ਅੱਜ ਦੇ ਧਰਮਰਾਜ
ਜਦੋਂ ਦੇ ਪੰਜਾਬ ਦੇ ਹਾਲਾਤ ਕੁਝ ਸੁਧਰੇ ਸਨ, ਸੱਥਾਂ ਅਤੇ ਖੁੰਢਾਂ ਦੀ ਰੌਣਕ ਮੁੜ ਪਰਤ ਆਈ ਸੀ। ਢਾਣੀਆਂ ਫਿਰ ਜੁੜ ਕੇ ਬੈਠਣ ਲੱਗ ਪਈਆਂ ਸਨ। ਪਰ ਜੋ ਤਕਰੀਬਨ ਇਕ ਦਹਾਕੇ ਤੋਂ ਵੀ ਵੱਧ ਸੰਤਾਪ ਪੰਜਾਬ ਨੇ ਆਪਣੇ ਪਿੰਡੇ 'ਤੇ ਹੰਢਾਇਆ ਸੀ, ਉਸ ਦੀ ਗੱਲ ਵੀ ਕਦੇ ਨਾ ਕਦੇ ਜ਼ਰੂਰ ਤੁਰ ਪੈਂਦੀ। ਪਰ ਪਹਿਲਾਂ ਵਾਲਾ ਮਿਲਵਰਤਣ ਲੋਕਾਂ ਵਿਚ ਰਹਿ ਨਹੀਂ ਗਿਆ ਸੀ। ਕਦੇ-ਕਦੇ ਗੱਲ ਖਹਿਬੜਬਾਜ਼ੀ ਤੱਕ ਵੀ ਪੁੱਜ ਜਾਂਦੀ। ਖਾਸ ਕਰਕੇ ਕਾਮਰੇਡ ਸੁੱਚਾ ਸਿੰਘ ਕਿਸੇ ਇਕੱਲੇ-ਦੁਕੱਲੇ ਸਿੱਖ ਗੱਭਰੂ ਨੂੰ ਢਾਣੀ ਵਿਚ ਦੇਖ ਕੇ ਸਿੰਗੜੀ ਛੇੜਨੋਂ ਬਾਜ਼ ਨਾ ਆਉਂਦਾ।
-"ਲੈ ਬਈ ਹੁਣ ਪੰਜਾਬ 'ਚ ਪੂਰੀ ਅਮਨ ਸ਼ਾਂਤੀ ਐ-ਜਾਣੀਂ ਦੀ ਮਸਾਂ ਈ ਸੁਖ ਦਾ ਸਾਹ ਆਇਐ।"
-"ਕਿੰਨਾਂ ਕੁ ਚਿਰ---?" ਕੋਈ ਤੱਤੇ ਸੁਭਾਅ ਵਾਲਾ ਗੱਭਰੂ ਬੋਲਣੋ ਨਾ ਰਹਿ ਸਕਦਾ। ਕਾਮਰੇਡ ਦੀ ਰੜਕਵੀਂ ਗੱਲ ਫ਼ੱਟ 'ਤੇ ਮਿਰਚਾਂ ਵਾਂਗ ਲੱਗਦੀ।
-"ਐਨਾਂ ਤਾਂ ਮੈਨੂੰ ਪਤਾ ਨ੍ਹੀ-ਇਕ ਆਰੀ ਤਾਂ ਓਸ ਗੱਲ ਦੇ ਆਖਣ ਮਾਂਗੂੰ ਜੜਤੇ ਕੋਕੇ!"
-"ਕਦੇ ਲਹਿਰਾਂ ਵੀ ਖਤਮ ਹੋਈਐਂ? ਉਤਰਾਅ-ਚੜ੍ਹਾਅ ਤਾਂ ਆਉਂਦੇ ਈ ਰਹਿੰਦੇ ਐ-ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ।"
-"ਤੂੰ ਦੱਸ ਬਈ? ਤੂੰ ਦਾਦੇ 'ਚ ਐਂ ਕਿ ਪੋਤੇ 'ਚ ਐਂ? ਐਥੇ ਬੈਠ ਕੇ ਜਾਭਾਂ ਮਾਰਨ ਜੋਗੈਂ-ਜਾਂ ਤਾਂ ਚੱਕ ਏ ਕੇ ਸੰਤਾਲੀ-ਫੇਰ ਦੇਖੀਏ ਤੇਰਾ ਵੀ ਦਿਲ।" ਕਾਮਰੇਡ ਲੂਤੀ ਲਾਈ ਰੱਖਦਾ।
-"ਤੇ ਥੋਥੋਂ ਜਾਭਾਂ ਦਾ ਭੇੜ੍ਹ ਵੀ ਨਾ ਹੋਇਆ? ਉਦੋਂ ਤਾਂ ਤੀਮੀਆਂ ਦੀਆਂ ਤੰਬੀਆਂ 'ਚ ਲੁਕੇ ਰਹਿੰਦੇ ਸੀ-ਜਦੋਂ ਥੋਡਾ ਪਤੰਦਰ ਜਿਉਂਦਾ ਸੀ ਤੇ ਹਿੱਟ ਲਿਸਟਾਂ ਬਣਦੀਆਂ ਸੀ? ਉਦੋਂ ਤਾਂ ਸਾਲਿਓ ਟੌਲੈਟਾਂ ਵੀ ਘਰੇ ਈ ਪੱਟਵਾ ਲਈਆਂ ਸੀ-ਉਦੋਂ ਖੜ੍ਹਦੇ ਖਾਂ ਪਿਉ ਮੂਹਰੇ-ਹੁਣ ਮਰੇ ਤੋਂ ਸ਼ੇਰ ਬਣਦੇ ਓਂ?"
-"ਜਰੂਰੀ ਨਹੀਂ ਬਈ ਗੋਲੀ ਦਾ ਜਵਾਬ ਗੋਲੀ ਨਾਲ ਦਿੰਦੇ-ਲੋਕ ਨਾਲ ਤੋਰੇ ਬਿਨਾਂ ਕੋਈ ਲਹਿਰ ਸਿਰੇ ਲੱਗੀ ਐ?" ਕਾਮਰੇਡ ਆਖਦਾ।
-"ਤੇ ਤੁਸੀਂ ਤਾਂ ਰਾਜ ਲਈ ਬੈਠੇ ਐਂ? ਥੋਡੇ ਕੋਲੋਂ ਬਣਿਆਂ ਬਣਾਇਆ ਰੂਸ ਨ੍ਹੀ ਰੱਖਿਆ ਗਿਆ-ਸਾਰਾ ਈ ਖੱਖੜੀਏਂ ਕਰਵਾ ਲਿਆ।"
-"ਤੇ ਤੁਸੀਂ ਤਾਂ ਖ਼ਾਲਿਸਤਾਨ ਲੈ ਲਿਆ ਹੋਊ?" ਕਾਮਰੇਡ ਘਰੋੜਵੀਂ ਗੱਲ ਆਖਣੋਂ ਨਾ ਰਹਿ ਸਕਦਾ। ਗੱਲ ਐਸੀ ਵਿਗੜਦੀ ਕਿ ਸਾਰਾ ਆਂਢ-ਗੁਆਂਢ ਇਕੱਠਾ ਹੋ ਜਾਂਦਾ।
-"ਕੀ ਗੱਲ ਐ ਬਈ ਜੁਆਨੋ - ਰੌਲਾ ਕਰਦੇ ਓਂ?" ਮੱਲ, ਜਿਹਨਾਂ ਦੇ ਦਰਵਾਜੇ ਅੱਗੇ ਖੁੰਢ ਸੀ, ਰੌਲਾ ਸੁਣ ਕੇ ਬਾਹਰ ਆ ਜਾਂਦਾ।
-"ਕੁਛ ਨ੍ਹੀ ਤਾਇਆ ਜੀ-ਆਹ ਕਾਮਰੇਟ ਈ ਹਮੇਸ਼ਾ ਵੱਢਵੀਂ ਕਰਦੈ।"
-"ਕਿਉਂ ਉਏ ਸੁੱਚਿਆ? 'ਕੱਲਾ ਕਹਿਰਾ ਦੇਖ ਕੇ ਪੰਗਾ ਲੈ ਲੈਨੈਂ-ਤੇ ਜਦੋਂ ਦੋ-ਚਾਰ 'ਕੱਠੇ ਹੋ ਜਾਂਦੇ ਐ-ਫੇਰ ਚੱਡਿਆਂ 'ਚ ਪੂਛ ਦੇ ਕੇ ਹਵਾ ਹੋ ਜਾਨੈਂ?" ਮੱਲ ਸਿੰਘ ਪੁੱਛਦਾ ਤਾਂ ਕਾਮਰੇਡ ਦੰਦੀਆਂ ਜਿਹੀਆਂ ਕੱਢ ਕੇ ਚੁੱਪ ਕਰ ਜਾਂਦਾ।
-"ਖਬਰਦਾਰ ਜੇ ਸਾਡੇ ਘਰ ਮੂਹਰੇ ਖਰੂਦ ਕੀਤੈ ਤਾਂ-ਮਾਰ ਮਾਰ ਰੈਂਗੜੇ ਘੀਸਵਲ ਕੱਢਦੂੰ!" ਮੱਲ ਪੈਰਾਂ ਹੇਠੋਂ ਮਿੱਟੀ ਕੱਢਣ ਲੱਗ ਪੈਂਦਾ।
-"ਇਹਦੀਆਂ ਵਿੰਗੀਆਂ ਜੀਆਂ ਲੱਤਾਂ ਤਾਇਆ ਜੀ ਮੈਨੂੰ ਕਦੇ ਵੱਢਣੀਆਂ ਈ ਪੈਣੀਐਂ-ਉਦੋਂ ਉਸ ਬਾਪੂ ਦੇ ਡਰ ਤੋਂ ਦਾਹੜ੍ਹੀਆਂ ਵੀ ਵਧਾ ਗਏ-ਤੇ ਹੁਣ ਮਰੇ ਤੋਂ ਖੁੱਡਿਆਂ 'ਚੋਂ ਨਿਕਲ-ਨਿਕਲ ਕੇ ਬਾਂਗਾਂ ਦਿੰਦੇ ਐ।" ਮੁੰਡਾ ਕਾਫ਼ੀ ਜਲਾਲ ਫੜ ਜਾਂਦਾ।
-"ਵੱਢਦੂਗਾ ਲੱਤਾਂ ਇਹੇ ਵੱਡਾ ਨਗੌਰੀ।" ਲੋਕ ਇਕੱਠੇ ਹੋਏ ਦੇਖ ਕੇ ਕਾਮਰੇਡ ਡਰੇ ਹੋਏ ਕੁੱਤੇ ਵਾਂਗ ਦੰਦੀਆਂ ਜਿਹੀਆਂ ਚਿੜਾਉਣ ਲੱਗ ਪੈਂਦਾ।
-"ਚੱਲੋ ਛੱਡੋ ਬਈ ਮੁੰਡਿਓ ਰੌਲੇ ਗੌਲੇ ਨੂੰ-ਮੱਲ ਤੋਂ ਇਹਦੀ ਘਾਣੀਂ ਸੁਣੋਂ! ਆ ਬਈ ਮੱਲ ਸਿਆਂ ਸੁਣਾ ਕੇਰਾਂ ਹੱਡਬੀਤੀ!" ਘੁੱਕੀ ਅਮਲੀ ਬੋਲਦਾ। ਉਹ ਮੱਲ ਦੇ 'ਮਰਨ' ਵਾਲੀ ਗੱਲ ਬੜੀ ਦਿਲਚਸਪੀ ਨਾਲ, ਕੰਨ ਲਾ ਕੇ ਸੁਣਦਾ।
ਮੱਲ ਦਾ ਅਸਲ ਨਾਂ ਮੱਲ ਸਿੰਘ ਸੀ। ਬੜਾ ਭਗਤ, ਫ਼ੱਕਰ ਬੰਦਾ ਸੀ। ਸਾਰੀ ਉਮਰ ਉਸ ਨੇ ਹੱਡ ਤੋੜਵੀਂ ਮਿਹਨਤ ਕੀਤੀ। ਮਿੱਟੀ ਨਾਲ ਮਿੱਟੀ ਹੋਇਆ ਰਿਹਾ। ਇਕ ਰਾਤ ਖੇਤੋਂ ਵੱਟਾਂ ਪਾ ਕੇ ਮੁੜਿਆ ਤਾਂ ਸਖ਼ਤ ਬਿਮਾਰ ਹੋ ਗਿਆ। ਦੋ-ਤਿੰਨ ਦਿਨ ਪਿੰਡ ਦੇ ਡਾਕਟਰ ਤੋਂ ਹੀ ਇਲਾਜ ਕਰਵਾਉਂਦੇ ਰਹੇ। ਪਰ ਅਖੀਰ ਚੌਥੀ ਰਾਤ ਮੱਲ ਸਿੰਘ ਅਕਾਲ ਚਲਾਣਾਂ ਕਰ ਗਿਆ। ਘਰ ਵਿਚ ਰੋਣ ਪਿੱਟਣ ਪੈ ਗਿਆ। ਦੋ ਜੁਆਨ ਪੁੱਤਾਂ ਦਾ ਪਿਉ ਉਹਨਾਂ ਨੂੰ ਇਕੱਲਿਆਂ ਛੱਡ ਜਹਾਨੋਂ ਕੂਚ ਕਰ ਗਿਆ ਸੀ।
ਲਾਗੀ ਰਿਸ਼ਤੇਦਾਰਾਂ ਵੱਲ ਨੂੰ ਤੋਰ ਦਿੱਤਾ ਗਿਆ।
ਸਵੇਰੇ ਸਾਝਰੇ ਹੀ ਸਸਕਾਰ ਦੀਆਂ ਤਿਆਰੀਆਂ ਹੋਣ ਲੱਗ ਪਈਆਂ। ਚਿਖ਼ਾ ਲਈ ਲੱਕੜ-ਤਿੰਬੜ ਸ਼ਮਸ਼ਾਨ-ਭੂਮੀ ਪਹੁੰਚਣਾ ਸ਼ੁਰੂ ਹੋ ਗਿਆ। ਸਾਰੀ ਤਿਆਰੀ ਮੁਕੰਮਲ ਹੋ ਗਈ। ਬੱਸ! ਹੁਣ ਸਿਰਫ਼ ਰਿਸ਼ਤੇਦਾਰਾਂ ਦੀ ਉਡੀਕ ਹੋਣ ਲੱਗ ਪਈ। ਨੇੜਲੇ ਪਿੰਡਾਂ ਦੇ ਰਿਸ਼ਤੇਦਾਰ ਤਾਂ ਪਹੁੰਚਣੇਂ ਵੀ ਸ਼ੁਰੂ ਹੋ ਗਏ ਸਨ।
ਚਿੱਟਾ ਦਿਨ ਚੜ੍ਹ ਆਇਆ।
-"ਨੀ ਮੈਨੂੰ ਇਉਂ ਲੱਗਿਐ-ਜਿਮੇਂ ਮੱਲ ਸਿਉਂ ਦਾ 'ਗੂਠਾ ਹਿੱਲਿਆ ਹੁੰਦੈ?" ਇਕ ਬਿਰਧ ਮਾਈ ਨੇ ਅਜੀਬ ਹੀ ਅਕਾਸ਼ਬਾਣੀ ਕੀਤੀ। ਮੱਲ ਦੇ ਘਰਵਾਲੀ ਸੀਬੋ ਮੱਲ ਦੇ ਪੈਰਾਂ ਵੱਲ ਬੈਠੀ ਰੋਈ ਜਾ ਰਹੀ ਸੀ। ਜੀਵਨ ਸਾਥੀ ਸਦਾ ਲਈ 'ਅਲਵਿਦਾ' ਜਿਉਂ ਆਖ ਗਿਆ ਸੀ।
ਦੂਰ ਬੈਠੇ ਬੰਦੇ-ਬੁੜ੍ਹੀਆਂ ਲਾਸ਼ ਕੋਲ ਭੱਜ ਕੇ ਆਏ। ਇਕ ਅਚੰਭਾ ਸੀ। ਸਾਰੇ ਮੱਲ ਸਿੰਘ ਦੇ ਪੈਰ ਵੱਲ ਸ਼ਿਸ਼ਤ ਬੰਨ੍ਹ ਕੇ ਤੱਕ ਰਹੇ ਸਨ।
-"ਅੰਮਾਂ ਜੀ ਥੋਨੂੰ ਭੁਲੇਖਾ ਲੱਗਿਆ ਹੋਣੈਂ?" ਕਿਸੇ ਨੇ ਕਿਹਾ।
-"ਗਿਆ ਕੌਣ ਮੁੜਦੈ?"
-"ਭਾਈ ਰੱਬ ਦੇ ਘਰ ਦਾ ਕੋਈ ਪਤਾ ਨ੍ਹੀ!"
-"ਹਰ ਭਾਵੈ ਬਿਨ ਸਾਸ ਤੇ ਰਾਖੈ।" ਗਿਆਨੀ ਨੇ ਬਾਣੀ ਦੀ ਉਦਾਹਰਣ ਦਿੱਤੀ।
-"ਨੀ ਸਹੁੰ ਵੀਰ ਦੀ-ਮੈਂ ਆਪਣੀਆਂ ਅੱਖਾਂ ਨਾਲ ਦੇਖਿਐ-ਮੈਂ ਕਿਤੇ ਝੂਠ ਬੋਲਦੀ ਐਂ?" ਮਾਈ ਅੱਖੀਂ ਦੇਖਿਆ ਸੱਚ ਬਿਆਨ ਕਰ ਰਹੀ ਸੀ।
ਫਿਰ ਮੱਲ ਸਿੰਘ ਦਾ ਪੈਰ ਹਿੱਲਿਆ। ਸਾਰੇ ਪ੍ਰੀਵਾਰ ਵਿਚ ਖੁਸ਼ੀ ਅਤੇ ਹੈਰਾਨੀ ਦੀ ਲਹਿਰ ਦੌੜ ਗਈ। ਇਹ ਸਾਰਿਆਂ ਨੇ ਅੱਖੀਂ ਪ੍ਰਤੱਖ ਦੇਖਿਆ ਸੀ।
-"ਹਾੜ੍ਹੇ ਵੇ ਕੋਈ ਡਾਕਦਾਰ ਨੂੰ ਬੁਲਾਓ!" ਮੱਲ ਸਿੰਘ ਦੀ ਘਰਵਾਲੀ ਨੇ ਦੁਹਾਈ ਦਿੱਤੀ। ਕੋਈ ਡਾਕਟਰ ਵੱਲ ਨੂੰ ਦੌੜ ਗਿਆ। ਸਾਰੇ 'ਵਾਹਿਗੁਰੂ-ਵਾਹਿਗੁਰੂ' ਜਪਣ ਲੱਗ ਪਏ।
ਡਾਕਟਰ ਪਹੁੰਚਣ ਤੋਂ ਪਹਿਲਾਂ ਹੀ ਮੱਲ ਸਿੰਘ 'ਸਤਿਨਾਮ-ਸਤਿਨਾਮ' ਕਰਦਾ ਉਠ ਬੈਠਾ। ਕੁਝ ਡਰੇ ਹੋਏ ਅਤੇ ਕੁਝ ਹੈਰਾਨਗੀ ਨਾਲ ਉਸ ਨੂੰ ਹੱਥ ਲਾ-ਲਾ ਕੇ ਦੇਖ ਰਹੇ ਸਨ। ਮੱਲ ਸਿੰਘ ਸੱਚਮੁੱਚ ਹੀ ਹਰੀ-ਕਾਇਮ ਸੀ! ਸਾਰੇ ਰਿਸ਼ਤੇਦਾਰ ਹੱਸਦੇ-ਖੇਡਦੇ ਵਾਪਿਸ ਪਰਤ ਗਏ। ਉਸ ਦਿਨ ਤੋਂ ਮੱਲ ਸਿੰਘ ਨੇ ਚਿੱਟਾ ਚੋਲਾ ਸਜਾ ਲਿਆ। ਅੰਮ੍ਰਿਤਪਾਨ ਕਰ ਲਿਆ। ਉਹ ਸਵੇਰੇ ਸ਼ਾਮ ਗੁਰਦੁਆਰੇ ਜਾਂਦਾ। ਗੁਰਬਾਣੀ ਸੁਣਦਾ। ਕੀਰਤਨ ਸਰਵਣ ਕਰਦਾ। ਇਕ ਦਿਨ ਉਸ ਨੇ ਆਪਣੇ ਦੋਨਾਂ ਪੁੱਤਾਂ ਨੂੰ ਕੋਲ ਬੁਲਾ ਕੇ ਆਖਿਆ।
-"ਲੈ ਸ਼ੇਰੋ! ਮੈਂ ਬਹੁਤ ਕਮਾਈ ਕਰ ਲਈ-ਹੁਣ ਮੈਂ ਕੰਮ ਨੂੰ ਹੱਥ ਨ੍ਹੀ ਲਾਉਣਾ-ਮੈਂ ਤਾਂ ਗੁਰੂ ਦੇ ਲੜ ਲੱਗ ਗਿਆ-ਤੁਸੀਂ ਸ਼ੇਰੋ ਹੁਣ ਆਪਣਾ ਕਾਰੋਬਾਰ ਸਾਂਭੋ!"
-"ਅੱਛਾ ਬਾਪੂ ਜੀ!" ਮੁੰਡੇ ਮੱਲ ਸਿੰਘ ਦੇ ਬੜੇ ਹੀ ਨੇਕ, ਬੀਬੇ ਸਨ।
ਮੱਲ ਸਿੰਘ ਉਤਲੇ ਕੰਮਾਂ 'ਤੇ ਹੋ ਗਿਆ। ਉਹ ਮੁੰਡਿਆਂ ਦੀ ਰੋਟੀ ਖੇਤ ਪਹੁੰਚਦੀ ਕਰ ਦਿੰਦਾ, ਜਾਂ ਫਿਰ ਗੁਰਬਾਣੀ ਉਚਾਰਨ ਕਰਦਾ ਪਸ਼ੂਆਂ ਨੂੰ ਪੱਠੇ-ਦੱਥੇ ਪਾ ਛੱਡਦਾ।
-"ਹਾਂ ਬਈ ਗੱਭਰੂਓ! ਥੁੱਕੋ ਗੁੱਸਾ ਤੇ ਧਿਆਨ ਦੇਵੋ ਮੱਲ ਸਿੰਘ ਦੀ ਗੱਲ ਵੱਲੀਂ।" ਘੁੱਕੀ ਅਮਲੀ ਨੇ ਫਿਰ ਕਿਹਾ। ਮੱਲ ਸਿੰਘ ਨੇ ਕਹਿਣਾ ਸ਼ੁਰੂ ਕੀਤਾ:
-"ਲੈ ਭਾਈ ਮੈਨੂੰ ਦੋ ਜਾਣੇਂ ਲੈਣ ਆ ਗਏ-ਕਹਿੰਦੇ ਚੱਲ ਬਈ ਮੱਲ ਸਿਆਂ ਤੇਰੀ ਜੀਵਨ ਯਾਤਰਾ ਖਤਮ ਹੋ ਗਈ ਤੇ ਚੱਲ ਤੈਨੂੰ ਧਰਮਰਾਜ ਨੇ ਬੁਲਾਇਐ-ਤੇ ਭਾਈ ਮੈਨੂੰ ਡੱਡ ਮਾਂਗੂੰ ਚੱਕ ਕੇ ਲੈ ਤੁਰੇ-ਤੇ ਭਾਈ ਮੈਂ ਉਹਨਾਂ ਦੀਆਂ ਵੱਡੀਆਂ ਵੱਡੀਆਂ ਬਾਂਹਾਂ 'ਚ ਤੋਰੀ ਮਾਂਗੂੰ ਲਮਕਾਂ-ਫੇਰ ਭਾਈ ਮੈਨੂੰ ਖਾਅਸਾ ਚਿਰ ਤੋਰੀ ਗਏ-ਤੋਰੀ ਗਏ-ਤੇ ਗਾਹਾਂ ਜਾ ਕੇ ਇਕ ਸੂਈ ਦੇ ਨੱਕੇ ਜਿੱਡੀ ਦਰਵਾਜੀ ਜਿਹੀ ਆਈ ਤੇ ਭਾਈ ਮੈਨੂੰ ਖਿੱਚ ਕੇ ਮਸਾਂ ਉਸ ਦਰਵਾਜੀ ਜੀ ਵਿਚੋਂ ਦੀ ਪਾਰ ਕੱਢਿਆ-ਮੇਰੇ ਤਾਂ ਭਾਈ ਛਿੱਲਤੇ ਉਹਨਾਂ ਨੇ ਪਾਸੇ-ਤੇ ਅੱਗੇ ਜਾਕੇ ਭਾਈ ਬੜੀ ਠੰਢੀ ਸ਼ਾਂਤ ਜਗਾਹ-ਬਲਾਅ ਸੋਹਣੀਆਂ-ਸੋਹਣੀਆਂ ਦਰੀਆਂ ਗਲੀਚੇ ਵਿਛੇ ਹੋਏ-ਤੇ ਅੱਗੇ ਜਾ ਕੇ ਭਾਈ ਕੀ ਹੋਇਆ-ਐਥੋਂ ਲੈ ਕੇ ਆਪਣੀ ਹੱਡਾਂਰੋੜੀ ਜਿੰਨੀ ਵਾਟ ਮੈਨੂੰ ਫਿਰ ਤੋਰ ਕੇ ਲੈ ਕੇ ਗਏ।" ਮੱਲ ਸਿੰਘ ਨੇ ਸਾਹ ਲੈ ਕੇ ਫਿਰ ਬੋਲਣਾ ਸ਼ੁਰੂ ਕੀਤਾ।
-"ਲੈ ਬਈ ਫੇਰ ਮੈਨੂੰ ਧਰਮਰਾਜ ਦੀ ਕਚਿਹਰੀ 'ਚ ਪੇਸ਼ ਕੀਤਾ-ਉਸ ਦੇ ਭਾਈ ਲਾਲ ਕੱਪੜੇ ਪਾਏ ਹੋਏ-ਖੁੱਲ੍ਹ ਚਿੱਟਾ ਦਾਹੜਾ-ਚਿਹਰੇ ਤੋਂ ਜਾਣੀਂ ਦੀ ਨੂਰ ਵਰ੍ਹੇ-ਉਹਦੇ ਅੱਗੇ ਭਾਈ ਫਾਈਲਾਂ ਦਾ ਢੇਰ ਲੱਗਿਆ ਹੋਇਆ।"
-"ਹਾਂ ਬਈ ਇਹ ਕੌਣ ਐਂ? ਧਰਮਰਾਜ ਨੇ ਭਾਈ ਜਿਹੜੇ ਮੈਨੂੰ ਲੈ ਕੇ ਗਏ ਸੀ-ਉਹਨਾਂ ਨੂੰ ਪੁੱਛਿਆ-ਤੇ ਇਕ ਨੇ ਦੱਸਿਆ ਕਿ ਤਖਤੂਪੁਰੇ ਆਲਾ ਮੱਲ ਸਿੰਘ ਐ ਜੀ-ਤੇ ਰੱਬ ਥੋਡਾ ਭਲਾ ਕਰੇ-ਧਰਮਰਾਜ ਬੜੀ ਧਹੱਮਲ ਨਾਲ ਬੋਲਿਆ-ਉਏ ਇਹਨੂੰ ਅਜੇ ਕਾਹਨੂੰ ਲੈ ਆਏ? ਇਹਦੀ ਅਜੇ ਬਥੇਰੀ ਉਮਰ ਪਈ ਐ-ਤੁਸੀਂ ਲੋਪੋ ਆਲੇ ਮੱਲ ਸਿੰਘ ਨੂੰ ਲੈ ਕੇ ਆਓ-ਇਹਨੂੰ ਛੱਡ ਦਿਓ-ਤੇ ਲੈ ਭਾਈ ਉਹਨਾਂ ਨੇ ਮੈਨੂੰ ਉਥੋਂ ਉਸੇ ਟੈਮ ਈ ਮੋੜ ਲਿਆ ਤੇ ਵੱਡੇ ਸਾਰੇ ਦਰਵਾਜੇ 'ਤੇ ਲਿਆ ਕੇ ਧੱਕਾ ਦੇ ਦਿੱਤਾ-ਤੇ ਜਦੋਂ ਭਾਈ ਮੈਨੂੰ ਧਰਤੀ 'ਤੇ ਪਹੁੰਚ ਕੇ ਕਿਤੇ ਸੁਰਤ ਆਈ ਤਾਂ ਮੇਰੇ ਆਸੇ ਪਾਸੇ ਤਾਂ ਲੱਗਿਆ ਪਿਆ ਮੇਲਾ! ਤੇ ਲੋਕੀ ਮੈਨੂੰ ਹੱਥ ਲਾ-ਲਾ ਕੇ ਦੇਖਣ-ਨਾਲੇ ਮੈਨੂੰ ਦੱਸਣ ਅਖੇ ਮੱਲ ਸਿਆਂ ਤੇਰਾ ਤਾਂ ਦਿਹਾਂਤ ਹੋ ਗਿਆ ਸੀ-ਬੱਸ ਭਾਈ ਆਪਾਂ ਤਾਂ ਉਸੀ ਦਿਨ ਤੋਂ ਸਭ ਕਾਅਸੇ ਤੋਂ ਸਨਿਆਸ ਲੈ ਲਿਆ-ਤੇ ਗੁਰਬਾਣੀ ਵੱਲ ਰੁੱਖ ਕਰ ਲਿਆ।"
-"ਤੇ ਮੱਲ ਸਿਆਂ-ਤੂੰ ਧਰਮਰਾਜ ਕੋਲੋਂ ਕੋਈ ਮੁਆਵਜ਼ਾ ਨ੍ਹੀ ਮੰਗਿਆ?" ਕਾਮਰੇਡ ਟਾਂਚ ਕਰਦਾ।
-"ਰੱਬ ਤੋਂ ਡਰਿਆ ਕਰ ਉਏ ਪੋਪਲਾ ਜਿਆ! ਜੀਹਨੂੰ ਜਾਨ ਦੇਣੀਂ ਐਂ।" ਅਮਲੀ ਫ਼ਿਟਕਾਰ ਪਾਉਂਦਾ।
ਇਕ ਦਿਨ ਸਵੇਰੇ ਤਿੰਨ ਵਜੇ ਮੱਲ ਸਿੰਘ "ਮੈਦਾਨ ਮਾਰਨ" ਜਾ ਰਿਹਾ ਸੀ। ਪੁਰਾਣੇ ਘੁਲਾੜ੍ਹੇ ਕੋਲੋਂ ਉਸ ਨੂੰ ਕੁਝ ਅਵਾਜ਼ਾਂ ਸੁਣਾਈ ਦਿੱਤੀਆਂ। ਉਸ ਨੇ "ਸਤਿਨਾਮ-ਵਾਹਿਗੁਰੂ" ਦਾ ਜਾਪ ਹੌਲੀ ਕਰ ਦਿੱਤਾ। ਫਿਰ ਕੁਝ ਗਾਹਲਾਂ ਉਸ ਦੇ ਕੰਨੀਂ ਪਈਆਂ। ਉਸ ਨੂੰ ਸ਼ੱਕ ਪਿਆ ਕਿ ਗਾਹਲਾਂ ਵਿਚ ਸ਼ਰਾਬ ਬੋਲ ਰਹੀ ਸੀ। ਉਹ ਰੁਕ ਕੇ ਗੌਰ ਨਾਲ ਉਧਰ ਤੱਕਣ ਲੱਗ ਪਿਆ। ਦੂਰ ਸਿਰਫ਼ ਇਕ ਬੈਟਰੀ ਦਾ ਚਾਨਣ ਹੀ ਨਜ਼ਰ ਆ ਰਿਹਾ ਸੀ। ਬੈਟਰੀ ਕਦੇ ਜਗ ਅਤੇ ਕਦੇ ਬੁਝ ਜਾਂਦੀ ਸੀ।
ਫਿਰ "ਟੀਂਅ--!" ਕਰਦੀ ਗੋਲੀ ਦੀ ਆਵਾਜ਼ ਆਈ ਅਤੇ ਨਾਲ ਹੀ ਕਿਸੇ ਮਨੁੱਖ ਦੀ ਚੰਘਿਆੜ---! ਉਹ ਪਾਣੀ ਵਾਲਾ ਲੀਟਰ ਸੁੱਟ ਕੇ ਸਿਰ ਤੋੜ ਉਧਰ ਨੂੰ ਦੌੜ ਪਿਆ। ਬੈਟਰੀ ਫਿਰ ਜਗੀ। ਦਿਲ ਕੰਬਾਊ ਦ੍ਰਿਸ਼ ਦੇਖ ਕੇ ਮੱਲ ਸਿੰਘ ਠਠੰਬਰ ਗਿਆ। ਇਕ ਨੌਜਵਾਨ ਟਾਹਲੀ ਨਾਲ ਨਰੜਿਆ ਹੋਇਆ ਸੀ ਅਤੇ ਉਸ ਦੀ ਛਾਤੀ ਵਿਚੋਂ ਖ਼ੂਨ ਦਾ ਫ਼ੁਆਰਾ ਚੱਲ ਰਿਹਾ ਸੀ। ਉਸ ਦੇ ਕੇਸ ਖੁੱਲ੍ਹੇ ਅਤੇ ਸਿਰ ਇਕ ਪਾਸੇ ਨੂੰ ਲੁੜਕਿਆ ਹੋਇਆ ਸੀ। ਸਾਹਮਣੇਂ ਪੁਲੀਸ ਖੜ੍ਹੀ ਸੀ।
-"ਉਏ ਦੁਸ਼ਟੋ! ਇਹ ਕੀ ਕਹਿਰ ਢਾਹ ਦਿੱਤਾ? ਇਕ ਰੱਬ ਦਾ ਬੰਦਾ ਟਾਹਲੀ ਨਾਲ ਨੂੜ ਕੇ ਮਾਰ ਦਿੱਤਾ?" ਉਹ ਬੱਦਲ ਵਾਂਗ ਗਰਜਦਾ, ਸਾਹਣ ਵਾਂਗ ਧੁੱਸ ਦੇਈ, ਉਸ ਬੰਨ੍ਹੇ ਨੌਜਵਾਨ ਵੱਲ ਨੂੰ ਦੌੜਿਆ ਜਾ ਰਿਹਾ ਸੀ।
-"ਉਏ ਦੁਸ਼ਟੋ---!"
ਪੁਲੀਸ ਦੇ ਕੈਂਟਰ ਦੀਆਂ ਬੱਤੀਆਂ ਜਗੀਆਂ।
-"ਜਨਾਬ! ਇਸ ਬੁੱਢੇ ਨੇ ਸਾਰਾ ਕੁਛ ਦੇਖ ਲਿਆ!" ਇਕ ਸ਼ਰਾਬੀ ਸਿਪਾਹੀ ਆਪਣੇ ਅਫ਼ਸਰ ਨੂੰ ਦੱਸ ਰਿਹਾ ਸੀ।
-"ਇਹਦਾ ਵੀ ਧੰਦਾ ਨਬੇੜ ਦਿਓ!" ਕੈਂਟਰ ਅੰਦਰੋਂ ਅਫ਼ਸਰ ਦਾ ਹੁਕਮ ਆਇਆ।
-"ਕੋਈ ਸਬੂਤ ਪਿੱਛੇ ਨਾ ਰਹੇ!"
-"ਜੋ ਹੁਕਮ ਹਜ਼ੂਰ!" ਉਸ ਨੇ ਬੋਤਲ ਰੱਖ ਰਾਈਫ਼ਲ ਫੜ ਲਈ।
ਰਾਈਫ਼ਲ ਦੀ ਬਾਇਰਲ 'ਚੋਂ ਨਿਕਲੀ ਗੋਲੀ ਮੱਲ ਸਿੰਘ ਦੀ ਛਾਤੀ ਭਰਾੜ੍ਹ ਕਰ ਗਈ।
"ਵਾਹਿਗੁਰੂ" ਦੀ ਲੰਮੀ ਹੇਕ ਨਿਕਲੀ ਅਤੇ ਮੱਲ ਸਿੰਘ ਸੁੱਕੀ ਲੱਕੜ ਵਾਂਗ ਉਸ ਨੌਜਵਾਨ ਦੇ ਪੈਰਾਂ ਵਿਚ ਡਿੱਗ ਪਿਆ।
-"ਜਾ ਕੇ ਦੇਖੋ ਮਰ ਗਿਆ ਕਿ ਨਹੀਂ?" ਅੰਦਰੋਂ ਫਿਰ ਅਫ਼ਸਰ ਦਾ ਹੁਕਮ ਆਇਆ।
-"ਨਹੀਂ ਤਾਂ ਇਕ ਗੋਲੀ ਹੋਰ ਮਾਰੋ!"
-"ਜੀ ਹਜ਼ੂਰ!"
ਜਦ ਸਿਪਾਹੀ ਨੇ ਮੱਲ ਸਿੰਘ ਕੋਲ ਜਾ ਕੇ ਦੇਖਿਆ ਤਾਂ ਉਹ ਸਹਿਕ ਰਿਹਾ ਸੀ।
"ਸਤਿਨਾਮ-ਵਾਹਿਗੁਰੂ" ਦੀ ਅਵਾਜ਼ ਉਸ ਦੇ ਮੂੰਹ 'ਚੋਂ ਟੁੱਟ-ਟੁੱਟ ਕੇ ਆ ਰਹੀ ਸੀ।
-"ਕਿਉਂ ਬੁੱਢਿਆ? ਲੈ ਲਿਆ ਸੁਆਦ? ਬੜਾ ਭੱਜ ਕੇ ਆਇਆ ਸੀ-ਜਿਵੇਂ ਹੱਥ 'ਚ ਸਟੇਨਗੰਨ ਫੜੀ ਹੁੰਦੀ ਐ?" ਝੂਲਦਾ ਸਿਪਾਹੀ ਵਿਅੰਗਮਈ ਕਹਿ ਰਿਹਾ ਸੀ।
-"ਉਏ ਆਦਮਖੋਰੋ! ਵਕਤ ਤੋਂ ਪਹਿਲਾਂ ਤਾਂ ਧਰਮਰਾਜ ਵੀ ਕਿਸੇ ਨੂੰ ਨ੍ਹੀ ਬੁਲਾਉਂਦਾ-ਤੇ ਤੁਸੀਂ ਪਲ 'ਚ ਦੋ ਬੰਦੇ ਮਿੱਟੀ ਕਰ ਦਿੱਤੇ! ਹੇ ਸੱਚਿਆ ਪਾਤਿਸ਼ਾਹ! ਇਹਨਾਂ ਪਾਪੀਆਂ ਨੂੰ ਸੁਮੱਤ ਬਖਸ਼-ਵਾ-ਹਿ-ਗੁ-ਰੂ---!" ਤੇ ਮੱਲ ਸਿੰਘ ਖ਼ਾਮੋਸ਼ ਹੋ ਗਿਆ। ਵਜੂਦੋਂ ਭੌਰ ਉੱਡ ਗਿਆ। ਉਸ ਦੀ ਖਿਲਰੀ ਲਾਸ਼ ਖੇਤ ਵਿਚ ਅਹਿਲ ਪਈ, ਆਪਣੇ ਖ਼ੂਨ ਨਾਲ ਫ਼ਸਲ ਸਿੰਜ ਰਹੀ ਸੀ। ਜਿਵੇਂ ਮੱਲ ਸਿੰਘ ਕਦੇ ਦਾ ਘੂਕ ਸੁੱਤਾ ਪਿਆ ਸੀ। ਚੁੱਪ ਚਾਪ!
ਅਗਲੇ ਦਿਨ ਅਖਬਾਰਾਂ ਵਿਚ ਖ਼ਬਰ ਸੀ:
-"ਪਿੰਡ ਚਚਰਾੜੀ ਦੇ ਖੇਤਾਂ ਵਿਚੋਂ ਪੁਲੀਸ ਨੇ ਦੋ ਲਾਸ਼ਾਂ ਬਰਾਮਦ ਕਰਕੇ ਕਬਜ਼ੇ ਵਿਚ ਲੈ ਲਈਆਂ। ਸਬੰਧਿਤ ਪੁਲੀਸ ਅਫ਼ਸਰ ਨੇ ਆਪਣਾ ਨਾਂ ਗੁਪਤ ਰੱਖਦੇ ਹੋਏ ਦੱਸਿਆ ਕਿ ਇਹ ਅੱਤਿਵਾਦੀਆਂ ਦੀ ਆਪਸੀ ਧੜੇਬੰਦੀ ਦਾ ਸਿੱਟਾ ਹੈ। ਇਸ ਤੋਂ ਇਲਾਵਾ ਪੁਲੀਸ ਨੇ ਲਾਸ਼ਾਂ ਨੂੰ ਲਾਵਾਰਸ ਕਰਾਰ ਦਿੰਦੇ ਹੋਏ ਸਸਕਾਰ ਕਰ ਦਿੱਤਾ--!"
No comments:
Post a Comment