Wednesday, November 14, 2007

Raani De Khasam...


ਕਹਾਣੀ: ਰਾਣੀ ਦੇ ਖਸਮ

ਰਾਣੀ ਦੇ ਖਸਮ

(ਕਹਾਣੀ)

ਫ਼ੌਜੀ ਪੂਰੇ ਅਠਾਰਾਂ ਸਾਲ ਫ਼ੌਜ ਵਿਚ ਰਿਹਾ। 1965 ਅਤੇ 1971 ਦੀ ਜੰਗ ਲੜੀ। ਦੇਸ਼ ਪ੍ਰਤੀ ਪੂਰਾ ਇਮਾਨਦਾਰ ਰਿਹਾ ਅਤੇ ਆਪਣੀ ਜਿੰਦ ਜਾਨ ਦੀ ਕੋਈ ਪ੍ਰਵਾਹ ਨਹੀਂ ਕੀਤੀ। ਪੈਨਸ਼ਨ ਲੈਣ ਉਪਰੰਤ ਫ਼ੌਜੀ ਨੇ ਪਿਤਾ ਪੁਰਖ਼ੀ ਕਿੱਤਾ ਖੇਤੀਬਾੜੀ ਅਪਨਾ ਲਿਆ। ਪਰ ਖੇਤੀਬਾੜੀ ਦਾ ਕੰਮ ਉਸ ਨੂੰ ਘਾਟੇ ਵਾਲ਼ਾ ਹੀ ਜਾਪਿਆ। ਜਿਵੇਂ ਕਿਸੇ ਮਰਾਸੀ ਨੇ ਕਿਹਾ ਸੀ ਕਿ ਜੇ ਜੱਟ ਨਾ ਹੁੰਦਾ, ਤਾਂ ਵਾਹੀ ਬੰਦਿਆਂ ਨੂੰ ਕਰਨੀ ਪੈਂਦੀ! ਸਮੇਂ ਦੀ ਗੌਰਮਿੰਟ ਵੀ ਕਿਸਾਨ ਨੂੰ ਮਰਾਸੀ ਵਾਂਗ ਬੰਦਾ ਹੀ ਨਹੀਂ ਸਮਝਦੀ ਸੀ। ਖ਼ੈਰ ਉਸ ਨੇ ਇਕ ਬੁੱਢਾ ਜਿਹਾ ਬੋਤਾ ਅਤੇ ਇਕ ਬਲ਼ਦ ਲੈ ਕੇ ਵਾਹੀ ਸ਼ੁਰੂ ਕਰ ਦਿੱਤੀ। ਦਿਨ ਰਾਤ ਫ਼ੌਜੀ ਵਾਹੀ ਵਿਚ ਅੱਕਲ਼ਕਾਨ ਹੋਇਆ ਰਹਿੰਦਾ। ਉਸ ਦੀ ਫ਼ੌਜਣ ਨੂੰ ਵੀ ਸੁਰਖੀ ਬਿੰਦੀ ਵਿਸਰ ਚੁੱਕੀ ਸੀ ਅਤੇ ਉਸ ਦੀ ਵੀ ਖੇਤ ਰੋਟੀਆਂ ਢੋਂਦੀ ਦੀ ਭੂਤਨੀ ਭੁੱਲੀ ਰਹਿੰਦੀ। ਹੁਣ ਤਾਂ ਉਸ ਤੋਂ ਆਪਣੀਆਂ ਬੂਦਾਂ ਹੀ ਲੋਟ ਨਹੀਂ ਆਉਂਦੀਆਂ ਸਨ। ਫ਼ੌਜਣ ਦੀ ਜਿਸ ਗੁੱਤ ਨੂੰ ਫ਼ੌਜੀ ਮੁਫ਼ਤ ਦੀ ਰੰਮ ਪੀ ਕੇ 'ਸੱਪਣੀਂ' ਦੱਸਦਾ ਹੁੰਦਾ ਸੀ। ਉਹ ਸੱਪਣੀਂ ਤਾਂ ਹੁਣ ਖਿੱਲਰ ਕੇ 'ਝਾਟਾ' ਬਣ ਗਈ ਸੀ।
ਇਕ ਦਿਨ ਫ਼ੌਜੀ ਆਪਣੇ ਬੁੱਢੇ ਬੋਤੇ ਅਤੇ ਬਲ਼ਦ ਨਾਲ਼ ਹਲ਼ ਵਾਹੀ ਜਾ ਰਿਹਾ ਸੀ ਕਿ ਅਚਾਨਕ ਬੋਤਾ ਬਿੱਟਰ ਗਿਆ। ਫ਼ੌਜੀ ਨੇ ਬਥੇਰੇ ਥਾਪੜੇ ਬਗੈਰਾ ਦਿੱਤੇ, ਪਲ਼ੋਸਿਆ। ਪਰ ਹੰਭਿਆ ਬੋਤਾ ਇਕ ਤਰ੍ਹਾਂ ਨਾਲ ਛਾਪਲ਼ ਗਿਆ ਸੀ। ਅੱਕੇ ਫ਼ੌਜੀ ਨੇ ਛਾਪਲ਼ੇ ਪਏ ਬੋਤੇ ਦੇ ਅਣਗਿਣਤ ਬੈਂਤਾਂ ਜੜ ਦਿੱਤੀਆਂ। ਮਨ ਉਸ ਦਾ ਅਥਾਹ ਦੁਖੀ ਸੀ।
ਅਚਾਨਕ ਫ਼ੌਜਣ ਦੁਪਿਹਰ ਦੀ ਚਾਹ ਲੈ ਕੇ ਪਹੁੰਚ ਗਈ।
-"ਕੀ ਗੱਲ ਹੋਗੀ...? ਬੋਤਾ ਡਿੱਗ ਪਿਆ...?" ਫ਼ੌਜਣ ਨੇ ਸੁਤੇ ਸੁਭਾਅ ਹੀ ਪੁੱਛਿਆ।
-"ਹੋਰ ਇਹ ਮੇਰਾ ਸਾਲ਼ਾ ਹੁਣ 'ਬੋਤੀਆਂ ਲਾਉਣ' ਲੱਗੂਗਾ...?" ਗੁੱਸੇ ਅਤੇ ਨਿਰਾਸ਼ਾ ਵਿਚ ਫ਼ੌਜੀ ਨੇ ਸਿੱਧੀ ਹੀ ਸੁਣਾ ਧਰੀ।
ਖ਼ੈਰ ਆਥਣ ਤੱਕ ਬੋਤਾ ਕਿਸੇ ਕਾਰਨ ਸੱਚੀਂ ਹੀ ਮਰ ਗਿਆ। ਪਤਾ ਨਹੀਂ ਉਸ ਨੂੰ ਕੀ ਬਿਮਾਰੀ ਆ ਪਈ ਸੀ। ਖੜ੍ਹੇ ਪੈਰ ਇਕ ਹੋਰ ਬੋਤਾ ਲਿਆਉਣਾ ਪਿਆ। ਉਹ ਸਹੁਰਾ ਪਹਿਲੇ ਬੋਤੇ ਨਾਲੋਂ ਵੀ ਚੜ੍ਹਦਾ ਚੰਦ ਸੀ। ਸਰੀਰੋਂ ਤਾਂ ਉਹ ਰੱਬ ਆਸਰੇ ਹੀ ਤੁਰਦਾ ਸੀ, ਪਰ ਬੜੇ ਹੀ ਕੌੜ ਰਵੇ ਦਾ ਸੀ। ਬਿਨਾਂ ਗੱਲੋਂ ਬੰਦੇ ਨੂੰ ਵੱਢਣ ਪੈ ਜਾਂਦਾ। ਇਕ ਦਿਨ ਗੁੱਸੇ 'ਚ ਆਏ ਫ਼ੌਜੀ ਨੇ ਉਸ ਦੇ ਡੰਡਾ ਕੱਢ ਮਾਰਿਆ, ਤਾਂ ਅੱਕਿਆ ਬੋਤਾ ਫ਼ੌਜੀ ਨੂੰ ਵੱਢਣ ਪੈ ਗਿਆ। ਡਰਿਆ ਫ਼ੌਜੀ ਬੋਤੇ ਦੇ ਮੂਹਰੇ ਭੱਜ ਤੁਰਿਆ। ਪਰ ਲੰਮੀਆਂ ਪੁਲਾਂਘਾਂ ਵਾਲ਼ੇ ਬੋਤੇ ਨਾਲ਼ ਫ਼ੌਜੀ ਦਾ ਕੀ ਮੁਕਾਬਲਾ ਸੀ? ਉਹ ਉਸ ਦੇ ਇਕ ਤਰ੍ਹਾਂ ਨਾਲ਼ ਉਤੇ ਚੜ੍ਹਿਆ ਆ ਰਿਹਾ ਸੀ। ਭੱਜਿਆ ਆਉਂਦਾ ਫ਼ੌਜੀ ਇਕ ਦਮ ਛਹਿ ਲਾ ਕੇ ਬੈਠ ਗਿਆ। ਖੜ੍ਹੇ ਪੈਰ ਚੁਸਤ ਦਿਮਾਗ ਫ਼ੌਜੀਆਂ ਵਾਲ਼ਾ ਦਾਅ ਵਰਤ ਗਿਆ ਸੀ। ਲੋੜ ਫਿਰ ਵੀ ਕਾਢ ਦੀ ਮਾਂ ਹੁੰਦੀ ਹੈ। ਰੇਵੀਏ ਪਿਆ ਬੋਤਾ ਅੱਗੇ ਨਿਕਲ ਗਿਆ। ਐਡੇ ਸਰੀਰ ਨੂੰ ਬਰੇਕ ਲਾਉਣੇ ਕਿਹੜਾ ਖੇਡ ਸਨ...? ਜਦੋਂ ਫਿਰ ਉਸ ਨੇ ਮੋੜ ਕੱਟ ਕੇ ਫ਼ੌਜੀ ਵੱਲ ਛੂਟ ਵੱਟੀ ਤਾਂ ਸਾਹਮਣੇਂ ਖੜ੍ਹੇ ਫ਼ੌਜੀ ਨੇ ਟਿਕਾਅ ਕੇ ਡੰਡਾ ਸਾਰੇ ਜੋਰ ਨਾਲ਼ ਬੋਤੇ ਦੀ ਪੁੜਪੜੀ ਵਿਚ ਮਾਰਿਆ। ਬੋਤਾ 'ਦਾਅੜ' ਕਰਦਾ ਢੇਰੀ ਹੋ ਗਿਆ ਅਤੇ 'ਚੜ੍ਹਾਈ' ਕਰ ਗਿਆ। ਸੱਟ ਅਣਜਾਣੇ ਕਿਤੇ ਕਸੂਤੇ ਥਾਂ ਵੱਜ ਗਈ ਸੀ।
ਬਲ਼ਦ ਲੈ ਕੇ ਉਹ ਖੇਤੋਂ ਤੁਰਿਆ ਆਉਂਦਾ ਸੀ ਕਿ ਉਸ ਨੂੰ ਗੁਰਦੁਆਰੇ ਵਾਲ਼ਾ ਭਾਈ ਜੀ ਮਿਲ਼ ਪਿਆ।
-"ਕੀ ਗੱਲ ਐ ਫ਼ੌਜੀਆ..? ਕਿਵੇਂ ਪੈਂਚਰ ਜਿਆ ਹੋਇਆ ਤੁਰਿਆ ਆਉਨੈਂ?" ਭਾਈ ਜੀ ਨੇ ਟਿੱਚਰ ਨਾਲ਼ ਹੀ ਪੁੱਛਿਆ। ਉਹ ਬੜਾ ਗੁਣੀਂ ਗਿਆਨੀ, ਪਰ ਲਹਿਰੀ ਬੰਦਾ ਸੀ।
ਹਮਦਰਦ ਅਤੇ ਦੁਖ ਸੁਖ ਦਾ ਸਾਂਝੀ, ਦਿਲੀ ਮਿੱਤਰ ਸਾਹਮਣੇ ਦੇਖ ਕੇ ਫ਼ੌਜੀ ਦਾ ਰੋਣ ਨਿਕਲ ਗਿਆ।
-"ਕੀ ਹੋ ਗਿਆ-ਰੋਨਾ ਕਾਹਤੋਂ ਐਂ...?"
-"ਬੋਤਾ ਮਰ ਗਿਆ...!"
-"ਕਿਵੇਂ...?"
-"ਵੱਢਣ ਪੈ ਗਿਆ ਸੀ-ਮੈਂ ਡੰਡਾ ਮਾਰਿਆ-ਡੰਡਾ ਸਾਲ਼ਾ ਕਲੋਟੇ ਥਾਂ ਵੱਜ ਗਿਆ ਤੇ ਬੱਸ...!"
-"ਫ਼ੌਜੀਆ...! ਰੋ ਨਾਂ...! ਐਹੋ ਜੇ ਮਾੜੇ ਪਸ਼ੂ ਨੂੰ ਖੇਤ 'ਕੱਲੇ ਨੂੰ ਨ੍ਹੀ ਸੀ ਮਾਰਨਾ-!"
ਫ਼ੌਜੀ ਨੇ ਸਿਰ ਉਪਰ ਚੁੱਕਿਆ।
-"ਐਹੋ ਜੇ ਵੱਢਖਾਣੇਂ ਬੋਤੇ ਨੂੰ ਤਾਂ ਬੋਤਿਆਂ ਦੇ 'ਕੱਠ 'ਚ ਲਿਜਾ ਕੇ ਮਾਰੇ-ਉਹਦਾ ਹਾਲ ਦੇਖ ਕੇ ਦੂਜਿਆਂ ਨੂੰ ਵੀ ਮੱਤ ਆਉਂਦੀ!"
-"........।" ਫ਼ੌਜੀ ਚੁੱਪ ਸੀ।
-"ਤੂੰ ਸ਼ੁਕਰ ਕਰ ਤੇਰੀ ਜਾਨ ਬਚਗੀ! ਬੂਹਕੀ ਕਾਹਤੋਂ ਜਾਨੈਂ? ਜਾਨ ਬਚੀ ਲਾਖੋਂ ਪਾਏ-ਜੇ ਤੈਨੂੰ ਕੁਛ ਹੋ ਜਾਂਦਾ-ਬੱਚੇ ਤਾਂ ਤੇਰੇ ਰੁਲ਼ ਜਾਂਦੇ! ਘਾਟੇ ਵਾਧੇ ਤਾਂ ਜਿੰਦਗੀ 'ਚ ਆਉਂਦੇ ਈ ਰਹਿੰਦੇ ਐ-ਰੱਬ ਦੀ ਰਜਾ 'ਚ ਰਾਜੀ ਰਹੀਏ ਫ਼ੌਜੀਆ...!"
ਫ਼ੌਜੀ ਦੀ ਤਸੱਲੀ ਹੋ ਗਈ ਸੀ। ਦਿਲ ਥਾਂਵੇਂ ਆ ਗਿਆ। ਉਸ ਦੇ ਮਨ ਤੋਂ ਬੋਤੇ ਮਰੇ ਦਾ ਕਾਫ਼ੀ ਹੱਦ ਤੱਕ ਅਫ਼ਸੋਸ ਖ਼ਤਮ ਹੋ ਗਿਆ ਸੀ। ਸੰਸਾ ਨਿੱਬੜ ਗਿਆ ਸੀ। ਪਰ ਹੁਣ ਉਸ ਨੂੰ ਇਕ ਤਰ੍ਹਾਂ ਨਾਲ਼ ਵਾਹੀ ਤੋਂ ਨਫ਼ਰਤ ਹੋ ਗਈ। ਕੀ ਪਿਐ ਵਾਹੀਆਂ 'ਚ? ਕਿਸਾਨ ਧੰਦ ਪਿੱਟਦਾ ਮਰ ਜਾਂਦੈ, ਤੇ ਉਹਦੀ ਜਿਣਸ ਦੇ ਮਾਲਕ ਸਾਲ਼ੇ ਕਰਾੜ ਬਣ ਬਹਿੰਦੇ ਐ! ਜੇਠ ਹਾੜ੍ਹ ਦੇ ਮਹੀਨੇ ਪਾਇਆ ਰੂੜੀ ਦਾ ਰੇਹ ਅਤੇ ਕੱਕਰ ਭਰੀਆਂ ਸਿਆਲ਼ ਦੀਆਂ ਰਾਤਾਂ 'ਚ ਕੀਤੀ ਮਿਹਨਤ ਦਾ ਵੀ ਮੁੱਲ ਨਹੀਂ ਮੁੜਦਾ! ਸੱਪਾਂ ਦੀਆਂ ਸਿਰੀਆਂ ਮਿੱਧੀਆਂ ਦੀ ਕੋਈ ਕਦਰ ਨਹੀਂ! ਪੈਲ਼ੀ ਤਾਂ ਲੱਗਿਆ ਨਹੀਂ ਮੋੜਦੀ? ਕੀ ਫ਼ਾਇਦਾ ਮੁਸ਼ੱਕਤਾਂ ਕੀਤੀਆਂ ਦਾ?
ਫਿਰ ਫ਼ੌਜੀ ਨੇ ਬੈਂਕਾਂ ਦੇ ਗੇੜੇ ਕੱਢੇ ਕਿ ਫ਼ੌਜ ਵਿਚ ਰਿਹਾ ਹੋਣ ਕਰਕੇ ਸ਼ਾਇਦ ਕਿਤੇ ਗਾਰਡ ਦੀ ਨੌਕਰੀ ਹੀ ਮਿਲ ਜਾਵੇ? ਪਰ ਬਾਬੂਆਂ ਦੇ ਮਗਰਮੱਛਾਂ ਵਾਂਗ ਅੱਡੇ ਮੂੰਹ ਦੇਖ ਕੇ ਉਸ ਨੇ ਇਕ ਗੱਡੀ 'ਚ ਹਿੱਸਾ ਪਾ ਲਿਆ ਅਤੇ ਡਰਾਈਵਰੀ ਖ਼ੁਦ ਸੰਭਾਲ਼ ਲਈ। ਪਰ ਫਿਰ ਆਖਰ ਨਿੱਤ ਦੀ ਆਵਾਜਾਈ ਅਤੇ ਫ਼ੌਜਣ ਦੇ ਵਿਯੋਗ ਦੇ ਖਲਜਗਣ ਤੋਂ ਦੁਖੀ ਹੋ ਕੇ ਉਸ ਨੇ ਢਾਬਾ ਖੋਲ੍ਹ ਲਿਆ। ਸਾਰੇ ਡਰਾਈਵਰ ਭਾਈਚਾਰੇ ਨੂੰ ਜਾਣਦਾ ਹੋਣ ਕਰਕੇ ਉਸ ਦਾ ਢਾਬਾ ਬੜਾ ਵਧੀਆ ਚੱਲ ਪਿਆ ਸੀ। ਸਾਰੇ ਪਟੜੀਫ਼ੇਰ ਡਰਾਈਵਰ ਵੀ ਉਸ ਦੇ ਢਾਬੇ 'ਤੇ ਆ ਕੇ ਹੀ ਅਰਾਮ ਫ਼ੁਰਮਾਉਂਦੇ ਅਤੇ ਫ਼ੌਜੀ ਨਾਲ ਪੈੱਗ ਸ਼ੈੱਗ ਵੀ ਸਾਂਝਾ ਕਰ ਲੈਂਦੇ। ਉਹ ਉਹਨਾਂ ਵਾਸਤੇ ਕਦੇ-ਕਦੇ 'ਕਾਲ਼ੀ ਨਾਗਣੀ' ਜਾਂ ਡੋਡਿਆਂ ਅਤੇ ਭੁੱਕੀ ਦਾ ਪ੍ਰਬੰਧ ਵੀ ਕਰ ਦਿੰਦਾ। ਫ਼ੌਜੀ ਬੰਦਾ ਬੜਾ ਹਸਮੁੱਖ ਅਤੇ ਰੰਗੀਨ ਸੀ। ਘਾਟ-ਘਾਟ ਦਾ ਪਾਣੀ ਪੀਤਾ ਸੀ। ਵੰਨ-ਸਵੰਨੀ ਦੁਨੀਆਂ ਨਾਲ਼ ਵਾਹ ਪਿਆ ਸੀ। ਫ਼ੌਜੀ ਇਕ ਤੁਰਦਾ ਫਿਰਦਾ ਇਤਿਹਾਸ ਸੀ। ਨਾ ਤਾਂ ਕਿਸੇ ਦਾ ਉਹ ਗੁੱਸਾ ਕਰਦਾ ਅਤੇ ਨਾ ਹੀ ਕੋਈ ਉਸ ਦਾ ਗੁੱਸਾ ਮੰਨਦਾ ਸੀ। ਸਾਰੇ ਉਸ ਨੂੰ ਆਪਣਾ ਮਿੱਤਰ ਅਤੇ ਹਮਦਰਦ ਸਮਝਦੇ ਸਨ। ਫ਼ੌਜੀ ਦੇ ਢਾਬੇ 'ਤੇ ਡਰਾਈਵਰ ਮਿੱਤਰਾਂ ਦੀ ਮਹਿਫ਼ਲ ਬੜੀ ਖ਼ੂਬ ਜੰਮਦੀ ਸੀ। ਫ਼ੌਜੀ ਸੀ ਵੀ ਬੜਾ ਰੌਣਕੀ ਬੰਦਾ।
ਇਕ ਵਾਰ ਘੁੱਕਰ ਸਿੰਘ, ਉਰਫ਼ 'ਨ੍ਹੇਰੀ' ਕਲਕੱਤੇ ਤੋਂ ਸਿੱਧਾ ਗੱਡੀ ਲੈ ਕੇ ਫ਼ੌਜੀ ਦੇ ਢਾਬੇ 'ਤੇ ਹੀ ਰੁਕਿਆ। ਉਸ ਨੂੰ ਫ਼ੌਜੀ ਨਜ਼ਰ ਨਾ ਆਇਆ। ਫ਼ੌਜੀ ਬਿਨਾਂ ਢਾਬੇ 'ਤੇ ਨ੍ਹੇਰੀ ਨੂੰ ਹਨ੍ਹੇਰ ਗੁਬਾਰ ਹੀ ਨਜ਼ਰ ਆਇਆ।
-"ਉਏ ਕਬੂਤਰਾ...! ਫ਼ੌਜੀ ਕਿੱਥੇ ਐ...?" ਉਸ ਨੇ ਢਾਬੇ 'ਤੇ ਕੰਮ ਕਰਦੇ ਟੀਟੂ ਨੂੰ ਪੁੱਛਿਆ। ਸਾਰਾ ਡਰਾਈਵਰ ਭਾਈਚਾਰਾ ਟੀਟੂ ਨੂੰ 'ਕਬੂਤਰ' ਹੀ ਆਖਦਾ।
-"ਉਹਨੂੰ ਬਾਈ ਘੁੱਕਰ ਸਿਆਂ ਮੋਕ ਲੱਗੀ ਵੀ ਐ-ਸਵੇਰ ਦਾ ਈ ਨ੍ਹੀ ਟਿਕਿਆ।" ਟੀਟੂ ਦੀ ਥਾਂ ਗੰਤੇ ਡਰਾਈਵਰ ਨੇ ਉਤਰ ਮੋੜਿਆ। ਉਹ ਰਾਤ ਦਾ ਉਨੀਂਦਰਾ ਰਜਾਈ ਵਿਚੋਂ ਬਾਘੜ੍ਹ ਬਿੱਲੇ ਵਾਂਗ ਝਾਕ ਰਿਹਾ ਸੀ। ਟੁੱਟੇ ਨਸ਼ੇ ਕਾਰਨ ਉਸ ਦੀ ਅਵਾਜ਼ ਭਰੜ੍ਹਾਏ ਢੋਲ ਵਰਗੀ ਸੀ।
-"ਫ਼ੌਜੀ ਨੂੰ ਮੋਕ...? ਉਹਦਾ ਅੰਦਰ ਤਾਂ ਉੜੀਸਾ ਦੀ ਟਰੈਫਿ਼ਕ ਮਾਂਗੂੰ ਜਾਮ ਹੀ ਹੋਇਆ ਰਹਿੰਦਾ ਸੀ? ਹਫ਼ਤਾ ਹਫ਼ਤਾ ਤਾਂ ਉਹ ਕਿੱਲ੍ਹਦਾ ਰਹਿੰਦਾ ਸੀ? ਉਹਨੂੰ ਮੋਕ ਕਿਵੇਂ ਲੱਗਗੀ?" ਨ੍ਹੇਰੀ ਹੈਰਾਨ ਸੀ।
-"ਫ਼ੀਮ ਛੱਡਤੀ ਪਤੰਦਰ ਨੇ! ਬੱਸ ਓਦਣ ਦਾ ਈ ਨਵੇਂ ਦੁੱਧ ਹੋਣ ਆਲ਼ੀ ਮੱਝ ਮਾਂਗੂੰ ਕਿੱਲੇ ਤੇ ਈ ਗੇੜਾ ਬੰਨ੍ਹੀ ਫਿਰਦੈ!" ਗੰਤੇ ਨੇ ਗੱਲ ਕਰਦਿਆਂ ਰਜਾਈ ਪਰ੍ਹੇ ਕਰ ਕੰਧ ਤੋਂ ਧੁੱਪ ਦੀ ਸਪੀਡ ਪੜ੍ਹੀ। ਸਮਾਂ ਵਾਚਿਆ।
-"ਗੇੜੀਂ ਤਾਂ ਪੈਣਾ ਈ ਐਂ-ਜਦੋਂ ਪੁੱਠੇ ਕੰਮ ਕਰੂ? ਉਹਨੂੰ ਫ਼ੀਮ ਛੱਡਣ ਨੂੰ ਕਿਹਾ ਕਿਹੜੇ ਕੰਜਰ ਨੇ ਐਂ? ਮਰਦਾ ਤਾਂ ਉਹ ਆਬਦੇ ਆਪ ਐ!"
-"ਰੱਬ ਜਾਣੇ ਬਾਈ! ਮੈਂ ਤਾਂ ਉਹਨੂੰ ਬੱਤੀ ਆਰੀ ਕਹਿ ਚੁੱਕਿਐਂ-ਬਈ ਫ਼ੌਜੀਆ ਤੂੰ ਸਰੀਰ ਤਾਂ ਛੱਡ ਸਕਦੈਂ-ਪਰ ਫ਼ੀਮ ਨ੍ਹੀ ਛੱਡ ਸਕਦਾ-ਪਰ ਮੰਨਦਾ ਕਿਹੜਾ ਕੰਜਰ ਐ? ਪੁੱਠੀ ਮੱਤ ਪਤਾ ਨ੍ਹੀ ਕੀਹਨੇ ਦੇਤੀ?"
-"ਹੁਣ ਹੈ ਕਿੱਥੇ...?"
-"ਆਹ ਪਿਛਲੇ ਪਾਸੇ ਈ ਹੋਣੈਂ!" ਗੰਤੇ ਨੇ ਲੰਮਾ ਹੱਥ ਕਰਕੇ ਦੱਸਿਆ ਤਾਂ ਨ੍ਹੇਰੀ ਢਾਬੇ ਦੇ ਪਿਛਲੇ ਪਾਸੇ ਚਲਾ ਗਿਆ। ਉਸ ਨੇ ਦੂਰੋਂ ਦੇਖਿਆ ਕਿ ਫ਼ੌਜੀ ਜੋਰ ਜੋਰ ਨਾਲ਼ ਆਪਣੀ ਢੂਹੀ 'ਤੇ ਮੁੱਕੀਆਂ ਮਾਰੀ ਜਾ ਰਿਹਾ ਸੀ ਅਤੇ ਨਾਲ਼ੇ ਕਿਸੇ ਨੂੰ ਗਾਲ੍ਹਾਂ ਕੱਢ ਰਿਹਾ ਸੀ।
-"ਉਏ ਫ਼ੌਜੀਆ...! ਆਹ ਕੀ ਕਰੀ ਜਾਨੈਂ...?" ਨ੍ਹੇਰੀ ਅਥਾਹ ਹੈਰਾਨ ਸੀ।
-"ਉਏ ਮੈਂ ਐਹਨੂੰ ਠ੍ਹੋਕਰਦੈਂ-ਬਈ ਸਾਲੀਏ ਹਟਜਾ! ਹਟਜਾ ਵਗਣੋਂ...! ਜੇ ਹਟਜੇਂਗੀ, ਤਾਂ ਨਾਲ਼ੇ ਤੂੰ ਬਚਜੇਂਗੀ-ਤੇ ਨਾਲੋਂ ਮੈਂ ਬਚਜੂੰ! ਨਹੀਂ ਤਾਂ ਦੋਨੋਂ ਈ ਧਰਮਰਾਜ ਦੇ ਜਾ ਬਿਰਾਜਾਂਗੇ ਸਾਲ਼ੀਏ...!" ਫ਼ੌਜੀ ਦੀ ਅਕਾਸ਼ਬਾਣੀ ਸੁਣ ਕੇ ਨ੍ਹੇਰੀ ਹੱਸਦਾ ਹੱਸਦਾ ਡਿੱਗਣ ਵਾਲ਼ਾ ਹੋ ਗਿਆ। ਫ਼ੌਜੀ ਅਜੇ ਵੀ ਆਪਣੀ ਪਿੱਠ 'ਤੇ ਮੁੱਕੀਆਂ ਮਾਰੀ ਜਾ ਰਿਹਾ ਸੀ, "ਬੱਸ ਈ ਨ੍ਹੀ ਕਰਦੀ..! ਬੱਸ ਈ ਨ੍ਹੀ ਕਰਦੀ, ਮੰਨੋਂ ਦੇ ਜਾਣੀਂ...!"
-"ਚੱਲ ਬੱਸ ਕਰ! ਹੱਥ ਧੋ ਕੇ ਆਜਾ-ਤੈਨੂੰ ਕੰਡਾ ਮੈਂ ਦਿੰਨੈਂ!" ਨ੍ਹੇਰੀ ਨਸੀਹਤ ਜਿਹੀ ਦੇ ਕੇ ਮੁੜ ਆਇਆ।
ਡਰਾਈਵਰਾਂ ਦਾ ਵੀ ਇਕ ਕਬੀਲਾ ਹੁੰਦਾ ਹੈ। ਦੇਸ਼ਾਂ-ਪ੍ਰਦੇਸਾਂ ਵਿਚ ਇਹ ਇਕ ਦੂਜੇ ਦੇ ਨੇੜਲੇ ਰਿਸ਼ਤੇਦਾਰਾਂ ਨਾਲੋਂ ਵੀ ਵੱਧ ਸਹਾਈ ਹੁੰਦੇ ਹਨ।
-"ਕਿਉਂ? ਮਿਲ਼ ਪਿਆ?" ਗੰਤੇ ਨੇ ਖੈਣੀ ਮਲ਼ਦਿਆਂ ਨ੍ਹੇਰੀ ਨੂੰ ਪੁੱਛਿਆ।
-"ਹਾਂ ਮਿਲ਼ ਪਿਆ-ਕੁੜੀ ਯ੍ਹਾਵੇ ਦਾ ਪਿੱਠ 'ਤੇ ਮੁੱਕੀਆਂ ਮਾਰੀ ਜਾਂਦੈ!"
-"ਕਿਉਂ? ਪਿੱਠ ਦਾ ਕੀ ਕਸੂਰ ਐ?" ਉਸ ਨੇ ਖੈਣੀਂ ਬੁੱਲ੍ਹਾਂ ਵਿਚ ਫਿ਼ੱਟ ਕਰਦਿਆਂ ਹੈਰਾਨੀ ਨਾਲ਼ ਪੁੱਛਿਆ।
-"ਗੰਤਿਆ ਇਕ ਗੱਲ ਐ! ਇਹ ਜਿਹੜੇ ਫ਼ੌਜੀ ਹੁੰਦੇ ਐ ਨ੍ਹਾ? ਸਿਆਣੇ ਸੱਥਾਂ 'ਚ ਗੱਲਾਂ ਕਰਦੇ ਹੁੰਦੇ ਸੀ-ਬਈ ਪਿਲਸਣ ਹੋਣ ਮੌਕੇ ਗੌਰਮਿਲਟ ਇਹਨਾਂ ਦਾ ਡਮਾਕ ਤੇ ਬੰਦੂਖ ਉਥੇ ਈ ਰਖਵਾ ਲੈਂਦੀ ਐ-ਤੇ ਬਣਦੀ ਰਕਮ ਦੇ ਕੇ ਮਗਰੋਂ ਲਾਹ ਦਿੰਦੇ ਐ!"
-"ਇਹ ਤਾਂ ਮੈਂ ਵੀ ਸੁਣਿਐਂ!" ਗੰਤੇ ਨੇ ਥੁੱਕ ਦੀ ਪਿਚਕਾਰੀ ਮਾਰਦਿਆਂ ਆਖਿਆ।
-"ਬਈ ਕੁੱਤੀਏ ਜਾਅਤੇ! ਜਦੋਂ ਤੈਨੂੰ ਪਤੈ ਬਈ ਮੈਥੋਂ ਇਹ ਮਾਂ ਨਹੀਂ ਛੱਡੀ ਜਾਣੀਂ-ਤੂੰ ਕਾਹਨੂੰ ਘੁਲਾੜ੍ਹੇ 'ਚ ਬਾਂਹ ਦਿੰਨੈਂ? ਫੇਰ ਕਰੀ ਜਾਵਾਂਗੇ ਮਸੋਸ-ਤੇ ਨਾਲ਼ੇ ਖੁਲ੍ਹਵਾਉਂਦੇ ਫਿਰਾਂਗੇ ਖੰਡ ਪਾਠ!"
-"ਕਰਵਾਉਂਦੇ ਫਿਰਾਂਗੇ ਗਤੀਆਂ!" ਗੰਤਾ ਵਿਚ ਦੀ ਮਸਾਂ ਵਾਰੀ ਲੈਂਦਾ ਸੀ।
-"ਅੱਜ ਨਾਜਾ ਨ੍ਹੀ ਦੀਂਹਦਾ ਕਿਤੇ?" ਨ੍ਹੇਰੀ ਨੇ ਅਚਾਨਕ ਯਾਦ ਕੀਤਾ।
-"ਪਤਾ ਨ੍ਹੀ ਪਤੰਦਰ ਅੱਜ ਦਿਨੇ ਈ ਦੇਹ ਪਲੱਟੀ ਫਿਰਦਾ ਸੀ!" ਡਰਾਈਵਰ ਦਿਨੇ ਦਾਰੂ ਪੀਣ ਨੂੰ ਟਰੈਫਿ਼ਕ ਅਫ਼ਸਰਾਂ ਤੋਂ ਡਰਦੇ 'ਦੇਹ ਪਲੱਟਣੀ' ਆਖਦੇ ਸਨ।
-"ਕਿਉਂ? ਕਿਸੇ ਖ਼ੁਸ਼ੀ 'ਚ-ਜਾਂ ਕੋਈ ਮਰ ਗਿਆ...?"
-"ਰੱਬ ਜਾਣੇ-ਗੱਲ ਕਰਨ ਜੋਕਰਾ ਤਾਂ ਛੋਕਰੀ ਯ੍ਹਾਵਾ ਹੈ ਈ ਨ੍ਹੀ ਸੀ-ਉਰਲ਼ ਉਰਲ਼ ਈ ਕਰੀ ਜਾਂਦਾ ਸੀ!"
-"ਕਿਤੇ ਰਾਤ ਊਸ਼ਾ ਤਾਂ ਨ੍ਹੀ ਹੱਥ ਲੱਗਗੀ?"
-"ਜੇ ਊਸ਼ਾ ਹੱਥ ਲੱਗੀ ਹੁੰਦੀ-ਅੱਜ ਦਿਨੇ ਉਠਦਾ ਨ੍ਹੀ ਸੀ-ਫੇਰ ਤਾਂ ਚੌਵੀ ਘੰਟਿਆਂ ਬਾਅਦ ਈ ਸਿਰੀ ਚੱਕਦਾ-ਜਿਵੇਂ ਸੱਪ ਡੰਗ ਮਰਾ ਕੇ ਅੱਠ ਪਹਿਰ ਨ੍ਹੀ ਅੱਖ ਪੱਟਦਾ ਹੁੰਦਾ!"
ਉਹਨਾਂ ਦੇ ਗੱਲਾਂ ਕਰਦਿਆਂ ਕਰਦਿਆਂ ਫ਼ੌਜੀ ਵੀ ਹੱਥ ਧੋ ਕੇ ਆ ਗਿਆ।
-"ਕਿਵੇਂ ਐਂ ਹੁਣ ਸਿਹਤਾਂ?"
-"ਮੈਂ ਤਾਂ ਬਾਈ ਖੱਸੀ ਹੋਇਆ ਪਿਐਂ-ਅੱਜ ਪੰਦਰਾਂ ਆਰੀ ਜਾ ਕੇ ਆਇਐਂ।"
-"ਪਤੰਦਰ ਲਿਸਟ ਵੀ ਨਾਲ਼ ਈ ਬਣਾਈ ਫਿਰਦੈ-ਬਈ ਕਿੰਨੇ ਆਰੀ ਜਾ ਕੇ ਆਇਐਂ!"
-"ਲੈ ਫੜ ਭੋਰਾ-ਟਾਂਕਾ ਲਾਅ ਕੇ ਕੰਡੇ 'ਚ ਹੋ-ਮੂੰਹ ਬਣਾਈ ਫਿਰਦੈ-ਜਿਵੇਂ ਜੁਆਕ ਜੰਮ ਕੇ ਹਟਿਆ ਹੁੰਦੈ!" ਨ੍ਹੇਰੀ ਨੇ ਮੋਮੀ ਕਾਗਜ਼ 'ਚੋਂ ਅਫ਼ੀਮ ਦਿੰਦਿਆਂ ਕਿਹਾ।
-"ਡਰੈਵਰ ਫ਼ੀਮ ਨ੍ਹੀ ਦਿੰਦਾ-ਜੁਆਕ ਚੱਕ ਕੇ ਫੜਾਦੂ-ਲੈ ਫੜ...! ਤੂੰ ਫੇਰ ਵੀ ਜਿਗਰੀ ਯਾਰ ਐਂ!"
-"ਜੇ ਤੂੰ ਮਰ ਗਿਆ ਫ਼ੌਜੀਆ-ਸਾਡਾ ਕੀ ਹਾਲ ਹੋਊ?"
-"ਮੈਂ ਤਾਂ ਉਚੀ ਉਚੀ ਵੈਣ ਪਾ ਕੇ ਰੋਊਂ!"
-"ਹਾਏ ਵੇ ਮੇਰੇ ਪੁੱਤ ਦਿਆ ਪੁੱਤਾ...!" ਗੰਤੇ ਨੇ ਵੈਣ ਪਾ ਕੇ ਦਿਖਾਇਆ।
ਸੁਰਮਈ ਸ਼ਾਮ ਹੋਣ ਤੱਕ ਉਥੇ ਬਾਹਵਾ ਡਰਾਈਵਰ ਭਾਈਚਾਰਾ ਇਕੱਠਾ ਹੋ ਗਿਆ ਸੀ। ਕਈ ਫ਼ੌਜੀ ਨੂੰ ਗਾਲ੍ਹਾਂ ਕੱਢ ਰਹੇ ਸਨ ਅਤੇ ਕਈ ਟਿੱਚਰਾਂ ਕਰ ਰਹੇ ਸਨ। ਕਿਸੇ ਨੇ ਬੋਤਲ ਖੋਲ੍ਹੀ ਹੋਈ ਸੀ ਅਤੇ ਕਿਸੇ ਨੇ ਅਧੀਆ! ਰੰਗੀਲੇ ਪੰਜਾਬੀ ਡਰਾਈਵਰ ਬਾਈ ਇਕ ਤਰ੍ਹਾਂ ਨਾਲ਼ ਜੰਗਲ ਵਿਚ ਮੰਗਲ਼ ਲਾਈ ਬੈਠੇ ਸਨ। ਨ੍ਹੇਰੀ ਵਾਲ਼ਾ ਕੰਡਾ ਛਕ ਕੇ ਫ਼ੌਜੀ ਹੁਣ ਬਿਲਕੁਲ ਠੀਕ ਹੋ ਗਿਆ ਸੀ। ਲੱਛਾ ਡਰਾਈਵਰ ਗਾ ਰਿਹਾ ਸੀ, "ਹੋ ਗੱਡੀ ਰੋਕਲੀ ਬਵੰਜਾ ਬੱਤੀ ਮੇਰੀ - ਤੇ ਚੂੜੇ ਵਾਲ਼ੀ ਬਾਂਹ ਕੱਢ ਕੇ...!" ਲੱਛਾ ਬੜਾ ਸੁਰੀਲਾ ਗਾਉਂਦਾ ਸੀ।
-"ਤੈਨੂੰ ਲੱਛਿਆ ਕਿੰਨੇ ਆਰੀ ਆਖਿਐ-ਬਈ ਕੀ ਲੈਣੈਂ ਐਸ ਕੁੱਤੇ ਕੰਮ, ਡਰੈਵਰੀ ਤੋਂ? ਤੂੰ ਤਾਂ ਕਿਤੇ ਗੌਣ ਗੂਣ ਈ ਲੱਗਜਾ!"
-"ਮੇਰੀਆਂ ਤਾਂ ਸੁਰਾਂ ਬਾਈ ਸਾਲ਼ੀ ਡਰੈਵਰੀ ਨੇ ਮਾਰਤੀਆਂ ਤੇ ਰਹਿੰਦੀ ਕਸਰ ਘਰ ਦੀ ਗਰੀਬੀ ਨੇ ਕੱਢਤੀ।"
-"ਉਏ ਕੋਈ ਨਾ...! ਐਂਵੇਂ ਨਾ ਮਰੂੰ ਮਰੂੰ ਕਰੀ ਜਾਇਆ ਕਰ!" ਤੁਣਕੀ ਬੋਲਿਆ।
-"ਚੰਗੇ ਮੰਦੇ ਦਿਨ ਬੰਦੇ 'ਤੇ ਆਉਂਦੇ ਈ ਰਹਿੰਦੇ ਐ-ਮੇਰਾ ਰੁੱਸੇ ਨਾ ਕਲਗੀਆਂ ਵਾਲ਼ਾ ਜੱਗ ਭਾਵੇਂ ਸਾਰਾ ਰੁੱਸ ਜੇ...!"
-"ਲੱਛਿਆ ਜੇ ਤੂੰ ਕੋਈ ਰੀਲ੍ਹ ਰੂਲ੍ਹ ਕੱਢਣੀ ਹੋਵੇ ਤਾਂ ਦੱਸੀਂ-ਆਪਣਾ ਇਕ ਬੇਲੀ ਹੈਗਾ ਏਸ ਕਿੱਤੇ 'ਚ।" ਮਾਣਸਾ ਵਾਲ਼ੇ ਮੱਲ ਨੇ ਕਿਹਾ।
-"ਬੁੜ੍ਹੀ ਮਰਨ ਨੂੰ ਫਿਰੇ ਤੇ ਬਾਬਾ ... ਨੂੰ ਫਿਰੇ-ਮੈਨੂੰ ਭੈਣ ਦੇਣਾ ਜੁਆਕਾਂ ਦੀ ਰੋਟੀ ਦਾ ਫਿ਼ਕਰ ਲੱਗਿਆ ਪਿਐ-ਤੂੰ ਬਾਈ ਰੀਲ੍ਹ ਦੀ ਗੱਲ ਕਰਦੈਂ।" ਪੀਤੀ ਵਿਚ ਸੱਚੀ ਗੱਲ ਲੱਛੇ ਤੋਂ ਆਖ ਹੋ ਗਈ। ਉਦਾਸੀ ਦੀ ਪਿਲੱਤਣ ਉਸ ਦੇ ਚਿਹਰੇ ਨੂੰ ਧੁਆਂਖ ਗਈ ਸੀ।
-"ਸੱਚ ਯਾਰ ਜੁਆਕਾਂ ਤੋਂ ਮੈਨੂੰ ਗੱਲ ਚੇਤੇ ਆਗੀ-ਪਰ ਸੁਣਾਊਂ ਤਾਂ, ਜੇ ਕੰਨ ਦੇ ਕੇ ਸੁਣੋਂਗੇ?" ਗਿੰਦਰ ਘੈਂਟ ਨੇ ਕਿਹਾ।
-"ਕੰਨ ਦੇ ਕੇ ਈ ਸੁਣਾਂਗੇ ਯਾਰ! ਅੱਗੇ ਤੇਰੀ ਕੋਈ ਗੱਲ ਕਿਤੇ ਸੁਣੀਂ ਨ੍ਹੀ ਸੋਹਣਿਆਂ?" ਸੁੱਚਾ ਸੂਰਮਾਂ ਬੋਲਿਆ।
-"ਮੈਨੂੰ ਮੁੜ ਕੇ ਸੋਹਣਿਆਂ ਨਾ ਕਹੀਂ ਸੁੱਚਿਆ!"
-"ਕਿਉਂ-ਸੋਹਣਿਆਂ ਈ ਕਿਹੈ? ਗੋਲ਼ੀ ਤਾਂ ਨ੍ਹੀ ਮਾਰੀ? ਚੱਲ ਜੇ ਤੈਨੂੰ ਬੁਰਾ ਲੱਗਦੈ-ਮੈਂ ਨਹੀਂ ਕਹਿੰਦਾ-ਹੋਰ ਦੱਸ? ਬਾਪੂ ਆਖਾਂ...?"
-"ਚੱਲ ਤੂੰ ਗੱਲ ਸੁਣਾ ਯਾਰ! ਤੁਸੀਂ ਤਾਂ ਗੱਲ ਨੂੰ ਕਮਲ਼ੀ ਦੇ ਝਾਟੇ ਮਾਂਗੂੰ ਖਿਲਾਰ ਲੈਨੇ ਐਂ-ਚੁੱਪ ਕਰਕੇ ਸੁਣਦੇ ਨੀ! ਲੋਕ ਤਾਂਹੀਂ ਥੋਨੂੰ ਕਮਲ਼ੇ ਕਹਿੰਦੇ ਐ!" ਮੋਗੇ ਵਾਲ਼ਾ ਮੱਲ ਹਰਖ਼ ਕੇ ਬੋਲਿਆ। ਉਹ ਸੁਰਤ ਸੰਭਲ਼ਣ ਤੋਂ ਲੈ ਕੇ ਪਹਿਲਾਂ 'ਕਲ੍ਹੀਂਡਰੀ' ਅਤੇ ਫਿਰ ਡਰਾਈਵਰੀ ਕਰਦਾ ਆ ਰਿਹਾ ਸੀ।
-"ਜੈਤੋ ਆਲ਼ਾ ਗੀਤ ਐ ਨਾ...?"
-"ਜਿਹੜਾ ਪੈਂਤੀ ਕਿਆਸੀ 'ਤੇ ਹੁੰਦਾ ਸੀ?" ਘੁੱਕਰ ਨੇ ਪੁੱਛਿਆ।
-"ਆਹੋ...! ਜਿਹੜਾ ਸਰਪੈਂਚ ਨਾਲ਼ ਹੁੰਦਾ ਸੀ!" ਕਈਆਂ ਨੇ ਹੁੰਗਾਰਾ ਭਰਿਆ।
-"ਉਹਨੇ ਕੱਲ੍ਹ ਆਬਦੀ ਘਰਆਲ਼ੀ ਦੀ ਤੇ ਮੁੰਡੇ ਦੀ ਗੱਲ ਸੁਣਾਈ-ਬਈ ਰਾਣੀ ਦੀ ਸਹੁੰ-ਮੇਰਾ ਫ਼ਾਜਿਲਕਾ ਤੱਕ ਹਾਸਾ ਬੰਦ ਨ੍ਹੀ ਹੋਇਆ।" ਗਿੰਦਰ ਗੱਡੀ ਵੱਲ ਹੱਥ ਕਰ ਕੇ ਫਿਰ ਹੱਸ ਪਿਆ।
-"ਆਜਾ ਫ਼ੌਜੀਆ! ਤੂੰ ਵੀ ਲੈਲਾ ਤੋਲ਼ਾ-ਠਾਰੀ ਐ! ਰੋਟੀ ਖਾਣ ਆਲ਼ੇ ਆਪਾਂ ਈ ਐਂ-ਖਾਲਾਂਗੇ ਹੌਲ਼ੀ ਹੌਲ਼ੀ! ਕਿਹੜਾ ਕਿਤੇ ਨੰਦ ਕਾਰਜਾਂ 'ਤੇ ਜਾਣੈਂ!"
-"ਮੈਂ ਪਊਆ ਚੱਕ ਲਿਆਵਾਂ ਮੱਲਾ...!"
-"ਕਰਤੀ ਨਾ ਕੁੱਤੀ ਗੱਲ ਫ਼ੌਜੀ ਭਾਅ? ਊਠਾਂ ਨੂੰ ਮੁੜ ਗੁੜਤੀਆਂ ਨਾਲ਼ ਕੀ ਬਣਦਾ ਈ? ਤੂੰ ਨੱਢਿਆ ਕੋਈ ਬੋਤਲ ਛੋਤਲ ਲਿਆ..!" ਅੰਮ੍ਰਿਤਸਰੀਆ ਭਾਊ ਬੋਲਿਆ।
-"ਤੂੰ ਚੁੱਪ ਰਹਿ! ਸਿਆਣੇ ਆਖਦੇ ਐ: ਇਕ ਭਾਅਪਾ ਤੇ ਸੌ ਸਿਆਪਾ! ਪੱਗ ਦੇਖ ਸਾਲ਼ੇ ਨੇ ਕਿਮੇ ਬੰਨ੍ਹੀ ਐਂ-ਜਿਵੇ ... 'ਤੇ ਲੀਰ ਬਲ੍ਹੇਟੀ ਹੁੰਦੀ ਐ!" ਫ਼ੌਜੀ ਨੇ ਵਾਰੀ ਦਾ ਵੱਟਾ ਲੈ ਲਿਆ।
-"ਮੈਂ ਤਾਂ ਮੁੜ ਉੱਤਰਾਂ ਈ ਗੱਲ ਪਈ ਕੀਤੀ ਸੀ ਭਾਅ-ਤੇ ਤੂੰ ਮੁੜ ਮੇਰੇ ਪਿੱਛੇ ਇੱਤਰਾਂ ਮਤ੍ਰੇਈ ਮਾਂ ਦੀ ਤਰ੍ਹਾਂ ਕਿਉਂ ਪੈ ਗਿਉਂ?" ਭਾਊ ਮੰਜੇ 'ਤੇ ਹੋਰ ਲੋਟ ਹੋ ਕੇ ਬੈਠ ਗਿਆ। ਉਸ ਦੀਆਂ ਭੈੜ੍ਹੀਆਂ ਜਿਹੀਆਂ ਅੱਖਾਂ ਵਿਚ ਦਾਰੂ ਦੇ ਲਾਲ ਡੋਰੇ ਸਿਲ਼ਤਾਂ ਵਾਂਗ ਖੜ੍ਹੇ ਸਨ। ਉਹ ਵਾਰ ਵਾਰ ਹਮੀਰੇ ਦੀ ਸੰਤਰਾ ਦਾ ਪੈੱਗ ਅੰਦਰ ਸੁੱਟਦਾ ਸੀ।
ਫ਼ੌਜੀ ਪਊਆ ਲੈ ਕੇ ਆ ਗਿਆ।
-"ਚੱਲ ਗਿੰਦਰਾ ਗੱਲ ਸੁਣਾ-ਭਾਊ ਦੀ ਲੱਲੀ ਤਾਂ ਅੰਦਰ ਵੜਨੀ ਨੀ!" ਸੁੱਚੇ ਨੇ ਹੁਕਮ ਦਿੱਤਾ।
-"ਹਾਂ ਬਈ ਚੁੱਪ...! ਭਲਾ ਹੋਵੇ ਸਾਰਿਆਂ ਦਾ...!" ਮੱਲ ਨੇ ਹੋਕਾ ਦੇਣ ਵਾਲਿ਼ਆਂ ਵਾਂਗ ਕਿਹਾ।
-"ਹਾਂ ਬਈ ਗਿੰਦਰ ਸਿਆਂ-ਆਉਣ ਦੇ ਫਿਰ!" ਫ਼ੌਜੀ ਪੈੱਗ ਪਾਉਂਦਾ ਹੋਇਆ ਬੋਲਿਆ।
-"ਜੈਤੋ ਆਲ਼ੇ ਗੀਤ ਨੇ ਗੱਲ ਸੁਣਾਈ-ਕਹਿੰਦਾ ਅਖੇ ਮੈਂ ਤਾਂ ਗੱਡੀ ਲੈ ਕੇ ਗੁਹਾਟੀ ਗਿਆ ਹੋਇਆ ਸੀ-ਤੇ ਮਗਰੋਂ ਸਾਡੇ ਸ਼ਹਿਰ ਸਰਕਸ ਆ ਲੱਗੀ-ਮੇਰਾ ਚਾਰ ਕੁ ਸਾਲ ਦਾ ਮੁੰਡਾ ਆਬਦੀ ਮਾਂ ਨਾਲ਼ ਸਰਕਸ ਦੇਖਣ ਚਲਿਆ ਗਿਆ-ਉਥੇ ਸਰਕਸ ਦੇ ਬਾਹਰ ਖੜ੍ਹਾ ਕਿਤੇ, ਗਧਾ-।"
-"ਅੱਛਾ...!"
-"ਗਧਾ ਸਾਲ਼ਾ 'ਨਿੱਸਰਿਆ' ਖੜ੍ਹਾ! ਤੇ ਮੁੰਡਾ ਆਬਦੀ ਮਾਂ ਨੂੰ ਗਧੇ ਦੇ ਹੇਠਲੇ ਪਾਸੇ ਹੱਥ ਕਰਕੇ ਪੁੱਛਦੈ-ਅਖੇ ਬੀਬੀ ਔਹ ਗਧੇ ਦੇ ਥੱਲੇ ਕੀ ਐ? ਜਦੋਂ ਘਰਆਲ਼ੀ ਨੇ ਗਧੇ ਦੇ ਹੇਠਲੇ ਪਾਸੇ ਨਜਰ ਮਾਰੀ-ਤਾਂ ਗੁੱਸੇ 'ਚ ਕਹਿੰਦੀ: ਕੁਛ ਨ੍ਹੀ...! ਤੇ ਜੁਆਕ ਨੂੰ ਖਿੱਚ ਕੇ ਘਰੇ ਲੈ ਆਈ।"
-"ਕਿੱਡੇ ਕੁੱਤੇ ਜੁਆਕ ਐ ਡਰੈਵਰਾਂ ਦੇ...!"
-"ਅੱਖ ਦੇਖ ਛੋਕਰੀ ਦੇਣੇ ਦੇ ਦੀ ਕਿੱਥੇ ਗਈ!"
-"ਜਿਹੋ ਜੀ ਕੋਕੋ-ਉਹੋ ਜੇ ਬੱਚੇ!"
-"ਜਿਹੋ ਜੀ ਨੰਦੋ ਬਾਹਮਣੀ-ਉਹੋ ਜਿਆ ਘੁੱਦੂ ਜੇਠ!"
-"ਤੁਸੀਂ ਅੱਗੇ ਤਾਂ ਸੁਣਲੋ ਕੁੱਤਿਆ ਰਵਿਆ-ਆਬਦੀ ਰਮਾਇਣ ਛੇੜ ਕੇ ਬਹਿਗੇ!"
-"ਹਾਂ ਬਈ...?"
-"ਅੱਛਾ ਭਾਈ-ਤੀਜੇ ਕੁ ਦਿਨ ਗੀਤ ਵੀ ਮੁੜ ਆਇਆ-ਜੁਆਕ ਨੇ ਫੇਰ ਸਰਕਸ ਦੇਖਣ ਨੂੰ ਕਿਹਾ-ਚਲੋ ਗੀਤ ਵੀ ਵਿਹਲਾ ਈ ਸੀ-ਜੁਆਕ ਨੂੰ ਲੈ ਕੇ ਸਰਕਸ ਚਲਿਆ ਗਿਆ-ਗਧਾ ਫੇਰੇ ਦੇਣਾ ਫੇਰ ਉਥੇ ਈ ਮੁੱਖ ਮੰਤਰੀ ਬਣਿਆਂ ਖੜ੍ਹਾ-ਓਸੇ ਹਾਲਤ 'ਚ..! ਜੁਆਕ ਸਾਲ਼ਾ ਨਿਆਣਾ-ਹੁਣ ਜੁਆਕ ਨੂੰ ਕੀ ਪਤਾ ਸੀ? ਜੁਆਕ ਨੇ ਆਬਦੇ ਪਿਉ ਨੂੰ ਫੇਰ ਪੁੱਛ ਲਿਆ ਬਈ ਬਾਪੂ ਔਹ ਗਧੇ ਦੇ ਥੱਲੇ ਕੀ ਐ? ਗੀਤ ਨੇ ਦੱਸਤਾ! ਦੱਸਣਾ ਈ ਸੀ? ਇਹਦੇ 'ਚ ਲਕੋ ਆਲ਼ੀ ਕਿਹੜੀ ਗੱਲ ਐ? ਤਾਂ ਜੁਆਕ ਬੋਲਿਆ: ਭਾਪਾ ਮੇਰੀ ਬੀਬੀ ਤਾਂ ਕਹਿੰਦੀ ਬਈ ਇਹ ਤਾਂ ਕੁਛ ਨ੍ਹੀ-ਤਾਂ ਗੀਤ ਅੱਕਿਆ ਵਿਆ ਆਖਣ ਲੱਗਿਆ: ਕੋਈ ਨਾ ਪੁੱਤ! ਉਹਦੇ ਵਾਸਤੇ ਇਹ ਵੀ ਕੁਛ ਨ੍ਹੀ...!"
ਸਾਰੇ ਡਰਾਈਵਰ ਭਾਈਬੰਦ ਹੱਸਦੇ ਲੋਟ-ਪੋਟ ਹੋ ਗਏ। ਮੱਲ ਪੈੱਗ ਪੀਂਦਾ ਹੋਣ ਕਰਕੇ ਉਸ ਨੂੰ ਹੱਥੂ ਆ ਗਿਆ ਸੀ। ਸਾਰੇ ਹੱਸ-ਹੱਸ ਲਾਮਾਲੇਟ ਹੋ ਗਏ ਸਨ।
-"ਕੁੜੀ ਚੋਦ ਦਾ ਕਿੰਨਾਂ ਮਲੰਗ ਲਾਣੈਂ! ਸ਼ਰਮ ਤਾਂ ਜਮਾਂ ਈ ਨਹੀਂ ਕਰਦੇ, ਸਾਲ਼ੇ ਚੌਰੇ...!" ਮੋਗੇ ਵਾਲ਼ਾ ਮੱਲ ਬੋਲਿਆ।
-"ਤੂੰ ਕਿਹੜਾ ਮੱਲਾ ਘੱਟ ਐਂ? ਗੁੜਗਾਵਾਂ ਆਲ਼ੀ ਛੱਲੋ ਵੀ ਤੇਰੇ ਨਾਲ਼ ਈ ਕਲਕੱਤੇ ਦਾ ਸਫ਼ਰ ਕਰਦੀ ਐ!" ਗੰਤੇ ਨੇ ਹੱਡ 'ਤੇ ਮਾਰੀ।
-"ਮੱਲ ਤਾਂ ਉਹਨੂੰ ਲੋਰੀਆਂ ਦਿੰਦੈ, ਲੋਰੀਆਂ...!"
-"ਤੀਮੀ ਸਾਲੀ ਹੈ ਵੀ ਰਾਗਟ ਅਰਗੀ ਯਾਰ-ਮੱਲ ਵੀ ਕੀ ਕਰੇ?"
-"ਨਾਲ਼ੇ ਉਹ ਤਾਂ ਹੈ ਵੀ ਮੱਲ ਦੇ ਸਹੁਰਿਆਂ ਵੱਲੀਂ ਦੀ!"
-"ਫੇਰ ਕੋਈ ਮਾੜੀ ਮੋਟੀ ਗੱਲ ਐ? ਸਹੁਰਿਆਂ ਦੇ ਨਾਂ ਨੂੰ ਤਾਂ ਬਾਂਦਰ ਨੱਚਣ ਲੱਗ ਪੈਂਦੇ-ਮੱਲ ਤਾਂ ਫੇਰ ਬੰਦੈ!"
-"ਤੂੰ ਫੁੱਫੜਾ ਕਿਮੇ ਢੇਰੀ ਜੀ ਢਾਹੀ ਬੈਠੈਂ? ਤੂੰ ਨ੍ਹੀ ਅੱਜ ਕੁਛ ਬੋਲਦਾ?" ਤੁਣਕੀ ਨੂੰ ਸਾਰੇ ਪਤਾ ਨਹੀਂ ਕਿਉਂ 'ਫੁੱਫੜ' ਆਖਦੇ ਸਨ?
-"ਉਏ ਫ਼ੁੱਫੜ ਨੂੰ ਟਿੱਚਰਾਂ ਨਾ ਕਰੋ! ਇਕ ਆਰੀ ਫੁੱਫੜ ਕਹੀਏ ਦੀਵਾ ਬੁਝ ਜਾਂਦੈ! ਇਹ ਬੜਾ ਬਹਿਵਤੀ ਐ!"
-"ਤੂੰ ਮੇਰੀ ਵੱਢਵੀਂ ਨਾ ਕਰਿਆ ਕਰ ਉਏ ਝੋਟਿਆ!" ਫੁੱਫੜ ਨੇ ਜੁਬਾਨ ਖੋਲ੍ਹੀ।
-"ਮਾਫ਼ ਕਰ ਦਿਓ ਫੁੱਫੜ ਜੀ!" ਪੰਡਤ ਹੱਥ ਜੋੜਨ ਲੱਗ ਪਿਆ।
-"ਸਾਲ਼ੇ ਨੂੰ ਨਾ ਅਕਲ ਨਾ ਮੌਤ! ਪੱਗ ਬੰਨ੍ਹਲੂ ਜਿਵੇਂ ਕੁੱਤੇ ਦਾ ਪਿੜ ਪੱਟਿਆ ਹੁੰਦੈ-ਤੇ ਨਿਘੋਚਾਂ ਫੁੱਫੜ 'ਤੇ ਕੱਢੂ!" ਤੁਣਕੀ ਪਤਾ ਨਹੀਂ ਕਿਉਂ ਅੱਕਿਆ ਪਿਆ ਸੀ।
-"ਤੂੰ ਫੁੱਫੜਾ ਕੱਲ੍ਹ ਮੂੰਹ ਕਾਲ਼ਾ ਕਰੀ ਫਿਰਦਾ ਸੀ?" ਝਗੜੇ ਨੇ ਫੁੱਫੜ ਦੀ ਦਾਹੜੀ ਨੂੰ ਕਲਫ਼ ਲੱਗੀ ਦੇਖ ਲਈ ਸੀ।
-"ਆਹੋ...! ਕੱਲ੍ਹ ਮੈਂ ਥੋਡੀ ਬੁੜ੍ਹੀ ਫੜਲੀ ਸੀ!"
ਹਾਸਾ ਫਿਰ ਉਚਾ ਉਠਿਆ। ਭਾਊ ਮੰਜੇ ਤੋਂ ਡਿੱਗਦਾ ਡਿੱਗਦਾ ਮਸਾਂ ਬਚਿਆ।
-"ਉਏ ਤੂੰ ਨਾ ਕਿਤੇ ਮਾੜੀ ਗੱਡੀ ਮਾਂਗੂੰ ਪਾਸ ਵੱਜਜੀਂ ਅੰਬਰਸਰੀਆ! ਤੇਰੀ ਤਾਂ ਭਾਪਣ ਨੇ ਰੋਣੋਂ ਵੀ ਨ੍ਹੀ ਹਟਣਾਂ! ਥੋਡੀਆਂ ਤਾਂ ਹੁੰਦੀਆਂ ਵੀ ਖਿਡੌਣਾ ਜਿਆ ਈ ਐ-ਚੂੰਢੀ ਵੱਢੀਏ, ਮੂਰਛਤ ਹੋ ਜਾਂਦੀਐਂ!"
-"ਨਹੀਂ ਫੁੱਫੜਾ! ਮੈਂ ਉਤਰਾਂ ਠੀਕ ਹਾਂ-ਤੂੰ ਕਰ ਰਾਂਝਾ ਰਾਜ਼ੀ-ਮੈਨੂੰ ਮੁੜ ਕੋਈ ਗੁੱਸਾ ਨਹੀਂ ਜੇ ਤੇਰਾ!" ਉਸ ਦਾ ਹਾਸਾ ਬੰਦ ਨਹੀਂ ਹੁੰਦਾ ਸੀ।
-"ਮੱਲ ਦੀ ਪਰਸੋਂ ਦੀ ਗੱਲ ਸੁਣਾਂਵਾਂ?"
-"ਸੁਣਾ ਬਈ...!" ਸਾਰੇ ਬੋਲੇ।
-"ਮੱਲਾ ਗੁੱਸਾ ਤਾਂ ਨ੍ਹੀ ਕਰਦਾ?"
-"ਚੋਰ ਦੀ ਮਾਂ ਕੋਠੀ 'ਚ ਮੂੰਹ! ਮੈਂ ਗੁੱਸਾ ਕਾਹਨੂੰ ਕਰਨੈਂ? ਗਿੱਦੜ ਹੱਥ ਪਟੋਲ੍ਹਾ ਆਇਐ-ਸਾਲਿ਼ਓ ਲੀਰ ਲੀਰ ਈ ਕਰੋਂਗੇ-ਤੁਸੀਂ ਕਿਸੇ ਦੀ ਕੋਈ ਗੱਲ ਮੰਨਣੀਂ ਐਂ?"
-"ਪਰਸੋਂ ਮੱਲ ਤੇ ਤੁਣਕੀ ਦੀ ਘੁੱਟ ਘੁੱਟ ਲੱਗੀ ਵੀ-ਮੱਲ ਆਬਦੀ ਗੱਡੀ ਦੇ ਟੈਰ ਪਲ਼ੋਸੀ ਜਾਵੇ ਤੇ ਨਾਲ਼ੇ ਕਹੇ: ਰਾਣੀ..! ਮੈਨੂੰ ਪਤੈ ਬਈ ਤੇਰੀ ਜੁੱਤੀ ਘਸਗੀ-ਕੋਈ ਨਾ, ਐਤਕੀਂ ਨਮੀ ਸਮਾ ਕੇ ਦਿਊਂ-ਤੁਣਕੀ ਓਸ ਤੋਂ ਵੀ ਚੜ੍ਹਦਾ ਚੰਦ! ਉਹ ਦਾਰੂ ਦੀ ਲੋਰ 'ਚ ਗੱਡੀ ਦੀ ਪਾਟੀ ਤਰਪਾਲ ਵੱਲ ਹੱਥ ਕਰ ਕਰ ਮੱਲ ਨੂੰ ਆਖੀ ਜਾਵੇ: ਮੇਰੇ ਆਲ਼ੀ ਦੀ ਵੀ ਮੱਲਾ ਫ਼ੁਲਕਾਰੀ ਪਾਟੀ ਪਈ ਐ-ਇਹਨੂੰ ਵੀ ਵਰੀ ਬਣਾ ਕੇ ਦੇਣੀ ਪੈਣੀ ਐਂ-ਸਾਲ਼ੇ ਗੱਡੀਆਂ ਨਾਲ਼ ਤੀਮੀਆਂ ਮਾਂਗੂੰ ਗੱਲਾਂ ਕਰਨਗੇ! ਤੀਮੀ ਨੂੰ ਚਾਹੇ ਕਦੇ ਸਿੱਧੇ ਮੂੰਹ ਨਾ ਬੁਲਾਇਆ ਹੋਵੇ-ਪਰ ਗੱਡੀ ਨੂੰ ਰਾਣੀ ਈ ਦੱਸਣਗੇ!"
-"ਤੇ ਹੋਰ ਕੀ ਐਂ ਆਪਾਂ? ਆਪਾਂ ਹੈ ਈ ਸਾਰੇ ਇਹਨਾਂ ਰਾਣੀਆਂ ਦੇ ਖ਼ਸਮ-ਗੱਡੀਆਂ ਨੂੰ ਘਰਆਲ਼ੀਆਂ ਤੋਂ ਵੱਧ ਰੱਖਦੇ ਐਂ ਕਿ ਨਹੀਂ?"
-"ਰੱਖਦੇ ਐਂ...! ਇਹਦੇ 'ਚ ਕੋਈ ਸ਼ੱਕ ਨ੍ਹੀ!"
-"ਤੀਮੀਆਂ ਦੀਆਂ ਲਾਲ਼ਾਂ ਤਾਂ ਉਦੋਂ ਚੱਟਦੇ ਐ-ਜਦੋਂ ਔੜ ਲੱਗੀ ਹੋਵੇ-ਨਹੀਂ ਤਾਂ ਡਰੈਵਰ ਤਬਕਾ ਤੀਮੀ ਨੂੰ ਮੂੰਹ ਨ੍ਹੀ ਬੋਲਦਾ!"
-"ਆਹ ਬੋਲਦਾ ਨ੍ਹੀ ਮੂੰਹ? ਕਿਸੇ ਝਾੜ੍ਹੀ 'ਤੇ ਕਿਤੇ ਲਾਲ ਚਾਦਰ ਸੁੱਕਣੀ ਪਾਈ ਹੋਵੇ-ਸਾਲ਼ੇ ਮੱਲੋਮੱਲੀ ਹਾਰਨ ਨੱਪ ਕੇ ਜਾਣਗੇ ਬਈ ਕੀ ਐ ਵਿਚੋਂ ਕੁਛ ਨਿਕਲ਼ ਈ ਆਵੇ? ਸਾਲਿ਼ਓ ਦਿੱਲੀ ਦੱਖਣ ਦੀ ਤੁਸੀਂ ਕੋਈ ਭਈਆ ਰਾਣੀ ਨ੍ਹੀ ਛੱਡੀ-ਹੁਣ ਮਹਾਤਮਾ ਗਾਂਧੀ ਬਣੇ ਬੈਠੇ ਓਂ!" ਫ਼ੌਜੀ ਕਾਫ਼ੀ ਦੇਰ ਬਾਅਦ ਬੋਲਿਆ ਸੀ।
-"ਸਾਡੀ ਗੱਡੀ ਕਿਹੜਾ ਕਿਸੇ ਰਾਣੀ ਨਾਲੋਂ ਘੱਟ ਐ?"
-"ਉਏ ਦਿਨ ਰਾਤ ਵੀ ਫਿਰ ਇਹੀ ਰਾਣੀ ਨਾਲ਼ ਨਿਭਦੀ ਐ-ਤੀਮੀਆਂ ਮਾਂਗੂੰ ਖੇਖਣ ਨ੍ਹੀ ਕਰਦੀ; ਅੱਜ ਮੇਰਾ ਮੂੜ੍ਹ ਖਰਾਬ-ਨਾਲ਼ੇ ਕਹਿੰਦੀ ਸਿਰ ਦੁਖਦਾ...।" ਲੱਛੇ ਨੇ ਕਵੀਸ਼ਰੀ ਕੀਤੀ।
-"ਯਾਰ ਤੀਮੀਆਂ ਵੀ ਕੀ ਕਰਨ...? ਡਰਦੀਆਂ ਉਹ ਰਹਿੰਦੀਐਂ-ਬਈ ਕਿਤੇ ਸ਼ਰਾਬੀ ਹੋਇਆ ਊਂ ਨਾ ਜਾਹ ਜਾਂਦੀ ਕਰਦੇ!" ਗੰਤੇ ਦੇ ਕਹਿਣ 'ਤੇ ਭਾਊ ਦਾ ਪੈੱਗ ਪ੍ਰੈਸ਼ਰ ਬਣ ਬਾਹਰ ਨਿਕਲਿ਼ਆ। ਦਾਰੂ ਦੇ ਛਿੱਟੇ ਦੂਰ ਦੂਰ ਤੱਕ ਬੁੜ੍ਹਕੇ। ਕੀੜੇ ਮਾਰ ਦੁਆਈ ਦੀ ਸਪਰੇਅ ਕਰਨ ਵਾਂਗ!
-"ਸਾਲ਼ਾ ਕਿੱਡਾ ਸਿੱਧਰੈ...? ਕੁੜੀ ਚੋਦ ਮੰਗ ਖਾਣੀਂ ਜਾਅਤ! ਲੀੜੇ ਈ ਗੱਚ ਕਰਤੇ-ਪਰ੍ਹੇ ਹੋ ਕੇ ਨ੍ਹੀ ਮਰਿਆ ਜਾਂਦਾ...?" ਮੱਲ ਭਾਊ 'ਤੇ ਚਿੜ ਗਿਆ। ਉਸ ਦਾ ਕੁੜਤਾ ਦਾਰੂ ਨਾਲ਼ ਗੱਚ ਹੋ ਗਿਆ ਸੀ।
-"ਮੁੜ ਮਾਫ਼ ਕਰ ਮੱਲ ਭਾਅ! ਗੱਲ ਈ ਇੱਤਰਾਂ ਦੀ ਸੀ!" ਭਾਊ ਮੂੰਹ ਪੂੰਝਦਾ ਬੋਲਿਆ।
-"ਤੇਰੀ ਭਾਪਣ ਨੇ ਤਾਂ ਇਹ ਧੋਣੇ ਵੀ ਨ੍ਹੀ-ਤੁਸੀਂ ਸਾਲਿ਼ਓ ਸੂਮਾਂ ਦੇ ਨਾਨੇ-ਦਾਲ਼ ਖੱਟੀ ਹੋਜੇ-ਤਾਂ ਵੀ ਆਬਦੇ ਕੁੱਕੜਾਂ ਮੂਹਰੇ ਸਿੱਟਣਗੇ!"
-"ਪਰਸੋਂ ਭਾਈ ਭਾਊ ਨੂੰ ਡੀ. ਟੀ. ਓ. ਨੇ ਘੇਰ ਲਿਆ!"
-"ਫੇਰ...?" ਕਈ ਇਕੱਠੇ ਹੀ ਬੋਲੇ।
-"ਫੇਰ ਕੀ? ਉਹਦੇ ਚਰਨ ਫੜੀ ਖੜ੍ਹਾ! ਅਖੇ ਜੀ ਸਾਡੇ ਘਰੇ ਬਰਖੁਰਦਾਰ ਨੇ ਪਧਾਰਨੈ-ਮੈਨੂੰ ਤੇਜੀ ਐ! ਸਾਲ਼ਾ ਨਿਆਣਾ ਜੰਮਣ ਨੂੰ 'ਬਰਖੁਰਦਾਰ ਪਧਾਰਨਾ' ਈ ਦੱਸੇ!"
-"ਤੇ ਫ਼ੇਰ ਡੀ. ਟੀ. ਓ. ਕੀ ਕਹਿੰਦਾ?"
-"ਡੀ. ਟੀ. ਓ. ਨੇ ਪੁੱਛਿਆ ਬਈ ਕੀਹਨੂੰ ਬਰਖ਼ੁਰਦਾਰ ਪਧਾਰਨੈਂ-ਤੇ ਇਹ ਬਣਾ ਸਮਾਰ ਕੇ ਪਤਾ ਕੀ ਕਹਿੰਦਾ?"
-"ਕੀ ਕਹਿੰਦਾ...?"
-"ਕਹਿੰਦਾ ਜੀ ਅਖੇ ਉਂਜ ਤੇ ਮੇਰੀ ਭੂਆ ਦੀ ਧੀ ਵੀ ਪਈ ਲੱਗਦੀ ਏ-ਤੇ ਉਂਜ ਮੇਰੀ ਬੀਵੀ ਵੀ ਜੇ!"
-"ਦੁਰ ਫਿ਼ੱਟ੍ਹੇ ਮੂੰਹ ਭੈਣ ਦਿਆਂ ਮੁੰਡਿਆਂ ਈ ਯਾਵੇ...! ਸਾਲ਼ੇ ਊਤ...!"
-"ਸਾਡੇ ਇੱਤਰਾਂ ਹੋ ਜਾਂਦਾ ਈ ਭਾਅ-ਕੀ ਕਰੀਏ? ਰਿਵਾਜ਼ ਈ...!" ਭਾਊ ਨੇ ਮੂੰਹ ਬਕਬਕਾ ਜਿਹਾ ਬਣਾ ਲਿਆ।
-"ਜੇ ਨਹੀਂ ਜੇ ਕਰਦੇ-ਤਾਂ ਮਰਦੇ ਵਾਂ-ਛੜੇ ਰਹਿਸਾਂ!"
-"ਤੂੰ ਕਿਹੜਾ ਘੱਟ ਸੈਂ ਮੱਲ ਭਰਾ? ਆਪਣੇ ਕਲੀਂਡਰ ਨੂੰ ਬੁੱਕਲ਼ 'ਚ ਬਿਠਾ ਕੇ ਤੂੰ ਗੱਡੀ ਪਿਆ ਸਿਖਾਂਦਾ ਸੈਂ-ਅਖੇ ਗੇਅਰ ਇੰਜ ਨਹੀਂ, ਇੰਜ ਪਾ! ਤੇ ਨਾਲ਼ੇ ਉਸ ਦੀਆਂ ਬੁੱਘੀਆਂ ਪਿਆ ਲੈਂ ਦਾ ਸੈਂ! ਇਸ ਨੂੰ ਪੁੱਛਣਾ ਹੋਵੇ ਬਈ ਬੁੱਕਲ਼ 'ਚ ਬਿਠਾ ਕਿ ਗੱਡੀ ਸਿਖਾਈ ਦੀ ਊ?"
-"ਉਏ ਬੱਸ ਕਰੋ ਖ਼ਸਮੋਂ...! ਸਾਲਿ਼ਆਂ ਨੇ ਸ਼ਰਮ ਈ ਲਾਹਤੀ-ਲੰਡੇ ਢੱਟੇ ਦੇ ਸਾਲ਼ੇ ਐ ਸਾਰੇ-ਆਬਦੇ ਪੱਲਿਓਂ ਈ ਜੋੜ ਜੋੜ ਛੱਡੀ ਜਾਣਗੇ!" ਮੱਲ ਪਿੱਟਣ ਵਾਲ਼ਾ ਹੋਇਆ ਪਿਆ ਸੀ।
-"ਤੂੰ ਸਾਲਿ਼ਆ ਭਾਪਿਆ ਆਬਦੀ ਤੀਮੀ ਦੀਆਂ ਸੁੱਥਣਾਂ ਵੀ ਆਪ ਧੋਨੈਂ...?"
-"ਚਲੋ ਮੰਨ ਲਿਆ ਈ ਮੱਲ ਭਾਅ-ਬਈ ਮੈਂ ਆਪਣੀ ਬੀਵੀ ਦੀਆਂ ਸੁੱਥਣਾਂ ਪਿਆ ਧੋਨਾਂ ਵਾਂ-ਪਰ ਕਲੀਂਡਰ ਦੀਆਂ ਬੁੱਘੀਆਂ ਲੈਣੀਆਂ-ਤੈਨੂੰ ਕਿਸ ਦੇਵਤੇ ਨੇ ਦੱਸੀਆਂ ਈ..?"
-"ਮੈਂ ਚੱਲਿਐਂ ਸੌਣ...! ਤੁਸੀਂ ਮਾਰੋ ਭਕਾਈ!" ਮੱਲ ਚਾਦਰਾ ਝਾੜਦਾ ਉਠ ਤੁਰਿਆ।
-"ਉਹ ਬੈਠ ਮੱਲ ਭਾਅ! ਮੈਂ ਮੁੜ ਤੈਨੂੰ ਕੋਈ ਗੱਲ ਨਹੀਂ ਜੇ ਕਹਿੰਦਾ-ਪਰ ਕਲੀਂਡਰ ਦੀਆਂ...!" ਅਜੇ ਉਸ ਨੇ ਗੱਲ ਪੂਰੀ ਵੀ ਨਹੀਂ ਕੀਤੀ ਸੀ ਕਿ ਮੱਲ ਨੇ ਭਾਊ ਵੱਲ ਚਲਾਵੀਂ ਜੁੱਤੀ ਮਾਰੀ। ਭਾਊ ਪਾਸੇ ਹਟ ਗਿਆ। ਬਚਾਓ ਵਿਚ ਹੀ ਬਚਾਓ ਸੀ!
-"ਲੈ ਸੁਣ ਲੈ ਭਾਪਿਆ ਮੇਰੇ ਵੀ ਗੱਲ-ਫੇਰ ਕਹੇਂਗਾ ਮੱਲ ਤੋਂ ਕੋਈ ਗੱਲ ਨ੍ਹੀ ਸਰੀ? ਉਹ ਕਿਹੜਾ ਭਾਅਪਾ, ਜੀਹਦਾ ਵਪਾਰ ਨ੍ਹੀ-ਤੇ ਉਹ ਕਿਹੜੀ ਭਾਅਪੀ, ਜੀਹਦਾ ਯਾਰ ਨ੍ਹੀ!"
ਹਾਸੇ ਦਾ ਘੜ੍ਹਮੱਸ ਫਿਰ ਮੱਚ ਗਿਆ।
ਸਾਰੀ ਸਾਰੀ ਰਾਤ ਫ਼ੌਜੀ ਦੇ ਕਰਮਾਂ ਵਾਲ਼ੇ ਢਾਬੇ 'ਤੇ ਮਹਿਫ਼ਲ ਸੱਜਦੀ। ਜੰਗਲ ਵਿਚ ਮੰਗਲ਼ ਲੱਗਿਆ ਰਹਿੰਦਾ। ਨੰਗੇ ਮਜ਼ਾਕ ਹੁੰਦੇ। ਨੰਗੀਆਂ ਗਾਲ਼ਾਂ ਕੱਢੀਆਂ ਜਾਂਦੀਆਂ। ਨਿਰਵਸਤਰ ਟਿੱਚਰਾਂ ਹੁੰਦੀਆਂ। ਇੱਥੇ ਕਿਸੇ ਦੀ ਕੋਈ ਜ਼ਾਤ ਨਹੀਂ ਸੀ, ਕੋਈ ਪਾਤ ਨਹੀਂ ਸੀ। ਨਾ ਕੋਈ ਰੰਗ ਅਤੇ ਨਾ ਕਿਸੇ ਨਸਲ ਦਾ ਭਿੰਨ ਭੇਦ ਸੀ। ਇੱਥੇ ਸਿਰਫ਼ ਮਾਨੁੱਖਤਾ ਆਉਂਦੀ ਸੀ। ਇੱਥੇ ਸਿਰਫ਼ ਰੱਬ ਦੇ ਬੰਦੇ ਆਉਂਦੇ ਸਨ। ਇੱਥੇ ਸਿਰਫ਼ ਇਨਸਾਨੀਅਤ ਦਾ ਬੋਲਬਾਲਾ ਰਹਿੰਦਾ ਸੀ। ਇੱਥੇ ਹਾਸੇ ਛਣਕਦੇ, ਇੱਥੇ ਖ਼ੁਸ਼ ਦਿਲਾਂ ਦੇ ਮਾਲਕ ਆਉਂਦੇ ਅਤੇ ਆਪਣਾ ਥਕੇਂਵਾਂ ਲਾਹ ਕੇ ਅਗਲੀ ਮੰਜਿ਼ਲ ਨੂੰ ਤੁਰ ਪੈਂਦੇ! ਤੁਰਦੀ ਫਿਰਦੀ ਭੋਲ਼ੀ ਮੁਕਰਾਹਟ ਦੇ ਮੁਸਾਫਿ਼ਰ ਲੋਕ! ਰਾਣੀਆਂ ਦੇ ਖ਼ਸਮ! ਫ਼ੌਜੀ ਦਾ ਢਾਬਾ ਇਕ ਤਰ੍ਹਾਂ ਨਾਲ਼ ਡਰਾਈਵਰਾਂ ਦਾ ਮੱਕਾ ਸੀ! ਜਿੱਥੇ ਡਰਾਈਵਰ ਭਾਈਚਾਰੇ 'ਚੋਂ ਹਰ ਕੋਈ ਆ ਕੇ ਸਿਜ਼ਦਾ ਕਰਦਾ ਸੀ। ਸਿਰ ਝੁਕਾਉਂਦਾ ਸੀ! ਚੌਂਕੀ, ਹਾਜ਼ਰੀ ਭਰਦਾ ਸੀ।
ਪਰ ਪੰਜਾਬ ਦੇ ਕਾਲ਼ੇ ਦਿਨ ਸ਼ੁਰੂ ਹੋਣ ਦੇ ਨਾਲ਼ ਨਾਲ਼ ਹੀ ਇਸ ਮੱਕੇ ਦੀ ਰੌਣਕ ਇਕ ਦਮ ਘਟਣੀ ਸ਼ੁਰੂ ਹੋ ਗਈ। ਜਿੱਥੇ ਡਰਾਈਵਰਾਂ ਦੇ ਟੋਟਕੇ ਛਣਕਦੇ ਸਨ, ਉਥੇ ਹੁਣ ਰੋਹੀਬਾਨ ਵਾਂਗ ਹਾੜ ਬੋਲਣ ਲੱਗ ਪਿਆ ਸੀ। ਕੋਈ ਟਾਂਵਾਂ-ਟਾਂਵਾਂ ਡਰਾਈਵਰ ਤੰਦੂਰ ਦੀ ਰੋਟੀ ਛਕਦਾ ਅਤੇ ਆਪਣੇ ਰਸਤੇ ਪੈ ਜਾਂਦਾ। ਹੁਣ ਉਥੇ ਕੋਈ ਗੱਡੀ ਨਾ ਖੜ੍ਹਦੀ। ਕੋਈ ਡਰਦਾ ਢਾਬੇ 'ਤੇ ਰਾਤ ਨਾ ਕੱਟਦਾ। ਕੋਈ ਡਰਦਾ ਸ਼ਰੇਆਮ ਦਾਰੂ ਨਾ ਪੀਂਦਾ। ਜੇ ਪੀਂਦਾ ਵੀ ਤਾਂ ਪਰਦੇ ਨਾਲ਼, ਲੁਕ ਛੁਪ ਕੇ! ਟਿੱਚਰ ਮਸ਼ਕਰੀ ਤਾਂ ਕਿਸੇ ਨੇ ਕੀ ਕਰਨੀ ਸੀ? ਟਿੱਚਰ-ਮਸ਼ਕਰੀਆਂ ਤਾਂ ਪੰਜਾਬ ਦੇ ਲੋਕਾਂ ਨਾਲ਼ ਖ਼ਫ਼ਾ ਹੋ ਗਈਆਂ ਸਨ ਅਤੇ ਭਿਆਨਕ ਤਬਾਹੀ ਨੇ ਬੂਹੇ ਮੱਲ ਲਏ ਸਨ। ਲੋਕ ਇਕ ਤਰ੍ਹਾਂ ਨਾਲ਼ ਇਕ ਦੂਜੇ ਲਈ ਓਪਰੇ ਹੋ ਗਏ ਸਨ। ਆਪਣਿਆਂ ਲਈ ਬਿਗਾਨੇ ਲੋਕ! ਰਾਹ ਖਹਿੜੇ ਮਿਲ਼ਦੇ ਡਰਾਈਵਰ ਬਾਈ ਪਤਾ ਨਹੀਂ ਕੀਹਦੇ ਕੀਹਦੇ 'ਤੇ ਗੁੱਸਾ ਕੱਢ ਕੇ ਆਪਣਾ ਮਨ ਠਾਰਦੇ। ਉਹਨਾਂ ਦਾ ਮਨੋਰੰਜਨ ਖ਼ਤਮ ਹੋ ਗਿਆ ਸੀ। ਖੁੱਲ੍ਹ ਬਹਾਰਾਂ ਰੁੱਸ ਕੇ ਪਤਾ ਨਹੀਂ ਕਿਹੜੀ ਕੂਟੀਂ ਚੜ੍ਹ ਗਈਆਂ ਸਨ? ਹੁਣ ਉਹਨਾਂ ਦਾ ਕਿੱਤਾ ਮਨੋਰੰਜਨ ਭਰਿਆ ਨਹੀਂ, ਇਕ ਮਜਬੂਰੀ ਬਣ ਗਿਆ ਸੀ।
...ਸਮਾਂ ਪਾ ਕੇ ਇਕ ਦਿਨ ਮੱਲ ਅਤੇ ਨ੍ਹੇਰੀ ਇਕੱਠੇ ਹੀ ਇਕ ਗੱਡੀ ਵਿਚ ਆ ਰਹੇ ਸਨ। ਮਨ ਨਾ ਮੰਨਣ ਦੇ ਬਾਵਜੂਦ ਵੀ ਮੱਲ ਨੇ ਆਪਣੀ ਗੱਡੀ ਫ਼ੌਜੀ ਦੇ ਢਾਬੇ ਨੂੰ ਸਿੱਧੀ ਕਰ ਲਈ। ਉਂਜ ਉਜਾੜ ਅਤੇ ਰੋਹੀਬਾਨ ਵਿਚ ਉਸ ਦੀ ਵੱਢੀ ਰੂਹ ਨਹੀਂ ਕਰਦੀ ਸੀ। ਜਿੱਥੇ ਉਹ ਸੈਂਕੜੇ ਮੀਲਾਂ ਤੋਂ ਮੇਲੇ ਜਾਣ ਵਾਂਗ ਚੱਲ ਕੇ ਆਉਂਦੇ ਸਨ, ਉਧਰ ਜਾਣ ਨੂੰ ਉਹਨਾਂ ਦਾ ਮਨ ਨਹੀਂ ਮੰਨਦਾ ਸੀ। ਪਰ ਯਾਰਾਂ ਦੋਸਤਾਂ ਦਾ ਪਿਆਰ ਉਹਨਾਂ ਨੂੰ ਫ਼ੌਜੀ ਦੇ ਢਾਬੇ ਵੱਲ ਨੂੰ ਧੂਹ ਤੁਰਿਆ ਸੀ! ਗੱਡੀ ਮੱਲ ਚਲਾ ਰਿਹਾ ਸੀ। ਨ੍ਹੇਰੀ ਨਾਲ਼ ਬੈਠਾ ਸੀ। ਉਸ ਦੀ ਗੱਡੀ ਖ਼ਰਾਬ ਹੋਈ ਯੂਨੀਅਨ 'ਚ ਖੜ੍ਹੀ ਸੀ। ਸ਼ਹਿਰੋਂ ਉਹ ਨ੍ਹੇਰੀ ਦੀ ਗੱਡੀ ਦਾ ਕੁਝ ਜ਼ਰੂਰੀ ਸਮਾਨ ਲੈ ਕੇ ਆਏ ਸਨ।
-"ਦੇਖੀ ਜਾਊ ਯਾਰ...! ਮਰਨਾ ਤਾਂ ਇਕ ਨਾ ਇਕ ਦਿਨ ਹੈ ਈ! ਪਰ ਹਾਲਾਤਾਂ ਤੋਂ ਡਰ ਕੇ ਫ਼ੌਜੀ ਯਾਰ ਥੋੜ੍ਹੋ ਛੱਡ ਦੇਈਏ?" ਮੱਲ ਨੇ ਨ੍ਹੇਰੀ ਨੂੰ ਆਖਿਆ ਸੀ।
-"ਕੀ ਐ ਉਥੇ ਹੋਰ ਵੀ ਕੋਈ ਮਿਲ਼ ਪਵੇ-ਯਾਰਾਂ ਨੂੰ ਮਿਲਿਆਂ ਜੁੱਗੜੇ ਬੀਤ ਗਏ ਲੱਗਦੇ ਐ-ਪੰਜਾਬ ਤੋਂ ਤਾਂ ਸਾਲ਼ੀਆਂ ਰੌਣਕਾਂ ਈ ਰੁੱਸ ਗਈਆਂ ਲੱਗਦੀਐਂ ਮੱਲਾ!"
ਜਦੋਂ ਮੱਲ ਅਤੇ ਨ੍ਹੇਰੀ ਢਾਬੇ ਵਾਲ਼ੀ ਸੜਕ 'ਤੇ ਚੜ੍ਹੇ, ਤਾਂ ਅੱਗੇ ਪੁਲ਼ਸ ਹੀ ਪੁਲ਼ਸ ਖੜ੍ਹੀ ਸੀ। ਦੇਖ ਕੇ ਉਹਨਾਂ ਦੇ ਮੱਥੇ ਠਣਕੇ!
-"ਆਹ ਕੀ ਮਾਜਰੈ ਬਈ...?" ਮੱਲ ਨੇ ਚੀਕ ਮਾਰਨ ਵਾਲਿ਼ਆਂ ਵਾਂਗ ਨ੍ਹੇਰੀ ਨੂੰ ਪੁੱਛਿਆ।
-"ਰੱਬ ਜਾਣੇਂ...! ਬਾਬਾ ਸੁੱਖ ਰੱਖੇ! ਕੋਈ ਵੱਡੀ ਵਾਰਦਾਤ ਹੋਈ ਲੱਗਦੀ ਐ!" ਨ੍ਹੇਰੀ ਨੇ ਵੀ ਸੋਚਾਂ ਦੀਆਂ ਵਾਗਾਂ ਢਿੱਲੀਆਂ ਛੱਡ ਦਿੱਤੀਆਂ। ਅੱਕੀਂ ਪਲਾਹੀਂ ਹੱਥ ਮਾਰੇ। ਅੰਨ੍ਹਿਆਂ ਵਾਂਗ!
ਜਦੋਂ ਉਹਨਾਂ ਨੇ ਗੱਡੀ ਰੋਕੀ ਤਾਂ ਦਸ-ਪੰਦਰਾਂ ਪੁਲ਼ਸ ਵਾਲਿ਼ਆਂ ਨੇ ਉਹਨਾਂ ਨੂੰ ਆ ਘੇਰਿਆ।
-"ਕੀ ਗੱਲ ਐ ਸਰਦਾਰ ਜੀ? ਐਨੀ ਪੁਲ਼ਸ-ਸੁੱਖ ਐ?" ਮੱਲ ਨੇ ਠਾਣੇਦਾਰ ਨੂੰ ਸੁਆਲ ਕੀਤਾ। ਉਹਨਾਂ ਦਾ ਪੁਲ਼ਸ ਨਾਲ਼ ਨਿੱਤ ਦਾ ਹੀ ਵਾਹ ਰਹਿੰਦਾ ਸੀ।
-"ਕਾਗਜ ਕੱਢੋ...!" ਉਸ ਨੇ ਉਤਰ ਦੇਣ ਦੀ ਜਗਾਹ ਹੁਕਮ ਜਾਰੀ ਕੀਤਾ। ਮੱਲ ਨੇ ਗੱਡੀ ਦੇ ਕਾਗਜ਼ ਫੜਾ ਦਿੱਤੇ। ਠਾਣੇਦਾਰ ਨਿਰਖ਼ ਕਰਨ ਲੱਗ ਪਿਆ।
-"ਆਹ ਢਾਬੇ ਆਲ਼ੇ ਨੂੰ ਜਾਣਦੇ ਐਂ...?" ਉਸ ਨੇ ਕਾਗਜਾਂ 'ਤੇ ਸਰਸਰੀ ਨਜ਼ਰ ਮਾਰਦਿਆਂ ਪੁੱਛਿਆ।
-"ਜਾਣਦੇ ਐਂ ਜੀ-ਸਾਡਾ ਬੇਲੀ ਐ...!"
-"ਥੱਲੇ ਉਤਰੋ...!" ਹੁਕਮ ਦੇ ਬੱਝੇ ਉਹ ਥੱਲੇ ਆ ਗਏ।
-"ਅੱਗੇ ਚੱਲੋ ਤੇ ਲਾਅਸ਼ਾਂ ਦੀ ਸ਼ਨਾਖ਼ਤ ਕਰੋ!"
-"ਕਿਹੜੀਆਂ ਲਾਅਸ਼ਾਂ ਦੀ ਜੀ...?" ਮੱਲ ਚੰਘਿਆੜ੍ਹ ਮਾਰਨ ਵਾਲ਼ਾ ਹੋਇਆ ਖੜ੍ਹਾ ਸੀ।
-"ਤੂੰ ਅੱਗੇ ਤੁਰ ਭੈਣ ਦਾ ਯਾਰ! ਸੁਆਲ ਕਰੀ ਜਾਂਦੈ ਜਿਵੇਂ ਅਫ਼ਸਰ ਹੁੰਦੈ-ਤੁਰ ਅੱਗੇ...!" ਠਾਣੇਦਾਰ ਨੇ ਮੱਲ ਨੂੰ ਧੱਕਾ ਮਾਰਿਆ। ਮੱਲ ਦੇ ਕੰਨਾਂ ਵਿਚ ਬਿੰਡੇ ਟਿਆਂਕੀ ਜਾ ਰਹੇ ਸਨ। ਜਦੋਂ ਉਸ ਨੇ ਅੱਗੇ ਜਾ ਕੇ ਦੇਖਿਆ ਤਾਂ ਫ਼ੌਜੀ, ਭਾਊ ਅਤੇ ਪੰਡਤ ਗੋਲ਼ੀਆਂ ਦੀ ਵਾਛੜ ਨਾਲ਼ ਖਿੱਲਰੇ ਪਏ ਸਨ। ਖ਼ੂਨ ਦਾ ਛੱਪੜ ਲੱਗਿਆ ਹੋਇਆ ਸੀ। ਫ਼ੌਜੀ ਦੀਆਂ ਅੱਖਾਂ ਖੁੱਲ੍ਹੀਆਂ ਸਨ। ਪੰਡਤ ਅਤੇ ਭਾਊ ਦੀ ਛਾਤੀ ਭਰਾੜ੍ਹ ਹੋਈ ਪਈ ਸੀ ਅਤੇ ਉਹ ਸਿੱਧੇ ਸਲੋਟ ਪਏ ਸਨ। ਮੱਲ ਫ਼ੌਜੀ ਦੀ ਲਾਅਸ਼ 'ਤੇ ਧਾਹ ਮਾਰ ਕੇ ਡਿੱਗ ਪਿਆ।
-"ਉਏ ਤੈਨੂੰ ਕੀਹਨੇ ਮਾਰਤਾ ਉਏ ਮਿੱਤਰ ਪਿਆਰਿਆ...? ਤੂੰ ਤਾਂ ਕਿਸੇ ਨਾਲ਼ ਵੈਰ ਵਿਰੋਧ ਵੀ ਨ੍ਹੀ ਰੱਖਿਆ ਸੀ..!" ਉਸ ਨੇ ਕੀਰਨਾਂ ਪਾਇਆ।
-"ਉਏ ਇਹ ਕਾਹਤੋਂ ਮਾਰਤੇ ਉਏ ਦੁਸ਼ਮਣੋਂ...?" ਉਹ ਪੁਲ਼ਸ ਵਾਲਿ਼ਆਂ ਵੱਲ ਵੈਣ ਪਾਉਂਦਾ ਬੋਲਿਆ।
-"ਇਹ ਅੱਤਿਵਾਦੀ ਸੀ ਔਰ ਇਨਹੋਂ ਨੇ ਹਮਾਰੀ ਫ਼ੋਰਸ ਪਰ ਹਮਲਾ ਕੀਆ!" ਕੋਈ ਅਫ਼ਸਰ ਹਿੰਦੀ ਅਤੇ ਪੰਜਾਬੀ ਦੀ ਖਿਚੜੀ ਕਰਦਾ ਦੱਸ ਰਿਹਾ ਸੀ।
-"ਉਏ ਜਾਲਮੋਂ ਇਹ ਅੱਤਬਾਦੀ ਕਿੱਥੇ? ਇਹ ਤਾਂ ਭੁੱਖਿਆਂ ਦੇ ਪੇਟ ਭਰਨ ਆਲ਼ਾ ਇਕ ਦਰਵੇਸ਼, ਦੇਵਤਾ ਸੀ!" ਮੱਲ ਬਿਲਕਿਆ। ਰੋਂਦੇ ਮੱਲ ਨੇ ਫ਼ੌਜੀ ਦੀਆਂ ਖੁੱਲ੍ਹੀਆਂ ਅੱਖਾਂ 'ਵਾਹਿਗੁਰੂ' ਆਖ ਬੰਦ ਕਰ ਦਿੱਤੀਆਂ ਅਤੇ ਆਪਣਾ ਚਾਦਰਾ ਲਾਹ ਕੇ ਫ਼ੌਜੀ ਦੀ ਲਾਸ਼ 'ਤੇ ਦੇ ਦਿੱਤਾ। ਪੰਡਤ ਅਤੇ ਭਾਊ ਦੀਆਂ ਲਾਸ਼ਾਂ ਦੂਰ ਪਈਆਂ ਸਨ। ਮੱਲ ਦਾ ਦਿਲ ਦੋਫ਼ਾੜ ਹੋਇਆ ਪਿਆ ਸੀ।
-"ਉਏ ਇਹਨੇ ਤਾਂ 'ਠਾਰਾਂ ਸਾਲ ਦੇਸ਼ ਦੀ ਰੱਖਿਆ ਕੀਤੀ-ਦੋ ਜੰਗਾਂ ਲੜੀਆਂ-ਇਹ ਕਾਹਨੂੰ ਅੱਤਬਾਦੀ ਸੀ? ਆਹ ਭਾਊ ਵਿਚਾਰਾ...! ਇਹਨੇ ਕਦੇ ਕੀੜੀ 'ਤੇ ਪੈਰ ਨ੍ਹੀਂ ਧਰਿਆ ਹੋਣਾਂ-ਚਲੋ ਇਹ ਤਾਂ ਦੋਨੋਂ ਅੱਤਬਾਦੀ ਸੀਗੇ-ਤੇ ਆਹ ਤੀਜਾ ਤਾਂ ਬਚਾਰਾ ਹਿੰਦੂ ਸੀ-ਪੰਡਤਾਂ ਦਾ ਮੁੰਡਾ..! ਇਹਨੇ ਅੱਤਬਾਦੀ ਕਾਹਤੋਂ ਬਣਨਾ ਸੀ? ਅੱਤਬਾਦੀ ਤਾਂ ਮੇਰਿਓ ਸਾਲਿ਼ਓ ਤੁਸੀਂ ਐਂ...! ਜਿਹਨਾਂ ਨੇ ਆਹ ਬਚਾਰੇ ਹੱਥੀਂ ਕਿਰਤ ਕਰਨ ਆਲ਼ੇ ਦਰਵੇਸ਼ ਮਿੰਟ 'ਚ ਮਾਰ ਧਰੇ! ਤੇ ਉਹ ਵੀ ਨਿਰਦੋਸ਼...!" ਮੱਲ ਮੁੱਠੀਆਂ ਮੀਟ ਕੇ ਖੜ੍ਹਾ ਹੋ ਗਿਆ। ਇਸ ਤੋਂ ਪਹਿਲਾਂ ਕਿ ਉਹ ਭਰਾਵਾਂ ਦੇ ਵਿਛੋੜੇ ਦੇ ਦਰਦ ਅਤੇ ਪੁਲੀਸ ਖਿ਼ਲਾਫ਼ ਕਰੋਧ ਵਿਚ ਦਧਨ ਹੋਇਆ ਅਫ਼ਸਰ ਦੇ ਗਲ਼ ਨੂੰ ਚਿੰਬੜਦਾ, ਗੋਲ਼ੀਆਂ ਦੀ ਬੁਛਾੜ ਨੇ ਮੱਲ ਅਤੇ ਨ੍ਹੇਰੀ ਦੀ ਛਾਤੀ ਪਾੜ ਧਰੀ। ਉਹ ਸਪਾਲ਼ ਧਰਤੀ 'ਤੇ ਵਿਛ ਗਏ। ਮੱਲ ਦੀਆਂ ਅੱਖਾਂ ਖੁੱਲ੍ਹੀਆਂ ਸਨ ਅਤੇ ਉਹ ਨਿਰਜਿੰਦ "ਫ਼ੌਜੀ ਦਾ ਢਾਬਾ" ਦੇ ਬੋਰਡ ਵੱਲ ਤੱਕ ਰਿਹਾ ਸੀ। ਢਾਬੇ ਦੀ ਮਿੱਟੀ ਉਸ ਦੀ ਮੁੱਠੀ ਵਿਚ ਘੁੱਟੀ ਹੋਈ ਸੀ। ਇਕ ਪਾਸੇ ਨ੍ਹੇਰੀ ਮੂਧੇ ਮੂੰਹ ਅਹਿਲ ਪਿਆ ਸੀ।
ਅਗਲੇ ਦਿਨ ਅਖਬਾਰਾਂ ਵਿਚ ਮੋਟੀ ਸੁਰਖ਼ੀ ਸੀ:
ਫ਼ੌਜੀ ਦੇ ਢਾਬੇ 'ਤੇ ਹੋਏ ਗਹਿਗੱਚ ਮੁਕਾਬਲੇ ਵਿਚ ਪੰਜ ਖ਼ਤਰਨਾਕ ਅੱਤਿਵਾਦੀ ਮਾਰੇ ਗਏ...!
ਹਥਿਆਰਾਂ ਦੀ ਵੱਡੀ ਖੇਪ ਬਰਾਮਦ....!