Sunday, January 6, 2008

ਕਹਾਣੀ: ਮੱਲੋਮੱਲੀ ਦੀ ਕੁੜਮਣੀ

ਮੱਲੋਮੱਲੀ ਦੀ ਕੁੜਮਣੀ

(ਕਹਾਣੀ)

ਅੰਗਰੇਜ਼ੀ ਦੀ ਕਹਾਵਤ ਹੈ, "ਏ ਬਰਨਟ ਚਾਈਲਡ ਡਰੈਡਸ ਦਾ ਫ਼ਾਇਰ!" ਜਰਮਨ ਭਾਸ਼ਾ ਵਿਚ ਇਸ ਨੂੰ, "ਆਈਨ ਗਿਬਰਾਂਤਿਸ ਕਿੰਦ ਸ਼ੋਇਤ ਦਸ ਫ਼ੋਇਰ!" ਪਰ ਠੇਠ ਪੰਜਾਬੀ ਦਾ ਅਖਾਣ ਹੈ, "ਗਧੀ ਡਿੱਗ ਪਈ ਸੀ ਭੱਠੇ 'ਚ ਤੇ ਦੀਵੇ ਵਾਲੇ ਘਰੇ ਨ੍ਹੀ ਸੀ ਵੜਦੀ!" ਇਸੇ ਤਰ੍ਹਾਂ ਹੀ ਦਲੀਪ ਅਮਲੀ ਦੀ ਗੱਲ ਸੀ। ਦਲੀਪ ਸਾਡੇ ਨਾਲ ਸੀਰੀ ਰਲਿਆ ਹੁੰਦਾ ਸੀ। ਸਾਡਾ ਖੂਹ ਵਾਲਾ ਖੇਤ ਚਕਰ ਪਿੰਡ ਦੇ ਨਾਲ ਜਾ ਲੱਗਦਾ ਸੀ। ਚਕਰ ਪਿੰਡ, ਸਤਿਕਾਰਤ ਖੇਡ ਲਿਖਾਰੀ ਪ੍ਰਿੰਸੀਪਲ ਸਰਵਣ ਸਿੰਘ ਦਾ ਪਿੰਡ ਹੈ। ਚਕਰ ਪਿੰਡ ਦਾ ਹੋਣ ਕਰਕੇ ਪ੍ਰਿੰਸੀਪਲ ਸਰਵਣ ਸਿੰਘ ਮੈਨੂੰ ਬੜਾ ਆਪਣਾ-ਆਪਣਾ ਜਿਹਾ ਲੱਗਦਾ ਹੈ।

ਦਲੀਪ ਮੋਟਾ ਅਮਲੀ ਸੀ। ਤਕੜੀ ਅਫ਼ੀਮ ਖਾਂਦਾ ਸੀ।

ਸਾਡਾ ਸਾਢੇ ਪੰਜ ਏਕੜ ਜ਼ਮੀਨ ਦਾ ਬਿੰਜਲ ਪਿੰਡ ਦੇ ਬੰਦਿਆਂ ਨਾਲ ਰੌਲਾ ਚੱਲਦਾ ਸੀ। ਇਹ ਰੌਲਾ ਤਕਰੀਬਨ ਦਸ ਸਾਲ ਚੱਲਿਆ ਅਤੇ ਦਸ ਸਾਲ ਸਾਡੇ ਬਜ਼ੁਰਗਾਂ ਨੇ ਇਹਨਾਂ ਸਾਢੇ ਪੰਜ ਕਿੱਲਿਆਂ 'ਤੇ ਕਬਜ਼ਾ ਰੱਖਿਆ। ਸਾਡੇ ਬਜੁਰਗ ਹੋਰਾਂ ਦੀ ਬੜੀ ਤਕੜੀ ਪਾਰਟੀ ਸੀ, ਅਖਾੜੇ ਵਾਲਾ ਕਾਕਾ ਅਤੇ ਦੇਹੜਕਿਆਂ ਵਾਲਾ 'ਨਹਿੰਗ' ਸਾਡੇ ਖੇਤ ਆਮ ਹੀ ਆਉਂਦੇ ਅਤੇ ਦਸ-ਦਸ ਦਿਨ ਰਹਿੰਦੇ ਸਨ। ਅਖਾੜੇ ਵਾਲਾ ਕਾਕਾ ਮੈਨੂੰ ਨਿੱਕੇ ਹੁੰਦੇ ਨੂੰ ਮੋਢਿਆਂ 'ਤੇ ਚੁੱਕ ਕੇ ਖਿਡਾਉਂਦਾ ਰਿਹਾ ਹੈ। ਅਖਾੜੇ ਵਾਲਾ ਕਾਕਾ ਮੇਰੇ ਬਾਪੂ ਜੀ ਨੂੰ 'ਚਾਚਾ' ਅਤੇ ਮੈਨੂੰ 'ਛੋਟੇ ਭਾਈ' ਆਖ ਕੇ ਬੁਲਾਉਂਦਾ ਹੁੰਦਾ ਸੀ। ਮੁਕੱਦਮੇਂ ਕਰਕੇ ਬਾਪੂ ਜੀ ਨੂੰ ਚੰਡੀਗੜ੍ਹ ਤਰੀਕ ਭੁਗਤਣ ਜਾਣਾ ਪੈਂਦਾ ਸੀ। ਉਦੋਂ ਸ਼ਾਇਦ ਮੈਂ ਦਸਵੀਂ ਜਮਾਤ ਵਿਚ ਪੜ੍ਹਦਾ ਸੀ। ਜਦੋਂ ਬਾਪੂ ਜੀ ਨੇ ਤਰੀਕ ਭੁਗਤਣ ਚੰਡੀਗੜ੍ਹ ਜਾਣਾ ਹੁੰਦਾ ਤਾਂ ਮੈਨੂੰ ਸਕੂਲੋਂ ਛੁੱਟੀ ਲੈਣੀ ਪੈਂਦੀ ਅਤੇ ਮੇਰੀ ਡਿਊਟੀ 'ਉਪਰਲੇ' ਕੰਮਾਂ 'ਤੇ ਲੱਗ ਜਾਂਦੀ। ਖੇਤ ਵਿਚ ਕੰਮ ਕਰਨ ਵਾਲਿਆਂ ਦੀ ਰੋਟੀ ਲੈ ਕੇ ਜਾਣਾ, ਸੀਰੀਆਂ ਨਾਲ ਪੱਠੇ ਲੱਦਵਾ ਕੇ ਲਿਆਉਣੇ, ਮੱਝਾਂ ਛੱਪੜ 'ਤੇ ਲੈ ਕੇ ਜਾਣੀਆਂ, ਆਦਿ!

ਸਾਡੇ ਖੂਹ ਵਾਲੇ ਖੇਤ ਕੱਸੀ ਦਾ ਪਾਣੀ ਲੱਗ ਰਿਹਾ ਸੀ। ਮੈਂ ਦਲੀਪ ਦੀ ਰੋਟੀ ਲੈ ਕੇ ਪਹੁੰਚ ਗਿਆ। ਦਲੀਪ ਰੋਟੀ ਖਾਣ ਲੱਗ ਪਿਆ ਅਤੇ ਮੈਂ ਤੂਤ ਹੇਠਾਂ ਮੰਜਾ ਡਾਹ ਕੇ ਸੌਂ ਗਿਆ। ਦੁਪਿਹਰੇ ਦੋ ਕੁ ਵਜੇ ਦਲੀਪ ਨੇ ਮੈਨੂੰ ਜਗਾਇਆ।

-"ਕੀ ਗੱਲ ਐ ਤਾਇਆ?" ਮੈਂ ਪੁੱਛਿਆ। ਬਾਪੂ ਜੀ ਤੋਂ ਵੱਡਾ ਹੋਣ ਕਰਕੇ ਮੈਂ ਉਸ ਨੂੰ ਹਮੇਸ਼ਾ ਤਾਇਆ ਕਹਿ ਕੇ ਹੀ ਬੁਲਾਉਂਦਾ ਹੁੰਦਾ ਸੀ।

-"ਭਤੀਜ ਕਾਲਜਾ ਮੱਚੀ ਜਾਂਦੈ-ਜਾਹ ਪਿੰਡੋਂ ਲੱਸੀ ਈ ਫੜ ਲਿਆ-ਬੱਕੀ ਲੈ ਜਾਹ।" ਦਲੀਪ ਸਾਈਕਲ ਨੂੰ ਹਮੇਸ਼ਾ 'ਬੱਕੀ' ਹੀ ਕਹਿੰਦਾ ਹੁੰਦਾ। ਲੱਗਦਾ ਸੀ ਕਿ ਉਹ ਅੱਜ ਕੁਝ 'ਮਾਵਾ' ਜਿ਼ਆਦਾ ਹੀ ਖਾ ਗਿਆ ਸੀ। ਜਿਸ ਕਰ ਕੇ ਉਸ ਦਾ ਸੰਘ ਸੁੱਕ ਰਿਹਾ ਸੀ ਜਾਂ ਅੰਦਰ ਵੱਢੀਦਾ ਸੀ।

-"ਤਾਇਆ-ਮੈਂ ਕਿੱਥੇ ਹੁਣ ਤਿੰਨ ਕਿਲੋਮੀਟਰ ਜਾਊਂ-ਕਿੱਥੋਂ ਮੁੜਿਆ ਆਊਂ? ਤੂੰ ਪਾਣੀ ਪੂਣੀ ਪੀ-ਲਾ।" ਮੈਂ ਆਖਿਆ।

-"ਪਾੜ੍ਹਿਆ-ਕਰਲੈ ਬੁੜ੍ਹੇ ਆਦਮੀ ਦੀ ਸੇਵਾ-ਰੱਬ ਤਾਰ ਈ ਦਿਊ।" ਦਲੀਪ ਬੋਲਿਆ।

-"ਤਾਇਆ-ਮੈਂ ਤੈਨੂੰ ਇਕ ਜੁਗਤ ਦੱਸਦੈਂ-ਤੂੰ ਹਜਾਰੇ ਕੇ ਸਹੁਰਿਆਂ ਤੋਂ ਪੀ ਆ-ਨਾਲੇ ਬੁੜ੍ਹੀ ਨਾਲ ਜੱਕੜ ਮਾਰ ਆਈਂ-ਪਾਣੀ ਦਾ ਧਿਆਨ ਮੈਂ ਰੱਖਦੈਂ।" ਸਾਡੇ ਪਿੰਡੋਂ ਨਾਲ ਦੇ ਪਿੰਡ ਚਕਰ ਵਿਚ ਇਕ ਮਿਸਤਰੀਆਂ ਦਾ ਮੁੰਡਾ ਵਿਆਹਿਆ ਹੋਇਆ ਸੀ। ਸਾਡਾ ਸਾਰਾ ਪਿੰਡ ਉਹਨਾਂ ਦੇ ਟੱਬਰ ਨੂੰ "ਕਮਲਿਆਂ ਦਾ ਟੱਬਰ" ਕਹਿੰਦਾ ਸੀ। ਲੰਡੇ ਨੂੰ ਮੀਣਾਂ ਸੌ ਕੋਹ ਦਾ ਵਲ ਪਾ ਕੇ ਮਿਲਣ ਵਾਂਗ, ਹਜਾਰੇ ਨੂੰ ਉਸ ਦੇ ਸਹੁਰੇ ਵੀ ਉਹੋ ਜਿਹੇ ਕੱਛਾਂ ਵਜਾਉਣ ਵਾਲੇ ਹੀ ਟੱਕਰੇ ਸਨ, ਜਿਹੋ ਜਿਹਾ ਉਹ ਆਪ ਸੀ! ਹਜਾਰੇ ਦੇ ਘਰਵਾਲੀ ਕਰਤਾਰੋ ਵੀ ਵਿਚਾਰੀ ਸਿੱਧਰੀ ਸੀ। ਉਹ ਉਂਜ ਮੂੰਹ ਨੰਗਾ ਰੱਖਦੀ, ਪਰ ਹਜਾਰੇ ਤੋਂ ਘੁੰਡ ਕੱਢ ਲਿਆ ਕਰੇ! ਪਰ ਉਹ ਇੱਜ਼ਤ ਦੀ ਮਾੜੀ ਨਹੀਂ ਸੀ। ਕਰਤਾਰੋ ਦੀ ਸੱਸ ਦੇ ਕਾਫ਼ੀ ਸਮਝਾਉਣ ਤੋਂ ਬਾਅਦ, ਤਾਂ ਕਿਤੇ ਜਾ ਕੇ ਉਸ ਨੇ ਹਜਾਰੇ ਤੋਂ ਘੁੰਡ ਚੁੱਕਿਆ। ਉਹ ਹਮੇਸ਼ਾ ਹਜਾਰੇ ਨੂੰ "ਤੂੰ ਜੀ" ਕਹਿ ਕੇ ਬੁਲਾਉਂਦੀ ਹੁੰਦੀ ਸੀ।

ਉਧਰੋਂ ਹਜਾਰੇ ਦੀ ਸੱਸ ਦਿਆਲੋ ਵੀ ਉਹੋ ਜਿਹੀ ਹੀ 'ਚੜ੍ਹਦੀ ਕਲਾ' ਵਾਲੀ ਸੀ।

-"ਹਾਂ-ਇਹ ਪਾੜ੍ਹਿਆ ਤੂੰ ਗੱਲ ਲੱਖ ਰੁਪਈਏ ਦੀ ਕੀਤੀ-ਹਜਾਰੇ ਦੇ ਸਹੁਰਿਆਂ ਤੋਂ ਲੱਸੀ ਮਿਲ ਸਕਦੀ ਐ-ਨਾਲੇ ਬਾਹਲੀ ਵਾਟ ਨਾ ਜਾਣਾ ਪਊ-ਤੂੰ ਕਿਆਰਾ ਦੇਖ ਕੇ ਨੱਕਾ ਮੋੜਦੀਂ।" ਦਲੀਪ ਕਹੀ ਰੱਖ ਅੱਡੀਆਂ ਨੂੰ ਥੁੱਕ ਲਾ ਗਿਆ।

ਹਜਾਰੇ ਦੀ ਸੱਸ ਦਿਆਲੋ ਨਲਕੇ ਤੋਂ ਮੱਝ ਨੂੰ ਪਾਣੀ ਪਿਆ ਰਹੀ ਸੀ।

-"ਤਕੜੀ ਐਂ ਮਾਸੀ?" ਦਲੀਪ ਨੇ ਗੱਲ ਚਲਾਈ।

-"ਵੇ ਕੌਣ ਐਂ ਭਾਈ ਤੂੰ?" ਬੁੜ੍ਹੀ ਨੇ ਨਲਕਾ ਰੋਕ ਕੇ ਪੁੱਛਿਆ।

-"ਮੈਂ ਕੁੱਸਿਓਂ ਆਂ ਮਾਸੀ!"

-"ਅੱਛਾ! ਮੈਂ ਵੀ ਆਖਾਂ-ਆ ਜਾਹ ਲੰਘਿਆ ਭਾਈ!"

ਦਲੀਪ ਅੰਦਰ ਲੰਘ ਗਿਆ।

-"ਦੇਹ ਗੱਲ ਭਾਈ ਹਜਾਰਾ ਸਿਉਂ ਹੋਰਾਂ ਦੀ?"

-"ਸਭ ਸੱਤੇ ਖੈਰਾਂ ਐਂ ਮਾਸੀ-ਮੈਂ ਕੱਲ੍ਹ ਈ ਚੌਅ ਕੁਟਵਾ ਕੇ ਲਿਆਇਐਂ।" ਦਲੀਪ ਨੇ ਪੀੜ੍ਹੀ ਖਿੱਚ ਲਈ।

-"ਚੱਲ ਸ਼ੁਕਰ ਐ ਭਾਈ।" ਬੁੜ੍ਹੀ ਮੱਝ ਬੰਨ੍ਹਣ ਲੱਗ ਪਈ।

ਦਲੀਪ ਪੀੜ੍ਹੀ 'ਤੇ ਸੂਤ ਹੋ ਕੇ ਬੈਠ ਗਿਆ। ਉਸ ਨੂੰ ਯਕੀਨ ਆ ਗਿਆ ਕਿ ਬੁੜ੍ਹੀ ਸੁਰ ਵਿਚ ਹੀ ਬੋਲ ਰਹੀ ਸੀ।

-"ਚਾਹ ਬਣਾਵਾਂ ਭਾਈ?"

-"ਨਹੀਂ ਮਾਸੀ-ਚਾਹ ਦੀ ਤਾਂ ਲੋੜ ਨ੍ਹੀ-ਜੇ ਲੱਸੀ ਘੁੱਟ ਪਈ ਐ ਤਾਂ-?" ਦਲੀਪ ਨੇ ਅਸਲ ਗੱਲ ਦੱਸੀ।

-"ਲੈ ਭਾਈ ਲੱਸੀ ਜੁੱਗ-ਜੁੱਗ ਪੀਓ-ਪ੍ਰਮਾਤਮਾ ਦਾ ਦਿੱਤਾ ਬਹੁਤ ਕੁਛ ਐ।"

-"-----।"

-"ਤੂੰ ਬੈਠ ਭਾਈ-ਮੈਂ ਲੱਸੀ 'ਚ ਨੂਣ ਖੋਰ ਕੇ ਲਿਆਈ।" ਬੁੜ੍ਹੀ ਅੰਦਰ ਚਲੀ ਗਈ।

-"ਜਿਉਂਦੀ ਵਸਦੀ ਰਹਿ ਮਾਸੀ-ਜਿਉਂਦੀ ਵਸਦੀ ਰਹਿ!"

-"ਨੂਣ ਬਿਨਾ ਭਾਈ ਲੱਸੀ ਚੰਗੀ ਨ੍ਹੀ ਹੁੰਦੀ-ਸੌ ਬਿਮਾਰੀਆਂ ਲੱਗਦੀਐਂ-ਪਰ ਨੂਣ ਪਾ ਕੇ ਲੱਸੀ ਪੀਣੀ ਸੌ ਰੋਗਾਂ ਦੀ ਦਾਰੂ ਐ।" ਬੁੜ੍ਹੀ ਨੇ ਲੱਸੀ ਦਾ ਭਰਿਆ ਕੁੱਜਾ ਦਲੀਪ ਕੋਲੇ ਲਿਆ ਧਰਿਆ।

ਉਸ ਨੇ ਫ਼ੌਜੀ ਕੱਪ ਕੰਗਣੀਂ ਤੱਕ ਕਰਕੇ ਦਲੀਪ ਨੂੰ ਫੜਾ ਦਿੱਤਾ। ਦਲੀਪ 'ਚਰੜ-ਚਰੜ' ਕਰਕੇ ਚਾੜ੍ਹ ਗਿਆ। ਅੰਦਰ ਠੰਢ ਪੈ ਗਈ। ਮੱਚਦਾ ਕਾਲਜਾ ਠਰ ਗਿਆ। ਬੁੜ੍ਹੀ ਨੇ ਇੱਕ ਕੱਪ ਹੋਰ ਭਰ ਦਿੱਤਾ। ਉਹ ਔਖਾ-ਸੌਖਾ ਪੀ ਗਿਆ।

-"ਬੱਸ ਮਾਸੀ---!" ਉਸ ਨੇ ਕੱਪ ਹੇਠਾਂ ਰੱਖ ਦਿੱਤਾ।

-"ਲੈ ਭਾਈ ਇਕ ਅੱਧਾ ਤਾਂ ਹੋਰ ਪੀ! ਇਹ ਨੂਣ ਤੇਰੇ ਆਸਤੇ ਈ ਖੋਰਿਐ!" ਬੁੜ੍ਹੀ ਨੇ ਇਕ ਕੱਪ ਹੋਰ ਭਰ ਦਿੱਤਾ। ਪੁੜਾਂ ਸੰਨ੍ਹ ਆਏ ਦਲੀਪ ਨੇ ਲੱਸੀ ਨਾਲ ਭਰਿਆ ਕੱਪ ਮਸਾਂ ਹੀ ਅੰਦਰ ਸੁੱਟਿਆ। ਉਸ ਦਾ ਢਿੱਡ ਸਾਹਮਣੇਂ ਪਏ ਮੱਘੇ ਵਾਂਗ ਹੀ ਬਾਹਰ ਨੂੰ ਆ ਗਿਆ ਸੀ!

-"ਲੈ ਭਾਈ ਇਕ ਹੋਰ!" ਬੁੜ੍ਹੀ ਨੇ ਕੁੱਜਾ ਫੇਰ ਚੁੱਕ ਲਿਆ।

-"ਨਹੀਂ ਮਾਸੀ-ਪੂਛ ਆਲੇ ਬਾਬੇ ਦੀ ਸਹੁੰ-ਹੁਣ ਬੱਸ!" ਘਾਬਰੇ ਦਲੀਪ ਨੂੰ ਹਨੂੰਮਾਨ ਮਹਾਰਾਜ ਜੀ ਦਾ ਨਾਂ ਨਹੀਂ ਸੁੱਝ ਰਿਹਾ ਸੀ।

-"ਵੇ ਭਾਈ ਤੂੰ ਮੈਨੂੰ ਮਾਸੀ-ਮਾਸੀ ਕਾਹਤੋਂ ਆਖੀ ਜਾਨੈਂ? ਤੂੰ ਮੇਰੀ ਤਾਂ ਉਮਰ ਦੈਂ-ਮੈਨੂੰ ਕੁੜਮਣੀ ਆਖਗਾਂ।" ਉਸ ਨੇ ਕਮਲਪੁਣੇਂ ਦਾ ਪਹਿਲਾ 'ਰਾਕਟ' ਦਾਗਿਆ।

-"ਚਾਹੇ ਬੇਬੇ ਅਖਵਾ ਲੈ-ਪਰ ਲੱਸੀ ਬੱਸ!" ਦਲੀਪ ਨੂੰ ਖਹਿੜਾ ਛੁਡਾਉਣਾ ਮੁਸ਼ਕਿਲ ਹੋ ਗਿਆ ਸੀ।

-"ਕਿਉਂ ਬੇਬੇ ਕਾਹਤੋਂ ਕਹੇਂ ਤੂੰ ਮੈਨੂੰ? ਪਤਾ ਨ੍ਹੀ ਕਿੱਥੋਂ ਦਾ ਕੱਢਿਆ ਵੱਢਿਆ ਵਿਐਂ? ਪਰ ਲੱਸੀ ਤੈਨੂੰ ਸਾਰੀ ਪੀਣੀ ਪਊ-ਇਹ ਨੂਣ ਤੇਰੇ ਆਸਤੇ ਈ ਖੋਰਿਐ।" ਬੁੜ੍ਹੀ ਦੇ ਕਮਲਪੁਣੇਂ ਦੀ ਸੂਈ ਖ਼ਤਰੇ ਵਾਲੀ ਟੀਸੀ 'ਤੇ ਪਹੁੰਚ ਗਈ ਸੀ।

ਦਲੀਪ ਕੱਪ ਸੁੱਟ ਕੇ ਭੱਜ ਤੁਰਿਆ।

ਪਰ ਬੁੜ੍ਹੀ ਅਜੇ ਵੀ ਕੁੱਜਾ ਚੁੱਕੀ ਮਗਰ ਭੱਜੀ ਆ ਰਹੀ ਸੀ।

-"ਤੂੰ ਜਾਏਂਗਾ ਕਿੱਥੇ? ਨੂਣ ਤੇਰੇ ਆਸਤੇ ਈ ਖੋਰਿਐ-ਲੱਸੀ ਸਾਰੀ ਪੀਣੀ ਪਊ!" ਦੀ ਰਟ ਲਾਈ ਜਾ ਰਹੀ ਸੀ।

---ਮੈਂ ਤੂਤਾਂ ਥੱਲੇ ਮੰਜੇ 'ਤੇ ਬੈਠਾ ਦਲੀਪ ਦੀ ਉਡੀਕ ਕਰ ਰਿਹਾ ਸੀ। ਅਚਾਨਕ ਦੂਰੋਂ ਉਹ ਮੈਨੂੰ ਸਿਰਤੋੜ ਭੱਜਿਆ ਆ ਰਿਹਾ ਦਿਖਾਈ ਪਿਆ। ਉਹ ਤੂਤਾਂ ਹੇਠ ਆ ਕੇ ਬੈਠਾ ਨਹੀਂ, ਇਕ ਤਰ੍ਹਾਂ ਨਾਲ ਡਿੱਗ ਹੀ ਪਿਆ। ਸਾਹੋ-ਸਾਹ ਹੋਇਆ!

-"ਕਿਉਂ ਤਾਇਆ-ਪੀ ਆਇਆ ਲੱਸੀ?" ਮੈਂ ਪੁੱਛਿਆ।

-"ਪਾੜ੍ਹਿਆ ਮਾਰੇ ਗਏ ਸੀ।"

-"ਕਿਉਂ?" ਮੈਂ ਹੱਸਦਿਆਂ ਪੁੱਛਿਆ।

-"ਉਹ ਟੱਬਰ ਤਾਂ ਜਿਵੇਂ ਸੁਣਿਆਂ ਸੀ-ਉਵੇਂ ਈ ਐਂ-ਅੱਜ ਦੇ ਬਚੇ ਬਹੁਤ ਵਾਰੀ ਬਚਾਂਗੇ।" ਉਸ ਨੇ ਸਾਰੀ ਕਹਾਣੀ ਸੁਣਾਈ ਤਾਂ ਸਾਡੀਆਂ ਹੱਸਦਿਆਂ ਦੀਆਂ ਵੱਖੀਆਂ ਟੁੱਟ ਗਈਆਂ।

ਦਲੀਪ ਨੇ ਸਤੱਤਰ ਸਾਲ ਦਾ ਹੋ ਕੇ 'ਚੜ੍ਹਾਈ' ਕੀਤੀ। ਪਰ ਮਰਨ ਤੱਕ ਉਹ ਚਕਰ ਪਿੰਡ ਨਹੀਂ ਸੀ ਵੜਿਆ।

No comments: