ਪਤਨੀ
ਕਾਵਿ-ਵਿਅੰਗ
ਪਤਨੀ ਬਿਨਾ ਬੰਦਾ ਕਹਿੰਦੇ ਹੁੰਦਾ ਅੱਧਾ
ਪਤਨੀ ਨਾਲ ਆਖਦੇ ਜਾਂਦਾ ਹੋ 'ਪੂਰਾ'
ਪਤਨੀ ਆਉਣ 'ਤੇ 'ਜੀ ਹਜ਼ੂਰ' ਬਣਜੇ
ਭਾਵੇਂ ਰਿਹਾ ਹੋਵੇ 'ਖੌਰੂ ਪੱਟ' ਸੂਰਾ
ਪਤਨੀ ਲਫ਼ਜ਼ ਸ਼ਾਇਦ "ਪਤਨ" ਤੋਂ ਹੈ ਬਣਿਆਂ
ਤਾਂ ਹੀ "ਪਤਨੀ-ਪਤਨੀ" ਬੋਲਦੇ ਨੇ
ਬਾਹਰ ਆਖਦੇ, ਘਰੇ ਮੇਰਾ ਹੁਕਮ ਚੱਲਦਾ
ਘਰੇ ਲੁਕਣ ਲਈ ਖੂੰਜਾ ਫਰੋਲਦੇ ਨੇ
ਕੋਈ ਬੀਵੀ ਆਖੇ, ਕੋਈ ਮੈਡਮ ਦੱਸੇ
ਕਈ ਪਤਨੀ ਨੂੰ ਆਖਦੇ ਘਰਵਾਲੀ
"ਮੇਰੀ ਬੁੱਢੀ" ਆਖ ਕੋਈ ਮਾਣ ਦੇਵੇ
ਕੋਈ ਆਖਦਾ 'ਵਾਈਫ਼' ਕਰਮਾਂ ਆਲੀ
ਕੋਈ 'ਮਿਸਜ਼' ਆਖ ਸਤਿਕਾਰਦਾ ਹੈ
ਕੋਈ ਆਖਦਾ ਹੈ ਮੇਰੀ ਜਾਨ ਉਹਨੂੰ
ਕੋਈ ਨਖਰੋ, ਕੋਈ ਬਿੱਲੋ ਜੀ ਦੱਸੇ
ਕੋਈ ਆਖਦਾ ਖ਼ਤਰਾ-ਨਿਸ਼ਾਨ ਉਹਨੂੰ
ਕੋਈ ਕਹਿੰਦਾ ਉਹਨੂੰ ਚੁੜੇਲ ਤੀਵੀਂ
ਕਈ ਸੂਰਮੇਂ ਲੜਾਕੀ ਹੀ ਦੱਸਦੇ ਨੇ
ਕੋਈ ਭੂਤਨੀ ਆਖ ਭੜ੍ਹਾਸ ਕੱਢਦਾ
ਕਈ ਡੈਣ ਕਹਿ, ਅਵਾਜ਼ੇ ਕੱਸਦੇ ਨੇ
ਕੋਈ ਤੀਵੀਂ ਨੂੰ ਭਾਗਾਂ ਵਾਲੀ ਦੱਸੇ
ਕੋਈ ਆਖਦਾ ਹੈ ਜਿੰਦ-ਜਾਨ ਮੇਰੀ
ਕੋਈ ਆਖਦਾ ਡਾਰਲਿੰਗ ਵਿਚ ਇੰਗਲਿਸ਼
ਕੋਈ ਦੱਸਦਾ ਹੈ ਸੱਤਿਆਵਾਨ ਮੇਰੀ
ਕੋਈ ਆਖੇ ਘਰ ਦੀ ਇਹ ਮਾਲਕ
ਕੋਈ ਆਖਦਾ ਅਸੀਂ ਤਾਂ ਦਾਸ ਇਹਦੇ
ਕਰੇ ਭਾਗਵਾਨ ਜੋ ਵੀ 'ਸਤਿ' ਲੱਗੇ
ਘਰ ਲੱਗੇ ਬਿਨਾ ਬਣਵਾਸ ਇਹਦੇ
ਕੋਈ ਆਖਦਾ ਕੁਰਕੀ ਇਹ ਮੇਰੀ
ਕੋਈ ਕਹਿੰਦਾ ਹੈ, ਬੁਰੇ ਫ਼ਸੇ ਮਿੱਤਰੋ
ਓਵਰਟਾਈਮ ਲਾਕੇ ਸੱਤੇ ਦਿਨ ਕੰਮ ਕਰਦੇ
ਅਤੇ ਫਿਰ ਵੀ ਰਹੀਏ 'ਕਸੇ' ਮਿੱਤਰੋ
ਕਈ ਪਤਨੀਆਂ ਤਾਂ ਬੜੀਆਂ ਸਾਊ ਭਾਈ
ਸੁਣਿਆਂ ਬੜੀਆਂ ਹੀ ਹੁੰਦੀਆਂ 'ਲੈਕ' ਲੋਕੋ
ਕਈ ਦਫ਼ਾ ਚੁਤਾਲੀ ਜਿਹੀਆਂ ਲੱਗਦੀਆਂ ਨੇ,
ਗੱਲਾਂ-ਬਾਤਾਂ 'ਚ ਕਰਨ 'ਬਲੈਕ' ਲੋਕੋ
ਕਈ ਥੁੱਕਦੀਆਂ ਮੋਢਿਆਂ ਉਪਰੋਂ ਦੀ
ਮਿਰਚਾਂ ਅੱਖੀਆਂ ਦੇ ਨਾਲ ਭੋਰਦੀਆਂ ਨੇ
ਕਈ ਹੋਣ ਕਰਫਿ਼ਊ ਦੇ ਹੁਕਮ ਜਿਹੀਆਂ
ਕਈ ਪਤੀ ਨੂੰ ਫੜ ਮਰੋੜਦੀਆਂ ਨੇ
ਇਕ ਦਿਨ ਰੱਬ ਨੂੰ ਬੇਨਤੀ ਮੈਂ ਕੀਤੀ
ਬਖਸ਼ੋ ਰੱਬ ਜੀ ਭੋਰਾ 'ਬੁੱਧੀ' ਸਾਨੂੰ
ਰੱਬ ਜੀ 'ਬੁੱਧੀ' ਨੂੰ 'ਬੁੱਢੀ' ਸਮਝ ਬੈਠੇ
ਬਖਸ਼ ਦਿੱਤੀ ਲੜਾਈ ਦੀ 'ਗੁੱਡੀ' ਸਾਨੂੰ
ਭੁੱਲਾਂ ਬਖਸ਼ਾਈਆਂ, ਰੱਬ ਨਾਲ ਗਿ਼ਲਾ ਕੀਤਾ
ਆਖਿਆ ਰੱਬ ਜੀ ਗਲਤੀ ਦੀ ਸੋਧ ਕਰਲੋ
'ਬੁੱਢੀ' ਰੱਖਲੋ, 'ਬੁੱਧੀ' ਸਾਨੂੰ ਭੇਜ ਦੇਵੋ
ਚਾਹੇ 'ਰਿੱਟ' ਕਰਲੋ, ਚਾਹੇ ਖੋਜ ਕਰਲੋ
ਮੈਂ ਵੀ ਫ਼ਸ ਗਿਆ, ਪਤਨੀ ਵਿਚ ਫ਼ਸ ਕੇ
ਐੱਮ ਏ ਬੀ ਐੱਡ, ਅੰਗਰੇਜ਼ੀ ਪੜ੍ਹਾਂਵਦੀ ਸੀ
ਹਿਸਟਰੀ ਪੜ੍ਹਾਉਂਦੀ ਨੇ ਬੱਚੇ ਉਸ ਬੜੇ ਕੁੱਟੇ
ਫੜ ਗਿੱਚੀ ਤੋਂ ਤੌਣੀ ਕਹਿੰਦੇ ਲਾਂਵਦੀ ਸੀ
ਇਕ ਦਿਨ ਕਿਹਾ ਮੈਂ, ਮੈਡਮ ਜੀ ਕੋਲ ਆਵੋ
ਲੱਤਾਂ ਘੁੱਟਣ ਦੀ ਕਰੋ ਤਕਲੀਫ਼ ਭੋਰਾ
"ਘੁੱਟਣ" ਦੀ ਥਾਂ "ਕੁੱਟਣ" ਸਮਝਗੀ ਉਹ
ਫੜ ਲਿਆ ਘੋਟਣਾ, ਲਾਇਆ ਨਾ ਇਕ ਫੋਰਾ
ਬੜੀ ਖੁਸ਼ ਉਹ, ਘੋਟਣਾ ਫੜ ਖੜ੍ਹਗੀ
ਐਕਸ਼ਨ ਲੈਣ ਲੱਗੀ ਉਹ ਫਿ਼ਲਮ ਵਾਂਗੂੰ
ਮੇਰਾ ਰੰਗ ਉਡਿਆ, ਨਾਲੇ ਹੋਸ਼ ਉਡੇ
ਮੂੰਹ ਹੋ ਗਿਆ ਝੱਟ ਮੇਰਾ ਚਿਲਮ ਵਾਂਗੂੰ
ਸੋਚਿਆ ਅੱਜ ਕੀ ਭਾਣਾ ਵਰਤਿਆ ਏ
ਕਾਹਤੋਂ ਪੁਲਸ-ਤਿਆਰੀ ਇਹਨੇ ਖਿੱਚਲੀ ਏ?
ਮੈਂ ਤਾਂ ਕਿਹਾ ਸੀ ਲੱਤਾਂ ਘੁੱਟਣੇ ਨੂੰ
ਗੱਲ ਪੁੱਠੀ ਸਮਝਗੀ, ਵਿਚਲੀ ਇਹ!
ਪੁੱਛਿਆ ਪਤਨੀ ਜੀ, ਕੋਈ ਗਲਤੀ ਹੋਗੀ?
ਮੈਂ ਤਾਂ ਸੇਵਾ ਕਰਨ ਨੂੰ ਬੋਲਿਆ ਸੀ
ਤੁਸੀਂ ਖੜ੍ਹੇ ਭੂਸਰੇ, ਠਾਣੇਦਾਰ ਵਾਂਗੂੰ
ਮੈਂ ਕੁਫ਼ਰ ਭੋਰਾ ਨਾ ਤੋਲਿਆ ਸੀ
ਕੁੱਟੂ ਘੱਟ ਤੇ ਘੜ੍ਹੀਸੂ ਇਹ ਵੱਧ ਮੈਨੂੰ
ਆਪਣੇ ਹੱਡਾਂ ਨੂੰ ਟੋਹਣ ਮੈਂ ਲੱਗਿਆ ਸੀ
ਘਰਵਾਲੀ ਘੱਟ ਤੇ ਦੈਂਤ ਮੈਨੂੰ ਵੱਧ ਜਾਪੇ
ਉਹ ਖੜ੍ਹੀ ਅੱਗੇ, ਜਾਣਾ ਨਾ ਭੱਜਿਆ ਸੀ
ਕਹਿੰਦੀ 'ਸੇਵਾ' ਤਾਂ ਕਰਨ ਨੂੰ ਖੜ੍ਹੀ ਹਾਂ ਮੈਂ
ਕੇਰਾਂ ਦੱਸੋ, ਸੇਵਾ ਸ਼ੁਰੂ ਕਰਾਂ ਕਿੱਥੋਂ?
ਮਹੂਰਤ ਟੋਟਣ ਤੋਂ, ਜਾਂ ਫਿਰ ਖੁਰੜਿਆਂ ਤੋਂ
ਦੱਸੋ ਬੋਲ ਕੇ, ਸ਼ੁਰੂਆਤ ਕਰਾਂ ਜਿੱਥੋਂ!
ਭੜ੍ਹਾਕੇ ਵਾਂਗ ਮੇਰਾ ਦਿਲ, ਪਿਆ ਚੱਲੇ
ਸੋਚਿਆ ਮੈਡਮਾਂ ਕੁੱਟਦੀਆਂ ਪੁਲਸ ਵਾਂਗੂੰ
ਕੋਈ ਬਚਣ ਦਾ ਮੈਂ ਉਪਾਅ ਸੋਚਾਂ
ਖੜ੍ਹੀ ਪਤਨੀ, ਪਹਿਲਵਾਨ 'ਦੁਲਟ' ਵਾਂਗੂੰ
ਦੇਖ ਘੋਟਣਾ ਹੱਥ ਵਿਚ ਪਤਨੀ ਦੇ
ਆਇਆ 'ਪਤਨ' ਨਜ਼ਦੀਕ ਮੈਨੂੰ ਲੱਗਿਆ ਸੀ
ਖੜ੍ਹਾ ਹੋ ਗਿਆ ਤੁਰੰਤ ਮੈਂ ਬੈੱਡ ਵਿਚੋਂ
ਮੈਨੂੰ ਕਰੰਟ ਜਿਹਾ ਇਕ ਵੱਜਿਆ ਸੀ
ਕਿਤੇ ਕਰ ਨਾ ਬੀਵੀ ਅਨਰਥ ਦੇਵੇ
ਸਿਰ ਵਿਚ ਕਿਤੇ, ਚਿੱਬ ਨਾ ਪਾ ਦੇਵੇ
ਖੜ੍ਹਾ ਹੋ ਗਿਆ ਮੈਂ ਅਟੈੱਨਸ਼ੈੱਨ ਹੋਕੇ
ਤੱਤੇ ਘਾਹ ਨਾ ਸੰਖ ਵਜਾ ਦੇਵੇ
ਮੈਂ ਅੱਗੇ-ਅੱਗੇ ਤੇ ਉਹ ਪਿੱਛੇ-ਪਿੱਛੇ
ਘੋਟਣਾ ਬਣਿਆਂ ਸਿ਼ਵ ਜੀ ਦਾ ਸੱਪ ਲੱਗੇ
ਜੀਭਾਂ ਕੱਢਦਾ ਅਜ਼ਗਰ ਵਾਂਗ ਮੈਨੂੰ
ਮਾਰਨ ਵਾਸਤੇ ਨਾ, ਮੈਨੂੰ ਕੋਈ ਗੱਪ ਲੱਭੇ
ਆਖਰ ਖੜ੍ਹ ਗਿਆ ਮੈਂ ਪੂਰੀ ਕਰ ਹਿੰਮਤ
ਸੋਚਿਆ ਮਰਨਾ ਤਾ ਮਰੀਏ ਸ਼ਹੀਦ ਵਾਂਗੂੰ
ਪਰ ਹੌਸਲਾ ਕਿਰ ਗਿਆ ਸੀ ਮੇਰਾ ਰੇਤ ਬਣਕੇ
ਹੱਥ ਖੜ੍ਹਾ ਕੀਤਾ, 'ਜਾਹਲੀ-ਰਸੀਦ' ਵਾਂਗੂੰ
ਭੁੱਲ ਗਿਆ-ਭੁੱਲ ਗਿਆ ਕੂਕਣ ਮੈਂ ਫ਼ੱਟ ਲੱਗਾ
ਕਹਿੰਦੀ ਕੀ ਭੁੱਲਗੇ? ਪੁੱਛੇ ਘਰਵਾਲੀ
ਸ਼ੁਕਰ ਰੱਬ ਦਾ ਸੁਪਨਾ ਸੀ ਆਇਆ ਮੈਨੂੰ
ਬਚਣ ਲਈ ਤਾਂ ਘਾਲ ਮੈਂ ਬੜੀ ਘਾਲੀ
ਬੱਤੀ ਘਰਵਾਲੀ ਨੇ ਬਾਲ਼ ਦਿੱਤੀ
ਕਹਿੰਦੀ ਕੀ ਹੋਇਆ, ਬੜੇ ਪਰੇਸ਼ਾਨ ਲੱਗਦੇ?
ਮੁੜ੍ਹਕੇ ਨਾਲ ਭਿੱਜਿਆ ਸਰੀਰ ਸਾਰਾ
ਤੁਸੀਂ ਦਿਸਦੇ ਬੜੇ ਪਸ਼ੇਮਾਨ ਲੱਗਦੇ?
ਆਖਿਆ 'ਦਾਬਾ' ਜਿਆ ਐਵੇਂ ਆ ਗਿਆ ਸੀ
ਸਰੀਰ ਅੰਦਰੋਂ ਜਾਵੇ, ਥਰ-ਥਰ ਕੰਬੀ
ਸੋਚਿਆ ਜਾਨ ਬਚੀ ਲਾਖੋਂ ਮੈਂ ਪਾਏ
ਕੰਬਦੀ 'ਵਾਜ 'ਚ ਪਾਣੀ ਜਾਵਾਂ ਮੰਗੀ
ਕਹਿੰਦੀ ਸੌਂ ਜੋ ਹੁਣ ਤੁਸੀਂ ਚੁੱਪ ਕਰਕੇ
ਹੁੱਝਾਂ, ਗੋਡੇ ਜਿਹੇ ਮੇਰੇ ਮਾਰੀ ਜਾਵੇ
ਨਾ ਆਪ ਸੌਂਦੇ ਨਾ ਸਾਨੂੰ ਸੌਣ ਦਿੰਦੇ
ਮੈਂ ਚੁੱਪ, ਉਹ ਦੁਰਕਾਰੀ ਜਾਵੇ
ਦੇਖਿਆ ਹੱਥ ਜਿਆ ਮਲ ਕੇ ਮੈਂ ਸਿੰਘਣੀ ਦਾ
ਹੱਥ ਵਿਚ ਘੋਟਣਾ ਮੈਨੂੰ ਕੋਈ ਲੱਭਿਆ ਨਾ
ਨਿਕਲੀ ਕੁਤਕੁਤੀ, ਖਾਲੀ ਹੱਥ ਪਤਨੀ ਦਾ
ਗੁੱਸੇ ਹੋਊ ਸਿੰਘਣੀ, ਜੇ ਹਾਸਾ ਦੱਬਿਆ ਨਾ
ਫਿਰ ਸੌਣ ਦੀ ਕੋਸਿ਼ਸ਼ ਮੈਂ ਕਰਨ ਲੱਗਾ
ਸੋਚਿਆ ਫੇਰ ਨਾ ਸੁਪਨਾ ਉਹੀ ਆ ਜਾਵੇ
ਬਚੋ ਬੀਵੀਆਂ ਤੋਂ ਸੁਪਨੇ ਵਿਚ ਭਾਈ!
ਕਿਤੇ ਚਿੰਬੜ ਨਾ ਮੁਫ਼ਤ ਬਲਾਅ ਜਾਵੇ
ਇਹ ਤਾਂ ਦਿਨੇ ਹੀ ਸਹੁਰੀ ਨੀ ਮਾਨ ਹੈਗੀ
ਹੁਣ ਤਾਂ ਸੁਪਨਿਆਂ ਵਿਚ ਵੀ ਆਉਣ ਲੱਗਪੀ
ਅੱਗੇ ਦਿਨ, ਰੱਬ-ਰੱਬ ਕਰ ਕੱਟੀਦਾ ਸੀ
ਹੁਣ ਤਾਂ ਰਾਤ ਨੂੰ ਵੀ ਝੱਜੂ ਇਹ ਪਾਉਣ ਲੱਗਪੀ
ਫਿਰ ਬੇਨਤੀ ਕਰੀ ਇਕ, ਸੁਪਨੇ ਨੂੰ
ਸੁਪਨਾ ਜੀ, ਜੀ-ਸਦਕੇ ਤੁਸੀਂ ਆਇਆ ਕਰੋ
ਪਰ ਜ਼ਰਾ ਪਤਨੀ ਤੋਂ, ਥੋੜਾ ਦੂਰ ਰਹਿ ਕੇ,
ਤੁਸੀਂ ਆਪਣੇ ਦਰਸ਼ਨ ਪੁਆਇਆ ਕਰੋ
ਹੁੰਦਾ ਕੀੜੀ ਨੂੰ ਦਾਗ ਬਥੇਰਾ ਤੱਕਲੇ ਦਾ
ਸਾਡੀ ਜਾਹ-ਜਾਂਦੀ ਨਾ ਕਰਵਾ ਦਿਓ ਜੀ!
ਦੇਖਿਓ ਘੋਟਣੇ ਵਾਲਾ ਨਾ ਦੁਹਰਾਅ ਕਰਿਓ
ਕਿਤੇ ਮਧਾਣੀ-ਚੀਰਾ ਨਾ ਪੁਆ ਦਿਓ ਜੀ
ਘਰਵਾਲੀ ਤਾਂ ਐਵੇਂ ਨੀ ਮਾਨ, ਸੁਪਨਾ ਜੀ
ਤੁਸੀਂ ਸਾਥ ਵੀ ਉਸ ਦਾ ਪਾਉਣ ਲੱਗਪੇ
ਸਾਡਾ ਰੱਬ ਰਾਖਾ, ਜੇ ਇਹ ਸਿਧਾਂਤ ਚੱਲਿਆ
ਤੁਸੀਂ ਗਿੱਦੜ-ਭਬਕੀਆਂ ਨਾਲ ਡਰਾਉਣ ਲੱਗਪੇ
ਡਰਦਾ ਰਾਤ ਨੂੰ, ਨੀਂਦ ਨਾ ਆਵੇ ਮੈਨੂੰ
'ਜੱਗੀ' ਸੁੱਤੀ ਪਤਨੀ ਦਾ ਰਹੇ ਹੱਥ ਟੋਂਹਦਾ
ਕਿਤੇ ਸੱਚੀਂ ਨਾ ਘੋਟਣਾ ਕੋਲ ਹੋਵੇ
ਰਹਾਂ ਅੱਧਸੁੱਤਾ ਵੀ ਆਪਣਾ ਸਰੀਰ ਜੋਂਹਦਾ
ਨੀਂਦ ਪਿੰਡ 'ਕੁੱਸੇ' ਬੜੀ ਆਂਵਦੀ ਸੀ
ਮੰਜਾ ਹੁੰਦਾ ਚਾਹੇ ਮੇਰਾ ਬਾਣ ਦਾ ਸੀ
ਹੁਣ ਬੈੱਡ ਤੋਂ ਬੁੜ੍ਹਕ ਬੁੜ੍ਹਕ ਉਠਦਾ ਹਾਂ
ਉਦੋਂ ਪੈਂਦਾ ਹੀ ਲੰਮੀਆਂ ਤਾਣਦਾ ਸੀ
Saturday, July 21, 2007
Subscribe to:
Post Comments (Atom)
1 comment:
menu lagdai bharjai punjabi par ni sakdi nhi ta hun tak eh viang par ke vakayee sir ch chir pa dena c bai G.
Mander
Post a Comment