ਊਠਾਂ ਵਾਲੇ ਬਲੋਚ
(ਕਹਾਣੀ)
-"ਉਏ ਆ ਬਈ ਤਾਇਆ-ਕੀ ਹਾਲ ਚਾਲ ਐ?" ਖ਼ਰੀਦਾ ਫ਼ਰੋਖ਼ਤੀ ਕਰਦੇ ਸੁਰਜੀਤ ਨੂੰ "ਟੁੰਡਾ ਤਾਇਆ" ਕੈਸ਼ ਐਂਡ ਕੈਰੀ ਦੀ ਦੁਕਾਨ 'ਤੇ ਹੀ ਮਿਲ ਪਿਆ।
-"ਜਮਾਂ ਲੋਹੇ ਅਰਗੇ ਐਂ ਭਤੀਜ-ਤੂੰ ਸੁਣਾ ਬਾਲ ਬੱਚੇ ਰਾਜੀ ਐ?" ਤਾਏ ਨੇ ਸੁਰਜੀਤ ਨੂੰ ਬੱਚਿਆਂ ਵਾਂਗ ਜੱਫ਼ੀ 'ਚ ਲੈ ਕੇ ਜੋਰ ਦੀ ਘੁੱਟਿਆ।
-"ਬਾਬੇ ਦੀ ਫੁੱਲ ਕਿਰਪਾ ਐ ਤਾਇਆ-ਕਾਟੋ ਫੁੱਲਾਂ 'ਤੇ ਖੇਡਦੀ ਐ।"
-"ਦੇਹ ਗੱਲ ਤੇਰੇ ਬਾਪੂ ਬੇਬੇ ਦੀ?"
-"ਐਸ਼ਾਂ ਕਰਦੇ ਐ ਤਾਇਆ-ਤੂੰ ਸੁਣਾ ਇੰਡੀਆ ਤੋਂ ਕਦੋਂ ਆਇਐਂ?"
-"ਕੱਲ੍ਹ ਈ ਆਇਐਂ।"
-"ਆ ਤਾਇਆ ਘਰੇ ਚੱਲੀਏ-ਬੀਅਰ ਸ਼ੀਅਰ ਮਾਰਾਂਗੇ ਬੈਠ ਕੇ।" ਸੁਰਜੀਤ ਨੇ ਕਾਰ ਵਿਚ ਸਮਾਨ ਰੱਖਦਿਆਂ ਕਿਹਾ।
-"ਨਹੀਂ ਅਜੇ ਟੈਮ ਨ੍ਹੀ ਹੋਇਆ।" ਤਾਏ ਨੇ ਘੜੀ ਦੇਖ ਕੇ ਆਖਿਆ।
ਤਾਇਆ ਫ਼ੌਜ ਵਿਚ ਰਿਹਾ ਹੋਣ ਕਾਰਨ ਸਮੇਂ ਦਾ ਬੜਾ ਪਾਬੰਦ ਬੰਦਾ ਸੀ। ਪਾਕਿਸਤਾਨ ਨਾਲ ਲੱਗੀ ਜੰਗ ਵੇਲੇ ਤਾਏ ਦੇ ਹੱਥ ਕੋਲ ਇਕ ਹੈਂਡ-ਗਰਨੇਡ ਫ਼ਟ ਗਿਆ ਸੀ ਅਤੇ ਤਾਏ ਦੇ ਹੱਥਾਂ ਦੀਆਂ ਉਂਗਲਾਂ ਉੱਡ ਗਈਆਂ ਸਨ। ਤਾਏ ਨੂੰ ਬਚਾਉਣ ਲਈ ਡਾਕਟਰਾਂ ਨੂੰ ਉਸ ਦਾ ਹੱਥ ਗੁੱਟ ਕੋਲੋਂ ਕੱਟਣਾ ਪਿਆ। ਲੜਾਈ ਵਿਚ ਨਕਾਰਾ ਹੋਣ ਕਾਰਨ ਤਾਇਆ ਵਕਤ ਤੋਂ ਪਹਿਲਾਂ ਹੀ ਪੈਨਸ਼ਨ ਆ ਗਿਆ ਸੀ ਅਤੇ ਪਿੰਡ ਦੇ ਜੁਆਕ ਉਸ ਨੂੰ "ਟੁੰਡਾ ਤਾਇਆ" ਕਹਿਣ ਲੱਗ ਪਏ। ਪਰ ਉਹ ਗੁੱਸਾ ਨਾ ਕਰਦਾ। ਬੱਸ! ਹੱਸ ਕੇ ਹੀ ਅੱਗੇ ਤੁਰ ਜਾਂਦਾ। ਜਾਂ ਫਿਰ ਕਦੇ-ਕਦੇ ਆਖਦਾ, "ਉਏ ਮੱਲੋ! ਆਹ ਮੈਡਲ ਐਸੇ ਟੁੰਡ ਦਾ ਈ ਦੁਆਇਆ ਵਿਐ! ਇਹ ਕਿਤੇ ਮਾੜੇ ਮੋਟੇ ਨੂੰ ਮਿਲਦੈ?" ਤਾਇਆ ਬਾਂਹ ਦਾ ਟੁੰਡ ਦੁਨਾਲੀ ਬੰਦੂਕ ਵਾਂਗ ਜੁਆਕਾਂ ਵੱਲ "ਸਿੰਨ੍ਹ" ਕੇ ਆਖਦਾ। ਬਹਾਦਰੀ ਵਿਚ ਮਿਲੇ ਮੈਡਲ ਨੂੰ ਉਹ ਹਮੇਸ਼ਾ ਜੇਬ ਵਿਚ ਹੀ ਰੱਖਦਾ ਸੀ।
ਅਸਲ ਵਿਚ ਤਾਏ ਦਾ ਨਾਂ ਜੋਗਿੰਦਰ ਸਿੰਘ ਸੀ। ਸੁਭਾਅ ਦਾ ਬੜਾ ਹੀ ਹੱਸਮੁੱਖ! ਪਿੰਡ ਦੇ ਸਕੂਲ 'ਚੋਂ ਛੇ ਜਮਾਤਾਂ ਪੜ੍ਹਿਆ ਤਾਇਆ ਹੱਡ ਦਾ ਬੜਾ ਚੀੜ੍ਹਾ, ਸਿਦਕੀ ਅਤੇ ਸਿਰੜੀ ਬੰਦਾ ਸੀ। ਪੈਨਸ਼ਨ ਆਉਣ ਤੋਂ ਬਾਅਦ ਤਾਇਆ ਕਾਫ਼ੀ ਚਿਰ ਉਖੜਿਆ-ਉਖੜਿਆ ਜਿਹਾ ਰਿਹਾ। ਫ਼ੌਜੀ ਬੰਦਾ ਵਿਹਲਾ ਕਿਵੇਂ ਰਹਿ ਸਕਦਾ ਸੀ? ਅਫ਼ਸਰਾਂ ਦੇ ਛਾਂਟਿਆਂ ਹੇਠ ਵਗੇ ਤਾਏ ਨੂੰ ਕਿਸੇ ਨਾ ਕਿਸੇ ਆਹਰ ਦੀ ਸਖ਼ਤ ਜ਼ਰੂਰਤ ਸੀ। ਜ਼ਮੀਨ ਘਰ ਦੀ ਸਿਰਫ਼ ਸੱਤ ਏਕੜ ਸੀ। ਜਿਸ ਨੂੰ ਵੇਚ ਕੇ ਤਾਏ ਨੇ ਰਕਮ ਬੈਂਕ ਵਿਚ ਰੱਖ ਦਿੱਤੀ।
ਵਿਆਹ ਉਸ ਨੇ ਲੋਕਾਂ ਦੇ ਕਹਿਣ 'ਤੇ ਵੀ ਨਹੀਂ ਕਰਵਾਇਆ ਸੀ। ਤਾਏ ਦੀ ਮਾਂ ਚਿੰਤੀ ਪੁੱਤ ਦੇ ਵਿਆਹ ਦੇਖਣ ਦਾ ਚਾਅ ਢਿੱਡ ਵਿਚ ਲੈ ਕੇ ਹੀ ਤੁਰ ਗਈ ਸੀ। ਬਾਪੂ ਤਾਂ ਛੋਟੇ ਹੁੰਦੇ ਦਾ ਹੀ ਚੜ੍ਹਾਈ ਕਰ ਗਿਆ ਸੀ। ਹੋਰ ਕੋਈ ਭੈਣ ਨਾ ਭਾਈ। ਇੱਕਲਾ-ਇਕੱਲਾ ਹੀ ਸੀ ਤਾਇਆ ਟੁੰਡਾ! ਜਦ ਕਦੇ ਤਾਇਆ ਪਿੰਡ ਛੁੱਟੀ ਆਉਂਦਾ ਤਾਂ ਉਸ ਦਾ ਦਿਲ ਨਾ ਲੱਗਦਾ। ਖਾਲੀ-ਖਾਲੀ ਘਰ ਉਸ ਨੂੰ ਖਾਣ ਆਉਂਦਾ।
ਸ਼ਾਮ ਨੂੰ ਤਾਇਆ ਸੱਥ ਵਿਚ ਜਾ ਬੈਠਦਾ। ਜੇ ਕੋਈ ਅਚਨਚੇਤ ਪੁੱਛ ਲੈਂਦਾ, "ਫ਼ੌਜੀਆ ਬਿਆਹ ਸ਼ਾਦੀ ਬਾਰੇ ਤੇਰਾ ਕੀ ਖਿਆਲ ਐ?" ਤਾਂ ਤਾਇਆ ਠੋਕ ਕੇ ਉੱਤਰ ਮੋੜਦਾ, "ਇਹ ਆਪਣੇ ਵੱਸ ਦਾ ਰੋਗ ਨ੍ਹੀ ਬਾਈ! ਦੁਸ਼ਮਣ ਚਾਹੇ ਹਜਾਰ ਮੂਹਰੇ ਹੋਵੇ-ਉਹਨੂੰ ਠੱਲ੍ਹ ਪਾਲਾਂਗੇ-ਪਰ ਤੀਮੀ ਸਾਂਮ੍ਹਣੀ ਮੁਸ਼ਕਿਲ ਐ-ਐਨੇ ਬਾਧੂ ਕਿਉਂ ਫੇ ਘੁਲਾੜ੍ਹੇ 'ਚ ਹੱਥ ਦੇਈਏ? ਨਾਲੇ 'ਕੱਲੇ ਆਦਮੀ ਦੇ ਤਾਂ ਪੈਰਾਂ 'ਚ ਮੋਗੇ ਦੀਆਂ ਤੀਆਂ ਹੁੰਦੀਐਂ-ਕੋਈ ਫਿਕਰ ਨਾ ਫਾਕਾ-ਆਥਣ ਨੂੰ ਪੇਗ ਸ਼ੇਗ ਲਾਈਦੈ-ਰੋਟੀ ਹੋਟਲ ਤੋਂ ਖਾ ਆਈਦੀ ਐ-ਬੱਸ ਸਤਿਨਾਮ ਵਾਹਿਗੁਰੂ---!"
ਸੱਥ 'ਚ ਬੈਠੀ ਮੁਡੀਹਰ ਹੱਸ ਛੱਡਦੀ।
ਤਾਇਆ ਆਪਣੀ ਛੁੱਟੀ ਦੇ ਦਿਨ "ਤੋੜ" ਕੇ ਤੁਰ ਜਾਂਦਾ ਅਤੇ ਮੁਡੀਹਰ ਉਸ ਦੀਆਂ ਸੁਣਾਈਆਂ ਗੱਲਾਂ ਕਰ-ਕਰ ਕੇ ਹਫ਼ਤਿਆਂ ਬੱਧੀ ਹੱਸਦੀ ਰਹਿੰਦੀ।
ਖ਼ੈਰ! ਤਾਏ ਨੇ ਹੱਥ ਪੱਲਾ ਹਿਲਾਉਣ ਦੀ ਖਾਤਰ ਇਕ ਬੈਂਕ ਵਿਚ ਗੰਨਮੈਨ ਲੱਗਣ ਵਾਸਤੇ ਮੈਨੇਜਰ ਪਿੱਛੇ ਅਣਗਿਣਤ ਗੇੜੇ ਮਾਰੇ। ਪਰ ਇਕ ਹੱਥ ਨਾ ਹੋਣ ਕਰਕੇ ਕੰਮ ਨਾ ਬਣਿਆ। ਫਿਰ ਕੀਟ-ਨਾਸ਼ਕ ਦੁਆਈਆਂ ਵੇਚਣ ਦਾ ਕੰਮ ਆਰੰਭਿਆ। ਪਰ ਘਾਟਾ ਪੈ ਗਿਆ। ਉਸ ਤੋਂ ਬਾਅਦ ਸੀਮਿੰਟ ਦੀਆਂ ਬੋਰੀਆਂ ਦੀ ਬਲੈਕ ਕਰਨ ਬਦਲੇ ਪੁਲਸ ਤੋਂ ਕੁੱਟ ਖਾਧੀ।
ਤਾਏ ਦਾ ਮਨ ਉਚਾਟ ਹੋ ਗਿਆ।
ਅਖੀਰ ਕੌਸ਼ਲ ਏਜੰਟ ਨਾਲ ਗਿੱਟ-ਮਿੱਟ ਕਰ ਕੇ ਅਤੇ ਡੇੜ੍ਹ ਲੱਖ ਰੁਪਏ "ਮੱਥਾ ਟੇਕ" ਕੇ ਤਾਇਆ ਜਰਮਨ ਆ ਗਿਆ। ਜਰਮਨ ਵਿਚ ਪੁਲੀਟੀਕਲ-ਸਟੇਅ ਦਾ ਕੇਸ ਫ਼ੇਲ੍ਹ ਹੋਣ ਤੋਂ ਬਾਅਦ ਤਾਇਆ ਆਸਟਰੀਆ ਆ ਕੇ ਟਿਕ ਗਿਆ। ਭਲੇ ਮੌਕੇ ਤਾਏ ਨੂੰ ਵਰਕ-ਪ੍ਰਮਟ ਮਿਲ ਗਿਆ ਅਤੇ ਤਾਏ ਨੇ ਇਕ ਮੇਮ ਦੇ ਗਾਰਡਨ ਵਿਚ ਨੌਕਰੀ ਕਰ ਲਈ। ਹੱਥੋਂ ਆਝਾ ਹੋਣ ਕਾਰਨ ਉਹ ਹੋਰ ਕੁਝ ਕਰ ਵੀ ਨਹੀਂ ਸਕਦਾ ਸੀ। ਪੰਦਰਾਂ ਸਾਲ ਤਾਏ ਨੇ ਮੇਮ ਦੇ ਉਸ ਗਾਰਡਨ ਵਿਚ ਬੜੀ ਲਗਨ ਅਤੇ ਮਿਹਨਤ ਨਾਲ ਕੰਮ ਕੀਤਾ।
ਉਮਰ ਦੇ ਪੈਂਹਟ ਸਾਲ ਅਤੇ ਸਰਵਿਸ ਦੇ ਪੰਦਰਾਂ ਸਾਲ ਪੂਰੇ ਹੋਣ ਉਪਰੰਤ ਤਾਏ ਨੂੰ ਪੈਨਸ਼ਨ ਹੋ ਗਈ। ਫ਼ੌਜ ਦੀ ਪੈਨਸ਼ਨ ਉਸ ਦੀ ਇੰਡੀਆ ਦੀ ਬੈਂਕ ਵਿਚ ਜਮ੍ਹਾਂ ਹੋਈ ਜਾਂਦੀ ਸੀ ਅਤੇ ਇੱਥੋਂ ਦੀ ਪੈਨਸ਼ਨ ਨਾਲ ਤਾਇਆ ਬੜੀ ਠਾਠ ਨਾਲ ਰਹਿ ਰਿਹਾ ਸੀ। ਸਾਲ ਵਿਚ ਉਹ ਦੋ ਵਾਰ ਇੰਡੀਆ ਗੇੜਾ ਮਾਰਦਾ। ਪਰ ਚਾਰ ਕੁ ਹਫ਼ਤੇ ਬਾਅਦ ਹੀ ਮੁੜ ਆਉਂਦਾ। ਨਾ ਹੀ ਉਸ ਦਾ ਇੰਡੀਆ ਜਾ ਕੇ ਦਿਲ ਲੱਗਦਾ ਅਤੇ ਨਾ ਹੀ ਆਸਟਰੀਆ ਵਿਚ!
ਪਰ ਕਦੇ-ਕਦੇ ਤਾਏ ਨੂੰ ਕਿਸੇ ਦੀ ਚਿੱਠੀ ਆਉਂਦੀ। ਤਾਇਆ ਉਡਿਆ ਫਿਰਦਾ। ਉਸ ਦੇ ਪੱਬ ਥੱਲੇ ਨਾ ਲੱਗਦੇ। ਪਰ ਚਿੱਠੀ ਕਿਸ ਦੀ ਆਉਂਦੀ ਸੀ? ਤਾਇਆ ਪੁੱਛੇ ਤੋਂ ਵੀ ਨਾ ਦੱਸਦਾ। ਹੱਸ ਕੇ ਟਾਲ ਜਾਂਦਾ। ਕਦੇ-ਕਦੇ ਪੀ ਕੇ ਤਾਇਆ ਚਿੱਠੀ ਹਵਾ ਵਿਚ ਲਹਿਰਾਉਂਦਾ ਅਤੇ ਅੱਡੀ 'ਤੇ ਘੁਕ ਕੇ ਗਾਉਂਦਾ, "ਚਿੱਠੀ ਆਈ ਨੀਲੇ ਰੰਗ ਦੀ ਵਿਚੋਂ ਮਹਿਕ ਸੱਜਣ ਦੀ ਆਵੇ---!" ਤੇ ਫੇਰ ਬੱਕਰਾ ਬੁਲਾਉਂਦਾ। ਗੁਆਂਢੀ ਸਮਝ ਜਾਂਦੇ ਕਿ ਅੱਜ ਤਾਏ ਨੂੰ "ਕਿਸੇ" ਦੀ ਚਿੱਠੀ ਆਈ ਸੀ। ਪਰ ਤਾਏ ਦੀਆਂ ਹਰਕਤਾਂ ਦਾ ਕੋਈ ਬੁਰਾ ਨਹੀਂ ਮਨਾਉਂਦਾ ਸੀ। ਕਿਉਂਕਿ ਤਾਇਆ ਧੀ-ਭੈਣ ਦੀ ਇੱਜ਼ਤ ਦਾ ਸਾਂਝੀ ਸੀ, ਦਰਵੇਸ਼ ਰੂਹ ਸੀ। ਹਰ ਕਿਸੇ ਦਾ ਭਲਾ ਸੋਚਣ ਵਾਲਾ ਇਨਸਾਨ ਸੀ। ਦੂਜੇ ਦਾ ਬੁਰਾ ਸੋਚਣ ਵਾਲੇ ਨੂੰ ਉਹ ਬੁਰੀ ਤਰ੍ਹਾਂ ਫਿ਼ਟਕਾਰਦਾ।
ਟਾਈਮ ਪਾਸ ਕਰਨ ਲਈ ਤਾਏ ਨੇ ਦੋ-ਚਾਰ ਅਖ਼ਬਾਰ-ਰਸਾਲੇ ਲੁਆ ਰੱਖੇ ਸਨ। ਜਿਹਨਾਂ ਆਸਰੇ ਉਹ ਦਿਨ ਤੋੜਦਾ। 'ਕੱਲਾ-'ਕੱਲਾ ਅਖ਼ਬਾਰ-ਰਸਾਲਾ ਤਾਇਆ ਚਾਰ-ਚਾਰ ਵਾਰ ਪੜ੍ਹਦਾ ਅਤੇ ਫਿਰ ਸੁਰਜੀਤ ਸਿੰਘ ਨਾਲ ਆ ਕੇ ਬਹਿਸ ਕਰਦਾ ਰਹਿੰਦਾ। ਬਹਿਸ ਕਰਦਾ-ਕਰਦਾ ਕਦੇ-ਕਦੇ ਖਹਿਬੜ ਵੀ ਪੈਂਦਾ ਸੀ। ਉਸ ਦੀ ਬਹਿਸ ਦੇ ਵਿਸ਼ੇ ਆਮ ਤੌਰ 'ਤੇ ਵਿਦੇਸ਼ੀ ਗੁਰਦੁਆਰਿਆਂ ਵਿਚ ਝਗੜੇ, ਅਕਾਲੀ ਲੀਡਰਾਂ ਦੀਆਂ ਗੱਦਾਰੀਆਂ, ਦਾਜ ਪ੍ਰਥਾ ਅਤੇ ਇੰਡੀਅਨ ਮਨਿਸਟਰਾਂ ਵੱਲੋਂ ਕੀਤੇ ਘਪਲੇ ਹੁੰਦੇ। ਕਦੇ-ਕਦੇ ਤਾਇਆ ਪੰਜਾਬੀ ਲੇਖਕਾਂ ਨੂੰ ਵੀ ਅੱਗੇ ਧਰ ਲੈਂਦਾ ਅਤੇ ਖ਼ੂਬ ਛਿੱਲ ਲਾਹੁੰਦਾ। ਲੇਖਕਾਂ ਦੀਆਂ ਪੱਖਪਾਤੀਆਂ ਨੂੰ ਉਹ ਖ਼ੂਬ ਨਿੰਦਦਾ। ਪੰਜਾਬ ਦੇ ਹੱਕ ਵਿਚ ਨਾ ਲਿਖਣ ਵਾਲਿਆਂ ਨੂੰ ਕੋਸਦਾ।
ਅੱਜ ਤਾਇਆ ਸੁਰਜੀਤ ਨੂੰ ਤਕਰੀਬਨ ਦੋ ਮਹੀਨੇ ਬਾਅਦ ਅਚਾਨਕ ਮਿਲਿਆ ਸੀ। ਤਾਏ ਨੂੰ ਮਿਲਣ ਦੀ ਖ਼ੁਸ਼ੀ ਸੁਰਜੀਤ ਨੂੰ ਰੱਬ ਮਿਲਣ ਬਰਾਬਰ ਸੀ। ਹਾਬੜਿਆ ਪਿਆ ਸੀ ਸੁਰਜੀਤ ਤਾਏ ਨਾਲ ਗੱਲਾਂ ਕਰਨ ਨੂੰ!
-"ਹਾਅ ਕਦੋਂ ਲੈ ਲਈ?" ਤਾਏ ਨੇ ਸੁਰਜੀਤ ਦੀ ਮਰਸਡੀਜ਼ ਕਾਰ ਵਿਚ ਬੈਠਦਿਆਂ ਪੁੱਛਿਆ।
-"ਤਾਇਆ ਤੇਰੇ ਜਾਣ ਤੋਂ ਬਾਅਦ ਲਈ ਐ।"
-"ਹਲਾ! ਕਾਰ ਕਾਹਦੀ ਐ-ਸਾਲਾ ਨਿਰਾ ਟੈਂਕ ਈ ਐ!" ਤਾਏ ਨੇ ਹੱਸਦਿਆਂ ਕਿਹਾ।
-"ਤਾਇਆ ਪਹਿਲੀ ਗੱਡੀ ਥੋੜੀ ਜੀ ਤੰਗ ਕਰਨ ਲੱਗਪੀ ਸੀ-ਬੱਸ ਇਉਂ ਸੋਚਲੈ ਬਈ ਹੂਲਾ ਫੱਕਣਾਂ ਈ ਪਿਆ।"
-"ਆਹੋ! ਮਸੰਨਰੀ ਦਾ ਕੀ ਐ? ਇਹ ਤਾਂ ਸਹੁਰੀਆਂ ਚੱਲਦੀਆਂ ਈ ਸੋਹਣੀਆਂ ਲੱਗਦੀਐਂ-ਲੈ ਫੇਤਾਂ ਪਾਲਟੀ ਹੋਗੀ ਭਤੀਜ!" ਤਾਇਆ ਥਾਪੀਆਂ ਮਾਰਨ ਲੱਗ ਪਿਆ।
-"ਤਾਇਆ ਆਪਾਂ ਭੱਜੇ ਐਂ? ਪਾਰਟੀਆਂ ਦੀ ਲਿਆ ਦਿਆਂਗੇ ਨ੍ਹੇਰੀ!" ਸੁਰਜੀਤ ਅਤੇ ਤਾਇਆ ਘਰੇ ਆ ਗਏ।
-"ਸਾਸਰੀਕਾਲ ਤਾਇਆ ਜੀ!" ਸੁਰਜੀਤ ਦੀ ਪਤਨੀ ਪਰਮਪ੍ਰੀਤ ਨੇ ਹੱਥ ਜੋੜ ਕੇ ਸੁਆਗਤ ਕੀਤਾ।
-"ਸੌਸਰੀਕਾਲ ਭਾਈ ਪ੍ਰੀਤੋ!" ਤਾਏ ਨੇ ਉਸ ਦਾ ਸਿਰ ਪਲੋਸਿਆ।
-"ਹੋਰ ਸਭ ਠੀਕ ਐ ਭਾਈ ਪ੍ਰੀਤੋ?"
-"ਹਾਂ ਤਾਇਆ ਜੀ।"
-"ਆਪਣਾ ਬਦਮਾਸ਼ ਕਿੱਥੇ ਐ?" ਤਾਏ ਨੇ ਸੁਰਜੀਤ ਦੇ ਲੜਕੇ ਸੁਮੀਤ ਬਾਰੇ ਪੁੱਛਿਆ।
-"ਸੁੱਤਾ ਪਿਐ।" ਪਰਮਪ੍ਰੀਤ ਨੇ ਕਿਹਾ।
-"ਤਾਇਆ ਬੀਅਰ ਮਾਰੇਂਗਾ ਜਾਂ ਪੱਕੀ?" ਸੁਰਜੀਤ ਨੇ ਕਿਚਨ ਵਿਚੋਂ ਪੁੱਛਿਆ।
-"ਭਤੀਜ ਬ੍ਹੀਰ ਦਾ ਵੀ ਕੋਈ ਪੀਣ ਐਂ? ਬਾਸੀਆਂ ਆਈ ਜਾਣਗੀਆਂ ਤੇ ਨਾਲੇ ਮੈਂ ਟੌਲੈਟ ਭੱਜਿਆ ਫਿਰੂੰ-ਤੂੰ ਮੱਛਰ ਮਾਰਕਾ ਕੱਢ!" ਤਾਏ ਨੇ ਹੁਕਮ ਕੀਤਾ। ਤਾਇਆ ਸੁਰਜੀਤ ਨੂੰ ਕਦੇ ਓਪਰਾ ਲੱਗਿਆ ਹੀ ਨਹੀਂ ਸੀ। ਸੁਰਜੀਤ ਅਤੇ ਉਸ ਦੀ ਪਤਨੀ ਪਰਮਪ੍ਰੀਤ ਉਸ ਨੂੰ ਹਮੇਸ਼ਾ ਆਪਣੇ ਘਰ ਦਾ ਮੈਂਬਰ ਹੀ ਸਮਝਦੇ। ਜੇ ਕਦੇ ਪਰਮਪ੍ਰੀਤ ਅਤੇ ਸੁਰਜੀਤ ਲੜ ਪੈਂਦੇ ਤਾਂ ਤਾਇਆ ਆ ਕੇ ਉਹਨਾਂ ਦੇ "ਛਿੱਤਰਪੌਲਾ" ਕਰ ਕੇ ਸੁਲਾਹ ਕਰਵਾ ਜਾਂਦਾ।
ਸੁਰਜੀਤ ਨੇ ਤਾਏ ਮੂਹਰੇ ਬੋਤਲ ਅਤੇ ਗਿਲਾਸ ਰੱਖ ਕੇ ਆਪ ਬੀਅਰ ਖੋਲ੍ਹ ਲਈ।
ਪਰਮਪ੍ਰੀਤ ਆਮਲੇਟ ਬਣਾ ਕੇ ਰੱਖ ਗਈ।
-"ਲੈ ਬਈ ਤਾਇਆ! ਆਪਣੀ ਸੋਲ੍ਹਾਂ ਸਾਲ ਹੋਗੇ ਬਣਦੀ ਨੂੰ-ਕਦੇ ਗੱਲ ਨ੍ਹੀ ਪੁੱਛੀ-ਅੱਜ ਇਕ ਗੱਲ ਪੁੱਛਣੀ ਐਂ।"
-"ਕੋਈ ਚੱਜ ਦੀ ਪੁੱਛੀਂ-ਪ੍ਰੀਤੋ! ਕੁੜ੍ਹੇ ਪ੍ਰੀਤੋ!!"
-"ਹਾਂ ਤਾਇਆ ਜੀ?"
-"ਆਹ ਆਪਣਾ ਜੀਤਾ ਗਪਲ-ਗਪਲ ਬ੍ਹੀਰ ਧੂਹੀ ਜਾਂਦੈ-ਮੈਨੂੰ ਲੱਗਦੈ ਕੋਈ ਕਮਲ ਈ ਮਾਰੂ?"
ਪਰਮਪ੍ਰੀਤ ਹੱਸ ਪਈ।
-"ਨਹੀਂ ਤਾਇਆ-ਮੈਂ ਤਾਂ ਇਹ ਈ ਪੁੱਛਣੈਂ ਬਈ ਤੈਨੂੰ ਸਾਰੇ ਤਾਇਆ ਕਿਉਂ ਕਹਿੰਦੇ ਐ?" ਸੁਰਜੀਤ ਦੇ ਕਹਿਣ 'ਤੇ ਤਾਇਆ ਉੱਚੀ-ਉੱਚੀ ਹੱਸ ਪਿਆ। ਪਰਮਪ੍ਰੀਤ ਵੀ ਹੱਸ ਪਈ।
-"ਪ੍ਰੀਤੋ ਹੈ ਨਾ ਕਮਲਾ? ਨਿਰਾ ਈ ਸਿੱਧਰਾ? ਉਏ ਬਦਮਗਜਾ ਤਾਇਆ ਮੇਰਾ ਨਾਂ ਐਂ!"
-"ਉਹ ਕਿਵੇਂ?"
-"ਭਤੀਜ ਸਾਡੇ ਆਂਢ ਗੁਆਂਢ ਦੇ ਮੁੰਡਿਆਂ 'ਚੋਂ ਮੈਂ ਸਾਰਿਆਂ ਤੋਂ ਵੱਡਾ ਸੀ-ਉਹ ਬਿਆਹੇ ਵਰੇ ਗਏ ਤੇ ਮੈਂ ਰਹਿ ਗਿਆ ਲੰਡਾ! ਉਹਨਾਂ ਦੇ ਜੁਆਕ ਜੱਲਿਆਂ ਨੇ ਮੈਨੂੰ ਤਾਇਆ ਕਹਿਣਾ ਈ ਸੀ? ਆਂਢ ਗੁਆਂਢ ਦੇ ਜੁਆਕਾਂ ਨੂੰ ਦੇਖ ਕੇ ਸਾਰੇ ਪਿੰਡ ਦੇ ਜੁਆਕ ਵੀ ਤਾਇਆ ਆਖਣ ਲੱਗ ਪਏ-ਤੇ ਜਿਹੜੇ ਬਾਹਰਲੇ ਪਿੰਡਾਂ 'ਚੋਂ ਜੁਆਕ ਪੜ੍ਹਨ ਆਉਂਦੇ ਸੀ-ਉਹਨਾਂ ਨੇ ਵੀ ਤਾਇਆ ਆਖਣਾ ਸ਼ੁਰੂ ਕਰਤਾ-ਫੇਰ ਤਾਂ ਭਤੀਜ ਸਮਝਲਾ ਬਈ ਸਾਰੇ ਪਿੰਡ ਨੇ ਮੇਰੀ ਤਾਇਆ ਅੱਲ ਈ ਪਾਲੀ-।" ਉਸ ਨੇ ਪੈੱਗ ਪੀ ਕੇ ਫਿਰ ਕਹਿਣਾ ਸ਼ੁਰੂ ਕੀਤਾ।
-"ਫੇਰ ਭਤੀਜ ਜਦੋਂ ਮੈਂ ਐਥੇ ਆ ਕੇ ਇਕ ਮੇਮ ਦੇ ਗਾਲਡਨ 'ਚ ਕੰਮ ਸ਼ੁਰੂ ਕੀਤਾ ਤਾਂ ਉਹਨੂੰ ਸਹੁਰੀ ਨੂੰ ਮੇਰਾ ਨਾਂ-ਨਾ ਲੈਣਾ ਆਇਆ ਕਰੇ-ਜੋਗਿੰਦਰ ਸਿਉਂ ਦੀ ਥਾਂ ਕੁਛ ਹੋਰ ਈ ਆਖੀ ਜਾਇਆ ਕਰੇ! ਮੈਂ ਬੜਾ ਦੁਖੀ ਬਈ ਇਹ ਤਾਂ ਸਹੁਰੀ ਮੇਰਾ ਨਾਂ ਈ ਬਿਗਾੜੀ ਜਾਂਦੀ ਐ-ਤੇ ਇਕ ਦਿਨ ਮੈਨੂੰ ਆਬਦੇ ਕੋਲੇ ਬੁਲਾ ਕੇ ਖਿਝ ਕੇ ਜਿਹੇ ਕਹਿੰਦੀ-ਅਖੇ ਤੇਰਾ ਕੋਈ ਛੋਟਾ ਨਾਂ ਹੈਨੀ? ਤਾਂ ਮੈਂ ਆਖਿਆ: ਤਾਇਆ-ਤਾਇਆ! ਤੇ ਫੇ ਭਤੀਜ ਉਹ ਤਾਇਆ ਬੜਾ ਸਮਾਰ ਕੇ ਕਿਹਾ ਕਰੇ-ਬੱਸ! ਮੈਨੂੰ ਉਹਦੇ ਕਰਮਾਂ ਆਲੀ ਦੇ ਮੂੰਹੋਂ 'ਤਾਇਆ' ਐਨਾ ਚੰਗਾ ਲੱਗਿਆ ਬਈ ਮੈਂ ਆਬਦੇ ਆਪ ਨੂੰ ਤਾਇਆ ਈ ਅਖਵਾਉਣਾ ਸ਼ੁਰੂ ਕਰਤਾ-ਤੇ ਹੁਣ ਮੇਰੇ ਪਾਸਪੋਰਟ 'ਤੇ ਵੀ ਜੋਗਿੰਦਰ ਸਿੰਘ ਤਾਇਆ ਲਿਖਿਆ ਵਿਐ-ਏ ਆਹ ਦੇਖਲਾ!" ਤਾਏ ਦੇ ਆਪਣਾ ਪਾਸਪੋਰਟ ਦਿਖਾਉਣ 'ਤੇ ਸਾਰੇ ਉੱਚੀ-ਉੱਚੀ ਹੱਸ ਪਏ।
ਹੱਸਦਿਆਂ ਦਾ ਰੌਲਾ ਸੁਣ ਕੇ ਸੁਮੀਤ ਬੈੱਡ-ਰੂਮ 'ਚੋਂ ਉਠ ਕੇ ਉਹਨਾਂ ਕੋਲ ਆ ਗਿਆ।
-"ਉਏ ਆ ਬਈ ਸੁਮੀਤਿਆ!" ਤਾਏ ਨੇ ਆਪਣਾ ਹੱਥ ਕੱਢਿਆ ਤਾਂ ਸੁਮੀਤ ਨੇ ਆਪਣਾ ਨਿੱਕਾ ਜਿਹਾ ਹੱਥ ਤਾਏ ਦੇ ਹੱਥ ਵਿਚ ਦੇ ਦਿੱਤਾ। ਅਨੀਂਦੀਆਂ ਅੱਖਾਂ ਨਾਲ ਤੱਕਦਾ ਸੁਮੀਤ ਮੁਸਕਰਾਈ ਜਾ ਰਿਹਾ ਸੀ।
-"ਆਹ ਕੌਣ ਐਂ ਸੁਮੀਤ?" ਪਰਮਪ੍ਰੀਤ ਨੇ ਤਾਏ ਵੱਲ ਇਸ਼ਾਰਾ ਕਰ ਕੇ ਪੁੱਛਿਆ।
-"ਤੁੰਦਾ ਤਾਇਆ।"
-"ਹੈਅ ਤੇਰੀ ਛਾਅਲੇ ਕੁੱਤੇ ਦੀ! ਤੂੰ ਵੀ ਮੈਨੂੰ ਟੁੰਡਾ ਈ ਦੱਸਦੈਂ ਉਏ? ਮੈਂ ਤੇਰੀ ਪੂਛ ਪੱਟਦੂੰ!"
ਸੁਮੀਤ ਹੱਸਦਾ ਭੱਜ ਗਿਆ।
-"ਉਏ ਸੁਮੀਤਿਆ-ਉਰ੍ਹੇ ਆ!"
ਸੁਮੀਤ ਫਿਰ ਮੁੜ ਆਇਆ।
-"ਆਹ ਕੀ ਐ ਉਏ?" ਤਾਏ ਨੇ ਟੁੰਡੀ ਬਾਂਹ ਨੰਗੀ ਕਰ ਕੇ ਉਸ ਨੂੰ ਪੁੱਛਿਆ ਤਾਂ ਸੁਮੀਤ "ਤੁੰਦਾ ਤਾਇਆ-ਤੁੰਦਾ ਤਾਇਆ" ਕਰਦਾ ਭੱਜ ਗਿਆ। ਤਾਇਆ ਹੱਸਦਾ ਰਿਹਾ।
-"ਕਿੰਨੇ ਚਿਰ ਦਾ ਹੋ ਗਿਆ ਸੁੱਖ ਨਾਲ?"
-"ਤਿੰਨ ਸਾਲ ਦਾ ਹੋਣ ਆਲੈ ਤਾਇਆ ਜੀ।" ਪਰਮਪ੍ਰੀਤ ਸੁਮੀਤ ਦੇ ਬੂਟ ਪਾਉਣ ਲੱਗ ਪਈ।
-"ਲਿਆਓ ਗੱਡੀ ਦੀ ਚਾਬੀ ਦਿਓ-ਮੈਂ ਸੁਮੀਤ ਨੂੰ ਬਾਹਰ ਘੁੰਮਾ ਲਿਆਵਾਂ।" ਪਰਮਪ੍ਰੀਤ ਨੇ ਕਿਹਾ ਤਾਂ ਸੁਰਜੀਤ ਨੇ ਕਾਰ ਦੀ ਚਾਬੀ ਕੱਢ ਕੇ ਫੜਾ ਦਿੱਤੀ।
-"ਚੱਲ ਆ ਸੁਮੀਤ!"
-"ਬਾਏ ਤੁੰਦਾ ਤਾਇਆ!"
-"ਬਾਏ-ਬਾਏ ਮੇਰੀ ਗੁਗਲੀ!" ਤਾਏ ਨੇ ਆਪਣਾ ਟੁੰਡ ਢਾਂਗੇ ਵਾਂਗ ਹਿਲਾਇਆ।
ਮਾਂ-ਪੁੱਤ ਤੁਰ ਗਏ।
ਸੁਰਜੀਤ ਨੇ ਤਿੰਨ ਬੀਅਰਾਂ ਅਤੇ ਤਾਏ ਨੇ ਅੱਧੀ ਬੋਤਲ ਨਬੇੜ ਦਿੱਤੀ ਸੀ।
-"ਹੁਣ ਤਾਂ ਭਤੀਜ ਹਾਰਦੇ ਜਾਨੇ ਐਂ।" ਤਾਇਆ ਬਾਥਰੂਮ ਜਾਣ ਲਈ ਗੋਡਿਆਂ 'ਤੇ ਹੱਥ ਧਰ ਕੇ ਉਠਿਆ। ਅੱਜ ਤਾਏ ਨੇ ਪਹਿਲੀ ਵਾਰ "ਢਹਿੰਦੀ ਕਲਾ" ਦੀ ਗੱਲ ਕੀਤੀ ਸੀ। ਨਹੀਂ ਤਾਂ ਉਹ ਹਮੇਸ਼ਾ ਆਖਦਾ, "ਇਹ ਸਰੀਰ ਗਰਨੇਟ ਐ ਭਤੀਜ! ਜਿਸ ਦਿਨ ਚੱਲਿਆ-ਦੋ ਚਹੁੰ ਨੂੰ ਲੈ ਕੇ ਤੁਰੂ!"
-"ਤਾਇਆ! ਤੂੰ ਤਾਂ ਕਦੇ ਐਹੋ ਜੀ ਢਿੱਲੀ ਗੱਲ ਨੀ ਸੀ ਕੀਤੀ? ਅੱਜ ਬੜੀ 'ਦਾਸ ਜੀ ਗੱਲ ਕੱਢੀ ਐ ਮੂੰਹੋਂ?" ਸੁਰਜੀਤ ਨੇ ਤਾਏ ਨੂੰ ਮੁੜਦਿਆਂ ਪੁੱਛਿਆ।
-"ਭਤੀਜ! ਐਸ ਜਿੰਦਗੀ 'ਤੇ ਬੜੀਆਂ 'ਵਾਵਾਂ ਵਗੀਆਂ-ਕੀ ਦੱਸਾਂ?" ਉਸ ਨੇ ਡਾਂਗ ਜਿੱਡਾ ਹਾਉਕਾ ਲਿਆ। ਦਿਲ ਅੰਦਰੋਂ ਕੋਝੀ ਚੀਸ ਉਠੀ। ਚਿਹਰੇ 'ਤੇ ਕੋਈ ਭੂਚਾਲ ਹਿੱਲਿਆ।
-"ਤਾਇਆ! ਆਪਾਂ ਤਾਇਆ-ਭਤੀਜਾ ਪਿੱਛੋਂ ਤੇ ਮਿੱਤਰ ਪਹਿਲਾਂ-ਤੇਰੇ ਦੁੱਖ ਮੈਂ ਨਾ ਸੁਣੂੰ ਤਾਂ ਹੋਰ ਕੌਣ ਸੁਣੂੰ? ਦਰਦ ਦੱਸ ਕੇ ਮਨ ਹਲਕਾ ਕਰਨ ਨਾਲ ਆਤਮਾ 'ਤੇ ਬੋਝ ਨ੍ਹੀ ਰਹਿੰਦਾ-ਨਹੀਂ ਤਾਂ ਰੂਹ ਅੰਦਰੋ ਅੰਦਰੀ ਕਤਲ ਹੋਈ ਜਾਂਦੀ ਐ।" ਸੁਰਜੀਤ ਤਾਏ ਦੀ ਅੰਦਰਲੀ ਚੀਸ ਨੂੰ ਪੀ ਜਾਣਾ ਚਾਹੁੰਦਾ ਸੀ। ਪਰ ਚੀਸ ਨੂੰ ਸਮਝਣ ਵਿਚ ਸਪੱਸ਼ਟ ਤੌਰ 'ਤੇ ਅਸਫ਼ਲ ਸੀ। ਸੁਰਜੀਤ ਇਤਨਾ ਜ਼ਰੂਰ ਸਮਝਦਾ ਸੀ ਕਿ ਕੋਈ ਰਹੱਸ ਜ਼ਰੂਰ ਸੀ, ਜੋ ਤਾਏ ਨੂੰ "ਹਾਰਨ" ਦੀ ਨੌਬਤ ਤੱਕ ਲੈ ਆਇਆ ਸੀ। ਨਹੀਂ ਤਾਂ ਤਾਇਆ ਘੰਡੀ ਵੱਢੀ ਤੋਂ ਵੀ ਮਰਨ ਵਾਲਾ ਬੰਦਾ ਨਹੀਂ ਸੀ।
-"ਭਤੀਜ ਤੂੰ ਹੈਂ ਤਾਂ ਮੇਰੇ ਪੁੱਤਾਂ ਅਰਗਾ-ਕਹੇਂਗਾ ਬਈ ਕੀ ਚੌਰਿਆਂ ਆਲੀਆਂ ਗੱਲਾਂ ਕਰਦੈ-ਪਰ ਦਿਲ ਹੌਲਾ ਕਰਨ ਨੂੰ ਤੇਰੇ ਬਿਨਾ ਹੈ ਵੀ ਕੋਈ ਨ੍ਹੀ।" ਉਸ ਦੀਆਂ ਅੱਖਾਂ ਕਟੋਰਿਆਂ ਵਾਂਗ ਭਰ ਆਈਆਂ। ਸੁਰਜੀਤ ਨੇ ਤਾਏ ਦੀਆਂ ਅੱਖਾਂ ਵਿਚ ਪਹਿਲੀ ਵਾਰ ਹੰਝੂ ਤੱਕੇ ਸਨ।
-"ਤਾਇਆ ਖੁੱਲ੍ਹ ਕੇ ਗੱਲ ਕਰ।" ਸੁਰਜੀਤ ਤਾਏ ਦੀ ਹਾਲਤ ਦੇਖ ਕੇ ਪਸੀਜਿਆ ਜਿਹਾ ਬੈਠਾ ਸੀ।
-"ਪਰ ਇਕ ਸ਼ਰਤ ਐ!" ਉਸ ਨੇ ਆਪਣਾ ਟੁੰਡ ਡੰਡੇ ਵਾਂਗ ਦੋ-ਤਿੰਨ ਵਾਰ ਸੁਰਜੀਤ ਦੇ ਪੱਟ 'ਤੇ ਮਾਰਿਆ।
-"ਤਾਇਆ ਤੇਰੀ ਹਰ ਸ਼ਰਤ ਮਨਜੂਰ ਐ।" ਸੁਰਜੀਤ ਦਿਲੋਂ ਪਾਣੀ-ਪਾਣੀ ਹੋਇਆ ਬੈਠਾ ਸੀ।
-"ਕੋਈ ਗੱਲ ਪ੍ਰੀਤੋ ਨੂੰ ਨਾ ਦੱਸੀਂ ਤੇ ਨਾ ਈ ਕਿਸੇ ਹੋਰ ਨੂੰ!"
-"ਤਾਇਆ ਬੇਫਿ਼ਕਰ ਰਹਿ-ਵਾਅਦਾ ਰਿਹਾ।"
-"ਚੰਗਾ ਭਤੀਜ-ਇਕ ਪੇਗ ਪਾ-ਮੈਂ ਟੌਲੈਟ ਹੋ ਕੇ ਆਇਆ।" ਤਾਇਆ ਫਿਰ ਗੋਡਿਆਂ 'ਤੇ ਹੱਥ ਰੱਖ ਕੇ ਉਠਿਆ ਅਤੇ ਬਾਥਰੂਮ ਚਲਾ ਗਿਆ।
ਸੁਰਜੀਤ ਨੇ ਪੈੱਗ ਪਾ ਦਿੱਤਾ। ਆਪ ਕਿਚਨ ਵਿਚੋਂ ਦੋ ਬੀਅਰਾਂ ਕੱਢ ਲਿਆਇਆ। ਤਾਏ ਦੀ ਕਹਾਣੀ ਉਹ ਦਿਲ ਕਰੜਾ ਕਰ ਕੇ ਸੁਣਨੀ ਚਾਹੁੰਦਾ ਸੀ।
ਵਾਪਿਸ ਆਉਣ ਸਾਰ ਤਾਏ ਨੇ ਪੈੱਗ ਇਕ ਦਮ ਅੰਦਰ ਸੁੱਟਿਆ। ਕਰੜਾ ਖੰਘੂਰਾ ਮਾਰ ਕੇ ਕਹਿਣਾ ਸ਼ੁਰੂ ਕੀਤਾ।
-"ਲੈ ਬਈ ਭਤੀਜ! ਸਾਡੇ ਪਿੰਡਾਂ ਕੋਲੇ ਤਖਤੂਪੁਰੇ ਮਾਘੀ ਦਾ ਮੇਲਾ ਲੱਗਦਾ ਹੁੰਦਾ-ਤੇ ਅਸੀਂ ਜੀ ਬੜੀ ਟੌਹਰ ਸ਼ੌਹਰ ਕੱਢ ਕੇ-ਤੁਰਲ੍ਹੇ ਛੱਡ ਕੇ ਮੇਲੇ ਜਾਣਾ-ਤੈਨੂੰ ਪਤਾ ਈ ਐ ਭਤੀਜ ਬਈ ਇਹ ਉਮਰ ਈ ਕੁਛ ਇਹੋ ਜੀ ਹੁੰਦੀ ਐ ਸਹੁਰੀ-ਤੇ ਉਥੇ ਇਕ ਲੋਪੋ ਦੀ ਝਿਉਰੀ ਆਉਂਦੀ ਹੁੰਦੀ ਸੀ ਪਕੌੜੇ ਕੱਢਣ-ਪਿਉ ਸੀ ਬਿਚਾਰੀ ਦਾ ਅੰਨ੍ਹਾਂ-ਤੇ ਅਸੀਂ ਭਤੀਜ ਤਿੰਨੇ ਦਿਨ ਈ ਉਹਤੋਂ ਪਕੌੜੇ ਛਕਣੇ-ਕਦੇ-ਕਦੇ ਬੁੜ੍ਹੇ ਤੋਂ ਚੋਰੀ ਸੁੱਖੇ ਆਲੇ ਵੀ ਕਢਵਾ ਲੈਣੇ-ਬੁੜ੍ਹੇ ਨੂੰ ਨਾਲੇ ਕਿਹੜਾ ਦੀਂਹਦਾ ਸੀ? ਪਰ ਭਤੀਜ ਬੁੜ੍ਹੇ ਦੀ ਨਾਸ ਬੜੀ ਖੱਟਰ ਸੀ-ਉਹਨੇ ਸੁੰਘ-ਸੁੰਘ ਕੇ ਕਹੀ ਜਾਣਾ-ਨਿੱਕੋ ਆਹ ਪਕੌੜੇ ਤਾਂ ਸੁੱਖੇ ਆਲੇ ਲੱਗਦੇ ਐ-ਨਿੱਕੋ ਨੇ ਨਾਲੇ ਤਾਂ ਡਰੀ ਜਾਣਾ-ਨਾਲੇ ਆਕੜ ਕੇ ਪੈਣਾ: ਬਾਪੂ ਤੈਨੂੰ ਐਮੇ ਈ ਸੁਪਨੇ ਆਉਂਦੇ ਰਹਿੰਦੇ ਐ-ਕੁੜੀ ਬੜੀ ਰੂਹ ਆਲੀ ਸੀ ਭਤੀਜ-ਇਉਂ ਫੇਰ ਅਸੀਂ ਕਦੇ ਮੱਸਿਆ 'ਤੇ ਕਦੇ ਵਿਸਾਖੀ ਤੇ ਕਦੇ ਮਾਘੀ 'ਤੇ ਮਿਲਣਾ ਗਿਲਣਾ ਸ਼ੁਰੂ ਕਰਤਾ-ਤੇ ਫੇਰ ਭਤੀਜ ਪੱਟ ਹੋਣੀ ਨੇ ਮੈਥੋਂ ਪੈਸੇ ਲੈਣੇ ਬੰਦ ਕਰਤੇ-ਸਾਰਾ ਕੁਛ ਮੁਖ਼ਤ ਖੁਆਇਆ ਕਰੇ-ਐਨੀ ਭੋਲੀ ਕੁੜੀ ਮੈਂ ਕਦੇ ਨ੍ਹੀ ਦੇਖੀ-ਕਰਦਿਆਂ ਕਰਾਉਂਦਿਆਂ ਭਤੀਜ ਉਹ ਤਾਂ ਲਹੁਡੀ ਦੇਣੇ ਦੀ ਮੇਰੇ ਹੱਡਾਂ 'ਚ ਪਾਰੇ ਮਾਂਗੂੰ ਰਚਗੀ-ਮੈਨੂੰ ਤਾਂ ਬਿੰਦ ਨਾ ਟੇਕ ਆਇਆ ਕਰੇ-ਮੈਂ ਪਿੰਡੋਂ ਚੱਕਿਆ ਕਰਾਂ ਸੈਕਲ ਤੇ ਲੋਪੋ ਜਾ ਵੱਜਿਆ ਕਰਾਂ-ਉਹਦੀ ਭੱਠੀ ਤੋਂ ਦਾਣੇ ਚੱਬਿਆ ਕਰਾਂ ਤੇ ਪਿੰਡ ਮੁੜ ਆਇਆ ਕਰਾਂ-ਮੇਰੀ ਬੇਬੇ ਕਿਹਾ ਕਰੇ ਰੋਟੀ ਖਾ ਲੈ-ਤੇ ਮੈਨੂੰ ਭੁੱਖ ਲੱਗਣੋਂ ਹਟਗੀ-ਪਰ ਭਤੀਜ ਭੁੱਖ ਵੀ ਕੀ ਕਰੇ? ਕਿੱਲੋ ਤਾਂ ਮੈਂ ਦਾਣੇ ਚੱਬ ਜਾਂਦਾ ਸੀ-ਮਾਈ ਨੇ ਗਾਲ੍ਹਾਂ ਕੱਢੀ ਜਾਣੀਆਂ-ਪਰ ਮੈਂ ਆਬਦੇ ਕੰਮ 'ਚ ਮਸਤ-ਫੇਰ ਇਕ ਦਿਨ ਭਤੀਜ ਮੈਂ ਭੱਠੀ 'ਤੇ ਫੇਰ ਗਿਆ ਤਾਂ ਉਹ 'ਕੱਲੀ ਬੈਠੀ-ਅਸੀਂ ਖੁੱਲ੍ਹ ਕੇ ਰੱਜ ਕੇ ਗੱਲਾਂ ਕੀਤੀਆਂ-ਤੇ ਉਹਨੇ ਮੈਨੂੰ ਆਪਣੇ ਹੱਥ ਦਾ ਕੱਢਿਆ ਵਿਆ ਰੁਮਾਲ ਦਿੱਤਾ-ਤੇ ਫੇਰ ਭਤੀਜ ਕਿਸੇ ਨਾ ਕਿਸੇ ਤਰ੍ਹਾਂ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ-ਉਹਨਾਂ ਨੇ ਤਾਂ ਡਾਂਗਾਂ ਖਿੱਚਲੀਆਂ-ਤੇ ਮੈਂ ਜਿਉਂ ਦਿੱਤੀ ਸੈਕਲ 'ਤੇ ਲੱਤ ਤੇ ਪਿੰਡ ਆ ਕੇ ਸਾਹ ਲਿਆ-ਸਾਡਾ ਮਿਲਣਾ ਗਿਲਣਾ ਬੰਦ ਹੋ ਗਿਆ-ਬੜੇ ਕਸੂਤੇ ਫ਼ਸੇ-ਜਿਉਣਾ ਦੁੱਭਰ ਹੋ ਗਿਆ-ਹੌਲੀ ਹੌਲੀ ਇਸ ਗੱਲ ਦਾ ਸਾਡੇ ਪਿੰਡ ਪਤਾ ਲੱਗ ਗਿਆ-ਬੇਬੇ ਬੜੀ ਦੁਖੀ ਹੋਈ-ਗੁਆਂਢ ਦੀਆਂ ਬੁੜ੍ਹੀਆਂ ਨੇ ਬੇਬੇ ਨੂੰ ਫ਼ੂਕ ਮਾਰੀ ਬਈ ਇਹਨੂੰ ਬਿਆਹ ਕੇ ਨਰੜ ਦੇ-ਨਹੀਂ ਇਹ ਲੋਪੋ ਆਲੀ ਝਿਉਰੀ ਕੱਢ ਲਿਆਊ-ਬੇਬੇ ਨੇ ਅੰਦਰੋ ਅੰਦਰੀ ਬਿਆਹ ਦੀ ਗੱਲ ਤੋਰਲੀ-ਤੇ ਭਤੀਜ ਬਿਆਹ ਤਾਂ ਆਖਰਕਾਰ ਮੈਂ ਈ ਕਰਨਾ ਸੀ? ਬੇਬੇ ਨੇ ਮੈਥੋਂ ਪੁੱਛਿਆ ਤਾਂ ਮੈਂ ਇਕ ਈ ਲਕੀਰ ਖਿੱਚ ਦਿੱਤੀ ਬਈ ਜੇ ਬਿਆਹ ਕਰੂੰ ਤਾਂ ਨਿੱਕੋ ਨਾਲ ਕਰੂੰ ਤੇ ਨਹੀਂ ਸਾਰੀ ਉਮਰ ਛੜਾ ਈ ਰਹੂੰ-ਭਤੀਜ ਮੈਂ 'ਕੱਲਾ 'ਕੱਲਾ ਪੁੱਤ ਸੀ-ਦਰੇਗ 'ਚ ਮਾਈ ਐਸੀ ਮੰਜੇ 'ਤੇ ਡਿੱਗੀ ਤੇ ਦਸਾਂ ਦਿਨਾਂ 'ਚ ਪੂਰੀ ਹੋਗੀ-ਸਰਦੀ ਪੁਰਦੀ ਬੇਬੇ ਦੀ ਮਿੱਟੀ ਕਿਉਂਟੀ-ਗੰਗਾ ਜੀ ਫੁੱਲ ਪਾ ਕੇ ਆਇਆ।" ਤਾਏ ਦੀਆਂ ਅੱਖਾਂ 'ਚੋਂ ਹੰਝੂ 'ਪਰਲ-ਪਰਲ' ਵਹਿ ਤੁਰੇ। ਸੁਰਜੀਤ ਨੇ ਤਾਏ ਨੂੰ ਤੌਲੀਆ ਲਿਆ ਕੇ ਦਿੱਤਾ ਅਤੇ ਤਾਏ ਨੇ ਅੱਖਾਂ ਪੂੰਝ ਲਈਆਂ। ਜੇਬ 'ਚੋਂ ਟਿਸ਼ੂ ਕੱਢ ਕੇ ਨੱਕ ਸੁਣਕਿਆ।
-"ਭਤੀਜ ਬੇਬੇ ਦਾ ਈ ਆਸਰਾ ਸੀ-ਬਾਹਵਾ ਰਾਲ ਬੋਲ ਬਣੀ ਰਹਿੰਦੀ ਸੀ-ਕਦੇ ਗਾਲ੍ਹਾਂ ਕੱਢਦੀ ਕਦੇ ਵਿਰਾਉਂਦੀ-ਪਰ ਬੇਬੇ ਦੇ ਜਾਣ ਤੋਂ ਬਾਅਦ ਮੈਂ ਜੱਗ ਵਿਚ ਬਿਲਕੁਲ 'ਕੱਲਾ ਰਹਿ ਗਿਆ-ਬੱਸ ਇਕ ਨਿੱਕੋ ਸੀ-ਉਹਨੂੰ ਚੰਦਰਾ ਜੱਗ ਨ੍ਹੀ ਮਿਲਣ ਦਿੰਦਾ ਸੀ-ਤੇ ਫੇਰ ਭਤੀਜ ਮੈਂ ਦੂਰੋਂ ਲੱਗਦੇ ਆਬਦੇ ਮਾਮੇ ਕੋਲ ਚਲਿਆ ਗਿਆ-ਉਹ ਫ਼ੌਜ 'ਚ ਕੋਈ ਅਬਸਰ ਸੀ-ਤੇ ਉਹਨੇ ਜੀ ਮੈਨੂੰ ਫ਼ੌਜ 'ਚ ਭਰਤੀ ਕਰਵਾ ਦਿੱਤਾ-ਪਰ ਸਹੁਰੀ ਨਿੱਕੋ ਮੇਰੇ ਦਿਲ ਤੋਂ ਨਾ ਲਹੀ-ਫੇਰ ਭਤੀਜ ਮੈਂ ਇਕ ਦਿਨ ਦਿਲ ਕਰੜਾ ਜਿਆ ਕਰਕੇ ਨਿੱਕੋ ਦੇ ਨਾਂ 'ਤੇ ਇਕ ਚਿੱਠੀ ਲਿਖ ਦਿੱਤੀ-ਚਾਰ ਕੁ ਤਾਂ ਉਹ ਵੀ ਪੜ੍ਹੀ ਵੀ ਸੀਗੀ-ਮਾੜਾ ਮੋਟਾ ਪੜ੍ਹ ਲਿਖ ਲੈਂਦੀ ਸੀ-ਤੇ ਭਤੀਜ ਪੰਦਰਾਂ ਕੁ ਦਿਨਾਂ ਬਾਅਦ ਮੈਨੂੰ ਚਿੱਠੀ ਦਾ ਜਵਾਬ ਆ ਗਿਆ-ਮੇਰੇ ਤਾਂ ਧਰਤੀ 'ਤੇ ਪੱਬ ਨਾ ਲੱਗਣ-ਚਿੱਠੀ ਬੜੀ ਸੋਹਣੀ ਲਿਖੀ ਵੀ-ਜਦੋਂ ਮੈਂ ਲਿਖਤੁਮ ਨਿੱਕੋ ਕੌਰ ਪੜ੍ਹਿਆ-ਮੇਰਾ ਦਿਲ ਕਰੇ ਬਈ ਅੱਜ ਈ ਪਾਕਿਸਤਾਨ ਨਾਲ ਜੰਗ ਲੱਗਜੇ ਤੇ ਮੈਂ ਨਿੱਕੋ ਦੀ ਚਿੱਠੀ ਜੇਬ 'ਚ ਪਾ ਕੇ ਲੜਦਾ-ਲੜਦਾ ਅੱਧਾ ਪਾਕਿਸਤਾਨ ਫ਼ੂਕ ਦਿਆਂ-ਐਡਾ ਭਤੀਜ ਮੈਨੂੰ ਹੌਂਸਲਾ ਤੇ ਜੋਸ਼ ਚੜ੍ਹਿਆ-ਫੇਰ ਸਾਲ ਕੁ ਬਾਅਦ ਜਨਵਰੀ 'ਚ ਛੁੱਟੀ ਗਿਆ-ਉਹਦੇ ਆਸਤੇ ਕੱਪੜੇ ਲੱਤੇ ਲੈ ਕੇ ਗਿਆ-ਫੇਰ ਭਤੀਜ ਅਸੀਂ ਤਖਤੂਪੁਰੇ ਦੇ ਮੇਲੇ 'ਤੇ ਫੇਰ ਮਿਲੇ-ਦੇਖ ਕੇ ਸਹੁਰੀ ਨੇ ਧਾਹ ਈ ਮਾਰੀ-ਮੈਂ ਸਕੂਲ ਵੱਲੀਂ ਆਉਣ ਦਾ ਇਸ਼ਾਰਾ ਕਰ ਕੇ ਅੱਗੇ ਨਿਕਲ ਗਿਆ-ਤੇ ਭਤੀਜ ਉਹ ਕਿਵੇਂ ਨਾ ਕਿਵੇਂ ਬੁੜ੍ਹੇ ਨੂੰ ਕੋਈ ਪੱਜ ਮਾਰ ਕੇ ਸਕੂਲ ਕੋਲ ਆ ਗਈ-ਮੇਰੇ ਗਲ ਲੱਗ ਕੇ ਰੋਈ ਜਾਵੇ-ਗਲੋਂ ਨਾ ਲਹੇ-ਕਦੇ ਜੱਫ਼ੀ ਪਾਲੇ-ਮੈਂ ਲੀੜੇ ਲੱਤੇ ਦੇ ਕੇ ਉਹਦਾ ਦਿਲ ਧਰਾਉਂਦਾ ਰਿਹਾ-ਜੁਆਕਾਂ ਮਾਂਗੂੰ ਵਿਰਾਉਂਦਾ ਰਿਹਾ-ਇਉਂ ਅਸੀਂ ਮਾਘੀ ਮੇਲੇ 'ਤੇ ਤਿੰਨੇ ਦਿਨ ਮਿਲਦੇ ਰਹੇ-ਪਰ ਫ਼ੈਸਲਾ ਅਸੀਂ ਕੋਈ ਨਾ ਕਰ ਸਕੇ-ਉਸ ਦਾ ਅੰਨ੍ਹਾਂ ਪਿਉ ਉਸ ਦੀ ਖਾਸ ਕਮਜੋਰੀ ਸੀ-ਉਹਨੂੰ ਬਿਚਾਰੇ ਨੂੰ ਛੱਡ ਕੇ ਕਿਤੇ ਜਾ ਵੀ ਨ੍ਹੀ ਸੀ ਸਕਦੀ-।"
ਤਾਏ ਨੇ ਪਾਣੀ ਦਾ ਗਿਲਾਸ ਪੀਤਾ।
-"ਤੇ ਫੇਰ ਭਤੀਜ ਸੱਤਾਂ ਕੁ ਮਹੀਨਿਆਂ ਬਾਅਦ ਉਹਦੀਆਂ ਚਿੱਠੀਆਂ ਅਚਾਨਕ ਆਉਣੋਂ ਹਟ ਗਈਆਂ-ਮੈਂ ਬੜਾ ਪ੍ਰੇਸ਼ਾਨ-ਬਈ ਘਾਣੀ ਹੋਈ ਤਾਂ ਕੀ ਹੋਈ? ਮੈਂ ਬੜਾ ਤੜਫਿ਼ਆ! ਪਰ ਕੀ ਕਰ ਸਕਦਾ ਸੀ? ਪੰਜ ਮਹੀਨੇ ਭਤੀਜ ਬੜੇ ਔਖੇ ਕੱਟੇ-ਜਦੋਂ ਮੈਂ ਜਨਵਰੀ 'ਚ ਫੇਰ ਛੁੱਟੀ ਗਿਆ ਤਾਂ ਮਾਘੀ ਮੇਲਾ ਨੇੜੇ ਈ ਸੀ-ਮੇਲੇ ਆਲੇ ਦਿਨ ਜਦੋਂ ਮੈਂ ਉਸ ਥਾਂ 'ਤੇ ਗਿਆ-ਜਿੱਥੇ ਉਹ ਕਿੰਨ੍ਹੇ ਈ ਸਾਲਾਂ ਤੋਂ ਪਕੌੜੇ ਕੱਢਦੀ ਆਉਂਦੀ ਸੀ-ਉਹ ਕਰਮਾਂ ਆਲੀ ਨਿੱਕੋ ਉਥੇ ਨਾ-ਉਥੇ ਕੋਈ ਹੋਰ ਈ ਚੁੜੇਲ ਜੀ ਬੈਠੀ-ਮੈਂ ਉਹਨੂੰ ਨਿੱਕੋ ਬਾਰੇ ਪੁੱਛਿਆ ਤਾਂ ਕਹਿੰਦੀ ਅਖੇ ਨਿੱਕੋ ਤਾਂ ਜੈਤੋ ਬਿਆਹੀ ਗਈ-ਭਤੀਜ ਮੈਂ ਤਾਂ ਹੋ ਗਿਆ ਉਥੇ ਡਿੱਗਣ ਆਲਾ-ਤੇ ਮੈਂ ਉਹਦੇ ਪਿਉ ਬਾਰੇ ਪੁੱਛਿਆ-ਕਹਿੰਦੀ ਅਖੇ ਉਹਨੂੰ ਵੀ ਨਿੱਕੋ ਨਾਲ ਈ ਲੈ ਗਈ ਸੀ-ਪਰ ਦੋ ਕੁ ਮਹੀਨੇ ਹੋਗੇ ਉਹ ਮਰ ਗਿਐ-ਤੇ ਜਦੋਂ ਮੈਂ ਪੁੱਛਿਆ ਬਈ ਜੈਤੋ ਕੀਹਦੇ ਬਿਆਹੀ ਐ? ਤਾਂ ਕਹਿੰਦੀ ਖਾਂਦੇ ਪੀਂਦੇ ਝਿਉਰ ਐ-ਊਠਾਂ ਦਾ ਵਪਾਰ ਕਰਦੇ ਐ ਤੇ ਜੈਤੋ 'ਚ ਉਹਨਾਂ ਦੀ 'ਬਲੋਚ' ਅੱਲ ਪਈ ਵੀ ਐ-ਮਤਲਬ ਲੋਕ ਉਹਨਾਂ ਨੂੰ ਊਠਾਂ ਵਾਲੇ ਬਲੋਚ ਕਹਿੰਦੇ ਐ।"
-"ਤੇ ਤਾਇਆ, ਉਸ ਔਰਤ ਨੂੰ ਨਿੱਕੋ ਬਾਰੇ ਸਾਰਾ ਕੁਛ ਕਿਵੇਂ ਪਤਾ ਸੀ?" ਸੁਰਜੀਤ ਨੇ ਗੱਲ ਕੱਟਦਿਆਂ ਪੁੱਛਿਆ।
-"ਭਤੀਜ ਉਹ ਵੀ ਨਿੱਕੋ ਕੇ ਘਰਾਂ 'ਚੋਂ ਈ ਸੀ ਤੇ ਸਬੱਬ ਨਾਲ ਜੈਤੋ ਈ ਬਿਆਹੀ ਵੀ ਸੀ-ਉਹਨੂੰ ਨਿੱਕੋ ਆਲੇ ਕੱਪੜੇ ਲੱਤੇ ਤੇ ਕੁਛ ਪੈਸੇ ਦੇ ਕੇ ਹੱਥ 'ਚ ਕੀਤਾ-ਉਹਦੇ ਰਾਹੀਂ ਚਿੱਠੀਆਂ ਦਾ ਸਿਲਸਲਾ ਸ਼ੁਰੂ ਕੀਤਾ-ਉਹ ਆਮ ਤਾਂ ਜੈਤੋ ਮਤਲਬ ਸਹੁਰੀਂ ਈ ਰਹਿੰਦੀ ਸੀ-ਪਰ ਮੇਲੇ ਵੇਲੇ ਪਕੌੜਿਆਂ ਦੀ ਦੁਕਾਨ ਲਾਉਣ ਆਸਤੇ ਪੇਕੀਂ ਆ ਜਾਂਦੀ ਸੀ-ਤੇ ਮਾਘੀ ਮੇਲੇ ਵੇਲੇ ਤਿੰਨ ਦਿਨ ਤਖਤੂਪੁਰੇ ਈ ਰਹਿੰਦੀ ਸੀ-।"
-"-----।" ਸੁਰਜੀਤ ਟਿਕਟਿਕੀ ਲਾ ਕੇ ਸੁਣ ਰਿਹਾ ਸੀ।
-"ਫੇਰ ਭਤੀਜ ਰੱਬ ਦੀ ਐਸੀ ਕਿਰਪਾ ਹੋਈ ਬਈ ਉਹਨੇ ਸਾਨੂੰ ਜੈਤੋ ਪਸ਼ੂਆਂ ਦੀ ਮੰਡੀ 'ਚ ਇਕ ਆਰੀ ਮਿਲਾਇਆ-ਨਿੱਕੋ ਊਠਾਂ ਦੀ ਰਾਖੀ ਬੈਠੀ ਸੀ-ਮੈਂ ਗਾਹਕ ਬਣ ਕੇ ਗਿਆ-ਤੇ ਉਹੋ ਸਾਡੀ ਵਿਚੋਲਣ ਸੀਬੋ ਸੀ ਉਹਦਾ ਨਾਂ-ਉਹ ਦਲਾਲ ਬਣੀ-ਤੇ ਉਸ ਤੋਂ ਬਾਅਦ ਭਤੀਜ ਮੈਂ ਤਖਤੂਪੁਰੇ ਦਾ ਮਾਘੀ ਮੇਲਾ ਤਾਂ ਦਿੱਤਾ ਤਿਆਗ ਤੇ ਜੈਤੋ ਪਸ਼ੂਆਂ ਦੀ ਮੰਡੀ 'ਤੇ ਉਹਨੂੰ ਮਿਲਣ ਲੱਗ ਪਿਆ-ਛੁੱਟੀ ਲੈਣ ਦਾ ਸਮਾਂ ਬਦਲ ਲਿਆ ਸਾਹਬ ਨੂੰ ਆਖ ਕੇ।"
-"ਦਿਨਾਂ ਜਾਂਦਿਆਂ ਨੂੰ ਕੀ ਲੱਗਦੈ ਭਤੀਜ? ਨਿੱਕੋ ਨੇ ਚਹੁੰ ਸਾਲਾਂ 'ਚ ਚਾਰ ਮੁੰਡੇ ਜੰਮੇ-ਸ਼ੇਰਾਂ ਅਰਗੇ! ਤੇ ਐਧਰੋਂ ਪਾਕਿਸਤਾਨ ਦੀ ਜੰਗ ਛਿੜਪੀ-ਮੇਰਾ ਹੱਥ ਉੱਡ ਗਿਆ-ਜਦੋਂ ਮੈਂ ਪੈਨਸ਼ਨ ਹੋ ਕੇ ਉਹਨੂੰ ਮੰਡੀ 'ਤੇ ਫਿਰ ਮਿਲਣ ਗਿਆ ਤਾਂ ਪਤਾ ਲੱਗਿਆ ਨਿੱਕੋ ਦੇ ਘਰਆਲਾ ਮਰ ਗਿਆ-ਕਿਤੇ ਕੌੜ ਬੋਤੇ ਨੇ ਸੰਘੀ ਨੂੰ ਮੂੰਹ ਪਾ ਲਿਆ ਤੇ ਬੱਸ ਖਤਮ ਕਰ ਕੇ ਛੱਡਿਆ-ਜਦੋਂ ਮੈਂ ਨਿੱਕੋ ਦੇਖੀ ਤਾਂ ਪਛਾਣ 'ਚ ਨਾ ਆਵੇ-ਸਹੁਰੀ ਦਿਨਾਂ 'ਚ ਈ ਹਾਰਗੀ-ਸਾਰਾ ਬੋਝ 'ਕੱਲੀ 'ਤੇ ਆ ਗਿਆ ਸੀ-ਉਹ ਤਾਂ ਜਮਾਂ ਈ ਕਾਲੀ ਧੂ ਹੋਈ ਪਈ-ਜੁਆਨੀ ਵੇਲੇ ਤਾਂ ਮਾਰ ਫੜਕੇ ਬੰਝਲੀ ਅਰਗਾ ਬੋਲ ਤੇ ਤੁਰਦੀ ਪੱਟ ਹੋਣੀ ਸਾਰੇ ਪਿੰਡ 'ਚ ਚਾਨਣ ਕਰਦੀ ਸੀ-ਮੈਂ ਭਤੀਜ ਸਰਦੀ ਪੁਰਦੀ ਮੱਦਦ ਕਰਦਾ ਰਿਹਾ-ਤੇ ਫੇਰ ਐਥੇ ਆਸਟਰੀਆ ਆ ਕੇ ਵੀ ਉਹਦਾ ਪੱਲਾ ਨਾ ਛੱਡਿਆ-ਜਿੰਨਾਂ ਕੁ ਹੋਇਆ, ਕਰਦਾ ਰਿਹਾ-ਉਹ ਵੀ ਮੈਨੂੰ ਚਿੱਠੀ ਪੱਤਰ ਪਾਉਂਦੀ ਰਹਿੰਦੀ ਸੀ-ਜਿਹੜੀਆਂ ਚਿੱਠੀਆਂ ਬਾਰੇ ਤੁਸੀਂ ਪੁੱਛਦੇ ਹੁੰਦੇ ਸੀ ਨਾ? ਬਈ ਕੀਹਦੀ ਐ? ਉਹ ਨਿੱਕੋ ਦੀ ਈ ਹੁੰਦੀ ਸੀ! ਮੈਂ ਇੰਡੀਆ ਜਾਂਦਾ ਪੰਜ ਸੱਤ ਹਜਾਰ ਦੇ ਆਉਂਦਾ-ਉਹਦੇ ਦਿਨ ਸੋਹਣੇ ਰਿੜ੍ਹੀ ਜਾਂਦੇ-ਫੇਰ ਪੈਨਸ਼ਨ ਹੋਣ ਤੋਂ ਪਿੱਛੋਂ ਤਾਂ ਮੈਂ ਸਾਲ 'ਚ ਦੋ ਆਰੀ ਜਾਣ ਲੱਗ ਪਿਆ-ਤੇ ਹਰ ਵਾਰੀ ਪੰਜ ਸੱਤ ਹਜਾਰ ਮੱਦਦ ਕਰ ਆਉਂਦਾ-।"
-"ਉਹਦੇ ਘਰਆਲੇ ਦੇ ਮਰਨ ਮਗਰੋਂ ਸਾਡਾ ਚਿੱਠੀ ਪੱਤਰ ਖੁੱਲ੍ਹਾ ਚੱਲ ਪਿਆ ਸੀ-ਅਸੀਂ ਇਕ ਦੂਜੇ ਦੇ ਦੁੱਖ ਵੰਡਾਉਂਦੇ-ਮੈਂ ਉਹਦੀਆਂ ਚਿੱਠੀਆਂ ਆਸਰੇ ਦਿਨ ਕਟੀ ਕਰੀ ਜਾਂਦਾ-ਤੇ ਪਿਛਲੇ ਸਾਲ ਉਹਦੀ ਬਿਮਾਰ ਹੋਈ ਦੀ ਚਿੱਠੀ ਆਈ-ਤੇ ਮੈਂ ਪਤਾ ਲੈਣ ਲਈ ਅਗਲੇ ਪਲ ਈ ਜਹਾਜ ਚੜ੍ਹ ਗਿਆ।"
-"ਤੇ ਤਾਇਆ ਉਹਦੇ ਮੁੰਡੇ?"
-"ਮੁੰਡਿਆਂ ਨਾਲ ਸਹੁਰੀ ਨੇ ਸ਼ੁਰੂ ਤੋਂ ਈ ਮੋਹ ਨ੍ਹੀ ਰੱਖਿਆ-ਅੱਡੋ ਅੱਡੀ ਪਸ਼ੂਆਂ ਦੇ ਬਪਾਰਾਂ 'ਚ ਲਾਅਤੇ-ਦੋ ਤਾਂ ਦੱਸਦੀ ਸੀ ਬਈ ਡੱਬਆਲੀ ਐ ਤੇ ਦੋ ਰਾਜਸਥਾਨ 'ਚ ਐਂ-ਮੁੰਡੇ ਸਾਲੇ ਨਲੈਕ ਈ ਐ-ਨਿੱਕੋ ਦਾ ਪਤਾ ਪੁਤਾ ਨੀ ਲੈਂਦੇ-ਉਧਰੇ ਈ ਕਿਤੇ ਬਿਆਹ ਬੂਹ ਕਰਾ ਕੇ ਟਿਕਗੇ-ਹੁਣ ਤਾਂ ਦੱਸਦੀ ਸੀ ਪੋਤੇ ਵੀ ਉਡਾਰ ਐ-ਵੱਡਾ ਤਾਂ ਦੱਸਦੀ ਸੀ ਬਈ ਕਾਲਜ 'ਚ ਪੜ੍ਹਦੈ-ਪੋਤਿਆਂ ਪਾਤਿਆਂ ਦਾ ਮੋਹ ਹੈਨੀ ਉਹਨੂੰ-ਉਹ ਤਾਂ ਬੱਸ ਮੇਰਾ ਈ ਜਾਅਦੇ ਤੇਹ ਕਰਦੀ ਸੀ-ਚਿੱਠੀਆਂ ਲਿਖਦੀ-ਹਨ੍ਹੋਰੇ ਮਾਰਦੀ।"
-"ਤੇ ਹੁਣ ਜਦੋਂ ਮੈਂ ਇੰਡੀਆ ਗਿਆ ਤਾਂ ਸੀਬੋ ਤੋਂ ਪਤਾ ਚੱਲਿਆ ਬਈ ਨਿੱਕੋ ਸੁਰਗਵਾਸ ਹੋਗੀ---!" ਆਖ ਕੇ ਤਾਏ ਨੇ ਇਕ ਚੁੱਪ ਸਾਧ ਲਈ। ਬੁੱਲ੍ਹ ਭਚੀੜ੍ਹ ਕੇ ਹੱਥ ਘੁੱਟ ਲਏ। ਨੱਕ ਦੀ ਕਰੂੰਬਲ ਫ਼ਰਕਣ ਲੱਗ ਪਈ।
-"ਕਿਵੇਂ?" ਸੁਰਜੀਤ ਦੇ ਪੁੱਛਣ 'ਤੇ ਤਾਏ ਦੇ ਮੋਹ ਦਾ ਹੜ੍ਹ ਅੱਖਾਂ ਰਾਹੀਂ ਡੁੱਲ੍ਹਣ ਲੱਗ ਪਿਆ। ਜਿਸ ਨੂੰ ਉਹ ਤੌਲੀਏ ਵਿਚ ਸਾਂਭਣ ਦਾ ਅਸਫ਼ਲ ਯਤਨ ਕਰ ਰਿਹਾ ਸੀ।
-"ਤੜਕਿਓਂ ਚਾਹ ਬਣਾਉਣ ਆਸਤੇ ਨਰਮੇਂ ਦੀਆਂ ਛਿਟੀਆਂ ਅੰਦਰੋਂ ਚੁੱਕਣ ਗਈ ਤੇ ਕੀੜਾ ਛੂਹ ਗਿਆ-ਰੌਲਾ ਰੂਲਾ ਤਾਂ ਬਥੇਰਾ ਪਾਇਆ ਬਿਚਾਰੀ ਨੇ-ਗੁਆਂਢੀਆਂ ਨੇ ਵੀ ਬੱਤੀ ਸੁਲੱਖਣਿਆਂ ਸਤਜੁਗੀਆਂ ਨੇ ਬਥੇਰੀ ਭੱਜ ਨੱਠ ਕੀਤੀ-ਪਰ ਸਹੁਰੀ ਸੀ ਘਟੀ ਸੀ-ਛੱਡ ਕੇ ਤੁਰਗੀ---!" ਤੇ ਤਾਇਆ ਧਾਂਹੀਂ ਰੋ ਪਿਆ। ਹੁਬਕੀਆਂ ਨਾਲ ਤਾਏ ਦੀ ਛਾਤੀ ਮਛਕ ਵਾਂਗ ਕਦੇ ਭਰਦੀ ਅਤੇ ਕਦੇ ਸੁੰਗੜ ਜਾਂਦੀ। ਸਾਹਮਣੇ ਬੈਠੇ ਨਿਹੱਥੇ ਜਿਹੇ ਹੋਏ ਸੁਰਜੀਤ ਨੂੰ ਇੰਜ ਜਾਪ ਰਿਹਾ ਸੀ, ਜਿਵੇਂ ਤਾਏ ਦੀ ਛਾਤੀ ਉਪਰੋਂ ਦੀ "ਊਠਾਂ ਵਾਲੇ ਬਲੋਚ" ਲਤੜ-ਲਤੜ ਕੇ ਗੁਜ਼ਰ ਰਹੇ ਸਨ। ਤੇ ਤਾਇਆ "ਹਾਏ ਨਿੱਕੋ!" ਆਖ ਕੇ ਵਾਰ-ਵਾਰ ਵੈਣ ਪਾਉਂਦਾ ਸੀ। ਸੁਰਜੀਤ ਹੁਣ ਤਾਏ ਨੂੰ ਰੱਜ ਕੇ ਰੋ ਲੈਣ ਦੇਣਾ ਚਾਹੁੰਦਾ ਸੀ ਕਿ ਉਸ ਦੀ ਛਾਤੀ 'ਤੇ ਜੰਮੇ ਹਾਉਕੇ ਬਾਹਰ ਆ ਜਾਣ ਅਤੇ ਤਾਇਆ ਆਪਣੇ ਆਪ ਨੂੰ ਹੌਲਾ ਫੁੱਲ ਮਹਿਸੂਸ ਕਰੇ। ਪਰ ਤਾਏ ਦੇ ਕੀਰਨੇ ਮੁੱਕਣ ਵਿਚ ਨਹੀਂ ਆਉਂਦੇ ਸਨ।
Sunday, July 22, 2007
Subscribe to:
Post Comments (Atom)
3 comments:
Bhaji, congratulations for writing the best Punjabi Story
Bai Singh ji:
Thanks for reading the story. Please keep on visiting the blog and sending your precious views and comments.
For further correspondence, please mail me at:
jaggikussa@hotmail.com
Regards
Jaggi Kussa
Post a Comment