Sunday, July 22, 2007

ਕਹਾਣੀ: ਤੇ ਧਰਤੀ ਰੋ ਪਈ

ਤੇ ਧਰਤੀ ਰੋ ਪਈ
(ਕਹਾਣੀ)

-"ਉਏ ਉਠਿਆ ਨ੍ਹੀ ਸ਼ੇਰ ਬੱਗਿਆ ਅਜੇ? ਸੂਰਜ ਸਿਰ 'ਤੇ ਆਇਆ ਪਿਐ!" ਸੈਟੀ 'ਤੇ ਪਏ ਬਾਬੇ ਮੀਹਾਂ ਸਿੰਘ ਨੇ ਆਪਣੇ ਪੋਤੇ ਸਿਮਰਨ ਨੂੰ ਅਵਾਜ਼ ਦਿੱਤੀ। ਪਰ ਉਪਰੋਂ ਕੋਈ ਉੱਤਰ ਨਾ ਆਇਆ।
ਅੱਜ ਐਤਵਾਰ ਦਾ ਦਿਨ ਸੀ। ਬਾਬੇ ਦੀ ਨੂੰਹ ਜਸਮੇਲ ਕੌਰ ਅਤੇ ਪੁੱਤ ਪਰਮਜੀਤ ਵੀ ਅਜੇ ਸੁੱਤੇ ਪਏ ਸਨ। ਬੇਬੇ (ਦਾਦੀ) ਸੰਤ ਕੌਰ ਰਸੋਈ ਵਿਚ ਬਾਬੇ ਲਈ ਚਾਹ ਬਣਾ ਰਹੀ ਸੀ। ਬਾਬਾ ਸੋਫ਼ੇ 'ਤੇ ਪਿਆ ਕੀਰਤਨ ਦੀ ਕੈਸਿਟ ਸੁਣ ਰਿਹਾ ਸੀ।
-"ਉਏ ਸਿਮਰਨ ਸਿਆਂ! ਆ ਬਈ ਸ਼ੇਰਾ ਹੇਠਾਂ-ਸਿਮਰਨ ਕਰੀਏ!" ਬਾਬੇ ਨੇ ਫਿਰ ਹਾਕ ਮਾਰੀ।
-"ਪਿਆ ਰਹਿਣ ਦੇ ਜੁਆਕ ਨੂੰ! ਤੇਰੀ ਲੁਤਰੋ ਅੰਦਰ ਕਿਉਂ ਨ੍ਹੀ ਵੜਦੀ? ਫੇਰ ਸ਼ਲੋਕ ਸੁਣ ਕੇ ਚੁੱਪ ਕਰੇਂਗਾ ਈ?" ਸੰਤ ਕੌਰ ਨੇ ਬਾਬੇ ਨੂੰ ਹਰਖ਼ ਕੇ ਕਿਹਾ।
-"ਲੈ ਹੈ! ਲੁਤਰੋ ਨ੍ਹੀ ਅੰਦਰ ਵੜਦੀ-ਸੰਤ ਕੁਰੇ ਜੇ ਮੈਂ ਆਬਦੇ ਸ਼ੇਰ ਨੂੰ ਮਿਲਟ ਨਾ ਦੇਖਾਂ-ਮੇਰੇ ਹੌਲ ਪੈਣ ਲੱਗ ਪੈਂਦੇ ਐ-ਉਹਦਾ ਸਹੁਰੀ ਦਾ ਕੀ ਐ? ਦੋ ਮਿਲਟ ਮੂੰਹ ਹਿਲਾ ਕੇ ਹਟਜੂਗੀ।" ਬਾਬੇ ਨੇ ਬੇਪ੍ਰਵਾਹ ਹੋ ਕੇ ਉੱਤਰ ਦਿੱਤਾ।
ਬਾਬੇ ਦੀ ਨੂੰਹ ਜਸਮੇਲ ਕੌਰ ਬਹੁਤੀ ਹੀ ਅੱਖੜ ਸੁਭਾਅ ਦੀ ਮਾਲਕ ਸੀ। ਅੰਤਾਂ ਦੀ ਕੱਬੀ! ਅੱਖ ਦੀ ਬੇਈਮਾਨ! ਬਜ਼ੁਰਗਾਂ ਦੀ ਇੱਜ਼ਤ ਕਰਨੀ ਤਾਂ ਉਸ ਨੇ ਸਿੱਖੀ ਹੀ ਨਹੀਂ ਸੀ। ਉਹ ਹਮੇਸ਼ਾ ਸੱਸ-ਸਹੁਰੇ ਨੂੰ ਕਿਸੇ ਨਾ ਕਿਸੇ ਗੱਲੋਂ ਟੋਕਦੀ ਰਹਿੰਦੀ। ਬੇਇੱਜ਼ਤੀ ਕਰਦੀ ਰਹਿੰਦੀ। ਪਰ ਬਾਬਾ ਅਤੇ ਬੇਬੇ ਆਪਣੇ ਪੁੱਤ-ਪੋਤੇ ਦਾ ਖਿਆਲ ਕਰਕੇ ਆਪਣੀ ਹਰ ਬੇਇੱਜ਼ਤੀ ਨੂੰ ਅੱਖੋਂ-ਪਰੋਖੇ ਕਰ ਛੱਡਦੇ। ਬਾਬੇ ਅਤੇ ਬੇਬੇ ਦੀ ਆਪਣੇ ਦਿਲਾਂ ਅੰਦਰ ਹੀ ਇਕ ਛੋਟੀ ਜਿਹੀ ਦੁਨੀਆਂ ਵਸਾਈ ਹੋਈ ਸੀ। ਜਿਤਨੇ ਨੂੰਹ ਬੇਇੱਜ਼ਤੀ ਕਰ ਕੇ ਦਿਲਾਂ 'ਤੇ ਜ਼ਖਮ ਕਰਦੀ, ਉਤਨੀ ਹੀ ਪੋਤਾ ਸਿਮਰਨ ਆਪਣੀਆਂ ਨਿੱਕੀਆਂ-ਨਿੱਕੀਆਂ, ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਮੋਹ ਦੀ ਮੱਲ੍ਹਮ ਜ਼ਖਮਾਂ 'ਤੇ ਲਾ, ਰਾਜ਼ੀ ਕਰ ਦਿੰਦਾ। ਬਾਬਾ ਅਤੇ ਬੇਬੇ ਫਿਰ ਸਾਂਅਵੇਂ ਜਿਹੇ ਹੋ ਤੁਰਦੇ। ਬੇਬੇ ਸੰਤ ਕੌਰ ਦਿਲੋਂ ਚਾਹੁੰਦੀ ਹੋਈ ਵੀ ਪੋਤੇ ਨੂੰ ਬਹੁਤਾ ਪਿਆਰ ਨਾ ਕਰ ਸਕਦੀ।
ਬਾਬੇ ਦਾ ਮੁੰਡਾ ਪਰਮਜੀਤ ਪੜ੍ਹਿਆ ਲਿਖਿਆ, ਪਰ ਸਿੱਧ-ਪੱਧਰਾ ਇਨਸਾਨ ਸੀ। ਆਪਣੇ ਮਾਂ-ਬਾਪ ਜਾਂ ਫਿਰ ਬਘਿਆੜ੍ਹੀ ਪਤਨੀ ਅੱਗੇ ਉਹ ਹੁਣ ਤੱਕ ਨਹੀਂ ਬੋਲਿਆ ਸੀ। ਕਲੇਸ਼ ਤੋਂ ਅੰਤਾਂ ਦਾ ਕਤਰਾਉਣ ਵਾਲਾ ਬੰਦਾ ਸੀ ਪਰਮਜੀਤ! ਜਦੋਂ ਉਸ ਦੀ ਪਤਨੀ ਬੇਬੇ-ਬਾਪੂ ਨੂੰ ਅਵਾ-ਤਵਾ ਬੋਲਦੀ ਤਾਂ ਉਹ ਉਹਨਾਂ ਨੂੰ ਹਾਲਾਤਾਂ ਦੇ ਰਹਿਮ 'ਤੇ ਹੀ ਛੱਡ ਦਿੰਦਾ, ਵਿਚ ਕਦੇ ਦਖਲ ਨਾ ਦਿੰਦਾ। ਉਸ ਨੂੰ ਚੁੱਪ ਜਿਹਾ ਦੇਖ ਕੇ ਬੇਬੇ, ਜਸਮੇਲ ਕੌਰ ਦੇ ਕੰਮ 'ਤੇ ਜਾਣ ਤੋਂ ਬਾਅਦ ਆਖਦੀ;
-"ਤੂੰ ਪੁੱਤ ਕੋਈ ਗੱਲ ਦਿਲ 'ਤੇ ਨਾ ਲਾਇਆ ਕਰ-ਸਾਨੂੰ ਤਾਂ ਜਸਮੇਲ ਕੁਰ ਦੀ ਕਿਸੇ ਗੱਲ ਦਾ ਜਮਾਂ ਈ ਗੁੱਸਾ ਨ੍ਹੀ ਆਉਂਦਾ।"
-"ਫੇਰ ਵੀ ਭਾਈ ਸਾਡੀ ਨੂੰਹ ਐਂ-ਜੇ ਦੋ ਆਖ ਵੀ ਜਾਂਦੀ ਐ-ਫੇਰ ਕੀ ਐ?" ਬਾਪੂ ਨਾ ਚਾਹੁੰਦਾ ਹੋਇਆ ਵੀ ਸੰਤ ਕੌਰ ਮਗਰ ਵੋਟ ਪਾਉਂਦਾ। ਉਹ ਸੋਚਦੇ ਸਨ ਕਿ ਬੰਦਾ ਹਰਖ਼ ਦਾ ਮਾਰਿਆ ਨਰਕ ਪੈ ਜਾਂਦੈ। ਕਿਤੇ ਗੁੱਸੇ ਵਿਚ ਆ ਕੇ ਪਰਮਜੀਤ ਕੁਛ ਕਰ ਨਾ ਲਵੇ!
-"ਬੇਬੇ ਮੈਂ ਤਾਂ ਇਸ ਬੁੱਚੜ ਤੀਮੀਂ ਨਾਲ ਸ਼ਾਦੀ ਕਰਕੇ ਫ਼ਸ ਗਿਆ-ਬੁੜ੍ਹਾਪੇ 'ਚ ਦੇਣਾ ਤਾਂ ਮੈਂ ਥੋਨੂੰ ਸੁਖ ਸੀ-ਪਰ ਤੁਸੀਂ ਤਾਂ ਮੇਰੇ ਨਾਲੋਂ ਵੀ ਜਿ਼ਆਦਾ ਨਰਕ ਭਰੀ ਜਾਨੇ ਐਂ!" ਪਰਮਜੀਤ ਕਦੇ-ਕਦੇ ਮੂੰਹ ਖੋਲ੍ਹਦਾ। ਬਹੁਤਾ ਬੋਲਣ ਦੀ ਉਸ ਨੂੰ ਸ਼ੁਰੂ ਤੋਂ ਹੀ ਆਦਤ ਨਹੀਂ ਸੀ। ਆਦਤ ਅਨੁਸਾਰ ਉਹ ਮੁੱਲ ਦਾ ਹੀ ਬੋਲਦਾ।
-"ਕਾਹਦਾ ਨਰਕ? ਹੈ ਕਮਲਾ! ਅਸੀਂ ਖਾਨੇ ਐਂ-ਪੀਨੇ ਐਂ-ਪੋਤੇ ਨਾਲ ਪਰਚਦੇ ਐਂ-ਐਸ਼ ਕਰਦੇ ਐਂ।" ਬੇਬੇ ਅੰਦਰੋਂ ਦੁਖੀ, ਪਰ ਬਾਹਰੋਂ ਪੋਚੇ ਮਾਰਦੀ।
-"ਨਾਲੇ ਸ਼ੇਰਾ-ਸੰਜੋਗ ਵਿਜੋਗ ਦੋਇ ਕਾਰ ਚਲਾਵੈ-ਲੇਖੇ ਆਵੈ ਭਾਗ।" ਬਾਪੂ ਗੁਰਬਾਣੀ ਦੀ ਉਦਾਹਰਣ ਦਿੰਦਾ। ਬਾਪੂ ਨੇ ਅਕਾਲੀਆਂ ਨਾਲ ਰਲ ਕੇ ਮੋਰਚੇ ਲਾਏ ਸਨ। ਮਾਸਟਰ ਤਾਰਾ ਸਿੰਘ ਦੇ ਸੰਪਰਕ ਵਿਚ ਆ ਕੇ ਗ੍ਰਿਫ਼ਤਾਰੀਆਂ ਦਿੱਤੀਆਂ। ਫਿਰ ਉਸ ਤੋਂ ਬਾਅਦ ਸੰਤ ਫ਼ਤਹਿ ਸਿੰਘ ਦੇ ਦਲ ਵਿਚ ਰਲ ਕੇ ਜੇਲ੍ਹ ਕੱਟੀ। ਗੱਲ ਕੀ? ਪੰਜਾਬ ਦੇ ਹਰ ਮੋਰਚੇ ਵਿਚ ਭਾਗ ਲਿਆ। ਪੁਲੀਸ ਦਾ ਤਸ਼ੱਦਦ ਸਹਿਆ। ਪਰ ਜੱਦੋਜਹਿਦ ਨਾ ਛੱਡੀ। ਪਰ ਆਸਟਰੀਆ ਆ ਕੇ ਪੁਰਾਣਾ ਘੁਲਾਟੀਆ ਮੀਹਾਂ ਸਿੰਘ ਨੂੰਹ ਅੱਗੇ ਹਥਿਆਰ ਸੁੱਟ ਗਿਆ ਸੀ।
ਜਸਮੇਲ ਕੌਰ ਗਿਆਰਾਂ ਕੁ ਸਾਲ ਦੀ ਹੀ ਆਪਣੀ ਮਾਂ ਨਾਲ ਆਸਟਰੀਆ ਆ ਗਈ ਸੀ। ਬਾਪ ਉਸ ਦਾ ਪਹਿਲਾਂ ਹੀ ਪੱਕੇ ਤੌਰ 'ਤੇ ਇੱਥੇ ਵਸਿਆ ਹੋਇਆ ਸੀ। ਖੁੱਲ੍ਹਾ-ਡੁੱਲ੍ਹਾ ਆਪਣਾ ਮਕਾਨ ਸੀ। ਚੰਗੀ ਨੌਕਰੀ ਅਤੇ ਚੰਗੀ ਆਮਦਨ ਸੀ। ਰਹਿੰਦੀ ਪੜ੍ਹਾਈ ਜਸਮੇਲ ਕੌਰ ਨੇ ਇੱਥੇ ਆ ਕੇ ਪੂਰੀ ਕੀਤੀ। ਇੰਗਲਿਸ਼ ਅਤੇ ਜਰਮਨ ਭਾਸ਼ਵਾਂ ਸਿੱਖੀਆਂ। ਦੋ ਕੰਪਿਊਟਰ ਕੋਰਸ ਅਤੇ ਹੋਟਲ ਮੈਨੇਜਮੈਂਟ ਦਾ ਕੋਰਸ ਕਰ ਕੇ ਉਹ ਇਕ ਫ਼ਾਈਵ-ਸਟਾਰ ਹੋਟਲ ਵਿਚ 'ਫ਼ੂਡ ਐਂਡ ਬੈਵਰੇਜ਼ ਮੈਨੇਜਰ' ਲੱਗ ਗਈ।
ਪਰਮਜੀਤ ਇੰਡੀਆ ਵਿਚ ਹੀ ਹਿਸਟਰੀ ਦੀ ਐੱਮ ਏ ਅਤੇ ਫਿਰ ਬੀ ਐੱਡ ਕਰਕੇ ਕਿਸੇ ਪ੍ਰਾਈਵੇਟ ਸਕੂਲ ਵਿਚ ਅਧਿਆਪਕ ਲੱਗਿਆ ਹੋਇਆ ਸੀ। ਆਸਟਰੀਆ ਵਸਦੇ ਹੀ ਕਿਸੇ ਵਿਚੋਲੇ ਨੇ ਜਸਮੇਲ ਕੌਰ ਦੇ ਮਾਂ-ਬਾਪ ਨੂੰ ਪਰਮਜੀਤ ਬਾਰੇ ਦੱਸ ਪਾਈ ਤਾਂ ਜਸਮੇਲ ਕੌਰ ਦੇ ਮਾਂ-ਬਾਪ ਇੰਡੀਆ ਪਹੁੰਚ, ਪਰਮਜੀਤ ਨੂੰ ਪਸੰਦ ਕਰਕੇ ਸ਼ਗਨ ਪਾ ਆਏ। ਤਿੰਨ ਕੁ ਮਹੀਨੇ ਬਾਅਦ ਹੀ ਉਸ ਨੂੰ ਆਸਟਰੀਆ ਬੁਲਾ ਕੇ ਸਧਾਰਨ ਜਿਹੀ ਸ਼ਾਦੀ ਰਚਾ ਦਿੱਤੀ। ਮੂੰਹ ਮੱਥੇ ਲੱਗਦੇ ਇੰਡੀਅਨ ਭਾਈਬੰਦਾਂ ਨੂੰ ਜਸਮੇਲ ਕੌਰ ਦੇ ਬਾਪ ਨੇ ਇਕ ਹੋਟਲ ਵਿਚ ਪਾਰਟੀ ਦੇ ਦਿੱਤੀ।
ਪਰਮਜੀਤ ਨੂੰ ਇਕ ਲੱਕੜ ਦੀ ਫ਼ੈਕਟਰੀ ਵਿਚ ਕੰਮ ਲੈ ਦਿੱਤਾ। ਪੜ੍ਹਿਆ ਲਿਖਿਆ ਪਰਮਜੀਤ ਫ਼ੈਕਟਰੀ ਵਿਚ ਫ਼ੱਟੇ ਖਿੱਚਦਾ ਮੱਛੀਓਂ ਮਾਸ ਹੋਇਆ ਰਹਿੰਦਾ। ਇੱਥੋਂ ਦੇ ਸੁਆਰਥੀ ਜਿਹੇ ਮਾਹੌਲ ਵਿਚ ਉਸ ਨੂੰ ਬੇਹੱਦ ਘੁੱਟਣ ਜਿਹੀ ਮਹਿਸੂਸ ਹੁੰਦੀ ਅਤੇ ਸਾਹ ਬੰਦ ਹੁੰਦਾ ਲੱਗਦਾ। ਜਸਮੇਲ ਕੌਰ ਸਮੇਤ ਰਹਿੰਦਾ ਉਹ ਆਪਣੇ ਸਹੁਰਿਆਂ ਦੇ ਘਰ ਹੀ ਸੀ। ਇਸ ਦਾ ਉਸ ਦੇ ਮਨ 'ਤੇ ਪੱਥਰ ਜਿੰਨਾਂ ਬੋਝ ਸੀ। ਭੈਣ ਘਰ ਭਾਈ ਕੁੱਤਾ-ਸਹੁਰੇ ਘਰ ਜਵਾਈ ਕੁੱਤਾ, ਕਹਾਵਤ ਉਸ ਨੂੰ ਅੰਦਰੋ-ਅੰਦਰੀ ਲੂਣ ਵਾਂਗ ਖੋਰਦੀ ਰਹਿੰਦੀ ਸੀ। ਸਭ ਤੋਂ ਵੱਧ ਉਹ ਉਦੋਂ ਕੁੜ੍ਹਦਾ, ਜਦੋਂ ਉਸ ਦਾ ਸਹੁਰਾ ਸ਼ਾਮ ਨੂੰ ਦਾਰੂ ਪੀ ਕੇ ਬੱਕੜਵਾਹ ਕਰਨ ਲੱਗ ਜਾਂਦਾ ਅਤੇ ਆਖਦਾ;
-"ਤੂੰ ਮੇਰੇ ਪੈਰ ਧੋ-ਧੋ ਕੇ ਪੀਆ ਕਰ ਜੀਤਿਆ! ਤੈਨੂੰ ਟੁਕੜੇ ਪਾ ਦਿੱਤਾ-ਨਾਲੇ ਕੂੰਝ ਅਰਗੀ ਪੜ੍ਹੀ ਲਿਖੀ ਕੁੜੀ ਦੇ ਦਿੱਤੀ-ਐਥੇ ਆਉਣ ਨੂੰ ਤਾਂ ਦੁਨੀਆਂ ਤਰਸਦੀ ਐ-ਲੋਕ ਏਜੰਟਾਂ ਮਗਰ ਪੰਜ-ਪੰਜ ਲੱਖ ਰੁਪਈਆ ਚੱਕੀ ਫਿਰਦੇ ਐ-ਤੇਰਾ ਤਾਂ ਉਸ ਗੱਲ ਦੇ ਆਖਣ ਮਾਂਗੂੰ ਭਾਈ ਚੌਲਾਂ 'ਚ ਈ ਸਰ ਗਿਆ!"
ਪਰਮਜੀਤ ਚੁੱਪ-ਚਾਪ ਸੁਣਦਾ ਰਹਿੰਦਾ, ਖਿਝਦਾ ਰਹਿੰਦਾ!
-"ਕਿਵੇਂ ਚੁੱਪ ਜਿਐਂ?"
-"ਨਹੀਂ ਜੀ ਬੱਸ ਐਵੇਂ ਈ।"
-"ਲਾਉਣੀ ਐਂ ਘੁੱਟ?"
-"ਨਹੀਂ ਜੀ।"
-"ਜੀਤਿਆ! ਜੀਤਿਆ!" ਉਹ ਵਿਸਕੀ ਦਾ ਗਿਲਾਸ ਭਰਦਾ ਕਹਿੰਦਾ, "ਐਥੇ ਲੋਕੀ ਦਸ-ਦਸ ਸਾਲਾਂ ਤੋਂ ਅਖ਼ਬਾਰਾਂ ਵੇਚੀ ਜਾਂਦੇ ਐ-ਤੇ ਤੂੰ ਆਉਣ ਸਾਰ ਈ ਪੱਕਾ ਹੋ ਗਿਆ-ਹਜਾਰ ਯੂਰੋ ਮਤਲਬ ਸੱਠ ਹਜਾਰ ਰੁਪਈਆ ਤੈਨੂੰ ਮਹੀਨੇ ਦਾ ਮਿਲਦੈ-ਤੇ ਸੱਠ ਹਜਾਰ ਆਪਣੇ ਮੁੱਖ ਮੰਤਰੀ ਦੀ ਤਨਖਾਹ ਨ੍ਹੀ ਹੁੰਦੀ ਮੱਲਾ-ਤੂੰ ਮੇਰੇ ਪੈਰ ਧੋ-ਧੋ ਕੇ ਪੀਆ ਕਰ! ਗੁਣ ਗਾਇਆ ਕਰ ਗੁਣ ਮੇਰੇ!" ਤੇ ਉਹ ਮੁੰਨਿਆਂ ਮੂੰਹ ਬੋਕ ਵਾਂਗ ਖੋਲ੍ਹ ਕੇ ਹੱਸਦਾ ਅਤੇ ਦਾਰੂ ਦੀ ਹਵਾੜ੍ਹ ਪਰਮਜੀਤ ਦੇ ਮਗਜ ਨੂੰ ਚੜ੍ਹ ਜਾਂਦੀ। ਉਹ ਸਾਹ ਥਾਂ 'ਤੇ ਹੀ ਘੁੱਟ ਲੈਂਦਾ।
ਸਾਲ ਕੁ ਬਾਅਦ ਹੀ ਜਸਮੇਲ ਕੌਰ ਨੂੰ "ਮੈਦਵਾਰੀ" ਹੋ ਗਈ। ਸਹੁਰੇ ਨੇ ਬੰਨ੍ਹ-ਸੁੱਬ ਕਰਕੇ ਉਹਨਾਂ ਨੂੰ ਕਿਸ਼ਤਾਂ 'ਤੇ ਮਕਾਨ ਲੈ ਦਿੱਤਾ। ਪਰਮਜੀਤ ਨੂੰ ਕੁਝ ਸੁਖ ਦਾ ਸਾਹ ਆਇਆ। ਸਹੁਰੇ ਘਰੋਂ ਛੁਟਕਾਰਾ ਪਾ ਕੇ ਉਸ ਨੇ ਆਪਣੇ ਆਪ ਨੂੰ ਇਕ ਪਿੰਜਰੇ 'ਚੋਂ ਨਿਕਲੇ ਪੰਛੀ ਵਾਂਗ ਅਜ਼ਾਦ ਮਹਿਸੂਸ ਕੀਤਾ। ਸਹੁਰੇ ਦੀ ਬੱਕੜਵਾਹ ਤੋਂ ਉਸ ਦਾ ਮਸਾਂ ਹੀ ਖਹਿੜਾ ਛੁੱਟਿਆ ਸੀ।
ਜਸਮੇਲ ਕੌਰ ਨੇ ਇਕ ਲੜਕੇ ਨੂੰ ਜਨਮ ਦਿੱਤਾ। ਗੋਰਾ ਨਿਸ਼ੋਹ ਮੁੰਡਾ ਬਿਲਕੁਲ ਹੀ ਪਰਮਜੀਤ ਵਰਗਾ ਸੀ। ਸਹੁਰਾ ਮੁੰਡਾ ਦੇਖਣ ਆਇਆ ਹਸਪਤਾਲ ਵਿਚ ਨੋਟਾਂ ਦਾ ਮੀਂਹ ਵਰ੍ਹਾ ਗਿਆ ਸੀ।
-"ਜਮਾਂ ਈ ਆਪਣੀ ਜਸ ਅਰਗੈ!" ਉਹ ਸ਼ਰਾਬੀ ਹੋਇਆ ਇਕੋ ਹੀ ਤੋਤਾ ਰਟ ਲਾਈ ਜਾ ਰਿਹਾ ਸੀ। ਪਰਮਜੀਤ ਬਾਹਰ ਬੈਠਾ ਸਹੁਰੇ ਦੇ 'ਦਫ਼ਾ ਹੋਣ' ਦੀ ਉਡੀਕ ਕਰ ਰਿਹਾ ਸੀ। ਫਿਰ ਉਸ ਦੇ ਜਾਣ ਤੋਂ ਬਾਅਦ ਉਹ ਫੁੱਲ ਲੈ ਕੇ ਅੰਦਰ ਆਇਆ। ਹਸਪਤਾਲ ਦੇ ਛੋਟੇ ਜਿਹੇ ਬੈੱਡ 'ਤੇ ਜਿਵੇਂ ਫੁੱਲ ਖਿੜਿਆ ਪਿਆ ਸੀ। ਉਸ ਨੇ ਫੁੱਲਾਂ ਦਾ ਗੁਲਦਸਤਾ ਜਸਮੇਲ ਕੌਰ ਕੋਲੇ ਰੱਖ ਕੇ ਬੱਚੇ ਨੂੰ ਚੁੱਕ ਲਿਆ। ਅੱਜ ਉਸ ਨੂੰ ਰੱਬ 'ਤੇ ਕੋਈ ਗਿ਼ਲਾ ਨਹੀਂ ਰਿਹਾ ਸੀ। ਉਸ ਦੇ ਹੱਥਾਂ ਵਿਚ ਚੁੱਕਿਆ ਮੁੰਡਾ ਉਸ ਨੂੰ ਹਰੇ ਕਾਗਜ਼ 'ਤੇ ਪਈ ਸੋਨੇ ਦੀ ਡਲੀ ਵਾਂਗ ਲੱਗ ਰਿਹਾ ਸੀ। ਪਰਮਜੀਤ ਨੇ ਜਸਮੇਲ ਕੌਰ ਦਾ ਮੱਥਾ ਚੁੰਮ ਕੇ ਵਧਾਈ ਦਿੱਤੀ। ਜਸਮੇਲ ਕੌਰ ਨੇ ਹੱਸ ਕੇ ਕਬੂਲ ਕੀਤੀ।
ਸਿਮਰਨ ਨੂੰ ਹੁਣ ਦੂਜਾ ਸਾਲ ਲੱਗਣ ਵਾਲਾ ਸੀ। ਦੋ ਸਾਲਾਂ ਬਾਅਦ ਗੌਰਮਿੰਟ ਵੱਲੋਂ ਮਿਲਦਾ ਭੱਤਾ ਬੰਦ ਹੋ ਜਾਣਾ ਸੀ ਅਤੇ ਕਾਨੂੰਨੀ ਤੌਰ 'ਤੇ ਜਸਮੇਲ ਕੌਰ ਨੂੰ ਕੰਮ 'ਤੇ ਜਾਣਾ ਹੀ ਪੈਣਾ ਸੀ। ਪਰਮਜੀਤ ਦੇ ਕੰਮ 'ਤੇ ਜਾਣ ਤੋਂ ਬਾਅਦ ਜਸਮੇਲ ਕੌਰ ਨੇ ਫ਼ੋਨ ਕਰਕੇ ਆਪਣੀ ਮਾਂ ਨੂੰ ਬੁਲਾਇਆ।
ਮਾਂ-ਬਾਪ ਪਹੁੰਚ ਗਏ। ਜਸਮੇਲ ਕੌਰ ਨੇ ਚਾਹ ਬਣਾਈ। ਮਾਂ ਨੇ ਤਾਂ ਪੀ ਲਈ। ਪਰ ਬਾਪ ਨੇ ਨਾ ਪੀਤੀ।
-"ਚਾਹ ਵੀ ਕੋਈ ਪੀਣ ਆਲੀ ਚੀਜ ਐ? ਜਿਹੜੀ ਪੀਣ ਆਲੀ ਚੀਜ ਐ-ਉਹ ਥੋਡੇ ਕੋਈ ਪੀਂਦਾ ਨ੍ਹੀ-ਪ੍ਰਾਂਹੁਣਾ ਤਾਂ ਮੂਲੋਂ ਈ ਗੁਰਦੁਆਰੇ ਦਾ ਗਰੰਥੀ ਬਣਿਆਂ ਫਿਰਦੈ-ਨਾ ਕੁਛ ਪੀਣਾ ਨਾ ਖਾਣਾ-ਜਿਹੜਾ ਬੰਦਾ ਦਾਰੂ ਈ ਨ੍ਹੀ ਪੀਂਦਾ-ਉਸ ਨੇ ਜੱਗ 'ਤੇ ਦੇਖਿਆ ਈ ਕੀ ਐ-ਸੁਆਹ?" ਬਾਪੂ ਖਿਝਿਆ ਪਿਆ ਸੀ।
-"ਮੈਂ ਥੋਨੂੰ ਕੋਈ ਰਾਇ ਕਰਨ ਲਈ ਬੁਲਾਇਐ-ਦਾਰੂ ਪੀਣ ਨੂੰ ਨ੍ਹੀ ਬਾਪੂ ਜੀ!" ਜਸਮੇਲ ਕੌਰ ਨੇ ਆਖਿਆ।
-"ਜੇ ਇੰਜਣ 'ਚ ਤੇਲ ਨਾ ਹੋਊ-ਤਾਂ ਚੱਲੂ ਕਿਵੇਂ-ਹੈਂ? ਪੀਤੀ ਬਿਨਾਂ ਤਾਂ ਮੈਨੂੰ ਆਬਦਾ ਨਾਂ ਯਾਦ ਨ੍ਹੀ ਆਉਂਦਾ-ਰੈਅ ਮੈਂ ਕੀ ਦਿਊਂ?"
-"ਮੈਨੂੰ ਥੋਡੀ ਰਾਇ ਦੀ ਲੋੜ ਨਹੀਂ!"
-"ਅਜੇ ਤਾਂ ਮੇਰੇ ਹੱਥ ਪੈਰ ਚੱਲਦੇ ਐ-ਤੂੰ ਮੈਨੂੰ ਹੁਣੇਂ ਈ ਤਾੜਾਂ ਮਾਰਨ ਲੱਗਪੀ? ਨਾਲੇ ਮੈਂ ਤਾਂ ਤੁਰਨ ਲੱਗਿਆ ਆਬਦਾ ਪ੍ਰਬੰਧ ਕਰ ਕੇ ਤੁਰਦੈਂ! ਖਾਸ ਕਰਕੇ ਜਦੋਂ ਤੇਰੇ ਘਰੇ ਆਉਣਾ ਹੋਵੇ-ਸਾਲਾ ਕਿਹੋ ਜਿਆ ਪ੍ਰਾਹੁਣਾਂ ਸਹੇੜਿਐ? ਜੰਮਿਆਂ ਸਾਲਾ ਜੱਟਾਂ ਦੇ ਘਰੇ ਐ ਤੇ ਦਿਲ ਐ ਸਾਲੇ ਦਾ ਕਰਾੜਾਂ ਵਰਗਾ! ਪੁੱਛਣਾ ਹੋਵੇ ਬਈ ਸਾਲਿਆ! ਜੇ ਤੂੰ ਨ੍ਹੀ ਪੀਂਦਾ ਨਾ ਪੀ ਖਾ ਖਸਮਾਂ ਨੂੰ! ਪਰ ਆਏ ਗਏ ਆਸਤੇ ਤਾਂ ਬੋਤਲ ਸੋ਼ਤਲ ਲਿਆ ਕੇ ਰੱਖ-ਜਮਾਂ ਈ ਕਰਾੜ ਐ ਸਾਲਾ ਕੁੱਤੇ ਦਾ!"
-"ਤੁਸੀਂ ਹੁਣ ਪਾਠ ਸ਼ੁਰੂ ਕਰਤਾ?" ਮਾਂ ਨੇ ਆਖਿਆ।
-"ਤੇ ਹੋਰ ਕੀ ਜਣਦਿਆਂ ਨੂੰ ਰੋਵਾਂ? ਹੋਰ ਕੀ ਕਰਾਂ? ਪੁੱਛਣਾ ਹੋਵੇ ਬਈ ਸਾਲਿਆ ਤੈਨੂੰ ਟੁਕੜੇ ਪਾਇਐ-ਮਕਾਨ ਲੈ ਕੇ ਦਿੱਤੈ-ਹੋਰ ਨਹੀਂ ਤਾਂ ਘੱਟੋ ਘੱਟ ਮੇਰੇ ਆਸਤੇ ਤਾਂ ਬੋਤਲ ਲਿਆ ਕੇ ਰੱਖ! ਤੂੰ ਨਹੀਂ ਪੀਂਦਾ ਨਾ ਪੀਅ-ਪੈ ਢੱਠੇ ਖੂਹ 'ਚ-ਰੋ ਜਣਦਿਆਂ ਨੂੰ।"
ਬਾਪੂ ਦੇ ਰੌਲੇ ਕਾਰਨ ਸਿਮਰਨ ਸੁੱਤਾ ਪਿਆ ਉਠ ਕੇ ਹੇਠਾਂ ਆ ਗਿਆ।
-"ਲੈ! ਮੁੰਡਾ ਜਗਾ ਦਿੱਤਾ!"
-"ਜਗਾਤਾ ਤਾਂ ਕੀ ਲੋਹੜਾ ਆ ਗਿਆ? ਸਾਰੀ ਦਿਹਾੜੀ ਸੁੱਤਾ ਈ ਤਾਂ ਨ੍ਹੀ ਰਹਿਣਾ ਉਹਨੇ? ਬਾਰ੍ਹਾਂ ਦੁਪਿਹਰ ਦੇ ਵੱਜੇ ਪਏ ਐ।"
-"ਥੋਨੂੰ ਬਾਪੂ ਜੀ ਚੌਵੀ ਘੰਟੇ ਦਾਰੂ ਦੀ ਲਲਕ ਲੱਗੀ ਰਹਿੰਦੀ ਐ-ਹੋਰ ਕੋਈ ਕੰਮ ਨ੍ਹੀ!"
-"ਕਮਾਈ ਕੀਤੀ ਐ ਤਾਂ ਪੀਨੈਂ! ਕਿਸੇ ਕੰਜਰ ਤੋਂ ਮੰਗ ਕੇ ਨ੍ਹੀ ਪੀਂਦਾ-ਮੈਂ ਆਬਦਾ ਪ੍ਰਬੰਧ ਕਰਕੇ ਤੁਰਦੈਂ!" ਤੇ ਉਹ ਕਾਰ ਦੇ ਬੂਟ 'ਚੋਂ ਬੋਤਲ ਕੱਢ ਲਿਆਇਆ।
-"ਤੂੰ ਲੁੱਚਿਆ ਮੇਰੇ ਪੈਰੀਂ ਹੱਥ ਨ੍ਹੀ ਲਾਏ ਉਏ? ਮੈਂ ਤੇਰਾ ਨਾਨਾ ਜੀ ਐਂ!" ਤੀਜਾ ਪੈੱਗ ਅੰਦਰ ਸੁੱਟਦਿਆਂ ਉਸ ਨੇ ਸਿਮਰਨ ਨੂੰ ਕਿਹਾ। ਸਿਮਰਨ ਮਾਂ ਦੀ ਬੁੱਕਲ ਵਿਚ ਜਾ ਵੜਿਆ।
-"ਜਸ! ਕੁੜ੍ਹੇ ਜਸ! ਉਰ੍ਹੇ ਆ ਕੁੜੀਏ! ਹੁਣ ਦੱਸ ਕੀ ਪਰੌਬਲਮ ਐਂ? ਹੁਣ ਡਮਾਕ ਨੇ ਕੁਛ ਮੋਸ਼ਨ ਜਿਆ ਫੜਿਐ-ਪਹਿਲਾਂ ਤਾਂ ਊਂਈਂ ਜਾਮ ਜਿਆ ਹੋਇਆ ਪਿਆ ਸੀ-ਬਰੋਜੇ ਬਿਨਾ ਕਾਹਨੂੰ ਪਟਾ ਪੁਲੀ 'ਤੇ ਚੱਲਦੈ?" ਉਸ ਨੇ ਚੌਥਾ ਗਿਲਾਸ ਖਾਲੀ ਕਰਦਿਆਂ ਆਖਿਆ।
-"ਜਸ ਕਹਿੰਦੀ ਐ ਬਈ ਓਦੂੰ ਅਗਲੇ ਮਹੀਨੇ ਇਹਨੂੰ ਕੰਮ 'ਤੇ ਜਾਣਾ ਪੈਣੈਂ ਤੇ ਸਿਮਰਨ ਨੂੰ ਕੌਣ ਸਾਂਭੂੰ? ਮੈਂ ਕਿਹਾ ਬੇਬੀ ਸਿਟਰ ਰੱਖ ਲਓ!" ਮਾਂ ਨੇ ਕਿਹਾ।
-"ਤੇਰੀ ਤਾਂ ਗਿੱਚੀ ਪਿੱਛੇ ਮੱਤ ਐ!"
-"ਤੇ ਹੋਰ ਕੀ ਕਰੋਂਗੇ?"
-"ਦੱਸਦੈਂ!" ਉਸ ਨੇ ਪੰਜਵਾਂ ਗਿਲਾਸ ਦਾਰੂ ਨਾਲ ਭਰ ਲਿਆ।
-"ਦੁਨੀਆਂ ਐਮੇ ਨ੍ਹੀ ਪੀਂਦੀ ਨਾਲੇ ਪੈਸਾ ਖਰਚਦੀ।"
-"ਕੁਛ ਦੱਸੋਂਗੇ ਵੀ?"
-"ਮੇਰੀ ਮੰਨਦਾ ਤਾਂ ਕੋਈ ਹੁੰਦਾ ਨ੍ਹੀ-ਪਰ ਫੇਰ ਵੀ ਰੈਅ ਦੇ ਕੇ ਦੇਖ ਲੈਨੈ-ਮੇਲੇ 'ਚ ਚੱਕੀਰਾਹੇ ਦਾ ਭਾਈ ਵੱਟੀਦਾ ਵੀ ਕੀ ਐ?"
-"ਬਾਪੂ ਜੀ ਤੁਸੀਂ ਫੇਰ ਸ਼ਰਾਬੀਆਂ ਆਲੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ?"
-"ਤੂੰ ਮੈਨੂੰ ਸ਼ਰਾਬੀ ਸਮਝਦੀ ਐਂ? ਲੈ ਸੁਣ ਫੇਰ ਮੇਰੀ ਸਕੀਮ! ਸਿਮਰਨ ਨੂੰ ਸਾਂਭਣ ਆਸਤੇ ਇੰਡੀਆ ਤੋਂ ਪਰਮਜੀਤ ਦੇ ਮਾਂ ਪਿਉ ਨੂੰ ਬੁਲਾ ਲਓ-ਉਹ ਉਥੇ ਮੱਕੀ ਗੁੱਡਦੇ ਐ?"
ਸਕੀਮ ਸਾਰਿਆਂ ਨੂੰ ਠੀਕ ਬੈਠੀ।
-"ਜਿੰਨੇ ਪੈਸੇ ਛੇ ਮਹੀਨਿਆਂ 'ਚ ਜੁਆਕ ਸਾਂਭਣ ਆਲੀ ਨੂੰ ਦਿਓਂਗੇ-ਓਨੇ ਪੈਸਿਆਂ 'ਚ ਤਾਂ ਬੁੜ੍ਹੇ-ਬੁੜ੍ਹੀ ਦੀ ਜਹਾਜ ਦੀ ਟਿਗਟ ਆਜੂ।"
-"ਇਹ ਵੀ ਠੀਕ ਐ।" ਜਸਮੇਲ ਕੌਰ ਨੇ ਕਿਹਾ।
-"ਨਾਲੇ ਸੁੱਖ ਨਾਲ ਜੁਆਕ ਪਾਲੀ ਜਾਣਗੇ ਤੇ ਨਾਲੇ ਓਸ ਗੱਲ ਦੇ ਆਖਣ ਮਾਂਗੂੰ ਤੁਰ ਫਿਰ ਕੇ ਮੇਲਾ ਦੇਖ ਜਾਣਗੇ।" ਮਾਂ ਨੇ ਵੀ ਹਾਮੀਂ ਭਰ ਦਿੱਤੀ।
-"ਦੇਖਿਐ? ਤੁਸੀਂ ਬਾਧੂ ਮੇਰੀ ਦਾਰੂ ਮਗਰ ਪਏ ਰਹਿੰਨੇ ਐਂ? ਆ ਜਾਹ ਸਿਮਰਨ-ਤੂੰ ਵੀ ਲੈਲਾ ਤੋਲਾ-ਜਾਹ ਚਮਚਾ ਲਿਆ-ਠਾਰੀ ਹਟਜੂ।"
-"ਰਹਿਣ ਦਿਓ ਬਾਪੂ ਜੀ! ਇਹਨੂੰ ਨਾ ਦੇਇਓ! ਇਹਨੂੰ ਨਾ ਆਬਦੇ ਅਰਗਾ ਬਣਾ ਦਿਓ!"
-"ਇਹਨੂੰ ਮੈਂ ਇਹਦੇ ਪਿਉ ਅਰਗਾ ਕਰਾੜ ਨ੍ਹੀ ਬਣਨ ਦੇਣਾ-ਇਹਨੂੰ ਤਾਂ ਘੈਂਟ ਬੰਦਾ ਬਣਾਉਣੈਂ ਘੈਂਟ! ਜਦੋਂ ਮਾਰ ਫੜ ਕੇ ਤੁਰਿਆ ਕਰੂ-ਧਰਤੀ ਹਿੱਲਿਆ ਕਰੂ ਧਰਤੀ! ਲੋਕ ਖੜ੍ਹ-ਖੜ੍ਹ ਕੇ ਦੇਖਿਆ ਕਰਨਗੇ ਬਈ ਪਿਸ਼ੌਰਾ ਸਿਉਂ ਦਾ ਦੋਹਤਾ ਜਾ ਰਿਹੈ।"
-"ਚੱਲ ਚੱਲੀਏ ਫਿਰ?"
-"ਹੁਣ ਪੌਣੀ ਬੋਤਲ ਪੀ ਕੇ ਤੁਸੀਂ ਗੱਡੀ ਚਲਾਉਂਗੇ?"
-"ਕਿਉਂ ਮੈਨੂੰ ਗੋਲੀ ਵੱਜੀ ਵੀ ਐ? ਪੌਣੀ ਬੋਤਲ ਪੀ ਕੇ ਤਾਂ ਮੈਂ ਗੱਡੀ ਚਲਾਉਣ ਜੋਗਾ ਹੁੰਨੈਂ-ਤੜਕਿਓਂ ਪਤਾ ਨ੍ਹੀ ਕਿਮੇ ਰੱਬ ਆਸਰੇ ਰੁੜ੍ਹੀ ਆਈ ਸਹੁਰੀ?"
-"ਬਾਪੂ ਜੀ ਤੁਸੀਂ ਹਮੇਸ਼ਾ ਪੀ ਕੇ ਗੱਡੀ ਚਲਾਉਂਦੇ ਓਂ-ਕਦੇ ਪੁਲਸ ਨੇ ਚੈੱਕ ਕਰ ਲਿਆ ਤਾਂ ਲਸੰਸ ਲੈ ਲੈਣਗੇ-ਜੁਰਮਾਨਾ ਵਾਧੂ ਦਾ ਤਾਰਨਾ ਪਊ-ਗੱਡੀ ਚਲਾਉਣ ਵੱਲੋਂ ਵੀ ਜਾਵੋਂਗੇ-ਹੁਣ ਤਾਂ ਪੀ ਕੇ ਗੱਡੀ ਚਲਾਉਣ ਵਾਲਿਆਂ ਲਈ ਸਰਕਾਰ ਨੇ ਕਾਨੂੰਨ ਵੀ ਬਹੁਤ ਸਖਤ ਕਰ ਦਿੱਤੇ।"
-"ਲੈ ਲੁੱਟ ਪਈ ਐ? ਕਰ ਦਿੱਤੇ ਕਾਨੂੰਨ ਸਖਤ-ਅਸੀਂ ਦੇਸੀ ਬੰਦੇ ਕਾਨੂੰਨ ਨੂੰ ਕੀ ਗੌਲਦੇ ਐਂ? ਇਹ ਗੋਰਿਆਂ ਦੀ ਗੌਰਮਿੰਟ ਕਾਨੂੰਨ ਪਿੱਛੋਂ ਬਣਾਉਂਦੀ ਐ ਤੇ ਅਸੀਂ ਦੇਸੀ ਬੰਦੇ ਬਚਣ ਲਈ ਪਹਿਲਾਂ ਈ ਹੱਲ ਲੱਭ ਲੈਨੇ ਐਂ!"
-"ਲੱਭ ਲੈਨੇ ਐਂ ਤੁਸੀਂ ਹੱਲ-ਜੇ ਕਦੇ ਕੋਈ ਬੰਦਾ ਮਰ ਗਿਆ-ਪੁਲਸ ਨੇ ਕੁਛ ਨ੍ਹੀ ਸੁਣਨਾ-ਚੱਕ ਕੇ ਅੰਦਰ ਦੇ ਦੇਣੈਂ-ਫੇਰ ਵਕੀਲ ਕਰਦੇ ਫਿਰਾਂਗੇ-ਇਹ ਇੰਡੀਆ ਨਹੀਂ!"
-"ਲੈ! ਮੇਰੀ ਜੰਮੀ ਮੈਨੂੰ ਮੱਤਾਂ ਦਿੰਦੀ ਐ! ਇਉਂ ਬੰਦਾ ਕਿਮੇ ਮਰਜੂ-ਹੈਂ? ਹੱਥ 'ਚ ਸਟੇਅਰਿੰਗ ਐ-ਪੈਰਾਂ 'ਚ ਬਰੇਕ ਐ-ਐਂ ਬੰਦਾ ਕਿਮੇ ਮਰਜੂ? ਇਹ ਮਰਸਰੀ ਕਾਰ ਐ-ਭਾਗ ਚਮਿਆਰ ਆਲਾ ਰੇੜ੍ਹਾ ਨ੍ਹੀ ਬਈ ਬਿਨ ਬਰੇਕੋਂ ਈ ਦਬੱਲੀ ਫਿਰਦੈਂ!"
ਬਾਪੂ ਦੀ ਮਗਜਮਾਰੀ ਸੁਣ ਕੇ ਜਸਮੇਲ ਨੇ ਚੁੱਪ ਕਰਨਾ ਹੀ ਬਿਹਤਰ ਸਮਝਿਆ। ਉਸ ਨੂੰ ਭਲੀ ਭਾਂਤ ਪਤਾ ਸੀ ਕਿ ਪੀਤੀ ਵਿਚ ਬਾਪੂ ਨੂੰ ਗੱਲਾਂ ਵਿਚ ਕੋਈ ਨਹੀਂ ਜਿੱਤ ਸਕਦਾ ਸੀ।
ਮਾਂ ਅਤੇ ਬਾਪੂ ਤਿੰਨ ਕੁ ਵਜੇ ਤੁਰ ਗਏ। ਤੁਰਦੇ ਬਾਪੂ ਨੇ ਸਿਮਰਨ ਨੂੰ ਪੰਜਾਹ ਯੂਰੋ ਸ਼ਗਨ ਦਿੱਤਾ ਸੀ।
ਸ਼ਾਮ ਨੂੰ ਕੰਮ ਤੋਂ ਆਏ ਪਰਮਜੀਤ ਨਾਲ ਜਸਮੇਲ ਨੇ ਸਾਰੀ ਗੱਲ ਕੀਤੀ। ਪਰਮਜੀਤ ਦੇ ਦਿਲ ਦੀ ਹੋ ਗਈ ਸੀ। ਉਹ ਤਾਂ ਕਦੇ ਦਾ ਬੇਬੇ-ਬਾਪੂ ਨੂੰ ਇੱਥੇ ਬੁਲਾਉਣਾ ਚਾਹੁੰਦਾ ਸੀ। ਸੇਵਾ ਕਰਨੀ ਚਾਹੁੰਦਾ ਸੀ। ਬੇਬੇ-ਬਾਪੂ ਨੇ ਸਾਰੀ ਉਮਰ ਤੰਗੀ ਕੱਟ-ਕੱਟ ਕੇ ਪਰਮਜੀਤ ਨੂੰ ਪੜ੍ਹਾਇਆ ਸੀ। ਪਰ ਹੁਣ ਉਹ ਸਾਰੀਆਂ ਆਰਥਿਕ ਤੰਗੀਆਂ ਧੋ ਦੇਣੀਆਂ ਚਾਹੁੰਦਾ ਸੀ। ਉਹ ਚਾਹੁੰਦਾ ਸੀ ਕਿ ਬੇਬੇ ਅਤੇ ਬਾਪੂ ਦਾ ਬੁੜ੍ਹਾਪਾ ਸਵਰਗ ਬਣ ਜਾਵੇ।
ਅਗਲੇ ਦਿਨ ਪਰਮਜੀਤ ਨੇ ਇਕ ਹਫ਼ਤੇ ਦੀ ਛੁੱਟੀ ਲੈ ਲਈ। ਜਸਮੇਲ ਅਤੇ ਪਰਮਜੀਤ ਨੇ ਬਾਪੂ ਅਤੇ ਬੇਬੇ ਦੀ ਸਾਂਝੀ ਸਪਾਂਸਰਸਿੱ਼ਪ ਤਿਆਰ ਕਰਵਾ ਕੇ ਪੋਸਟ ਕਰ ਦਿੱਤੀ ਅਤੇ ਨਾਲ ਹੀ ਟਿਕਟਾਂ ਲਈ ਪੰਜਾਹ ਹਜ਼ਾਰ ਰੁਪਏ ਦਾ ਚੈੱਕ ਨੱਥੀ ਕਰ ਦਿੱਤਾ।
ਬਜ਼ੁਰਗ ਹੋਣ ਕਰਕੇ ਬੇਬੇ-ਬਾਪੂ ਨੂੰ ਅੰਬੈਸੀ ਨੇ ਜਲਦੀ ਹੀ ਵੀਜ਼ਾ ਦੇ ਦਿੱਤਾ। ਉਹ ਨਾ ਚਾਹੁੰਦੇ ਹੋਏ ਵੀ ਨੂੰਹ, ਪੁੱਤ ਅਤੇ ਪੋਤੇ ਨਾਲ ਬੁੜ੍ਹਾਪਾ ਬਿਤਾਉਣ ਦਾ ਚਾਅ ਲੈ ਕੇ ਆਸਟਰੀਆ ਆ ਗਏ।
ਬਾਬਾ ਪੋਤੇ ਨਾਲ ਜਲਦੀ ਹੀ ਘੁਲ ਮਿਲ ਗਿਆ ਸੀ। ਬੱਚੇ ਨਾਲ ਬੱਚਾ ਹੋ ਗਿਆ ਸੀ। ਪਰ ਨੂੰਹ ਦੀ ਨੋਕ-ਝੋਕ ਉਹਨਾਂ ਨੂੰ ਕਾਫ਼ੀ ਰੜਕਦੀ। ਪਰ ਜਦੋਂ ਪੋਤਾ ਸਿਮਰਨ ਇਕ ਵਾਰ 'ਬਾਬਾ ਜੀ' ਜਾਂ 'ਬੇਬੇ ਜੀ' ਆਖ ਬੁੱਕਲ ਵਿਚ ਵੜ ਜਾਂਦਾ ਤਾਂ ਬਾਬੇ ਅਤੇ ਬੇਬੇ ਦੇ ਸਾਰੇ ਦੁੱਖ ਟੁੱਟ ਜਾਂਦੇ।
ਬੇਬੇ, ਜਸਮੇਲ ਅਤੇ ਪਰਮਜੀਤ ਦੇ ਆਉਣ ਤੋਂ ਪਹਿਲਾਂ ਹੀ ਰੋਟੀ-ਪਾਣੀ ਤਿਆਰ ਕਰ ਲੈਂਦੀ। ਪਰ ਜਸਮੇਲ ਦੇ ਕੁਛ ਨਖਰੇ ਹੇਠ ਹੀ ਨਹੀਂ ਆਉਂਦਾ ਸੀ। ਕਦੇ ਸਬਜ਼ੀ ਵਿਚ ਲੂਣ ਜਿ਼ਆਦਾ ਅਤੇ ਕਦੇ ਘੱਟ! ਕਦੇ ਕੱਚੀ ਰੋਟੀ ਦੀ ਸ਼ਕਾਇਤ ਕਰਦੀ। ਕਦੇ ਚਾਹ ਵਿਚ ਮਿੱਠਾ ਘੱਟ ਅਤੇ ਕਦੇ ਜਿ਼ਆਦਾ ਦੱਸਦੀ। ਪਰ ਬੇਬੇ ਦਾ ਨਿੱਤਨੇਮ ਨਾ ਬਦਲਿਆ। ਉਹ ਜਸਮੇਲ ਅਤੇ ਪਰਮਜੀਤ ਨੂੰ ਉਠਣ ਸਾਰ ਹੀ ਚਾਹ ਬਣਾ ਕੇ ਦਿੰਦੀ। ਨਾਸ਼ਤੇ ਲਈ ਲੂਣ ਜਾਂ ਆਲੂਆਂ ਵਾਲੇ ਪਰਾਉਂਠੇ ਤਿਆਰ ਕਰਦੀ। ਬੱਸ! ਇਹ ਉਹਨਾਂ ਦੀ ਹਰ ਰੋਜ਼ ਦੀ ਜਿ਼ੰਦਗੀ ਸੀ, ਆਹਰ ਸੀ।

* * * * *

-"ਉਏ ਆ ਬਈ ਸ਼ੇਰਾ ਉਠ ਕੇ ਹੇਠਾਂ-ਮੇਰੇ ਨਾਲ 'ਮਾਰੀ' ਕਰਕੇ ਹਿੱਕ ਠਾਰ!" ਬਾਬੇ ਮੀਹਾਂ ਸਿੰਘ ਨੇ ਫਿਰ ਹਾਕ ਮਾਰੀ।
-"ਆ ਜਾਂਦੈ! ਕੀ ਐਡੀ ਛੇਤੀ ਹੇਜ ਮਾਰ ਗਿਆ? ਛੁੱਟੀ ਆਲੇ ਦਿਨ ਵੀ ਸੌਣ ਨ੍ਹੀ ਦਿੰਦਾ-ਕਿਮੇ ਸੰਘ ਅੱਡਿਐ!" ਉਪਰੋਂ ਜਸਮੇਲ ਕੌਰ ਦੀ ਡਾਂਗ ਦੀ ਹੁੱਝ ਵਰਗੀ ਅਵਾਜ਼ ਆਈ। ਬੋਲਾਂ ਵਿਚ ਅੰਤਾਂ ਦਾ ਸੇਕ ਸੀ।
ਬਾਬਾ ਆਦਤ ਮੂਜਬ ਚੁੱਪ ਕਰ ਗਿਆ। ਉਦਾਸੀ ਦੀ ਪਲੱਤਣ ਉਸ ਦੇ ਬੀਬੇ ਚਿਹਰੇ 'ਤੇ ਛਾ ਗਈ।
-"ਲੈ ਲਿਆ ਦੱਖੂਦਾਣਾ?" ਸੰਤ ਕੌਰ ਨੇ ਕਿਹਾ।
-"ਕੋਈ ਨਾ ਭੈੜ੍ਹੀਏ! ਐਮੇ ਨਾ ਕੁੜ੍ਹੀ ਜਾਇਆ ਕਰ-ਕੋਈ ਆਬਦਾ ਹੋਊ ਤਾਂ ਈ ਕਹੂ?" ਬਾਬੇ ਨੇ ਦਿਲ ਦਾ ਦਰਦ ਜੀਵਨ ਸਾਥਣ ਕੋਲੋਂ ਛੁਪਾ ਲਿਆ।
-"ਬਾਬਾ ਜੀ!" ਸਾਹਮਣੇ ਸਿਮਰਨ ਕੱਛੇ ਬੁਨੈਣ ਵਿਚ ਹੀ ਖੜ੍ਹਾ ਸੀ।
-"ਉਏ ਆ ਗਿਆ ਮੇਰਾ ਕੁੱਕੜ? ਆ ਜਾਹ-ਆ ਜਾਹ 'ਮਾਰੀ' ਕਰੀਏ!"
ਸਿਮਰਨ ਬਾਬੇ ਦੀ ਨਿੱਘੀ ਬੁੱਕਲ ਵਿਚ ਵੜ ਗਿਆ। ਬਾਬੇ ਦੀ ਹਿੱਕ ਠਰ ਗਈ। ਸਿਮਰਨ ਬਾਬੇ ਦੀ ਹਿੱਕ ਨਾਲ ਚਾਮਚੜਿੱਕ ਵਾਂਗ ਚਿਮਟ ਗਿਆ ਸੀ।
-"ਉਏ ਕੁੱਕੜਾ! ਇਹ ਦੱਸ ਬਈ ਤੂੰ 'ਸ਼ੀਅ' ਕਰਕੇ ਆਇਐਂ?"
-"ਨਾਈਂ---!" ਉਸ ਨੇ ਸਿਰ ਮਾਰਿਆ।
-"ਜਾਹ ਫੇਰ ਸ਼ੀਅ ਕਰਕੇ ਆ!"
-"ਮੈਨੀ! ਤੁਸੀਂ ਕਰਾ ਕੇ ਲਿਆਓ!"
-"ਚੱਲ ਫੇਰ!" ਬਾਬਾ ਪੋਤਾ ਟੁਆਇਲਟ ਨੂੰ ਹੋ ਤੁਰੇ।
-"ਉਏ ਕੁੱਕੜਾ! ਉਏ ਕੁੱਕੜਾ!! ਬਾਹਰ ਈ ਮੂਤੀ ਕਰੀ ਜਾਨੈਂ--?" ਬਾਬੇ ਨੇ ਦੁਹਾਈ ਜਿਹੀ ਦੇਣੀ ਸ਼ੁਰੂ ਕਰ ਦਿੱਤੀ।
ਸਿਮਰਨ ਖਿੜ ਖਿੜਾ ਕੇ ਹੱਸੀ ਜਾ ਰਿਹਾ ਸੀ।
-"ਵਾਹ ਉਏ ਤੇਰੇ ਕੁੱਕੜਾ! ਥੱਲੇ ਈ ਧਾਰੀ ਮਾਰਤੀ-ਇਹਨੂੰ ਸਾਫ ਕੌਣ ਕਰੂ?"
-"ਤੁਸੀਂ!"
-"ਕਿਉਂ? ਮੈਂ ਤੇਰਾ ਨੌਕਰ ਐਂ?"
-"ਹਾਂ--!"
ਹੱਸਦਿਆਂ-ਹੱਸਦਿਆਂ ਬਾਬੇ ਨੇ ਸਿਮਰਨ ਦਾ ਪਿਸ਼ਾਬ ਕੱਪੜੇ ਨਾਲ ਸਾਫ਼ ਕਰ ਦਿੱਤਾ ਅਤੇ ਫਿਰ ਹੱਥ ਧੋ ਕੇ ਦੋਨੋਂ ਫਿਰ ਸੈਟੀ 'ਤੇ ਆ ਬੈਠੇ। ਕੰਬਲ ਆਪਣੇ ਉਪਰੋਂ ਲਾਹ ਕੇ ਉਸ ਨੇ ਸਿਮਰਨ 'ਤੇ ਦੇ ਦਿੱਤਾ।
-"ਚੰਗਾ ਫੇਰ ਗੱਲ ਸੁਣ-ਜਦੋਂ ਮੈਂ ਮਰ ਗਿਆ-ਫੇਰ ਤੈਨੂੰ ਮੂਤੀ ਕੌਣ ਕਰਾਇਆ ਕਰੂ? ਇਹ ਦੱਸ!"
-"ਬੇਬੇ ਜੀ।"
-"ਤੇ ਜਦੋਂ ਬੇਬੇ ਜੀ ਮਰ ਗਈ ਫੇਰ?"
-"ਫੇਰ ਮੈਂ ਆਪ ਕਰਿਆ ਕਰੂੰ।" ਉਸ ਨੇ ਭੋਲੇ-ਭਾਅ ਹੀ ਉਤਰ ਦਿੱਤਾ। ਚਿਹਰੇ ਦੀ ਮਾਸੂਮੀਅਤ ਆਪਣੀ ਮਿਸਾਲ ਆਪ ਸੀ।
-"ਤੜਕੋ ਤੜਕੀ ਜੁਆਕ ਨਾਲ ਮਰਨ ਮਰਾਉਣ ਦੀਆਂ ਗੱਲਾਂ ਨਾ ਕਰਿਆ ਕਰੋ! ਕਦੇ ਰੱਬ ਦਾ ਨਾਂ ਵੀ ਲੈ ਲਿਆ ਕਰੋ? ਤੁਸੀਂ ਕੋਈ ਅਲੈਹਦੇ ਨ੍ਹੀ ਮਰਨਾਂ-ਸਾਰੀ ਦੁਨੀਆਂ ਈ ਮਰਦੀ ਆਈ ਐ।" ਜਸਮੇਲ ਕੌਰ ਉਠ ਕੇ ਹੇਠਾਂ ਆ ਗਈ ਸੀ। ਉਸ ਦੇ ਗਲ ਪਾਈ ਹੋਈ ਪਤਲੀ ਜਿਹੀ, ਮੱਛਰਦਾਨੀ ਵਰਗੀ ਮੈਕਸੀ ਉਸ ਦਾ ਨੰਗੇਜ ਢਕਣ ਤੋਂ ਅਸਮਰੱਥ ਸੀ। ਮੈਕਸੀ ਹੇਠੋਂ ਉਸ ਦੇ ਅੰਗ ਬਾਹਰ ਨੂੰ ਝਾਤੀਆਂ ਮਾਰਦੇ ਸਨ। ਗੱਲ ਵੱਲੋਂ ਬੇਧਿਆਨਾਂ ਹੋ ਕੇ ਬਾਬੇ ਨੇ ਖਿੜਕੀ ਵਿਚੋਂ ਬਾਹਰ ਤੱਕਣਾ ਸ਼ੁਰੂ ਕਰ ਦਿੱਤਾ। ਦਿਲ ਵਿਚ ਉਹ 'ਬਖਸ਼ ਵਾਹਿਗੁਰੂ-ਬਖਸ਼ ਵਾਹਿਗੁਰੂ' ਕਰੀ ਜਾ ਰਿਹਾ ਸੀ।
ਸੰਤ ਕੌਰ ਦੀ ਬਣਾਈ ਚਾਹ ਡੋਲ੍ਹ ਕੇ ਜਸਮੇਲ ਕੌਰ ਨੇ ਹੋਰ ਚਾਹ ਧਰ ਲਈ। ਸੰਤ ਕੌਰ ਕੰਨ ਲਪੇਟ ਕੇ ਪੋਤੇ ਕੋਲ ਆ ਬੈਠੀ। ਨੂੰਹ ਦਾ ਤਾਬ ਉਸ ਤੋਂ ਝੱਲਿਆ ਨਹੀਂ ਗਿਆ ਸੀ। ਕਦੇ-ਕਦੇ ਉਸ ਦਾ ਦਿਲ ਇੱਥੋਂ ਚੀਕਾਂ ਮਾਰ ਕੇ ਦੌੜ ਜਾਣ ਨੂੰ ਕਰਦਾ। ਪਰ ਉਹ ਬੇਵੱਸ ਸੀ, ਮਜ਼ਬੂਰ ਸੀ। ਪੋਤੇ ਅਤੇ ਪੁੱਤ ਦਾ ਮੋਹ ਉਸ ਦੇ ਪੈਰਾਂ ਦੀਆਂ ਬੇੜੀਆਂ ਬਣ ਗਿਆ ਸੀ। ਉਹ ਦਿਲੋਂ ਚਾਹੁੰਦੀ ਹੋਈ ਵੀ ਕਿਸੇ ਪਾਸੇ ਭੱਜ ਨਹੀਂ ਸਕਦੀ ਸੀ।
ਅਗਲੇ ਦਿਨ ਨੂੰਹ-ਪੁੱਤ ਦੇ ਕੰਮ 'ਤੇ ਜਾਣ ਤੋਂ ਬਾਅਦ ਮੀਹਾਂ ਸਿੰਘ ਅਤੇ ਸੰਤ ਕੌਰ ਇਕ-ਦੂਜੇ ਨਾਲ ਦੁਖ-ਸੁਖ ਕਰਦੇ ਰੋਂਦੇ ਰਹੇ। ਸਿਮਰਨ ਅਜੇ ਵੀ ਸੁੱਤਾ ਪਿਆ ਸੀ।
-"ਸੰਤ ਕੁਰੇ-ਚਹੁੰ ਪਿੰਡਾਂ 'ਚ ਕਿਸੇ ਤੋਂ ਉਏ ਨ੍ਹੀ ਕਹਾਈ ਸੀ-ਐਥੇ ਆ ਕੇ ਕੱਖੋਂ ਹੌਲੇ ਹੋ ਗਏ-ਆਬਦੀ ਨੂੰਹ ਈ ਸਹੁਰੀ ਮੂੰਹ ਨ੍ਹੀ ਬੋਲਦੀ-ਨਾਲੇ ਸਹੁਰੀ ਨੂੰ ਕਦੇ ਕੁਛ ਆਖਿਆ ਨ੍ਹੀ-ਦੇਖ-ਦੇਖ ਜਿਉਨੇ ਐਂ।" ਮੀਹਾਂ ਸਿੰਘ ਨੇ ਭਰਿਆ ਮਨ ਫਿਰ ਹੌਲਾ ਕਰਨਾ ਸ਼ੁਰੂ ਕਰ ਦਿੱਤਾ।
-"ਇਸ ਚੰਦਰੀ ਧਰਤੀ ਦਾ ਪਾਣੀ ਈ ਕੁਛ ਐਹੋ ਜਿਐ-ਆਬਦੇ ਬਿਗਾਨੇ ਦੀ ਪਛਾਣ ਈ ਨ੍ਹੀ ਰਹਿਣ ਦਿੰਦਾ।" ਸੰਤ ਕੌਰ ਵੀ ਹੁਬਕੀਆਂ ਭਰ-ਭਰ ਰੋਣ ਲੱਗ ਪਈ।
-"ਬਾਬਾ ਜੀ!" ਸਿਮਰਨ ਪੈਂਟ ਦੀਆਂ ਜੇਬਾਂ ਵਿਚ ਹੱਥ ਪਾਈ ਖੜ੍ਹਾ ਸੀ।
-"ਉਏ ਉਠ ਖੜ੍ਹਿਆ ਮੇਰਾ ਕੁੱਕੜ?" ਬਾਬੇ ਨੇ ਪਰਦੇ ਨਾਲ ਅੱਖਾਂ ਸਾਫ਼ ਕਰ ਲਈਆਂ। ਸੰਤ ਕੌਰ ਕਿਚਨ ਵਿਚ ਚਲੀ ਗਈ।
-"ਬਾਬਾ ਜੀ-ਤੁਸੀਂ ਰੋਂਦੇ ਕਿਉਂ ਐਂ?"
-"ਉਏ ਮੈਂ ਕਦੋਂ ਰੋਨੈਂ ਕੁੱਕੜਾ? ਮੈਂ ਤਾਂ ਅੱਖਾਂ 'ਚ ਦੁਆਈ ਪਾਈ ਐ!"
-"ਸਿਮਰਨ! ਦੁੱਧ ਲਿਆਵਾਂ ਕਿ ਪਰੌਂਠਾ?" ਬੇਬੇ ਨੇ ਕਿਚਨ ਵਿਚੋਂ ਹੀ ਪੁੱਛਿਆ।
-"ਮੈਂ ਆਂਡਾ ਖਾਊਂਗਾ!" ਸਿਮਰਨ ਦੇ ਕਹਿਣ 'ਤੇ ਸੰਤ ਕੌਰ ਚੁੱਪ ਕਰ ਗਈ। ਸਾਰੀ ਉਮਰ ਸੰਤ ਕੌਰ ਅਤੇ ਮੀਹਾਂ ਸਿੰਘ ਨੇ ਆਂਡੇ-ਮੀਟ ਨੂੰ ਹੱਥ ਨਹੀਂ ਲਾਇਆ ਸੀ। ਸ਼ਰਾਬ ਉਹਨਾਂ ਦੇ ਕਦੇ ਘਰੇ ਨਹੀਂ ਵੜੀ ਸੀ।
-"ਅੱਛਾ! ਆਂਡਾ ਖਾਵੇਂਗਾ?" ਸੰਤ ਕੌਰ ਨੂੰ ਚੁੱਪ ਦੇਖ ਕੇ ਮੀਹਾਂ ਸਿੰਘ ਬੋਲਿਆ।
-"ਹਾਂ ਜੀ!"
-"ਵਾਹ ਬਈ ਵਾਹ! ਇਕ ਖਾਵੇਂਗਾ ਕਿ ਦੋ?"
-"ਦੋ!"
-"ਲੈ ਬਈ ਮੈਂ ਆਂਡੇ ਉਬਾਲ ਕੇ ਦਿਊਂ ਆਬਦੇ ਕੁੱਕੜ ਨੂੰ!" ਬਾਬਾ ਕਿਚਨ ਵਿਚ ਜਾ ਕੇ ਦੋ ਆਂਡੇ ਉਬਾਲ ਲਿਆਇਆ ਅਤੇ ਆਪਣੇ ਹੱਥੀਂ ਸਿਮਰਨ ਨੂੰ ਖੁਆਉਣ ਲੱਗ ਪਿਆ।
-"ਬਾਬਾ ਜੀ-ਤੁਸੀਂ ਵੀ ਖਾਓ!"
-"ਪੁੱਤ ਮੈਨੂੰ ਡਾਕਟਰ ਨੇ ਮਨ੍ਹਾਂ ਕੀਤਾ ਹੋਇਐ-ਮੈਂ ਨ੍ਹੀ ਖਾਣੇ!"
-"ਨਹੀਂ-ਖਾਓ---!" ਜਿ਼ੱਦ ਕਰਕੇ ਸਿਮਰਨ ਨੇ ਅੰਡੇ ਦਾ ਇਕ ਟੁਕੜਾ ਬਾਬੇ ਦੇ ਮੂੰਹ ਵਿਚ ਪਾ ਦਿੱਤਾ। ਔਖੇ-ਸੌਖੇ ਬਾਬੇ ਨੇ ਅੰਡੇ ਦਾ ਟੁਕੜਾ ਅੰਦਰ ਲੰਘਾ ਲਿਆ। ਪੋਤੇ 'ਤੇ ਉਸ ਨੂੰ ਜ਼ਰਾ ਵੀ ਗੁੱਸਾ ਨਹੀਂ ਆਇਆ ਸੀ।
ਸ਼ਾਮ ਨੂੰ ਜਸਮੇਲ ਦੀ ਸਹੇਲੀ ਸੰਗੀਤਾ ਆ ਗਈ। ਸੰਗੀਤਾ ਕਦੇ ਜਸਮੇਲ ਨਾਲ 'ਫਰੰਟ ਆਫਿ਼ਸ ਮੈਨੇਜਰ' ਤੌਰ 'ਤੇ ਕੰਮ ਕਰਦੀ ਰਹੀ ਸੀ। ਜਸਮੇਲ ਦੇ ਵਿਆਹ ਦੀ ਪਾਰਟੀ 'ਤੇ ਸੰਗੀਤਾ ਖ਼ੂਬ ਨੱਚੀ ਸੀ। ਹੁਣ ਅਗਲੇ ਹਫ਼ਤੇ ਸੰਗੀਤਾ ਦਾ ਵਿਆਹ ਸੀ। ਉਹ ਜਸਮੇਲ ਅਤੇ ਪਰਮਜੀਤ ਨੂੰ ਸ਼ਾਦੀ ਦਾ ਕਾਰਡ ਦੇਣ ਆਈ ਸੀ। ਇੱਥੇ ਆ ਕੇ ਸੰਗੀਤਾ ਨੂੰ ਪਤਾ ਚੱਲਿਆ ਕਿ ਜਸਮੇਲ ਦੇ ਸੱਸ-ਸਹੁਰਾ ਵੀ ਆਸਟਰੀਆ ਆਏ ਹੋਏ ਸਨ। ਸੱਸ-ਸਹੁਰੇ ਦੇ ਆਉਣ ਬਾਰੇ ਨਾ ਦੱਸਣ ਕਾਰਨ ਸੰਗੀਤਾ ਜਸਮੇਲ ਨਾਲ ਕਾਫ਼ੀ ਗੁੱਸੇ ਹੋਈ ਸੀ ਅਤੇ ਜਾਣ ਲੱਗੀ ਵਿਆਹ ਦੀ ਪਾਰਟੀ 'ਤੇ ਸੱਸ-ਸਹੁਰੇ ਨੂੰ ਵੀ ਨਾਲ ਹੀ ਲਿਆਉਣ ਦੀ ਸਖ਼ਤ ਹਦਾਇਤ ਕਰ ਗਈ ਸੀ।
ਖ਼ੈਰ! ਅਖੀਰ ਸੰਗੀਤਾ ਦੇ ਵਿਆਹ ਦਾ ਦਿਨ ਆ ਗਿਆ। ਜਸਮੇਲ ਸਵੇਰ ਤੋਂ ਹੀ ਤਿਆਰ ਹੋ ਰਹੀ ਸੀ। ਹੇਠਾਂ-ਉਪਰ ਜਾਂਦੀ ਉਹ ਸੱਸ-ਸਹੁਰੇ ਨੂੰ ਵਿਆਹ ਦੀ ਪਾਰਟੀ ਸਬੰਧੀ ਅਜੀਬ-ਅਜੀਬ ਨਸੀਹਤਾਂ ਦੇ ਰਹੀ ਸੀ। ਬਹੁਤਾ ਨਾ ਬੋਲਣ ਲਈ ਤਾਕੀਦ ਕਰ ਰਹੀ ਸੀ।
ਦਿਨ ਦੇ ਇਕ ਕੁ ਵਜੇ ਉਹ ਸਾਰੇ ਵਿਆਹ ਦੀ ਪਾਰਟੀ 'ਤੇ ਪੁੱਜ ਗਏ। ਇਕ ਵੱਡੇ ਹਾਲ ਵਿਚ ਅਜੀਬ ਜਿਹੀ ਪਾਰਟੀ ਦੇਖ ਕੇ ਸੰਤ ਕੌਰ ਅਤੇ ਮੀਹਾਂ ਸਿੰਘ ਘੁੱਟਾਂਬਾਟੀ ਜਿਹੇ ਝਾਕ ਰਹੇ ਸਨ। ਸਿਮਰਨ ਬਾਬੇ ਦੀ ਗੋਦੀ ਚੜ੍ਹਿਆ ਬੈਠਾ ਸੀ। ਔਰਤਾਂ ਅਤੇ ਆਦਮੀ ਸ਼ਰਾਬ-ਸਿਗਰਟਾਂ ਪੀ ਨਹੀਂ ਸਗੋਂ 'ਧੂਹ' ਰਹੇ ਸਨ।
-"ਬਜੁਰਗੋ ਤੁਸੀਂ ਵੀ ਮਾਰ ਲਓ ਘੁੱਟ!" ਇਕ ਨੌਜਵਾਨ ਨੇ ਬਾਬੇ ਨੂੰ ਆ ਕੇ ਸੁਲਾਹ ਮਾਰੀ।
-"ਰਾਜੀ ਰਹਿ ਜੁਆਨਾਂ! ਅਸੀਂ ਤਾਂ ਜੁਆਨੀ 'ਚ ਨ੍ਹੀ ਪੀਤੀ-ਹੁਣ ਤਾਂ ਕੀ ਸਹੁੰ ਤੋੜਨੀ ਐਂ?"
ਨੌਜਵਾਨ ਹੱਸਦਾ ਤੁਰ ਗਿਆ।
ਸ਼ਾਦੀ ਦੀਆਂ ਸਧਾਰਨ ਜਿਹੀਆਂ ਰਸਮਾਂ ਤੋਂ ਬਾਅਦ ਗਿਫ਼ਟ ਦੇਣ ਦਾ ਦੌਰ ਚੱਲਿਆ। ਫਿਰ ਸੰਗੀਤ ਅਤੇ ਫਿਰ ਡਾਂਸ ਦਾ ਸਿਲਸਲਾ ਸ਼ੁਰੂ ਹੋ ਗਿਆ। ਜਸਮੇਲ ਹੱਥ ਵਿਚ ਵਾਈਨ ਦਾ ਗਿਲਾਸ ਫੜੀ ਤਰ੍ਹਾਂ-ਤਰ੍ਹਾਂ ਦੇ ਗੋਰਿਆਂ, ਇੰਡੀਅਨਾਂ ਨੂੰ ਗਲਵਕੜੀਆਂ ਪਾ ਰਹੀ ਸੀ। ਵਾਈਨ ਪੀਂਦੀ ਕਿਸੇ ਨਾਲ ਚੁੰਮੀ-ਚੱਟੀ ਵੀ ਕਰ ਜਾਂਦੀ ਸੀ। ਦੇਖ ਕੇ ਮੀਹਾਂ ਸਿੰਘ ਨੇ ਅੱਖਾਂ ਬੰਦ ਕਰ ਲਈਆਂ।
-"ਆਪਣੇ ਆਲੀ ਵੀ ਪੀਂਦੀ ਫਿਰਦੀ ਐ?" ਸੰਤ ਕੌਰ ਨੇ ਬੁਝੀਆਂ ਅੱਖਾਂ ਨਾਲ ਦੇਖ ਕੇ ਮੀਹਾਂ ਸਿੰਘ ਨੂੰ ਪੁੱਛਿਆ।
-"ਦੇਖੀ ਚੱਲ ਰੰਗ ਕਰਤਾਰ ਦੇ!"
-"ਮੈਂ ਪੁੱਛਦੀ ਐਂ ਇਹਨੂੰ ਚੁੜੇਲ ਨੂੰ-ਸਾਡੀ ਤਾਂ ਕੁਲ ਨੂੰ ਲਾਜ ਲਾਈ ਜਾਂਦੀ ਐ ਹਰਾਮਦੀ।" ਸੰਤ ਕੌਰ ਹਨ੍ਹੇਰੀ ਵਾਂਗ ਉਠੀ। ਉਸ ਦੀਆਂ ਜੋਤਹੀਣ ਅੱਖਾਂ 'ਚੋਂ ਚੰਗਿਆੜੇ ਫੁੱਟੇ ਸਨ। ਪਰ ਮੀਹਾਂ ਸਿੰਘ ਨੇ ਬਾਂਹ ਫੜ ਕੇ ਬਿਠਾ ਲਈ।
-"ਬਹਿਜਾ 'ਰਾਮ ਨਾਲ-ਕਿਉਂ ਮੁੱਕੀਆਂ ਖਾਣੀਐਂ? ਐਥੇ ਕੋਈ ਨ੍ਹੀ ਪੁੱਛਦਾ ਖਾਨਦਾਨ ਨੂੰ-ਕਲਜੁਗ ਆਇਆ ਪਿਐ।"
ਰਾਤ ਦੇ ਇਕ ਵਜੇ ਪਾਰਟੀ ਖਤਮ ਹੋਈ। ਸੰਤ ਕੌਰ ਅਤੇ ਮੀਹਾਂ ਸਿੰਘ ਕੁਰਸੀਆਂ 'ਤੇ ਬੈਠੇ ਹੀ ਕਈ ਵਾਰ ਸੌਂ ਕੇ ਜਾਗ ਚੁੱਕੇ ਸਨ। ਸਿਮਰਨ ਬਾਬੇ ਦੀ ਬੁੱਕਲ ਵਿਚ ਪਿਆ ਨਿੱਕੇ-ਨਿੱਕੇ ਘੁਰਾੜੇ ਮਾਰ ਰਿਹਾ ਸੀ।
ਸਾਰੀ ਰਾਤ ਹੀ ਦੋਨਾਂ ਬਜੁਰਗਾਂ ਨੂੰ ਨੀਂਦ ਨਾ ਪਈ। ਉਹ ਜਿਵੇਂ ਪਏ ਸਨ, ਉਸ ਤਰ੍ਹਾਂ ਹੀ ਉਠ ਖੜ੍ਹੇ ਸਨ। ਸਵੇਰੇ ਸੱਤ ਵਜੇ ਹੀ ਸੰਤ ਕੌਰ ਨੇ ਨਿਧੜਕ ਹੋ ਕੇ ਪਰਮਜੀਤ ਨੂੰ ਜਗਾ ਲਿਆ। ਉਹ ਦੰਦ ਸਾਫ਼ ਕਰਕੇ ਹੇਠਾਂ ਆ ਗਿਆ।
-"ਪੁੱਤ ਪਰਮ ਸਾਨੂੰ ਅੱਜ ਈ ਟਿਗਟ ਲੈ ਦੇ-ਅਸੀਂ ਨ੍ਹੀ ਐਥੇ ਰਹਿਣਾ-ਚਾਹੇ ਲੱਖ ਗਰੀਬੀ ਸੀ-ਪਰ ਸਾਰੀ ਜਿੰਦਗੀ ਇੱਜਤ ਦੀ ਗੁਜਾਰੀ ਐ-ਤੇ ਹੁਣ ਸਾਡਾ ਬੁੜ੍ਹਾਪਾ ਖਰਾਬ ਨਾ ਕਰ।" ਬੇਬੇ ਪੁੱਤ ਸਾਹਮਣੇ ਚਾਹ ਦਾ ਕੱਪ ਰੱਖਦੀ ਹੋਈ ਫਿ਼ੱਸ ਪਈ।
-"ਬੇਬੇ ਐਥੋਂ ਦਾ ਕਲਚਰ ਈ ਇਹੋ ਜਿਐ-ਕੀ ਕਰੀਏ? ਜੈਸਾ ਦੇਸ਼ ਵੈਸਾ ਭੇਸ-ਉਹੋ ਜਿਹੇ ਬਣ ਕੇ ਰਹਿਣਾ ਪੈਂਦੈ।" ਪਰਮਜੀਤ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਬੇਬੇ-ਬਾਪੂ ਰਾਤ ਵਾਲੀ ਪਾਰਟੀ ਤੋਂ ਦੁਖੀ ਹੋ ਗਏ ਸਨ।
-"ਪੁੱਤ ਅੱਖੋਂ ਪਰ੍ਹੇ ਜੱਗ ਮਰੇ-ਤੁਸੀਂ ਜਿਉਂਦੇ ਵਸਦੇ ਰਹੋ-ਹੱਸੋ ਖੇਡੋ ਮੌਜਾਂ ਮਾਣੋਂ-ਪਰ ਸਾਨੂੰ ਅੱਜ ਈ ਟਿਗਟ ਲੈ ਦੇ-ਸਾਨੂੰ ਪਿਛਲੇ ਵਖਤ ਨਾ ਰੋਲ-ਸਾਡੀ ਮੌਤ ਨਾ ਖਰਾਬ ਕਰ।"
ਰੌਲਾ ਸੁਣ ਕੇ ਜਸਮੇਲ ਹੇਠਾਂ ਉਤਰ ਆਈ।
-"ਬੇਬੇ ਬਾਪੂ ਇੰਡੀਆ ਜਾਣ ਨੂੰ ਕਹਿੰਦੇ ਐ।" ਪਰਮਜੀਤ ਨੇ ਆਖਿਆ।
-"ਜਾਣ ਦਿਓ! ਆਪਾਂ ਬੇਬੀ-ਸਿਟਰ ਰੱਖ ਲਵਾਂਗੇ-ਇਹਨਾਂ ਬਿਨਾਂ ਕਿਤੇ ਜੁਆਕ ਨ੍ਹੀ ਪਲਣਾ?" ਜਸਮੇਲ ਕੌਰ ਨੇ ਅਜੀਬ ਹੀ ਅਕਾਸ਼ਬਾਣੀ ਕੀਤੀ।
-"ਜੇ ਪੁੱਤ ਕਹੋਂ ਤਾਂ ਅਸੀਂ ਸਿਮਰਨ ਨੂੰ ਨਾਲ ਲੈ ਜਾਨੇ ਐਂ-ਉਥੇ ਵੀ ਬਥੇਰੇ ਚੰਗੇ-ਚੰਗੇ ਸਕੂਲ ਐ-ਉਥੇ ਲਾ ਦਿਆਂਗੇ-ਨਾਲੇ ਸਾਡੀ ਰਾਲ ਬੋਲ ਬਣੀ ਰਹੂ।"
-"ਅਸੀਂ ਨ੍ਹੀ ਭੇਜਣਾ-ਉਥੇ ਭੇਜ ਕੇ ਅਸੀਂ ਇਹਨੂੰ ਥੋਡੇ ਅਰਗਾ ਉਜੱਡ ਨ੍ਹੀ ਬਣਾਉਣਾ-ਤੁਸੀਂ ਜਾਣੈਂ ਤਾਂ ਜਾਓ ਬੜੀ ਖੁਸ਼ੀ ਨਾਲ।" ਤੇ ਉਹ ਪੌੜੀਆਂ ਚੜ੍ਹ ਗਈ।
-"ਸੁਣ ਲਿਆ ਪੁੱਤ? ਬੱਸ ਹੁਣ ਸਾਡੀ ਹੋਰ ਨਾ ਛੋਤ ਲੁਹਾ-ਸਾਨੂੰ ਤੋਰਦੇ-ਹਾੜ੍ਹੇ ਮੇਰਾ ਸ਼ੇਰ!" ਬੇਬੇ ਨੇ ਹੱਥ ਬੰਨ੍ਹੇ।
ਪਰਮਜੀਤ ਨੇ ਬਥੇਰਾ ਸਮਝਾਇਆ। ਪਰ ਬੇਬੇ-ਬਾਪੂ ਨੇ ਇੰਡੀਆ ਜਾਣ ਦੀ ਜਿ਼ਦ ਫੜੀ ਰੱਖੀ। ਫਿਰ ਹਾਰ ਕੇ ਉਸ ਨੇ ਆਪਣੇ ਇਕ ਟਰੈਵਲ-ਏਜੰਟ ਮਿੱਤਰ ਦੇ ਘਰ ਫ਼ੋਨ ਕੀਤਾ ਅਤੇ ਅਗਲੇ ਦਿਨ ਸਵੇਰੇ ਟਿਕਟਾਂ ਘਰੇ ਪਹੁੰਚਾ ਦੇਣ ਦੀ ਤਾਕੀਦ ਕਰ ਦਿੱਤੀ।
ਸਾਰੀ ਰਾਤ ਹੀ ਬਾਬਾ ਸਿਮਰਨ ਨੂੰ ਹਿੱਕ 'ਤੇ ਪਾਈ ਪਿਆ ਰੋਂਦਾ ਰਿਹਾ। ਇਹੀ ਹਾਲਤ ਸੰਤ ਕੌਰ ਦੀ ਸੀ। ਸਭ ਤੋਂ ਵੱਧ ਦੁੱਖ ਉਹਨਾਂ ਨੂੰ ਸਿਮਰਨ ਤੋਂ ਵਿਛੜਨ ਦਾ ਸੀ।
ਅਗਲੇ ਦਿਨ ਸਵੇਰੇ ਦੋ ਹਵਾਈ ਟਿਕਟਾਂ ਘਰ ਪਹੁੰਚ ਗਈਆਂ। ਜਸਮੇਲ ਕੰਮ 'ਤੇ ਜਾ ਚੁੱਕੀ ਸੀ। ਜਾਂਦੀ ਹੋਈ ਉਸ ਨੇ ਸੱਸ-ਸਹੁਰੇ ਨਾਲ ਜੁਬਾਨ ਵੀ ਸਾਂਝੀ ਨਾ ਕੀਤੀ। ਹਾਲਾਂ ਕਿ ਉਸ ਨੂੰ ਪਤਾ ਸੀ ਕਿ ਅੱਜ ਸ਼ਾਮ ਨੂੰ ਉਹਨਾਂ ਦੀ ਫ਼ਲਾਈਟ ਸੀ।
ਪਰਮਜੀਤ ਨੇ ਬਿਮਾਰੀ ਦਾ ਬਹਾਨਾ ਲਾ ਕੇ ਫ਼ੈਕਟਰੀ ਤੋਂ ਛੁੱਟੀ ਲੈ ਲਈ ਸੀ।
ਸ਼ਾਮ ਨੂੰ ਪਰਮਜੀਤ, ਸਿਮਰਨ, ਬਾਪੂ ਅਤੇ ਬੇਬੇ ਸਾਲਜ਼ਬਰਗ ਦੇ ਏਅਰਪੋਰਟ 'ਤੇ ਪਹੁੰਚ ਗਏ। ਸਿਮਰਨ ਤੋਂ ਬਗੈਰ ਸਾਰਿਆਂ ਦੀਆਂ ਅੱਖਾਂ ਵਿਚੋਂ ਮੋਹ ਦਾ ਹੜ੍ਹ ਵਗੀ ਜਾ ਰਿਹਾ ਸੀ।
-"ਬਾਬਾ ਜੀ-ਤੁਸੀਂ ਰੋਂਦੇ ਕਿਉਂ ਹੋ?" ਸਿਮਰਨ ਨੇ ਅਚਨਚੇਤ ਪੁੱਛਿਆ।
-"ਕੁੱਕੜਾ ਅੱਜ ਤੇਰਾ ਬਾਬਾ ਜਿੰਦਗੀ ਦੀ ਬਾਜੀ ਹਾਰ ਗਿਆ।" ਤੇ ਬਾਬੇ ਨੇ ਉਚੀ ਦੇਣੇ ਧਾਹ ਮਾਰੀ। ਪਰ ਸਿਮਰਨ ਨੂੰ ਕੁਝ ਸਮਝ ਨਾ ਪਿਆ। ਏਅਰਪੋਰਟ 'ਤੇ ਖੜ੍ਹੇ ਯਾਤਰੀ ਇਕ ਦਮ ਇੱਧਰ ਨੂੰ ਝਾਕੇ।
-"ਚਲੋ ਬਾਪੂ ਜੀ-ਫ਼ਲਾਈਟ ਦਾ ਟਾਈਮ ਹੋ ਗਿਆ।" ਪਰਮਜੀਤ ਨੇ ਕਿਹਾ, "ਜਾ ਕੇ ਚਿੱਠੀ ਪਾ ਦਿਓ!"
-"ਆ ਬਈ ਕੁੱਕੜਾ ਆਪਾਂ 'ਮਾਰੀ' ਕਰੀਏ-ਹੁਣ ਪਤਾ ਨ੍ਹੀ ਆਪਣੇ ਮੇਲ ਹੋਣਗੇ ਪਤਾ ਨ੍ਹੀ, ਨਹੀਂ।" ਤੇ ਬਾਬੇ ਨੇ ਸਿਮਰਨ ਨੂੰ ਗੋਦੀ ਚੁੱਕ ਕੇ ਚੁੰਮਣਾਂ ਸ਼ੁਰੂ ਕਰ ਦਿੱਤਾ ਅਤੇ ਫਿਰ ਸੰਤ ਕੌਰ ਨੂੰ ਫੜਾ ਦਿੱਤਾ।
-"ਚੰਗਾ ਪੁੱਤ ਪਰਮ-ਰਲ ਮਿਲ ਕੇ ਰਿਹਾ ਕਰੋ-ਸਿਮਰਨ ਦਾ ਖਿਆਲ ਰੱਖਿਆ ਕਰੋ।" ਤੇ ਬੇਬੇ-ਬਾਪੂ ਗੱਡੇ ਵਰਗੇ ਭਾਰੇ ਪੈਰ ਘੜ੍ਹੀਸਦੇ ਬੜੀ ਤੇਜੀ ਨਾਲ ਚੈੱਕ-ਇੰਨ ਲਈ ਅੰਦਰ ਦਾਖਲ ਹੋ ਗਏ।
ਫ਼ਲਾਈਟ ਸਹੀ ਟਾਈਮ 'ਤੇ ਉਡ ਗਈ।
ਰੋਂਦੇ-ਕੁਰਲਾਉਂਦੇ ਸਿਮਰਨ ਨੂੰ ਲੈ ਕੇ ਪਰਮਜੀਤ ਵਾਪਿਸ ਆ ਗਿਆ। ਉਹ ਬਾਬੇ ਬਿਨਾਂ ਦਿਲ ਨਹੀਂ ਲਾ ਰਿਹਾ ਸੀ।
----ਤੇ ਫਿਰ ਦਸ ਕੁ ਦਿਨਾਂ ਬਾਅਦ ਪਰਮਜੀਤ ਨੂੰ ਉਸ ਦੇ ਮਾਮੇਂ ਦੇ ਮੁੰਡੇ ਦਾ ਫ਼ੈਕਟਰੀ ਫ਼ੋਨ ਆਇਆ। ਪਰਮਜੀਤ ਦਾ ਬਾਪੂ ਮੀਹਾਂ ਸਿੰਘ ਹਾਰਟ-ਅਟੈਕ ਹੋਣ ਕਾਰਨ ਚੱਲ ਵਸਿਆ ਸੀ ਅਤੇ ਉਸ ਨੇ ਮਰਨ ਤੋਂ ਪਹਿਲਾਂ "ਉਏ ਕੁੱਕੜਾ!" ਕਹਿ ਕੇ ਹਾਕਾਂ ਮਾਰੀਆਂ ਸਨ। ਫ਼ੋਨ ਰੱਖ ਕੇ ਉਸ ਨੇ ਖਿੜਕੀ ਰਾਹੀਂ ਬਾਹਰ ਤੱਕਿਆ ਤਾਂ ਫ਼ੈਕਟਰੀ ਦੀ ਪਾਰਕ ਵਿਚ ਫ਼ੁਆਰਾ ਚੱਲ ਰਿਹਾ ਸੀ। ਪਰਮਜੀਤ ਨੂੰ ਮਹਿਸੂਸ ਹੋਇਆ ਕਿ ਇਹ ਫ਼ੁਆਰਾ ਨਹੀਂ, ਧਰਤੀ ਰੋ ਰਹੀ ਸੀ!
ਉਹ ਲੰਬੀ ਛੁੱਟੀ ਲੈ ਕੇ ਘਰ ਆ ਗਿਆ। ਘਰ ਆ ਕੇ ਉਸ ਨੇ ਟਰੈਵਲ-ਏਜੰਟ ਨੂੰ ਫ਼ੋਨ ਕਰ ਕੇ ਟਿਕਟ ਬੁੱਕ ਕਰਵਾਈ। ਰਾਤ ਦੋ ਵਜੇ ਦੀ ਫ਼ਲਾਈਟ ਸੀ।
ਸ਼ਾਮ ਨੂੰ ਫਿਰ ਫ਼ੋਨ ਖੜਕਿਆ। ਮਾਮੇਂ ਦਾ ਪੁੱਤ ਸੀ। ਬਾਪੂ ਦਾ ਸਦਮਾਂ ਨਾ ਸਹਾਰਦੀ ਬੇਬੇ ਵੀ ਸੁਆਸ ਤਿਆਗ ਗਈ ਸੀ। ਪਰਮਜੀਤ ਨੂੰ ਤੁਰੰਤ ਇੰਡੀਆ ਪਹੁੰਚਣ ਦੀ ਹਦਾਇਤ ਸੀ। ਸਸਕਾਰ ਉਸ ਦੇ ਪਹੁੰਚਣ 'ਤੇ ਹੀ ਕਰਨੇ ਸਨ।
ਸ਼ਾਮ ਨੂੰ ਹੀ ਪਰਮਜੀਤ ਨੇ ਦੋ-ਚਾਰ ਕੱਪੜੇ ਅਟੈਚੀ ਵਿਚ ਪਾਏ। ਜਸਮੇਲ ਨੂੰ ਦੱਸ ਸਵੇਰੇ ਦੋ ਵਜੇ ਉਹ ਇੰਡੀਆ ਨੂੰ ਰਵਾਨਾ ਹੋ ਗਿਆ। ਬਾਪੂ-ਬੇਬੇ ਦੇ ਚਿਹਰੇ ਉਸ ਦੀਆਂ ਅੱਖਾਂ ਅੱਗੇ ਘੁੰਮ ਰਹੇ ਸਨ। ਉਸ ਦੀਆਂ ਅੱਖਾਂ ਮੀਂਹ ਵਾਂਗ ਵਰ੍ਹੀ ਜਾ ਰਹੀਆਂ ਸਨ!

No comments: