Thursday, May 22, 2008

ਕਹਾਣੀ: ਕਲ਼ਯੁਗ ਰਥੁ ਅਗਨੁ ਕਾ

ਕਲਯੁਗ ਰਥੁ ਅਗਨੁ ਕਾ…
(ਕਹਾਣੀ)

ਅਮਰੀਕਾ ਦੀ ਮਸ਼ਹੂਰ ਕੰਪਨੀ 'ਰਾਮਾਡਾ' ਵਿਚ ਬਤੌਰ ਈ ਡੀ ਪੀ ਮੈਨੇਜਰ ਦੀ ਡਿਊਟੀ ਸੰਭਾਲਿਆਂ ਰਣਬੀਰ ਗਿੱਲ ਨੂੰ ਪੂਰੇ ਤਿੰਨ ਸਾਲ ਤੋਂ ਵੀ ਉੱਪਰ ਹੋ ਗਏ ਸਨ। ਗਿੱਲ ਬੜਾ ਹੀ ਹੱਸਮੁਖ ਅਤੇ ਜਜ਼ਬਾਤੀ ਲੜਕਾ ਸੀ। ਮੱਧ-ਵਰਗੀ ਕਿਸਾਨ ਪ੍ਰੀਵਾਰ ਵਿਚ ਪਲੇ ਗਿੱਲ ਨੇ ਆਸਟਰੀਆ ਪੁੱਜ, ਕੰਮ ਦੇ ਨਾਲ-ਨਾਲ ਆਪਣੀ ਪੜ੍ਹਾਈ ਬਕਾਇਦਾ ਜਾਰੀ ਰੱਖੀ ਅਤੇ ਅਤੇ ਬੜੇ ਤੇਜ਼ ਕਦਮੀਂ ਤੁਰ ਕੇ ਤਰੱਕੀ ਕੀਤੀ। ਡਿਪਲੋਮੇ ਅਤੇ ਡਿਗਰੀਆਂ ਹਾਸਲ ਕਰਨ ਤੋਂ ਬਾਅਦ ਹੁਣ ਉਸ ਦਾ ਕੰਮ ਸਿਰਫ਼ ਨਵੇਂ ਮੁੰਡੇ-ਕੁੜੀਆਂ ਕੰਪਿਊਟਰ 'ਤੇ ਟਰੇਨਿੰਗ ਦੇਣਾ ਸੀ। ਵੈਸੇ ਤਾਂ ਨਵੇਂ-ਮੁੰਡੇ ਕੁੜੀਆਂ ਨੂੰ ਟਰੇਨਿੰਗ 'ਬੈਕ-ਆਫਿ਼ਸ' ਵਿਚ ਦਿੱਤੀ ਜਾਂਦੀ ਸੀ। ਪਰ ਦਿਨੇ ਕੰਮ ਜਿ਼ਆਦਾ ਹੋਣ ਕਾਰਨ ਆਪੋਧਾਪੀ ਵਿਚ ਨਾ ਹੀ ਕੋਈ ਚੰਗੀ ਤਰ੍ਹਾਂ ਟਰੇਨਿੰਗ ਦੇ ਸਕਦਾ ਅਤੇ ਨਾ ਹੀ ਸਿੱਖਣ ਵਾਲੇ ਦੇ ਕੁਝ ਪੱਲੇ ਪੈਂਦਾ। ਇਸ ਲਈ ਗਿੱਲ ਦੀ ਡਿਊਟੀ ਉਹਨਾਂ ਨਾਲ ਰਾਤ ਦੀ ਲਗਾ ਦਿੱਤੀ ਜਾਂਦੀ ਅਤੇ ਟਰੇਨਿੰਗ ਦੀ ਸਾਰੀ ਜਿ਼ੰਮੇਵਾਰੀ ਉਸ ਉੱਪਰ ਆ ਪੈਂਦੀ!
ਕਈ ਨਵੇਂ ਭੌਰ ਆਉਂਦੇ ਅਤੇ ਟਰੇਨਿੰਗ ਲੈ ਕੇ ਉਡਾਰੀ ਮਾਰ ਜਾਂਦੇ ਅਤੇ ਉਸ ਤੋਂ ਬਾਅਦ ਕੁਝ ਹੋਰ ਤਿਤਲੀਆਂ ਗਿੱਲ ਦੇ ਦਫ਼ਤਰ ਦਾ ਸਿ਼ੰਗਾਰ ਬਣਦੀਆਂ। ਅਗਰ ਕੋਈ ਆਪਣੀ ਮੰਜਿ਼ਲ ਤੱਕ ਪਹੁੰਚਣ ਦੇ ਨਾ-ਕਾਬਿਲ ਹੁੰਦਾ ਤਾਂ ਤਿੰਨ ਹਫ਼ਤੇ ਬਾਅਦ ਗਿੱਲ ਨੂੰ ਮਜ਼ਬੂਰਨ ਉਸ ਦੀ ਛੁੱਟੀ ਕਰਨੀ ਪੈਂਦੀ। ਉਸ ਦੇ ਦਫ਼ਤਰ ਦੇ ਦਰ ਤੋਂ ਖਾਲੀ ਜਾਣ ਵਾਲਿਆਂ ਦਾ ਉਸ ਨੂੰ ਅਤੀਅੰਤ ਦੁੱਖ ਹੁੰਦਾ। ਪਰ ਕੀ ਕਰਦਾ? ਪਾਲਿਸੀ ਐਂਡ ਪ੍ਰਸੀਜ਼ਰਜ਼ ਸਾਹਮਣੇ ਉਹ ਹਾਰ ਜਾਂਦਾ। ਰੂਲਜ਼ ਐਂਡ ਰੈਗੂਲੇਸ਼ਨਜ਼ ਉਸ ਦੀ ਹਮਦਰਦੀ ਅੱਗੇ ਕੰਧ ਵਾਂਗ ਸਨ। ਉਹ ਬੇਵੱਸ ਹੋ ਕੇ ਰਹਿ ਜਾਂਦਾ।
ਮਈ ਮਹੀਨੇ ਦੀ ਗੱਲ ਹੈ। ਉਸ ਦੀ ਕੰਪਨੀ ਵਿਚ ਇਕ 'ਮਿਖ਼ੀ' ਨਾਂ ਦੀ ਕੁੜੀ ਆਈ। ਸੋਹਣੀ, ਸੁਣੱਖੀ ਅਤੇ ਅਤੀਅੰਤ ਭੋਲੀ! ਕੁਦਰਤੀ ਮੁਸਕੁਰਾਹਟ ਉਸ ਦੇ ਸੁੰਦਰ ਚਿਹਰੇ 'ਤੇ ਲਿਖੀ ਹੋਈ। ਰੂਲ ਅਨੁਸਾਰ ਉਸ ਨੂੰ 'ਬੈਕ-ਆਫਿ਼ਸ' ਵਿਚ ਟਰੇਨਿੰਗ ਦਿੱਤੀ ਗਈ। ਪਰ ਉਸ ਦੇ ਕੱਖ ਪੱਲੇ ਨਾ ਪਿਆ। ਕੰਪਨੀ ਨੂੰ ਅਮਲੇ ਦੀ ਸਖ਼ਤ ਜ਼ਰੂਰਤ ਸੀ। ਇਸ ਲਈ ਉਹ ਮਿਖ਼ੀ ਨੂੰ ਕੱਢ ਵੀ ਨਹੀਂ ਸਕਦੇ ਸਨ। ਸੀਜ਼ਨ ਸਿਰ 'ਤੇ ਆ ਰਿਹਾ ਸੀ। ਗਿੱਲ ਦੇ ਇੱਕ ਆਸਟਰੀਅਨ ਦੋਸਤ ਮਾਰਟਿਨ ਨੂੰ ਸਾਰੇ ਕੰਮਾਂ ਤੋਂ ਫ਼ਾਰਿਗ਼ ਕਰ ਕੇ ਸਿਰਫ਼ ਮਿਖ਼ੀ ਨੂੰ ਦੁਬਾਰਾ ਟਰੇਨਿੰਗ ਦੇਣ 'ਤੇ ਲਾ ਦਿੱਤਾ।
ਦੋ ਕੁ ਹਫ਼ਤੇ ਬਾਅਦ ਗਿੱਲ ਅਤੇ ਮਾਰਟਿਨ ਕੰਟੀਨ ਵਿਚ ਅਚਾਨਕ ਇਕੱਠੇ ਹੋ ਗਏ।
-"ਕੀ ਹਾਲ ਐ ਫੈਨ?"
-"ਠੀਕ ਹੈ!" ਆਖ ਕੇ ਮਾਰਟਿਨ ਖਾਣਾ ਲੈਣ ਚਲਾ ਗਿਆ। ਉਹ ਕੁਝ ਬੁਝਿਆ-ਬੁਝਿਆ ਜਿਹਾ ਲੱਗ ਰਿਹਾ ਸੀ।
-"ਕਿੱਦਾਂ ਚੱਲ ਰਹੀ ਐ ਮਿਖ਼ੀ ਦੀ ਟਰੇਨਿੰਗ?"
-"ਕੁਛ ਨਹੀਂ ਯਾਰ! ਕਿੱਥੇ ਪਸ਼ੂ ਨਾਲ ਵਾਹ ਪੈ ਗਿਆ।" ਖਿਝੇ ਹੋਏ ਮਾਰਟਿਨ ਨੇ ਖਾਣੇ ਵਾਲੀ ਪਲੇਟ ਮੇਜ਼ 'ਤੇ ਇਕ ਤਰ੍ਹਾਂ ਨਾਲ ਸੁੱਟਦਿਆਂ ਆਖਿਆ।
-"ਤੂੰ ਟਰੇਨਿੰਗ ਵੱਲ ਜਿ਼ਆਦਾ ਤੇ ਠਰਕ ਵੱਲ ਘੱਟ ਧਿਆਨ ਦਿਆ ਕਰ!" ਗਿੱਲ ਹੱਸਿਆ।
-"ਕੀ ਗੱਲਾਂ ਕਰਦੈਂ ਗਿੱਲ? ਐਹੋ ਜਿਹੀ ਬਦਮਗਜ ਕੁੜੀ ਨਾਲ ਠਰਕ? ਐਹੋ ਜਿਹੀ ਮੇਰੀ ਗਰਲ-ਫ਼ਰੈਂਡ ਹੁੰਦੀ ਤਾਂ ਮੈਂ ਕਦੇ ਦਾ ਖ਼ੁਦਕਸ਼ੀ ਕਰ ਚੁੱਕਿਆ ਹੁੰਦਾ।" ਜਾਪਦਾ ਸੀ ਮਾਰਟਿਨ ਮਿਖ਼ੀ ਤੋਂ ਕਾਫ਼ੀ ਅੱਕਿਆ ਹੋਇਆ ਸੀ।
ਗਿੱਲ ਖਾਲੀ-ਖਾਲੀ ਹੱਸ ਪਿਆ।
-"ਬੱਸ ਇਕ ਦੋ ਦਿਨ ਹੋਰ ਐ-ਮੈਂ ਜਨਰਲ ਡਾਇਰੈਕਟਰ ਅੱਗੇ ਹੱਥ ਖੜ੍ਹੇ ਕਰ ਦੇਣੇ ਐਂ-ਫੇਰ ਪੁੱਤਰਾ ਤੂੰ ਬਣੇਂਗਾ ਬਲੀ ਦਾ ਬੱਕਰਾ!"
-"ਮਾਰਟਿਨ-ਇਸ ਕੁੜੀ ਦਾ ਦਿਮਾਗ ਕਿਉਂ ਨ੍ਹੀ ਕੰਮ ਕਰਦਾ?"
-"ਬੇਅਕਲ ਐ ਸਾਲੀ! ਇਹਨੂੰ ਤਾਂ ਸਾਲੀ ਨੂੰ ਆਪਣੇ ਇਨੀਸ਼ਲ ਯਾਦ ਨ੍ਹੀ ਰਹਿੰਦੇ! ਹੋਰ ਤਾਂ ਹੋਰ, ਖ਼ਰ ਦਿਮਾਗ ਨੂੰ ਅਜੇ ਤੱਕ ਲਾਗ-ਆਨ ਨ੍ਹੀ ਕਰਨਾ ਆਉਂਦਾ-ਬਾਕੀ ਸਿਸਟਮ ਜਾਂ ਪ੍ਰੋਗਰਾਮ ਇਹ ਸੁਆਹ ਕਵਰ ਕਰੂਗੀ?"
ਗਿੱਲ ਗੰਭੀਰ ਹੋ ਗਿਆ। ਜਰੂਰ ਇਸ ਪਿੱਛੇ ਕੋਈ ਭਿਆਨਕ ਰਾਜ਼ ਲੁਕਿਆ ਹੋਇਆ ਸੀ। ਨਹੀਂ ਤਾਂ ਇਸ ਉਮਰ ਵਿਚ ਕਿਸੇ ਨੂੰ ਦੋ-ਚਾਰ ਵਾਰ ਸਮਝਾ ਦਿਓ, ਜਰੂਰ ਸਮਝ ਆ ਜਾਂਦਾ ਹੈ।
ਖ਼ੈਰ! ਅਖੀਰ ਮਾਰਟਿਨ ਨੇ ਅਗਲੇ ਹਫ਼ਤੇ ਜਨਰਲ ਡਾਇਰੈਕਟਰ ਅੱਗੇ ਹੱਥ ਖੜ੍ਹੇ ਕਰ ਦਿੱਤੇ ਅਤੇ ਗਿੱਲ ਦੀ ਡਿਊਟੀ ਮਿਖ਼ੀ ਨੂੰ ਟਰੇਨਿੰਗ ਦੇਣ 'ਤੇ ਲੱਗ ਗਈ। ਡਿਊਟੀ ਰਾਤ ਦੇ ਗਿਆਰ੍ਹਾਂ ਵਜੇ ਤੋਂ ਸਵਰੇ ਦੇ ਸੱਤ ਵਜੇ ਤੱਕ ਸੀ। ਉਹ ਗਿੱਲ ਦੇ ਦਫ਼ਤਰ ਪਹੁੰਚਣ ਤੋਂ ਪਹਿਲਾਂ ਹੀ ਆਈ ਬੈਠੀ ਸੀ। ਸਜ-ਧਜ ਕੇ! ਪਰ ਉਸ ਦੇ ਮਾਸੂਮ ਚਿਹਰੇ 'ਤੇ ਥੋੜ੍ਹੀ ਘਬਰਾਹਟ ਸੀ।
ਗਿੱਲ ਮਿਖ਼ੀ ਨੂੰ ਉਪਰ ਆਪਣੇ ਦਫ਼ਤਰ ਵਿਚ ਲੈ ਗਿਆ।
-"ਮੇਰਾ ਨਾਂ ਮਿਖ਼ੀ ਹੈ ਸਰ!" ਉਸ ਨੇ ਹੱਥ ਮਿਲਾਇਆ।
-"ਮੈਨੂੰ ਪਤਾ ਹੈ।" ਗਿੱਲ ਨੇ ਉਸ ਨੂੰ ਬੈਠਣ ਲਈ ਇਸ਼ਾਰਾ ਕੀਤਾ।
-"ਤੇ ਤੁਹਾਡਾ ਨਾਮ?"
-"ਗਿੱਲ-ਰਣਬੀਰ ਗਿੱਲ!"
ਪਹਿਲੀ ਰਾਤ ਗਿੱਲ ਨੇ ਉਸ ਨੂੰ ਉਸ ਦੇ ਇਨੀਸ਼ਲਜ਼ ਯਾਦ ਕਰਵਾਏ ਅਤੇ ਲਾਗ-ਆਨ ਕਰਨਾ ਸਿਖਾਇਆ। ਕਿਉਂਕਿ ਉਹ ਟਰੇਨਿੰਗ 'ੳ-ਅ' ਤੋਂ ਸ਼ੁਰੂ ਕਰਨਾ ਚਾਹੁੰਦਾ ਸੀ। ਫਿਰ ਉਸ ਨੂੰ ਰੀਜ਼ਰਵੇਸ਼ਨ ਕਰਨੀ ਸਿਖਾਈ। ਡੈਡੀਕੇਟਿਡ ਸੇਵ ਅਤੇ ਨਾਨ-ਡੈਡੀਕੇਟਿਡ ਸੇਵ ਬਾਰੇ ਜਾਣੂੰ ਕਰਵਾਇਆ।
-"ਅੱਜ ਇਤਨਾ ਹੀ ਕਾਫ਼ੀ ਹੈ।" ਕਈ ਘੰਟੇ ਮੱਥਾ ਮਾਰਨ ਪਿੱਛੋਂ ਗਿੱਲ ਨੇ ਉਸ ਨੂੰ ਆਖਿਆ। ਸਵੇਰੇ ਤਿੰਨ ਵਜੇ ਕੰਟੀਨ ਵਿਚੋਂ ਖਾਣਾ ਉਹ ਦਫ਼ਤਰ ਵਿਚ ਹੀ ਚੁੱਕ ਲਿਆਏ।
-"ਤੁਹਾਡੀ ਸ਼ਾਦੀ ਹੋ ਚੁੱਕੀ ਹੈ ਸਰ?"
-"ਮੇਰੇ ਤਾਂ ਦੋ ਬੱਚੇ ਵੀ ਨੇ।"
-"ਜ਼ਰੂਰੀ ਨਹੀਂ ਕਿ ਬੱਚੇ ਸ਼ਾਦੀ ਤੋਂ ਬਾਅਦ ਹੀ ਹੋਣ!"
-"-----।" ਗਿੱਲ ਨਿਰੁੱਤਰ ਹੋ ਗਿਆ। ਕਰੀਬ ਦੋ ਦਹਾਕਿਆਂ ਤੋਂ ਪੱਛਮੀ ਕਲਚਰ ਵਿਚ ਦੀ ਗੁਜ਼ਰਦਾ ਗਿੱਲ ਮਿਖ਼ੀ ਅੱਗੇ ਇਕ 'ਬੇਹੂਦੀ' ਗੱਲ ਆਖ ਗਿਆ ਸੀ। ਜਿਸ 'ਤੇ ਉਸ ਨੇ ਸ਼ਰਮਿੰਦਗੀ ਮਹਿਸੂਸ ਕੀਤੀ।
-"ਹਾਂ, ਮੈਂ ਸ਼ਾਦੀ ਸ਼ੁਦਾ ਹਾਂ।"
-"ਤੁਹਾਡੀ ਪਤਨੀ ਇੰਡੀਅਨ ਹੈ ਜਾਂ ਯੂਰਪੀਅਨ?"
-"ਇੰਡੀਅਨ ਹੈ।"
-"ਬੜਾ ਖੁਸ਼ ਪ੍ਰੀਵਾਰ ਹੋਵੇਗਾ ਤੁਹਾਡਾ?"
-"ਪ੍ਰੀਵਾਰ ਤਾਂ ਖ਼ੁਸ਼ ਹੈ-ਪਰ ਰਸਮੀ ਡਾਂਗ ਸੋਟਾ ਤਾਂ ਖੜਕਦਾ ਈ ਰਹਿੰਦੈ।"
ਉਹ ਦੋਵੇਂ ਹੱਸ ਪਏ।
ਸਵੇਰੇ ਚਾਰ ਵਜੇ ਤੱਕ ਉਹ ਇੱਧਰਲੀਆਂ-ਉਧਰਲੀਆਂ ਗੱਲਾਂ ਕਰਦੇ ਰਹੇ। ਬਾਕੀ ਟਰੇਨਿੰਗ ਅਗਲੇ ਦਿਨ 'ਤੇ ਛੱਡ ਕੇ ਉਹ ਸਾਢੇ ਕੁ ਚਾਰ ਵਜੇ ਛੁੱਟੀ ਕਰ ਗਏ।
ਅਗਲੇ ਦਿਨ ਗਿੱਲ ਡਿਊਟੀ ਤੋਂ ਅੱਧਾ ਕੁ ਘੰਟਾ ਪਹਿਲਾਂ ਹੀ ਦਫ਼ਤਰ ਪੁੱਜ ਗਿਆ। ਮਿਖ਼ੀ ਕੁਝ ਲੇਟ ਪਹੁੰਚੀ। ਰਸਮੀ 'ਹੈਲੋ-ਹੈਲੋ' ਤੋਂ ਬਾਅਦ ਉਹ ਦਫ਼ਤਰ ਵਿਚ ਚਲੇ ਗਏ। ਉਸ ਨੇ ਗਿੱਲ ਨੂੰ ਆਪਣੇ ਇਨੀਸ਼ਲਜ਼ ਦੱਸ ਕੇ ਖ਼ੁਦ ਲਾਗ-ਆਨ ਕੀਤਾ। ਰਿਜ਼ਰਵੇਸ਼ਨ ਬਾਰੇ ਉਸ ਨੂੰ ਸਾਰਾ ਕੁਝ ਪਤਾ ਸੀ। ਗੱਲ ਕੀ, ਜੋ ਟਰੇਨਿੰਗ ਗਿੱਲ ਨੇ ਮਿਖ਼ੀ ਨੂੰ ਪਿਛਲੀ ਰਾਤ ਦਿੱਤੀ ਸੀ, ਉਸ ਨੇ ਸਭ ਰਟੀ ਹੋਈ ਸੀ। ਗਿੱਲ ਬੇਹੱਦ ਖ਼ੁਸ਼ ਸੀ। ਇਕ ਉਸ ਮਾਲੀ ਵਾਂਗ, ਜੋ ਆਪਣੇ ਲਾਏ ਪੌਦੇ ਨੂੰ ਸਿਰ ਚੁੱਕਦਾ ਦੇਖ ਰਿਹਾ ਸੀ। ਗਿੱਲ ਲਈ ਇਹ ਅਥਾਹ ਮਾਣ ਵਾਲੀ ਗੱਲ ਸੀ। ਉਸ ਨੂੰ ਆਪਣੇ ਆਪ 'ਤੇ ਅਥਾਹ ਫ਼ਖ਼ਰ ਮਹਿਸੂਸ ਹੋ ਰਿਹਾ ਸੀ। ਕਿਉਂਕਿ ਜਿਹੜਾ ਕੰਮ 'ਬੈਕ-ਆਫਿ਼ਸ' ਵਾੇਲੇ ਅਤੇ ਮਾਰਟਿਨ ਨਹੀਂ ਕਰ ਸਕਿਆ ਸੀ, ਉਹ ਸਫ਼ਲਤਾ ਸਹਿਤ ਗਿੱਲ ਪੂਰਾ ਕਰ ਰਿਹਾ ਸੀ।
ਚਾਰ ਰਾਤਾਂ ਵਿਚ ਉਸ ਨੇ ਬਹੁਤ ਕੁਝ ਸਿੱਖ ਲਿਆ ਸੀ।
ਪਰ ਜਦੋਂ ਉਹ ਪੰਜਵੀਂ ਰਾਤ ਆਈ ਤਾਂ ਗਿੱਲ ਨੂੰ ਥੱਕੀ-ਥੱਕੀ ਜਿਹੀ ਲੱਗੀ। ਅੱਖਾਂ ਭਾਰੀਆਂ-ਭਾਰੀਆਂ। ਮੂੰਹ ਉਤਰਿਆ ਹੋਇਆ। ਗਿੱਲ ਨੂੰ ਜਾਪਿਆ ਕਿ ਉਹ ਹੁਣੇ-ਹੁਣੇ ਰੋ ਕੇ ਆਈ ਸੀ।
-"ਠੀਕ ਤਾਂ ਹੈਂ?" ਗਿੱਲ ਨੇ ਪੁੱਛਿਆ।
-"ਹਾਂ-ਠੀਕ ਹਾਂ।" ਆਖ ਉਹ ਕੰਪਿਊਟਰ ਸਾਹਮਣੇ ਬੈਠ ਗਈ। ਪਰ ਲਾਗ-ਆਨ ਨਹੀਂ ਕਰ ਰਹੀ ਸੀ। ਕਿਸੇ ਮੰਝਧਾਰ ਵਿਚ ਫ਼ਸੀ ਕਿਸ਼ਤੀ ਵਾਂਗ ਡਾਵਾਂਡੋਲ ਜਿਹੀ ਬੈਠੀ, ਸਕਰੀਨ ਵੱਲ ਤੱਕਦੀ, ਕੁਝ ਯਾਦ ਕਰਨ ਦੀ ਕੋਸਿ਼ਸ਼ ਕਰ ਰਹੀ ਸੀ। ਪਰ ਗਿੱਲ ਦੇ ਦਿਮਾਗ ਦੀ ਪਕੜ ਮੁਤਾਬਿਕ ਉਸ ਨੂੰ ਕੁਝ ਯਾਦ ਨਹੀਂ ਆ ਰਿਹਾ ਸੀ।
ਗਿੱਲ ਨੇ ਸਮੇਂ ਦੀ ਨਜ਼ਾਕਤ ਦੇਖੀ।
-"ਮਿਖ਼ੀ! ਇਹਨੂੰ ਛੱਡ-ਜਾਹ ਕੰਟੀਨ 'ਚੋਂ ਕੌਫ਼ੀ ਲੈ ਕੇ ਆ।"
ਉਹ ਕੌਫ਼ੀ ਲੈਣ ਚਲੀ ਗਈ ਅਤੇ ਗਿੱਲ ਦੁਬਿਧਾ ਵਿਚ ਫ਼ਸ ਗਿਆ। ਅੱਜ ਇਸ ਨੂੰ ਚੰਗੀ ਭਲੀ ਨੂੰ ਕੀ ਹੋ ਗਿਆ? ਚਾਰ ਰਾਤਾਂ ਵਿਚ ਇਸ ਨੇ ਇਤਨਾ ਕੁਝ ਸਿੱਖ ਲਿਆ ਸੀ। ਪਰ ਅੱਜ ਇਸ ਨੂੰ ਕੁਝ ਵੀ ਯਾਦ ਨਹੀਂ ਆ ਰਿਹਾ ਸੀ? ਉਸ ਦੇ ਦਿਮਾਗ ਅੰਦਰ ਸੋਚਾਂ ਦੀ ਘੋੜ-ਦੌੜ ਬਰਾਬਰ ਜਾਰੀ ਸੀ। ਇਤਨੀ ਸੋਹਣੀ-ਸੁਨੱਖੀ, ਦਿਮਾਗੀ ਕੁੜੀ ਜ਼ਰੂਰ ਕਿਸੇ ਦਿਮਾਗੀ ਮੁਸੀਬਤ ਜਾਂ ਉਲਝਣ ਵਿਚ ਫ਼ਸੀ ਹੋਈ ਸੀ। ਜਿਸ ਕਰਕੇ ਇਸ ਦਾ ਦਿਮਾਗ ਦਿਨੋ-ਦਿਨ ਜਵਾਬ ਦਿੰਦਾ ਜਾ ਰਿਹਾ ਸੀ। ਅਜੇ ਤਾਂ ਇਸ ਦੀ ਉਮਰ ਹੀ ਛੱਬੀ ਸਾਲਾਂ ਦੀ ਹੈ, ਜੇ ਇਹ ਇਸੇ ਤਰ੍ਹਾਂ ਹੀ ਨੀਮ ਪਾਗਲ ਜਿਹੀ ਰਹੀ ਤਾਂ ਇਸ ਦੇ ਭਵਿੱਖ ਦਾ ਕੀ ਹੋਵੇਗਾ? ਜੇ ਇਸ ਨੂੰ ਸਹਾਰਾ ਨਾ ਦਿੱਤਾ ਗਿਆ ਤਾਂ ਉਹ ਦਿਨ ਦੂਰ ਨਹੀਂ ਕਿ ਆਪਣੀ ਰਹਿੰਦੀ ਜਿ਼ੰਦਗੀ ਤੋਰਨ ਲਈ ਕਿਸੇ ਹੋਟਲ ਵਿਚ ਬਰਤਨ ਧੋਣ ਲਈ ਮਜਬੂਰ ਹੋਵੇਗੀ! ਗਿੱਲ ਨੂੰ ਉਸ 'ਤੇ ਰਹਿਮ ਆ ਗਿਆ। ਦਿਲ ਉਸ ਦਾ ਪਾਣੀ-ਪਾਣੀ ਹੋਇਆ ਪਿਆ ਸੀ।
ਇਤਨੇ ਨੂੰ ਮਿਖ਼ੀ ਕੌਫ਼ੀ ਲੈ ਕੇ ਆ ਗਈ।
-"ਬੈਠ ਮਿਖ਼ੀ!"
ਉਹ ਉਸ ਦੇ ਸਾਹਮਣੇ ਬੈਠ ਗਈ।
-"ਮਿਖ਼ੀ! ਮੈਂ ਤੇਰੇ ਨਾਲ ਇਕ ਜ਼ਰੂਰੀ ਗੱਲ ਕਰਨੀ ਐਂ।" ਗਿੱਲ ਬਰਾਬਰ ਉਸ ਦੇ ਬਦਲਦੇ ਤੌਰ ਦੇਖ ਰਿਹਾ ਸੀ।
-"ਮੈਨੂੰ ਪਤਾ ਹੈ ਸਰ ਕਿ ਤੁਸੀਂ ਮੈਨੂੰ ਕੀ ਪੁੱਛੋਂਗੇ-ਤੇ ਇਹ ਗੱਲ ਤੁਹਾਨੂੰ ਮੈਂ ਜ਼ਰੂਰ ਦੱਸਾਂਗੀ-ਮੇਰਾ ਦਿਲ ਵੀ ਭਰਿਆ ਪਿਆ ਹੈ-ਪਰ ਸ਼ਰਤ ਇਹ ਹੈ ਕਿ ਇਹ ਗੱਲ ਦਫ਼ਤਰ ਵਿਚ ਕਿਸੇ ਨੂੰ ਪਤਾ ਨਾ ਚੱਲੇ---।" ਉਸ ਨੇ ਆਪਣੇ ਆਪ ਨੂੰ ਤਿਆਰ ਕੀਤਾ।
-"ਅਗਰ ਕੋਈ ਪ੍ਰਾਈਵੇਸੀ ਜਾਂ ਸੀਕਰੇਸੀ ਹੈ ਤਾਂ ਮੈਂ ਤੈਨੂੰ ਮਜਬੂਰ ਵੀ ਨਹੀਂ ਕਰਾਂਗਾ ਮਿਖ਼ੀ! ਪਰ ਮੈਂ ਹੈਰਾਨ ਹਾਂ ਕਿ ਤੂੰ ਇਤਨੇ ਦਿਨ ਹੱਸਦੀ-ਖੇਡਦੀ ਸਾਰਾ ਕੁਝ ਸਿਖਦੀ ਰਹੀ-ਪਰ ਅੱਜ ਅਚਾਨਕ ਤੈਨੂੰ ਕੀ ਹੋ ਗਿਆ?"
-"ਪ੍ਰਾਈਵੇਸੀ ਵੀ ਹੈ ਤੇ ਸੀਕਰੇਸੀ ਵੀ ਹੈ ਸਰ! ਪਰ ਤੁਸੀਂ ਮੇਰੇ ਗੁਰੂ ਹੋ-ਉਸਤਾਦ ਹੋ-ਇਸ ਲਈ ਇਹ ਸਾਰਾ ਰਾਜ਼ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ-ਕੰਮਪੈੱਲ ਕਰਨ ਵਾਲੀ ਕੋਈ ਗੱਲ ਨਹੀਂ ਹੈ-ਕੀ ਮੈਂ ਸਿਗਰਟ ਪੀ ਸਕਦੀ ਹਾਂ ਸਰ?"
-"ਹਾਂ ਪੀਅ!"
-"ਤੁਸੀਂ?"
-"ਨਹੀਂ, ਸ਼ੁਕਰੀਆ! ਮੈਂ ਸਿਗਰਟ ਨਹੀਂ ਪੀਂਦਾ।"
ਉਸ ਨੇ ਸਿਗਰਟ ਸੁਲਗਾ ਲਈ ਅਤੇ ਆਖਣਾ ਸ਼ੁਰੂ ਕੀਤਾ।
-"ਮੈਂ ਗਿਆਰਾਂ ਕੁ ਸਾਲ ਦੀ ਸੀ ਸਰ! ਮੇਰੇ ਸਕੇ ਬਾਪ ਨਾਲ ਮੇਰੀ ਮਾਂ ਦਾ ਤਲਾਕ ਹੋ ਗਿਆ ਸੀ-ਉਸ ਤੋਂ ਬਾਅਦ ਮੇਰੀ ਮਾਂ ਨੇ ਇਕ ਹੋਰ ਸ਼ਾਦੀ ਕਰ ਲਈ-ਮੇਰੀ ਮਾਂ ਇਕ ਫ਼ੈਕਟਰੀ ਵਿਚ ਕੰਮ ਕਰਦੀ ਸੀ-ਮਤਰੇਏ ਬਾਪ ਕੋਲ ਕੋਈ ਕੰਮ ਨਹੀਂ ਸੀ ਤੇ ਉਹ ਸਾਰੀ ਦਿਹਾੜੀ ਘਰ ਹੀ ਰਹਿੰਦਾ-ਜਦ ਮੇਰਾ ਮਤਰੇਆ ਬਾਪ ਦੁਪਿਹਰ ਨੂੰ ਅਰਾਮ ਕਰਦਾ ਤਾਂ ਮੈਨੂੰ ਵੀ ਆਪਣੇ ਨਾਲ ਲੇਟਣ ਲਈ ਆਖਦਾ-ਕਦੇ ਕਦੇ ਉਹ ਮੇਰੀ ਸਲਿੱਪ ਵਿਚ ਹੱਥ ਪਾ ਲੈਂਦਾ ਅਤੇ ਕਦੇ ਮੇਰਾ ਕਮੀਜ਼ ਚੁੱਕ ਕੇ ਮੇਰੇ ਜਿਸਮ 'ਤੇ ਹੱਥ ਫੇਰਨਾ ਸ਼ੁਰੂ ਕਰ ਦਿੰਦਾ-ਤੇ ਫਿਰ ਮੈਨੂੰ ਆਪਣੇ ਬੁੱਲ੍ਹ ਚੂਸਣ ਲਈ ਆਖਦਾ-ਪਰ ਮੈਨੂੰ ਕਦੇ ਵੀ ਕਿਸੇ ਗੱਲ ਦਾ ਸ਼ੱਕ ਨਾ ਹੋਇਆ-ਕਿਉਂਕਿ ਇਕ ਤਾਂ ਮੈਂ ਨਿਆਣੀ ਸੀ ਅਤੇ ਦੂਸਰਾ ਉਹ ਮੇਰਾ ਬਾਪ ਸੀ-ਚਾਹੇ ਮਤਰੇਆ ਹੀ ਸਹੀ-ਪਰ ਸੀ ਤਾਂ ਬਾਪ! ਫਿਰ ਇਕ ਅਜਿਹੀ ਮਨਹੂਸ ਰਾਤ ਆਈ-ਜਿਸ ਨੂੰ ਮੈਂ ਕਦੇ ਵੀ ਭੁੱਲ ਨਹੀਂ ਸਕਾਂਗੀ ਸਰ!" ਉਸ ਨੇ ਆਪਣੀ ਸਿਗਰਟ ਬੁਝਾ ਕੇ ਇਕ ਹੋਰ ਲਾ ਲਈ।
-"ਮੇਰੀ ਮਾਂ ਆਪਣੀ ਬਿਮਾਰ ਭੈਣ ਦਾ ਪਤਾ ਕਰਨ ਇਕ ਰਾਤ ਉਸ ਕੋਲ ਚਲੀ ਗਈ-ਮੈਂ ਅਤੇ ਮੇਰਾ ਮਤਰੇਆ ਬਾਪ ਅਸੀਂ ਦੋਨੋਂ ਹੀ ਮਕਾਨ 'ਚ ਇਕੱਲੇ ਸੀ-ਰਾਤ ਦੇ ਦਸ ਕੁ ਵਜੇ ਮੈਂ ਆਪਣੇ ਕਮਰੇ 'ਚ ਬੈੱਡ 'ਤੇ ਪਈ ਸਾਂ ਕਿ ਅਚਾਨਕ ਮੇਰਾ ਮਤਰੇਆ ਬਾਪ ਅੰਦਰ ਆਇਆ-ਉਹ ਅਲਫ਼ ਨੰਗਾ ਸੀ-ਤੇ ਚੁੱਪ ਚਾਪ ਉਹ ਮੇਰੀ ਰਜਾਈ ਵਿਚ ਘੁਸ ਗਿਆ-ਫਿਰ ਉਸ ਨੇ ਮੇਰੀ ਨਾਈਟੀ ਉਤਾਰ ਕੇ ਮੈਨੂੰ ਚੁੰਮਣਾ-ਚੱਟਣਾ ਸ਼ੁਰੂ ਕਰ ਦਿੱਤਾ ਅਤੇ ਮੇਰੇ ਸਰੀਰ ਨੂੰ ਪਲੋਸਣਾ ਸ਼ੁਰੂ ਕਰ ਦਿੱਤਾ-ਤੇ ਫੇਰ-----!" ਉਹ ਭੁੱਬੀਂ ਰੋ ਪਈ।
ਗਿੱਲ ਸੁੰਨ ਹੋਇਆ ਸੁਣੀਂ ਜਾ ਰਿਹਾ ਸੀ।
-"ਬੜੀ ਮਨਹੂਸ ਸੀ ਉਹ ਰਾਤ ਸਰ! ਬੜੀ ਭਿਆਨਕ! ਇਹ ਮੇਰੀ ਜਿ਼ੰਦਗੀ 'ਚ ਬੜੀ ਦਰਦਨਾਕ ਘਟਨਾ ਸੀ-ਮੈਂ ਹੇਠਲੇ ਪਾਸਿਓਂ ਲਹੂ ਲੁਹਾਣ ਸੀ-ਬਹੁਤ ਦਰਦ ਹੋ ਰਿਹਾ ਸੀ-ਜਿਵੇਂ ਕਿਸੇ ਨੇ ਮੇਰਾ ਸਾਰਾ ਸਰੀਰ ਆਰੇ ਨਾਲ ਚੀਰ ਧਰਿਆ ਹੋਵੇ---!" ਉਸ ਨੇ ਟਿਸ਼ੂ ਨਾਲ ਆਪਣੀਆਂ ਅੱਖਾਂ ਅਤੇ ਨੱਕ ਸਾਫ਼ ਕੀਤਾ।
-"ਮੌਕਾ ਲੱਗਣ 'ਤੇ ਦਿਨੇ ਜਾਂ ਰਾਤ ਨੂੰ ਮੇਰੇ ਨਾਲ ਬਿਲਾ-ਨਾਗਾ ਇਹ ਕੁਕਰਮ ਹੁੰਦਾ ਰਿਹਾ।"
ਗਿੱਲ ਦੇ ਕੰਨਾਂ ਵਿਚ ਬਿੰਡੇ ਟਿਆਂਕੀ ਜਾ ਰਹੇ ਸਨ।
-"ਮੈਨੂੰ ਆਪਣੇ ਆਪ 'ਚੋਂ ਕਚਿਆਣ ਜਿਹੀ, ਅਲਕਤ ਜਿਹੀ ਆਉਂਦੀ ਰਹਿੰਦੀ ਤੇ ਮੈਂ ਘੰਟਿਆਂ ਬੱਧੀ ਫ਼ੁਆਰੇ ਹੇਠ ਖੜ੍ਹ ਕੇ ਇਸ ਕਲੰਕ ਨੂੰ ਧੋਣ ਦਾ ਯਤਨ ਕਰਦੀ ਰਹਿੰਦੀ-ਪਰ ਮੇਰੀ ਆਤਮਾ ਇਸ ਕਚਿਆਣ ਤੋਂ ਮੁਕਤ ਨਾ ਹੁੰਦੀ-ਮੇਰੀ ਮਾਂ ਮੇਰੇ ਪ੍ਰਤੀਕਰਮ ਨੂੰ ਤਾੜਦੀ ਰਹਿੰਦੀ-ਪਰ ਮੇਰੇ ਨਾਲ ਜੋ ਸਲੂਕ ਹੋ ਰਿਹਾ ਸੀ-ਉਸ ਵਿਚਾਰੀ ਨੂੰ ਕੁਝ ਵੀ ਪਤਾ ਨਹੀਂ ਸੀ-।"
-"ਜਦ ਮੇਰੀਆਂ ਛਾਤੀਆਂ ਦਿਨੋਂ ਦਿਨ ਤੇਜ਼ ਗਤੀ ਨਾਲ ਭਾਰੀਆਂ ਹੋਣ ਲੱਗੀਆਂ ਤਾਂ ਉਸ ਨੂੰ ਸ਼ੱਕ ਪਿਆ ਕਿ ਮੈਂ ਕਿਸੇ ਨਾਲ ਸਕੂਲ ਵਿਚ ਜਿਸਮਾਨੀ ਸਬੰਧ ਪੈਦਾ ਕੀਤੇ ਹੋਏ ਹਨ-ਉਸ ਨੇ ਮੇਰੀਆਂ ਹਮ-ਜਮਾਤਣਾਂ ਤੋਂ ਕਨਸੋਅ ਲੈਣੀ ਸ਼ੁਰੂ ਕਰ ਦਿੱਤੀ-ਪਰ ਉਸ ਦੇ ਹੱਥ-ਪੱਲੇ ਕੱਖ ਨਾ ਆਇਆ-ਹੱਥ ਪੱਲੇ ਤਾਂ, ਤਾਂ ਹੀ ਪੈਂਦਾ ਜੇਕਰ ਸਕੂਲ ਵਿਚ ਮੇਰੇ ਜਿਸਮਾਨੀ ਸਬੰਧ ਕਿਸੇ ਨਾਲ ਹੁੰਦੇ! ਫਿਰ ਉਹ ਮੈਨੂੰ ਸਕੂਲ ਛੱਡਣ ਅਤੇ ਲਿਆਉਣ ਲੱਗ ਪਈ-ਉਸ ਨੇ ਸਿ਼ਫ਼ਟਾਂ ਖ਼ਤਮ ਕਰ ਦਿੱਤੀਆਂ ਅਤੇ ਸਵੇਰੇ ਸੱਤ ਤੋਂ ਬਾਰ੍ਹਾਂ ਵਜੇ ਤੱਕ ਕੰਮ ਕਰਦੀ-ਫਿਰ ਘੰਟਾ ਰੈੱਸਟ ਅਤੇ ਫਿਰ ਇਕ ਤੋਂ ਚਾਰ ਵਜੇ ਤੱਕ ਕੰਮ-ਸਿਰਫ਼ ਮੈਨੂੰ ਛੱਡਣ ਅਤੇ ਲਿਆਉਣ ਲਈ ਉਸ ਨੇ ਇਹ ਡਿਊਟੀ ਲਗਵਾਈ-ਪਰ ਮੇਰੇ ਮਤਰੇਏ ਬਾਪ ਦਾ ਦੁਸ਼ਟਪੁਣਾਂ ਨਿਰੰਤਰ ਜਾਰੀ ਰਿਹਾ।"
-"ਸਾਲਾਂ ਬੱਧੀ ਮੇਰੇ ਨਾਲ ਇਹ ਸਲੂਕ ਹੁੰਦਾ ਰਿਹਾ-ਤੇ ਜਦ ਮੇਰੀ ਉਮਰ ਸੋਲ੍ਹਾਂ ਸਾਲਾਂ ਦੀ ਹੋਈ ਤਾਂ ਮੇਰੇ ਸਬਰ ਦਾ ਬੰਨ੍ਹ ਟੁੱਟ ਗਿਆ-ਮੈਂ ਕਿੰਨ੍ਹਾ ਕੁ ਚਿਰ ਜਰੀ ਜਾਂਦੀ ਸਰ? ਇਕ ਦਿਨ ਮੈਂ ਸਿੱਧੀ ਪੁਲੀਸ ਸਟੇਸ਼ਨ ਗਈ ਅਤੇ ਆਪਣੇ ਕਲਯੁਗੀ ਮਤਰੇਏ ਬਾਪ 'ਤੇ ਕੇਸ ਕਰ ਦਿੱਤਾ-ਇਸ ਕੇਸ ਵਿਚ ਉਸ ਨੂੰ ਜੇਲ੍ਹ ਦੀ ਕਰੜੀ ਸਜ਼ਾ ਹੋਈ-ਤੇ ਉਹ ਜੇਲ੍ਹ ਵਿਚ ਹੀ ਫ਼ਾਹਾ ਲੈ ਕੇ ਮਰ ਗਿਆ-ਉਸ ਦੀ ਮੌਤ ਦਾ ਮੈਨੂੰ ਭੋਰਾ ਦੁੱਖ ਨਹੀਂ ਸੀ ਹੋਇਆ-ਮੈਂ ਤਾਂ ਸਗੋਂ ਸ਼ੁਕਰ ਮਨਾਇਆ ਸੀ ਕਿ ਇਕ ਪਾਪੀ ਆਪਣੇ ਕੁਕਰਮਾਂ ਦਾ ਮਣਾਂ-ਮੂੰਹੀਂ ਭਾਰ ਲੈ ਕੇ ਇਸ ਧਰਤੀ ਤੋਂ ਦਫ਼ਾ ਹੋ ਗਿਆ ਸੀ।"
-"ਤੇ ਤੂੰ ਘਰ ਵਸਾਉਣ ਦੀ ਕੋਸਿ਼ਸ਼ ਨਹੀਂ ਕੀਤੀ?" ਗਿੱਲ ਦੇ ਕੰਨਾਂ ਵਿਚ ਬੱਦਲ ਗਰਜ਼ ਰਹੇ ਸਨ ਅਤੇ ਅੱਖਾਂ ਵਿਚ ਬਿਜਲੀ ਚਮਕ ਰਹੀ ਸੀ।
-"ਦਸ ਸਾਲ ਹੋ ਗਏ ਨੇ ਸਰ! ਇਸ ਦੌਰਾਨ ਮੈਂ ਪੂਰੀ ਔਰਤ ਬਣਨ ਦੀ ਕੋਸਿ਼ਸ਼ ਕੀਤੀ-ਪਰ ਮੇਰਾ ਹੀਆਂ ਹੀ ਨਹੀਂ ਪੈਂਦਾ ਕਿ ਮੈਂ ਕਿਸੇ ਨੂੰ ਪਿਆਰ ਦੇ ਅਤੇ ਲੈ ਸਕਾਂ-ਮੈਨੂੰ ਹਮੇਸ਼ਾ ਡਰ ਲੱਗਦਾ ਰਹਿੰਦੈ-ਮੇਰਾ ਦਿਲ ਬਹੁਤ ਹੀ ਪਤਲਾ ਪੈ ਗਿਆ ਹੈ ਸਰ! ਮੈਨੂੰ ਹਰ ਆਦਮੀ ਕਾਮੀ ਅਤੇ ਹੈਵਾਨ ਲੱਗਦੈ-ਜਦ ਇਹ ਬੋਝ ਮੇਰੇ ਦਿਮਾਗ 'ਤੇ ਚੜ੍ਹਨ ਲੱਗ ਪੈਂਦੈ-ਤਾਂ ਮੈਨੂੰ ਆਪੇ ਦੀ ਵੀ ਹੋਸ਼ ਨਹੀਂ ਰਹਿੰਦੀ।"
-"ਤੇ ਮੈਂ ਵੀ ਇਕ ਆਦਮੀ ਹਾਂ-ਜਿਸ ਨੂੰ ਤੂੰ ਇਹ ਸਾਰਾ ਕਹਿ ਸੁਣਾਇਐ?"
-"ਨਹੀਂ ਸਰ! ਤੁਸੀਂ ਮੇਰੇ ਗੁਰੂ ਹੋ-ਮੇਰੇ ਉਸਤਾਦ ਹੋ-ਮਾਰਟਿਨ ਵੀ ਮੇਰੇ ਨਾਲ ਹਮੇਸ਼ਾ ਜਿਸਮਾਨੀ ਛੇੜ ਛਾੜ ਕਰਦਾ ਰਹਿੰਦਾ ਸੀ-ਫਿਰ ਮੇਰੇ ਦਿਮਾਗ 'ਤੇ ਬੱਸ ਉਹੀ ਬੋਝ-ਮੈਂ ਸਿੱਖਣਾ ਤਾਂ ਕੁਝ ਕੀ ਸੀ? ਖਾਣਾ ਪੀਣਾ ਵੀ ਭੁੱਲ ਜਾਂਦੀ ਸੀ-।" ਉਹ ਹੁਬਕੀਏਂ, ਬੇਹਾਲ ਰੋਂਦੀ ਰਹੀ। ਗਿੱਲ ਉਸ ਦੇ ਵਾਲਾਂ ਵਿਚ ਹੱਥ ਫੇਰਦਾ ਬੱਚਿਆਂ ਵਾਂਗ ਵਿਰਾਉਂਦਾ ਰਿਹਾ। ਧਰਵਾਸ ਦਿੰਦਾ ਰਿਹਾ। -"ਮੈਂ ਕਿਸੇ ਮਨੋਰੋਗ ਡਾਕਟਰ ਨਾਲ ਗੱਲ ਕਰਾਂਗਾ-ਤੈਨੂੰ ਡਾਕਟਰੀ ਸਹਾਇਤਾ ਦੀ ਸਖ਼ਤ ਜ਼ਰੂਰਤ ਹੈ-ਟਰੇਨਿੰਗ 'ਤੇ ਜ਼ਰੂਰ ਆਇਆ ਕਰ-ਦਿਲ ਲੱਗਿਆ ਰਹਿੰਦੈ।" ਸਵੇਰੇ ਪੰਜ ਵਜੇ ਹੀ ਗਿੱਲ ਨੇ ਉਸ ਨੂੰ ਘਰੇ ਤੋਰ ਦਿੱਤਾ।
ਤੇ ਮੁੜ ਉਹ ਕਦੇ ਨਾ ਆਈ। ਕਦੇ ਨਾ ਆਈ।
ਗਿੱਲ ਮਾਯੂਸ ਹੋਇਆ ਉਸ ਨੂੰ ਉਡੀਕਦਾ ਰਹਿੰਦਾ।

No comments: