Friday, February 13, 2009

ਸ਼ਿਵਚਰਨ ਜੱਗੀ ਕੁੱਸਾ ਦੇ ਪਿਤਾ ਜੀ ਦਾ ਅਕਾਲ ਚਲਾਣਾ

ਇਹ ਖ਼ਬਰ ਸਾਹਿਤਕ ਹਲਕਿਆਂ ਚ ਬੜੇ ਦੁੱਖ ਨਾਲ਼ ਸੁਣੀ ਜਾਵੇਗੀ ਕਿ ਦੋਸਤ ਸ਼ਿਵਚਰਨ ਜੱਗੀ ਕੁੱਸਾ ਦੇ ਪਿਤਾ ਜੀ ਅੱਜ ਇੰਡੀਆ ਦੇ ਵਕਤ ਅਨੁਸਾਰ ਮਿਤੀ ਫਰਵਰੀ 13, 2008 ਰਾਤ 10:50 ਮਿੰਟ ਤੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ, 78 ਸਾਲਾਂ ਦੀ ਉਮਰ ਭੋਗਦੇ ਹੋਏ, ਅਕਾਲ ਚਲਾਣਾ ਕਰ ਗਏ ਹਨ। ਆਖ਼ਰੀ ਵਕਤ ਮਿਸਿਜ਼ ਸਵਰਨਜੀਤ ਕੁੱਸਾ ਪਿਤਾ ਜੀ ਦੇ ਕੋਲ਼ ਸਨ। ਉਹ ਦੋ ਦਿਨ ਪਹਿਲਾਂ ਹੀ ਇੰਡੀਆ ਪਹੁੰਚੇ ਸਨ। ਸ਼ਿਵਚਰਨ ਜੀ ਅਜੇ ਇੰਗਲੈਂਡ ਹੀ ਹਨ ਅਤੇ ਕੱਲ੍ਹ ਜਾਂ ਪਰਸੋਂ ਉਹ ਪਿੰਡ ਕੁੱਸਾ ਪਹੁੰਚ ਜਾਣਗੇ। ਓਦੋਂ ਹੀ ਪਿਤਾ ਜੀ ਦੀ ਦੇਹ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਆਰਸੀ ਲੇਖਕ /ਪਾਠਕ ਪਰਿਵਾਰ ਪਿਤਾ ਜੀ ਦੇ ਅਕਾਲ ਤੇ ਸਮੂਹ ਕੁੱਸਾ ਪਰਿਵਾਰ ਦੇ ਦੁੱਖ ਚ ਸ਼ਾਮਿਲ ਹੈ। ਵਾਹਿਗੁਰੂ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ ਅਤੇ ਕੁੱਸਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ!

ਸ਼ਿਵਚਰਨ ਜੀ ਨਾਲ਼ ਉਹਨਾਂ ਦੇ ਸੈੱਲ ਤੇ ਸੰਪਰਕ ਕੀਤਾ ਜਾ ਸਕਦਾ ਹੈ: 44-785-331-7891

ਦੁੱਖ ਚ ਸ਼ਰੀਕ

ਤਨਦੀਪ ਤਮੰਨਾ

ਅਤੇ ਸਮੂਹ ਆਰਸੀ ਪਰਿਵਾਰ


Sunday, January 11, 2009

ਧੋਬੀ ਦੇ ਕੁੱਤੇ - ਕਹਾਣੀ

ਧੋਬੀ ਦੇ ਕੁੱਤੇ

ਕਹਾਣੀ

ਬਿੱਕਰ ਸਿੰਘ ਦੇ ਘਰ ਗਹਿਮਾ-ਗਹਿਮੀ ਸੀਉਸ ਦੇ ਯਾਰ-ਮਿੱਤਰ ਦੂਰੋਂ-ਦੂਰੋਂ 'ਖ਼ਬਰ' ਲੈਣ ਲਈ ਆਏ ਸਨਬੀਬੀਆਂ ਤਰ੍ਹਾਂ-ਤਰ੍ਹਾਂ ਦੇ ਪਕਵਾਨ ਗਪਲ-ਗਪਲ ਖਾ ਰਹੀਆਂ ਸਨਬਿੱਕਰ ਸਿੰਘ ਡਰਾਇੰਗ-ਰੂਮ ਵਿਚ ਬੈਠਾ ਜੁੰਡੀ ਦਿਆਂ ਯਾਰਾਂ ਨਾਲ ਵਿਸਕੀ ਪੀ ਰਿਹਾ ਸੀਪਤਾ ਨਹੀਂ ਉਸ ਨੂੰ ਕਿਹੜੀ ਗੱਲ ਦੀ ਖੁਸ਼ੀ ਸੀ?

-"ਡੈਡੀ ਮੈਂ ਤਾਂ ਸਾਲੇ ਮੁਸਲੇ ਦੀ ਲੱਤ ਵੱਢਣੀਂ ਐਂ-ਚਾਹੇ ਕੁਛ ਹੋਜੇ!" ਬਿੱਕਰ ਦਾ ਵੱਡਾ ਮੁੰਡਾ ਨ੍ਹੇਰੀ ਸ਼ਰਾਬੀ ਹੋ ਗਿਆ ਸੀ

-"ਭਲਿਆ ਮਾਣਸਾ-ਲੱਤ ਵੱਢਣੀਂ ਐਥੇ ਸੌਖੀ ਐ? ਹੈਂ! ਇਹ ਇੰਡੀਆ ਨਹੀਂ-ਅਗਲੇ ਚੱਕ ਕੇ ਅੰਦਰ ਦੇ ਦੇਣਗੇ-ਕਿਸੇ ਨੇ ਦੱਸ ਪੁੱਛ ਕਰਨੀ ਐਂ? ਹੈ ਨਾ ਕਮਲਾ! ਲੱਤ ਵੱਢਣੀਂ ਐਂ ਡੈਡੀ!" ਬਿੱਕਰ ਨੇ ਮੁਰਗੇ ਦੀ ਟੰਗ ਮਰੋੜਦਿਆਂ, ਆਪਣੇ ਮੁੰਡੇ ਨੂੰ ਤਾੜ ਕੇ ਸਾਂਗ ਜਿਹੀ ਲਾਈ

-"ਡੈਡੀ! ਆਪਣੀ ਇੱਜ਼ਤ ਰੋਲਤੀ ਮੁਸਲੇ ਨੇ-ਮੇਰੇ ਤਾਂ ਚੜ੍ਹੀ ਜਾਂਦੇ ਐ ਵਟਣੇ-ਮੈਂ ਸੁੱਲੇ ਦੀ ਟੰਗ ਵੱਢ ਕੇ ਪਰਾਂਹ ਮਾਰਨੀ ਐਂ-ਮੈਨੂੰ ਨ੍ਹੀ ਪਤਾ!" ਮੁੰਡਾ 'ਉਤੋਂ' ਦੀ ਹੋਇਆ ਝੂਟੇ ਖਾ ਰਿਹਾ ਸੀਪਤਾ ਨਹੀਂ ਗੁੱਸੇ ਵਿਚ ਜਾਂ ਫਿਰ ਸ਼ਰਾਬ ਦੇ ਨਸ਼ੇ ਵਿਚ ਆਖ ਰਿਹਾ ਸੀ

-"ਹੈ ਯਧ ਕਮਲਾ? ਜੋ ਹੋ ਗਿਆ, ਸੋ ਹੋ ਗਿਆ-ਹੁਣ ਟੰਗ ਵੱਢ ਕੇ ਮਿਲੂ ਕੀ? ਹੈਂ! ਮਰਨਾ-ਮਾਰਨਾ ਮੂਰਖ ਜੱਟਾਂ ਦਾ ਕੰਮ ਐਂ-ਆਪਣਾ ਨਹੀਂ!"

-"ਡੈਡੀ, ਆਪਾਂ ਨੂੰ ਲੋਕ ਸਾਲੇ ਸੱਕ ਲਾਹੂ ਜਾਤ ਈ ਆਖਣਗੇ।"

-"ਆਖੀ ਜਾਣ! ਲੋਕਾਂ ਦਾ ਕੀ ਐ? ਲੋਕ ਤਾਂ ਕੁੱਤੇ ਐ-ਤੂੰ ਕਿਸੇ ਨੂੰ ਮਾਰ ਕੇ ਫਾਂਸੀ ਚੜ੍ਹਜਾ-ਸ਼ਾਬਾਸ਼ੇ ਇੰਨ੍ਹਾਂ ਨੇ ਫੇਰ ਵੀ ਨ੍ਹੀ ਦੇਣੀਂ-ਫਿੱਟ ਲਾਹਣਤ ਈ ਦੇਣਗੇ।"

-"ਥੋਡੇ 'ਚ ਕਣ-ਕੰਡਾ ਈ ਨ੍ਹੀ ਨਾ ਫੇਰ?" ਨ੍ਹੇਰੀ ਭੂਸਰ ਗਿਆ ਸੀ

ਬਿੱਕਰ ਦੇ ਦੋਸਤਾਂ ਨੇ ਉਸ ਨੂੰ ਸ਼ਾਂਤ ਕੀਤਾ

-"ਚੱਲ ਜਾਣਦੇ ਸ਼ੇਰਾ! ਕੱਲ੍ਹ ਨੂੰ ਗੱਲ ਕਰਾਂਗੇ-ਐਮੇ ਨ੍ਹੀ ਕਮਲ ਮਾਰੀਦਾ ਹੁੰਦਾ-ਚੱਲ ਪੈ---!" ਜੋਗਿੰਦਰ ਉਸ ਨੂੰ ਇੱਕ ਤਰ੍ਹਾਂ ਨਾਲ ਫੜ ਕੇ ਬੈੱਡ-ਰੂਮ ਵਿਚ ਸੁੱਟ ਆਇਆ

-"ਕਿੱਡੀ ਸਿੱਧਰੀ ਔਲਾਦ ਐ-ਵੰਝ 'ਤੇ ਚਾੜ੍ਹਨੇ ਲਏ ਐਂ!" ਬਿੱਕਰ ਨੇ ਲੰਡਾ ਪੈੱਗ ਅੰਦਰ ਸੁੱਟਦਿਆਂ ਕਿਹਾ

-"ਗੱਲ ਕਿਹੜਾ ਬਿੱਕਰਾ ਛੋਟੀ ਐ? ਅਕਸਰ ਫਿਰ ਵੀ ਸਕੀ ਭੈਣ ਐਂ-ਮੁੰਡੇ ਦਾ ਗਰਮ ਖ਼ੂਨ ਐਂ-ਪੰਘਰੂ ਨਾ ਤਾਂ ਹੋਰ ਕੀ ਕਰੂ?" ਜੋਗਿੰਦਰ ਨੂੰ ਨ੍ਹੇਰੀ 'ਤੇ ਘੱਟ ਅਤੇ ਬਿੱਕਰ 'ਤੇ ਵੱਧ ਗੁੱਸਾ ਆ ਰਿਹਾ ਸੀਜਿਹੜਾ ਪਹਾੜ੍ਹ ਜਿੱਡੀ ਗੱਲ ਨੂੰ 'ਲੱਲੋ-ਪੱਤੋ' ਹੀ ਸਮਝਦਾ ਸੀ

-"ਲਟਕੀ ਨੇ ਵੀ ਸਹੁਰੀ ਨੇ ਕਮਲ ਈ ਮਾਰਿਆ-ਸੁੱਲੇ ਦੇ ਜਾ ਕੇ ਬਹਿ ਗਈ-ਉਹ ਜਾਣੇਂ ਕਿਸੇ ਦੇਸੀ ਭਾਈਬੰਦ ਦੇ ਚਲੀ ਜਾਂਦੀ-ਚਾਰ ਲਾਮਾਂ ਦੇ ਕੇ ਪਰ੍ਹਾਂ ਕਰਦੇ-ਪਰ ਮੁਸਲੇ ਨਾਲ ਤਾਂ ਨਿਕਾਹ ਕਰਨੋਂ ਰਹੇ?" ਧੂਤ ਬੋਲਿਆਉਹ ਕਦੋਂ ਦਾ ਕੋਹੜ ਕਿਰਲੇ ਜਿੱਡੀ ਮੁੱਛ ਨੂੰ ਰੱਸੀ ਵਾਂਗ ਵੱਟ ਦੇ ਰਿਹਾ ਸੀ

-"ਬਾਧੂ ਕੋਹੜੀ ਵੀ ਨੇ ਤੋਏ ਤੋਏ ਕਰਵਾਈ!"

-"ਦੱਸੋ ਫਿਰ ਮੈਂ ਕਿਹੜੇ ਖੂਹ 'ਚ ਡਿੱਗਾਂ---?" ਬਿੱਕਰ ਕੁਰਲਾਇਆ

-"ਤੈਨੂੰ ਖੂਹ 'ਚ ਡਿੱਗਣ ਨੂੰ ਕੌਣ ਕਹਿੰਦੈ? ਪਰ ਤੂੰ ਨਿਰਾ ਪੁਰਾ ਪੈਸੇ ਮਗਰ ਈ ਨਾ ਪੈ-ਔਲਾਦ ਬੰਨੀਂ ਵੀ ਖਿਆਲ ਕਰ!" ਸੁੱਚੇ ਸੂਰਮੇਂ ਨੇ ਬਿੱਕਰ ਨੂੰ ਸਿੱਧੀ ਸੁਣਾਈ ਕੀਤੀ

-"ਮੈਂ ਕਾਹਨੂੰ ਪੈਸੇ ਮਗਰ ਪਿਐਂ ਯਾਰ-ਤੁਸੀਂ ਤਾਂ ਬੱਸ---!" ਬਿੱਕਰ ਸਿੱਧੀ ਸੁਣ ਕੇ ਕੰਬ ਗਿਆਉਸ ਨੂੰ ਕੋਈ ਟਿਕਾਣੇ ਦਾ ਉੱਤਰ ਨਾ ਸੁੱਝਿਆ

-"ਚੱਲੀਏ ਫੇਰ ਸ਼ਿੰਗਾਰਿਆ? ਸਵੇਰੇ ਕੰਮ 'ਤੇ ਵੀ ਜਾਣੈਂ।" ਰੰਧਾਵੇ ਨੇ ਕਿਹਾਦਾਰੂ ਦੇ ਨਸ਼ੇ ਨਾਲ ਉਹ 'ਬਾਬੂ' ਬਣਿਆਂ ਬੈਠਾ ਸੀ

-"ਚੱਲ ਪਾ ਫੇਰ ਚੱਲੀਏ।" ਸ਼ਿੰਗਾਰੇ ਨੇ ਬੋਤਲ ਰੰਧਾਵੇ ਦੀ ਬੁੱਕਲ ਵਿਚ ਜੁਆਕ ਵਾਂਗ ਰੱਖ ਦਿੱਤੀ

ਪੈੱਗ ਪੀ ਕੇ ਦੋਨੋਂ ਉਠ ਖੜ੍ਹੇ

-"ਹੋਰ ਕੋਈ ਸਾਡੇ ਲੈਕ ਸੇਵਾ ਹੋਵੇ ਤਾਂ ਦੱਸੀਂ!" ਤੇ ਫਿਰ ਰੰਧਾਵਾ ਰਸੋਈ ਕੋਲ ਹੋ ਕੇ ਬਿੱਕਰ ਦੇ ਘਰਵਾਲੀ ਹਰਦੇਵ ਕੌਰ ਨੂੰ ਆਖਣ ਲੱਗਾ, "ਚੰਗਾ ਭਰਜਾਈ! ਅਸੀਂ ਚੱਲਦੇ ਐਂ ਫੇਰ-ਅਗਲੇ ਹਫ਼ਤੇ ਦੇਖਾਂਗੇ।"

-"ਵੇ ਰੋਟੀ ਖਾ ਕੇ ਜਾਂਦੇ ਰਿਹੋ-ਕੀ ਐਡੀ ਛੇਤੀ ਨ੍ਹੇਰੀ ਆਈ ਐ ਥੋਨੂੰ?"

-"ਰੋਟੀ ਖਾਣ ਜੋਗੇ ਤਾਂ ਭਰਜਾਈ ਅਜੇ ਹੋਣੈਂ।" ਰੰਧਾਵਾ ਤੋਤਲਾ ਬੋਲਿਆ, "ਅਜੇ ਖੁਰਕ ਜੀ ਹੋਣ ਨ੍ਹੀ ਲੱਗੀ।"

-"ਵੇ ਕਦੋਂ ਦਾ ਤਾਂ ਡੱਫ਼ੀ ਜਾਨੈਂ ਡੋਕਲਾ!"

-"ਜਿੰਨਾਂ ਚਿਰ ਭਰਜਾਈ ਇਹੇ ਦਾਲ ਦੀ ਕੌਲੀ ਉਪਰ ਨ੍ਹੀ ਡੋਲ੍ਹਦਾ-ਇਹ ਰੋਟੀ ਖਾਣ ਜੋਕਰਾ ਨ੍ਹੀ ਹੁੰਦਾ।" ਹੱਸਦੇ ਸ਼ਿੰਗਾਰੇ ਦਾ ਨਾਲ ਹੀ ਢਿੱਡ ਹਿਲਦਾ ਸੀਨਜ਼ਰ ਵਾਲੀ ਐਨਕ ਵਿਚੋਂ ਉਸ ਦੀਆਂ ਲਾਲ ਅੱਖਾਂ ਬੈਟਰੀ ਵਾਂਗ ਜਗ ਰਹੀਆਂ ਸਨ

-"ਵੇ ਗੱਡੀ ਹੌਲੀ ਚਲਾਇਓ----!" ਉਪਰੋਂ ਹਰਦੇਵ ਕੌਰ ਦੀ ਅਵਾਜ਼ ਆਈ

ਉਹ ਇੱਕ ਦੂਜੇ ਵਿਚ ਵੱਜਦੇ ਹੇਠਾਂ ਉਤਰ ਆਏ

-"ਇਹਨਾਂ ਨੂੰ ਕੁੱਤੀਆਂ ਜਾਤਾਂ ਐਮੇਂ ਨ੍ਹੀ ਕਹਿੰਦੇ।" ਰੰਧਾਵਾ ਕਾਰ ਦੀ ਸੀਟ 'ਤੇ ਬੈਠ, ਬੈੱਲਟ ਲਾਉਂਦਾ ਹੋਇਆ ਬੋਲਿਆ

-"ਮੋੜ ਕੇ ਲਿਆਂਦੀ ਨਿਕਲੀ ਵੀ ਕੁੜੀ ਐ-ਪਾਲਟੀਆਂ ਇਉਂ ਕਰੀ ਜਾਂਦੇ ਐ ਜਿਵੇਂ----!" ਕਾਰ ਤੋਰਦਿਆਂ ਸਿ਼ੰਗਾਰੇ ਮਾਨ ਦਾ ਹਾਸਾ ਛੁੱਟ ਪਿਆ

-"ਯਾਰ, ਮੇਰੇ ਤਾਂ ਹੋਰ ਸੁਣਨ 'ਚ ਆਇਐ।" ਰੰਧਾਵੇ ਨੇ ਮੂੰਹ ਮਾਨ ਦੇ ਮੂੰਹ ਕੋਲ ਕਰ ਲਿਆ

-"ਬਈ ਮੁਸਲੇ ਨੇ ਕੁੜੀ ਦੀਆਂ ਫ਼ੋਟੂਆਂ ਵੀ ਲਾਹੀਐਂ?"

-"ਤੂੰ ਫੋਟੋਆਂ ਦੀ ਗੱਲ ਕਰਦੈਂ-ਉਹਨੇ ਤਾਂ ਕੁੜੀ ਦੀ ਮੂਵੀ ਵੀ ਬਣਾਈ ਐ!"

-"ਹੈਤ ਥੋਡੀ ਮਾਂ ਦੀ----! ਫੇਰ ਮਰੇ ਵੇ ਈ ਐ ਨਾ? ਚੱਪਣੀਆਂ ਦੇਣ ਭੰਨ ਸਾਲੇ ਦੀਆਂ-ਮੂਵੀ ਤੇ ਫੋਟੂਆਂ ਤਾਂ ਮੁੜਵਾਉਣ-ਅਗਲਾ ਪਤਾ ਨ੍ਹੀ ਕੀਹਨੂੰ ਕੀਹਨੂੰ ਦਿਖਾਊ? ਜਾਂ ਦੱਸਣ ਪੁਲਸ ਨੂੰ।"

-"ਪੁਲਸ ਐਥੇ ਕੀ ਕਰੂ? ਇੱਥੇ ਇੰਡੀਆ ਆਲੀ ਪੁਲਸ ਥੋੜ੍ਹੋ ਐ?" ਗੱਲਾਂ ਕਰਦਿਆਂ-ਕਰਦਿਆਂ ਉਹਨਾਂ ਨੇ ਕਾਰ ਆਪਣੇ ਮਕਾਨ ਅੱਗੇ ਆ ਲਾਈ

------ਅਸਲ ਵਿਚ ਬਿੱਕਰ ਸਿੰਘ ਕਾਮਾ, ਮਿਹਨਤੀ ਹੋਣ ਦੇ ਨਾਲ-ਨਾਲ ਪੈਸੇ ਦਾ ਪੁੱਤ ਸੀਅਤੀਅੰਤ ਸੂਮ! ਦੋ ਜੁਆਨ ਮੁੰਡੇ ਅਤੇ ਦੋ ਹੀ ਜੁਆਨ ਕੁੜੀਆਂਬਿੱਕਰ, ਬਿੱਕਰ ਦੇ ਘਰਵਾਲੀ ਹਰਦੇਵ ਕੌਰ ਅਤੇ ਸਾਰੇ ਮੁੰਡੇ-ਕੁੜੀਆਂ ਕਿੱਤਿਆਂ 'ਤੇ ਲੱਗੇ ਹੋਏ ਸਨਚੰਗਾ-ਚੋਖਾ ਪੈਸਾ ਘਰੇ ਆਉਂਦਾ ਸੀਬਿੱਕਰ ਨੇ ਆਪਣਾ ਇੱਕ ਚੰਗਾ ਵੱਡਾ ਮਕਾਨ ਖਰੀਦ ਲਿਆਆਪਣੀ ਰਹਾਇਸ਼ ਜੋਗਾ ਰੱਖ ਕੇ ਬਾਕੀ ਕਮਰੇ ਇੰਡੀਅਨ ਅਤੇ ਪਾਕਿਸਤਾਨੀ ਮੁੰਡਿਆਂ ਨੂੰ ਕਿਰਾਏ 'ਤੇ ਦੇ ਦਿੱਤੇਆਮਦਨ ਹੋਰ ਵੀ ਵਧ ਗਈਬੱਸ! ਹੁਣ ਬਿੱਕਰ ਅੱਠ ਘੰਟੇ ਹੀ ਡਿਊਟੀ ਕਰਦਾ ਅਤੇ ਰਾਤ ਨੂੰ ਦਾਰੂ ਪੀ ਕੇ ਸੌਂ ਛੱਡਦਾਛੁੱਟੀ ਵਾਲੇ ਦਿਨ ਤਾਂ ਉਹ ਸਵੇਰੇ ਹੀ ਸ਼ੁਰੂ ਹੋ ਜਾਂਦਾ ਸੀਮੁੰਡੇ, ਕੁੜੀਆਂ, ਹਰਦੇਵ ਕੌਰ ਕਦੋਂ ਕੰਮ 'ਤੇ ਜਾਂਦੀ ਅਤੇ ਕਦੋਂ ਆਉਂਦੀ? ਉਹ ਬਹੁਤਾ ਕਿਆਲ ਨਾ ਕਰਦਾ!

ਅਖੀਰ ਬਿੱਕਰ ਦੇ ਘਰਵਾਲੀ ਹਰਦੇਵ ਕੌਰ ਨੇ ਵੱਡੀ ਕੁੜੀ ਦੇ ਵਿਆਹ ਬਾਰੇ ਜੋਰ ਪਾਇਆ, ਪਰ ਬਿੱਕਰ ਨੇ ਕੰਨ-ਮੁੱਢ ਮਾਰ ਛੱਡਿਆ

-"ਅਜੇ ਵਿਆਹ ਦੀ ਕੋਈ ਉਮਰ ਐ? ਕੱਲ੍ਹ ਦੀ ਤਾਂ ਜੁਆਕੜੀ ਐ!" ਉਹ ਸੋਨੇ ਦਾ ਅੰਡਾ ਦੇਣ ਵਾਲੀ ਧੀ ਨੂੰ ਛੇਤੀ ਕੀਤੇ ਖੁੱਡੇ ਵਿਚੋਂ ਕੱਢਣ ਲਈ ਤਿਆਰ ਨਹੀਂ ਸੀਪਰ ਮਾਂ ਨੇ ਧੀ ਦੀਆਂ 'ਕਰਤੂਤਾਂ' ਇੱਕ ਤੁਰਕੀ ਮੁੰਡੇ ਨਾਲ ਅੱਖੀਂ ਦੇਖ ਲਈਆਂ ਸਨਉਹ ਠਠੰਬਰੀ ਹੋਈ ਕੁੜੀ ਦੇ ਕਮਰੇ 'ਚੋਂ ਅੱਖਾਂ ਮੁੰਦ ਕੇ ਵਾਪਿਸ ਆ ਗਈ ਸੀਅੱਖੀਂ ਦੇਖਿਆ 'ਸੀਨ' ਉਸ ਨੂੰ ਵਾਰ-ਵਾਰ ਕੰਬਣੀ ਚਾੜ੍ਹਦਾ ਸੀਘੱਟ ਮਾਂ ਵੀ ਨਹੀਂ ਸੀਗਲ ਥਾਣੀਂ ਪਜਾਮਾ ਉਹ ਲਾਹੁੰਦੀ ਸੀਕਿੱਕਰ ਤੋਂ ਕਾਟੋ ਲਾਹੁੰਣ ਦੀ ਸ਼ੌਕੀਨ ਹਰਦੇਵ ਕੌਰ, ਬਿੱਕਰ ਤੋਂ ਪੂਰੀ ਦਸ ਸਾਲ ਛੋਟੀ ਸੀ! ਅਕਸਰ ਬੰਦੇ-ਬੁੜ੍ਹੀ ਨੇ ਆਪਣੀ ਭੁੱਖ ਪੂਰੀ ਕਰਨ ਲਈ ਕਿਤੇ ਨਾ ਕਿਤੇ ਤਾਂ ਡਿੱਗਣਾ ਹੀ ਹੋਇਆ? ਮਾਂ ਖ਼ੁਦ ਭਾਂਤ-ਭਾਂਤ ਦੇ ਯਾਰ ਹੰਢਾਉਂਦੀ ਸੀ! ਮਾਂ ਖੂਹ ਵਿਚ ਅਤੇ ਕੁੜੀ ਖਾਤੇ ਵਿਚ ਡਿੱਗ ਰਹੀ ਸੀ

ਆਖਰ ਜਦ ਤੁਰਕੀ ਮੁੰਡੇ ਦਾ ਇਹ ਨਿੱਤ ਦਾ ਹੀ ਕੰਮ ਹੋ ਗਿਆ ਤਾਂ ਹਰਦੇਵ ਕੌਰ ਦੇ ਭਾਅ ਦੀ ਬਣ ਗਈ

-"ਇਹ ਤਾਂ ਜੁਆਕ ਬਣਾ ਕੇ ਪਾਸੇ ਹੋਊ-ਅਸੀਂ ਕੀਹਦੀ ਮਾਂ ਨੂੰ ਮਾਸੀ ਕਹਾਂਗੇ?" ਉਹ ਅੰਦਰੋ-ਅੰਦਰੀ ਖੁਰਦੀ ਰਹਿੰਦੀ

-"ਕੰਜਰਾ! ਦਾਰੂ 'ਚ ਡੁੱਬਿਆ ਰਹਿੰਨੈਂ-ਕੁੜੀ ਉੱਜੜਨ ਰਸਤੇ ਪੈਗੀ!" ਇੱਕ ਦਿਨ ਹਰਦੇਵ ਕੌਰ ਨੇ ਪੱਟ ਪਿੱਟੇ

-"ਉਹਦੀ ਮਾਂ ਦੀ----!" ਸ਼ਰਾਬ ਨਾਲ ਰੱਜਿਆ ਬਿੱਕਰ ਸਿੰਘ ਕਰੋਧ ਨਾਲ ਸੜ ਉਠਿਆ

-"ਤੂੰ ਕੁੱਤੀਏ! ਮੈਨੂੰ ਪਹਿਲਾਂ ਕਿਉਂ ਨਾ ਦੱਸਿਆ?" ਉਸ ਨੇ ਡਾਂਗ ਲੈ ਕੇ ਹਰਦੇਵ ਕੌਰ ਨਿੱਸਲ ਕਰ ਦਿੱਤੀ

-"ਕੰਜਰ ਚੌਰਿਆ! ਮੈਂ ਤਾਂ ਨਿੱਤ ਤੇਰੇ ਮੂੰਹ ਅੱਗੇ ਹੱਥ ਦਿੰਦੀ ਰਹੀ-ਹੁਣ ਨਾ ਕੰਜਰਪੁਣਾਂ ਕਰਕੇ ਲੋਕਾਂ ਨੂੰ ਤਮਾਸ਼ਾ ਦਿਖਾ-ਝੱਗਾ ਚੱਕਿਆਂ ਆਬਦਾ ਈ ਢਿੱਡ ਨੰਗਾ ਹੁੰਦੈ-ਕਰਨ ਆਲਾ ਕੰਮ ਕਰ ਮੌਤ ਪੈਣਿਆਂ!" ਕੁੱਟ ਖਾ ਕੇ ਵੀ ਹਰਦੇਵ ਕੌਰ ਧੀਮੀਂ ਅਵਾਜ਼ ਵਿਚ ਗੱਲ ਕਰ ਰਹੀ ਸੀ

-"ਤੂੰ ਅਜੇ ਤੱਕ ਯਾਰਾਂ ਦੀਆਂ ਬੁੱਕਲਾਂ ਨਿੱਘੀਆਂ ਕਰਦੀ ਐਂ-ਤੇਰੀਆਂ ਧੀਆਂ ਕਿਹੜਾ ਘੱਟ ਕਰਨਗੀਆਂ?" ਉਸ ਨੇ ਇੱਕ ਕਰੜੀ ਝੁੱਟੀ ਹੋਰ ਲਾ ਕੇ ਹਰਦੇਵ ਕੌਰ ਦੀ ਤਹਿ ਲਾ ਦਿੱਤੀ

-"ਤੂੰ ਤਾਂ ਨਮਰਦਾ, ਸ਼ਰਾਬ ਚੋਂ ਅੱਖ ਨ੍ਹੀ ਖੋਲ੍ਹਦਾ-ਮੈਂ ਤਾਂ ਕਿਤੇ ਮੱਚਣਾ ਈ ਐਂ!" ਦੁਹੱਥੜ ਮਾਰ ਕੇ ਹਰਦੇਵ ਕੌਰ ਨੇ ਸਿੱਧੀ, ਸੱਚੀ ਸੁਣਾਈ ਤਾਂ ਬਿੱਕਰ ਠਰ ਗਿਆਕਸੂਰ ਉਸ ਦਾ ਆਪਣਾ ਸੀਸੱਚੀ ਗੱਲ ਇੱਟ ਵਾਂਗ ਕਪਾਲ ਵਿਚ ਪਈ ਸੀਖ਼ੈਰ! ਇੱਕ ਤੂਫ਼ਾਨ ਆਇਆ ਸੀ, ਜੋ ਕਮਰੇ ਅੰਦਰ ਹੀ ਖ਼ੌਰੂ ਪਾ ਕੇ ਸ਼ਾਂਤ ਹੋ ਗਿਆ ਸੀ

ਬਿੱਕਰ ਨੇ ਪੈੱਗ ਲਾ ਕੇ ਸਾਰੇ ਘਰ ਵਿਚ ਭਲਵਾਨੀ ਗੇੜਾ ਦਿੱਤਾਪਰ ਵੱਡੀ ਕੁੜੀ ਉਸ ਨੂੰ ਕਿਤੇ ਨਜ਼ਰ ਨਾ ਆਈਉਹ ਡਰਾਇੰਗ-ਰੂਮ ਵਿਚ ਸੋਫ਼ੇ 'ਤੇ ਬੈਠਾ ਨਹੀਂ, ਇੱਕ ਤਰ੍ਹਾਂ ਨਾਲ ਡਿੱਗ ਹੀ ਪਿਆਵੱਡਾ ਮੁੰਡਾ ਨ੍ਹੇਰੀ ਅੰਦਰ ਆਇਆਬਿੱਕਰ ਨੇ ਮੁੰਡੇ ਨੂੰ ਬੜੀ ਗਹੁ ਨਾਲ ਤੱਕਿਆਮੁੰਡੇ ਦੇ ਮੋਢਿਆਂ ਤੱਕ ਵਾਲ ਰੱਖ ੇਹੋਏ ਸਨ ਅਤੇ ਕੰਨਾਂ ਵਿਚ ਮੁਰਕੀਆਂ ਪਾਈਆਂ ਹੋਈਆਂ ਸਨ

-"ਆਹ ਕੀ ਨਚਾਰਾਂ ਮਾਂਗੂੰ ਕੰਨਾਂ 'ਚ ਕੋਕਰੂ ਜਿਹੇ ਪਾਈ ਫਿਰਦੈਂ ਉਏ ਹਰਾਮਦਿਆ! ਸ਼ਰਮ ਨ੍ਹੀ ਆਉਂਦੀ?" ਬਿੱਕਰ ਨੇ ਕੁੜੀ ਵਾਲਾ ਗੁੱਸਾ ਮੁੰਡੇ 'ਤੇ ਕੱਢਣਾ ਚਾਹਿਆਪਰ ਮੁੰਡਾ ਅੱਗਿਓਂ 'ਅਲੀ-ਅਲੀ' ਕਰ ਕੇ ਮਗਰ ਪੈ ਗਿਆ

-"ਇਹ ਮੇਰੀ ਪ੍ਰਾਬਲਮ ਐ-ਮੈਂ ਜੋ ਚਾਹੂੰ, ਕਰੂੰ! ਰਾਈਟ? ਸਾਥੋਂ ਥੋਡੇ ਮਾਂਗੂੰ ਪੱਗੂ ਨਹੀਂ ਬੰਨ੍ਹੇ ਜਾਂਦੇ! ਜੇ ਮੇਰੀ ਕਿਸੇ ਗੱਲ 'ਚ ਇੰਟਰਫ਼ੀਅਰ ਕੀਤਾ-ਮੈਂ ਪੁਲਸ ਨੂੰ ਫ਼ੋਨ ਕਰ ਦਿਊਂ!"

-"ਬਹੁੜ੍ਹੀ ਉਏ! ਸਾਰਾ ਟੱਬਰ ਗਲ ਨੂੰ ਆਉਂਦੈ।" ਬਿੱਕਰ ਦੀ ਹਾਲਤ ਆਟੇ ਦੇ ਦੀਵੇ ਵਰਗੀ ਹੋ ਗਈ ਸੀਉਹ ਤਪਿਆ ਹੋਇਆ 'ਬੁੜ-ਬੁੜ' ਕਰਦਾ ਬਾਹਰ ਨਿਕਲ ਗਿਆਬਿੱਕਰ ਆਪਣਾ ਕਸੂਰ ਮੰਨਣ ਲਈ ਤਿਆਰ ਨਹੀਂ ਸੀ, ਜਿਸਨੇ ਸ਼ਰਾਬ ਅਤੇ ਪੈਸੇ ਨੂੰ ਮੁੱਖ ਰੱਖ ਕੇ ਆਪਣੇ ਘਰ ਅੰਦਰ ਝਾਤੀ ਨਹੀਂ ਮਾਰੀ ਸੀ

ਅਖੀਰ ਬਿੱਕਰ ਨੇ ਇੱਕ ਮੁੰਡਾ ਦੇਖ ਕੇ ਕੁੜੀ ਦਾ ਵਿਆਹ ਪੱਕਾ ਕਰ ਦਿੱਤਾਸਾਰੀ ਤਿਆਰੀ ਮੁਕੰਮਲ ਹੋ ਗਈਕਾਰਡ ਵੰਡ ਦਿੱਤੇ ਗਏਪਰ ਵਿਆਹ ਤੋਂ ਇੱਕ ਹਫ਼ਤਾ ਪਹਿਲਾਂ ਮੁੰਡੇ ਵਾਲਿਆਂ ਨੇ ਜਵਾਬ ਦੇ ਦਿੱਤਾਕਿਸੇ ਆਪਣੇ ਹੀ ਭਾਈਬੰਦ ਨੇ ਮੁੰਡੇ ਵਾਲਿਆਂ ਦੇ ਕੰਨ ਵਿਚ ਫ਼ੂਕ ਜਾ ਮਾਰੀ, "ਕੁੜੀ ਖਰਾਬ ਐ!"

ਬਿੱਕਰ ਅਤੇ ਹਰਦੇਵ ਕੌਰ ਨੂੰ ਹੱਥਾਂ ਪੈਰਾਂ ਦੀ ਪੈ ਗਈ, ਕਿਉਂਕਿ ਦਿਨ ਪੱਕਾ ਕੀਤਾ ਹੋਇਆ ਸੀ, ਕਾਰਡ ਵੰਡੇ ਹੋਏ ਸਨਬਿੱਕਰ ਨੇ ਮੁੰਡੇ ਦੇ ਪਿਉ ਦੇ ਪੈਰੀਂ ਪੱਗ ਜਾ ਧਰੀਪਰ ਮੁੰਡੇ ਦੇ ਬਾਪ ਨੇ ਇੱਕੋ ਵਿਚ ਹੀ ਨਬੇੜ ਦਿੱਤੀ

-"ਬਿੱਕਰ ਸਿਆਂ! ਪੱਗ ਚੱਕ ਕੇ ਸਿਰ 'ਤੇ ਧਰਲਾ-ਮੈਥੋਂ ਨ੍ਹੀ ਦੁਨੀਆਂ ਦੀ ਜੂਠ ਨੂੰਹ ਬਣਾਈ ਜਾਣੀ।"

-"ਨਾਲੇ ਲੋਕ ਸਾਡੇ ਮੂੰਹ ਨਾਲ ਕੀ ਕਰਨਗੇ? ਲੋਕ ਸਾਡੇ ਮੂੰਹ 'ਚ ਛਿੱਤਰ ਨਾ ਦੇਣਗੇ? ਤੂੰ ਤਾਂ ਗਿੱਠ ਲੀਰ ਸਾਡੇ ਪੈਰਾਂ ਤੇ ਆ ਸਿੱਟੀ-ਜਿਮੇਂ ਪਟਿਆਲੇ ਆਲੇ ਰਾਜੇ ਦਾ ਤਾਜ ਹੁੰਦੈ।" ਮੁੰਡੇ ਦੀ ਮਾਂ ਨੇ ਲੰਬੀ ਬਾਂਹ ਕਰਕੇ ਕਿਹਾ ਤਾਂ ਬਿੱਕਰ ਮਿੱਟੀ ਹੋ ਗਿਆ

-"ਸਰਦਾਰਾ! ਮੇਰੀ ਇੱਜ਼ਤ ਦਾ ਸੁਆਲ ਐ।" ਬਿੱਕਰ ਨੇ ਆਖਰੀ ਤਰਲਾ ਭਰਿਆ, "ਮਾਰ ਚਾਹੇ ਰੱਖ!"

-"ਤੇਰੀ ਇੱਜਤ ਕਾਹਦੀ ਰਹਿਗੀ? ਤੁਰਕ ਨੇ ਉਹਨੂੰ ਕਿਹੜੇ ਪਾਸਿਓਂ ਕੁਆਰੀ ਛੱਡਿਆ ਹੋਊ? ਜਿਹੜਾ ਨਿੱਤ ਕੁੜੀ ਨਾਲ ਰਾਤਾਂ ਕੱਟਦੈ।"

-"ਥੋਡੀ ਖਾਤਰ ਅਸੀਂ ਆਬਦੀ ਖੇਹ ਕਰ ਲਈਏ?" ਬੁੜ੍ਹੀ ਜਿ਼ਆਦਾ ਤੱਤੀ ਸੀ, "ਥੋਡੀ ਇੱਜਤ ਦੇ ਤਾਂ ਲੋਕੀਂ ਗੁਣ ਗਾਉਂਦੇ ਨ੍ਹੀ ਥੱਕਦੇ-ਮਾਂ ਧੀ ਨੇ ਥਾਂ-ਥਾਂ ਖਸਮ ਕੀਤੇ ਵੇ ਐ।" ਬੁੜ੍ਹੀ ਫ਼ੱਟ 'ਤੇ ਅੱਕ ਚੋਅ ਰਹੀ ਸੀ

-"ਲੋਕ ਤਾਂ ਕੁੜਮਣੀਏਂ, ਚਾਰ ਦਿਨ ਭੌਂਕ ਕੇ ਚੁੱਪ ਹੋ ਜਾਣਗੇ।" ਬਿੱਕਰ ਜਿਵੇਂ ਖੂਹ ਵਿਚੋਂ ਬੋਲਿਆ ਸੀ, "ਪਿੱਛੋਂ ਸਾਰਾ ਕੁਛ ਸਾਅਵਾਂ ਹੋ ਜਾਂਦੈ।"

-"ਬਿੱਕਰਾ, ਤੂੰ ਈ ਐਂ ਜਿਹੜਾ ਸੁਣ ਕੇ ਚੁੱਪ ਹੋ ਜਾਨੈਂ-ਸਾਥੋਂ ਕਿਸੇ ਦੀ ਜਾਹ ਜਾਂਦੀ ਹੋਜੂ-ਬਾਧੂ ਨਰੜੀ ਦੇ ਮਰਜਾਂਗੇ-ਜਾਹ, ਜਾਹ ਮੇਰਾ ਵੀਰ ਕੋਈ ਹੋਰ ਟਿਕਾਣਾ ਕਰ-ਝੋਟੇ ਆਲਿਆਂ ਦੇ ਘਰੋਂ ਲੱਸੀ ਨਾ ਮੰਗ।" ਮੁੰਡੇ ਦੇ ਪਿਉ ਨੇ ਬਿੱਕਰ ਨੂੰ ਬਾਂਹੋਂ ਫੜ ਬਾਹਰ ਕੱਢ ਦਿੱਤਾਉਹ ਠਿੱਬੇ ਜਿਹੇ ਘੜ੍ਹੀਸਦਾ ਪਰਤ ਆਇਆ

ਗੱਲ ਬਿੱਕਰ ਜਿੰਨੀ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਤਨੀ ਹੀ ਬੁੱਕ ਵਿਚੋਂ ਪਾਣੀ ਵਾਂਗ ਡੁੱਲ੍ਹਦੀ ਜਾਂਦੀ ਸੀ

ਸ਼ਾਮ ਨੂੰ ਬਿੱਕਰ ਡਰਾਇੰਗ-ਰੂਮ ਵਿਚ ਬੈਠਾ ਪੀ ਰਿਹਾ ਸੀਸੋਚਾਂ ਦੀ ਘੋੜ-ਦੌੜ ਨੇ ਉਸ ਨੂੰ ਦਧਨ ਕਰ ਰੱਖਿਆ ਸੀਅਚਾਨਕ ਦੁਕਾਨਦਾਰ ਧਾਲੀਵਾਲ ਦਾਲਾਂ-ਮਸਾਲੇ ਦੇਣ ਆ ਗਿਆਬਿੱਕਰ ਦਾ ਉਤਰਿਆ ਹੋਇਆ ਮੂੰਹ ਦੇਖ ਕੇ ਉਸ ਨੇ ਪੁੱਛਿਆ, "ਕਿਮੇਂ ਬਾਬਿਓ ਢਿੱਲੇ ਜਿਹੇ ਬੈਠੇ ਐਂ?" ਤਾਂ ਬਿੱਕਰ ਨੇ ਉਸ ਨਾਲ ਚੰਗੀ ਬੁੱਕਲ ਖੁੱਲ੍ਹੀ ਹੋਣ ਕਾਰਨ ਸਾਰੀ ਗੱਲ ਸਾਹਮਣੇ ਰੱਖ ਦਿੱਤੀ

ਧਾਲੀਵਾਲ ਸੋਚੀਂ ਪੈ ਗਿਆ

-"ਕੁੜੀ ਕੋਲੇ ਸਿਟੀਜ਼ਨਸ਼ਿੱਪ ਕਿਹੜੀ ਐ?"

-"ਆਸਟਰੀਅਨ ਐਂ।"

-"ਕੋਈ ਲੋੜਵੰਦ ਮੁੰਡਾ ਦੇਖ ਕੇ ਭੁਆਟਣੀਆਂ ਦੇ ਦਿਓ-ਪੱਕੇ ਹੋਣ ਦੇ ਲਾਲਚ ਨੂੰ ਵੀਹ ਅੱਗੇ ਲੱਗ ਤੁਰਨਗੇ।"

-"ਤੇਰੀ ਨਿਗਾਹ 'ਚ ਹੈ ਕੋਈ? ਮੇਰੇ ਤਾਂ ਔਸਾਣ ਈ ਮਾਰੇ ਪਏ ਐ।" ਬਿੱਕਰ ਨੇ ਪੈੱਗ ਸੂਤਦਿਆਂ ਕਿਹਾ

-"ਦੇਖ ਲਵਾਂਗੇ।"

-"ਦੇਖ ਲਵਾਂਗੇ ਨ੍ਹੀ! ਵਿਆਹ ਦੇ ਦਿਨ 'ਚ ਸਾਰੇ ਈ ਪੰਜ ਦਿਨ ਐਂ-ਕੁਛ ਕਰ-ਚਾਹੇ ਕੋਈ ਲੂਲ੍ਹਾ-ਲੰਗੜ੍ਹਾ ਈ ਦੇਖਲਾ।"

-"ਮੈਂ ਸਵੇਰੇ ਤੈਨੂੰ ਫ਼ੋਨ ਕਰੂੰ।" ਧਾਲੀਵਾਲ ਤੁਰ ਗਿਆ

ਅਗਲੇ ਦਿਨ ਧਾਲੀਵਾਲ ਦਾ ਫ਼ੋਨ ਆ ਗਿਆਮੁੰਡਾ ਉਸ ਨੇ ਦੇਖ ਲਿਆ ਸੀਪੱਕ ਕਰ ਲਿਆ ਸੀਬਿੱਕਰ ਨੇ ਖੁਸ਼ੀ ਵਿਚ ਛਾਲ ਮਾਰੀਅਸਲ ਵਿਚ ਮੁੰਡਾ ਧਾਲੀਵਾਲ ਦੇ ਦੂਰ-ਨੇੜਿਓਂ ਰਿਸ਼ਤੇ ਵਿਚੋਂ ਹੀ ਸੀਗੱਲ ਫ਼ੈਲੀ ਹੋਣ ਕਰਕੇ ਮੁੰਡੇ ਨੇ ਤੋਕੜ ਮੱਝ ਵਾਂਗ ਲੱਤ ਤਾਂ ਚੁੱਕੀ, ਪਰ ਧਾਲੀਵਾਲ ਦੇ ਸਮਝਾਊ ਬੋਲਾਂ ਨਾਲ ਲੱਤ ਫਿਰ ਲਾ ਲਈ

"ਸਾਲਿਆ, ਵਿਆਹ ਕਰਵਾ ਕੇ ਸੈੱਟ ਹੋਣ ਦੀ ਕਰ-ਖਾਂਦੀ ਕਮਾਉਂਦੀ ਕੁੜੀ ਤੈਨੂੰ ਕਿਤੋਂ ਮਿਲਣੀ ਐਂ? ਸੈੱਟ ਹੋ ਕੇ ਜਦੋਂ ਮਰਜੀ ਐ ਛੱਡਦੀਂ-ਕੋਈ ਬਾਨ੍ਹ ਐਂ? ਨਾਲੇ ਚਾਰ ਦਿਨ ਰਜਾਈ ਤੱਤੀ ਰਹੂ!"

ਖ਼ੈਰ! ਧਾਲੀਵਾਲ ਵਿਚੋਲਾ ਬਣਿਆਂ, ਸ਼ਾਦੀ ਹੋ ਗਈਸ਼ਾਦੀ ਵੀ ਕਾਹਦੀ ਹੋਈ? 'ਜੈ-ਮਾਲਾ' ਪਾ ਕੇ ਰਵਾਇਤ ਜਿਹੀ ਪੂਰੀ ਕਰ ਦਿੱਤੀ ਅਤੇ ਕਾਗਜ਼ਾਂ ਵਿਚ ਵਿਆਹ ਰਜਿਸਟਰ ਕਰਵਾ ਦਿੱਤਾ, ਕੁੜੀ ਤੋਰ ਦਿੱਤੀ ਗਈ

ਅਜੇ ਵਿਆਹ ਨੂੰ ਕੁਝ ਦਿਨ ਹੀ ਬੀਤੇ ਸਨ ਕਿ ਬਿੱਕਰ ਦੀ ਜਿ਼ੰਦਗੀ ਦੇ ਰਾਹ ਵਿਚ ਇੱਕ ਹੋਰ ਭਾਰਾ ਪੱਥਰ ਆ ਡਿੱਗਿਆਛੋਟੀ ਕੁੜੀ ਰਣਧੀਰ ਕਿਸੇ ਕਿਰਾਏਦਾਰ ਪਾਕਿਸਤਾਨੀ ਮੁੰਡੇ ਨਾਲ ਤੁਰ ਗਈਲੋਕਾਂ ਗੱਲ ਹੋਰ ਚੁੱਕ ਲਈ, "ਸਾਲਾ ਸਾਰਾ ਆਵਾ ਈ ਊਤਿਐ?" ਪਰ ਬਿੱਕਰ ਧੁਰੋਂ ਹਿੱਲ ਗਿਆਦਾਰੂ 'ਚ ਧੁੱਤ ਹੋ ਕੇ ਉਸ ਨੇ ਹਰਦੇਵ ਕੌਰ 'ਝੰਬ' ਦਿੱਤੀਪਰ ਹਰਦੇਵ ਕੌਰ ਦਾ ਇਸ ਵਿਚ ਕਸੂਰ ਕੋਈ ਨਹੀਂ ਸੀਉਹ ਚੁੱਪ-ਚਾਪ ਕੁੱਟ ਸਹਿ ਗਈ ਸੀਕਦੇ-ਕਦੇ ਕਮਰੇ ਅੰਦਰ ਹੀ ਹਨ੍ਹੇਰ-ਗਰਦ ਉਠਦੀ ਅਤੇ ਕੁਝ ਪਲ ਝੁੱਲ ਕੇ ਅੰਦਰੇ ਅੰਦਰ ਹੀ ਸ਼ਾਂਤ ਹੋ ਜਾਂਦੀ

ਇੱਕ ਹਫ਼ਤਾ ਤਾਂ ਗੱਲ ਗੁਪਤ ਹੀ ਰੱਖੀ ਗਈਪਰ ਜਦੋਂ ਕੁੜੀ ਸ਼ਹਿਰ ਵਿਚ ਉਸ ਪਾਕਿਸਤਾਨੀ ਮੁੰਡੇ ਦੀਆਂ ਬਾਂਹਾਂ ਵਿਚ ਬਾਂਹਾਂ ਪਾ ਕੇ ਸ਼ਰੇਆਮ ਘੁੰਮਣ ਲੱਗ ਪਈ ਤਾਂ ਧੂੰਆਂ ਰੋਲ ਹੋ ਗਿਆ

ਬਿੱਕਰ ਨੇ ਕਈ ਮੂੰਹ-ਮੱਥੇ ਲੱਗਦੇ ਦੇਸੀ ਬੰਦੇ ਇਕੱਠੇ ਕਰਕੇ, ਜਾ ਕੇ ਉਸ ਪਾਕਿਸਤਾਨੀ ਮੁੰਡੇ ਕਾਦਰ ਹੁਸੈਨ ਨਾਲ ਗੱਲ ਕੀਤੀ ਤਾਂ ਉਸ ਨੇ ਬੜੇ ਹੀ ਸਲੀਕੇ ਨਾਲ ਉੱਤਰ ਦਿੱਤਾ

-"ਅੱਲਾ ਤਾਲਾ ਦੀ ਕਸਮ ਈ, ਚਾਚਾ-ਮੈਂ ਇਸ ਨੂੰ ਉੱਕਾ ਨਹੀਂ ਜੇ ਲੈ ਕੇ ਆਇਆ-ਸਗੋਂ ਇਹ ਖੁਦ ਈ ਪਈ ਆਈ ਏ-ਪੁੱਛ ਲਵੋ ਜੇ ਕਸਮ ਦੇ ਕੇ-ਅਗਰ ਜਾਂਦੀ ਏ ਤੇ ਇੰਛਾ-ਆਲਾ ਲੈ ਜਾਵੋ-ਮਜ਼ਹਬ ਦੀ ਕਸਮ ਕਸਮ ਏ, ਮੈਂ ਇਸ ਦੇ ਪਿੱਛੇ ਨਹੀਂ ਪਿਆ ਆਵਾਂਗਾ।" ਸਾਰੇ ਹੀ ਨਿਮਾਣੇ ਜਿਹੇ ਹੋ ਕੇ ਕੁੜੀ ਰਣਧੀਰ ਦੀਆਂ ਮਿੰਨਤਾਂ ਕਰਨ ਲੱਗ ਪਏਪਰ ਕੁੜੀ ਨੇ ਭੌਣ ਤੋਂ ਹੀ ਲਾਹ ਦਿੱਤੀ

-"ਮੈਂ ਨਹੀਂ ਜਾਣਾ, ਜੋਰ ਲਾਲੋ-ਬਾਹਲੀ ਚੀਂ ਫ਼ੀਂ ਕਰੋਗੇ, ਪੁਲੀਸ ਨੂੰ ਫ਼ੋਨ ਕਰਦੂੰ-ਮੈਂ ਬਾਲਗ ਹੋ ਗਈ ਆਂ!"

ਠਠੰਬਰੇ ਜਿਹੇ ਸਾਰੇ ਵਾਪਿਸ ਆ ਗਏ

ਹਰਦੇਵ ਕੌਰ ਨੇ ਦੋ-ਚਾਰ ਸਿਆਣੀਆਂ ਬੁੜ੍ਹੀਆਂ ਇਕੱਠੀਆਂ ਕੀਤੀਆਂ ਅਤੇ ਕਾਦਰ ਹੁਸੈਨ ਦੇ ਕਮਰੇ ਵਿਚ ਜਾ ਅਲਖ ਜਗਾਈ

-"ਡੋਬਾ ਪੈਜੇ, ਕੀ ਬੂ-ਬੂ ਕਰਵਾਈ ਐ ਕੁੜ੍ਹੇ? ਮਾਂ ਪਿਉ ਦੀ ਇੱਜਤ ਵੱਲੀਂ ਤਾਂ ਦੇਂਹਦੀ ਤੂੰ!" ਗਿਆਨਣ ਤਾਈ ਨੇ ਰਣਧੀਰ ਨੂੰ ਸੰਬੋਧਨ ਹੁੰਦਿਆਂ ਕਿਹਾ

-"ਕਿਹੜੇ ਮਾਂ ਪਿਉ, ਤਾਈ? ਜਿਹੜੀ ਮਾਂ ਦਿਨ ਦਿਹਾੜ੍ਹੇ ਯਾਰ ਹੰਢਾਉਂਦੀ ਐ ਤੇ ਪਿਉ ਦਾਰੂ 'ਚ ਗੁੱਟ ਰਹਿੰਦੈ?" ਕੁੜੀ ਇੱਟ 'ਚ ਪੱਥਰ ਹੋ ਕੇ ਵੱਜੀ ਤਾਂ ਸਾਰਿਆਂ ਦੇ ਮੂੰਹ ਠਾਕੇ ਗਏ

-"ਮੈਂ ਕੀ ਖੂਹ ਪੱਟਤਾ?" ਹਰਦੇਵ ਕੌਰ ਕੁਰਲਾਈ

-"ਹੋਰ ਕੀ ਘੱਟ ਕਰਦੀ ਐਂ?" ਕੁੜੀ ਅੱਗੋਂ ਪਈ

ਗਿਆਨਣ ਤਾਈ ਨੇ ਹਰਦੇਵ ਕੌਰ ਨੂੰ ਤਾੜਿਆ

-"ਬੋਲੀਂ ਨਾ! ਮੈਂ ਬੂਥਾ ਭੰਨਦੂੰ-ਲੱਗਪੀ ਕੁੱਤੇ ਮਾਂਗੂੰ ਟਊਂ-ਟਊਂ ਕਰਨ!" ਫਿਰ ਕੁੜੀ ਵੱਲ ਨੂੰ ਹੋ ਕੇ ਆਖਣ ਲੱਗੀ, "ਚੱਲ ਕੋਈ ਨਾ ਧੀਰ ਪੁੱਤ! ਤੂੰ ਸਿਆਣੀ ਐਂ ਕੁੜ੍ਹੇ-ਇਹੇ ਅਨਪੜ੍ਹ ਗਵਾਰ ਤੇ ਤੂੰ ਪੜ੍ਹੀ ਲਿਖੀ-ਤੇਰੇ ਨਾਲ ਰਲਗੇ ਇਹੇ? ਤੂੰ ਪੁੱਤ ਹੋਸ਼ ਕਰ-ਫੇਰ ਵੀ ਤੇਰੇ ਮਾਂ ਪਿਉ ਐ-ਚਾਹੇ ਕਿੰਨੇ ਵੀ ਬੁਰੇ ਹੋਣ-ਮਾਂ ਬਾਪ, ਮਾਂ ਬਾਪ ਈ ਰਹਿੰਦੇ ਹੁੰਦੇ ਐ ਧੀਏ ਰਾਣੀਏਂ!"

ਕੁੜੀ ਠੰਢੀ ਹੋ ਗਈ

ਉਹਨਾਂ ਦੇ ਬੈਠੀਆਂ ਤੋਂ ਕਾਦਰ ਹੁਸੈਨ ਵੀ ਆ ਗਿਆਉਸ ਨੇ ਆਉਣਸਾਰ "ਅੱਸਲਾਮਾ-ਲੇਕੁਮ" ਕਿਹਾ ਤਾਂ ਬੁੜ੍ਹੀਆਂ ਨੇ ਸਕੂਲੀ ਬੱਚਿਆਂ ਵਾਂਗ ਇਕੱਠਿਆਂ ਹੀ "ਬਾਲੇਕੁਮ-ਸਲਾਮ" ਦਾ ਉੱਤਰ ਮੋੜਿਆ

-"ਵੇ ਕਾਦਰਾ! ਤੂੰ ਚੰਗੀ ਕੀਤੀ ਭਾਈ? ਤੂੰ ਵੀ ਸੁੱਖ ਨਾਲ ਧੀਆਂ ਭੈਣਾਂ ਆਲੈਂ-ਆਹ ਕੀ ਕਮਲ ਮਾਰਿਆ ਤੂੰ?" ਤਾਈ ਬੋਲੀ

-"ਤਾਈ ਜਾਨ! ਮੈਨੂੰ ਅੱਲਾਹ ਦੀ ਕਸਮ-ਮੈਂ ਅੱਗੇ ਵੀ ਅਰਜ਼ ਕਰ ਚੁੱਕਾ ਵਾਂ ਕਿ ਮੈਂ ਇਹਨੂੰ ਛਿੱਕ ਕੇ ਨਹੀਂ ਜੇ ਲੈ ਕੇ ਆਇਆ-ਰੱਬ ਅੱਗੇ ਜਾਨ ਦੇਣੀਂ ਜੇ-ਇਹ ਖੁਦ ਪਈ ਆਈ ਏ-ਜੇ ਜਾਂਦੀ ਏ ਤਾਂ ਇੰਛਾ-ਆਲਾ ਬੜੀ ਖੁਸ਼ੀ ਨਾਲ ਲੈ ਜਾਵੋ-ਮੈਨੂੰ ਕੋਈ ਇਤਰਾਜ਼ ਨਹੀਂ ਜੇ।" ਕਹਿ ਕੇ ਕਾਦਰ ਬਰੀ ਹੋ ਗਿਆ

-"ਲੈ ਧੀਰ ਪੁੱਤ! ਹੁਣ ਤਾਂ ਕਾਦਰ ਨੇ ਵੀ ਆਖਤਾ।"

-"ਇਤਨਾ ਹੱਠ ਨਹੀਂ ਜੇ ਕਰੀਦਾ, ਭੈਣਾਂ!" ਸ਼ਮੀਮ ਨੇ ਆਖਿਆ, "ਜੋ ਹੋ ਗਿਆ-ਮਿੱਟੀ ਪਏ ਪਾਓ!"

-"ਤੈਨੂੰ ਘਰੇ ਕੋਈ ਕੁਛ ਨਹੀਂ ਆਖਦਾ।"

-"ਆਖੂ ਕਿਵੇਂ? ਪੁਲੀਸ ਕਾਹਦੇ ਲਈ ਐ?" ਕੁੜੀ ਭਬਕੀ

-"ਚੱਲ ਪੁੱਤ! ਹਿੰਡ ਨ੍ਹੀ ਕਰੀਦੀ।"

-"ਚੱਲ ਤਾਂ ਤਾਈ ਜੀ ਮੈਂ ਵੜੂੰ-ਪਰ ਇਹ ਆਬਦਾ ਨਿੱਤ ਦਾ ਕੰਜਰਖਾਨਾ ਬੰਦ ਕਰਨ।"

-"ਕਾਹਦਾ ਕੰਜਰਾਨਾ, ਧੀਰ ਪੁੱਤ?"

-"ਲੜਾਈ ਝਗੜਾ-ਘਰੇ ਮੇਰਾ ਦਮ ਘੁੱਟਦੈ।"

-"ਨਹੀਂ ਕਰਦੇ ਝਗੜਾ ਮਾਂ ਮੇਰੀਏ! ਹੁਣ ਤਾਂ ਤੁਰਪਾ!" ਹਰਦੇਵ ਕੌਰ ਨੇ ਹੱਥ ਜੋੜ ਕੇ ਦੁਹਾਈ ਦਿੱਤੀ

-"ਤੂੰ ਕਿਉਂ ਬੱਕ-ਬੱਕ ਕਰੀ ਜਾਨੀਂ ਐਂ ਗੱਦਾਂ ਯੱਧੀਏ, ਹੈਂ?" ਤਾਈ, ਹਰਦੇਵ ਕੌਰ ਨੂੰ ਕੁਦਾੜ ਕੇ ਪਈਫਿਰ ਰਣਧੀਰ ਵੱਲ ਨੂੰ ਰੁੱਖ ਕਰ ਲਿਆ

-"ਮੈਂ ਜਿਉਂ ਬੈਠੀ ਐਂ-ਚੱਲ ਤਾਂ ਸਹੀ ਧੀਏ! ਮਜ਼ਾਲ ਐ ਜੇ ਸਾਹ ਵੀ ਕੱਢ ਜਾਣ ਤਾਂ!"

ਰਣਧੀਰ ਅਟੈਚੀ ਵਿਚ ਕੱਪੜੇ ਪਾਉਣ ਲੱਗ ਪਈਅਸਲ ਵਿਚ ਰਣਧੀਰ ਵੀ ਕਾਦਰ ਤੋਂ ਤੰਗ ਆ ਚੁੱਕੀ ਸੀਕਿਉਂਕਿ ਸਾਰਾ ਰੋਟੀ-ਪਾਣੀ, ਚੱਕਣ-ਧਰਨ ਦਾ ਉਸੇ ਨੂੰ ਹੀ ਕਰਨਾ ਪੈਂਦਾ ਸੀਘਰੇ ਤਾਂ ਕਦੇ ਉਸ ਨੇ ਮਾਂ ਦੇ ਸਿਰ 'ਤੇ ਡੱਕਾ ਦੂਹਰਾ ਨਹੀਂ ਕੀਤਾ ਸੀਪਹਿਲਾਂ ਪਹਿਲਾਂ ਤਾਂ ਉਸ ਨੂੰ ਕਾਦਰ ਨਾਲ ਰਹਿਣ ਦਾ ਬੜਾ ਹੀ ਚਾਅ ਸੀਉਹ ਬਣ-ਠਣ ਕੇ ਉਸ ਨਾਲ ਤੁਰਦੀ ਫਿਰਦੀਅਸ਼ਲੀਲ ਹਰਕਤਾਂ ਕਰਕੇ ਨਗਨ ਹਾਲਤ ਵਿਚ ਫ਼ੋਟੋ ਖਿਚਵਾਉਂਦੀ, ਮੂਵੀ ਬਣਵਾਉਂਦੀਪਰ ਹੁਣ ਤਾਂ ਉਸ ਦੇ ਨੱਕ ਵਿਚ ਦਮ ਆ ਚੁੱਕਾ ਸੀਸਾਰੀ ਸਫ਼ਾ-ਸਫ਼ਾਈ ਤੋਂ ਬਾਅਦ ਰੋਟੀ-ਪਾਣੀ ਬਣਾਉਣਾ ਅਤੇ ਫਿਰ ਸ਼ਾਮ ਨੂੰ ਕਾਦਰ ਆ ਕੇ, ਦਾਰੂ ਪੀ ਕੇ ਕੁੜੀ ਨੂੰ ਸਾਰੀ-ਸਾਰੀ ਰਾਤ 'ਹਲਾਲ' ਕਰਦਾ ਰਹਿੰਦਾਕਾਦਰ, ਰਣਧੀਰ ਤੋਂ ਪੂਰੇ ਸਤਾਰਾਂ ਵਰ੍ਹੇ ਵੱਡਾ ਸੀਇੱਕ ਨਿੱਗਰ ਕਿਸਮ ਦਾ ਬਣਿਆ-ਤਣਿਆ ਮਾਨੁੱਖ! ਰਣਧੀਰ ਨੇ ਕਈ ਵਾਰ ਘਰ ਪਰਤਣ ਦੀ ਸੋਚੀ, "ਪਰ ਕਿਹੜੇ ਮੂੰਹ ਨਾਲ?" ਸੋਚ ਕੇ ਉਹ ਕਤਲਗਾਹ ਵਿਚ ਹੀ 'ਹਲਾਲ' ਹੁੰਦੀ ਰਹੀ

ਰਣਧੀਰ ਨੇ ਕੱਪੜੇ ਅਟੈਚੀ ਵਿਚ ਪਾ ਲਏ

-"ਚੱਲ ਭਾਈ ਕਾਦਰਾ-ਸਾਨੂੰ ਘਰੇ ਛੱਡ ਕੇ ਆ!" ਤਾਈ ਦੇ ਕਹਿਣ 'ਤੇ ਕਾਦਰ ਕਾਰ ਦੀਆਂ ਚਾਬੀਆਂ ਲੈ ਕੇ ਅੱਗੇ ਲੱਗ ਤੁਰਿਆ

ਜਦ ਉਹ ਘਰੇ ਪਹੁੰਚੀਆਂ ਤਾਂ ਬਿੱਕਰ ਦਾਰੂ ਨਾਲ ਟੁੰਨ ਹੋਇਆ, 'ਧੋਬੀ ਦੇ ਕੁੱਤੇ' ਵਾਂਗ ਸੈਟੀ 'ਤੇ ਕੰਨ ਜਿਹੇ ਸੁੱਟੀ ਪਿਆ, ਘੁਰਾੜ੍ਹੇ ਮਾਰ ਰਿਹਾ ਸੀ

Monday, December 22, 2008

ਕਹਾਣੀ: ਬਚਨ ਬਿਲਾਸ

ਬਚਨ ਬਿਲਾਸ
ਕਹਾਣੀ

ਪਿੰਡ ਦੇ ਗੁਰਦੁਆਰੇ ਕੋਲ ਇਕ ਪੁਰਾਣਾ ਬੋਹੜ। ਬੋਹੜ ਦੇ ਦੁਆਲੇ ਬਣਿਆ ਇੱਟਾਂ ਅਤੇ ਸੀਮਿੰਟ ਦਾ ਮਜਬੂਤ ਚਬੂਤਰਾ। ਬੁੱਢੇ ਬੋਹੜ ਦੀ ਠੰਢੀ-ਠੰਢੀ ਛਾਂ ਹੁੰਦੀ, ਮਾਂ ਦੀ ਅਸੀਸ ਵਰਗੀ! ਇਸ ਕਰਮਾਂ ਵਾਲੀ ਛਾਂ ਹੇਠ, ਛੇ ਸਾਲ ਦੀ ਉਮਰ ਤੋਂ ਲੈ ਕੇ ਅੱਸੀ ਸਾਲ ਦੀ ਉਮਰ ਦੇ ਬਜ਼ੁਰਗਾਂ ਤੱਕ ਇਕੱਤਰ ਹੁੰਦੇ। ਇਸ ਛਾਂ ਵਿਚ ਇਤਨਾ ਜਾਦੂ ਸੀ ਕਿ ਸਾਰੇ ਜ਼ਾਤ-ਪਾਤ ਦੇ ਅਰਥ ਭੁੱਲ ਜਾਂਦੇ। ਬੱਸ! ਚੇਤੇ ਰਹਿ ਜਾਂਦਾ, ਹੱਸਣਾ-ਖੇਡਣਾ ਅਤੇ ਲੱਤੋ-ਲੱਤੀ ਹੋਣਾ।
-"ਉਏ ਆ ਬਈ ਬੀਘੜਾ ਕੀ ਹਾਲ ਐ?" ਬਚਿੰਤਾ ਬੁੜ੍ਹਾ ਪੁੱਛਦਾ।
-"ਲੋਟ ਐ ਬਾਬਾ!"
-"ਬੀਘੜਾ! ਮੱਲਾ ਇੱਕ ਗੱਲ ਪੁੱਛਾਂ?"
-"ਬਾਬਾ ਕੋਈ ਪੁੱਠੀ ਗੱਲ ਨਾ ਕਰੀਂ।"
-"ਹੈ ਕਮਲਾ! ਪੁੱਠੀ ਗੱਲ ਕਿਉਂ ਕਰੂੰ?"
-"ਪੁੱਛ ਬਾਬਾ ਫੇਰ!"
-"ਅੱਜ ਤੇਰੀ ਬੇਬੇ ਫ਼ੁਲਕਾਰੀ ਉਤੇ ਲੈ ਕੇ ਵੀਹੀਆਂ 'ਚ ਕਾਹਤੋਂ ਗੇੜੇ ਦਿੰਦੀ ਫਿਰਦੀ ਸੀ? ਦੇਖਿਓ ਮੱਲੋ ਕਿਤੇ ਥੋਡਾ ਚੁੱਲ੍ਹਾ ਨਾ ਠੰਢਾ ਕਰਜੇ?"
ਹਾਸੜ ਪੈ ਗਈ।
-"ਬਾਬਾ-ਮੈਨੂੰ ਪਹਿਲਾਂ ਈ ਪਤਾ ਸੀ ਬਈ ਤੀੰ ਕੋਈ ਲੁੱਚੀ ਗੱਲ ਈ ਕਰੇਂਗਾ।"
-"ਮੱਲਾ-ਪੁੱਛਣ 'ਚ ਕੋਈ ਹਰਜ ਤਾਂ ਨ੍ਹੀ?"
-"ਉਏ ਬਾਬਾ! ਕਿਉਂ ਮਗਜ ਮਾਰੀਆਂ ਕਰਦਾ ਹੁੰਨੈਂ? ਮੇਰੀ ਬੇਬੇ ਦੇ ਤਾਂ ਛਪਾਕੀ ਲਿੱਕਲੀ ਵੀ ਸੀ-ਡਾਕਦਾਰ ਤੋਂ ਕੋਈ ਗੋਲੀ ਗੱਪਾ ਲੈਣ ਗਈ ਹੋਊ।"
-"ਪਰ੍ਹਭਾਂ ਦੀ ਖ਼ੈਰ ਹੋਵੇ---!" ਬਾਬੂ ਮਰਾਸੀ ਖੱਚਰ ਲੈ ਕੇ ਆ ਗਿਆ।
-"ਪਰ੍ਹਭਾ-ਖੱਚਰ ਦੇ ਦੋ ਪੈਰ ਦਿਖਾ!"
-"ਨਹੀਂ ਪਰ੍ਹਭਾ! ਮੇਰਾ ਸੰਦ ਜਿਆ ਬਣਿਆ ਵਿਐ-ਰਹਿਣ ਦਿਓ ਦੋ ਪੈਰ ਦੇਖਣ ਨੂੰ-ਖੱਚਰ ਮਾੜੀ ਐ-ਨਾ ਮੇਰੇ ਬੀਰ ਡਿੱਗਪੂਗੀ।"
-"ਨਹੀਂ ਪਰ੍ਹਭਾ-ਇਹਦੇ ਦੋ ਪੈਰ ਜਰੂਰ ਦੇਖਣੇ ਐਂ-ਨਹੀਂ ਐਤਕੀਂ ਲਾਂਗਾ ਨ੍ਹੀ ਦੇਣਾ-ਫੇਰ ਹਾੜ੍ਹੇ ਨਾ ਕੱਢੀਂ-ਦੇਖ ਲੈ!"
ਬਾਬੂ ਮਰਾਸੀ ਨੇ ਖੱਚਰ ਦੇ ਅੱਡੀ ਮਾਰੀ। ਟੈਰ ਵਿਚਾਰੇ ਦੀ ਮਾੜੀ ਸੀ, ਮੋਸ਼ਨ ਫੜਨ ਦੀ ਵਜਾਏ, ਥਾਂ 'ਤੇ ਹੀ "ਦਾਅੜ" ਕਰਦੀ ਡਿੱਗ ਪਈ। ਬਾਬੂ ਮੀਰ ਦੁਹਾਈ ਦੇਣ ਲੱਗ ਪਿਆ, "ਲਓ ਖਸਮੋਂ! ਚਾਰੇ ਪੈਰ ਈ ਦੇਖ ਲਓ!" ਟੈਰ ਦੀਆਂ ਚਾਰੇ ਟੰਗਾਂ ਹੀ ਉਤਾਂਹ ਹੋ ਗਈਆਂ ਸਨ।
-"ਉਏ ਸੱਘਿਆ! ਤੂੰ ਕਿਮੇਂ ਬੁੜ-ਬੁੜ ਕਰਦਾ ਆਉਨੈਂ?" ਕਿਸੇ ਨੇ ਅਮਲੀ ਨੂੰ ਪੁੱਛਿਆ।
-"ਕਾਹਦੀ ਗੱਲ ਐ ਯਾਰ? ਦਲੀਪ ਛੀਂਬੇ ਨੇ ਨਮੀਂ ਹੱਟੀ ਪਾਈ ਐ ਨਾ?"
-"ਆਹੋ!"
-"ਪਰਸੋਂ ਦਾ ਕੋਈ ਗਾਹਕ ਨ੍ਹੀ ਆਇਆ-ਤੇ ਭਾਈ ਮੈਂ ਪੰਜ ਸੇਰ ਕਣਕ ਲੈ ਕੇ ਜਾ ਫ਼ਸਿਆ-ਪੂਰੀ ਪੰਜ ਸੇਰ ਕਣਕ ਤੁਲਵਾ ਕੇ ਮੈਂ ਪੁੱਛਿਆ: ਕਿੰਨੇ ਦੀ ਐ? ਕਹਿੰਦਾ ਅਖੇ ਪੰਜ ਆਨੇ ਦੀ-ਮੈਂ ਕਿਹਾ ਕੁੱਤੀਏ ਜਾਤੇ! ਪਸੇਰੀ ਕਣਕ ਪੰਜ ਆਨੇ ਦੀ ਕਿਮੇਂ? ਤੇ ਮੈਨੂੰ ਬਣਾ ਸਮਾਰ ਕੇ ਕਹਿੰਦਾ ਅਖੇ ਮੈਂ ਵੀ ਪਰਸੋਂ ਦਾ ਵਿਹਲਾ ਬੈਠੈਂ-ਤੈਥੋਂ ਈ ਪੂਰੇ ਕਰਨੇ ਐਂ-ਤੇ ਚੱਕ ਮੇਰੇ ਭਾਈ! ਪਸੇਰੀ ਕਣਕ ਨੂੰ ਉੜਦੂ ਲਾ ਗਿਆ-ਤੇ ਜਦੋਂ ਮੈਂ ਘਰੇ ਆਇਆ ਤਾਂ ਨਿੱਕੀ ਦੀ ਬੇਬੇ ਨੇ ਖੌਂਸੜਾ ਲਾਹ ਲਿਆ---!"
-"ਉਏ ਕਬੀਛਰਾ!" ਨਹਿੰਗ ਸਿੰਘ ਨੇ ਛੋਟੇ ਬਹਿਵਤੀ ਨੂੰ ਕਿਹਾ। ਬਹਿਵਤੀ ਤੁਕਾਂ ਜੋੜਨ ਵਿਚ ਬੜਾ ਮਾਹਿਰ ਸੀ। ਜਿਸ ਕਰਕੇ ਸਾਰੇ ਪਿੰਡ ਵਾਲੇ ਉਸ ਨੂੰ 'ਕਵੀਸ਼ਰ' ਕਹਿੰਦੇ ਸਨ।
-"ਹਾਂ ਬਾਬਾ?"
-"ਗੱਜਣ ਤੇ ਬਾਰੂ 'ਕੱਠੇ ਤੁਰੇ ਆਉਂਦੇ ਐ-ਇਹਨਾਂ 'ਤੇ ਕਬੀਛਰੀ ਜੋੜ!"
-"ਨਾ ਬਈ-ਕੁੱਟਣਗੇ!"
ਅਸਲ ਵਿਚ ਗੱਜਣ ਦਾ ਦਾਹੜਾ ਬੜਾ ਭਰਵਾਂ ਸੀ। ਸਾਰੇ ਮੂੰਹ 'ਤੇ ਅੱਖਾਂ ਤੱਕ ਫ਼ੈਲਰਿਆ ਹੋਇਆ। ਪਰ ਇਸ ਦੇ ਬਿਲਕੁਲ ਉਲਟ ਬਾਰੂ ਸੱਠਾਂ ਸਾਲਾਂ ਦਾ ਹੋ ਗਿਆ ਸੀ, ਪਰ ਉਸ ਦੇ ਕੁਦਰਤੀਂ ਦਾਹੜੀ ਹੀ ਨਹੀਂ ਆਈ ਸੀ। ਲੰਕਾ ਦਾ ਚੋਰ ਲੱਗਦਾ ਸੀ।
-"ਅਸੀਂ ਬੈਠੇ ਐਂ-ਜਮਾਂ ਨ੍ਹੀ ਕੁਛ ਆਖਣ ਦਿੰਦੇ-ਬਣ ਕੇਰਾਂ ਮੱਲ!"
-"ਜਲਦੀ ਕਰ! ਡਰਦਾ ਕਾਹਤੋਂ ਐਂ?" ਕਹਿਣ 'ਤੇ ਬਹਿਵਤੀ ਨੇ ਹੇਕ ਚੁੱਕੀ, "ਗੱਜਣ ਦੀ ਦਾਹੜੀ ਉਤੇ ਬੜਾ ਭਾਗ ਜੀ-ਬਾਰੂ ਸਿਉਂ ਨੂੰ ਦੇਤਾ ਚਿੱਟਾ ਈ ਜਵਾਬ ਜੀ---!"
ਹੱਸਦੀ ਮੁਡੀਹਰ ਦੀਆਂ ਵੱਖੀਆਂ ਟੁੱਟ ਗਈਆਂ।
-"ਖੜ੍ਹ ਤੇਰੀ ਮਾਂ ਦੀ---!" ਬਾਰੂ ਝਈ ਲੈ ਕੇ ਪਿਆ ਤਾਂ ਬਹਿਵਤੀ ਤਿੱਤਰ ਹੋ ਗਿਆ।
-"ਉਏ ਇਹਨੇ ਕਲਫ਼ ਲਾਉਣੀ ਕਦੋਂ ਕੁ ਤੋਂ ਛੱਡਤੀ?" ਦੁੱਲੇ ਨੂੰ ਆਉਂਦਾ ਦੇਖ ਕੇ ਧਰੜ ਬੋਲਿਆ।
-"ਜਦੋਂ ਤੋਂ ਇਹਨਾਂ ਦੇ ਫ਼ੌਜੀ ਨੇ ਛੱਡਤੀ।"
-"ਕੀ ਮਤਬਲ?"
-"ਗੁਰੂ ਭਲਾ ਕਰੇ! ਜਦੋਂ ਫ਼ੌਜੀ ਨੇ ਕਲਫ਼ ਘੋਲ ਕੇ ਲਾਉਣ ਲੱਗਣਾ ਤਾਂ ਇਹਨੇ ਕੋਲ ਜਾ ਵੜਨਾ-ਫ਼ੌਜੀ ਨੇ ਤਾਂ ਬੁਰਸ਼-ਬਰਸ਼ ਨਾਲ ਲਾਉਣੀ ਤੇ ਇਹਨੇ ਪਤੰਦਰ ਨੇ ਪਰਾਂਤ 'ਚ ਹੱਥ ਫੇਰਨ ਮਾਂਗੂੰ ਫ਼ੌਜੀ ਦੀ ਕਲਫ਼ ਆਲੀ ਪਲੇਟ 'ਚ ਹੱਥ ਜਿਆ ਫੇਰ ਕੇ ਦਾਹੜੀ 'ਤੇ ਊਂਈਂ ਮਲ ਲੈਣੀ-ਜਿਮੇਂ ਦੇਗ ਖਾ ਕੇ ਘਿਉ ਮਲੀਦੈ-ਤੇ ਅਖੀਰ ਅੱਕਿਆ ਵਿਆ ਫ਼ੌਜੀ ਕਲਫ਼ ਲਾਉਣੋਂ ਈ ਹੱਟ ਗਿਆ-ਤੇ ਇਹੇ ਆਪੇ ਈ ਹੱਟਣਾ ਸੀ।"
-"ਲਓ ਜੀ! ਆਉਂਦੇ ਐ ਦਿਹਾਤੀ ਪ੍ਰੋਗਰਾਮ ਦੇ ਠੰਢੂ ਰਾਮ ਹੋਰੀਂ-ਮਿਲੋ ਇਹਨਾਂ ਨੂੰ!" ਹਰੀ ਅਤੇ ਟਪੂ ਪੰਡਤ ਨੂੰ ਆਉਂਦਿਆਂ ਦੇਖ ਕੇ ਸਾਧੂ ਲੰਮਾਂ ਬੋਲਿਆ।
-"ਇਹ ਦੇਣਗੇ ਹੁਣ ਖ਼ਬਰਾਂ ਲਾਹੌਰ ਟੇਸ਼ਣ ਦੀਆਂ।"
-"ਇਹਦੀ ਨਵੀਂ ਗੱਲ ਸੁਣੀ ਐਂ?
-"ਨਹੀਂ!"
-"ਇਹ ਮੱਝ ਨਵੇਂ ਦੁੱਧ ਕਰਵਾਉਣ ਚਲਿਆ ਗਿਆ-ਹੱਥ ਜੋੜ ਕੇ ਝੋਟੇ ਮੂਹਰੇ ਖੜ੍ਹ ਗਿਆ-ਅਖੇ ਝੋਟਾ ਜੀ ਥੋਡਾ ਮਿੰਟ ਦਾ ਕੰਮ ਐਂ ਤੇ ਸਾਡੇ ਜੁਆਕਾਂ ਦੀ ਸਾਲ ਦੀ ਲੱਸੀ ਐ-ਕਿਰਪਾ ਕਰੋ-ਮਿੰਟ ਲਾਓ!"
ਹੱਸਦੀ ਮੁਡੀਹਰ ਲਿਟਣ ਲੱਗ ਪਈ।
-"ਕਾਹਨੂੰ ਭਕਾਈ ਮਾਰਦੇ ਐਂ ਬਾਧੂ ਦੀ ਉਏ ਕੁੱਤਿਓ?" ਘੋਗੜ ਨੇ ਦਬਕਿਆ।
-"ਰਾਮ ਰਾਮ ਜੀ!"
-"ਰੱਮ ਰੱਮ ਪੰਡਜੀ!"
-"ਪੰਡਜੀ-ਕੋਈ ਨਮੀਂ ਤਾਜੀ?"
ਟਪੂ ਪੰਡਤ ਹਕੀਮ ਸੀ। ਜਿਸ ਕਰ ਕੇ ਪਿੰਡ ਦੀ ਹਰ ਖ਼ਬਰ ਉਸ ਕੋਲ ਪਹਿਲਾਂ ਪਹੁੰਚਦੀ ਸੀ।
-"ਬੱਕਰੀਆਂ ਆਲੇ ਗੇਲੇ ਦੀ ਬਹੂ ਕੋਲੇ ਕਾਕੈ!"
-"ਦੁਰ ਫਿੱਟੇ ਮੂੰਹ ਭੈਣ ਦਾ ਛੁਣਛਣਾ ਦੇਣੇ!" ਅਮਲੀ ਇਉਂ ਟੱਪਿਆ ਜਿਵੇਂ ਉਸ ਦੇ ਪੈਰ ਹੇਠ ਸੱਪ ਆ ਗਿਆ ਸੀ।
-"ਕਿਉਂ ਅਮਲੀਆ? ਤੈਨੂੰ ਬੜਾ ਦੁੱਖ ਲੱਗਿਆ?"
-"ਕੁੜੀ ਸਾਲੇ ਦੀ ਬਿਆਹੁਣ ਆਲੀ ਹੋਈ ਪਈ ਐ-ਆਹ ਕੀ ਕੀਤਾ ਸਾਲੇ ਢੇਡ ਨੇ?"
-"ਇਹ ਤਾਂ ਰੱਬ ਦੀ ਦੇਣ ਐਂ-ਕਿਤੇ ਸਿੱਟੇ ਜਾਂਦੇ ਐ?"
-"ਹੱਟ ਕੁੱਤੀਏ ਸਾਲੇ ਆਪ ਨ੍ਹੀ ਕਹਿਣ ਦਿੰਦੇ-ਨਾਂ ਬੱਦੂ ਰੱਬ ਦਾ!"
-"ਹੋਰ ਪੰਡਜੀ?"
-"ਹੋਰ ਕੀ ਐ ਭਾਈ? ਕਲਜੁਗ ਆ ਗਿਆ! ਕਾਕੂ ਟੁੰਡੇ ਦੀ ਕੁੜੀ ਐ ਨਾ ਕੋਕੇ ਆਲੀ?"
-"ਆਹੋ-!"
-"ਉਹਨੂੰ ਸਾਧ ਲੈ ਗਿਆ।"
-"ਬਾਖਰੂ! ਕਿਮੇਂ?"
-"ਰਾਮ ਬਖਸ਼ੀ ਰੱਖੇ-ਕਈ ਮਹੀਨਿਆਂ ਤੋਂ ਇਹਨਾਂ ਦੇ ਘਰੇ ਆਉਂਦਾ ਸੀ-ਅਖੇ ਥੋਡੇ ਘਰੇ ਕਿਸੇ ਨੇ ਤਬੀਤ ਨੱਪੇ ਵੇ ਐ-ਅੱਜ ਭਾਈ ਉਹਨੂੰ ਟੈਗਸੀ 'ਚ ਲੈ ਕੇ ਆਏ-ਨਾਲ ਉਹਦੇ ਇਕ ਸਾਧਣੀ-ਸਾਧ ਨੇ ਤਾਂ ਕੁਛ ਕਿਹਾ ਨਾ ਤੇ ਸਾਧਣੀ ਕਹਿੰਦੀ ਅਖੇ ਆਹ ਕੁੜੀ ਨੂੰ ਤਾਂ ਅਸੀਂ ਦੋ-ਚਹੁੰ ਦਿਨਾਂ ਆਸਤੇ ਲੈ ਕੇ ਜਾਣੈਂ-ਸਾਡੀ ਸੇਵਾ ਕਰੂ ਤੇ ਸ਼ਾਂਤੀ ਪਾਊ!"
-"ਤੇ ਫੇਰ ਤੋਰਤੀ ਇਹਨਾਂ ਨੇ?"
-"ਲੈ ਉਹ ਤਾਂ ਸਾਰਾ ਟੱਬਰ ਹੱਥ ਜੋੜੀ ਖੜ੍ਹਾ-ਅਖੇ ਲੈਜੋ ਮਾਤਾ ਜੀ।"
-"ਕੁੜੀ ਤਾਂ ਨੀ ਕਿਸੇ ਪਾਸੇ ਜੋਗੀ ਰਹਿੰਦੀ ਹੁਣ।"
-"ਆਹੋ! ਕੀ ਪਤੈ ਬਈ ਇਹ ਸਾਲੇ ਕੀ ਸੁਆਹ ਖੇਹ ਖਾਂਦੇ ਐ?" ਅਮਲੀ ਕਾਫ਼ੀ ਚਿਰ ਬਾਅਦ ਬੋਲਿਆ ਸੀ।
-"ਹੁਣ ਤਾਂ ਕੋਕੇ ਜੜ ਕੇ ਈ ਮੋੜਨਗੇ।"
-"ਆਪਣੀ ਦੁਨੀਆਂ ਦੇ ਵੀ ਗੋਲੀ ਮਾਰੇ!"
-"ਮਹਾਤੜ ਪਾਣੀ ਪੀਣ ਜਾ ਵੜੇ-ਸਾਲੇ ਭੈੜ੍ਹੇ ਜੇ ਆਨੇ ਕੱਢਣਗੇ-ਤੇ ਆਹ ਦੇਖਲਾ--! ਹੈਅ ਥੋਡੀ ਬੇੜੀ ਬਹਿਜੇ! ਗੜੌਂਧੇ ਅਰਗੀ ਕੁੜੀ ਸਾਹਣ ਨਾਲ ਤੋਰਤੀ।"
-"ਪੰਡਜੀ-ਕੜਬਚੱਬਾਂ ਦਾ ਕੀ ਬਣਿਆ?"
-"ਬਣਨਾ ਬਣਾਉਣਾ ਕੀ ਸੀ? ਠਾਣੇਦਾਰ ਨੇ ਪੈਸੇ ਪੂਸੇ ਲੈ ਕੇ ਰੱਸੇ ਲਾਹਤੇ।"
-"ਦੇਖ ਲੈ ਸਾਲੇ ਦੇ ਪਿਉ-ਦਾਦੇ ਮੁੱਲ ਦੀਆਂ ਲਿਆਉਂਦੇ ਰਹੇ ਐ-ਹੁਣ ਇਹਨੂੰ ਪੋਪਲ ਜੇ ਨੂੰ ਮਾੜਾ ਜਿਆ ਪੜ੍ਹਿਆ ਲਿਖਿਆ ਕਰਕੇ ਰਿਸ਼ਤਾ ਹੋਇਆ ਸੀ-ਉਹ ਵੀ ਬਿਚਾਰੀ ਦਾਜ ਕਰ ਕੇ ਸਾੜਤੀ।"
-"ਕੁੜੀ ਦੇ ਮਾਪਿਆਂ ਨੇ ਕੁਛ ਨ੍ਹੀਂ ਕੀਤਾ?"
-"ਹੈ ਕਮਲਾ! ਪੁਲਸ ਪੈਸੇ ਆਲਿਆਂ ਦੀ ਮਿੱਤ ਐ-ਉਹ ਬਿਚਾਰੇ ਗਰੀਬ ਐ-ਐਮ ਐਲੇ ਕੋਲੇ ਵੀ ਬਥੇਰੇ ਗੇੜੇ ਕੱਢੇ ਐ-ਉਹ ਨਾਲ ਈ ਨ੍ਹੀ ਤੁਰਿਆ-ਕਹਿੰਦਾ ਅਖੇ ਥੋਡਾ ਘਰ ਦਾ ਮਸਲਾ ਐ ਆਪ ਨਬੇੜੋ-ਪੁੱਛਣਾ ਹੋਵੇ ਬਈ ਜਦੋਂ ਅਗਲਿਆਂ ਦੀ ਪਾਲੀ ਪੋਸੀ ਵੀ ਮਾਰਤੀ-ਫੇਰ ਘਰ ਦਾ ਮਸਲਾ ਕਾਹਦਾ ਰਹਿ ਗਿਆ? ਅਗਲੇ ਲਹੂ ਦੀ ਘੁੱਟ ਭਰ ਕੇ ਬਹਿ ਗਏ-ਕੁੜੀ ਦੀ ਮਾਂ ਨੂੰ ਤਾਂ ਦੱਸਦੇ ਐ ਬਈ ਓਦਣ ਦੇ ਦੰਦਲਾਂ ਦੌਰੇ ਪੈਣੋ ਨ੍ਹੀ ਹੱਟਦੇ।"
-"ਕੀ ਦੋਸ਼ ਐ ਬਈ? ਅਗਲੇ ਦੀ ਇੱਕੋ ਇੱਕ ਜੁਆਨ ਧੀ ਸੀ।"
-"ਅਸਲ 'ਚ ਰੌਲਾ ਕੀ ਸੀ?"
-"ਰੌਲਾ ਕੀ ਸੀ? ਇਹ ਮਾਊਂ ਜਿਆ ਆਬਦੀ ਮਾਂ ਦੀ ਚੁੱਕ 'ਤੇ ਕੁੜੀ ਨੂੰ ਕਹਿੰਦਾ ਅਖੇ ਜਿਹੜੀ ਤੇਰੇ ਪਿਉ ਕੋਲੇ ਦੋ-ਤਿੰਨ ਕਿੱਲੇ ਜਮੀਨ ਐਂ-ਉਹ ਮੇਰੇ ਨਾਂ ਲੁਆਵੇ-ਦੱਸੋ ਬਈ ਜਿਉਂਦੇ ਜੀਅ ਅਗਲਾ ਕਦੋਂ ਹੱਥ ਵਢਾਉਂਦੈ?"
-"ਹੈ ਸਾਲਾ ਪੋਰ?"
-"ਹੁਣ ਆਪ ਤਾਂ ਕੁੜੀ ਦਾ ਪਿਉ ਮਰਿਆਂ ਅਰਗਾ ਈ ਐ-ਇਹਦੇ ਗੋਲੀ ਮਾਰੇ ਚੂਕਣੇ 'ਚ ਸਾਲੇ ਦੇ!"
-"ਉਏ ਗੋਲੀ ਮਾਰਨ ਜੋਕਰਾ ਉਹ ਕਾਹਨੂੰ ਐਂ ਬਿਚਾਰਾ? ਉਹ ਤਾਂ ਪੈਰੀਂ ਪੱਗਾਂ ਧਰੀ ਗਿਆ ਤੇ ਇਹ ਲਾਚੜਗੇ!"
-"ਉਏ ਐਹੋ ਜੇ ਪੈਰੀਂ ਪੱਗਾਂ ਆਲੇ ਕਾਹਨੂੰ ਐਂ? ਐਹੋ ਜਿਆਂ ਦੀ ਤਾਂ ਇੱਕੋ ਟੱਕ ਨਾਲ ਲੱਤ ਗਰਚ ਦੇਣੇ ਲਾਹ ਕੇ ਪਰ੍ਹਾਂ ਮਾਰੇ-ਫੇਰ ਲੋਟ ਆਉਂਦੇ ਐ।"
-"ਉਏ ਚਾਚਾ! ਕੱਲ੍ਹ ਨੂੰ ਘੰਟਾ ਖੰਡ ਇੰਜਣ ਦੇਮੇਂਗਾ?" ਫੰਗਣ ਬੁੱਲ੍ਹੜ ਨੇ ਆ ਕੇ ਨਹਿੰਗ ਨੂੰ ਪੁੱਛਿਆ।
-"ਕੀ ਕਰਨੈਂ?" ਨਹਿੰਗ ਦੀ ਥਾਂ ਪ੍ਰੀਤਮ ਫੱਲ੍ਹੀ ਬੋਲਿਆ।
-"ਨਰਮਾਂ ਸਿੰਜਣੈ।"
-"ਗੱਲ ਸੁਣ ਉਏ? ਡੂੜ੍ਹ ਥੋਡੇ ਕੋਲੇ ਕਿੱਲੈ-ਪੰਦਰਾਂ ਤੁਸੀਂ ਘਰ ਦੀ ਸਤੌਲ ਐਂ-ਤੁਸੀਂ ਤਾਂ ਛੱਪੜ 'ਚੋਂ ਬਾਲਟੀ-ਬਾਲਟੀ ਪਾਣੀ ਦੀ ਪਾਵੋਂ ਤਾਂ ਨਰਮਾਂ ਤਰ ਹੋਜੂ-ਇੰਜਣ ਕੀ ਕਰਨੈਂ ਕੁੱਤੀਏ ਜਾਤੇ?"
-"ਲੈਜੀਂ-ਲੈਜੀਂ!" ਚਲਾਕੂ ਕਾਮਰੇਡ ਨੇ ਨਹਿੰਗ ਵੱਲੋਂ ਹਾਮੀਂ ਭਰੀ।
-"ਲੈ ਬਈ ਨਹਿੰਗਾ-ਇਕ ਗੱਲ ਦੱਸ?" ਕਾਮਰੇਡ ਨੇ ਉਸ ਵੱਲ ਮੂੰਹ ਕੀਤਾ।
-"ਬਈ ਤੁਸੀਂ ਸੋਟੇ ਨੂੰ ਮੁਲਾਹਜੇ-ਤੋੜ ਕਿਉਂ ਆਖਦੇ ਐਂ?"
-"ਦਸਵੇਂ ਪਾਤਸ਼ਾਹ ਨੇ ਇਹਦਾ ਨਾਂ ਰੱਖਿਆ ਸੀ ਕੁਤਕ।" ਨਹਿੰਗ ਨੇ ਕਹਿਣਾ ਸ਼ੁਰੂ ਕੀਤਾ।
-"ਹਲਾ!"
-"ਤੇ ਅਸੀਂ ਇਹਨੂੰ ਮੁਲਾਹਜੇ ਤੋੜ ਤਾਂ ਕਹਿੰਨੇ ਐਂ ਬਈ ਜੀਹਦੇ ਟੋਟਣ 'ਚ ਇਕ ਠੁਕ ਗਿਆ-ਉਹਦੇ ਨਾਲ ਮੁਲਾਹਜਾ ਰਹਿੰਦਾ ਈ ਨ੍ਹੀ-ਅਗਲਾ ਪਾਰ ਬੋਲ ਜਾਂਦੈ-ਛੇਵੇਂ ਪਾਤਸ਼ਾਹ ਨੇ ਭਾਈ ਭੱਲਣ ਤੋਂ ਮੁਲਾਹਜੇ ਤੋੜ ਨਾਲ ਸ਼ੇਰ ਦਾ ਸਿ਼ਕਾਰ ਕਰਵਾਇਆ ਸੀ-।"
-"ਵਾਹ ਜੀ ਵਾਹ!"
-"ਪੰਡਜੀ-ਰੱਤੂ ਦਾ ਕੀ ਹਾਲ ਐ ਸੱਚ?" ਆਤਮੇਂ ਫ਼ੱਕਰ ਨੇ ਅਚਾਨਕ ਪੁੱਛਿਆ।
-"ਬੁਰਾ ਈ ਹਾਲ ਐ-ਦਿਲ ਦਾ ਰੋਗ ਐ-ਚੱਲੀ ਜਾਵੇ, ਚੱਲੀ ਜਾਵੇ-ਜਿੱਦੇਂ ਖੜ੍ਹ ਗਿਆ ਬੱਸ---!"
-"ਮਾੜੀ 'ਲਾਦ ਵੀ ਨਾ ਜੰਮੇ ਕਿਸੇ ਦੇ-ਕੱਲ੍ਹ ਦੀਆਂ ਗੱਲੈਂ-ਜਦੋਂ ਮੁਧਕਰ ਚੱਕਦਾ ਹੁੰਦਾ ਸੀ-ਕਿਸੇ ਨੂੰ ਨੇੜੇ ਨ੍ਹੀ ਸੀ ਲੱਗਣ ਦਿੰਦਾ-'ਲਾਦ ਮਾੜੀ ਲਿੱਕਲਗੀ-ਮੁੰਡਾ ਸਿਰੇ ਦਾ ਬੈਲੀ ਤੇ ਕੁੜੀ---? ਸਹੁਰੀ ਨੂੰ ਹਾਥ ਈ ਕੋਈ ਨ੍ਹੀ-ਕੋਈ ਚੂਹੜਾ ਚੱਪੜਾ ਨ੍ਹੀ ਛੱਡਿਆ ਲੇਖੇ ਨਾਲ-ਬੱਸ ਜਿੱਦਣ ਦੀ ਕੁੜੀ ਨੇ ਬੇਇਜ਼ਤੀ ਕੀਤੀ ਐ-ਓਦਣ ਦਾ ਮੰਜੇ ਤੋਂ ਈ ਨ੍ਹੀ ਉਠਿਆ ਸਹੁਰਾ।"
-"ਉਹਨੇ ਸਹੁਰੀ ਨੇ ਬੇਇਜ਼ਤੀ ਕਾਹਤੋਂ ਕੀਤੀ?"
-"ਕੀ ਦੱਸਾਂ ਸਹੁਰੀ ਦੇ ਕਾਰੇ? ਹੁਣ ਤਾਂ ਬਾਹਰਲੇ ਪਿੰਡਾਂ ਦੇ ਮੁੰਡੇ ਸਿੱਧੇ ਈ ਘਰੇ ਆਉਣ ਲੱਗਪੇ ਸੀ-ਇਹਨੇ ਕਿਤੇ ਰੋਕਿਆ ਰੂਕਿਆ ਹੋਊ, ਰੱਬ ਜਾਣੇ-ਬੱਸ! ਪਤਾ ਨ੍ਹੀ ਸਹੁਰੀ ਦੇ ਡਮਾਕ ਨੂੰ ਕੀ ਫਤੂਰ ਚੜ੍ਹਿਆ? ਮੁੰਡਿਆਂ ਦੇ ਸਾਹਮਣੇ ਈ ਸ਼ੁਰੂ ਹੋਗੀ-ਅਖੇ ਮੇਰੀ ਬੇਬੇ ਤਾਂ ਤੈਥੋਂ ਚੌਰਿਆ ਸਾਂਭੀ ਨਾ ਗਈ-ਮੈਨੂੰ ਕੀ ਸਾਂਭੇਂਗਾ? ਤੇ ਚੱਲ ਮੇਰੇ ਭਾਈ! ਉਹ ਦਿਨ ਗਿਆ ਤੇ ਆਹ ਆ ਗਿਆ-ਬਿਚਾਰਾ ਮੰਜੇ 'ਤੇ ਪਿਆ ਈ ਚੂਕੀ ਜਾਂਦੈ-ਕੋਈ ਪਾਣੀ ਧਾਣੀ ਵੀ ਨ੍ਹੀ ਪੁੱਛਦਾ-ਹੁਣ ਤਾਂ ਓਸ ਗੱਲ ਦੇ ਆਖਣ ਮਾਂਗੂੰ ਮਾਵਾਂ ਧੀਆਂ ਨਾਅਮੇਂ 'ਚ ਖੇਡਦੀਐਂ-ਮੇਲਾ ਈ ਲੱਗਿਆ ਰਹਿੰਦੈ ਘਰੇ ਸੁੱਖ ਨਾਲ।"
-"ਹੈਅ ਥੋਡੀ ਗੰਦੇ ਟੱਬਰ ਦੀ!"
-"ਕੀ ਕਰਨੈਂ ਐਹੋ ਜਿਆ ਪੈਸਾ-ਅੱਗ ਲਾਉਣੈਂ?"
-"ਕਨੇਡੇ ਆਲਿਆਂ ਦੇ ਘਰੇ ਅੱਜ ਝੰਡੀਆਂ ਜੀਆਂ ਟੰਗੀ ਜਾਂਦੇ ਸੀ-ਕਿਸੇ ਦਾ ਬਿਆਹ-ਬੂਹ ਐ?"
-"ਕਾਹਨੂੰ ਬਿਆਹ ਐ! ਉਹ ਤਾਂ ਬੁੜ੍ਹੇ-ਬੁੜ੍ਹੀ ਦੀ ਪੰਜਾਹਵੀਂ ਸ਼ਾਦੀ ਗਿਰਾਹ ਮਨਾਉਣ ਦੀ ਤਿਆਰੀ ਕਰਦੇ ਐ।"
-"ਕੀ ਕਰਦੇ ਐ?" ਗੱਲ ਅਮਲੀ ਦੇ ਸਿਰ ਦੇ ਉਪਰੋਂ ਲੰਘ ਗਈ।
-"ਉਏ ਅਮਲੀਆ! ਉਹਨਾਂ ਦੇ ਬੁੜ੍ਹੇ ਬੁੜ੍ਹੀ ਦੇ ਵਿਆਹ ਨੂੰ ਪੰਜਾਹ ਸਾਲ ਹੋਣ ਆਲੇ ਐ-ਉਹਨੂੰ ਮਨਾਉਣ ਦੀ ਤਿਆਰੀ ਕਰਦੇ ਐ।" ਕਿਸੇ ਨੇ ਜੋਰ ਦੇ ਕੇ ਕਿਹਾ।
-"ਫਿੱ੍ਹਟ ਭੈਣ ਦੇ ਮੁੰਡਿਆਂ ਈ ਯ੍ਹਾਵੇ! ਦੇਸੀ ਟੱਟੂ ਤੇ ਕੁਰਾਸ਼ਾਨੀ ਦੁਲੱਤੇ! ਕੀ ਲੱਛਣ ਕਰਦੇ ਐ ਸਾਲੇ-ਬਈ ਲਹੁਡੀ ਦੇਣਿਓਂ-ਕਬਰਾਂ 'ਚ ਥੋਡੀਆਂ ਲੱਤੈਂ-ਤੁਸੀਂ ਕਿਸੇ ਪੁੱਤ ਦਾ ਮਨਾਓ-ਕਿਸੇ ਪੋਤੇ ਦਾ ਮਨਾਓ-ਪੰਜਾਹਵਾਂ ਸਾਲ ਮਨਾਏ ਬਿਨਾ ਸਰਦਾ ਨ੍ਹੀ ਇਹਨਾਂ ਦਾ?"
-"ਅਮਲੀਆ-ਅੰਨ੍ਹੀ ਕਮਾਈ ਘਰੇ ਆਉਂਦੀ ਐ-ਕਿਤੇ ਖਪਤ ਵੀ ਕਰਨੀ ਐਂ।"
-"ਇਹ ਵੀ ਭਾਈ ਗੱਲ ਠੀਕ ਐ-ਹੱਥ ਖੁੱਲ੍ਹੈ-ਚੋਜ ਕਰਦੇ ਐ ਜੱਟ-ਕਹਿੰਦੇ ਹੁੰਦੇ ਐ-ਚਮਚਿਆਂ ਨਾਲ ਪੀਣ ਸ਼ਰਾਬਾਂ ਕਰਦੇ ਜੱਟ ਚੋਜ ਕੁੜ੍ਹੇ।"
-"ਮਾਇਆ ਹਜਮ ਕਰਨੀ ਕਿਹੜਾ ਸੌਖੀ ਐ?"
-"ਐਤਕੀਂ ਬੋਟਾਂ 'ਚ ਕੌਣ ਜਿੱਤੂ ਬਈ?"
-"ਬੋਟਾਂ 'ਚ ਜਿੱਤੂ ਅਮਲੀ!" ਕੋਈ ਹੱਸਿਆ।
-"ਨਹੀਂ ਹਾਸਾ ਨ੍ਹੀ-ਕੌਣ ਜਿੱਤੂ?"
-"ਬੋਟਾਂ 'ਚ ਜਿੱਤਣਗੇ 'ਕਾਲੀ!"
-"ਮੈਂ ਤਾਂ ਬੋਟ ਕਾਮਰੇਟ ਨੂੰ ਪਾਊਂ!"
-"ਨਾਗੋਕਿਆਂ ਆਲੇ ਨੂੰ?"
-"ਆਹੋ!"
-"ਬਹੁਤ ਵੱਡੀ ਗਲਤੀ ਐ।"
-"ਕਾਹਤੋਂ?"
-"ਦੇਖ ਲਈਂ-ਨਾਗੋਕਿਆਂ ਆਲਾ ਕਾਮਰੇਟ ਪੱਠੇ ਆਪਣਿਓਂ ਖਾਇਆ ਕਰੂ-ਤੇ ਲੇਡੇ ਜਾ ਕੇ ਨਾਗੋਕੀ ਕਰਿਆ ਕਰੂ।"
ਹਾਸੜ ਪੈ ਗਈ।
-"ਆਜੋ ਸਿੰਘੋ-ਗੱਫ਼ਾ ਲੈ ਲਓ!" ਗੁਰਦੁਆਰਿਓਂ ਭਾਈ ਜੀ ਨੇ ਹੋਕਰਾ ਮਾਰਿਆ।
-"ਚਲੋ ਬਈ।" ਅਮਲੀ ਖੁਸ਼ੀ 'ਚ ਕੁੜਤੇ ਦੀਆਂ ਬਾਹਵਾਂ ਚਾਹੜਨ ਲੱਗ ਪਿਆ।
-"ਅਮਲੀਆ! ਬਾਂਹਾਂ ਤਾਂ ਇਉਂ ਚੜ੍ਹਾਉਣ ਲੱਗ ਪਿਆ-ਜਿਵੇਂ ਮੱਝ ਸੁਆਉਣੀ ਹੁੰਦੀ ਐ?"
-"ਉਏ ਇਹ ਵੀ ਗੁਰਦੁਆਰੇ ਦੀ ਦੇਗ 'ਤੇ ਈ ਬਚਿਆ ਵਿਐ-ਹੋਰ ਕਿਹੜਾ ਨ੍ਹਾਮੋਂ ਇਹਨੂੰ ਚੂਰੀ ਕੁੱਟ ਕੇ ਦਿੰਦੀ ਐ?" ਪਿੱਛੋਂ ਨ੍ਹੇਰੀ ਨੇ ਵਿਅੰਗ ਕਸਿਆ।
-"ਕਰ ਲਓ! ਕਰ ਲਓ ਬਈ ਟਿੱਚਰਾਂ-ਥੋਡੀ ਉਮਰ ਐ।" ਅਮਲੀ ਬੋਲਿਆ।
ਤੇ ਫਿਰ ਸਾਰੇ ਗੁਰਦੁਆਰੇ ਨੂੰ ਵਾਹੋਦਾਹੀ ਹੋ ਤੁਰੇ।

Friday, November 21, 2008

ਕਹਾਣੀ: ਰਾਜੇ ਸ਼ੀਂਹ ਮੁਕੱਦਮ ਕੁੱਤੇ...

ਰਾਜੇ ਸ਼ੀਂਹ ਮੁਕੱਦਮ ਕੁੱਤੇ
ਕਹਾਣੀ
1977 ਦੀ ਗੱਲ ਹੈ। ਨੈਕਸਲਾਈਟ ਲਹਿਰ ਜ਼ੋਰਾਂ 'ਤੇ ਸੀ। ਗ੍ਰਿਫ਼ਤਾਰੀਆਂ ਅਤੇ ਮੁਕਾਬਲੇ ਧੜਾ-ਧੜ ਹੋ ਰਹੇ ਸਨ। ਗਰਮ ਖਿਆਲੀ ਨੌਜਵਾਨਾਂ 'ਤੇ ਪੁਲੀਸ ਵੱਲੋਂ ਕਰੜੀ ਨਜ਼ਰ ਰੱਖੀ ਜਾ ਰਹੀ ਸੀ। ਪੁੱਛ-ਗਿੱਛ ਵੀ ਕੀਤੀ ਜਾਂਦੀ ਸੀ। ਇਹਨਾਂ ਦਿਨਾਂ ਵਿਚ ਇਕ 'ਰਗੜਾ' ਤਾਂ ਤਕਰੀਬਨ ਹਰ ਕਾਲਜੀਏਟ 'ਤੇ ਲੱਗ ਚੁੱਕਾ ਸੀ। 'ਘੋਟਣੇਂ' ਦੀ ਤਕਨੀਕ ਪੁਲੀਸ ਵੱਲੋਂ ਤਕਰੀਬਨ ਉਦੋਂ ਹੀ ਸ਼ੁਰੂ ਕੀਤੀ ਗਈ ਸੀ।
ਅਜੇ ਸੁਬਾਹ ਦੇ ਚਾਰ ਹੀ ਵੱਜੇ ਸਨ। ਗਰੰਥੀ ਅਜੇ ਬੋਲਿਆ ਨਹੀਂ ਸੀ। ਸ਼ਾਇਦ ਜਾਗ ਨਹੀਂ ਖੁੱਲ੍ਹੀ ਸੀ। ਤੇਜਾ ਮੰਜੇ ਵਿਚ ਪਿਆ ਪਲਸੇਟੇ ਮਾਰ ਰਿਹਾ ਸੀ। ਉਸ ਨੂੰ ਖ਼ੁਦ ਨੂੰ ਨਹੀਂ ਪਤਾ ਸੀ ਕਿ ਉਸ ਦੀ ਨੀਂਦ ਐਨੇ ਸਾਝਰੇ ਕਿਉਂ ਖੁੱਲ੍ਹ ਗਈ ਸੀ? ਖ਼ੈਰ! ਫਿਰ ਪਤਾ ਨਹੀਂ ਉਹ ਕਦੋਂ ਸੌਂ ਗਿਆ?
ਤਕਰੀਬਨ ਸੱਤ ਕੁ ਵਜੇ ਤੇਜੇ ਦੀ ਅੱਖ ਖੁੱਲ੍ਹੀ।
ਸ਼ਾਇਦ ਜੀਪ ਦੇ ਖੜਕੇ ਨਾਲ ਖੁੱਲ੍ਹੀ ਸੀ, ਜੋ ਉਹਨਾਂ ਦੇ ਦਰਵਾਜੇ ਅੱਗੇ ਆ ਕੇ ਰੁਕੀ ਸੀ।
ਜੀਪ ਪੁਲਸ ਦੀ ਭਰੀ ਹੋਈ ਸੀ।
ਅਚਾਨਕ ਤੇਜੇ ਕਾ ਦਰਵਾਜਾ ਖੜਕਿਆ।
-"ਵੇ ਕੌਣ ਐਂ---?" ਮਧਾਣੀਂ ਰੋਕ ਕੇ ਤੇਜੇ ਦੀ ਮਾਂ ਨੇ ਪੁੱਛਿਆ।
-"ਬਾਰ ਤਾਂ ਖੋਲ੍ਹੋ-ਹੁਣੇਂ ਪਤਾ ਲੱਗ ਜਾਂਦੈ--!" ਕਿਸੇ ਸਿਪਾਹੀ ਦੀ ਘਰੋੜਵੀਂ ਅਵਾਜ਼ ਸੀ। ਅਵਾਜ਼ ਵਿਚ ਸਰਕਾਰੀ ਰੋਅਬ ਸੀ। ਪੀਤੇ ਹੋਏ 'ਡੋਡਿਆਂ' ਦਾ ਤਹਿਤ ਸੀ।
ਮਾਂ ਨੇ ਦਰਵਾਜਾ ਖੋਲ੍ਹਿਆ। ਚਾਰ ਸਿਪਾਹੀ ਅਤੇ ਹੌਲਦਾਰ ਡਾਂਗਾਂ ਖੜਕਾਉਂਦੇ ਅੰਦਰ ਆ ਗਏ। ਤੇਜੇ ਨੂੰ ਇਤਨਾ ਕਹਿ ਕੇ ਗ੍ਰਿਫ਼ਤਾਰ ਕਰ ਲਿਆ, "ਕੱਲ੍ਹ ਨੂੰ ਸਾਹਿਬ ਨੇ ਆਉਣੈਂ-ਤੇ ਤੇਰੇ ਨਾਲ ਕੋਈ ਜ਼ਰੂਰੀ ਗੱਲਬਾਤ ਕਰਨੀ ਐਂ!" ਸ਼ਾਇਦ ਉਹਨਾਂ ਦਾ ਇਸ਼ਾਰਾ ਡੀ ਐੱਸ ਪੀ ਵੱਲ ਸੀ। ਤੇਜਾ ਮੋਗੇ ਦੇ ਡੀ ਐੱਮ ਕਾਲਜ ਦਾ ਵਿਦਿਆਰਥੀ ਸੀ ਅਤੇ ਉਸ ਦੇ ਸਬੰਧ ਨੈਕਸਲਾਈਟਾਂ ਨਾਲ ਦੱਸੇ ਜਾਂਦੇ ਸਨ।
-"ਵੇ ਭਾਈ! ਮੇਰੇ ਪੁੱਤ ਨੇ ਕੀਤਾ ਕੀ ਐ?" ਮਾਂ ਬੱਗੀ ਪੂਣੀਂ ਵਰਗੀ ਹੋਈ ਖੜ੍ਹੀ, ਕੰਬੀ ਜਾ ਰਹੀ ਸੀ।
-"ਬਥੇਰਾ ਕੁਛ ਕੀਤੈ ਮਾਈ!" ਹੌਲਦਾਰ ਬੋਲਿਆ।
-"ਇਹ ਚਰਮਖ਼ ਜੀ ਜਿੰਨਾਂ ਉੱਪਰ ਐ-ਉਨਾਂ ਈ ਧਰਤੀ 'ਚ ਐ।" ਇਕ ਸਿਪਾਹੀ ਨੇ ਘੁੱਟੇ ਮੱਥੇ ਨੂੰ ਹੋਰ ਕਸ ਲਿਆ। ਇਕ ਮੁੱਛ ਨੂੰ ਵੱਟ ਚਾੜ੍ਹ-ਚਾੜ੍ਹ ਕੇ ਉਸ ਨੇ ਲੜਾਕੇ ਜਹਾਜ਼ ਦੀ 'ਤੂਈ' ਵਾਂਗ ਬਣਾਇਆ ਹੋਇਆ ਸੀ।
-"ਇਹਨੂੰ ਪੁਲਸ ਆਲਿਆਂ ਵਿਰੁੱਧ ਲਿਖਣ ਦਾ ਹਲਕ ਉਠਦੈ!" ਤੀਜਾ ਅਸਲੀਅਤ ਦੱਸਣੋਂ ਨਾ ਰਹਿ ਸਕਿਆ। ਤੇਜਾ ਕਦੇ-ਕਦੇ ਪੁਲਸ ਦੀਆਂ ਕਰਤੂਤਾਂ ਅਖ਼ਬਾਰਾਂ ਵਿਚ ਝਰੀਟ ਦਿੰਦਾ ਸੀ।
-"ਇਹ ਲਿਖਾਰੀ ਜੇ ਤਾਂ ਪੁਲਸ ਨੂੰ ਲੇਡੀ ਸੈਕਲ ਈ ਸਮਝਦੇ ਐ-ਬਈ ਜਿੱਧਰ ਨੂੰ ਦਿਲ ਕੀਤਾ-ਲੱਤ ਦੇ ਲਈ।" ਤੇ ਸਿਪਾਹੀ ਨੇ ਤੇਜੇ ਨੂੰ ਹੱਥਕੜੀ ਲਾ ਕੇ ਜੀਪ ਵਿਚ ਬਿਠਾ ਲਿਆ।
ਜੀਪ ਤੁਰ ਗਈ।
ਬੇਬੇ ਖੜ੍ਹੀ ਕੰਬ ਰਹੀ ਸੀ।
ਹੱਡਾਂ-ਰੋੜੀ ਵਾਲਾ ਮੋੜ ਮੁੜ ਕੇ ਜੀਪ ਸੜਕ ਪੈ ਗਈ। ਸੜਕ 'ਤੇ ਤੁਰੇ ਆ ਰਹੇ ਇਕ ਅਮਲੀ ਨੇ ਪੁਲਸ ਦੀ ਜੀਪ ਤੱਕ ਕੇ ਟਲਣ ਦੀ ਕੋਸਿ਼ਸ਼ ਕੀਤੀ ਅਤੇ ਉਹ ਸੜਕੋਂ ਉਤਰ ਕੇ ਖੇਤਾਂ ਵਿਚ ਨੂੰ ਸਿੱਧਾ ਹੋ ਗਿਆ।
-"ਉਰ੍ਹੇ ਆ ਉਏ ਧੀ ਦੇਣਿਆਂ!" ਜੀਪ ਰੁਕਵਾ ਕੇ ਹੌਲਦਾਰ ਨੇ ਕੋਰੜਾ ਛੰਦ ਪੜ੍ਹਿਆ। ਅਮਲੀ ਕੂੰਗੜ ਕੇ ਪਾਈਏ ਕੁ ਦਾ ਹੀ ਰਹਿ ਗਿਆ ਸੀ। ਬੁੱਲ੍ਹ ਸੁੱਕ ਗਏ ਸਨ ਅਤੇ ਧੌਣ ਕੱਛੂਕੁੰਮੇਂ ਵਾਂਗ ਕੋਟੀ ਵਿਚ ਨੂੰ ਵੜ ਗਈ ਸੀ।
-"ਸਾਨੂੰ ਦੇਖ ਕੇ ਕਿੱਧਰ ਨੂੰ ਰੇਬੀਏ ਪੈ ਚੱਲਿਆ ਸੀ ਉਏ ਮਾਂ ਦਿਆ ਯਾਰਾ?" ਜੀਪ 'ਚੋਂ ਉਤਰ ਕੇ ਸਿਪਾਹੀ ਨੇ ਅਮਲੀ ਦੇ ਥੱਪੜ ਮਾਰਿਆ।
-"ਜੀ ਜੰਗਲ ਪਾਣੀਂ ਜਾਣ ਦਾ ਇਰਾਦਾ ਬਣਿਆਂ ਸੀ।" ਅਮਲੀ ਦਾ ਚਿਹਰਾ ਪੀਲਾ ਪੈ ਗਿਆ।
-"ਤੇ ਆਇਆ ਕਿੱਥੋਂ ਐਂ?"
-"ਮਾਈ ਬਾਪ! ਛੋਟੀ ਭਰਜਾਈ ਕੋਲੇ ਕਾਕੈ-ਤੇ ਉਹਨੂੰ ਪੰਜੀਰੀ ਦੇ ਕੇ ਆਇਐਂ।"
-"ਬੱਲੇ--!" ਇਕ ਸਿਪਾਹੀ ਦੇ 'ਭਰਜਾਈ' ਦੇ ਨਾਂ ਨੂੰ ਕੁਤਕੁਤੀਆਂ ਨਿਕਲੀਆਂ ਸਨ।
-"ਚੁੱਲ੍ਹੇ 'ਚ ਝੋਕਾ ਲਾਉਣ ਦਾ ਸ਼ੌਕੀਨ ਇਹ ਵੀ ਲੱਗਦੈ ਜੀ!" ਇਕ ਸਿਪਾਹੀ ਹੌਲਦਾਰ ਦੀਆਂ ਅੱਖਾਂ ਵਿਚ ਹੱਸਿਆ।
-"ਹੈ ਭਰਜਾਈ ਨਾਲ ਕੋਈ ਅੱਟੀ ਸੱਟੀ?"
-"ਮਾਈ ਬਾਪ ਆਹ ਗੱਲ ਨਾ ਆਖੋ! ਇੱਕੋ ਇੱਕ ਮੇਰਾ ਭਾਈ ਸੀ-ਬਿਚਾਰਾ ਗੁਜਰ ਗਿਆ-ਆਹ ਮਸਾਂ ਪ੍ਰਮਾਤਮਾ ਨੇ ਉਹਦੇ ਮਰਨ ਮਗਰੋਂ ਖ਼ੁਸ਼ੀ ਦਿੱਤੀ ਐ, ਮਹੀਨੇ ਬਾਅਦ-ਨਾਲੇ ਮਾਪਿਓ ਉਹ ਤਾਂ ਬਿਚਾਰੀ ਮੇਰੀ ਧੀਆਂ ਅਰਗੀ ਐ।" ਅਮਲੀ ਡੁਸਕ ਪਿਆ।
-"ਸਾਲਾ ਖੇਖਨ ਕਿਵੇਂ ਕਰਦੈ? ਪੰਜੀਰੀਆਂ ਦੇ-ਦੇ ਆਉਂਦੈ-ਦੁੱਧ ਧੋਤਾ ਇਹ ਵੀ ਨ੍ਹੀ!"
-"ਇਹਨੂੰ ਜੀਪ 'ਚ ਲੱਦੋ! ਇਹਨੂੰ ਠਾਣੇਂ 'ਚ ਈ ਕਰਾਂਗੇ ਇਹਦੇ ਭਤੀਜੇ ਦੀ ਪਾਰਟੀ।" ਅਮਲੀ ਨੂੰ, ਕਿਸਾਈਆਂ ਨੂੰ ਵੇਚੀ ਜਾ ਚੁੱਕੀ ਮੱਝ ਵਾਂਗ ਫੜ ਕੇ ਜੀਪ ਵਿਚ ਚਾੜ੍ਹ ਲਿਆ ਗਿਆ।
ਜੀਪ ਅਜੇ ਬੌਡੇ ਟੱਪੀ ਹੀ ਸੀ ਕਿ ਸਾਹਮਣਿਓਂ ਸ਼ਹਿਰ ਵੱਲੋਂ ਸਵਾਰੀਆਂ ਨਾਲ ਭਰਿਆ ਟੈਂਪੂ ਆ ਰਿਹਾ ਸੀ। ਹੌਲਦਾਰ ਨੇ ਹੱਥ ਦੇ ਕੇ ਰੋਕ ਲਿਆ।
-"ਇਹ ਕਿਵੇਂ ਗੰਨਿਆਂ ਮਾਂਗੂੰ ਲੱਦੀਐਂ ਉਏ?" ਉਸ ਨੇ ਸਵਾਰੀਆਂ ਵੱਲ ਉਂਗਲ ਕਰ ਕੇ ਕਿਹਾ।
-"ਥੋਨੂੰ ਕਿਸੇ ਮਾਂਚੋ ਦਾ ਡਰ ਈ ਨ੍ਹੀਂ ਰਿਹਾ?"
-"ਕਾਨੂੰਨ ਨੂੰ ਤਾਂ ਧੱਕੀ ਜਾਂਦੇ ਐ-ਜਿੱਥੋਂ ਨਿਕਲਿਐ!" ਦੂਜੇ ਸਿਪਾਹੀ ਨੇ ਹਿਲਦਾ ਕਿੱਲਾ ਠੋਕਿਆ।
-"ਐਹੋ ਜੇ ਕੰਜਰ ਨੂੰ ਤਾਂ ਫੜ ਕੇ ਸਿੱਟਿਆ ਹੋਵੇ ਹਵਾਲਾਤ 'ਚ ਤੇ ਹਫ਼ਤਾ ਬਾਹਰਲੀ ਹਵਾ ਈ ਨਾ ਲੁਆਵੇ! ਫੇਰ ਐਹੋ ਜਿਆਂ ਦੀ ਸੁਰਤ ਟਿਕਾਣੇਂ ਆਉਂਦੀ ਐ!" ਤੀਜੇ ਨੇ ਰਹਿੰਦੀ ਕਸਰ ਵੀ ਕੱਢ ਦਿੱਤੀ। ਪਰ ਟੈਂਪੂ ਡਰਾਈਵਰ ਵੀ ਪੰਜਾਂ ਪੱਤਣਾਂ ਦਾ ਤਾਰੂ ਸੀ। ਉਸ ਦਾ ਵੀ ਤਕਰੀਬਨ ਹਰ ਰੋਜ਼ ਹੀ ਪੁਲਸ ਨਾਲ ਵਾਹ ਪੈਂਦਾ ਸੀ। ਉਸ ਨੇ ਸਿਪਾਹੀ ਨੂੰ ਚੋਰ ਅੱਖ ਮਾਰੀ।
-"ਤੁਸੀਂ ਇਕ ਆਰੀ ਮੇਰੇ ਕਾਗਤ ਪੱਤਰ ਤਾਂ ਚੈੱਕ ਕਰ ਲਵੋ-ਜੇ ਗਲਤ ਹੋਏ-ਚਾਹੇ ਫਾਹੇ ਲਾ ਦਿਓ!" ਤੇ ਉਹ ਖੰਘਦਾ ਜਿਹਾ ਸਿਪਾਹੀ ਨੂੰ ਇਕ ਪਾਸੇ ਲੈ ਗਿਆ। ਕੁਝ ਪਲਾਂ ਵਿਚ ਹੀ ਉਹ ਕੋਈ 'ਘੁਸਰ-ਮੁਸਰ' ਜਿਹੀ ਕਰਕੇ ਵਾਪਸ ਆ ਗਏ। 'ਕਾਰਵਾਈ' ਹੋ ਚੁੱਕੀ ਸੀ।
-"ਚਲੋ ਜੀ! ਇਹਨੇ ਅੱਜ ਮੁਆਫ਼ੀ ਮੰਗ ਲਈ-ਤੇ ਕਹਿੰਦਾ ਅੱਗੇ ਤੋਂ ਐਹੋ ਜੀ ਗਲਤੀ ਨ੍ਹੀ ਕਰਦਾ-ਤੇ ਬਾਕੀ ਆਪਣਾ ਕਾਗਜ਼ ਪੱਤਰ ਸਭ ਠੀਕ ਐ।" ਸਿਪਾਹੀ ਨੇ ਹੌਲਦਾਰ ਵੱਲ ਵਿਸ਼ੇਸ਼ ਨਜ਼ਰ ਨਾਲ ਤੱਕ ਕੇ "ਸਭ ਠੀਕ ਐ" 'ਤੇ ਕਾਫ਼ੀ ਜ਼ੋਰ ਲਾ ਦਿੱਤਾ ਸੀ।
-"ਚੱਲ ਭੱਜ ਏਥੋਂ-ਮੁੜ ਕੇ ਗਲਤੀ ਨਾ ਕਰੀਂ-ਨਹੀਂ ਸਾਲਿਆ ਮਾਰ ਮਾਰ ਰੈਂਗੜੇ ਪੱਸਲੀਆਂ 'ਚ ਚਿੱਬ ਪਾ ਦਿਆਂਗੇ!" ਹੌਲਦਾਰ ਜੀਪ ਵਿਚ ਬੈਠ ਗਿਆ। ਟੈਂਪੂ ਤੁਰ ਗਿਆ। ਸ਼ਾਇਦ ਡਰਾਈਵਰ 'ਅੱਛਾ ਜੀ' ਕਹਿਣਾ ਵੀ ਹੁਣ ਤਕਲੀਫ਼ ਮੰਨਦਾ ਸੀ।
ਫ਼ੋਕਲ ਪੁਆਇੰਟ ਕੋਲੋਂ ਦੀ ਜੀਪ ਗੁਜ਼ਰਨ ਲੱਗੀ ਤਾਂ ਉਥੇ ਲੋਕਾਂ ਦਾ ਕਾਫ਼ੀ ਇਕੱਠ ਮਾਰਿਆ ਹੋਇਆ ਸੀ। ਦੋ ਆਦਮੀ ਛਿੱਤਰੋ-ਛਿੱਤਰੀ ਹੋ ਰਹੇ ਸਨ। ਲੜਨ ਵਾਲਿਆਂ ਵਿਚ ਇਕ ਸੋਫ਼ੀ ਅਤੇ ਦੂਜੇ ਦੀ ਸਵੇਰੇ ਹੀ ਪੀਤੀ ਹੋਈ ਸੀ। ਸ਼ਾਇਦ ਅਨਾਜ਼ ਚੰਗੇ ਭਾਅ ਵਿਕਿਆ ਸੀ। ਪੁਲਸ ਦੀ ਜੀਪ ਦੇਖ ਕੇ ਸੋਫ਼ੀ ਤਾਂ ਭੱਜ ਗਿਆ, ਪਰ ਸ਼ਰਾਬੀ ਨੂੰ ਦੋ ਸਿਪਾਹੀਆਂ ਨੇ ਗਲੋਂ ਜਾ ਫੜਿਆ। ਉਸ ਦੇ ਪੰਜ-ਸੱਤ ਘਸੁੰਨ ਮਾਰ ਕੇ ਪਟੜੇ ਵਾਂਗ ਜੀਪ ਵਿਚ ਲਿਆ ਸੁੱਟਿਆ। ਪੱਗ ਉਸ ਦੀ ਸਿਪਾਹੀਆਂ ਦੇ ਪੈਰਾਂ ਵਿਚ ਜਾ ਡਿੱਗੀ ਸੀ।
-"ਕੀ ਇਹਨਾਂ ਨੇ ਦੇਸ਼ 'ਚ ਗੰਦ ਪਾਇਐ! ਜਦੋਂ ਚਾਰ ਪੈਸੇ ਜੇਬ 'ਚ ਆ ਜਾਂਦੇ ਐ-ਫੇਰ ਕੁੱਤੇ ਜੱਟ ਅਸਮਾਨ ਨੂੰ ਲੱਤਾਂ ਲਾਉਣ ਤੱਕ ਜਾਂਦੇ ਐ-ਸਾਨੂੰ ਸਾਹ ਕਿਹੜਾ ਲੈਣ ਦਿੰਦੇ ਐ? ਸੁੱਕਣੇਂ ਪਾ ਰੱਖਿਐ!" ਦੂਜੇ ਸਿਪਾਹੀ ਨੇ ਉਸ ਨੂੰ ਬੂਦਾਂ ਤੋਂ ਫੜ ਕੇ ਹਲੂਣਿਆਂ।
-"ਸਹੁੰ ਮਹਾਰਾਦੀ ਜੀ-ਮੇਰਾ ਤਾਂ ਕੋਈ ਕਸੂਰ ਈ ਨ੍ਹੀ-!" ਸ਼ਰਾਬੀ ਨੇ ਲੇਲ੍ਹੜੀ ਕੱਢੀ। ਉਹ ਜੀਪ ਵਿਚ, ਸਿਪਾਹੀਆਂ ਦੇ ਪੈਰਾਂ ਵਿਚ ਪੱਬਾਂ ਭਾਰ ਹੋ ਕੇ ਬੈਠ ਗਿਆ ਸੀ।
-"ਮੇਰੇ ਸਹੁਰੇ ਸਹੁੰ ਖਾਣ ਲੱਗੇ ਤਾਂ ਮਿੰਟ ਨ੍ਹੀ ਲਾਉਂਦੇ? ਜਿਵੇਂ ਰੱਬ ਇਹਨਾਂ ਦਾ ਬਾਪੂ ਹੁੰਦੈ!" ਇਕ ਨੇ ਕਚੀਚੀ ਵੱਟ ਕੇ ਉਸ ਦੇ ਚਪੇੜ ਮਾਰੀ।
-"ਉਏ ਰੱਬ ਈ ਸਿਆਣੈਂ-ਜਿਹੜਾ ਜੱਟਾਂ ਤੋਂ ਲੁਕ ਛਿਪ ਕੇ ਰਹਿੰਦੈ-ਨਹੀਂ ਤਾਂ ਬੂਝੜ ਜੱਟ ਪੀ ਕੇ ਲਾਹਣ ਰੱਬ ਦੇ ਈ ਧਲ੍ਹਿਆਰਾ ਕਿਉਂ ਨਾ ਪਾ ਲੈਣ?" ਸਾਰੇ ਸਿਪਾਹੀ ਬੁੱਚੜਾਂ ਵਾਂਗ ਹੱਸੇ।
ਅਖੀਰ ਨੌਂ ਕੁ ਵਜੇ ਜੀਪ ਠਾਣੇ ਅੰਦਰ ਦਾਖਲ ਹੋ ਗਈ। 'ਸਾਹਿਬ' ਦਾ ਮਹਿਮਾਨ ਹੋਣ ਕਰਕੇ ਤੇਜੇ ਨੂੰ ਤਾਂ ਬੈਠਣ ਵਾਸਤੇ ਮੰਜਾ ਮਿਲ ਗਿਆ। ਤੇਜਾ ਮੰਜੇ ਉਪਰ ਬੈਠ ਗਿਆ। ਪਰ ਤੇਜੇ ਦੇ ਨਾਲ ਹੀ ਜਦ ਬੋਚ ਕੇ ਸ਼ਰਾਬੀ ਬੈਠਣ ਲੱਗਿਆ ਤਾਂ ਸਿਪਾਹੀ ਦਾ 'ਠਾਹ' ਕਰਦਾ ਥੱਪੜ ਉਸ ਮੂੰਹ 'ਤੇ ਆ ਪਿਆ।
-"ਭੈਣ ਦਿਆ ਲੱਕੜਾ! ਇੱਥੇ ਰੋਪਨਾ 'ਤੇ ਆਇਐਂ?"
-"ਆਥਣ ਹੋ ਲੈਣ ਦੇ-ਵਿਛਾਉਨੇ ਐਂ ਤੇਰੇ ਥੱਲੇ ਪੱਟ ਦੀ ਕੱਢੀ ਚਾਦਰ!" ਦੂਜਾ ਸਿਪਾਹੀ ਬੋਲਿਆ। ਸ਼ਰਾਬੀ ਥੱਲੇ ਬੈਠ ਕੇ ਰੋਣ ਲੱਗ ਪਿਆ। ਸਿਪਾਹੀਆਂ ਦੇ 'ਮਸਾਲਿਆਂ' ਨੇ ਉਸ ਨੂੰ ਪਰਾਲ ਕਰ ਦਿੱਤਾ ਸੀ।
-"ਕੋਈ ਨਾ ਜੁਆਨਾਂ-ਦਿਲ ਰੱਖੀਦਾ ਹੁੰਦੈ! ਪਸ਼ੂ ਦੀ ਮੋਕ ਦਾ ਤੇ ਗੋਰਮਿਲਟ ਦੇ ਘੂਰੇ ਦਾ ਮਸੋਸ ਨ੍ਹੀ ਕਰੀਦਾ ਹੁੰਦਾ।" ਅਮਲੀ ਨੇ ਸ਼ਰਾਬੀ ਨੂੰ ਧਰਵਾਸਾ ਦਿੱਤਾ।
-"ਬਾਈ-ਇਹਨਾਂ ਨੂੰ ਕਹਿ ਮੇਰੇ 'ਤੇ ਰਹਿਮ ਕਰਨ-ਕਸੂਰ ਤਾਂ ਮੈਂ ਕੋਈ ਕੀਤਾ ਨ੍ਹੀ!" ਸ਼ਰਾਬੀ ਨੇ ਮੰਜੇ 'ਤੇ ਬੈਠੇ ਤੇਜੇ ਦੀ ਮਿੰਨਤ ਕੀਤੀ।
-"ਮੈਂ ਤਾਂ ਭਰਾਵਾ ਆਪ ਤੇਰੇ ਅਰਗੈਂ!" ਤੇਜੇ ਨੇ ਸੱਚੀ ਗੱਲ ਦੱਸੀ। ਪਰ ਉਸ ਨੂੰ ਤੇਜੇ ਦੀ ਸੰਖੇਪ ਗੱਲ 'ਤੇ ਸ਼ਾਇਦ ਇਤਬਾਰ ਨਹੀਂ ਆਇਆ ਸੀ।
-"ਜੁਆਨਾਂ-ਖੂਹ 'ਚ ਡਿੱਗੀ ਇੱਟ ਕਦੇ ਸੁੱਕੀ ਨਿਕਲੀ ਐ? ਤੱਤਾ-ਠੰਢਾ ਤਾਂ ਇਹਨਾਂ ਨੇ ਤੈਨੂੰ ਪਾਉਣਾ ਈ ਪਾਉਣੈਂ-ਬਾਹਲੀ ਬਹੁੜ੍ਹੀ ਦੁਹਾਈ ਨਾ ਕਰ-ਜਿਹੜੀਆਂ ਪੰਜ ਸੱਤ ਮਾਰਨਗੇ-ਰਾਮ ਰਾਮ ਕਰਕੇ ਖਾਲੀਂ! ਜੇ ਬਾਹਲਾ ਬੂ-ਕਲਾਪ ਕੀਤਾ-ਹੋਰ ਵੰਝ ਖੜ੍ਹਾ ਕਰਨਗੇ!"
-"----।" ਸ਼ਰਾਬੀ ਦੇ ਹੌਲ ਪੈ ਗਿਆ।
-"ਜੇ ਸੌ-ਪੰਜਾਹ ਜੇਬ 'ਚ ਹੈ ਤਾਂ ਦੇ ਕੇ ਖਹਿੜ੍ਹਾ ਛੁਡਾ-ਜੇ ਮੇਰੇ ਅਰਗਾ ਖਾਖੀ ਨੰਗ ਐਂ-ਫੇਰ ਆਥਣ ਦੀ 'ਡੀਕ ਕਰ-ਸੰਦ-ਬਲੇਮਾਂ ਇਹਨਾਂ ਦਾ ਤਿਆਰ ਈ ਹੋਣੈਂ!"
ਸ਼ਾਮ ਹੋਈ।
ਸ਼ਰਾਬੀ ਅਤੇ ਅਮਲੀ ਕੰਬੀ ਜਾ ਰਹੇ ਸਨ। ਨਸ਼ੇ ਦੋਹਾਂ ਦੇ ਹੀ ਟੁੱਟੇ ਹੋਏ ਸਨ। ਬਾਕੀ ਭਿਆਨਕ ਰਾਤ ਉਹਨਾਂ ਦੇ ਸਿਰ 'ਤੇ ਸੀ। ਪਰ ਅਚਾਨਕ ਨਾਲ ਦੇ ਪਿੰਡ ਕਤਲ ਹੋ ਗਿਆ। ਜਿਸ ਕਰਕੇ ਸਾਰੇ ਪੁਲਸ ਕਰਮਚਾਰੀਆਂ ਨੂੰ ਉਥੇ ਜਾਣਾ ਪੈ ਗਿਆ। ਸ਼ਰਾਬੀ ਅਤੇ ਅਮਲੀ ਨੇ ਸੁਖ ਦਾ ਸਾਹ ਲਿਆ ਕਿ ਚਲੋ ਅੱਜ ਦੀ ਰਾਤ ਤਾਂ ਸੌਖੀ ਲੰਘੇਗੀ?
ਰਾਤ ਪਈ।
ਸ਼ਰਾਬੀ ਅਤੇ ਅਮਲੀ ਨੂੰ ਹਵਾਲਾਤ ਵਿਚ ਤਾੜ ਦਿੱਤਾ ਗਿਆ। ਸਵੇਰੇ ਮੁਣਸ਼ੀ ਦੇ ਚੀਕ-ਚਿਹਾੜ੍ਹੇ ਨੇ ਤੇਜੇ ਦੀ ਅੱਖ ਖੋਲ੍ਹੀ। ਮੁਣਸ਼ੀ ਤੜਕੋ-ਤੜਕੀ ਕਿਸੇ ਨੂੰ ਗਾਲ੍ਹਾਂ ਕੱਢੀ ਜਾ ਰਿਹਾ ਸੀ। ਕੋਈ ਡੋਡਿਆਂ ਵਾਲੀ ਬੋਰੀ ਦੀ ਕੰਨੀ ਵੱਢ ਕੇ, ਡੋਡੇ ਕੱਢ ਕੇ ਲੈ ਗਿਆ ਸੀ।
-"ਕਿਤੇ ਤੂੰ ਤਾਂ ਨ੍ਹੀ ਲੁੱਚਪੁਣਾਂ ਕੀਤਾ ਉਏ?" ਮੁਣਸ਼ੀ ਨੇ ਅਮਲੀ ਵੱਲ ਮੂੰਹ ਕਰਕੇ ਪੁੱਛਿਆ। ਅਮਲੀ ਦੀਆਂ ਅੱਖਾਂ ਡੁੱਬ ਗਈਆਂ। ਮੁਣਸ਼ੀ ਦੀਆਂ ਜਾਭਾਂ ਫ਼ਰਕ ਰਹੀਆਂ ਸਨ।
-"ਮਾਈ ਬਾਪ! ਅਸੀਂ ਸਰਕਾਰ ਦੇ ਘਰੇ ਆ ਕੇ ਚੋਰੀ ਕਰਨ ਦੀ ਜੁਅਰਤ ਕਰ ਸਕਦੇ ਆਂ?" ਅਮਲੀ ਨੇ ਅੱਗਿਓਂ ਸੁਆਲ ਕੀਤਾ।
-"ਕਿਤੇ ਆਹ ਤਾਂ ਨ੍ਹੀ ਹੱਥ ਮਾਰ ਗਿਆ?" ਮੁਣਸ਼ੀ ਦੀ ਉਂਗਲ ਤੇਜੇ ਵੱਲ ਸੀ।
-"ਉਏ ਬਲੱਜ ਸਿਆਂ! ਕੋਈ ਬੰਦਾ ਕੁਬੰਦਾ ਵੀ ਦੇਖ ਲਿਆ ਕਰ! ਕਿਉਂ ਸਾਰਿਆਂ ਨੂੰ ਇੱਕੋ ਰੱਸੇ ਨਰੜਦੈਂ? ਡੋਡੇ ਤਾਂ ਰਾਤ ਜਾਣ ਲੱਗਿਆ ਪੰਡਤ ਕੱਢ ਕੇ ਲੈ ਗਿਆ ਸੀ!" ਹੌਲਦਾਰ ਨੇ ਮੁਣਸ਼ੀ ਨੂੰ ਠੰਢਾ ਕੀਤਾ। ਸਾਰੇ ਪੁਲਸ ਵਾਲੇ ਮੁਣਸ਼ੀ ਨੂੰ 'ਗੜਗੱਜ ਸਿੰਘ' ਦੀ ਥਾਂ 'ਬਲੱਜ ਸਿੰਘ' ਹੀ ਕਹਿੰਦੇ ਸਨ।
-"ਕੁੱਤੇ ਬਾਹਮਣ ਨੂੰ ਵੀਹ ਵਾਰੀ ਕਿਹੈ ਬਈ ਦੱਸ ਕੇ ਜਾਇਆ ਕਰ-ਵਾਧੂ ਕਿਸੇ ਹਵਾਲਾਟੀਏ ਦੀ ਜਾਹ ਜਾਂਦੀ ਕਰਵਾਊ!" ਅੱਕਿਆ ਮੁਣਸ਼ੀ ਆਪਣੀ ਸੰਦੂਕੜੀ ਜਿਹੀ ਕੋਲ ਜਾ ਕੇ ਢੇਰੀ ਜਿਹਾ ਹੋ ਗਿਆ।
ਧੁੱਪ ਚੜ੍ਹੀ।
ਸਾਰੇ ਸਿਪਾਹੀ ਧੁੱਪ ਸੇਕ ਰਹੇ ਸਨ। ਠਾਣੇਦਾਰ ਅੱਧੇ ਦਿਨ ਦੀ ਛੁੱਟੀ 'ਤੇ ਸੀ। ਮੁਣਸ਼ੀ ਦਫ਼ਤਰ ਵਿਚ ਬੈਠਾ ਕੁਝ ਲਿਸਟਾਂ ਜਿਹੀਆਂ ਤਿਆਰ ਕਰ ਰਿਹਾ ਸੀ। ਅਚਾਨਕ ਇਕ ਮੁੱਛ-ਫੁੱਟ ਚੋਬਰ ਠਾਣੇ ਪਹੁੰਚ ਗਿਆ। ਉਸ ਨੇ ਪਹਿਰਾ ਦੇ ਰਹੇ ਸੰਤਰੀ ਨਾਲ ਕੋਈ 'ਗਿੱਟ-ਮਿੱਟ' ਕੀਤੀ। ਗੁੱਝੀ ਗੱਲ ਸਮਝਾਈ।
ਅਸਲ ਵਿਚ ਉਹ ਮੁੱਛ ਫੁੱਟ ਚੋਬਰ ਕਿਸੇ ਗਰੀਬ ਹਰੀਜਨ ਦੀ ਲੜਕੀ ਛੇੜ ਕੇ ਆਇਆ ਸੀ ਅਤੇ ਵਿਹੜੇ ਵਾਲਿਆਂ ਨੇ ਰੌਲਾ ਪਾ ਦਿੱਤਾ ਸੀ। ਅਮੀਰ ਘਰ ਦਾ ਮੁੰਡਾ ਹੋਣ ਕਰਕੇ ਉਸ ਨੂੰ ਵਿਹੜੇ ਵਾਲਿਆਂ ਦੀ ਤਾਂ ਪ੍ਰਵਾਹ ਨਹੀਂ ਸੀ। ਪਰ ਪੁਲਸ ਨੂੰ 'ਬੰਨ੍ਹਣਾਂ' ਉਹ ਆਪਣਾ ਪਹਿਲਾ ਫ਼ਰਜ਼ ਸਮਝਦਾ ਸੀ। ਸੰਤਰੀ ਨੇ ਸਾਰੀ ਗੱਲ ਮੁਣਸ਼ੀ ਨੂੰ ਦੱਸ ਕੇ ਉਹਨਾਂ ਦੀ ਸੰਧੀ ਕਰਵਾ ਦਿੱਤੀ। ਮੁਣਸ਼ੀ ਨੇ ਪੈਸੇ ਜੇਬ ਵਿਚ ਪਾਉਂਦਿਆਂ ਉਸ ਨੂੰ ਤਸੱਲੀ ਦਿੱਤੀ।
-"ਤੂੰ ਬੇਫਿ਼ਕਰ ਹੋ ਕੇ ਘਰ ਨੂੰ ਜਾਹ-ਚੂਹੜ੍ਹੇ ਨੂੰ ਭੌਂਕਦਾ ਫਿਰਨ ਦੇਹ! ਤੇ ਜੇ ਚੀਂ ਫ਼ੀਂ ਕਰੇ ਚਾਰ ਮਾਰੀਂ ਛਿੱਤਰ!"
ਚੋਬਰ ਚਲਾ ਗਿਆ।
ਅੱਧੇ ਕੁ ਘੰਟੇ ਬਾਅਦ ਸਿ਼ਕਾਇਤ ਲੈ ਕੇ ਉਸ ਲੜਕੀ ਦਾ ਬਾਪ ਵੀ ਆ ਗਿਆ। ਪਰ ਸੰਤਰੀ ਨੇ ਉਸ ਨੂੰ ਠਾਣੇ ਅੰਦਰ ਪੈਰ ਹੀ ਨਾ ਪਾਉਣ ਦਿੱਤਾ। ਫਿਰ ਉਹ ਸਰਪੰਚ ਨੂੰ ਲੈ ਕੇ ਆਇਆ ਅਤੇ ਸਾਰੀ ਦਰਦ ਭਰੀ ਕਹਾਣੀਂ ਮੁਣਸ਼ੀ ਨੂੰ ਸੁਣਾਈ।
-"ਪਹਿਲਾਂ ਆਬਦੀ ਕੁੜੀ ਦੇ ਲਗਾਮ ਨ੍ਹੀ ਪਾਈ ਜਾਂਦੀ? ਮੁਸ਼ਕੀ ਕੁੱਤੀ ਮਗਰ ਕੁੱਤੇ ਤਾਂ ਆਉਂਦੇ ਈ ਐ! ਅਸੀਂ ਕੀਹਦੀ ਕੀਹਦੀ ਰਾਖੀ ਕਰੀ ਚੱਲੀਏ? ਸਾਨੂੰ ਹੋਰ ਕੋਈ ਕੰਮ ਈ ਨੀ?" ਮੁਣਸ਼ੀ ਨੇ ਮੱਥੇ ਦੀਆਂ ਤਿਊੜੀਆਂ ਨੂੰ ਹੋਰ ਕਸਾਅ ਪਾਇਆ। ਭੂਸਲਾ ਚਿਹਰਾ ਹੋਰ ਸਖ਼ਤ ਹੋ ਗਿਆ।
-"ਜੀ ਤੁਸੀਂ ਵਿਹੜੇ ਆਲਿਆਂ ਨੂੰ ਪੁੱਛ ਲਓ! ਪਹਿਲਾਂ ਉਹਨੇ ਮੇਰੀ ਲਟਕੀ ਨੂੰ ਛੇੜਿਆ-ਜਦੋਂ ਮੈਂ ਮੂਹਰਿਓਂ ਵਰਜਿਆ ਤਾਂ ਮੇਰੇ ਲਫੇੜੇ ਮਾਰੇ।" ਉਹ ਰੋ ਪਿਆ।
-"ਤੇ ਤੇਰੀ ਕੁੜੀ ਕਿਧਰਲੀ ਆ ਗਈ ਸ਼ਰੀਫ਼? ਜਿਹੜੀ ਨਿੱਤ ਲੋਕਾਂ ਦੀਆਂ ਫ਼ਸਲਾਂ ਮਿੱਧਦੀ ਫਿਰਦੀ ਐ?" ਮੁਣਸ਼ੀ ਫਿਰ ਬੋਲਿਆ। ਉਸ ਨੇ ਕਿਰਲੇ ਵਰਗੀਆਂ ਮੁੱਛਾਂ ਪਿੱਛੇ ਹਟਾ ਕੇ ਫੁੱਲਬਹਿਰੀ ਵਾਲੇ ਬੁੱਲ੍ਹਾਂ 'ਤੇ ਜੀਭ ਫੇਰੀ। ਬਰਾਬਰ ਬੈਠਾ ਸਰਪੰਚ ਬੱਗੀਆਂ ਮੁੱਛਾਂ ਵਿਚੋਂ ਦੀ ਹੱਸ ਰਿਹਾ ਸੀ।
-"ਜੀ ਤੁਸੀਂ ਲੋਕਾਂ ਨੂੰ ਪੁੱਛ ਕੇ ਦੇਖ ਲਓ!" ਉਸ ਨੇ ਦੁੱਧ ਵਰਗੀ ਸੱਚਾਈ ਜ਼ਾਹਿਰ ਕਰਨੀ ਚਾਹੀ।
-"ਲੋਕਾਂ ਦੀ ਮਾਂ ਦੀ---! ਲੋਕ ਤਾਂ ਮੁਕਲਾਵਾ ਦੇਣੇਂ ਕੁੱਤੇ ਐ-ਜਦੋਂ ਪਾਈਦੇ ਐ ਮੂਧੇ ਤਾਂ ਸੱਪ ਮਾਂਗੂੰ ਸਿੱਧੇ ਹੋ ਜਾਂਦੇ ਐ-ਉਏ ਮੁੰਡਿਓ! ਸਿੱਟੋ ਇਹਨੂੰ ਅੰਦਰ-ਰਾਤ ਨੂੰ ਕਰਾਂਗੇ ਇਹਦੇ ਨਾਲ ਗੱਲ! ਸਾਲਾ ਬਾਰਸੂਖ਼ ਬੰਦਿਆਂ 'ਤੇ ਦੂਸ਼ਣ ਲਾਉਂਦੈ-ਧੀ ਦੇਣੇਂ ਝੜ੍ਹੰਮ ਕਿੰਨੇ ਚਾਂਭਲੇ ਐ ਉਏ-ਗੱਪ ਮਾਰਨ ਲੱਗੇ ਤਾਂ ਸ਼ਰਮ ਈ ਨ੍ਹੀ ਕਰਦੇ!"
ਸਿਪਾਹੀਆਂ ਨੇ ਫੜ ਕੇ ਉਸ ਨੂੰ ਅੰਦਰ ਦੇ ਦਿੱਤਾ।
ਸਰਪੰਚ ਮੁਣਸ਼ੀ ਨਾਲ ਗੱਲੀਂ ਲੱਗ ਗਿਆ।
ਘੰਟੇ ਕੁ ਬਾਅਦ ਸਰਪੰਚ ਦੇ ਇਸ਼ਾਰੇ 'ਤੇ ਉਸ ਨੂੰ ਬਾਹਰ ਕੱਢ ਲਿਆ ਅਤੇ ਸਰਪੰਚ ਉਸ ਨੂੰ ਇਕ ਪਾਸੇ ਲੈ ਗਿਆ। ਸਰਪੰਚ ਨੇ ਉਸ ਨੂੰ ਕੁਝ ਗੱਲਾਂ ਸਮਝਾਈਆਂ ਅਤੇ ਉਸ ਦੀ ਫ਼ਟੀ-ਪੁਰਾਣੀਂ, ਅੱਘੜ-ਦੁਘੜੀ ਪੱਗ ਦੇ ਲੜ ਨਾਲ ਬੰਨ੍ਹੇ ਕੁਝ ਨੋਟ ਲੈ ਕੇ ਮੁਣਸ਼ੀ ਨੂੰ ਦੇ ਦਿੱਤੇ।
-"ਜਾਹ ਕਾਕੂ-ਘਰੇ ਜਾਹ! ਸਹੁਰਿਆ ਕੀ ਤੋਏ-ਤੋਏ ਕਰਵਾਈ ਐ? ਅਸੀਂ ਤਾਂ ਵੱਡੇ ਵੱਡੇ ਰੌਲੇ ਠੀਕ ਕਰਵਾ ਦੇਈਏ-ਤੇਰੀ ਤਾਂ ਐਵੇਂ ਰੌਲੀ ਜੀ ਸੀ-ਨਾਲੇ ਕੁੜੀ ਨੂੰ ਕਹੀਂ ਬਈ ਜੇ ਐਹੋ ਜਿਆ ਕੰਮ ਕਰਨਾ ਵੀ ਹੁੰਦੈ ਤਾਂ ਚੋਰੀ ਚਫ਼ੋਰੀ ਕਰਿਆ ਕਰੇ! ਉਹਨੇ ਤਾਂ ਸਹੁਰੀ ਨੇ ਊਂ-ਈਂ ਸ਼ਰਮ ਲਾਹਤੀ-ਵਲਾਇਤ ਈ ਸਮਝ ਲਿਆ--!" ਮੀਸਣਾ ਹਾਸਾ ਹੱਸਦਾ ਸਰਪੰਚ ਕਹਿ ਰਿਹਾ ਸੀ। ਉਸ ਦੀਆਂ ਝੂਠੀਆਂ ਅਤੇ ਅਸ਼ਲੀਲ ਗੱਲਾਂ ਤੁਰੇ ਜਾਂਦੇ ਕਾਕੂ ਮਜ੍ਹਬੀ ਦਾ ਕਾਲਜਾ ਪਾੜ ਰਹੀਆਂ ਸਨ। ਫਿਰ ਉਹ ਕੰਨਾਂ 'ਤੇ ਹੱਥ ਧਰਕੇ ਚੀਕਦਾ, ਭੱਜ ਕੇ ਠਾਣੇਂ ਤੋਂ ਬਾਹਰ ਨਿਕਲ ਗਿਆ।
ਅਚਾਨਕ ਡੀ ਐੱਸ ਪੀ 'ਸਾਹਿਬ' ਦੀ ਸਰਕਾਰੀ ਜੀਪ ਠਾਣੇਂ ਦੇ ਗੇਟ 'ਤੇ ਆ ਕੇ ਰੁਕੀ। ਸੰਤਰੀ ਨੇ ਸਲੂਟ ਮਾਰਿਆ ਅਤੇ ਬਾਕੀ ਸਾਰੇ ਪੁਲਸ ਵਾਲੇ ਉਸ ਦੇ ਸੁਆਗਤ ਲਈ ਜੁਟ ਗਏ।