ਮਾਰੂਥਲਾਂ ਦੀ ਪੈੜ
(ਕਹਾਣੀ)
ਫ਼ੌਜੀ ਅਮਰੀਕ ਸਿੰਘ ਦੀ ਆਪਣੀ ਪਤਨੀ ਗੁਰਮੀਤ ਕੌਰ ਨਾਲ ਪਹਿਲਾਂ ਤੋਂ ਹੀ ਘੱਟ ਬਣਦੀ ਸੀ। ਫ਼ੌਜੀ ਦੀ ਘਰਵਾਲੀ ਬੜੀ ਪਹਿਨ-ਪੱਚਰ ਕੇ ਰਹਿਣ ਵਾਲੀ ਸ਼ੌਕੀਨ ਔਰਤ ਸੀ। ਪਰ ਫ਼ੌਜੀ ਪੂਰਾ ਪੈਸੇ ਦਾ ਪੁੱਤ ਅਤੇ ਲੀਚੜ ਬੰਦਾ ਸੀ। ਮਰ ਕੇ ਵੀ ਪੈਸਾ ਹੱਥੋਂ ਨਾ ਛੱਡਣ ਵਾਲਾ ਅਥਾਹ ਲਾਲਚੀ ਇਨਸਾਨ! ਫ਼ੌਜੀ ਦੇ ਤਾੜਦਿਆਂ ਕਰਦਿਆਂ ਵੀ ਫ਼ੌਜਣ ਮੋਢਿਆਂ ਉਤੋਂ ਦੀ ਥੁੱਕਣੋਂ ਨਹੀਂ ਹਟੀ ਸੀ। ਨਵੇਂ ਤੋਂ ਨਵਾਂ ਫ਼ੈਸ਼ਨ ਕਰਨਾ, ਬਣ-ਠਣ ਕੇ ਰਹਿਣਾ। ਮਨ ਭਾਉਂਦਾ ਖਾਣਾ, ਮਨ ਭਾਉਂਦਾ ਪਹਿਨਣਾ। ਤਰ੍ਹਾਂ-ਤਰ੍ਹਾਂ ਦੀ ਮੇਕ-ਅੱਪ ਕਰਨੀ ਅਤੇ ਅੱਖਾਂ ਵਿਚ ਪੂਛਾਂ ਵਾਲਾ ਸੁਰਮਾ ਪਾਉਣਾ, ਉਸ ਦੀ ਆਮ ਆਦਤ ਸੀ। ਪਰ ਫ਼ੌਜੀ ਤਾਂ ਵਿਚਾਰਾ ਸਾਗ ਖਾ ਕੇ ਗੁਜ਼ਾਰਾ ਕਰਨ ਵਾਲਾ ਆਦਮੀ ਸੀ। ਫ਼ੌਜੀ ਦੀ ਤਾਂ ਆਪਣੀ ਕਹਾਵਤ ਘੜ੍ਹੀ ਹੋਈ ਸੀ:
-"ਸ਼ਾਮ ਨੂੰ ਖਾਣਾ ਤੇ ਤੜਕਿਓਂ ਗੰਦ ਬਣ ਜਾਣਾ।" ਪਰ ਫ਼ੌਜੀ ਦੀ ਇਹ ਕਹਾਵਤ ਫ਼ੌਜਣ ਦੇ ਜੁੱਤੀ ਦੇ ਯਾਦ ਨਹੀਂ ਸੀ। ਕਿਸੇ ਮਸ਼ਹੂਰ ਮੰਦਰ ਦੀ ਟੱਲੀ ਵਾਂਗ ਉਸ ਦੀ ਲੁਤਰੋ ਅੰਦਰ ਨਾ ਵੜਦੀ, ਖੜਕਦੀ ਹੀ ਰਹਿੰਦੀ।
ਫ਼ੌਜੀ ਹੌਲਦਾਰ ਪੈਨਸ਼ਨ ਆਇਆ ਤਾਂ ਉਸ ਦਾ ਭਰਾਵਾਂ ਨਾਲ ਸੰਨ੍ਹ ਨਾ ਰਲਿਆ। ਵਾਹੀ ਵਿਚ ਉਹ ਪਿਆ ਨਹੀਂ ਸੀ। ਵਿਹਲਾ ਉਸ ਨੂੰ ਭਰਾ ਜਰਦੇ ਨਹੀਂ ਸਨ। ਵੱਡੀ ਗੱਲ ਇਹ ਸੀ ਕਿ ਫ਼ੌਜੀ ਨੇ ਫ਼ੌਜ ਦੇ ਹਿਸਾਬ ਕਿਤਾਬ ਵਿਚੋ ਇੱਕ ਪੈਸਾ ਵੀ ਘਰੇ ਨਹੀਂ ਦਿਖਾਇਆ ਸੀ। ਇੱਕ ਫ਼ੌਜਣ ਅੱਠੋ ਪਹਿਰ ਘਰੇ 'ਮੇਲਣ' ਬਣੀ ਰਹਿੰਦੀ ਸੀ। ਕੰਮ ਦਾ ਡੱਕਾ ਤੋੜ ਕੇ ਦੂਹਰਾ ਕਰਨਾ, ਉਸ ਨੂੰ ਮਿਹਣਾ ਸੀ। ਸਾਰੀ ਉਮਰ ਵਿਹਲੀਆਂ ਹੀ ਖਾਧੀਆਂ ਸਨ। ਹਰਾਮ ਹੱਡ ਪਿਆ ਹੋਇਆ ਸੀ। ਫਿਰ ਵੀ ਉਹ ਫ਼ੌਜਣ ਸੀ, ਕਿਉਂ ਚੁੱਲ੍ਹੇ 'ਤੇ ਹੱਥ ਫੂਕਦੀ?
ਘਰ ਵਿਚ ਰੋਜ਼ਾਨਾ ਹੀ ਛਿਤਰੌਲ ਖੜਕਣ ਲੱਗ ਪਿਆ। ਬਿਗਾਨੀਆਂ ਧੀਆਂ ਅਤੇ ਬਰਾਬਰ ਦੀਆਂ ਸ਼ਰੀਕਣੀਆਂ, ਦਰਾਣੀਆਂ ਅਤੇ ਜਿਠਾਣੀਆਂ ਨੇ ਪੜਛੱਤੀ ਸਿਰ 'ਤੇ ਚੁੱਕ ਲਈ।
-"ਅਸੀਂ 'ਕੱਲੀਆਂ ਸਾਰਾ ਕੰਮ ਕਿਉਂ ਕਰੀਏ? ਇਹ ਤਾਂ ਬਣ ਤਣ ਕੇ ਇਉਂ ਬਹਿ ਜਾਂਦੀ ਐ-ਜਿਵੇਂ ਕੱਲ੍ਹ ਮੁਕਲਾਵੇ ਆਈ ਹੁੰਦੀ ਐ! ਅਸੀਂ ਕੁਛ ਦੇਣੈਂ ਏਸ ਘਰ ਦਾ?"
ਫ਼ੌਜੀ ਦੀ ਬਿਰਧ ਮਾਂ ਕਲੇਸ਼ ਤੋਂ ਅਤੀਅੰਤ ਦੁਖੀ ਸੀ। ਇਕ ਦਿਨ ਸ਼ਾਮ ਨੂੰ ਉਸ ਨੇ ਫ਼ੌਜੀ ਨੂੰ ਕੋਲ ਬਿਠਾ ਲਿਆ।
-"ਦੇਖ ਪੁੱਤ! ਗੁਰਮੀਤ ਵੀ ਤਾਂ ਇਸ ਘਰ ਦੀ ਨੂੰਹ ਐਂ-ਕੋਈ ਬਿਗਾਨੀ ਨਹੀਂ-ਉਸ ਨੂੰ ਆਖ-ਦੂਜੀਆਂ ਬਹੂਆਂ ਨਾਲ ਮਾੜੀ ਮੋਟੀ ਹੱਥ-ਪੜੱਥੀ ਕਰਵਾ ਦਿਆ ਕਰੇ-ਘਰ 'ਚ ਚਿੱਤੋ-ਪਹਿਰ ਕਲੇਸ਼ ਮਾੜਾ ਹੁੰਦੈ, ਸ਼ੇਰਾ!" ਬੇਬੇ ਦੀਆਂ ਝੁਰੜੀਆਂ ਵਿਚ ਫਿ਼ਕਰ ਕੰਬ ਰਿਹਾ ਸੀ।
-"ਮੈਂ ਤਾਂ ਸਾਰੀ ਉਮਰ ਨ੍ਹੀ ਕੀਤਾ-ਹੁਣ ਜਮਾਂ ਨ੍ਹੀ ਕਰਦੀ!" ਅੰਦਰੋਂ ਫ਼ੌਜਣ ਨੇ ਅਕਾਸ਼ਬਾਣੀ ਕੀਤੀ।
-"ਫੇਰ ਪੁੱਤ ਤੂੰ ਇਉਂ ਕਰ-ਸਾਰੀ ਦੁਨੀਆਂ ਬਾਹਰਲੇ ਮੁਲਕਾਂ ਨੂੰ ਤੁਰੀ ਜਾਂਦੀ ਐ-ਤੂੰ ਵੀ ਕਿਸੇ ਪਾਸੇ ਕੋਸ਼ਟ ਕਰਲਾ-ਇੱਕ ਮਰੂ ਦੂਜਾ ਫ਼ਾਹੇ ਲੱਗੂ-ਆਂਦਰਾਂ ਤਾਂ ਆਖਰ ਮੇਰੀਆਂ ਈ ਮੱਚਣੀਐਂ! ਇਹਨਾਂ ਬਿਗਾਨੀਆਂ ਧੀਆਂ ਦਾ ਕੱਖ ਨ੍ਹੀ ਜਾਣਾ-ਓਸ ਗੱਲ ਦੇ ਆਖਣ ਮਾਂਗੂੰ-ਇਹ ਤਾਂ ਅੱਡੋ ਅੱਡੀ ਪੇਕੀਂ ਜਾ ਬੈਠਣਗੀਆਂ-ਰੱਬ ਨੇ ਤੈਨੂੰ ਸਾਰਾ ਕੁਛ ਦਿੱਤੈ-ਜੇ ਕਿਸੇ ਪਾਸਿਓਂ ਥੁੜਿਆ ਤਾਂ ਮੈਨੂੰ ਦੱਸ ਦੇਈਂ-ਓਹ ਜਾਣੇਂ ਮੈਂ ਆਬਦੀਆਂ ਡੰਡੀਆਂ ਵੇਚ ਦਿਊਂ-ਪਰ ਪੁੱਤ ਭੇਜਣ ਨੂੰ ਤਾਂ ਮੇਰਾ ਵੀ ਦਿਲ ਨ੍ਹੀ ਕਰਦਾ-ਫਿਰ ਵੀ ਤੂੰ ਮੇਰੇ ਢਿੱਡ ਦੀ ਆਂਦਰ ਐਂ-ਪਰ ਰੋਜ ਦੇ ਸਿੜ੍ਹੀ-ਸਿਆਪੇ ਤੋਂ ਡਰਦੀ ਆਖਦੀ ਆਂ-ਲੜਾਈਆਂ ਭੜ੍ਹਾਈਆਂ 'ਚੋਂ ਕਿਸੇ ਨੇ ਕੁਛ ਨਹੀਂ ਖੱਟਿਆ-ਤੂੰ ਕਿਸੇ ਜੰਟ-ਜੁੰਟ ਨਾਲ ਗੱਲਬਾਤ ਕਰਕੇ ਕਿਸੇ ਬਿਲੇ ਲੱਗ-ਜਿੱਥੇ ਵਸੇਂਗਾ, ਸ਼ਾਂਤੀ ਨਾਲ ਤਾਂ ਵਸੇਂਗਾ? ਨਾਲੇ ਮੈਂ ਚਾਰ ਦਿਨ ਸੁਖ ਦੇ ਕੱਟ ਲਊਂ।"
ਬੇਬੇ ਦੀ ਠੰਢੀ ਦਲੀਲ ਫ਼ੌਜੀ ਦੇ ਦਿਲ ਵਿਚ ਘਰ ਕਰ ਗਈ।
-"ਨਾਲੇ ਤੇਰੇ ਤਿੰਨਾਂ ਜੁਆਕਾਂ ਦੀ ਜਿੰਦਗੀ ਸੁਧਰ ਜਾਊ-ਐਥੇ ਤਾਂ ਧੰਦ ਪਿੱਟਣ ਐਂ-ਜਿੰਨਾਂ ਮਰਜੀ ਐ ਪਿੱਟ ਲੈਣ।" ਫ਼ੌਜੀ ਨੂੰ ਚੁੱਪ ਦੇਖ ਕੇ ਬੇਬੇ ਨੇ ਫਿਰ ਕਿਹਾ।
ਪੈਨਸ਼ਨ ਹੋਣ 'ਤੇ ਮਿਲੀ ਰਕਮ ਫ਼ੌਜੀ ਨੇ ਬੈਂਕ ਵਿਚੋਂ ਕਢਵਾ ਕੇ ਦਿੱਲੀ ਦੇ ਕਿਸੇ ਏਜੰਟ ਦੇ ਚਰਨਾਂ ਵਿਚ ਜਾ ਰੱਖੀ। ਭਲੇ ਵੇਲਿਆਂ ਵਿਚ ਫ਼ੌਜੀ ਜਰਮਨ ਆ ਗਿਆ। ਇੱਕ ਸਾਲ ਜਰਮਨ ਪੈਰ ਨਾ ਲੱਗੇ ਤਾਂ ਉਹ ਆਸਟਰੀਆ ਪੁੱਜ ਗਿਆ। ਛੇ ਕੁ ਮਹੀਨੇ ਦੀ ਜੱਦੋ-ਜਹਿਦ ਮਗਰੋਂ ਫ਼ੌਜੀ ਨੂੰ ਪਰਮਿਟ ਮਿਲ ਗਿਆ ਅਤੇ ਪੱਕਾ ਹੋ ਗਿਆ। ਸਾਰਿਆਂ ਤੋਂ ਪਹਿਲਾਂ ਉਸ ਨੇ ਕੰਮ ਪਰਿਵਾਰ ਮੰਗਵਾਉਣ ਵਾਲਾ ਕੀਤਾ। ਤਿੰਨ ਬੱਚਿਆਂ ਸਮੇਤ ਗੁਰਮੀਤ ਕੌਰ ਆਸਟਰੀਆ ਆ ਗਈ। ਆਉਣਸਾਰ ਉਸ ਨੇ ਫ਼ੌਜੀ ਦੇ ਰਹਾਇਸ਼ੀ ਮਕਾਨ ਵਿਚ ਵੀਹ ਨਿਘੋਚਾਂ ਕੱਢੀਆਂ। ਪੁਰਾਣੀਆਂ ਜੁੱਤੀਆਂ, ਬੂਟ ਅਤੇ ਕੱਪੜੇ ਬਾਹਰ ਸੁੱਟੇ। ਫ਼ੌਜੀ ਦੇ ਬੱਗੇ ਹੋਏ ਵਾਲਾਂ 'ਚ ਨੁਕਸ ਕੱਢਿਆ। ਬੁੱਲ੍ਹ ਟੇਰੇ!
-"ਜੇ ਮੈਂ ਵਾਲ ਰੰਗਣ 'ਚ ਰਹਿੰਦਾ ਤਾਂ ਤੂੰ ਨਹੀਂ ਸੀ ਇੱਥੇ ਆ ਸਕਦੀ।" ਫ਼ੌਜੀ ਖੂੰਜਿਓਂ ਜੇਤੂਆਂ ਵਾਂਗ ਬੋਲਿਆ।
-"ਕਿਉਂ? ਕਾਲੇ ਵਾਲ ਮੇਰਾ ਵੀਜ਼ਾ ਰੋਕਦੇ ਸੀ?" ਅੱਗੋਂ ਉਸ ਨੇ ਕਵੱਲਾ ਵਾਰ ਕੀਤਾ। ਫ਼ੌਜੀ ਦਾ ਮੂੰਹ ਤਖ਼ਤੇ ਦੀ ਝੀਥ ਵਾਂਗ ਬੰਦ ਹੋ ਗਿਆ। ਉਹ ਤਾਂ ਗੁਰਮੀਤ ਕੌਰ ਤੋਂ ਥਾਪੀ ਦੀ ਆਸ ਲਾਈ ਬੈਠਾ ਸੀ। ਪਰ ਉਹ ਤਾਂ ਕਿੰਗਰਾ ਭੁਰੀ ਇੱਟ ਵਾਂਗ ਸਿੱਧਾ ਮੱਥੇ ਵਿਚ ਵੱਜ, ਟੀਕ ਚਲਾਈ ਜਾਂਦੀ ਸੀ।
-"ਤੂੰ ਨਹਾ ਲੈ! ਤੇਰਾ ਦਿਮਾਗ ਸੈੱਟ ਹੋ ਜਾਊ-ਫੇਰ ਆਪਾਂ ਬੈਠ ਕੇ ਗੱਲਾਂ ਬਾਤਾਂ ਕਰਾਂਗੇ।" ਫ਼ੌਜੀ ਨੇ ਕਿਹਾ।
-"ਗੁਸਲਖਾਨਾ ਕਿੱਥੇ ਐ?"
-"ਉਪਰ ਐ-ਚੱਲ ਤੈਨੂੰ ਸਮਝਾ ਕੇ ਆਵਾਂ।"
ਅੱਗੜ-ਪਿੱਛੜ ਉਹ ਬਾਥਰੂਮ ਨੂੰ ਹੋ ਤੁਰੇ।
ਗਰਮ-ਸਰਦ ਪਾਣੀ ਬਾਰੇ ਫ਼ੌਜੀ ਨੇ ਉਸ ਨੂੰ ਸਾਰਾ ਕੁਝ ਸਮਝਾ ਦਿੱਤਾ। ਸਾਬਣ, ਸ਼ੈਂਪੂ ਅਤੇ ਨਵਾਂ ਤੌਲੀਆ ਦੇ ਦਿੱਤਾ। ਬਾਥਰੂਮ ਦਾ ਦਰਵਾਜਾ ਬੰਦ ਕਰ ਉਹ ਹੇਠਾਂ ਉਤਰ ਆਇਆ।
ਜੁਆਕ ਹੇਠਾਂ ਚੀਕ-ਚਿਹਾੜਾ ਪਾਈ ਬੈਠੇ ਸਨ।
-"ਦੇਖੋ ਬੇਟੇ! ਇਹ ਇੰਡੀਆ ਨਹੀਂ, ਆਸਟਰੀਆ ਹੈ-ਇੱਥੇ ਸਿਆਣੇ ਬੱਚੇ ਰੌਲਾ ਨਹੀਂ ਪਾਉਂਦੇ-ਅਗਰ ਤੁਸੀਂ ਰੌਲਾ ਪਾਵੋਂਗੇ, ਗੁਆਂਢੀ ਪੁਲਸ ਬੁਲਾ ਲੈਣਗੇ।" ਫ਼ੌਜੀ ਨੇ ਬੜੇ ਪਿਆਰ ਨਾਲ ਸਮਝਾਇਆ। ਪੁਲੀਸ ਦਾ ਨਾਂ ਸੁਣ ਕੇ ਬੱਚੇ ਚੁੱਪ ਹੋ ਗਏ ਅਤੇ ਵੱਖੋ-ਵੱਖਰੇ ਖਿਡਾਉਣਿਆਂ ਨਾਲ ਖੇਡਣ ਲੱਗ ਪਏ। ਫ਼ੌਜੀ ਟੀ ਵੀ ਲਾ ਕੇ ਬੈਠ ਗਿਆ। ਅੱਜ ਉਹ ਪ੍ਰੀਵਾਰ ਵਿਚ ਬੈਠਾ ਅਥਾਹ ਖੁਸ਼ ਸੀ। ਇਕੱਲੇ ਨੇ ਦੋ ਸਾਲ ਦਸੌਂਟਾ ਹੀ ਕੱਟਿਆ ਸੀ। ਖੁਦ ਹੱਥ ਫ਼ੂਕੇ ਸਨ ਜਾਂ ਫਿਰ ਬਰੈੱਡ ਖਾ ਕੇ ਹੀ ਗੁਜ਼ਾਰਾ ਕਰ ਲਿਆ ਸੀ। ਦਿਨ-ਰਾਤ ਕਮਾਈ ਕੀਤੀ ਸੀ। ਚਾਰ-ਚਾਰ ਘੰਟੇ ਸੌਂ ਕੇ ਵੀਹ-ਵੀਹ ਘੰਟੇ ਸੱਤੇ ਦਿਨ ਕੰਮ ਕੀਤਾ ਸੀ। ਬਗੈਰ ਕਿਸੇ ਛੁੱਟੀ ਤੋਂ! ਅੱਜ ਉਸ ਦੀ ਕੀਤੀ ਕਮਾਈ ਰਾਸ ਆ ਗਈ ਸੀ। ਨਹੀਂ ਤਾਂ ਲੋਕ ਦਸ-ਦਸ ਸਾਲ ਦੇ ਇੱਥੇ ਬੈਠੇ ਸਨ। ਆਪਣਾ ਪ੍ਰੀਵਾਰ ਨਹੀਂ ਮੰਗਵਾ ਸਕੇ ਸਨ। ਫ਼ੌਜੀ ਤਾਂ ਅੱਜ ਸਿਰੋਂ ਸਰਦਾਰ ਸੀ। ਉਹ ਪਰਜਾ ਵਿਚ ਬੈਠੇ ਮਹਾਰਾਜੇ ਵਾਂਗ ਆਕੜਿਆ ਬੈਠਾ ਸੀ।
ਜਦ ਨੂੰ ਫ਼ੌਜਣ ਨਹਾ ਕੇ ਮੁੜੀ, ਉਸ ਨੇ ਦੋ ਕਰੜੇ ਪੈੱਗ ਚਾਹੜ ਲਏ ਸਨ। ਨਹਾ-ਧੋ ਕੇ ਫ਼ੌਜਣ ਹੋਰ ਨਿੱਖਰ ਆਈ ਸੀ। ਖੁੱਲ੍ਹੇ ਗਿੱਲੇ ਵਾਲ ਅਤੇ ਸੰਧੂਰੀ ਗੱਲ੍ਹਾਂ ਦੇਖ ਕੇ ਫ਼ੌਜੀ ਦਾ ਦਿਲ ਡੋਲ ਗਿਆ। ਉਹ ਫ਼ੌਜਣ ਨੂੰ ਜੁਆਕਾਂ ਤੋਂ ਓਹਲੇ ਕਰ, ਕਿਚਨ ਵਿਚ ਲੈ ਗਿਆ ਅਤੇ ਜੱਫ਼ੀ ਪਾ ਲਈ।
-"ਵੇ ਪਰ੍ਹੇ ਹੱਟ! ਮੁਸ਼ਕ ਮਾਰਦੈ ਜੈ ਖਾਣੇ ਦੇ-ਦੇ ਵਿਚੋਂ! ਨਹਾਉਣਾ ਨਾ ਧੋਣਾਂ-ਜੂਆਂ ਦੀ ਖਾਧ!" ਉਸ ਨੇ ਫ਼ੌਜੀ ਨੂੰ ਧੱਕਾ ਦੇ ਕੇ ਕੰਧ ਨਾਲ ਲਾ ਦਿੱਤਾ।
ਫ਼ੌਜੀ ਦਾ ਨਸ਼ਾ ਖੋਟਾ ਹੋ ਗਿਆ।
-"ਮੈਂ ਦਿਨ ਰਾਤ ਇੱਕ ਕਰਕੇ ਥੋਨੂੰ ਐਥੇ ਮੰਗਵਾਇਆ ਤੇ ਤੂੰ-!" ਫ਼ੌਜੀ ਨੇ ਉਸ ਨੂੰ ਸਮਝਾਉਣਾ ਚਾਹਿਆ। ਮੇਰ ਜਿਹੀ ਕੀਤੀ।
-"ਮੰਗਵਾਇਆ ਤੂੰ ਆਬਦੇ ਪਰਵਾਰ ਨੂੰ ਐਂ-ਕਿਸੇ ਸੱਤ ਬਿਗਾਨੇ ਨੂੰ ਨਹੀਂ ਮੰਗਵਾਇਆ-ਆਬਦਿਆਂ ਨੂੰ ਸਾਰੀ ਦੁਨੀਆਂ ਮੰਗਵਾਉਂਦੀ ਐ-ਜੁਆਕਾਂ ਦੀ ਜਿੰਦਗੀ ਸੁਆਰਨਾ ਹਰ ਪਿਉ ਦਾ ਫ਼ਰਜ ਐ!"
-"ਤੇ ਭਾਗਵਾਨੇ! ਤੇਰਾ ਕੋਈ ਫ਼ਰਜ਼ ਈ ਨਹੀਂ?" ਫ਼ੌਜੀ ਨੇ ਉਸ ਨੂੰ ਫਿਰ ਗਲਵਕੜੀ ਵਿਚ ਲੈਣਾ ਚਾਹਿਆ। ਉਹ ਤੁੱਕਿਆਂ ਵੱਲ ਔਹਲਦੇ ਬੋਕ ਵਾਂਗ, ਵਾਰ-ਵਾਰ ਫ਼ੌਜਣ ਦੀਆਂ ਗੱਲ੍ਹਾਂ ਵੱਲ ਨੂੰ, ਝਈਆਂ ਲੈ-ਲੈ ਕੇ ਪੈ ਰਿਹਾ ਸੀ।
-"ਵੇ ਪਰ੍ਹੇ ਹੋ ਜਾਹ! ਮੈਨੂੰ ਵੀ ਆਬਦੇ ਅਰਗੀ ਬੁੜ੍ਹੀ ਜੀ ਕਰ ਦੇਵੇਂਗਾ-ਕਹਿੰਦੇ ਹੁੰਦੇ ਐ-ਬੁੜ੍ਹੀਆਂ ਗਾਈਆਂ ਦੇ ਵੱਗ 'ਚ ਤੁਰੀ ਫਿਰਦੀ ਵਹਿੜ ਵੀ ਮੌਲੀ ਦਿਸਣ ਲੱਗ ਪੈਂਦੀ ਐ।" ਫ਼ੌਜੀ ਨੂੰ ਇੱਕ ਤਰ੍ਹਾਂ ਨਾਲ, ਨਾਲੋਂ ਤੋੜ ਕੇ ਉਹ ਡਰਾਇੰਗ-ਰੂਮ ਵਿਚ ਟੀ ਵੀ ਅੱਗੇ ਜਾ ਬੈਠੀ।
ਹਾਰੇ-ਹੁੱਟੇ ਸਾਹਣ ਵਾਂਗ ਦਧਨ ਹੋਏ ਫ਼ੌਜੀ ਨੇ ਮੂੰਹ ਲਾ ਕੇ ਅੱਧੀ ਬੋਤਲ ਸੂਤ ਧਰੀ। ਉਹ ਛਿੱਥਾ ਜਿਹਾ ਪਿਆ ਖੜ੍ਹਾ ਸੀ। ਉਸ ਦੇ ਸੁਪਨੇ ਚੂਰ ਹੋ ਗਏ ਸਨ। ਉਹ ਤਾਂ ਦਿਨ-ਰਾਤ ਕਲਪਨਾ ਵਿਚ ਫ਼ੌਜਣ ਨੂੰ ਹੀ ਬੁੱਕਲ ਵਿਚ ਲਈ ਰੱਖਦਾ ਸੀ। ਉਸ ਦੇ ਦਿਲ ਵਿਚ ਸੀ: ਫ਼ੌਜਣ ਆਵੇਗੀ, ਪਰੌਂਠੇ ਪਕਾ ਕੇ ਦਿਆ ਕਰੇਗੀ। ਥੱਕ ਟੁੱਟ ਕੇ ਆਏ ਦੀਆਂ ਲੱਤਾਂ ਘੁੱਟਿਆ ਕਰੇਗੀ। ਹੱਥੀਂ ਪੈੱਗ ਪਾ ਕੇ ਦਿਆ ਕਰੇਗੀ। ਗਲਵਕੜੀ ਪਾ ਕੇ ਪਿਆਰ ਕਰੇਗੀ ਤਾਂ ਸਾਰੇ ਦਿਨ ਦਾ ਥਕੇਂਵਾਂ ਦੂਰ ਹੋ ਜਾਇਆ ਕਰੇਗਾ!
ਪਰ ਅੱਜ ਤਾਂ ਫ਼ੌਜੀ ਦੇ ਸਿਰ ਵਿਚ ਜਿਵੇਂ ਕੱਛ 'ਚੋਂ ਮੂੰਗਲਾ ਵੱਜਿਆ ਸੀ। ਇਹ ਤਾਂ ਸਾਲੀ ਸੂਲ ਦੇ ਮਰੀਜ਼ ਵਾਂਗੂੰ ਨੇੜੇ ਨਹੀਂ ਲੱਗਣ ਦਿੰਦੀ! ਇਹ ਕਿਤੇ ਸਾਲੀ ਕਿਸੇ ਹੋਰ ਨਾਲ ਕੁੰਡਾ ਤਾਂ ਨਹੀਂ ਪਸਾਈ ਫਿਰਦੀ? ਤੀਮੀਂ ਦਾ ਕੀ ਐ? ਘਰਵਾਲਾ ਘਰ ਨਹੀਂ ਤੇ ਸਾਨੂੰ ਕਿਸੇ ਡਰ ਨਹੀਂ! ਨਾਲੇ ਇਹ ਤਾਂ ਦੋ ਸਾਲ ਇਕੱਲੀ ਰਹੀ ਐ, ਮੇਰੇ ਤੋਂ ਬਿਨਾਂ! ਤੇ ਉਹ ਵੀ ਪੇਕਿਆਂ ਦੇ ਘਰ! ਪੇਕੀਂ ਤਾਂ ਸਾਲੀਆਂ, ਭਰਾ ਬਣਾ ਕੇ ਆਸ਼ਕੀ ਕਰਦੀਐਂ! ਸਹੁਰੇ ਘਰ ਤਾਂ ਵੀਹ ਡਰ ਅਤੇ ਵੀਹ ਸ਼ਰਮਾਂ! ਸਹੁਰੀਂ ਤਾਂ ਕਿਸੇ ਦਿਉਰ-ਜੇਠ ਨਾਲ ਗੱਲ ਕਰੂ, ਵੀਹ ਗੱਲਾਂ ਹੋਣਗੀਆਂ। ਪਰ ਪੇਕੀਂ ਕੋਈ ਨਹੀਂ ਪੁੱਛਦਾ! ਦੁੱਧ ਅਤੇ ਬੁੱਧ ਫ਼ੱਟਦੀ ਦਾ ਕੋਈ ਪਤਾ ਨਹੀਂ ਲੱਗਦਾ!
ਫਿਰ ਫ਼ੌਜੀ ਨੇ ਆਪਣੇ ਆਪ ਨੂੰ ਹੀ ਲਾਹਣਤ ਪਾਈ। ਉਹ ਆਪਣੀ ਹੀ ਪਤਨੀ ਬਾਰੇ ਕੀ ਕੁਝ ਸੋਚ ਗਿਆ ਸੀ? ਇਹ ਵਿਚਾਰੀ ਦੋ ਸਾਲ ਮੇਰੇ ਤੋਂ ਬਗੈਰ ਰਹੀ। ਇਸ ਦੀਆਂ ਭਾਵਨਾਵਾਂ ਹੀ ਮਰ-ਮੁੱਕ ਗਈਆਂ ਹਨ। ਵੇਲ ਨੂੰ ਪਾਣੀ ਨਾ ਮਿਲੇ, ਉਹ ਵੀ ਸੜ-ਸੁੱਕ ਜਾਂਦੀ ਹੈ! ਫਿਰ ਭਾਵੇਂ ਬਾਲਟੀਆਂ ਭਰ-ਭਰ ਪਾਣੀ ਪਾਈ ਜਾਵੋ, ਵੇਲ ਨੂੰ ਕੋਈ ਆਸਰਾ ਨਹੀਂ, ਕੋਈ ਫ਼ਾਇਦਾ ਨਹੀਂ! ਇਹਨੂੰ ਮੇਰੀ ਹਮਦਰਦੀ ਅਤੇ ਆਸਰੇ ਦੀ ਲੋੜ ਹੈ! ਹੌਲੀ-ਹੌਲੀ ਥਾਂ ਸਿਰ ਆ ਜਾਵੇਗੀ। ਇਕੱਲੀ ਰਹਿਣ ਨਾਲ ਇਸ ਦਾ ਸੁਭਾਅ ਚਿੜਚੜਾ ਹੋ ਗਿਆ ਹੈ। ਇਸ ਨੂੰ ਨਿੱਘੇ ਹੁਲਾਸ ਦੀ ਲੋੜ ਹੈ।
ਸੋਚਾਂ ਦੇ ਝੱਖੜ ਵਿਚ ਝੁਲਦਾ ਫ਼ੌਜੀ ਬਾਥਰੂਮ ਚਲਾ ਗਿਆ। ਸਾਰਾ ਬਾਥਰੂਮ ਪਾਣੀ ਨਾਲ ਗੱਚ ਹੋਇਆ ਪਿਆ ਸੀ। ਫ਼ੌਜੀ ਨੂੰ ਲੱਗਿਆ ਜਿਵੇਂ ਇੱਥੇ ਫ਼ੌਜਣ ਨਹੀਂ, ਕੋਈ ਮੱਝ ਨੁਹਾ ਕੇ ਗਿਆ ਸੀ। ਕੱਪੜਾ ਲੈ ਕੇ ਫ਼ੌਜੀ ਨੇ ਸਾਰਾ ਬਾਥਰੂਮ ਸਾਫ਼ ਕੀਤਾ। ਬਾਰੀ ਖੋਲ੍ਹੀ। ਇੰਡੀਆ 'ਚ ਕਿਹੜਾ ਅਜਿਹੇ ਬਾਥਰੂਮਾਂ 'ਚ ਨਹਾਉਂਦੈ? ਹੌਲੀ-ਹੌਲੀ ਇਹ ਆਪੇ ਸਾਰੇ ਕਾਰਜ ਸਮਝ ਲਵੇਗੀ। ਸਮੇਂ ਦੇ ਨਾਲ-ਨਾਲ ਬੰਦੇ ਨੂੰ ਸਾਰਾ ਕੁਝ ਆਪੇ ਹੀ ਸਮਝ ਆ ਜਾਂਦੈ।
ਫ਼ੌਜੀ ਨੇ ਦੋਨੋਂ ਮੁੰਡੇ ਅਤੇ ਕੁੜੀ ਖੁਦ ਗਰਮ-ਗਰਮ ਪਾਣੀ ਨਾਲ ਨੁਹਾਏ। ਖਾ ਪੀ ਕੇ ਜੁਆਕ ਸੌਂ ਗਏ।
ਪੈੱਗ ਮਾਰ ਕੇ ਫ਼ੌਜੀ ਸ਼ਾਮ ਨੂੰ ਫਿਰ ਫ਼ੌਜਣ ਨਾਲ ਅੜ ਕੇ ਬੈਠ ਗਿਆ। ਹੁਣ ਉਹ ਡਰਾਇੰਗ-ਰੂਮ ਵਿਚ ਦੋਨੋਂ ਇਕੱਲੇ ਸਨ।
-"ਬੇਬੇ ਦਾ ਕੀ ਹਾਲ ਸੀ?"
-"ਨਾ ਮੈਂ ਉਥੇ ਗਈ ਆਂ-ਨਾ ਉਹ ਆਈ ਐ।" ਉਸ ਨੇ ਸੰਖੇਪ ਕਹਿ ਦਿੱਤਾ। ਬੜੀ ਆਕੜ ਨਾਲ!
-"ਬੇਬੇ ਤਾਂ ਬਿਰਧ ਐ-ਤੁਰ ਫਿਰ ਨਹੀਂ ਸਕਦੀ-ਤੂੰ ਤਾਂ ਮਿਲ ਆਉਣਾ ਸੀ? ਬੰਦੇ ਦਾ ਕੀ ਹੁੰਦੈ-ਨਦੀ ਕਿਨਾਰੇ ਰੁੱਖੜਾ!"
-"ਮੇਰਾ ਤਾਂ ਕੋਈ ਢੇਕਾ ਨਹੀਂ ਲੱਗਦਾ-ਨਾ ਹੀ ਮੈਨੂੰ ਕਿਸੇ ਦਾ ਹੇਜ ਆਉਂਦੈ-ਮੈਨੂੰ ਤਾਂ ਜੀਅ-ਜੀਅ ਨੇ ਤੋੜ ਤੋੜ ਖਾਧੈ!" ਉਹ ਬਿਨਾਂ ਗੱਲੋਂ ਗਲ ਨੂੰ ਆਉਂਦੀ ਸੀ।
ਫ਼ੌਜੀ ਦਾ ਦਿਲ ਟੁੱਟ ਗਿਆ। ਆਸ ਮਰ ਗਈ।
-"ਚੱਲ ਰੋਟੀ ਲਾਹ, ਖਾਈਏ।" ਰਹਿੰਦੀ ਬੋਤਲ 'ਚੋਂ ਉਸ ਨੇ ਰਹਿੰਦੀਆਂ ਘੁੱਟਾਂ ਭਰ ਲਈਆਂ।
ਫ਼ੌਜੀ ਨੇ ਹੀਟਰ ਛੱਡ ਦਿੱਤਾ। ਫ਼ੌਜਣ ਨੇ ਰੋਟੀਆਂ ਲਾਹ ਦਿੱਤੀਆਂ। ਕਾਲਜਾ ਧਾਫ਼ੜਨ ਲਈ ਉਸ ਨੇ ਰੋਟੀ ਖਾ ਲਈ। ਭੁੱਖ ਉਸ ਨੂੰ ਕੋਈ ਖਾਸ ਨਹੀਂ ਲੱਗੀ ਸੀ। ਪਹਿਲੇ ਦਿਨ ਹੀ ਫ਼ੌਜਣ ਨੇ ਕੜ੍ਹੀ 'ਚ ਸੁਆਹ ਧੂੜ ਦਿੱਤੀ ਸੀ। ਫ਼ੌਜੀ ਨੂੰ ਇਹ ਸਮਝ ਨਹੀਂ ਆ ਰਹੀ ਸੀ ਕਿ ਫ਼ੌਜਣ ਚਾਹੁੰਦੀ ਕੀ ਸੀ? ਬੰਦਾ ਕੋਈ ਗੱਲ ਵੀ ਤਾਂ ਦੱਸਦੈ? ਦੁਖ-ਸੁਖ ਕਰਦੈ। ਦਿਲ ਦਾ ਉਬਾਲ ਕੱਢਦੈ ਅਤੇ ਫਿਰ ਹਲਕਾ ਫੁੱਲ ਵਰਗਾ ਹੋ ਜਾਂਦੈ। ਜਿ਼ੰਦਗੀ ਆਮ ਚਾਲੇ ਪੈ ਜਾਂਦੀ ਹੈ!
ਫ਼ੌਜੀ ਨੇ ਇੱਕ ਹਫ਼ਤੇ ਦੀਆਂ ਛੁੱਟੀਆਂ ਲਈਆਂ ਹੋਈਆਂ ਸਨ। ਹਫ਼ਤੇ ਦੇ ਵਿਚ ਉਸ ਨੇ ਪ੍ਰੀਵਾਰ ਨੂੰ ਵਾਹਵਾ ਘੁੰਮਾ ਫਿਰਾ ਦਿੱਤਾ ਸੀ। ਬੱਚੇ ਸਕੂਲ ਲਾ ਦਿੱਤੇ ਸਨ।
ਫ਼ੌਜਣ ਆਮ ਤੌਰ 'ਤੇ ਟੈਲੀਫ਼ੋਨ ਨੂੰ ਹੀ ਚਿੰਬੜੀ ਰਹਿੰਦੀ। ਜਦ ਫ਼ੌਜੀ ਘਰ ਆਉਂਦਾ ਤਾਂ ਫ਼ੋਨ ਤੁਰੰਤ ਬੰਦ ਕਰ ਦਿੰਦੀ। ਜੇ ਫ਼ੌਜੀ ਪੁੱਛਦਾ, "ਕੀਹਨੂੰ ਫ਼ੋਨ ਕਰਦੀ ਸੀ?" ਤਾਂ ਇੱਕੋ ਹੀ ਘੜ੍ਹਿਆ ਘੜ੍ਹਾਇਆ ਉੱਤਰ ਮਿਲਦਾ, "ਬੇਬੇ ਨੂੰ ਕਰਦੀ ਸੀ!" ਫ਼ੌਜੀ ਅੰਦਰ ਧੁੜਕੂ ਜਾਗ ਪਿਆ ਕਿ ਇਹ ਮੇਰੇ ਆਉਣਸਾਰ ਫ਼ੋਨ ਕਿਉਂ ਬੰਦ ਕਰ ਦਿੰਦੀ ਹੈ? ਆਪ ਦੀ ਮਾਂ ਨਾਲ ਗੱਲ ਕਰਦੀ ਐ, ਸੌ ਵਾਰੀ ਕਰੇ! ਕਦੇ ਹਟਾਇਐ? ਫ਼ੋਨ ਚੋਰ ਬੰਦਾ ਕੱਟਦੈ! ਜਿਸ ਨੂੰ ਕਿਸੇ ਆਪਣੀ ਕਮਜ਼ੋਰੀ ਦਾ ਡਰ ਹੋਵੇ! ਸਿੱਧਾ ਸੱਚਾ ਬੰਦਾ ਨਿਧੜਕ, ਗੱਲ ਜਾਰੀ ਰੱਖਦੈ! ਪਰ ਫ਼ੌਜੀ ਨੇ 'ਚੱਲ ਹੋਊ' ਕਰ ਦਿੱਤਾ। ਇਤਨਾ ਜ਼ਰੂਰ ਕਿਹਾ, "ਇੱਥੇ ਫ਼ੋਨ ਬਹੁਤ ਮਹਿੰਗੇ ਐ-ਫ਼ੋਨ ਸੰਭਲ ਕੇ ਕਰਿਆ ਕਰ! ਬਿੱਲ ਬਹੁਤ ਆਜੂਗਾ-ਮੈਂ 'ਕੱਲਾ ਕਮਾਊ ਐਂ ਤੇ ਖਾਣ ਵਾਲੇ ਆਪਾਂ ਕਿੰਨੇ ਆਂ!"
ਪਰ ਫ਼ੌਜਣ ਨੇ ਕੋਈ ਉੱਤਰ ਨਾ ਦਿੱਤਾ। ਚੁੱਪ-ਚਾਪ ਨਹਾਉਣ ਤੁਰ ਗਈ। ਫ਼ੌਜੀ ਅੰਦਰੋਂ ਸੜ ਉਠਿਆ। ਬੰਦਾ ਕਿਤੇ ਤਾਂ ਸਿੱਧੇ ਮੂੰਹ ਗੱਲ ਕਰਦੈ? ਮਹੀਨਾ ਹੋ ਗਿਆ ਇਹਨੂੰ ਆਈ ਨੂੰ! ਕਦੇ ਨਾਲ ਬੈੱਡ 'ਤੇ ਨਹੀਂ ਸੌਣ ਦਿੱਤਾ। ਰੋਟੀਆਂ ਤਾਂ ਮੈਂ ਇਕੱਲਾ ਵੀ ਖਾਈ ਜਾਂਦਾ ਸੀ! ਬੰਦੇ ਨੂੰ ਸਰੀਰਕ ਅਤੇ ਆਤਮਿਕ ਤੌਰ 'ਤੇ ਵੀ ਸੰਤੁਸ਼ਟੀ ਚਾਹੀਦੀ ਹੈ! ਇਹ ਸਾਲੀ ਜਮਾਂ ਹੀ ਮਰ ਮੁੱਕ ਗਈ। ਇਹਨੂੰ ਲੇਡੀ ਡਾਕਟਰ ਕੋਲ ਲੈ ਕੇ ਜਾਵਾਂ? ਕੀ ਐ ਮੋਸ਼ਨ ਫੜਨ ਹੀ ਲੱਗ ਪਵੇ? ਇਕੱਲੀ ਰਹਿ ਕੇ ਇਹਦੀ ਸਰੀਰਕ-ਭਾਵਨਾ ਖ਼ਤਮ ਹੋ ਗਈ! ਅੱਖਾਂ ਤੋਂ ਦੂਰ ਹੋਣ ਨਾਲ ਬੰਦਾ ਮਨ ਤੋਂ ਵੀ ਦੂਰ ਹੋ ਜਾਂਦੈ! ਉਹ ਅਜ਼ੀਬ ਅਧੇੜਬੁਣ ਵਿਚ ਪਿਆ ਰਹਿੰਦਾ।
ਦੋ ਕੁ ਮਹੀਨਿਆਂ ਵਿਚ ਹੀ ਫ਼ੌਜਣ ਅਤੇ ਬੱਚਿਆਂ ਦੀ 'ਪੱਕੀ ਮੋਹਰ' ਲੱਗ ਗਈ। ਪੱਕੀ ਮੋਹਰ ਲੁਆ ਕੇ ਫ਼ੌਜੀ, ਫ਼ੌਜਣ ਨੂੰ ਲੇਡੀ ਡਾਕਟਰ ਕੋਲ ਲੈ ਗਿਆ। ਲੇਡੀ ਡਾਕਟਰ ਨੇ ਫ਼ੌਜਣ ਨੂੰ ਪੂਰਨ ਤੌਰ 'ਤੇ ਅਰੋਗ ਕਰਾਰ ਦੇ ਦਿੱਤਾ। ਰਲ ਮਿਲ ਕੇ 'ਖੁਸ਼ਹਾਲ' ਜੀਵਨ ਜੀਣ ਲਈ ਕਿਹਾ।
ਫ਼ੌਜੀ ਸਵੇਰੇ ਕੰਮ 'ਤੇ ਜਾਂਦਾ ਅਤੇ ਰਾਤ ਦੇ ਦਸ ਵਜੇ ਕੰਮ ਤੋਂ ਆਉਂਦਾ। ਹੁਣ ਪ੍ਰੀਵਾਰ ਆਉਣ ਕਰਕੇ ਘਰ ਦਾ ਖਰਚਾ ਵਧ ਗਿਆ ਸੀ। ਓਵਰ ਟਾਈਮ ਬਿਨਾਂ ਗੁਜ਼ਾਰਾ ਨਹੀਂ ਹੁੰਦਾ ਸੀ। ਉਹ ਸਾਰਾ ਹਫ਼ਤਾ, ਸਵੇਰੇ ਛੇ ਵਜੇ ਤੋਂ ਰਾਤ ਦਸ ਵਜੇ ਤੱਕ ਕੰਮ ਕਰਦਾ। ਆ ਕੇ ਦਾਰੂ ਪੀ, ਰੋਟੀ ਖਾ ਕੇ ਸੌਂ ਜਾਂਦਾ। ਕੋਹਲੂ ਦੇ ਬੈਲ ਵਾਂਗ ਗੇੜ ਜਾਰੀ ਸੀ। ਘਰੇ ਰੋਟੀ ਤੋਂ ਬਗੈਰ ਉਸ ਨੂੰ ਕੋਈ ਸਹੂਲਤ ਨਹੀਂ ਸੀ। ਉਹ ਦਿਲੋਂ ਦੁਖੀ ਸੀ। ਅਤੀਅੰਤ ਦੁਖੀ। ਪਰ ਕਲੇਸ਼ ਡਰੋਂ ਚੁੱਪ ਸੀ। ਇੱਕ ਲਾਵੇ ਵਾਂਗ ਅੰਦਰੋਂ ਅੰਦਰੀ ਧੁਖ ਰਿਹਾ ਸੀ।
ਇੱਕ ਦਿਨ ਫ਼ੌਜੀ ਦੁਪਿਹਰੇ ਗਿਆਰਾਂ ਵਜੇ ਹੀ ਕੰਮ ਤੋਂ ਵਾਪਿਸ ਆ ਗਿਆ। ਉਸ ਨੂੰ ਪੰਜ ਭੱਠ ਬੁਖਾਰ ਚੜ੍ਹਿਆ ਹੋਇਆ ਸੀ। ਉਸ ਨੇ ਊਧ-ਮਧੂਣੇ ਜਿਹੇ ਨੇ ਦਰਵਾਜਾ ਖੋਲਿਆ। ਅੰਦਰੋਂ ਟੀ ਵੀ ਦੀ ਅਵਾਜ਼ ਆ ਰਹੀ ਸੀ। ਫ਼ੌਜਣ ਬੇਖਬਰ ਟੈਲੀਫ਼ੋਨ ਨੂੰ ਚਿੰਬੜੀ ਹੋਈ ਸੀ। ਪਤਾ ਨਹੀਂ ਕਿਸ ਨਾਲ ਗੱਲ ਕਰ ਰਹੀ ਸੀ?
ਫ਼ੌਜੀ ਕੰਧ ਨਾਲ ਛਹਿ ਕੇ ਖੜ੍ਹ ਗਿਆ। ਬਾਘੜ੍ਹ ਬਿੱਲੇ ਵਾਂਗ!
ਫ਼ੋਜਣ ਫ਼ੋਨ 'ਤੇ ਕਿਸੇ ਨੂੰ ਆਖ ਰਹੀ ਸੀ:
-"ਮੇਰੀ ਪੱਕੀ ਮੋਹਰ ਲੱਗ ਗਈ ਐ-ਹੁਣ ਮੈਂ ਤੈਨੂੰ ਜਲਦੀ ਹੀ ਮੰਗਵਾ ਕੇ ਛੱਡੂੰਗੀ-ਫ਼ੌਜੀ ਨੂੰ ਤਾਂ ਮੈਂ ਨੇੜੇ ਨਹੀਂ ਫ਼ਟਕਣ ਦਿੱਤਾ-ਤੂੰ ਮੈਨੂੰ ਆਬਦੇ ਪਾਸਪੋਰਟ ਦੀ ਫ਼ੋਟੋ ਕਾਪੀ ਤੇ ਫ਼ੋਟੋਆਂ ਭੇਜ ਦੇਈਂ-ਮੈਂ ਕੰਮ 'ਤੇ ਲੱਗਣਸਾਰ ਤੈਨੂੰ ਕਾਗਜ਼ ਪੱਤਰ ਭੇਜ ਦਿਆਂਗੀ-ਤੇਰੇ ਬਿਨਾਂ ਤਾਂ ਮੈਂ ਮਰਦੀ ਜਾਨੀਂ ਐਂ-ਸਹੁੰ ਮਹਾਰਾਜ ਦੀ, ਦਿਲ ਨਹੀਂ ਲੱਗਦਾ-ਸਾਰੀ ਸਾਰੀ ਰਾਤ ਮੈਨੂੰ ਤੇਰੇ ਈ ਸੁਪਨੇ ਆਉਂਦੇ ਰਹਿੰਦੇ ਐ-ਮੇਰੀ ਹਿੱਕ 'ਤੇ ਈ ਚੜ੍ਹਿਆ ਰਹਿੰਨੈ ਤੂੰ ਤਾਂ।" ਉਹ ਆਖ ਰਹੀ ਸੀ।
ਫ਼ੌਜੀ ਨੇ ਬਾਹਰਲਾ ਦਰਵਾਜਾ ਬੰਦ ਕਰ ਦਿੱਤਾ।
ਮੁੜ ਕੇ ਦੇਖਦੀ ਫ਼ੌਜਣ ਨੇ ਘਬਰਾ ਕੇ ਫ਼ੋਨ ਬੰਦ ਕਰ ਦਿੱਤਾ।
-"ਐਡੀ ਜਲਦੀ-?" ਉਹ ਪੂਣੀ ਵਾਂਗ ਬੱਗੀ ਹੋਈ ਖੜ੍ਹੀ ਪੁੱਛ ਰਹੀ ਸੀ। ਫ਼ੌਜੀ ਟਾਈਮ ਤੋਂ ਪਹਿਲਾਂ ਕਦੇ ਘਰ ਨਹੀਂ ਆਇਆ ਸੀ।
-"ਕੀਹਦੇ ਨਾਲ ਗੱਲਾਂ ਕਰਦੀ ਸੀ ਫ਼ੋਨ 'ਤੇ?" ਫ਼ੌਜੀ ਦੀਆਂ ਅੱਖਾਂ 'ਚੋਂ ਰੱਤ ਚੋਅ ਰਹੀ ਸੀ।
ਫ਼ੌਜਣ ਡਰ ਗਈ।
-"ਭੂਆ ਦੇ ਮੁੰਡੇ ਦਾ ਫ਼ੋਨ ਸੀ।"
-"ਭੂਆ ਦੇ ਮੁੰਡੇ ਨਾਲ ਐਹੋ ਜੀਆਂ ਨੰਗੀਆਂ ਗੱਲਾਂ-ਕੁੱਤੀਏ ਰੰਨੇ!" ਡੰਡਾ ਲੈ ਕੇ ਉਸ ਨੇ ਫ਼ੌਜਣ ਦੀ ਤਹਿ ਲਾ ਦਿੱਤੀ। ਰੋਂਭੜ੍ਹੇ ਪਾ ਦਿੱਤੇ।
-"ਮੈਨੂੰ ਨਹੀਂ ਸੀ ਪਤਾ ਬਈ ਮੈਂ ਕਿਉਂ ਬੁੜ੍ਹਾ ਲੱਗਦੈਂ? ਜੁਆਨ ਯਾਰ ਹੋਵੇ, ਤਾਂ ਖਸਮ ਬੁੜ੍ਹਾ ਈ ਲੱਗਣੈਂ! ਮੈਂ ਤੇਰੀ ਖਾਤਰ ਸਾਰੀ ਜਿੰਦਗੀ ਗਾਲਤੀ ਤੇ ਮੈਨੂੰ ਆਹ ਇਨਾਮ?" ਉਹ ਕੁੱਟਣੋਂ ਬੱਸ ਹੀ ਨਹੀਂ ਕਰ ਰਿਹਾ ਸੀ। ਡੰਡੇ ਨੇ ਫ਼ੌਜਣ ਦਾ ਸਾਰਾ ਸਰੀਰ ਤੋੜ ਧਰਿਆ ਸੀ। ਉਹ ਕੁੱਟ ਖਾਂਦੀ-ਖਾਂਦੀ ਬਾਹਰਲਾ ਦਰਵਾਜਾ ਖੋਲ੍ਹਣ ਵਿਚ ਸਫ਼ਲ ਹੋ ਗਈ ਅਤੇ ਬਾਹਰ ਨਿਕਲ ਕੇ ਹਾਲ-ਦੁਹਾਈ ਮਚਾ ਦਿੱਤੀ। ਗੁਆਂਢੀਆਂ ਨੇ ਪੁਲੀਸ ਅਤੇ ਐਂਬੂਲੈਂਸ ਨੂੰ ਫ਼ੋਨ ਕਰ ਦਿੱਤਾ। ਪੁਲੀਸ ਨੇ ਆ ਕੇ ਫ਼ੌਜੀ ਨੂੰ ਕੁੱਟਣੋਂ ਰੋਕਿਆ ਅਤੇ ਹੱਥਕੜੀ ਜੜ ਲਈ। ਫ਼ੌਜਣ ਨੂੰ ਐਂਬੂਲੈਂਸ ਲੱਦ ਕੇ ਲੈ ਗਈ।
ਠਾਣੇ ਲਿਜਾ ਕੇ ਪੁਲੀਸ ਨੇ ਫ਼ੌਜੀ ਨੂੰ ਪਤਨੀ ਦੀ ਕੁੱਟ ਮਾਰ ਬਾਰੇ ਪੁੱਛਿਆ ਤਾਂ ਦੋਭਾਸ਼ੀਏ ਦੇ ਰਾਹੀਂ ਫ਼ੌਜੀ ਨੇ ਕਿਹਾ:
-"ਉਹ ਆਬਦੇ ਯਾਰਾਂ ਨੂੰ ਫ਼ੋਨ ਕਰਦੀ ਐ!"
ਫ਼ੌਜੀ ਦੀ ਗੱਲ ਸੁਣ ਕੇ ਪੁਲੀਸ ਵਾਲੇ ਹੱਸ ਪਏ।
-"ਇਹ ਆਸਟਰੀਆ ਹੈ ਮਿਸਟਰ ਸਿੰਘ, ਇੰਡੀਆ ਨਹੀਂ! ਅਗਰ ਤੁਸੀਂ ਆਪਣੇ ਰੀਤੀ ਰਿਵਾਜ਼ ਕਾਇਮ ਰੱਖਣਾ ਚਾਹੁੰਦੇ ਹੋ, ਤਾਂ ਇੰਡੀਆ ਵਾਪਿਸ ਜਾਓ! ਇੱਥੇ ਹਰ ਔਰਤ ਅਤੇ ਮਰਦ ਨੂੰ ਖੁੱਲ੍ਹ ਹੈ ਕਿ ਆਪਣੇ ਮਿੱਤਰ ਜਾਂ ਸਹੇਲੀ ਨੂੰ ਫ਼ੋਨ ਕਰ ਸਕੇ।"
ਬਿਆਨ ਲੈਣ ਤੋਂ ਬਾਅਦ ਫ਼ੌਜੀ ਨੂੰ ਹਵਾਲਾਤ ਵਿਚ ਤਾੜ ਦਿੱਤਾ ਗਿਆ। ਗੱਲ ਪੁਲੀਸ ਹੱਥ ਆ ਚੁੱਕੀ ਹੈ। ਆਪਸੀ ਰਾਜ਼ੀਨਾਵਾਂ ਹੋ ਗਿਆ ਤਾਂ ਠੀਕ ਹੈ ਅਤੇ ਨਹੀਂ ਤਲਾਕ ਪੱਕਾ ਹੈ! ਰਾਜ਼ੀਨਾਵਾਂ ਵੀ ਕੁੱਤੀ ਹੁਣ ਸ਼ਰਤਾਂ ਰੱਖ ਕੇ ਕਰੇਗੀ। ਵਕੀਲ ਕੁਰਕੀ ਵੱਖ ਕਰਨਗੇ। ਤਲਾਕ ਤੋਂ ਬਾਅਦ ਯਾਰ ਨੂੰ ਵੀ ਇੱਥੇ ਜ਼ਰੂਰ ਬੁਲਾਵੇਗੀ! ਪੱਕੀ ਮੋਹਰ ਜਿਉਂ ਲੱਗ ਚੁੱਕੀ ਹੈ! ਯਾਰ ਆ ਕੇ ਮੇਰੇ ਜੁਆਕਾਂ ਨੂੰ ਤਾਂ ਲੋਰੀਆਂ ਦੇਣੋਂ ਰਿਹਾ? ਇਸ ਕੁੱਤੀ ਨਾਲ ਹੀ ਰੰਗਰਲੀਆਂ ਮਨਾਇਆ ਕਰੇਗਾ। ਫਿਰ ਪੱਕਾ ਹੋ ਕੇ ਇਸ ਬੁੱਢੀ ਖੋਲੜ ਨੂੰ ਬੇਰ ਦੀ ਗਿੜ੍ਹਕ ਵਾਂਗ ਥੁੱਕ ਦੇਵੇਗਾ। ਰੋਊ ਫਿਰ ਕਰਮਾਂ ਨੂੰ। ਨਾਲੇ ਰੋਊ ਜਣਦਿਆਂ ਨੂੰ! ਹਵਾਲਾਤ ਵਿਚ ਬੈਠਾ ਫ਼ੌਜੀ, ਆਪਣੇ ਬੱਚਿਆਂ ਦੇ ਤਬਾਹ ਹੋਏ ਭਵਿੱਖ ਬਾਰੇ ਸੋਚਦਾ 'ਮਾਰੂਥਲ ਦੀ ਪੈੜ' ਵਾਂਗ ਗੁੰਮ ਹੁੰਦਾ ਜਾ ਰਿਹਾ ਸੀ।
Sunday, September 9, 2007
Subscribe to:
Post Comments (Atom)
No comments:
Post a Comment