Friday, July 20, 2007

ਨਜ਼ਮ: ਮਾਂ ਅਤੇ ਧੀ

ਮਾਂ ਅਤੇ ਧੀ
'ਸਕੈਨਿੰਗ' ਕਰਵਾਉਣ ਤੋਂ ਬਾਅਦ, ਗਰਭਪਾਤ ਦੀ ਰਾਤ ਨੂੰ ਕੁੱਖ ਵਿਚ ਪਲਦੀ
ਧੀ-ਧਿਆਣੀ ਅਤੇ ਹੇਰਵੇ-ਵੱਸ ਮਾਂ ਦੇ ਬਚਨ-ਬਿਲਾਸ

ਧੀ:>> ਚੁੱਪ-ਚਾਪ ਤੂੰ ਕਾਹਤੋਂ ਪਈ ਮਾਂ
ਧੀ ਨਾਲ ਕਿਉਂ ਨਹੀਂ ਕਰਦੀ ਗੱਲ?
ਇਸ ਜ਼ਮਾਨੇ ਵਾਂਗਰ ਤੈਨੂੰ,
ਵੀ ਤਾਂ ਨਹੀਂ ਕੋਈ ਚੜ੍ਹ ਗਿਆ ਝੱਲ?

ਮਾਂ:>> ਧੀਏ ਵੱਸ ਨਹੀਂ ਮਾਂ ਤੇਰੀ ਦੇ
ਬੱਚੀ ਕਰ ਦੇਈਂ ਮੈਨੂੰ ਮਾਫ਼
ਪਤਾ ਨਹੀਂ ਧੀ ਨੂੰ ਮੇਰੀ ਬੱਚੀ!
ਕਿਹੜੇ ਯੁੱਗ ਵਿਚ ਮਿਲੂ ਇਨਸਾਫ਼?
ਮਾਂ ਨੂੰ ਧੀਏ ਮਾਫ਼ ਕਰੀਂ ਤੂੰ
ਵੱਸ ਰਿਹਾ ਨਾ ਬੱਚੀ ਮੇਰੇ
ਐਹੋ ਜਿਹੇ ਬੇਰਹਿਮਾਂ ਦੇ ਘਰ
ਮੁੜ ਨਾ ਧੀਏ ਪਾਵੀਂ ਫੇਰੇ

ਧੀ:>> ਮਾਏ ਦਿਲ ਕਿਉਂ ਛੋਟਾ ਕੀਤਾ
ਦੁੱਖ ਤੇਰਾ ਮੈਂ ਸਮਝਾਂ
ਮੂੰਹ ਦੇ ਮਿੱਠੇ, ਦਿਲ ਦੇ ਖੋਟੇ
ਕੀ ਸਮਝਣ ਇਹ ਰਮਜ਼ਾਂ
ਰੀਤ ਬਿਪਰ ਦੀ ਇਹਨਾਂ ਪਕੜੀ
ਬੁੱਝਦੇ ਨਾ ਪੜ੍ਹੇ ਅੱਖਰ
ਤਾਂ ਹੀ ਧੀ-ਧਿਆਣੀ ਨੂੰ ਮਾਂ!
ਆਖ ਬੁਲਾਉਂਦੇ ਪੱਥਰ

ਮਾਂ:>> ਗੁਰੂ ਦੇ ਪੈਰੋਕਾਰ ਕਹਾਉਂਦੇ
ਕੁੜੀ-ਮਾਰ ਨੇ ਬਣਦੇ
ਨੜੀ-ਮਾਰ ਸੰਗ ਵਰਤਣ ਇਹੇ
ਗੱਲ ਕਰਦੇ ਨਾ ਸੰਗਦੇ
ਫ਼ੋਕੀਆਂ ਟਾਹਰਾਂ ਮਾਰਨ ਵਾਲੇ
ਧੀ ਤੋਂ ਕਿਉਂ ਕੰਨੀ ਕਤਰਾਉਂਦੇ?
ਵੱਡੇ ਬੁੱਧੀਜੀਵੀ ਬਣਕੇ
ਫਿਰ ਵੀ ਫ਼ੋਕੇ ਨਾਅਰੇ ਲਾਉਂਦੇ!

ਧੀ:>> ਬਦਲ ਗਏ ਜ਼ਮਾਨੇ ਮਾਏ!
ਬਦਲ ਗਈਆਂ ਤਕਨੀਕਾਂ
ਪਹਿਲਾਂ ਕੁੱਜੇ ਪਾ ਦੱਬਦੇ ਸੀ
ਹੁਣ ਮੁੱਕ ਗਈਆਂ ਉਡੀਕਾਂ
ਹੁਣ ਟੀਕਾ ਲਗਵਾ ਕੇ ਇਕ ਮਾਂ!
ਕਰਦੇ ਖ਼ਤਮ ਕਹਾਣੀ
ਆਤਮਘਾਤੀ ਜਗਤ ਕਸਾਈ
ਕਹੇ ਗੁਰੂ ਦੀ ਬਾਣੀ

ਮਾਂ:>> ਜੰਮਦੀ ਧੀ ਨੂੰ 'ਫ਼ੀਮ ਦੀ ਗੋਲੀ
ਮਿਲਦੀ ਸੀਗੀ ਗੁੜ੍ਹਤੀ
ਹੁਣ ਤਾਂ ਕੁੱਖ ਦੇ ਵਿਚ ਹੀ ਧੀਏ
ਲਾਉਂਦੇ ਨੇ ਇਕ ਫ਼ੁਰਤੀ
ਦੱਸੇ ਡਾਕਟਰ ਕਰ 'ਸਕੈਨਿੰਗ'
ਬਹੁੜੂ ਧੀ-ਧਿਆਣੀ
ਵੱਡੇ ਨੱਕਾਂ ਵਾਲੇ ਆਖਣ
ਕਰ ਦਿਓ ਖ਼ਤਮ ਕਹਾਣੀ
ਪੈਂਤੀ ਸੌ ਜਦ ਡਾਕਟਰ ਮੰਗੇ
ਕਹਿੰਦੇ ਸਸਤਾ ਸੌਦਾ
ਵਿਆਹ 'ਤੇ ਤਾਂ ਕਈ ਲੱਖ ਲੱਗੂਗਾ
ਚਲੋ ਬਣਗੀਆਂ ਮੌਜਾਂ

ਧੀ:>> ਦਾਜ ਦੀ ਲਾਹਣਤ ਜੇ ਨਾ ਹੁੰਦੀ
ਕੋਈ ਨਾ ਕਹਿੰਦਾ ਧੀ ਨੂੰ ਮਾੜੀ
ਧੀ ਵੀ ਰੰਗਲਾ ਜੱਗ ਦੇਖਦੀ
ਮਾਂ ਨਾ ਪਿੜਦੀ ਵਿਚ ਘੁਲਾੜੀ
ਯਾਦ ਨਾ ਰੱਖਣ ਮਾਂ ਗੁਜਰੀ ਨੂੰ
ਮਾਈ ਭਾਗੋ ਨੂੰ ਭੁੱਲ ਤੁਰੇ ਨੇ
ਜਿ਼ਦ ਇਕ, ਧੀ ਨਹੀਂ ਜੰਮਣ ਦੇਣੀ
ਕਰਨ ਇਹ ਦੀਵਾ ਗੁੱਲ ਤੁਰੇ ਨੇ

ਮਾਂ:>> ਦਰੋਪਦੀ, ਸੀਤਾ, ਦੁਰਗਾ ਮਾਤਾ,
ਦੱਸ ਖਾਂ ਮੀਰਾਂ ਕੁੜੀ ਨਹੀਂ ਸੀ?
ਦਮਯੰਤੀ ਤੇ ਨੈਣਾ ਦੇਵੀ,
ਔਰਤ ਦੇ ਨਾਲ ਜੁੜੀ ਨਹੀਂ ਸੀ?
ਰਾਣੀ ਝਾਂਸੀ, ਪਾਰਵਤੀ ਨੂੰ
ਮਾਤਾ-ਮਾਤਾ ਆਖਣ ਵਾਲੇ
ਉਪਰੋਂ ਦੁੱਧ ਧੋਤੇ ਇਹ ਲੱਗਣ
ਪਰ ਨੇ ਅੰਦਰੋਂ ਦਿਲ ਦੇ ਕਾਲੇ

ਧੀ:>> ਸਹਸ ਸਿਆਣਪਾਂ ਲੱਖ ਜੇ ਹੋਵਣ
ਇਕ ਨਾ ਚੱਲੇ ਨਾਲ ਨੀ ਮਾਏ!
ਰਾਜੇ-ਰਾਣੇ ਜੰਮਣ ਵਾਲੀ
ਖ਼ੁਦ ਕਿਉਂ ਫਿਰੇ ਕੰਗਾਲ ਨੀ ਮਾਏ?
ਜਨਨੀ ਜੰਮਦੀ ਭਗਤ-ਜਨ ਤੇ,
ਕੈ ਦਾਤਾ ਕੈ ਸੂਰ ਨੀ ਮਾਏ!
ਜੱਗ-ਜਨਨੀ ਨੂੰ ਪੈਂਦੇ ਧੱਕੇ
ਇਹ ਕੈਸਾ ਦਸਤੂਰ ਨੀ ਮਾਏ?

ਮਾਂ:>> ਕਲਯੁਗ ਰਥ ਹੈ ਅਗਨ ਦਾ ਧੀਏ!
ਕੂੜ ਅੱਗੇ ਰਥਵਾਨ ਹੈ ਇਹਦਾ
ਇਹ ਜੱਗ ਤਾਂ ਗਰਕਣ 'ਤੇ ਆਇਆ
ਰਾਖਾ ਉਹ ਭਗਵਾਨ ਹੈ ਇਹਦਾ
ਮਰਦ-ਪ੍ਰਧਾਨ ਸਮਾਜ ਦੇ ਅੱਗੇ
ਨਾ ਤੇਰਾ, ਨਾ ਜੋਰ ਹੈ ਮੇਰਾ
ਮਰਦ ਦਾ ਭਾਣਾ ਮੰਨ ਕੇ ਧੀਏ!
ਅੱਗੇ ਕਰ ਕੋਈ ਰੈਣ-ਬਸੇਰਾ

ਧੀ:>> ਚੱਲ ਮਾਂ, ਚੱਲ ਹੁਣ ਸੌਂ ਜਾ, ਚੁੱਪ ਕਰ
ਦਿਲ ਦੁਖੀ ਕਿਉਂ ਡਾਢਾ ਕਰਿਆ?
ਸੰਯੋਗ ਵਿਯੋਗ ਦੋਇ ਕਾਰ ਚਲਾਵੈ
ਲੇਖੇ ਆਉਂਦੈ ਭਾਗ ਨੀ ਅੜਿਆ
ਸ਼ਕਲ ਤੇਰੀ, ਨਾ ਸੂਰਤ ਦੇਖੀ
ਪੈਂਦੇ ਦਿਲ ਵਿਚ ਹੌਲ ਨੀ ਮਾਏ!
ਚਿੜੀਆਂ ਦਾ ਮਰਨ, ਗਵਾਰਾਂ ਦਾ ਹਾਸਾ
ਧੀਆਂ ਬਣਨ ਮਖੌਲ ਨੀ ਮਾਏ!

ਮਾਂ:>> ਧੀਏ! ਕਿਹੜਾ ਨੀਂਦ ਹੈ ਆਉਣੀ
ਦਿਲ ਮੇਰਾ ਤੇਰੇ ਵਿਚ ਧੜਕੇ
ਆਤਮਾ ਲਹੂ-ਲੁਹਾਣ ਹੋਊ ਮੇਰੀ
ਜਦ ਤੁਰਜੇਂਗੀ ਵੱਡੇ ਤੜਕੇ
ਧੀਆਂ ਬਾਝੋਂ ਮਾਂ ਦੇ ਦੁੱਖ ਦੱਸ
ਮੇਰੀਏ ਬੱਚੀਏ ਕਿਹੜਾ ਸੁਣਦਾ
ਕੂਕ-ਕੂਕ ਕੇ ਕਿਸ ਨੂੰ ਦੱਸਾਂ
ਮਰਦ ਫਿਰੇ ਕੀ ਤਾਣੇ ਬੁਣਦਾ

0 0 0 0 0

ਵੱਡੇ ਤੜਕੇ ਮਾਂ ਦੀ ਆਂਦਰ
ਬੇਰਹਿਮੀ ਨਾਲ ਕੱਢ ਕੇ ਮਾਰੀ
ਬਾਪ ਦੇ ਸਿਰ ਤੋਂ 'ਬੋਝ' ਲੱਥ ਗਿਆ
ਮਾਂ ਦੇ ਸੀਨੇ ਚੱਲ ਗਈ ਆਰੀ
ਅਣਜੰਮੀ ਧੀ ਵਿਦਾਅ ਹੋ ਗਈ
'ਜੱਗੀ' ਮਾਂ ਵਿਲਕੇ ਕੁਰਲਾਵੇ
'ਕੁੱਸੇ ਪਿੰਡ' ਦੇ ਵਿਚ ਉਏ ਰੱਬਾ!
ਐਹੋ ਜਿਹੀ ਆਫ਼ਤ ਨਾ ਆਵੇ!!

No comments: