Friday, July 20, 2007

ਨਜ਼ਮ: ਪਤਨੀ ਅਤੇ ਪੜ੍ਹਾਈ

ਪਤਨੀ ਅਤੇ ਪੜ੍ਹਾਈ

-ਐ ਮੇਰੇ ਜੀਵਨ ਸਾਥੀ!
ਜਦ ਵੀ ਮੈਂ ਰਾਤ ਨੂੰ ਸੌਣ ਜਾਦਾ ਹਾਂ,
ਤਾਂ ਪੁੱਛਦਾ ਹਾਂ ਹਮੇਸ਼ਾ
ਆਪਣੇ ਡਬਲ-ਬੈੱਡ ਨੂੰ,
ਕਿ ਕੀ ਹਰ ਚੀਜ਼ ਆਪਣੇ ਮਾਲਕ ਪ੍ਰਤੀ
ਵਫ਼ਾਦਾਰ ਹੁੰਦੀ ਐ?
ਪਰ ਨਹੀਂ!
ਕਦੇ 'ਉਹ' 'ਕੱਲੀ ਅਤੇ ਕਦੇ ਮੈਂ 'ਕੱਲਾ,
ਇਹ ਤੇਰੇ
ਜਾਂ
ਸਾਡੇ ਕਰਮਾਂ ਦਾ ਗੇੜ ਹੈ?

-ਮੇਰੀ ਇੱਕ ਬੱਚੀ ਬਿਮਾਰ ਹੈ,
ਦੂਜੀ ਮਾਂ ਬਿਨਾਂ ਦਿਲ ਨਹੀਂ ਲਾ ਰਹੀ,
ਹਮੇਸ਼ਾ 'ਬੁੱਸ-ਬੁੱਸ' ਕਰਦੀ ਰਹਿੰਦੀ ਹੈ।
ਕੱਲ੍ਹ ਰਾਤ ਮੇਰੀ ਮਾਂ ਨੇ ਕਿਹਾ,
"ਜਾਹ ਪੁੱਤ ਪਾਪਾ ਨਾਲ ਪੈ ਜਾਹ!"
ਕਹਿੰਦੀ, "ਨਹੀਂ, ਪਾਪਾ ਮਾਰਨਗੇ।"
ਫਿਰ ਇਹ ਤਾਂ ਦੱਸ
ਕਿ ਮੇਰੀ ਬੱਚੀ
ਮੈਥੋਂ ਜਾਂ ਫਿਰ ਤੈਥੋਂ ਡਰਦੀ ਐ?

-ਐ ਮੇਰੇ ਜੀਵਨ ਸਾਥੀ!
ਜਦ ਪੁੱਛਦੀ ਹੈ ਆਪਣੀ ਛੋਟੀ ਬੱਚੀ,
ਆਪਣੇ ਤੋਤਲੇ ਬੋਲਾਂ ਵਿਚ,
"ਪਾਪਾ! ਮੰਮੀ ਕਦੋਂ ਆਊਗੀ?"
ਤਾਂ ਕਹਿੰਦਾ ਹਾਂ
ਆਪਣੀ ਛੋਟੀ ਬੱਚੀ ਨੂੰ ਗਲ ਲਾ ਕੇ,
"ਬੇਟੇ! ਕ੍ਰਿਸਮਿਸ 'ਤੇ ਆ ਜਾਵੇਗੀ,
ਤੇਰੀ ਮੰਮੀ,
ਇਮਤਿਹਾਨ ਪਾਸ ਕਰਨ ਗਈ ਐ!"
ਉਸ ਨੂੰ ਸਮਝ ਲੱਗਦੀ ਹੈ,
ਜਾਂ ਨਹੀਂ ਲੱਗਦੀ?
ਰੱਬ ਜਾਣੇ!

-ਪਰ ਐ ਮੇਰੇ ਜੀਵਨ ਸਾਥੀ!
ਉਸ ਦੀਆਂ ਚੁੱਪ-ਚਾਪ
ਵਰ੍ਹਦੀਆਂ ਮਾਸੂਮ ਅੱਖਾਂ
ਅਤੇ
ਫੁੱਲ ਵਾਂਗ ਮੁਰਝਾਇਆ ਚਿਹਰਾ,
ਮੇਰਾ ਕਾਲਜਾ ਭਰਾੜ੍ਹ ਕਰ ਦਿੰਦੈ!
ਫਿਰ ਹੋਰ ਕੀ ਆਖਾਂ?
ਉਸ ਦੇ ਪੁੰਗਰਦੇ ਫੁੱਲ ਵਰਗੇ ਦਿਲ ਨੂੰ
ਕਿਵੇਂ ਧਰਵਾਸ ਦੇਵਾਂ?
ਮੈਂ ਤਾਂ ਖੁਦ ਖ਼ੂਨ ਦੀ ਘੁੱਟ ਭਰਕੇ,
ਬੈਠ ਜਾਂਦਾ ਹਾਂ!

No comments: