-ਮੈਨੂੰ ਵਿਸ਼ਵਾਸ਼ ਹੈ
ਤੂੰ ਲੱਭਦੀ ਰਹੀ ਹੋਵੇਂਗੀ
ਮੇਰੀ ਸੂਰਤ ਥਾਂ ਥਾਂ!
ਤੱਕਦੀ ਰਹੀ ਹੋਵੇਂਗੀ,
ਮੇਰੇ ਪਿੰਡ ਦੇ ਰਸਤੇ!
ਦੇਖਦੀ ਰਹੀ ਹੋਵੇਂਗੀ,
ਮੇਰੇ ਪਿੰਡ ਦੀਆਂ ਬੱਸਾਂ!
ਉਡੀਕਦੀ ਰਹੀ ਹੋਵੇਂਗੀ,
ਮੇਰੇ ਪੈਰਾਂ ਦੀ ਚਾਲ!
ਪੁੱਛਦੀ ਰਹੀ ਹੋਵੇਂਗੀ,
ਮੇਰੇ ਹਾਣੀਆਂ ਤੋਂ,
ਮੇਰਾ ਥਾਂ ਟਿਕਾਣਾ!
ਕਦੇ ਰੋਈ ਵੀ ਹੋਵੇਂਗੀ ਜ਼ਰੂਰ,
ਮੈਨੂੰ ਯਾਦ ਕਰਕੇ?
ਸੋਚਿਆ ਵੀ ਹੋਵੇਗਾ,
ਕਿ ਮੈਂ ਖੁਦਗਰਜ਼ ਹਾਂ?
ਮੇਰੇ ਤੁਰ ਜਾਣ ਤੋਂ ਬਾਅਦ,
ਉਦਾਸੀ ਨੇ ਸਾੜੀਆਂ ਹੋਣਗੀਆਂ,
ਤੇਰੇ ਦਿਲ ਦੀਆਂ ਬਰੂਹਾਂ!
ਸੁਲਗਦਾ ਰਿਹਾ ਹੋਵੇਗਾ,
ਕੋਈ ਲਾਵਾ,
ਤੇਰੀ ਛਾਤੀ ਅੰਦਰ!
ਫ਼ੱਟੜ ਹੋਏ ਹੋਣਗੇ,
ਤੇਰੇ ਅਰਮਾਨ!
ਕਈ ਆਪਣਿਆਂ ਨਾਲ,
ਕਰਦੀ ਰਹੀ ਹੋਵੇਂਗੀ,
ਦੁੱਖ ਸਾਂਝਾ!
ਚੁੰਮਦੀ ਰਹੀ ਹੋਵੇਂਗੀ
ਬੱਚਿਆਂ ਨੂੰ,
ਮੇਰੇ ਹੀ ਬਹਾਨੇ!
ਰੋਜ਼ਾਨਾ ਦੀ ਡਾਕ ਵਿਚ
ਉਡੀਕਦੀ ਰਹੀ ਹੋਵੇਂਗੀ,
ਮੇਰਾ ਹੀ ਖ਼ਤ!
ਲੱਭਦੀ ਰਹੀ ਹੋਵੇਂਗੀ
ਟਿੱਬਿਆਂ ਵਿਚ, ਸੱਸੀ ਵਾਂਗ,
ਮੇਰੀ ਹੀ ਪੈੜ!
ਤੂੰ ਵਿਸ਼ਵਾਸ਼ ਕਰੀਂ,
ਮੈਂ ਜ਼ਰੂਰ ਆਵਾਂਗਾ!!
ਫਿਰ ਸਕੂਲ ਵਾਲੀ
ਉਸੇ ਗਲੀ ਵਿੱਚੋਂ,
ਹਾਸਿਆਂ ਦੀਆਂ ਪੌਣਾਂ ਵਗਣਗੀਆਂ!
ਗਾਵੇਗਾ ਤੇਰੇ ਘਰ ਦੇ ਵਿਹੜੇ ਦਾ,
ਉਹੀ ਦਰੱਖਤ!
ਤੇਰਾ ਭੋਲਾ ਜਿਹਾ ਦਿਲ
ਫਿਰ ਚਾਂਭੜ੍ਹਾਂ ਮਾਰੇਗਾ!
ਮੈਨੂੰ ਅਚਾਨਕ ਦੇਖ,
ਖਿੜ ਉਠੇਗਾ ਤੇਰਾ ਹੁਸੀਨ ਚਿਹਰਾ!
ਤੇਰੇ ਪੰਖੜੀਆਂ ਬੁੱਲ੍ਹ,
ਫਿਰ ਮੁਸਕਰਾਉਣਗੇ!
ਤੇਰੇ ਨੈਣ ਭਰਨਗੇ
ਘੁੱਟਾਂ ਮੋਹ ਭਰੀਆਂ!
ਪਰ ਇੱਕ ਗੱਲ ਸੀਨਾ ਚੀਰੇਗੀ ਤੇਰਾ!
ਕਿ ਮੈਂ ਸ਼ਾਦੀ ਸੁ਼ਦਾ,
ਬੱਚਿਆਂ ਦਾ ਬਾਪ ਹਾਂ!!
ਕਿਸੇ ਬੇਕਿਰਕ ਅੰਗਿਆਰ ਵਾਂਗ
ਦੁਨੀਆਂ ਇਹ ਨਹੀਂ ਤੱਕਦੀ,
ਕਿ ਫੁੱਲ ਪੱਤੀਆਂ
ਕਿੰਨੇ ਕੋਮਲ ਅਤੇ ਨਾਜ਼ੁਕ ਹਨ!
ਆਖਰ ਪੱਤੀਆਂ ਨੂੰ
ਸੜਨਾ ਹੀ ਕਿਉਂ ਪੈਂਦਾ ਹੈ?
ਸ਼ਾਇਦ ਆਪਣੀ ਵੀ ਕਿਸਮਤ
ਇਹੋ ਜਿਹੀ ਹੀ ਹੈ!!
ਇੱਕੋ ਬਾਗ ਵਿਚ ਖਿੜੇ ਫੁੱਲ,
ਆਪਣੀ ਕਿਸਮਤ,
ਕਿਉਂ ਵੱਖੋ ਵੱਖਰੀ ਲਿਖਾ ਕੇ ਲਿਆਉਂਦੇ ਹਨ?
ਕੋਈ ਅਰਥੀ 'ਤੇ ਸੁੱਟਿਆ ਜਾਂਦਾ ਹੈ!
ਕੋਈ ਰੱਬ ਦੀ ਹਜ਼ੂਰੀ ਵਿਚ ਚੜ੍ਹਦਾ ਹੈ!
ਕੋਈ ਲਾੜੇ ਦੇ ਗਲ ਦਾ ਸਿ਼ੰਗਾਰ ਬਣਦਾ ਹੈ!
ਕੋਈ ਕਿਸੇ ਬੁੱਤ 'ਤੇ ਟੰਗਿਆ ਜਾਂਦਾ ਹੈ!
ਕੋਈ ਤੋੜ ਕੇ,
ਖੁਸ਼ਬੂ ਲੈ ਕੇ,
ਸੁੱਟ ਦਿੱਤਾ ਜਾਂਦਾ ਹੈ!
ਬੇਕਿਰਕ ਲੋਕਾਂ ਦੇ ਪੈਰਾਂ ਹੇਠ ਮਿੱਧਣ ਲਈ!!
ਹੁੰਦੇ ਤਾਂ ਸਾਰੇ ਫੁੱਲ ਹੀ ਨੇ,
ਇੱਕੋ ਬਾਗ ਵਿਚ ਪੈਦਾ ਹੋਏ!!!
No comments:
Post a Comment