ਵਤਨ ਦੀ ਯਾਦ
-ਮੈਂ ਪ੍ਰਵਾਸੀ ਹਾਂ ਦੋਸਤੋ!
ਇੱਕ ਦਿਨ ਵਤਨ ਦੀ ਯਾਦ ਆਈ,
ਦਿਲ ਦੇ ਕੂੰਗੜੇ ਬੈਠੇ ਭੌਰ ਨੇ ਖੰਭ ਫ਼ੜਫੜਾਏ!
ਖੇਤਾਂ ਦੀ ਮਿੱਟੀ ਦੀ ਮਹਿਕ ਨੇ ਦਿਮਾਗ ਅੰਦਰ
ਹਜ਼ਾਰਾਂ ਧੂਫ਼ਾਂ ਦੀ ਪੌਣ ਖਿਲਾਰ ਦਿੱਤੀ!
ਆਨੰਦ ਆ ਗਿਆ!!
ਗੁਰਦੁਆਰੇ ਦੇ ਸਪੀਕਰ 'ਚੋਂ
ਗੁਰਬਾਣੀ ਦਾ ਪ੍ਰਵਾਹ ਅੰਮ੍ਰਿਤ ਵੇਲੇ
ਕੰਨਾਂ ਵਿਚ ਨਾਦ ਛੇੜਨ ਲੱਗਾ!
ਸੱਘੇ ਅਮਲੀ ਦੇ ਟੋਟਕੇ ਯਾਦ ਕਰਕੇ
ਮਨ ਅੰਦਰੋ ਅੰਦਰੀ
ਖਿੜ-ਖਿੜਾ ਕੇ ਹੱਸਿਆ!
ਘੇਲੂ ਬੌਰੀਏ ਦੇ ਖੇਤੋਂ
ਚੋਰੀ ਗੰਨੇ ਪੱਟਣ ਦੀ ਯਾਦ ਨੇ
ਬਚਪਨ ਯਾਦ ਕਰਾ ਦਿੱਤਾ!
ਤੇ ਫਿਰ ਘੇਲੂ ਬੌਰੀਏ ਦੀ ਡਾਂਗ ਨੇ ਹੀ
ਮੈਨੂੰ ਸੋਫ਼ੇ 'ਤੇ ਬੈਠੇ ਹੋਣ ਦਾ ਅਹਿਸਾਸ ਕਰਵਾਇਆ!
-ਕਿੱਥੋਂ ਕਿੱਥੇ ਪੁੱਜ ਗਿਆ ਸਾਂ ਮੈਂ?
ਸੱਤ ਸਮੁੰਦਰੋਂ ਪਾਰ, ਗੋਰਿਆਂ ਦੀ ਧਰਤੀ 'ਤੇ!
ਜਿਸ ਨੂੰ ਲੋਕ,
ਪਰੀਆਂ ਦਾ ਦੇਸ਼ ਆਖਦੇ ਸਨ!
ਪਰ ਕਲਪਨਾ ਦਾ ਪੰਛੀ ਕਦੇ ਕਦੇ ਮੈਨੂੰ
ਇੰਦਰ ਚਮਿਆਰ ਦੇ ਢੋਲ ਦੇ ਡੱਗੇ 'ਤੇ
ਨੱਚਣ ਲਾ ਦਿੰਦਾ!
ਪੰਛੀ ਮਾਰਦਾ ਉਡਾਰੀ ਫਿਰ ਮੇਰੀ ਕਲਪਨਾ ਦਾ,
ਤੇ ਪਹੁੰਚ ਜਾਂਦਾ ਤਖਤੂਪੁਰੇ ਦੇ ਮੇਲੇ 'ਚ,
ਚੂੰਢੀਆਂ ਵੱਢਣੀਆਂ, ਵਢਾਉਣੀਆਂ!
"ਵੇ ਫ੍ਹੋਟ, ਔਤਰੇ ਦੇ ਅਲੱਥ ਜੇ!"
ਕਿਸੇ ਮਜ੍ਹਬਣ ਤੋਂ,
ਗਾਲ੍ਹਾਂ ਖਾ ਕੇ ਸੁਆਦ ਲੈਣਾ!
ਤੇ ਹੋਣਾ ਯਾਰਾਂ-ਮਿੱਤਰਾਂ ਨਾਲ ਲੱਤੋ-ਲੱਤੀ!
ਫਿਰ ਸਰੋਵਰ ਵਿਚ ਲਾਉਣੀਆਂ,
ਪੁੱਠੀਆਂ ਸਿੱਧੀਆਂ ਛਾਲਾਂ!
ਚੁੱਭੀਆਂ ਮਾਰਨੀਆਂ,
ਕਾਫ਼ੀ ਚਿਰ ਬਾਹਰ ਹੀ ਨਾ ਆਉਣਾ!
ਗੁਰਦੁਆਰਿਓਂ ਭਾਈ ਜੀ ਤੋਂ ਲੈਣੀ ਦੇਗ,
ਖਾ ਕੇ ਫਿਰ,
ਗੱਫ਼ਾ ਲੈਣ ਅੰਦਰ ਚਲੇ ਜਾਣਾ!
ਰੰਗ ਰਾਗ, ਗਵੱਈਏ, ਕਵੀਸ਼ਰ
ਮੌਤ ਦਾ ਖੂਹ, ਸਰਕਸ
ਦੇਖਦੇ-ਸੁਣਦੇ
ਆ ਜਾਣਾ ਚੰਡੋਲ ਕੋਲ!
ਚੰਡੋਲ ਝੂਟਣੀ, ਕਿਲਕਾਰੀਆਂ ਮਾਰਨੀਆਂ
ਉਤਨਾ ਚਿਰ ਚੁੱਪ ਹੀ ਨਾ ਕਰਨਾ
ਜਦ ਤੱਕ,
ਕਿਸੇ ਮਾੜੇ ਦਿਲ ਵਾਲੇ, ਡਰਦੇ ਦਾ ਪਿਸ਼ਾਬ,
ਸਾਡੇ ਸਿਰ ਨਾ 'ਸੁੱਚੇ' ਕਰ ਦਿੰਦਾ!
"ਭਿਉਂਤੇ ਸਾਲੇ ਨੇ!" ਗਾਲ੍ਹ ਕੱਢ ਕੇ
ਦਿਲ ਠਾਰ ਲੈਣਾ! ਸੰਤੁਸ਼ਟੀ ਕਰ ਲੈਣੀ!!
ਫਿਰ ਉਤਰਨਾ ਚੰਡੋਲ ਤੋਂ
ਜੰਡ ਵਾਲੇ ਨਲਕੇ ਹੇਠ ਬੈਠ,
ਸਿਰ ਤੋਂ ਲਾਹੁੰਣਾ
ਅਗਲੇ ਦੇ ਪਿਸ਼ਾਬ ਦਾ 'ਸ਼ੈਂਪੂ'!
ਗਾਲੀ ਗਲੋਚ ਕਰਦੇ, ਗਿੱਲੀਆਂ ਪੱਗਾਂ ਸੁਕਾਉਂਦੇ
ਪਿੰਡ ਪਹੁੰਚਣਾ!
ਘਰੋਂ ਖਾ ਕੇ ਸਰ੍ਹੋਂ ਦੇ ਸਾਗ ਨਾਲ
ਖ਼ਾਲਸ ਮੱਕੀ ਦੀਆਂ ਰੋਟੀਆਂ,
ਘਰੋਂ ਲੈ ਕੇ ਗੁੜ ਤੇ ਮੂੰਗਫ਼ਲੀ
ਬੈਠ ਜਾਣਾ ਮੂੰਹ 'ਨ੍ਹੇਰੇ ਹੋਏ
ਨ੍ਹਾਮੋਂ ਝਿਉਰੀ ਦੀ ਭੱਠੀ 'ਤੇ!
ਤੇ ਸਾਰੀ-ਸਾਰੀ ਰਾਤ
ਪਾਉਣੀਆਂ ਬਾਤਾਂ, ਸੁਣਾਉਣੇ ਟੋਟਕੇ
ਕੁਝ ਮਿੱਠੇ, ਕੁਝ ਬਕਬਕੇ
ਕੁਝ ਨੰਗੇ, ਕੁਝ ਲੁੱਚੇ
ਕੁਝ ਅਸਲੀ, ਕੁਝ ਨਕਲੀ
ਕੁਝ ਅਲੂਣੇ, ਕੁਝ ਮਸਾਲੇਦਾਰ
ਕੁਝ ਜੂਠੇ, ਕੁਝ ਸੁੱਚੇ
ਕੁਝ ਝੂਠੇ, ਕੁਝ ਸੱਚੇ!
ਮਹਿਫ਼ਲ ਜੁੜੀ ਰਹਿਣੀ,
ਖੜਮਸਤੀ ਚਲਦੀ ਰਹਿਣੀ,
ਖੱਪ ਪੈਂਦੀ ਰਹਿਣੀ,
ਜਦ ਤੱਕ ਬਾਪੂ (ਦਾਦੇ) ਦਾ ਖੂੰਡਾ
'ਠਾਹ' ਕਰਕੇ ਮੌਰਾਂ ਵਿਚ ਨਾ ਆ ਪੈਂਦਾ!!
"ਹਾਏ ਮਾਰਤਾ!" ਕਹਿ ਕੇ ਭੱਜਣਾ ਘਰ ਨੂੰ
ਤੇ ਲੁਕ ਜਾਣਾ
ਆਪਣੀ ਨਿੱਘੀ ਰਜਾਈ ਵਿਚ!
ਤਾਰਿਆਂ ਭਰਿਆ,
ਖਿੜਿਆ-ਹੱਸਦਾ ਅਸਮਾਨ ਦੇਖਦਿਆਂ
ਪਤਾ ਨਹੀਂ ਕਦੋਂ,
ਨੀਂਦ ਰਾਣੀ ਨੇ ਆ ਘੇਰਨਾ!
ਤੇ ਤੁਰ ਪੈਣਾ ਕਿਸੇ
ਤਿਆਰ-ਬਰ-ਤਿਆਰ ਸਿੰਘ ਦੀ ਤਰ੍ਹਾਂ
ਸੁਪਨਿਆਂ ਦੀ ਮੰਜਿ਼ਲ ਵੱਲ!!
ਸੁਪਨੇ ਵੀ ਕੀ ਹੁਸੀਨ, ਇੱਲਤਾਂ ਵਾਲੇ,
ਪਿੰਡ ਵਾਲੇ ਛੱਪੜ 'ਤੇ ਪਹੁੰਚ
ਕਿਸੇ ਮੱਝ ਦੀ ਪੂਛ ਫੜ
ਵੜ ਜਾਣਾ ਛੱਪੜ ਵਿਚ!
ਤੇ ਗੁੱਜਰ ਮਜ੍ਹਬੀ ਦੇ ਹੋਕਰੇ,
"ਉਏ ਡੁੱਬਜੇਂਗਾ - 'ਕੱਲਾ ਕਹਿਰਾ ਹੈਗੈਂ!"
ਤੇ ਗੁੱਜਰ ਦੇ ਰੈਂਗੜੇ ਦਾ ਡਰ
ਮੈਦਾਨ ਨਹੀਂ, ਛੱਪੜ ਛੱਡਣ ਲਈ
ਮਜਬੂਰ ਕਰ ਦਿੰਦਾ ----!
ਕਿੱਥੇ ਗਿਆ ਉਹ ਸਾਰਾ ਕੁਛ?
ਹੁਣ ਪੁੱਛਦਾ ਹਾਂ ਕਿਸੇ,
ਬਗੈਰ ਨਾਲੇ ਦੇ ਪਾਈ ਹੋਈ ਨਿੱਕਰ ਵਰਗੀ,
ਆਪਣੀ ਜਿ਼ੰਦਗੀ ਨੂੰ!
ਇਹ ਕਿਹੋ ਜਿਹੀ ਜਿ਼ੰਦਗੀ ਹੈ?
ਇਹ ਕਿਹੋ ਜਿਹੀ ਪਰੀਆਂ ਦੀ ਧਰਤੀ ਹੈ?
ਜਿੱਥੇ ਮਾਂ, ਪੁੱਤ ਛੱਡ ਕੇ ਭੱਜ ਜਾਂਦੀ ਹੈ!
ਸਤਵੰਤੀ ਕਹਾਉਣ ਵਾਲੀ ਔਰਤ,
ਆਪਣੇ ਪਤੀ ਨਾਲ 'ਦਗਾ' ਕਰਦੀ ਹੈ!
ਜਿੱਥੇ ਭੈਣ ਨਹੀਂ ਪੁੱਛਦੀ ਆਪਣੇ ਵੀਰ ਨੂੰ,
"ਵੀਰੇ ਦੁੱਧ ਲਿਆਮਾਂ?"
ਕੋਈ ਬਾਪੂ ਨਹੀਂ ਆਖਦਾ
ਖੂੰਡਾ ਉਲਾਰ ਕੇ ਆਪਣੇ ਪੋਤਰੇ ਨੂੰ,
"ਪੈਜਾ ਉਏ ਹੁਣ, ਤੜਕਿਓਂ ਸਕੂਲ ਜਾਣੈਂ!"
ਆਪੋਧਾਪੀ ਹੈ, ਖੁਦਗਰਜ਼ੀ ਹੈ!
ਚਲਾਕੀ ਹੈ, ਫ਼ਰੇਬ ਹੈ!
ਸਿਰਫ਼ ਮੁਸਕਰਾਹਟ ਹੈ, ਪਿਆਰ ਨਹੀਂ!
ਮਿਲਣ-ਜਾਂਚ ਹੈ, ਹਮਦਰਦੀ ਨਹੀਂ!
ਕੀ ਦੱਸਾਂ ਮਿੱਤਰੋ??
ਹੋਰ ਤਾਂ ਹੋਰ, ਇੱਥੇ ਤਾਂ
ਖਿੜੇ ਗੁਲਾਬ ਦੇ ਫੁੱਲਾਂ 'ਚ ਵੀ
ਮਹਿਕ ਨਹੀਂ!! ਹੋਰ ਕੀ ਹੋਵੇਗਾ??
Friday, July 20, 2007
Subscribe to:
Post Comments (Atom)
No comments:
Post a Comment