Monday, September 17, 2007

ਕਹਾਣੀ: ਬੁੱਢੇ ਦਰਿਆ ਦੀ ਜੂਹ

ਬੁੱਢੇ ਦਰਿਆ ਦੀ ਜੂਹ
(ਕਹਾਣੀ)

ਪੂਰੇ ਪੈਂਤੀ ਸਾਲ ਹੋ ਗਏ ਸਨ ਬਦਨ ਸਿੰਘ ਨੂੰ ਆਸਟਰੀਆ ਆਏ ਹੋਏ। ਪ੍ਰਵਾਸ ਭੋਗਦਿਆਂ ਬੜੀਆਂ ਠੰਢੀਆਂ-ਤੱਤੀਆਂ ਹਵਾਵਾਂ ਪਿੰਡੇ 'ਤੇ ਵਗੀਆਂ। ਪਰ ਉਹ ਚੜ੍ਹਦੀ ਕਲਾ ਵਿਚ ਹੀ ਰਿਹਾ। ਕਿਸੇ ਪੱਖੋਂ ਗਿ਼ਲਾ ਨਾ ਕੀਤਾ। ਚੰਗੇ-ਮੰਦੇ, ਭਾਰੇ ਕੰਮ ਵੀ ਕੀਤੇ। ਗੋਰਿਆਂ ਦੇ ਛੋਕਰਿਆਂ ਦੀਆਂ ਢੁੱਚਰਾਂ ਸਹੀਆਂ। ਪਰ ਬਦਨ ਸਿੰਘ ਪਰਬਤ ਵਾਂਗ ਅਡੋਲ ਰਿਹਾ ਅਤੇ ਫ਼ੌਲਾਦ ਵਾਂਗ ਅਟੁੱਟ! ਸਿਰੜੀ ਸਾਧੂ ਵਾਂਗ ਪੈਂਤੀ ਸਾਲ ਤਪੱਸਿਆ ਹੀ ਕੀਤੀ ਸੀ। ਹਲਾਲ-ਹੱਕ ਦੀ ਕਮਾਈ ਦੀ ਤਪੱਸਿਆ! ਮਾੜੇ ਜਾਂ ਮਜ਼ਬੂਰ ਬੰਦੇ ਦੇ ਕੰਮ ਆਉਣਾ ਬਦਨ ਸਿੰਘ ਦੀ ਇੱਕ ਤਰ੍ਹਾਂ ਦੀ ਫਿ਼ਤਰਤ ਸੀ। ਕਿਸੇ ਦਾ ਦੁੱਖ ਉਹ ਝੱਲ ਨਹੀਂ ਸਕਦਾ ਸੀ। ਜਿੰਨੀ ਜੋਕਰਾ ਹੁੰਦਾ, ਵੱਧ ਚੜ੍ਹ ਕੇ ਮੱਦਦ ਕਰਦਾ। ਨੇਕ ਨੀਅਤ ਨੂੰ ਵੀ ਕਾਹਦੇ ਘਾਟੇ? ਪ੍ਰਮਾਤਮਾ ਨੇ ਵੀ ਉਸ ਨੂੰ ਸਾਰਾ ਕੁਝ ਬਖ਼ਸ਼ ਦਿੱਤਾ ਸੀ। ਆਸਟਰੀਆ ਵਿਚ ਖੁੱਲ੍ਹਾ-ਡੁੱਲ੍ਹਾ ਘਰ, ਧਨ-ਦੌਲਤ ਅਤੇ ਚਾਰ ਪੁੱਤਰ! ਬਦਨ ਸਿੰਘ ਦਰਵੇਸ਼ ਬੰਦਾ ਸੀ। ਰੱਬ ਦੀ ਰਜ਼ਾ ਵਿਚ ਰਾਜ਼ੀ ਰਹਿਣ ਵਾਲਾ ਦਿਆਲੂ ਪੁਰਸ਼। ਹੁਣ ਪਿਛਲੇ ਸਾਲ ਪੈਨਸ਼ਨ 'ਤੇ ਹੋਇਆ ਸੀ।
ਜਿਸ ਦਿਨ ਹਰਪ੍ਰੀਤ ਦੀ ਮੌਤ ਹੋਈ ਤਾਂ ਬਦਨ ਸਿੰਘ ਨਦੀ ਕਿਨਾਰੇ ਖੜ੍ਹੇ ਰੁੱਖ ਵਾਂਗ ਜੜ੍ਹੋਂ ਹੀ ਪੱਟਿਆ ਗਿਆ। ਉਹ ਹਰਪ੍ਰੀਤ ਨੂੰ ਆਪਣੇ ਸਕੇ ਪੁੱਤਰਾਂ ਤੋਂ ਵੱਧ ਪਿਆਰ ਕਰਦਾ ਸੀ। ਹਰਪ੍ਰੀਤ, ਬਦਨ ਸਿੰਘ ਦੇ ਛੋਟੇ ਭਰਾ ਅਤੇ ਸਾਲੀ ਦਾ ਪੁੱਤ ਸੀ। ਸਕੀ ਸਾਲੀ ਦਿਲਜੀਤ ਦਾ ਰਿਸ਼ਤਾ ਉਹ ਆਪ ਆਪਣੇ ਸਕੇ ਭਰਾ ਦਿਲਬਾਗ ਲਈ ਲੈ ਕੇ ਆਇਆ ਸੀ। ਬਦਨ ਸਿੰਘ ਦੀ ਮਾਂ ਅੜਬ ਸੀ। ਨਿੱਕੀ-ਨਿੱਕੀ ਗੱਲ 'ਤੇ ਨਿਘੋਚਾਂ ਕੱਢਣ ਵਾਲੀ ਅੜੀਖੋਰ ਔਰਤ! ਮਾੜੀ-ਮਾੜੀ ਗੱਲ 'ਤੇ ਘੜਮੱਸ ਪਾਉਣ ਵਾਲੀ ਸੱਸ!
ਪੂਰਾ ਇੱਕ ਸਾਲ ਦਿਲਜੀਤ ਨੂੰ ਕੋਈ ਬੱਚਾ-ਬੱਚੀ ਨਾ ਹੋਇਆ। ਸੱਸ ਨੇ ਫਿਰ ਪੜਛੱਤੀ ਸਿਰ 'ਤੇ ਚੁੱਕ ਲਈ।
-"ਇਹ ਤਾਂ ਫੰਡਰ ਮੱਝ ਐ!"
ਦਿਲਜੀਤ ਨੇ ਤਰ੍ਹਾਂ-ਤਰ੍ਹਾਂ ਦੇ ਡਾਕਟਰਾਂ ਕੋਲ ਗੇੜੇ ਕੱਢੇ। ਸਬਜ਼ਬਾਗ ਦਿਖਾਉਣ ਵਾਲੇ 'ਬਾਬਿਆਂ' ਦੇ ਚਰਨ ਪਰਸੇ, ਘਰ ਲੁਟਾਇਆ, ਪਰ ਗੱਲ ਨਾ ਬਣੀ। ਇੱਕ ਈਮਾਨਦਾਰ ਲੇਡੀ-ਡਾਕਟਰ ਨੇ ਚੈੱਕ-ਅੱਪ ਤੋਂ ਬਾਅਦ ਦਿਲਜੀਤ ਨੂੰ ਹਨ੍ਹੇਰੇ ਵਿਚ ਰੱਖਣਾ ਪਾਪ ਸਮਝਿਆ। ਉਸ ਨੇ ਦਿਲਜੀਤ ਨੂੰ ਸਿੱਧੀ ਗੱਲ ਹੀ ਦੱਸ ਦਿੱਤੀ।
-"ਤੁਹਾਡੇ ਵਿਚ ਕੋਈ ਨੁਕਸ ਨਹੀਂ-ਤੁਹਾਡੇ ਹਸਬੈਂਡ ਬੱਚਾ ਪੈਦਾ ਕਰਨ ਦੇ ਕਾਬਿਲ ਨਹੀਂ ਹਨ!" ਸੱਸ ਦੀ ਸਤਾਈ ਦਿਲਜੀਤ ਬੇਹੋਸ਼ ਹੋ ਗਈ। ਲੇਡੀ-ਡਾਕਟਰ ਨੇ ਕੋਸਿ਼ਸ਼ਾਂ ਕਰ ਕੇ ਉਸ ਨੂੰ ਹੋਸ਼ ਵਿਚ ਲਿਆਂਦਾ ਅਤੇ ਸਲਾਹ ਦਿੱਤੀ।
-"ਤੁਸੀਂ ਰਿਲੈਕਸ ਹੋਣ ਲਈ ਮਹੀਨਾ ਖੰਡ ਇੰਡੀਆ ਚਲੇ ਜਾਓ।" ਤੇ ਲੇਡੀ-ਡਾਕਟਰ ਦੀ ਸਲਾਹ 'ਤੇ ਦਿਲਜੀਤ ਮਹੀਨੇ ਲਈ ਇੰਡੀਆ ਆ ਗਈ। ਪਰ ਸਾਧਾਂ-ਸੰਤਾਂ ਦਾ ਖਹਿੜਾ ਉਸ ਨੇ ਫਿਰ ਵੀ ਨਾ ਛੱਡਿਆ। ਦੁੱਧ ਦਾ ਡੋਲੂ ਲੈ ਕੇ ਉਹ ਦੈੜਾਂ ਵਾਲੇ ਸਾਧ ਕੋਲ ਚਲੀ ਗਈ। ਦੈੜਾਂ ਵਾਲਾ ਸਾਧ ਸਿੱਧਾ ਅਤੇ ਸਪੱਸ਼ਟ ਬੰਦਾ ਸੀ।
-"ਕੀ ਅਚਾ ਐ, ਬੀਬੀ?" ਸਾਧ ਨੇ ਇਕਾਂਤ ਵਿਚ ਦਿਲਜੀਤ ਨੂੰ ਪੁੱਛਿਆ।
-"ਬਾਬਾ ਜੀ-ਇੱਕ ਸਾਲ ਤੋਂ ਉੱਪਰ ਹੋ ਗਿਆ ਵਿਆਹ ਹੋਏ ਨੂੰ-ਕੋਈ ਬੱਚਾ ਨਹੀਂ ਹੋਇਆ।" ਉਸ ਨੇ ਦੁੱਧ ਦਾ ਡੋਲੂ ਸਾਧ ਅੱਗੇ ਧੱਕਦਿਆਂ ਕਿਹਾ।
-"ਇਹ ਦੁੱਧ ਬੀਬੀ ਮੇਰੇ ਕਿਸੇ ਕੰਮ ਨਹੀਂ-ਇਹ ਆਬਦੇ ਪਤੀ ਪ੍ਰਮੇਸ਼ਰ ਨੂੰ ਪਿਆ-ਜੇ ਪਤੀ ਪ੍ਰਮੇਸ਼ਰ 'ਚ ਕਣ ਕੰਡਾ ਨਹੀਂ-ਕਿਸੇ ਦਿਉਰ ਜੇਠ ਨੂੰ ਪਿਆ-ਤੇ ਜੇ ਦਿਉਰ ਜੇਠ ਵੀ ਡੱਕੇ ਭੰਨੀਂ ਬੈਠੇ ਐ ਤਾਂ ਕਿਸੇ ਗੁਆਂਢੀ ਨੂੰ ਪਿਆ-ਸਾਧਾਂ ਦੇ ਡੇਰਿਆਂ ਤੋਂ ਤੈਨੂੰ ਪੁੱਤ ਨਹੀਂ ਮਿਲਣੇ-ਸਾਧ ਤਾਂ ਆਪ ਖਾਖੀ ਨੰਗ ਹੁੰਦੇ ਐ! ਗੱਲਾਂ ਨਾਲ ਪੂੜੇ ਨਹੀਂ ਪੱਕਦੇ, ਬੀਬੀ! ਜੇ ਕਿਸੇ ਪਾਸੇ ਨੂੰ ਤੁਰੇਂਗੀ ਤਾਂ ਈ ਕਿਸੇ ਪਾਸੇ ਲੱਗੇਂਗੀ-ਡੇਰਿਆਂ ਦਾ ਛੱਡ ਖਹਿੜਾ ਤੇ ਕੋਈ ਹੱਥ-ਪੱਲਾ ਹਿਲਾ-ਮੇਜ਼ 'ਤੇ ਪਿਆ ਸਾਜ਼ ਆਪਣੇ ਆਪ ਨਹੀਂ ਵੱਜਦਾ-ਸੰਗੀਤ ਦਾ ਰਸ ਲੈਣਾ ਹੋਵੇ ਤਾਂ ਹਰਮੋਨੀਅਮ ਦੀਆਂ ਸੁੱਚਾਂ ਦੱਬਣੀਆਂ ਪੈਂਦੀਐਂ! ਮੁੜ ਕੇ ਕਿਸੇ ਦੇ ਡੇਰੇ ਨਾ ਜਾਈਂ-ਔਲਾਦ ਦਾ ਹੱਲ ਤੈਨੂੰ ਆਪ ਲੱਭਣਾ ਪੈਣੈਂ! ਦਿਰੜ੍ਹ ਇਰਾਦੇ ਨਾਲ ਕੋਈ ਤੂੰਬਾ ਸੁਰ ਕਰ ਤੇ ਦੇਖ ਫੇਰ ਅਗਲੀ ਲੋਹੜੀ ਕਿਵੇਂ ਰੰਗੀਨ ਹੁੰਦੀ ਐ-ਜੇ ਥੁੱਕੀਂ ਵੜੇ ਪਕਾਉਣੇ ਐਂ-ਤੇਰੀ ਮਰਜ਼ੀ ਐ!"
ਦਿਲਜੀਤ ਨੇ ਦੁੱਧ ਦਾ ਡੋਲੂ ਨੇੜੇ ਕਰ ਲਿਆ।
-"ਇੱਕ ਗੱਲ ਯਾਦ ਰੱਖੀਂ, ਬੀਬੀ! ਖੇਤ ਵਿਚ ਰੇਹ ਨਾ ਪਾਈਏ ਤਾਂ ਉਪਜਾਊ ਜ਼ਮੀਨ ਵੀ ਬੰਜਰ ਹੋ ਜਾਂਦੀ ਐ-ਛੱਲੀਆਂ ਚੱਬਣੀਆਂ ਹੋਣ ਤਾਂ ਮੱਕੀ ਦਾ ਛਿੱਟਾ ਦੇਣਾ ਪੈਂਦੈ-ਕੁੱਖ ਹਰੀ ਕਰਨੀ ਐਂ ਤਾਂ ਕੋਈ ਠੋਰਾ ਲੱਭ-ਤੇ ਨਹੀਂ ਘਰੇ ਬੈਠ ਕੇ ਰਾਮ ਰਾਮ ਕਰ-ਬਾਕੀ ਤੂੰ ਆਪ ਸਿਆਣੀ ਐਂ!" ਸਾਧ ਨੇ ਸਿੱਧੀਆਂ ਅਤੇ ਅਸਿੱਧੀਆਂ ਸਪੱਸ਼ਟ ਸੁਣਾ ਦਿੱਤੀਆਂ ਅਤੇ ਦਿਲਜੀਤ ਦੁੱਧ ਦਾ ਡੋਲੂ ਲੈ ਕੇ ਪਰਤ ਆਈ।
ਪੂਰੇ ਇੱਕ ਸਾਲ ਬਾਅਦ ਦਿਲਜੀਤ ਦੇ ਘਰ ਹਰਪ੍ਰੀਤ ਹੋਇਆ। ਗਲੋਟੇ ਵਰਗਾ ਮੁੰਡਾ! ਘਰ ਵਿਚ ਖੁਸ਼ੀ ਖਿੜ ਪਈ। ਸੁੱਕਦੀਆਂ ਕਰੂੰਬਲਾਂ ਹਰੀਆਂ ਹੋ ਗਈਆਂ। ਖੁੱਲ੍ਹੀ ਪਾਰਟੀ ਕੀਤੀ ਗਈ।
ਕੁਦਰਤ ਰੱਬ ਦੀ, ਛੇ ਕੁ ਮਹੀਨਿਆਂ ਪਿੱਛੋਂ ਹੀ ਦਿਲਜੀਤ ਦੇ ਘਰ ਵਾਲਾ ਦਿਲਬਾਗ ਅਧਰੰਗ ਦੇ ਅਟੈਕ ਨਾਲ ਕੁਝ ਦਿਨਾਂ ਵਿਚ ਹੀ 'ਚੜ੍ਹਾਈ' ਕਰ ਗਿਆ। ਅਧਰੰਗ ਦਾ ਅਟੈਕ ਖੱਬੇ ਪਾਸੇ ਹੋਇਆ ਸੀ। ਜਿਸ ਕਰਕੇ ਕੋਈ ਬਹੁਤੀ ਚਾਰਾਜੋਈ ਨਾ ਹੋ ਸਕੀ। ਸੱਸ ਨੇ ਦਿਲਜੀਤ ਨੂੰ ਕਾਲੇ ਮੂੰਹ ਵਾਲੀ ਗਰਦਾਨਣਾ ਸ਼ੁਰੂ ਕਰ ਦਿੱਤਾ। ਹਰਪ੍ਰੀਤ ਹੋਣ ਤੋਂ ਬਾਅਦ ਦਿਲਜੀਤ ਵੀ ਸੱਸ ਅੱਗੇ ਮੂੰਹ ਖੋਲ੍ਹਣ ਲੱਗ ਪਈ ਸੀ।
ਇੱਕ ਦਿਨ ਐਸਾ ਯੁੱਧ ਸੱਸ-ਨੂੰਹ ਵਿਚ ਛਿੜਿਆ ਕਿ ਸੱਸ ਬਸੰਤ ਕੌਰ ਆਪਣਾ ਕੱਪੜਾ-ਲੱਤਾ ਚੁੱਕ ਕੇ ਇੰਡੀਆ ਤੁਰ ਗਈ ਅਤੇ ਮਰਨ ਤੱਕ ਵਾਪਿਸ ਨਾ ਆਈ। ਦਿਲਜੀਤ ਅਤੇ ਹਰਪ੍ਰੀਤ ਦੀ ਜਿ਼ੰਮੇਵਾਰੀ ਬਦਨ ਸਿੰਘ 'ਤੇ ਆ ਗਈ। ਉਸ ਨੇ ਸਾਲੀ ਨੂੰ ਆਪਣੇ ਸਾਹਮਣੇ ਹੀ ਇੱਕ ਗੁਜ਼ਾਰੇ ਜੋਕਰਾ ਮਕਾਨ ਲੈ ਕੇ ਦੇ ਦਿੱਤਾ।
ਜਦ ਹਰਪ੍ਰੀਤ ਹੋਇਆ ਸੀ ਤਾਂ ਬਦਨ ਸਿੰਘ ਤੋਂ ਚਾਅ ਨਹੀਂ ਚੁੱਕਿਆ ਜਾਂਦਾ ਸੀ।
-"ਛੋਟੇ ਭਾਈ ਦੀ ਜੜ੍ਹ ਵਧੀ ਐ।" ਪ੍ਰੀਤ ਦਾ ਕਮਰਾ ਉਸ ਨੇ ਖਿਡੌਣਿਆਂ ਨਾਲ ਭਰ ਦਿੱਤਾ ਸੀ। ਉਹ ਹਰਪ੍ਰੀਤ ਨੂੰ 'ਪ੍ਰੀਤ' ਹੀ ਆਖਦਾ। ਜਦ ਪ੍ਰੀਤ ਦੀ ਡਾਕਟਰੀ ਹੋਣੀ ਹੁੰਦੀ ਤਾਂ ਬਦਨ ਸਿੰਘ ਆਪਣੀ ਕਾਰ ਲੈ ਕੇ ਹਰ ਮਹੀਨੇ ਉਸ ਦੀ ਚੈੱਕ-ਅੱਪ ਕਰਵਾ ਕੇ ਲਿਆਉਂਦਾ। ਨਵੇਂ-ਨਵੇਂ ਕੱਪੜੇ ਖਰੀਦ ਕੇ ਦਿੰਦਾ। ਉਸ ਦੀ ਦੁਆਈ-ਬੂਟੀ, ਖਾਣੇਂ ਅਤੇ ਸਿਹਤ ਦਾ ਖਿਆਲ ਰੱਖਦਾ। ਉਸ ਦੇ ਘਰ ਵਾਲੀ ਮਲਕੀਤ ਕੌਰ ਅਤੇ ਜੁਆਕ ਉਸ ਨੂੰ ਨੱਕ-ਬੁੱਲ੍ਹ ਕੱਢਦੇ ਰਹਿੰਦੇ। ਉਹ ਕਿਸੇ ਦੀ ਕੋਈ ਪ੍ਰਵਾਹ ਨਾ ਕਰਦਾ।
-"ਇਹਦੇ ਨਾਲ ਤਾਂ ਮੇਰਾ ਧੁਰ ਦਰਗਾਹੋਂ ਪ੍ਰੇਮ ਐਂ।" ਉਹ ਆਖਦਾ, "ਇਹਨੂੰ ਪਿਉ ਨਹੀਂ ਯਾਦ ਆਉਣ ਦੇਣਾ।"
ਮਲਕੀਤ ਕੌਰ ਅਤੇ ਦਿਲਜੀਤ ਦੀ ਪੇਕਿਆਂ ਤੋਂ ਹੀ ਘੱਟ ਬਣਦੀ ਸੀ। ਚਾਹੇ ਉਹ ਸਕੀਆਂ ਭੈਣਾਂ ਸਨ। ਇੱਕੋ ਮਾਂ ਦੀਆਂ ਜਾਈਆਂ ਹੋਈਆਂ। ਪਰ ਮਲਕੀਤ ਕੌਰ ਦੇ ਅੜਬ ਸੁਭਾਅ ਨੇ ਨਰਮ-ਦਿਲ ਦਿਲਜੀਤ ਨੂੰ ਕਦੇ ਸਿੱਧੇ ਮੂੰਹ ਨਾਲ ਨਹੀਂ ਬੁਲਾਇਆ ਸੀ। ਦਿਲਜੀਤ ਦਾ ਰਿਸ਼ਤਾ ਵੀ ਬਦਨ ਸਿੰਘ ਆਪਣੇ ਬਿਰਧ ਸਹੁਰੇ ਦੇ ਕਹਿਣ 'ਤੇ ਲੈ ਆਇਆ ਸੀ। ਮਲਕੀਤ ਕੌਰ ਨੇ ਕੋਈ ਦਿਲਚਸਪੀ ਨਹੀਂ ਦਿਖਾਈ ਸੀ। ਵਿਆਹ ਵਿਚ ਉਹ ਲੱਕੜ ਦੀ ਲੱਕੜ ਬਣੀ ਰਹੀ ਸੀ। ਇੱਕ ਸੌਂਕਣ ਵਾਂਗ!
ਜਦ ਪ੍ਰੀਤ ਕੁਝ ਵੱਡਾ ਹੋਇਆ ਤਾਂ ਬਦਨ ਸਿੰਘ ਉਸ ਨੂੰ ਵਕਤ 'ਚੋਂ ਵਕਤ ਕੱਢ ਕੇ ਪਾਰਕ ਵਿਚ ਫ਼ੇਰਾ ਮਾਰਨ ਲੈ ਜਾਂਦਾ। ਆਈਸ-ਕਰੀਮ ਅਤੇ ਫ਼ਰੂਟੀ ਖਰੀਦ ਕੇ ਦਿੰਦਾ। ਘਰੇ ਆ ਕੇ ਕਾਰਪੈੱਟ 'ਤੇ ਘੋੜਾ ਬਣ ਕੇ ਝੂਟੇ ਦਿੰਦਾ ਅਤੇ ਫਿਰ ਮਰਸਡੀਜ਼ ਕਾਰ ਵਿਚ ਬਿਠਾ ਕੇ ਸਾਰੇ ਸ਼ਹਿਰ ਵਿਚ ਗੇੜਾ ਦਿਵਾਉਂਦਾ। ਭਲਵਾਨੀ ਗੇੜਾ!
-"ਮੈਨੂੰ ਇੱਕ ਯੂਰੋ ਦਿਓ!" ਪ੍ਰੀਤ ਆਖਦਾ।
-"ਪਹਿਲਾਂ ਡੈਡੀ ਆਖ!"
"ਡੈਡੀ" ਕਹਿਣ 'ਤੇ ਬਦਨ ਸਿੰਘ ਕੋਲੋਂ ਪ੍ਰੀਤ ਨੂੰ ਇੱਕ ਯੂਰੋ ਮਿਲ ਜਾਂਦਾ। ਦੋਨੋਂ ਖੁਸ਼ ਰਹਿੰਦੇ। ਹੱਸਦੇ-ਖੇਡਦੇ।
-"ਆਬਦਿਆਂ ਬਾਰੇ ਵੀ ਕੁਛ ਸੋਚ ਲਿਆ ਕਰ-ਉਹਦੀਆਂ ਕੋਕੋ ਜੀ ਦੀਆਂ ਲਾਲ੍ਹਾਂ ਚੱਟੀ ਜਾਂਦਾ ਰਹਿੰਨੈਂ-ਤੇਰੇ ਆਬਦੇ ਜੁਆਕ ਖਿਝਦੇ ਐ!" ਮਲਕੀਤ ਕੌਰ ਠ੍ਹੋਕਰਦੀ। ਪਰ ਬਦਨ ਸਿੰਘ ਮਸਤ ਰਹਿੰਦਾ। ਪਤਾ ਨਹੀਂ ਕਿਹੜੀ ਚੀਜ਼ ਦਾ ਉਸ ਨੂੰ ਚਾਅ, ਨਸ਼ਾ ਚੜ੍ਹਿਆ ਰਹਿੰਦਾ? ਉਹ ਮਲਕੀਤ ਕੌਰ ਦੀਆਂ ਗਾਲ੍ਹਾਂ ਸੁਣ ਕੇ ਵੀ ਹੱਸ ਛੱਡਦਾ। ਆਪਣੇ ਘਰ ਜਾਂ ਦਿਲਜੀਤ ਵੱਲ, ਪਰ ਰੋਟੀ ਉਹ ਪ੍ਰੀਤ ਨਾਲ ਹੀ ਖਾਂਦਾ।
-"ਪਤਾ ਨਹੀਂ ਤੇਰੇ ਨਾਲ ਮੇਰਾ ਐਨਾ ਮੋਹ ਕਿਉਂ ਐਂ?" ਕਦੇ-ਕੇ ਉਹ ਪ੍ਰੀਤ ਨੂੰ ਮੋਢਿਆਂ 'ਤੇ ਬਿਠਾਉਂਦਾ ਕਹਿੰਦਾ।
-"ਦਿਲਾਂ ਦਾ ਅੰਤ ਕਿਸੇ ਨੇ ਨਹੀਂ ਪਾਇਆ।" ਦਿਲਜੀਤ ਮੋੜਾ ਦਿੰਦੀ।
-"ਰੱਬ ਦੇ ਰੰਗ ਨਿਆਰੇ ਐ-ਪਿਉ ਖੋਹ ਲਿਆ-ਤਾਇਆ ਅੱਗੇ ਕਰਤਾ।"
-"ਤਾਇਆ ਕਹਿਲਾ-ਚਾਹੇ ਮਾਸੜ ਆਖ ਲੈ।"
-"ਕਿਉਂ ਉਏ ਲੁੱਚਿਆ! ਤੂੰ ਮੈਨੂੰ ਤਾਇਆ ਕਹੇਂਗਾ ਕਿ ਮਾਸੜ ਆਖੇਂਗਾ?" ਬਦਨ ਸਿੰਘ ਨੇ ਪ੍ਰੀਤ ਦੇ ਮੋਹ ਦੀ ਚਪੇੜ ਜਿਹੀ ਮਾਰੀ।
-"ਮੈਂ ਤਾਂ ਡੈਡੀ ਕਹੂੰਗਾ!" ਪ੍ਰੀਤ ਨੇ ਮਾਸੂਮੀਅਤ ਨਾਲ ਬੜੇ ਮਜਾਜ਼ ਨਾਲ ਉੱਤਰ ਦਿੱਤਾ।
-"ਉਏ ਬੱਲੇ ਉਏ ਸ਼ੇਰ ਬੱਗਿਆ! ਕਿਲੋ ਖੂਨ ਵਧਾ ਦਿੱਤਾ ਗੱਲ ਕਰਕੇ-ਤੇਰੀ ਮਾਂ ਤਾਂ ਘੋਗੜ ਈ ਐ-ਪਰ ਤੂੰ ਐਂ ਮੇਰਾ ਉੱਡਣਾ ਕਬੂਤਰ!"
-"ਡੈਡੀ! ਘੋਗੜ ਕੀ ਹੁੰਦੈ?"
-"ਤੇਰੀ ਤਾਈ ਮਲਕੀਤ ਕੁਰ ਅਰਗਾ ਹੁੰਦੈ।"
ਸਾਰੇ ਹੱਸ ਪਏ।
ਪ੍ਰੀਤ ਨੂੰ ਨਰਸਰੀ ਵਿਚ ਦਾਖਲਾ ਮਿਲਿਆ ਤਾਂ ਬਦਨ ਸਿੰਘ ਨੇ ਪਟੜੀਫੇਰ ਮਿੱਤਰਾਂ ਨੂੰ ਪਾਰਟੀ ਦਿੱਤੀ। ਦੁਪਿਹਰੇ ਸਪੈਸ਼ਲ ਤੌਰ 'ਤੇ ਉਸ ਨੂੰ ਲੈ ਕੇ ਆਉਂਦਾ। ਉਸ ਦਾ ਮੂੰਹ ਧੋਂਦਾ, ਬੂਟ ਪਾਲਿਸ਼ ਕਰਦਾ। ਮਲਕੀਤ ਕੌਰ ਉਸ ਨੂੰ 'ਕਮਲਾ' ਆਖਦੀ।
ਸਮਾਂ ਪਾ ਕੇ ਪ੍ਰੀਤ ਸਕੂਲ ਜਾਣ ਲੱਗਾ ਤਾਂ ਬਦਨ ਸਿੰਘ ਨੇ ਉਸ ਨੂੰ ਕੰਪਿਊਟਰ ਲੈ ਦਿੱਤਾ। ਜਿਸ ਦੀ ਅਜੇ ਉਸ ਨੂੰ ਕੋਈ ਲੋੜ ਹੀ ਨਹੀਂ ਸੀ। ਵੱਖੋ-ਵੱਖਰੀਆਂ ਕੰਪਿਊਟਰ-ਗੇਮਜ਼ ਲਿਆ ਰੱਖੀਆਂ। ਪ੍ਰੀਤ ਵੀ ਉਸ ਨੂੰ ਹੱਦੋਂ ਵੱਧ ਮੋਹ ਕਰਦਾ ਸੀ। ਉਹ ਬਦਨ ਸਿੰਘ ਨੂੰ 'ਡੈਡੀ' ਹੀ ਆਖਦਾ। ਜਦ ਬਦਨ ਸਿੰਘ ਉਸ ਦੇ ਮੁੱਖੋਂ 'ਡੈਡੀ' ਸੁਣਦਾ ਤਾਂ ਉਸ ਦੇ ਅੰਦਰ ਜਿਵੇਂ ਸ਼ਹਿਦ ਦੀਆਂ ਘੁੱਟਾਂ ਘੁਲ ਜਾਂਦੀਆਂ। ਉਸ ਦੇ ਧਰਤੀ 'ਤੇ ਪੈਰ ਨਾ ਲੱਗਦੇ। ਆਪਣੇ ਚਾਰਾਂ ਮੁੰਡਿਆਂ ਵੱਲੋਂ ਤਾਂ ਬਦਨ ਸਿੰਘ ਇੱਕ ਤਰ੍ਹਾਂ ਨਾਲ ਅਵੇਸਲਾ ਹੀ ਸੀ। ਉਸ ਦੇ 'ਚੜ੍ਹਦੇ ਚੰਦ' ਮੁੰਡੇ ਸਕੂਲ ਵਿਚ ਕਿਸੇ ਨਾ ਕਿਸੇ ਨਾਲ ਸਿੰਗੜੀ ਛੇੜੀ ਹੀ ਰੱਖਦੇ। ਸਕੂਲ ਵੱਲੋਂ ਸ਼ਕਾਇਤਾਂ ਆਉਂਦੀਆਂ। ਪਰ ਬਦਨ ਸਿੰਘ ਕਦੇ ਸਕੂਲ ਨਾ ਜਾਦਾ। ਉਸ ਦੇ ਬੱਚਿਆਂ ਦੀ ਸਾਰੀ ਜਿ਼ੰਮੇਵਾਰੀ ਮਲਕੀਤ ਕੌਰ ਦੇ ਉੱਪਰ ਹੀ ਸੀ। ਉਹ 'ਹਮਕੋ-ਤੁਮਕੋ' ਕਰ ਮਾਸਟਰਾਂ ਨੂੰ ਭੰਬਲਭੂਸੇ ਵਿਚ ਪਾ ਆਉਂਦੀ। ਮਾਸਟਰ ਉਸ ਦੀ ਭਾਸ਼ਾ ਕੁਝ ਸਮਝਦੇ ਅਤੇ ਕੁਝ ਨਾ ਸਮਝਦੇ। ਧੂੜ 'ਚ ਟੱਟੂ ਰਲਿਆ ਰਹਿੰਦਾ।
ਪ੍ਰੀਤ ਪੜ੍ਹਨ ਵਿਚ ਪੂਰਾ ਹੁਸਿ਼ਆਰ ਸੀ। ਬਦਨ ਸਿੰਘ ਦੇ ਆਪਣੇ ਮੁੰਡਿਆਂ ਵਾਂਗ 'ਲੋਲ੍ਹਾ' ਨਹੀਂ ਸੀ। ਮੁਢਲੀ ਪੜ੍ਹਾਈ ਪੂਰੀ ਕਰਕੇ ਉਸ ਨੇ ਮੈਡੀਕਲ ਵਿਚ ਦਾਖਲਾ ਲੈ ਲਿਆ। ਪੜ੍ਹਾਈ ਦੇ ਨਾਲ-ਨਾਲ ਹੀ ਸ਼ਾਮ ਮੌਕੇ ਉਹ ਡਰਾਈਵਿੰਗ-ਸਕੂਲ ਜਾਂਦਾ। ਕਾਰ ਚਲਾਉਣੀ ਸਿੱਖਦਾ। ਬਦਨ ਸਿੰਘ ਵੱਧ ਚੜ੍ਹ ਕੇ ਮੱਦਦ ਕਰਦਾ। ਘਰ ਵਾਲੀ ਫਿਰ ਖਿਝਦੀ। ਜੁਆਕ ਵੱਢ-ਵੱਢ ਕੇ ਪੈਂਦੇ। ਉਸ ਦੇ ਆਪਣੇ ਮੁੰਡੇ ਰਵਾਇਤੀ ਪੜ੍ਹਾਈ ਕਰਕੇ ਕਿੱਤਿਆਂ 'ਤੇ ਲੱਗ ਗਏ ਸਨ। ਕੋਈ ਟਰੱਕ ਚਲਾਉਣ ਜਾ ਲੱਗਿਆ ਸੀ। ਕੋਈ ਫ਼ੈਕਟਰੀ ਵਿਚ ਵੜ ਗਿਆ ਸੀ। ਸਾਰਿਆਂ ਤੋਂ ਵੱਡਾ ਇੱਕ 'ਬੈਂਗਣੀਂ ਰੰਗੀ' ਅਫ਼ਰੀਕਣ ਨਾਲ ਸ਼ਾਦੀ ਕਰਕੇ ਅਮਰੀਕਾ ਜਾ ਵਸਿਆ ਸੀ। ਇੱਕ ਨੇ ਪਲੰਬਰ ਦਾ ਕੰਮ ਖੋਲ੍ਹ ਲਿਆ ਸੀ। ਬੱਚਿਆਂ ਵਾਲਾ ਰੇੜਕਾ ਬਦਨ ਸਿੰਘ ਵੱਲੋਂ ਹੁਣ ਮੁੱਕ ਗਿਆ ਸੀ। ਉਹ ਪ੍ਰੀਤ ਦੇ ਪ੍ਰੇਮ ਵਿਚ ਹੀ ਮਸ਼ਰੂਫ਼ ਸੀ। ਮਲਕੀਤ ਕੌਰ ਨੂੰ ਖਰਚਾ-ਬਰਚਾ ਦੇ ਛੱਡਦਾ। ਇੰਡੀਆ ਜਾਣਾ ਚਾਹੁੰਦੀ ਤਾਂ ਟਿਕਟ ਲੈ ਕੇ ਚੜ੍ਹਾ ਦਿੰਦਾ। ਵਾਪਿਸ ਆਉਣ ਦੀ ਕੋਈ ਤਾਕੀਦ ਨਾ ਕਰਦਾ। ਜਦ ਮਲਕੀਤ ਕੌਰ ਦਾ ਦਿਲ ਭਰ ਜਾਂਦਾ, ਆ ਜਾਂਦੀ।
ਬਦਨ ਸਿੰਘ ਦੀ ਇੱਕ ਤਰ੍ਹਾਂ ਨਾਲ ਪ੍ਰੀਤ ਨਾਲ ਯਾਰੀ ਸੀ। ਉਹ ਖੁੱਲ੍ਹ ਕੇ ਗੱਲਾਂ ਕਰਦੇ। ਕਿਸੇ ਕੋਲੇ ਨਾ ਆਉਂਦੇ, ਨਾ ਜਾਂਦੇ। ਡਰਾਈਵਿੰਗ ਲਾਈਸੈਂਸ ਨਾ ਹੋਣ ਦੇ ਬਾਵਜੂਦ ਵੀ ਬਦਨ ਸਿੰਘ ਪ੍ਰੀਤ ਨੂੰ ਆਪਣੀ ਕਾਰ ਚਲਾਉਣ ਲਈ ਦੇ ਦਿੰਦਾ। ਚਾਹੇ ਉਸ ਨੂੰ ਪਤਾ ਸੀ ਕਿ ਯੂਰਪ ਵਿਚ ਬਗੈਰ ਲਾਈਸੈਂਸ ਤੋਂ ਕਾਰ ਚਲਾਉਣੀ ਜ਼ੁਰਮ ਸੀ। ਪਰ ਉਹ ਫਿਰ ਵੀ ਕੋਈ ਪ੍ਰਵਾਹ ਨਹੀਂ ਕਰਦਾ ਸੀ।
-"ਬੱਸ ਐਕਸੀਡੈਂਟ ਨਾ ਕਰੀਂ-ਫੜਿਆ ਗਿਆ ਤਾਂ ਜੁਰਮਾਨਾ ਤਾਰ ਦਿਆਂਗੇ।" ਉਹ ਪ੍ਰੀਤ ਨੂੰ ਮੱਤ ਦਿੰਦਾ।
ਜਦ ਪ੍ਰੀਤ ਨੂੰ ਡਰਾਈਵਿੰਗ ਲਾਈਸੈਂਸ ਮਿਲ ਗਿਆ ਤਾਂ ਬਦਨ ਸਿੰਘ ਨੇ ਉਸ ਨੂੰ ਆਪਣੇ ਨਾਂ 'ਤੇ ਬਿਲਕੁਲ ਨਵੀਂ ਕਾਰ ਲੈ ਦਿੱਤੀ। ਨੰਬਰ ਪਲੇਟ ਲੈ ਕੇ ਦੋਹਾਂ ਨੇ ਸਾਰੇ ਸ਼ਹਿਰ ਦਾ ਭਲਵਾਨੀ ਗੇੜਾ ਕੱਢਿਆ। ਕਾਰ ਪ੍ਰੀਤ ਚਲਾ ਰਿਹਾ ਸੀ। ਬਦਨ ਸਿੰਘ ਨਾਲ ਆਫ਼ਰਿਆ ਬੈਠਾ ਸੀ। ਕਿਸੇ ਗ਼ੈਬੀ-ਅਦੁਤੀ ਖੁਸ਼ੀ ਵਿਚ ਗੜੁੱਚ!
-"ਬੱਸ ਹੌਲੀ, ਧਹੱਮਲ ਨਾਲ ਈ ਚਲਾਉਣੀ ਐਂ-ਜੀਅ ਐ ਤਾਂ ਜਹਾਨ ਐਂ ਸ਼ੇਰਾ-ਇਹਨੇ ਕਰਮਾਂ ਆਲੀ ਨੇ ਤੈਨੂੰ ਇਉਂ ਨਹੀਂ ਕਹਿਣਾ ਬਈ ਮੈਨੂੰ ਹੌਲੀ ਚਲਾ-ਇਹ ਤਾਂ ਰੇਸ ਦੇਵੇਂਗਾ ਤਾਂ ਅੜਬ ਘੋੜੀ ਮਾਂਗੂੰ ਪੂਛ ਚੱਕੂ!"
ਦੋਨੋਂ ਹੱਸ ਪਏ।
-"ਡੈਡੀ ਮੇਰਾ ਕੋਰਸ ਪੂਰਾ ਹੋਣ ਤੋਂ ਬਾਅਦ ਮੈਨੂੰ ਇੱਕ ਸਾਲ ਕਿਸੇ ਬਾਹਰਲੇ ਕੰਟਰੀ ਵਿਚ ਪ੍ਰੈਕਟਿਸ ਕਰਨ ਜਾਣਾ ਪੈਣੈਂ।" ਅਚਾਨਕ ਪ੍ਰੀਤ ਨੇ ਕਿਹਾ।
-"ਪਰਾਟੀਸ ਕਰਨ ਆਸਤੇ? ਕਿਉਂ ਕੋਈ ਜਰੂਰੀ ਐ?" ਬਦਨ ਸਿੰਘ ਦਾ ਕਾਲਜਾ ਲੂਹਿਆ ਗਿਆ। ਉਹ ਪ੍ਰੀਤ ਦਾ ਇੱਕ ਪਲ ਦਾ ਵਿਛੋੜਾ ਨਹੀਂ ਜਰ ਸਕਦਾ ਸੀ।
-"ਹਾਂ ਜ਼ਰੂਰੀ ਐ-ਨਹੀਂ ਐਥੇ ਆਸਟਰੀਆ ਵਿਚ ਮੈਨੂੰ ਨੌਕਰੀ ਨਹੀਂ ਮਿਲਣੀ-ਇਹ ਕਾਨੂੰਨ ਐਂ!"
-"ਬੜਾ ਕੁੱਤਾ ਕਾਨੂੰਨ ਐਂ ਬਈ!" ਬਦਨ ਸਿੰਘ ਦਾ ਸੁਆਦ ਮਾਰਿਆ ਗਿਆ।
ਉਹਨਾਂ ਗੱਡੀ ਘਰੇ ਆ ਲਾਈ।
ਇੱਕ ਸਾਲ ਲਈ ਪ੍ਰੀਤ ਤਾਮਿਲਨਾਡੂ ਚਲਿਆ ਗਿਆ।
ਬਦਨ ਸਿੰਘ ਅੱਗੇ ਹਨ੍ਹੇਰ ਛਾ ਗਿਆ। ਪ੍ਰੀਤ ਬਦਨ ਸਿੰਘ ਨੂੰ ਹਰ ਰੋਜ਼ ਫ਼ੋਨ ਕਰਦਾ। ਬਦਨ ਸਿੰਘ ਉਸ ਨੂੰ ਫ਼ੋਨ ਕਰਦਾ। ਘੰਟਾ-ਘੰਟਾ ਫ਼ੋਨ 'ਤੇ ਗੱਲਾਂ ਹੁੰਦੀਆਂ ਰਹਿੰਦੀਆਂ।
ਪ੍ਰੀਤ ਬਿਨਾ ਇੱਕ ਤਰ੍ਹਾਂ ਨਾਲ, ਸਾਲ ਭਰ ਬਦਨ ਸਿੰਘ ਦਿਨ ਤੋੜਦਾ ਰਿਹਾ। ਵਿਛੋੜੇ ਵਿਚ ਕਲਪਦਾ ਰਿਹਾ। ਸਮਾਂ ਬਿਤਾਉਣ ਲਈ ਉਹ ਗੁਰਦੁਆਰੇ ਚਲਾ ਜਾਦਾ। ਗੁਰਬਾਣੀ ਸਰਵਣ ਕਰਦਾ। ਸੰਗਰਾਂਦ ਵਾਲੇ ਦਿਨ ਪ੍ਰੀਤ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਵਾਉਂਦਾ। ਗੁਰਦੁਆਰੇ ਦੀ ਲਾਇਬਰੇਰੀ ਵਿਚ ਬੈਠਾ ਪੰਜਾਬੀ ਦੇ ਅਖਬਾਰ ਫ਼ਰੋਲਦਾ, ਵਕਤ ਨੂੰ ਧੱਕਾ ਦਿੰਦਾ ਰਹਿੰਦਾ। ਰੂਹ ਨਾਲ ਰੋਟੀ ਨਾ ਖਾਂਦਾ। ਜਿਵੇਂ ਉਸ ਨੂੰ ਭੁੱਖ ਹੀ ਲੱਗਣੋਂ ਹਟ ਗਈ ਸੀ। ਉਹ ਅੰਨ੍ਹਿਆਂ ਵਾਂਗ ਔਟਲਿਆ ਫਿਰਦਾ।
ਫਿਰ ਜਿਸ ਦਿਨ ਪ੍ਰੀਤ ਨੇ ਤਾਮਿਲਨਾਡੂ ਤੋਂ ਪਰਤਣਾ ਸੀ ਤਾਂ ਬਦਨ ਸਿੰਘ ਸਵੇਰੇ ਸੱਤ ਵਜੇ ਹੀ ਫੁੱਲਾਂ ਦਾ ਵੱਡਾ ਸਾਰਾ ਗੁਲਦਸਤਾ ਲੈ ਕੇ ਸਾਲਜ਼ਬਰਗ ਏਅਰਪੋਰਟ 'ਤੇ ਜਾ ਬੈਠਾ। ਪ੍ਰੀਤ ਨੇ ਅਜੇ ਦੁਪਿਹਰੇ ਗਿਆਰ੍ਹਾਂ ਵੱਜ ਕੇ ਵੀਹ ਮਿੰਟ 'ਤੇ ਉਤਰਨਾ ਸੀ। ਉਹ ਏਅਰਪੋਰਟ ਦੇ ਕੈਬਿਨ ਵਿਚ ਖੜ੍ਹਾ ਹਰ ਉਤਰਦੇ ਯਾਤਰੀ ਨੂੰ ਦੇਖਦਾ ਰਿਹਾ ਸੀ।
ਜਦੋਂ ਪ੍ਰੀਤ ਕਸਟਮ ਤੋਂ ਵਿਹਲਾ ਹੋ ਕੇ ਬਾਰ੍ਹਾਂ ਕੁ ਵਜੇ ਬਾਹਰ ਆਇਆ ਤਾਂ ਬਦਨ ਸਿੰਘ ਨੇ ਉਸ ਨੂੰ ਬੱਚਿਆਂ ਵਾਂਗ ਚੁੰਮਣਾ ਸ਼ੁਰੂ ਕਰ ਦਿੱਤਾ। ਲਾਡ ਕੀਤਾ। ਪਰ ਪ੍ਰੀਤ ਕੁਝ ਸ਼ਰਮ ਮਹਿਸੂਸ ਕਰ ਰਿਹਾ ਸੀ।
-"ਮੈਨੂੰ ਈ ਪਤੈ ਕਿਵੇਂ ਦਿਨ ਕੱਟੇ ਐ ਤੇਰੇ ਬਿਨਾ-'ਕੱਠਾ ਜਿਆ ਕਾਹਨੂੰ ਹੋਈ ਜਾਨੈਂ?ਮੱਚੀ ਪਈ ਐ ਮੇਰੀ ਹਿੱਕ-ਠੰਢੀ ਕਰ ਨਾਲ ਲੱਗਕੇ ਇਹਨੂੰ-ਆ ਲੱਗ ਮੇਰੀ ਹਿੱਕ ਨਾਲ!" ਬਦਨ ਸਿੰਘ ਬਾਵਰਿਆਂ ਵਾਂਗ ਫਿ਼ੱਸ ਪਿਆ। ਪ੍ਰੀਤ ਉਸ ਨੂੰ ਸਾਂਭ ਕੇ ਜਿਹੇ ਬਾਹਰ ਪਾਰਕਿੰਗ ਵਿਚ ਲੈ ਗਿਆ।
-"ਤੇਰੇ ਬਿਨਾ ਦਿਲ ਨਹੀਂ ਲੱਗਿਆ ਮੇਰਾ ਅੱਗ ਲੱਗੜਾ-ਜਾਣੀਂਦੀ ਮੈਂ ਤਾਂ ਮਰਨ ਆਲਾ ਹੋ ਗਿਆ।" ਬਦਨ ਸਿੰਘ ਨੇ ਪ੍ਰੀਤ ਨੂੰ ਬੁੱਕਲ ਵਿਚ ਲੈ ਲਿਆ।
-"ਡੈਡੀ ਜੀ-ਜੀਅ ਤਾਂ ਮੇਰਾ ਵੀ ਥੋਡੇ ਬਿਨਾ ਨਹੀਂ ਲੱਗਿਆ।" ਪ੍ਰੀਤ ਨੇ ਕਿਹਾ। ਉਹ ਸੱਚ ਹੀ ਤਾਂ ਆਖ ਰਿਹਾ ਸੀ।
-"ਜੇ ਭਲਾ ਮੈਂ ਮਰ ਗਿਆ-ਫੇਰ ਤੇਰਾ ਜੀਅ ਕਿਵੇਂ ਲੱਗੂ?" ਬਦਨ ਸਿੰਘ ਨੇ ਗੱਲ ਹਾਸੇ ਵਿਚ ਪਾ ਕੇ, ਮਾਹੌਲ ਨੂੰ ਕੁਝ ਹਲਕਾ ਬਣਾਉਣਾ ਚਾਹਿਆ।
-"ਜੇ ਡੈਡੀ ਜੀ ਭਲਾ ਮੈਂ ਪਹਿਲਾਂ ਮਰ ਗਿਆ-ਫੇਰ?"
-"ਇਉਂ ਬੁਰੀ ਗੱਲ ਨਾ ਕਰ ਸ਼ੇਰਾ-ਮੈਥੋਂ ਸਹਾਰੀ ਨਹੀਂ ਜਾਂਦੀ-ਗਾਉਣ ਆਲੇ ਗਾਉਂਦੇ ਹੁੰਦੇ ਐ: ਤੇਰੀ ਆਈ ਮੈਂ ਮਰਜਾਂ ਤੇਰਾ ਵਾਲ ਵੀ ਵਿਗਾ ਨਾ ਹੋਵੇ।"
-"ਡੈਡ! ਕਾਹਨੂੰ ਕਿਸੇ ਨਾਲ ਮਰਿਆ ਜਾਂਦੈ? ਇਹ ਤਾਂ ਦੁਨਿਆਵੀ ਗੱਲਾਂ ਨੇ-ਨਿਰੇ ਢਕੌਂਜ!"
-"ਗੱਲ ਤੇਰੀ ਸੋਲਾਂ ਆਨੇ ਐਂ ਪੁੱਤਰਾ! ਨਿਰੀ ਦਰੁਸਤ-ਕਾਹਨੂੰ ਕਿਸੇ ਨਾਲ ਮਰਿਆ ਜਾਂਦੈ।"
-"ਪਰ ਡੈਡੀ ਜੀ-ਥੋਨੂੰ ਨਹੀਂ ਮੈਂ ਛੇਤੀ ਕੀਤੇ ਮਰਨ ਦਿੰਦਾ-ਮੈਂ ਡਾਕਟਰੀ ਐਵੈਂ ਨਹੀਂ ਕੀਤੀ।"
-"ਇਹ ਤਾਂ ਜਿੱਦੇਂ ਪੁੱਤ ਆ ਲੱਗੀ-ਫੁਰਰ ਹੋਜੂ-ਕੋਈ ਬਿਧ ਨਹੀਂ ਬਣਨੀਂ-ਇਹਤੋਂ ਤਾਂ ਰਾਵਣ ਵਰਗੇ ਨਹੀਂ ਬਚ ਸਕੇ-ਨਾਲੇ ਕਾਲ ਪਾਵੇ ਨਾਲ ਬੰਨ੍ਹਿਆਂ ਹੋਇਆ ਸੀ।"
.....ਪਰ ਅੱਜ ਐਕਸੀਡੈਂਟ ਵਿਚ ਪ੍ਰੀਤ ਦੀ ਹੋਈ ਅਚਾਨਕ ਮਤ ਨੇ ਬਦਨ ਸਿੰਘ ਨੂੰ ਜੜ੍ਹੋਂ ਹਿਲਾ ਧਰਿਆ ਸੀ। ਉਸ ਦਾ ਜਹਾਨ ਉੱਜੜ ਗਿਆ ਸੀ। ਉਹ ਗੱਡੇ ਵਰਗੀਆਂ ਭਾਰੀਆਂ ਲੱਤਾਂ ਘੜੀਸਦਾ ਮੁਰਦਾਘਰ ਪੁੱਜਿਆ ਅਤੇ ਪ੍ਰੀਤ ਦੀ ਪਈ ਲਾਅਸ਼ 'ਤੇ ਡਿੱਗ ਕੇ, ਰੱਜ ਕੇ ਰੋਇਆ। ਔਰਤਾਂ ਵਾਂਗ ਵੈਣ ਪਾਏ!
-"ਤੂੰ ਮੈਨੂੰ ਕਿਹੜੇ ਆਸਰੇ ਛੱਡ ਕੇ ਤੁਰ ਗਿਐਂ ਉਏ ਮੇਰਿਆ ਸੋਹਣਿਆਂ ਪੁੱਤਾ....!" ਉਸ ਨੇ ਆਪਣੀ ਖੜਕਦੀ ਛਾਤੀ ਪਿੱਟੀ। ਉਹ ਵਾਰ-ਵਾਰ ਪ੍ਰੀਤ ਦੀ ਲਾਅਸ਼ ਨੂੰ ਹਿੱਕ ਨਾਲ ਲਾ ਰਿਹਾ ਸੀ। ਉਸ ਦਾ ਦਿਲ ਝੱਖੜ ਵਾਂਗ ਝੰਬੇ ਦਰੱਖਤ ਵਾਂਗ ਮੁੱਛਿਆ ਪਿਆ ਸੀ। ਹਟਕੋਰੇ ਬੰਦ ਨਹੀਂ ਹੁੰਦੇ ਸਨ। ਮਨ ਹੌਲਾ ਕਰਕੇ ਉਸ ਨੇ ਮਰੇ ਪਏ ਪ੍ਰੀਤ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕਮਲਿਆਂ ਵਾਂਗ!
-"ਬੱਸ...! ਆਪਣੀ ਐਨੀ ਕੁ ਈ ਯਾਰੀ ਸੀ? ਚੰਗਾ, ਤੂੰ ਤਾਂ ਦਗਾ ਦੇ ਗਿਐਂ-ਪਰ ਮੈਂ ਤੇਰਾ ਪਿੱਛਾ ਨਹੀਂ ਛੱਡਣਾ-ਮਗਰੇ ਈ ਆਊਂ ਤੇਰੇ...!" ਉਸ ਦੀਆਂ ਬੁਝੀਆਂ ਅੱਖਾਂ 'ਚੋਂ ਮੋਹ ਦਾ ਹੜ੍ਹ ਵਗੀ ਜਾ ਰਿਹਾ ਸੀ ਅਤੇ ਆਤਮਾ ਲਹੂ-ਲੁਹਾਣ ਸੀ। ਮਨ ਕੁਰਲਾਈ ਜਾ ਰਿਹਾ ਸੀ।
ਅਖੀਰ ਮੁਰਦਾਘਰ ਦੇ ਕਰਮਚਾਰੀਆਂ ਨੇ ਉਸ ਨੂੰ ਪ੍ਰੀਤ ਦੀ ਲਾਅਸ਼ ਨਾਲੋਂ ਇੱਕ ਤਰ੍ਹਾਂ ਨਾਲ ਤੋੜ ਲਿਆ। ਉਹ ਕਰਮਚਾਰੀਆਂ ਨੂੰ ਗਾਲ੍ਹਾਂ ਕੱਢਣ ਲੱਗ ਪਿਆ। ਕਰਮਚਾਰੀਆਂ ਨੇ ਪੁਲੀਸ ਬੁਲਾ ਲਈ। ਪੁਲੀਸ ਬੜੀ ਹੀ ਹਮਦਰਦੀ ਨਾਲ ਉਸ ਨੂੰ ਘਰੇ ਲਾਹ ਗਈ।
ਬਦਨ ਸਿੰਘ ਸੋਫ਼ੇ 'ਤੇ ਹੀ ਪਿਆ ਸੀ ਕਿ ਬੀਮੇਂ ਵਾਲਿਆਂ ਦਾ ਏਜੰਟ ਆ ਗਿਆ।
-"ਮਿਸਟਰ ਸਿੰਘ! ਤੁਹਾਡੀ ਐਕਸੀਡੈਂਟ ਵਾਲੀ ਕਾਰ ਅਸੀਂ ਤੁਹਾਡੇ ਦਰਵਾਜੇ ਅੱਗੇ ਖੜ੍ਹੀ ਕਰ ਦਿੱਤੀ ਹੈ-ਆਹ ਲਵੋ ਚਾਬੀ ਅਤੇ ਇੱਥੇ ਦਸਤਖ਼ਤ ਕਰ ਦਿਓ!"
ਬਦਨ ਸਿੰਘ ਨੇ ਬਿਨਾ ਕੁਝ ਕਹੇ-ਸੁਣੇ ਲੋੜੀਂਦੇ ਕਾਗਜ਼ਾਂ 'ਤੇ ਦਸਤਖ਼ਤ ਕਰ ਦਿੱਤੇ ਅਤੇ ਚਾਬੀ ਮੋੜਦਾ ਹੋਇਆ ਬੋਲਿਆ।
-"ਜਨਾਬ-ਮੈਂ ਇਸ ਗੱਡੀ ਨੂੰ ਰੱਖਣਾ ਈ ਨਹੀਂ-ਜਿਸ ਨੇ ਮੇਰਾ ਪ੍ਰੀਤ ਖਾ ਲਿਆ-ਕਿਰਪਾ ਕਰਕੇ ਤੁਸੀਂ ਹੀ ਇਸ ਨੂੰ ਵਾਧਾ-ਘਾਟਾ ਕਰਕੇ ਵੇਚ ਦਿਓ!" ਤੇ ਏਜੰਟ ਚਾਬੀ ਲੈ ਕੇ ਚਲਾ ਗਿਆ।
ਬਦਨ ਸਿੰਘ ਪ੍ਰੀਤ ਦੀ ਲਾਅਸ਼ ਦਾ ਇੰਡੀਆ ਲਿਜਾ ਕੇ ਸਸਕਾਰ ਕਰਨਾ ਚਾਹੁੰਦਾ ਸੀ।
-"ਸਹੁਰੇ ਦੀ ਰੂਹ ਐਥੇ ਈ ਨਾ ਭੜਕਦੀ ਫਿਰੇ।"
ਪਰ ਉਹ ਬੇਵੱਸ ਸੀ। ਪੁੱਤਰਾਂ ਅਤੇ ਘਰ ਵਾਲੀ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਣਾ ਸੀ।
-"ਲੋਕ ਵੀ ਆਬਦਿਆਂ ਨੂੰ ਐਥੇ ਈ ਫੂਕਦੇ ਐ-ਬਾਹਲਾ ਹੇਜ ਮਾਰ ਗਿਆ ਇਹਨੂੰ।" ਘਰ ਵਾਲੀ ਨੇ ਕਹਿਣਾ ਸੀ। ਦੁੱਖ ਅਤੇ ਵਿਰੋਧ ਦਾ ਸਾਹਮਣਾ ਉਸ ਤੋਂ ਹੋਣਾ ਨਹੀਂ ਸੀ। ਖ਼ਾਸ ਤੌਰ 'ਤੇ ਪ੍ਰੀਤ ਬਾਰੇ ਉਹ ਕੋਈ ਗੱਲ ਸਹਾਰ ਨਹੀਂ ਸਕਦਾ ਸੀ। ਸਸਕਾਰ 'ਤੇ ਉਹ ਕਲੇਸ਼ ਕਰਨੋਂ ਡਰਦਾ ਸੀ।
-"ਸ਼ੇਰ ਬੱਗੇ ਦੀ ਮਿੱਟੀ ਨਹੀਂ ਰੋਲਣੀਂ!" ਉਹ ਆਪਦੇ ਆਪ ਨਾਲ ਹੀ ਗੱਲਾਂ ਕਰਦਾ।
ਖ਼ੈਰ! ਸਰਕਾਰੀ ਸ਼ਮਸ਼ਾਨਘਾਟ ਵਿਖੇ ਲਿਜਾ ਕੇ ਪ੍ਰੀਤ ਦਾ ਸਸਕਾਰ ਕਰ ਦਿੱਤਾ। ਪ੍ਰੀਤ ਦੀ ਮਾਂ ਦਿਲਜੀਤ ਨੂੰ ਦੰਦਲਾਂ-ਦੌਰੇ ਪੈ ਰਹੇ ਸਨ। ਕਿੰਨੇ ਪਾਪੜ ਵੇਲ ਕੇ ਇੱਕ ਪੁੱਤ ਲਿਆ ਸੀ ਅਤੇ ਉਹ ਵੀ 'ਝਾਤ' ਕਹਿ ਕੇ ਤੁਰ ਗਿਆ ਸੀ। ਉਸ ਦੀ ਵਸਦੀ-ਰਸਦੀ ਦੁਨੀਆਂ ਤਬਾਹ ਹੋ ਗਈ ਸੀ। ਇੱਥੇ ਲੋਕ-ਲਾਜ ਪੱਖੋਂ ਬਦਨ ਸਿੰਘ ਬਹੁਤ ਘੱਟ ਰੋਇਆ ਸੀ। ਦੁੱਖ-ਦਰਦ ਦਾ ਗੋਲਾ ਦਿਲ ਵਿਚ ਦੱਬੀ ਉਹ ਘੁੱਟਿਆ-ਘੁੱਟਿਆ ਫਿਰਦਾ ਰਿਹਾ ਸੀ। ਸਿਲ-ਪੱਥਰ ਬਣਿਆਂ। ਕਿਸੇ ਬੁੱਢੇ ਦਰਿਆ ਵਾਂਗ ਖ਼ਾਮੋਸ਼! ਉਹ ਬੁੱਢਾ ਦਰਿਆ ਜਿਹੜਾ ਸਿਰਫ਼ ਆਪਣੀ ਜੂਹ ਵਿਚ ਹੀ ਵਗ ਸਕਦਾ ਸੀ।
ਸ਼ਮਸ਼ਾਨਘਾਟ ਵਾਲਿਆਂ ਨੇ ਸਸਕਾਰ ਤੋਂ ਬਾਅਦ ਪ੍ਰੀਤ ਦੀ ਰਾਖ਼ ਅਤੇ 'ਫੁੱਲ' ਉਸ ਦੀ ਮਾਂ ਦਿਲਜੀਤ ਕੌਰ ਨੂੰ ਸੌਂਪ ਦਿੱਤੇ ਅਤੇ ਦਿਲਜੀਤ ਨੇ ਬਦਨ ਸਿੰਘ ਦੇ ਹਵਾਲੇ ਕਰ ਦਿੱਤੇ।
ਪ੍ਰੀਤ ਦੇ ਫੁੱਲ ਲੈ ਕੇ ਪ੍ਰੀਤ ਦੀ ਮਾਂ ਦਿਲਜੀਤ ਅਤੇ ਬਦਨ ਸਿੰਘ ਇੰਡੀਆ ਨੂੰ ਜਹਾਜ਼ ਚੜ੍ਹ ਗਏ। ਸਾਰੇ ਰਾਹ ਹੀ ਦੋਨਾਂ ਨੇ ਕੁਝ ਖਾਧਾ ਨਾ ਪੀਤਾ ਸੀ। ਬਦਨ ਸਿੰਘ ਪ੍ਰੀਤ ਦੇ ਫੁੱਲਾਂ ਨੂੰ ਹਿੱਕ ਨਾਲ ਲਾਈ ਆਇਆ ਸੀ। ਇੱਕ ਤਰ੍ਹਾਂ ਨਾਲ ਪ੍ਰੀਤ ਨੂੰ ਬੱਚੇ ਵਾਂਗ ਬੁੱਕਲ ਵਿਚ ਬਿਠਾਈ ਆਇਆ ਸੀ। ਇੱਕ ਪਲ ਵੀ ਫੁੱਲ ਉਸ ਨੇ ਛਾਤੀ ਨਾਲੋਂ ਨਹੀਂ ਲਾਹੇ ਸਨ। ਬਦਨ ਸਿੰਘ ਨੂੰ ਸਬਰ ਨਹੀਂ ਆ ਰਿਹਾ ਸੀ।
-"ਦਲਜੀਤ ਕੌਰੇ-ਆਹ ਵੀ ਕੱਲ੍ਹ ਨੂੰ ਤਾਰ ਦਿਆਂਗੇ-ਫੇਰ ਆਪਣੇ ਕੋਲ ਕੀ ਰਹਿ ਜਾਊ? ਜਾਣੀਂਦੀ ਜਮਾਂ ਈ ਹੱਥ ਮਾਂਜ ਕੇ ਬਹਿਜਾਂਗੇ।" ਬਦਨ ਸਿੰਘ ਦੇ ਦਿਲੋਂ ਵੈਰਾਗ਼ ਦਾ ਤੂਫ਼ਾਨ ਉਠਿਆ। ਦਿਲਜੀਤ "ਹਾਏ ਰੱਬਾ---!" ਆਖ ਕੇ ਰੋ ਪਈ। ਉਸ ਦਾ ਕਾਲਜਾ ਭਰਾੜ੍ਹ ਹੋ ਗਿਆ ਸੀ। ਉਹ ਬਦਨ ਸਿੰਘ ਦੇ ਮੋਹ-ਭਿੱਜੇ ਮਨ ਨੂੰ, ਦਿਲ ਦੇ ਅਥਾਹ ਦਰਦ ਨੂੰ ਚੰਗੀ ਤਰ੍ਹਾਂ ਹੀ ਤਾਂ ਸਮਝਦੀ ਸੀ।
ਪਿੰਡ ਪਹੁੰਚ ਕੇ ਉਸ ਨੇ ਇਸ਼ਨਾਨ ਕੀਤਾ ਅਤੇ 'ਵਾਹਿਗੁਰੂ-ਵਾਹਿਗੁਰੂ' ਕਰਦਾ ਫੁੱਲ ਲੈ ਕੇ ਗੁਰਦੁਆਰੇ ਪਹੁੰਚ ਗਿਆ। ਪੂਰੇ ਵੀਹ ਸਾਲਾਂ ਬਾਅਦ ਉਹ ਪਿੰਡ ਆਇਆ ਸੀ। ਗੁਰਦੁਆਰੇ ਦੇ ਪਿੱਪਲ ਨਾਲ ਉਸ ਨੇ ਪੋਟਲੀ ਟੰਗੀ ਅਤੇ ਅੰਦਰ ਚਲਾ ਗਿਆ।
ਮੱਥਾ ਟੇਕਿਆ।
ਓਪਰੇ ਗਰੰਥੀ ਸਾਹਿਬਾਨ ਨੂੰ 'ਫ਼ਤਹਿ' ਬੁਲਾਈ ਅਤੇ ਪ੍ਰੀਤ ਦੀ ਆਤਮਾ ਨੂੰ ਸ਼ਾਂਤੀ ਨਵਿਰਤ ਅਰਦਾਸ ਕਰਨ ਲਈ ਬੇਨਤੀ ਕੀਤੀ।
-"ਕੀ ਨਾਂ ਸੀ ਕਾਕੇ ਦਾ?" ਗਰੰਥੀ ਨੇ ਸੁਆਲ ਕੀਤਾ।
-"ਜੀ ਹਰਪ੍ਰੀਤ ਸਿੰਘ!" ਬਦਨ ਸਿੰਘ ਦੀਆਂ ਅੱਖਾਂ ਛਲਕੀਆਂ। ਬੋਲਾਂ 'ਚ ਹੰਝੂ ਬੋਲੇ। ਗਲ ਰੁਕ ਗਿਆ।
-"ਪਿਤਾ ਦਾ ਨਾਂ?"
ਬਦਨ ਸਿੰਘ ਡਰ ਕੇ, ਦਹਿਲ ਕੇ ਜਿਹੇ ਆਪਣੀ ਸਾਲੀ ਦਿਲਜੀਤ ਵੱਲ ਝਾਕਿਆ। ਉਹ ਗੁਰੂ ਦੀ ਤਾਬਿਆ ਵਿਚ ਖੜ੍ਹੇ ਸਨ। ਝੂਠ ਬੋਲਣਾ ਬੱਜਰ ਗੁਨਾਂਹ ਹੀ ਨਹੀਂ, ਘੋਰ ਪਾਪ ਵੀ ਸੀ। ਦਿਲਜੀਤ ਨੇ ਅੱਖਾਂ ਮੀਟ ਕੇ ਲੰਮਾ ਸਾਹ ਲਿਆ ਅਤੇ 'ਹਾਂ' ਵਿਚ ਸਿਰ ਹਿਲਾ ਦਿੱਤਾ।
-"ਜੀ ਸਰਦਾਰ ਬਦਨ ਸਿੰਘ...!"
ਗਰੰਥੀ ਨੇ ਨੋਟ ਕਰ ਲਿਆ।
ਅੱਜ ਉਸ ਦੇ ਸਿਰੋਂ ਮਣਾਂ-ਮੂੰਹੀਂ ਬੋਝ ਉੱਤਰ ਗਿਆ ਸੀ। ਉਹ ਗੁਰੂ-ਦਰਬਾਰ ਵਿਚ ਸੁਰਖ਼ਰੂ ਜਿਹਾ ਹੋਇਆ ਖੜ੍ਹਾ ਸੀ।
ਭਾਈ ਜੀ ਨੇ ਅਰਦਾਸ ਕਰ ਦਿੱਤੀ ਅਤੇ ਉਹ ਹਰਪ੍ਰੀਤ ਦੇ ਫੁੱਲ ਲੈ ਕੇ ਕੀਰਤਪੁਰ ਸਾਹਿਬ ਨੂੰ ਰਵਾਨਾ ਹੋ ਗਏ।

No comments: