Friday, July 20, 2007

ਨਜ਼ਮ: ਮੂਰਛਤ ਪਿੰਡ

ਮੂਰਛਤ ਪਿੰਡ

-ਵਤਨ, ਵਤਨ ਨਹੀਂ ਲੱਗਦਾ
ਪਿੰਡ, ਪਿੰਡ ਨਹੀਂ ਜਾਪਦੇ
ਲੋਕ, ਲੋਕ ਨਹੀਂ ਰਹੇ!
ਲੱਗਦੇ ਹਨ ਗੁਰਦੁਆਰੇ,
ਮੰਦਰ, ਓਪਰੇ ਓਪਰੇ!!
ਪਰ ਕੌਣ ਸੀ ਉਹ ਦੁਸ਼ਟ?
ਜਿਹੜਾ ਹੱਸਦੇ-ਖੇਡਦੇ,
ਮਿਲਦੇ-ਵਰਤਦੇ ਪਿੰਡਾਂ 'ਚ
ਬਸੰਤਰ ਸੁੱਟ ਗਿਆ ਸੀ?
ਤੇ ਗੱਡ ਗਿਆ ਸੀ,
ਸੇਹ ਦੇ ਤੱਕਲੇ,
ਭੋਲੇ ਭਾਲੇ ਮਨਾਂ ਅੰਦਰ!
ਹੁੰਦੀ ਸੀ ਸਾਂਝ ਵਿਆਹੀ-ਸਾਹੀਂ,
ਗ਼ਮੀ-ਸ਼ਾਦੀ,
ਵੰਡਾਉਂਦੇ ਸਨ ਲੋਕ ਅੱਗੇ ਹੋ ਕੇ!
ਵਟਾਉਂਦੇ ਸਨ ਪੱਗਾਂ ਲੋਕ
ਇੱਕ ਦੂਸਰੇ ਨਾਲ!
ਤੇ ਨਿਭਦੇ ਸਨ ਵਾਅਦੇ,
ਆਖਰੀ ਦਮ ਤੱਕ!
ਧੀ-ਭੈਣ ਦੀ ਹੁੰਦੀ ਸੀ,
ਇੱਜ਼ਤ ਸਾਂਝੀ!
ਵਿਆਹਾਂ-ਸਾਹਿਆਂ ਵਿਚ,
ਵੱਜਦੇ ਸਨ ਢੋਲ ਢਮੱਕੇ!
ਨਿਕਲਦੀ ਸੀ ਜਾਗੋ,
ਟੁੱਟਦੇ ਸਨ ਪ੍ਰਨਾਲੇ,
ਵੱਜਦੇ ਸੀ ਮੂਧੇ ਮੰਜੇ,
ਪੈਂਦੀਆਂ ਸੀ ਬੋਲੀਆਂ,
ਮਿਲਦੀਆਂ ਸੀ ਸਿੱਠਣੀਆਂ,
ਪਰ ਕੋਈ ਗੁੱਸਾ ਨਾ ਕਰਦਾ!
ਪੈਂਦੇ ਸਨ ਭੰਗੜੇ,
ਪੱਟੀਦੀਆਂ ਸੀ ਸਾਂਝੀਆਂ ਕੱਸੀਆਂ!
ਗੱਭਰੂ ਜੁਆਨ, ਬੁੱਢੇ ਬਾਬੇ
ਕਰਦੇ ਸੀ ਟਿੱਚਰਾਂ!
ਸੁੱਟਦੇ ਸੀ ਚੇਪੇ ਬਾਬੇ,
ਗੱਭਰੂਆਂ ਨਾਲ ਜਿ਼ਦ ਕੇ!
ਨਾਲੇ ਕਰਦੇ ਸੀ ਨੰਗੇ ਮਜ਼ਾਕ;
"ਬਾਬਾ ਦੇਖੀਂ ਜੋਰ ਖਾ ਜੇਂ?"
"ਉਏ ਤੂੰ ਮੈਨੂੰ ਬੁੜ੍ਹਾ ਸਮਝਦੈਂ?
ਭੇਜ ਕੇ ਦੇਖ ਲਈਂ ਆਬਦੀ ਬੇਬੇ ਨੂੰ ਮੇਰੇ ਕੋਲੇ!"
ਬਾਬਾ ਆਖ ਕੇ ਮੁਸ਼ਕੜੀਏਂ ਹੱਸਦਾ!
ਖ਼ੀਂ ਖ਼ੀਂ ਕਰਦਾ!!
"ਕੀ ਲੈਣੈਂ ਬਾਬਾ? ਤੇਰੇ ਡੱਬੇ ਚੋਂ ਹੁਣ,
ਗਰੀਸ ਖਤਮ ਐਂ!" ਕੋਈ ਗੱਭਰੂ ਆਖਦਾ!
ਤੇ ਸਾਂਝਾ ਹਾਸਾ,
ਪਿੰਡ ਦੀ ਜੂਹ ਤੱਕ ਸੁਣਾਈ ਦਿੰਦਾ!
"ਲੈ ਕਰਲਾ ਕੁੱਤੇ ਦਿਆ ਹੱਡਾ ਕਚ੍ਹੀਰਾ,
ਮੇਰੀ ਤਾਂ ਕਹੀ ਦਾ ਬੈਂਹਾਂ ਟੁੱਟ ਗਿਆ!"
ਬਾਬਾ ਚੀਕਦਾ!
ਤੇ ਹਾਸੜ ਹੋਰ ਮੱਚ ਜਾਂਦੀ!
"ਲੈ ਬਈ ਧੱਤੂਆ! ਤੋੜਤਾ ਬੁੜ੍ਹੇ ਨੇ,
ਤੇਰੀ ਬੇਬੇ ਦਾ ਨਾਂ ਲੈ ਕੇ,
ਜੋਸ਼ 'ਚ ਕਹੀ ਦਾ ਬੈਂਹਾਂ!"
ਸਰਪੰਚ ਤਾਇਆ ਚਹੇਡ ਕਰਦਾ!
ਪਿੰਡੋਂ ਸਾਂਝੀਆਂ ਰੋਟੀਆਂ ਆ ਜਾਂਦੀਆਂ,
ਸਰ੍ਹੋਂ ਦਾ ਸਾਗ, ਗੰਢਾ
ਚਟਣੀ ਤੇ ਗੁੜ!
ਖਾ ਕੇ ਸਾਰੇ ਨਿਹਾਲ ਹੁੰਦੇ!
ਕੋਈ ਨਾ ਪੁੱਛਦਾ ਕਿ ਇਹ ਰੋਟੀ,
ਹਿੰਦੂ ਦੇ ਘਰ ਦੀ ਐ,
ਜਾਂ ਸਿੱਖ ਦੇ?
ਜਾਂ ਫਿਰ ਕਿਸੇ
ਮੁਸਲਮਾਨਣੀ ਨੇ ਪਕਾਈ ਐ?
ਪਿੰਡ ਕੀ ਸੀ?
ਸਵਰਗ ਸੀ ਸਵਰਗ!
ਪਰ ਅੱਜ ਮੈਂ ਸੋਲ੍ਹਾਂ ਸਾਲ ਬਾਅਦ,
ਆਪਣੇ ਪਿੰਡ ਪਹੁੰਚਿਆ!
ਕਾਫ਼ੀ ਹਨ੍ਹੇਰਾ ਹੋ ਚੁੱਕਿਆ ਸੀ।
ਆਉਣ ਬਾਰੇ ਘਰਦਿਆਂ ਨੂੰ,
ਨਾ ਚਿੱਠੀ ਨਾ ਤਾਰ ਪਾਈ ਸੀ।
ਬੱਸ! ਸਿਰਫ਼!! ਘਰਦਿਆਂ ਨੂੰ,
'ਸਰਪ੍ਰਾਈਜ਼' ਦੇਣਾ ਚਾਹੁੰਦਾ ਸਾਂ!
ਰੱਖ ਕੇ ਸਾਰਾ ਸਮਾਨ
ਗੁਆਂਢੀ ਪਿੰਡ ਦੇ ਹਮ-ਜ਼ਮਾਤੀ ਦੇ ਘਰ,
ਤਾਜ਼ੀ ਤਾਜ਼ੀ ਹਵਾ, ਮਿੱਟੀ ਦੀ ਮਹਿਕ,
ਨਾਸਾਂ ਰਾਹੀਂ ਪੀਂਦਾ ਮੈਂ,
ਪਿੰਡ ਆ ਗਿਆ!
ਹਨ੍ਹੇਰਾ ਗੂੜ੍ਹਾ ਹੋ ਗਿਆ ਸੀ,
ਕਿਸੇ ਗਰੀਬ ਦੇ ਪ੍ਰੇਮ ਵਾਂਗ!
ਕੋਈ ਬੱਤੀ ਨਹੀਂ ਜਗ ਰਹੀ ਸੀ!
ਮਨ ਬੜਾ ਹੈਰਾਨ ਹੋਇਆ!
ਬੱਤੀਆਂ ਇਤਨੇ ਸਾਝਰੇ ਹੀ,
ਕਿਉਂ ਬੰਦ ਸਨ?
ਪਿੰਡ ਦੇ ਚੁਰੱਸਤੇ ਵਿਚ ਪੁੱਜਿਆ!
ਲੰਡਰ ਮਡੀਹਰ ਦੀ ਧੂਣੀ ਨਾ ਦਿਸੀ!
ਜਿੱਥੇ ਸਾਰੀ ਸਾਰੀ ਰਾਤ
ਚੜਚੋਹਲੜ ਪੈਂਦੀ ਸੀ!
ਮੈਂ ਕਿਸੇ ਹੋਰ ਪਿੰਡ ਤਾਂ ਨਹੀਂ ਆ ਗਿਆ?
ਪਿੰਡ ਦਾ ਬੋਰਡ ਪੜ੍ਹ ਕੇ,
ਮਨ ਨੂੰ ਤਸੱਲੀ ਕਰਵਾਈ!
ਅੱਗੇ ਕਿਸ਼ਨੋਂ ਭੂਆ ਕੀ ਵੀਹੀ ਵੜ ਗਿਆ,
ਸੁੰਨ ਸਰਾਂ ਸੀ!
ਕੋਈ ਕੁੱਤਾ ਵੀ ਨਹੀਂ ਭੌਂਕ ਰਿਹਾ ਸੀ!
ਅੱਗੋਂ ਕੋਈ ਆਉਂਦਾ ਦਿਖਾਈ ਦਿੱਤਾ,
ਮਨ ਨੇ ਕੁਝ ਧਰਵਾਸ ਫੜਿਆ!
ਉਹ ਨੇੜੇ ਆਇਆ, ਬੁੱਕਲ ਮਾਰੀ ਹੋਈ,
"ਕੌਣ ਐਂ ਬਾਈ?"
ਮੈਂ ਬੜੀ ਅਪਣੱਤ ਨਾਲ ਪੁੱਛਿਆ।
ਕਿਉਂਕਿ ਉਹ 'ਮੇਰੇ' ਪਿੰਡ ਦਾ ਬੰਦਾ ਸੀ!
ਉਹ ਬੋਲਿਆ ਨਹੀਂ, ਖੜ੍ਹਿਆ ਨਹੀਂ,
ਬੱਸ! ਚੱਕਵੇਂ ਪੈਰੀਂ, ਅੱਗੇ ਲੰਘ ਗਿਆ!!
'ਪਛਾਣਿਆਂ ਨਹੀਂ'
ਮੈਂ ਆਪਣੇ ਮਨ ਨੂੰ ਸੰਤੁਸ਼ਟੀ ਕਰਵਾਈ!
'ਨ੍ਹਾਮੋਂ ਦੀ ਭੱਠੀ 'ਤੇ ਚੱਲਦੇ ਆਂ'
ਮੈਂ ਉਤਾਵਲਾ ਹੋਇਆ।
'ਮਡੀਹਰ ਉਥੇ ਬੈਠੀ ਹੋਊ!'
ਮੈਂ ਤੁਰਿਆ ਨਹੀਂ, ਉਡਦਾ,
ਨ੍ਹਾਮੋਂ ਦੀ ਭੱਠੀ 'ਤੇ ਪੁੱਜਾ!
ਭੱਠੀ ਠੰਢੀ ਠਾਰ ਪਈ ਸੀ!
ਕਿਸੇ ਲਾਵਾਰਸ ਲਾਸ਼ ਵਾਂਗ!!
ਜਿਵੇਂ ਕਿਸੇ ਨੇ ਕਦੇ, ਬਾਲੀ ਹੀ ਨਹੀਂ ਸੀ!
ਮੈਂ ਹੈਰਾਨ, ਪਸ਼ੇਮਾਨ ਸਾਂ!
ਕੀ ਹੋ ਗਿਆ ਸਾਡੇ ਸਾਰੇ ਪਿੰਡ ਨੂੰ?
'ਤੇ ਉਠੀ ਲਾਟ ਫਿਰ ਮੇਰੇ ਹੌਂਸਲੇ ਦੀ,
ਤੁਰ ਪਿਆ ਥੜ੍ਹੇ ਵੱਲ!
ਜਿੱਥੇ ਪਿੰਡ ਦੀ ਹਰ 'ਲੁੱਚੀ' ਗੱਲ,
ਕਿਸੇ 'ਖ਼ਬਰ' ਵਾਂਗ ਨਸ਼ਰ ਹੁੰਦੀ ਸੀ!
ਜਿੱਥੇ ਖੇਡਦੇ ਸੀ ਰਾਤ ਨੂੰ ਗੋਲੀਆਂ,
ਸੱਜਣ ਬੱਕਰੀਆਂ ਵਾਲੇ ਦੀ ਲਾਲਟੈਣ ਟੰਗ ਕੇ,
ਕਿਉਂਕਿ, ਪੰਚਾਇਤ ਦੇ ਲੁਆਏ ਹੋਏ ਮੋੜਾਂ 'ਤੇ
ਸਾਂਝੇ ਬੱਲਬ ਤਾਂ
ਮਿਹਰੂ ਅਮਲੀ ਹੀ ਨਹੀਂ ਛੱਡਦਾ ਸੀ!
ਪਿਆ ਸੀ ਸ਼ਾਂਤ ਥੜ੍ਹਾ ਵੀ,
ਕਿਸੇ ਬੇਈਮਾਨ ਦੀ ਕਬਰ ਵਾਂਗ!
ਸਾਰਾ ਪਿੰਡ ਮੂਰਛਤ ਹੋ ਗਿਆ?
ਕੋਈ ਕਾਲ ਪੈ ਗਿਆ??
ਜਾਂ ਕੋਈ ਪਰਲੋਂ ਆ ਗਈ???
ਸੋਚਦਾ ਮੈਂ ਧਰਮਸਾਲਾ ਪਹੁੰਚ ਗਿਆ!
ਜਿੱਥੇ ਖੇਡਦੇ ਸੀ ਬੁੱਢੇ-ਜੁਆਨ ਤਾਸ਼ ਦਿਨ ਰਾਤ,
ਸੀਪ, ਭਾਬੀ-ਦਿਉਰ, ਬਾਦਸ਼ਾਹ-ਕੁੱਟ ਅਤੇ ਦੂਹਰੀ!
ਕੰਧ ਵਿਚਲੀ ਮੋਰੀ ਰਾਹੀਂ ਅੰਦਰ ਤੱਕਿਆ,
ਪੁਲੀਸ ਵਾਲੇ ਬੈਠੇ ਸ਼ਰਾਬ ਪੀ ਰਹੇ ਸਨ!!
ਸਾਡੇ ਪਿੰਡ ਵਿਚ ਪੁਲਸ?
ਪਿੰਡ 'ਚ ਤਾਂ ਪੁਲਸ ਕਦੇ ਵੜੀ ਨਹੀਂ ਸੀ!!
ਇਹ ਕਿੱਦਾਂ??
ਮਨ ਮੁਨੱਕਰ ਸੀ, ਪਰ ਹਕੀਕਤ ਸਾਹਮਣੇ ਸੀ!!
ਦਿਲ ਹਿੱਲ ਗਿਆ!
ਮੈਂ ਡਰੇ ਕੁੱਤੇ ਵਾਂਗ, ਚੱਡਿਆਂ 'ਚ ਪੂਛ ਦੇ ਕੇ,
ਘਰ ਨੂੰ ਤੁਰ ਪਿਆ!
ਮੈਂ ਸੋਚਦਾ ਜਾ ਰਿਹਾ ਸਾਂ,
ਪਰ ਕੋਈ 'ਲੱਲ' ਨਹੀਂ ਲੱਗ ਰਿਹਾ ਸੀ!
"ਬੇਬੇ---!" ਮੈਂ ਅਵਾਜ਼ ਮਾਰੀ।
ਸੋਚਿਆ ਬੇਬੇ 'ਬੁੱਸ-ਬੁੱਸ' ਕਰਦੀ,
ਘੁੱਟ ਲਵੇਗੀ ਮੈਨੂੰ ਆਪਣੀ ਨਿੱਘੀ ਬੁੱਕਲ ਵਿਚ,
ਤੇ ਉਤਾਰ ਦੇਵੇਗੀ,
ਮੇਰੇ ਗੱਡੇ ਵਰਗੇ ਭਾਰੇ ਦਿਮਾਗ ਦਾ ਬੋਝ!
ਉੱਡ ਜਾਵੇਗੀ ਮੇਰੀ ਮਾਨਸਿਕ ਪਰੇਸ਼ਾਨੀ,
ਜੋ ਮੈਂ 'ਯੂਰਪ' 'ਚੋਂ 'ਲੱਦ' ਲਿਆਇਆ ਸਾਂ!
ਤੇ ਹੋ ਜਾਵਾਂਗਾ, ਹੌਲਾ-ਹੌਲਾ ਫੁੱਲ ਵਰਗਾ!!
ਪਰ ਅੰਦਰੋਂ ਤਾਂ ਕੋਈ ਬੋਲਿਆ ਹੀ ਨਹੀਂ ਸੀ!!!
"ਬਾਪੂ---!" ਫਿਰ ਅਵਾਜ਼ ਮਾਰਕੇ ਮੈਂ,
ਆਪਣੇ ਘਰ ਦਾ ਦਰਵਾਜਾ ਪਹਿਚਾਣਿਆਂ!
ਦਰਵਾਜਾ ਉਹੀ ਸੀ! ਮੈਂ ਵੀ ਉਹੀ ਸਾਂ!!
ਪਰ ਸ਼ਾਇਦ 'ਅੰਦਰਲੇ' ਬਦਲ ਗਏ ਸਨ!
ਕਾਫ਼ੀ ਚਿਰ ਬਾਅਦ ਦਰਵਾਜਾ ਖੁੱਲ੍ਹਿਆ,
ਤੇ ਬਾਪੂ ਮੈਨੂੰ 'ਧੂਹ' ਕੇ ਅੰਦਰ ਲੈ ਗਿਆ!
"ਕਮਲਿਆ ਐਨੀ ਨ੍ਹੇਰੇ?"
ਮੈਂ ਚੁੱਪ ਸਾਂ! ਸਤੰਭ ਸਾਂ!!
"ਐਥੈ ਦੁਨੀਆਂ ਦਿਨੇਂ ਤੁਰਨੋਂ ਡਰਦੀ ਐ,
ਤੇ ਤੂੰ--? ਸਿੱਧਰਾ!"
ਮੈਂ ਅਵਾਕ ਤੱਕ ਰਿਹਾ ਸਾਂ।
ਮੈਂ ਸਹਿਮੀ ਬੇਬੇ ਵੱਲ ਤੱਕਿਆ,
"ਸਿੱਖਾਂ ਦੇ ਮੁੰਡੇ ਪੁੱਤ, ਆਟੇ ਦੇ ਦੀਵੇ ਐ!
ਅੰਦਰ ਚੂਹੇ ਤੇ ਬਾਹਰ ਕਾਂ ਨੀ ਛੱਡਦੇ!"
ਬੇਬੇ ਕੀ ਕਹਿ ਰਹੀ ਸੀ?
ਇਹ ਕਮਲੇ ਹੋ ਗਏ??
"ਆਹ 'ਕਾਲੀਆਂ ਦਾ ਜੰਟਾ ਮੁਕਾਬਲੇ 'ਚ ਮਾਰਤਾ!"
ਮੈਂ ਕੀ ਸੁਣ ਰਿਹਾ ਸਾਂ?
ਅਸੀਂ ਗੱਲਾਂ ਕਰਦੇ ਰਹੇ, ਰਜਾਈਆਂ 'ਚ ਮੂੰਹ ਘੁੱਟੀ,
ਹੌਲੀ-ਹੌਲੀ, ਚੋਰਾਂ ਵਾਂਗ, ਆਪਣੇ ਹੀ ਘਰ 'ਚ!
ਗੱਲਾਂ ਕਰਦਿਆਂ ਸਵੇਰ ਹੋ ਗਈ!
ਬੇਬੇ ਨੇ ਚਾਹ ਬਣਾਈ।
"ਅੱਜ ਜੈਬਾ ਨਹੀਂ ਆਇਆ।"
"ਉਹ ਤਾਂ ਨਿੱਤ ਈ ਕੁਬੇਲੇ ਆਉਂਦੈ,
ਅੱਜ ਖਿੱਚਦੈਂ ਉਹਦੇ ਕੰਨ।" ਬਾਪੂ ਬੋਲਿਆ।
"ਬੇਬੇ ਜੈਬਾ ਕੌਣ ਐਂ?"
"ਵੇ ਪੁੱਤ ਆਪਣਾ ਸੀਰੀ ਐ!"
"ਤੇ ਚਾਚਾ ਗਾਮਾਂ ਕਿੱਥੇ ਗਿਆ?"
"ਤੈਨੂੰ ਕੀ-ਕੀ ਦੱਸੀਏ? ਚੁੱਪ ਈ ਭਲੀ ਐ ਪੁੱਤ,
ਆਪਣੇ ਇੰਜਣ ਦਾ ਘੁੱਗੂ ਬਿਲਡ ਕਰਾ ਕੇ,
ਲਈ ਆਉਂਦਾ ਸੀ, ਨਾਕੇ ਆਲਿਆਂ ਨੇ ਰੋਕ ਲਿਆ,
ਤੇ ਘੁੱਗੂ ਈ ਰਫਲ ਬਣਾ ਧਰੀ,
ਅਸਲਾ ਪਾ ਕੇ ਜੇਲ੍ਹ ਤੋਰਤਾ!"
ਮੇਰਾ ਦਿਮਾਗ ਸੁੰਨ ਹੋ ਗਿਆ!
ਚਾਚੇ ਗਾਮੇਂ ਦੀਆਂ ਗੱਲਾਂ ਤੇ ਚੁਟਕਲੇ,
ਮੇਰੇ ਜਿ਼ਹਨ ਵਿਚ ਕਰਨ ਲੱਗੇ,
ਵਰਮੇਂ ਵਾਂਗ ਸੱਲ!
ਜਦ ਮੈਂ ਹੁੰਦਾ ਸਾਂ ਬੱਚਾ,
ਤੇ ਚਾਚਾ ਗਾਮਾਂ (ਸਾਡਾ ਸੀਰੀ)
ਚੁੱਕ ਕੇ ਮੈਨੂੰ ਸਾਡੇ ਪਿੜ ਵਿਚ,
ਹੁੰਦਾ ਸੀ ਗਾਉਂਦਾ,
"ਮੁੰਡਾ ਚੁੱਕ ਲੈ ਵੇ ਦਿਉਰਾ ਭਾਬੀ ਦਾ"
ਉਸ ਹੱਸਦੇ ਦੇ ਚਹਾਕਦੇ ਸੋਨੇ ਦੇ ਦੰਦ!
ਮੈਂ ਪੁੱਛਦਾ,
"ਚਾਚਾ ਤੇਰੇ ਸੋਨੇ ਦੇ ਦੰਦ ਕਿਉਂ ਲੁਆਏ ਐ?"
ਉਸ ਨੇ ਕਰਨੀ ਟਿੱਚਰ, ਘੁਕਣਾ ਅੱਡੀ 'ਤੇ,
ਤੇ ਆਖਣਾ ਵਿਅੰਗਮਈ,
"ਅਸਲੀ ਤੇਰੀ ਚਾਚੀ ਨੇ ਤੋੜਤੇ!"
ਅਸੀਂ ਹੱਸੀ ਜਾਣਾ, ਹੱਸੀ ਜਾਣਾ!
"ਬੇਬੇ ਮੈਂ ਰਾਤ ਸਾਰੇ ਪਿੰਡ 'ਚ ਗੇੜਾ ਦਿੱਤਾ।"
ਤਾਂ ਬੇਬੇ ਨੇ ਵੱਡਾ ਸਾਰਾ "ਬਾਖਰੂ" ਕਿਹਾ!
"ਨਾ ਚੁਰੱਸਤੇ 'ਚ ਨਾ ਭੱਠੀ 'ਤੇ ਕੋਈ ਜੀਅ ਸੀ,
ਤੇ ਧਰਮਸਾਲਾ 'ਚ ਪੁਲਸ ਬੈਠੀ ਸੀ!"
ਤੇ ਬੋਲੀ ਮੇਰੀ ਪੜ੍ਹੀ ਲਿਖੀ, ਪਰ ਬੇਰੁਜ਼ਗਾਰ ਭੈਣ,
"ਵੇ ਵੀਰਾ! ਇੱਥੇ ਤਾਂ ਪਤਾ ਨਹੀਂ ਲੱਗ ਗਈ,
ਕਿਸੇ ਚੰਦਰੇ ਦੀ 'ਹਾਅ', ਚਲੀਆਂ ਗਈਆਂ,
ਰੌਣਕਾਂ ਸਾਥੋਂ ਰੁੱਸ ਕੇ,
ਭਰੇ ਪਏ ਨੇ ਲੋਕਾਂ ਦੇ ਮਨ ਜ਼ਹਿਰ ਨਾਲ!
ਮਾਯੂਸ ਹੋਈ ਪਈ ਐ ਜਨਤਾ,
ਹੁਣ ਤਾਂ ਵੀਰੇ ਭੱਠੀਆਂ 'ਤੇ ਜਾਂ ਤਾਂ ਅੱਤਿਵਾਦੀ,
ਤੇ ਜਾਂ ਪੁਲਸ ਬੈਠਦੀ ਐ! ਹੁਣ ਭੱਠੀਆਂ 'ਚ,
ਗਰਨ੍ਹਿਆਂ ਦੀਆਂ ਤੀਲਾਂ ਨਹੀਂ,
ਲੋਕਾਂ ਦੇ ਹੱਡ ਡਹਿੰਦੇ ਐ!
ਹੁਣ ਭੱਠੀਆਂ 'ਤੇ ਦਾਣੇ ਨਹੀਂ,
ਮਾਨੁੱਖਤਾ ਭੁੰਨੀ ਜਾਂਦੀ ਐ!
ਕੜਾਹੀ ਦੇ ਤਪਦੇ ਰੇਤੇ 'ਚੋਂ ਮੁਰਮਰੇ ਨਹੀਂ,
ਮਾਵਾਂ ਆਪਣੇ ਪੁੱਤਾਂ ਦੇ 'ਫੁੱਲ' ਟੋਲਦੀਐਂ!
ਭੱਠੀ ਦੁਆਲੇ ਹੁਣ ਮਡੀਹਰ ਨਹੀਂ,
ਮਕਾਣਾਂ ਬੈਠਦੀਐਂ!
ਹਾਸੇ ਨਹੀਂ, ਕੀਰਨੇਂ ਸੁਣਦੇ ਐ!
ਬੈਠਦੇ ਨਹੀਂ ਮਨਚੱਲੇ ਚਰੱਸਤੇ ਵਿਚ ਧੂਣੀ ਲਾ ਕੇ,
ਕਿਉਂਕਿ ਚੁਰੱਸਤੇ ਵਿਚ ਤਾਂ ਹੁਣ,
ਕਿਸੇ ਭੈਣ ਦੇ ਵੀਰ ਦਾ,
ਕਿਸੇ ਮਾਂ ਦੇ ਪੁੱਤ ਦਾ,
ਕਿਸੇ ਬੱਚੇ ਦੇ ਪਿਉ ਦਾ,
ਤੇ ਕਿਸੇ ਬਦਕਿਸਮਤ ਦੇ ਸੁਹਾਗ ਦਾ,
ਸਿਵਾ ਸੇਕਿਆ ਜਾਂਦੈ!
ਤੇ ਧਰਮਸਾਲਾ ਵਿਚ
ਉੱਤਰਦੀਆਂ ਨਹੀਂ ਜੰਨਾਂ,
ਲੱਗਦੇ ਨਹੀਂ ਸਪੀਕਰ,
ਹੁੰਦੇ ਨਹੀਂ ਮੁਜਰੇ!
ਇੱਥੇ ਤਾਂ ਵਸਦੇ ਨੇ ਪੁਲਸ ਵਾਲੇ,
ਘੂਕਦੀਆਂ ਨੇ ਜੀਪਾਂ,
ਉੱਤਰਦੇ ਹਨ ਐੱਸ ਪੀ, ਡੀ ਐੱਸ ਪੀ,
ਤੇ ਹੋਰ ਪੁਲਸ ਅਫ਼ਸਰ!
ਉੱਡਦੇ ਨੇ ਹੈਲੀਕਾਪਟਰ!
ਇੱਥੇ ਤਾਂ ਵੀਰਾ!
ਕਿਸੇ ਦੀ ਜਿ਼ੰਦਗੀ-ਮੌਤ ਦੇ ਫ਼ੈਸਲੇ ਲਏ ਜਾਂਦੇ ਐ!!

No comments: