੁੜ੍ਹੀਆਂ ਨੇ ਰੋਣਾਂ ਸ਼ੁਰੂ ਕਰ ਦਿੱਤਾ। ਅੰਬੋ ਬੁੜ੍ਹੀ ਵੀ ਪੱਟਾਂ ‘ਤੇ ਹੱਥ ਮਾਰਦੀ, ਹਿੱਕ ਪਿੱਟਦੀ ਆ ਗਈ।
-“ਅੰਮਾਂ ਤੂੰ ਕਾਹਤੋਂ ਰੋਨੀਂ ਐਂ?” ਭੋਲੀ ਨੇ ਪੁੱਛਿਆ।
-“ਭੋਲੀ-ਪੁੱਤ ਤੇਰੀ ਬੇਬੇ ਮਰਗੀ!” ਤੇ ਭੋਲੀ ‘ਬੇਬੇ-ਬੇਬੇ’ ਕਰਦੀ ਮਾਂ ਦੀ ਲਾਅਸ਼ ‘ਤੇ ਡਿੱਗ ਪਈ। ਹੁਣ ਉਸ ਨੂੰ ਸਾਰੀ ਕਹਾਣੀ ਦੀ ਸਮਝ ਆ ਗਈ ਸੀ।
ਅਗਲੇ ਦਿਨ ਸਸਕਾਰ ਕੀਤਾ ਗਿਆ।
ਕਾਫੀ ਦਿਨ ਬੀਤੇ। ਅੰਬੋ ਨੇ ਫਿਰ ਸਰਦਾਰੇ ਦੇ ਘਰ ਗੇੜਾ ਮਾਰਿਆ।
-“ਸਰਦਾਰਿਆ-ਪੁੱਤ ਰੱਬ ਦਾ ਕਰਿਆ ਕੌਣ ਮੋੜ ਸਕਦੈ-ਰੱਬ ਦਾ ਭਾਣਾ ਮੰਨ-ਸਬਰ ਕਰ ਪੁੱਤ!”
-“ਹੁਣ ਤਾਂ ਜੱਗ ਤੇ ਜੀਅ ਨਹੀਂ ਲੱਗਦਾ ਤਾਈ-ਬੱਸ ਜੇ ਜਿਉਨੈਂ ਤਾਂ ਸਿਰਫ ਭੋਲੀ ਖਾਤਰ।” ਉਹ ਉੱਚੀ ਉੱਚੀ ਰੋ ਪਿਆ। ਦਿਲ ਉਸ ਦਾ ਲਹੂ-ਲੁਹਾਣ ਸੀ।
-“ਤੂੰ ਦਿਲ ਨਾ ਸਿੱਟ ਸਰਦਾਰਿਆ-ਤੂੰ ਇਉਂ ਕਰਿਆ ਕਰ-ਰੋਟੀ ਉਧਰ ਆਪਣੇ ਵੱਲ ਈ ਖਾ ਲਿਆ ਕਰ-ਨਾਲ ਈ ਭੋਲੀ ਨੂੰ ਲੈ ਆਇਆ ਕਰ-ਥੋਡਾ ਦਿਲ ਲੱਗਜੂ-ਭੋਲੀ ਬਹੂਆਂ ਨਾਲ ਚੱਕਣ ਧਰਨ ਕਰਵਾ ਦਿਆ ਕਰੂ ਤੇ ਤੂੰ ਪਸ਼ੂਆਂ ਨੂੰ ਪਾਣੀ ਧਾਣੀ-ਪੱਠੇ ਦੱਥੇ ਪਾ ਦਿਆ ਕਰੀਂ।” ਤੇ ਅੰਬੋ ਚਲੀ ਗਈ।
ਸਿਰਫ ਰੋਟੀ ਖਾਤਰ ਸਰਦਾਰੇ ਨੂੰ ਸੀਰੀਆਂ ਵਾਂਗ ਕੰਮ ਕਰਨਾ ਪੈਂਦਾ। ਪਰ ਪਤਾ ਨਹੀਂ ਕਿਉਂ, ਉਸ ਤੋਂ ਝੇਪ ਨਹੀਂ ਚੁੱਕੀ ਜਾਂਦੀ ਸੀ? ਭੋਲੀ ਵਿਚਾਰੀ ਸਵੇਰ ਤੋਂ ਲੈ ਕੇ ਅੱਧੀ ਰਾਤ ਤੱਕ ਸਾਰੇ ਪ੍ਰੀਵਾਰ ਦੇ ਕੱਪੜੇ ਧੋਂਦੀ, ਭਾਂਡੇ ਮਾਂਜਦੀ, ਜੁਆਕ ਖਿਡਾਉਂਦੀ। ਪਰ ਫਿਰ ਵੀ ਅੰਬੋ ਤੇ ਉਸ ਦੀਆਂ ਨੂੰਹਾਂ ਉਸ ਨੂੰ ਝਿੜਕਦੀਆਂ ਰਹਿੰਦੀਆਂ। ਕਦੇ-ਕਦੇ ਕੁੱਟਦੀਆਂ ਵੀ। ਭੋਲੀ ਨੂੰ ਆਪਣਾ ਜੀਵਨ ‘ਕਾਲ਼ੀ ਬੋਲ਼ੀ ਰਾਤ’ ਵਰਗਾ ਲੱਗਦਾ। ਜਿਸ ਵਿਚ ਉਸ ਨੂੰ ਹੱਥ ਮਾਰਿਆਂ ਵੀ ਕੁਝ ਨਹੀਂ ਦਿਸਦਾ ਸੀ।

No comments: