ਮੜ੍ਹੀਆਂ 'ਤੇ ਬਲਦੇ ਦੀਵੇ
(ਕਹਾਣੀ)
ਕਾਮਰੇਡ ਬਖਤੌਰ ਸਿੰਘ ਨੂੰ ਆਸਟਰੀਆ ਆਏ ਨੂੰ ਤਕਰੀਬਨ ਸੋਲ੍ਹਾਂ ਸਾਲ ਹੋ ਗਏ ਸਨ। ਕਾਮਰੇਡ ਬੜਾ ਮਿਹਨਤੀ ਬੰਦਾ ਸੀ। ਇਸ ਸੋਲ੍ਹਾਂ ਸਾਲਾਂ ਦੇ ਪ੍ਰਵਾਸੀ ਸਫ਼ਰ ਵਿਚ ਬਖਤੌਰ ਨੇ ਕੀ-ਕੀ ਪਾਪੜ ਨਹੀਂ ਵੇਲੇ ਸਨ? ਕੀ-ਕੀ ਨਹੀਂ ਕੀਤਾ ਸੀ? ਅਖਬਾਰਾਂ ਵੇਚੀਆਂ, ਹੋਟਲਾਂ ਵਿਚ ਬਰਤਨ ਧੋਤੇ, ਘਰਾਂ ਵਿਚ ਰਾਤਾਂ ਨੂੰ ਅਖਬਾਰ ਸੁੱਟੇ, ਬਰਫ਼ਾਂ ਨਾਲ ਲੱਦੀਆਂ ਛੱਤਾਂ ਸਾਫ਼ ਕਰਦਾ ਰਿਹਾ। ਤਕਰੀਬਨ ਅੱਠਾਂ ਸਾਲਾਂ ਬਾਅਦ ਜਾ ਕੇ ਬਖਤੌਰ ਨੂੰ ਸੁੱਖ ਦਾ ਸਾਹ ਆਇਆ। ਗਰੀਨ-ਕਾਰਡ ਮਿਲਣ ਕਰ ਕੇ ਬਖਤੌਰ ਨੂੰ ਇਕ ਆਡੀਓ ਕੈਸਿਟਾਂ ਬਣਾਉਣ ਵਾਲੀ ਜਪਾਨੀ ਫ਼ੈਕਟਰੀ ਵਿਚ ਕੰਮ ਮਿਲ ਗਿਆ। ਕੰਮ ਕੋਈ ਔਖਾ ਨਹੀਂ ਸੀ। ਪੱਚੀ-ਪੱਚੀ ਕੈਸਿਟਾਂ ਦਾ ਬੰਡਲ ਤਿਆਰ ਹੋ ਕੇ ਬੈਲ੍ਹਟ 'ਤੇ ਆਉਂਦਾ ਅਤੇ ਕਾਮਰੇਡ ਨੇ ਉਹ ਬੰਡਲ ਚੁੱਕ ਕੇ ਇਕ ਪਾਸੇ, ਇਕ ਫ਼ੱਟੇ ਜਿਹੇ 'ਤੇ ਚਿਣਨਾ ਹੁੰਦਾ। ਜਦ ਉਸ ਫ਼ੱਟੇ 'ਤੇ ਸੌ ਬੰਡਲ ਪੂਰੇ ਚਿਣੇਂ ਜਾਂਦੇ ਤਾਂ ਉਸ ਨੂੰ ਉਹ ਫ਼ੱਟਾ ਰੇੜ੍ਹੀ 'ਤੇ ਚਾੜ੍ਹ ਕੇ ਜਨਰਲ-ਸਟੋਰ ਛੱਡ ਕੇ ਆਉਣਾ ਹੁੰਦਾ, ਅਤੇ ਨਾਲ ਦੀ ਨਾਲ ਉਸ ਨੂੰ ਗਿਣਤੀ ਵੀ ਲਿਸਟ 'ਤੇ ਦਰਜ਼ ਕਰਨੀ ਪੈਂਦੀ। ਕਾਮਰੇਡ ਆਪਣੇ ਕੰਮ ਤੋਂ ਪੂਰਾ ਖੁਸ਼ ਸੀ। ਸੰਤੁਸ਼ਟ ਸੀ। ਤਨਖਾਹ ਵੀ ਉਸ ਨੂੰ ਬਾਰ੍ਹਾਂ ਸੌ ਯੂਰੋ ਮਿਲ ਜਾਂਦੀ। ਜਦ ਕਾਮਰੇਡ ਭਾਰਤੀ ਰੁਪਈਆਂ ਨਾਲ ਗੁਣਾਂ ਕਰਦਾ ਤਾਂ ਉਸ ਦੀ ਤਨਖਾਹ ਭਾਰਤੀ ਕਰੰਸੀ ਅਨੁਸਾਰ ਤਕਰੀਬਨ ਸੱਤਰ ਹਜ਼ਾਰ ਰੁਪਏ ਮਹੀਨਾ ਬਣਦੀ!
ਕ੍ਰਿਸਮਿਸ ਦੀਆਂ ਛੁੱਟੀਆਂ 'ਤੇ ਕਾਮਰੇਡ ਇੰਡੀਆ ਗਿਆ, ਸ਼ਾਦੀ ਕਰਵਾ ਆਇਆ। ਕਾਮਰੇਡਾਂ ਵਾਲੇ ਸਿਧਾਂਤ 'ਤੇ ਉਹ ਬਿਲਕੁਲ ਪੂਰਾ ਖਰਾ ਉਤਰਿਆ ਸੀ। ਉਸ ਨੇ ਗਰੀਬ ਘਰ ਦੀ ਲੜਕੀ ਨਾਲ ਸ਼ਾਦੀ ਰਚਾਈ ਸੀ। ਨਾ ਆਨੰਦ ਕਾਰਜ ਨਾ ਫੇਰੇ। ਬੱਸ! ਗਲ ਵਿਚ "ਜੈ ਮਾਲਾ" ਪਾ ਕੇ ਸ਼ਾਦੀ ਦੀ ਰਸਮ ਪੂਰੀ ਕਰ ਲਈ ਸੀ। ਪੰਜ ਬੰਦੇ ਜੰਨ ਦੇ ਗਏ ਸਨ। ਬਾਪੂ ਮੈਂਗਲ ਸਿੰਘ, ਮਾਮਾ, ਵਿਚੋਲਾ, ਸਰਵਾਲ੍ਹਾ ਅਤੇ ਪੰਜਵਾਂ ਕਾਮਰੇਡ ਆਪ! ਦਾਜ ਦਹੇਜ ਤਾਂ ਉਸ ਨੇ ਉਕਾ ਹੀ ਨਹੀਂ ਲਿਆ ਸੀ। ਵਿਆਹ ਤੋਂ ਤੀਜੇ ਦਿਨ ਕਾਮਰੇਡ ਨੇ ਰਿਸ਼ਤੇਦਾਰਾਂ ਅਤੇ ਯਾਰਾਂ ਮਿੱਤਰਾਂ ਨੂੰ ਬੜੀ ਧੜ੍ਹੱਲੇਦਾਰ ਪਾਰਟੀ ਦਿੱਤੀ ਸੀ। ਪਾਰਟੀ 'ਤੇ ਇਕ ਗਾਇਕ ਜੋੜੀ ਵੀ ਸੱਦੀ ਗਈ, ਜਿਸ ਨੇ ਪਾਰਟੀ ਦੀ ਸ਼ਾਨ ਨੂੰ ਹੋਰ ਖੇੜੇ ਵਿਚ ਲਿਆਂਦਾ ਸੀ। ਰੰਗ ਭਾਗ ਲਾਏ ਸਨ।
ਮਹੀਨੇ ਕੁ ਬਾਅਦ ਹੀ ਕਾਮਰੇਡ ਨੇ ਸਪਾਂਸਰ ਕਰਕੇ ਆਪਣੀ ਜੀਵਨ ਸਾਥਣ ਸੀਤਲ ਨੂੰ ਆਸਟਰੀਆ ਮੰਗਵਾ ਲਿਆ। ਕਾਮਰੇਡ ਕੋਲ ਗਰੀਨ-ਕਾਰਡ ਹੋਣ ਕਰਕੇ ਸੀਤਲ ਨੂੰ ਵੀ ਜਲਦੀ ਹੀ ਵਰਕ-ਪਰਮਿਟ ਮਿਲ ਗਿਆ ਅਤੇ ਉਸ ਨੇ ਸੁਪਰਵਾਈਜ਼ਰ ਨਾਲ ਗੱਲ ਬਾਤ ਕਰਕੇ ਸੀਤਲ ਨੂੰ ਵੀ ਆਪਣੇ ਨਾਲ ਹੀ ਕੰਮ 'ਤੇ ਲੁਆ ਲਿਆ। ਕਾਮਰੇਡ ਦੀਆਂ ਤਾਂ ਲਹਿਰਾਂ ਬਹਿਰਾਂ ਹੋ ਗਈਆਂ। ਬਾਰਾਂ ਸੌ ਯੂਰੋ ਤਾਂ ਉਸ ਨੂੰ ਪਹਿਲਾਂ ਹੀ ਤਨਖਾਹ ਮਿਲਦੀ ਸੀ, ਪਰ ਹੁਣ ਸੀਤਲ ਦੀ ਹਜ਼ਾਰ ਹੋਰ ਆਉਣ ਲੱਗ ਪਈ ਸੀ। ਹਰ ਮਹੀਨੇ ਬਾਈ ਸੌ ਯੂਰੋ ਅਰਥਾਤ ਸਵਾ ਲੱਖ ਰੁਪਏ ਘਰ ਆਉਣ ਲੱਗ ਪਏ। ਕਾਮਰੇਡ ਸਧਾਰਨ ਵਿਸਕੀ ਤੋਂ ਬਲੈਕ-ਲੇਬਲ 'ਤੇ ਆ ਗਿਆ। ਪੁਰਾਣੀ ਪਰਲਿਊਡ ਕਾਰ ਵੇਚ ਕੇ ਉਸ ਨੇ ਨਵੀਂ ਬੀ ਐੱਮ ਡਬਲਿਯੂ ਲੈ ਲਈ।
-"ਹੈਂ ਸੀਤਲ!"
-"ਹਾਂ ਜੀ?"
-"ਜੇ ਭਲਾ ਆਪਾਂ ਇੰਡੀਆ 'ਚ ਕਿਸੇ ਨੂੰ ਕਹੀਏ ਬਈ ਅਸੀਂ ਦੋਵੇਂ ਜੀਅ ਸਵਾ ਲੱਖ ਰੁਪਈਆ ਮਹੀਨੇ ਦਾ ਕਮਾਉਨੇ ਐਂ-ਕੋਈ ਨਾ ਮੰਨੇ!" ਵਿਸਕੀ ਦੇ ਪੈੱਗ ਨਾਲ ਕਾਮਰੇਡ ਕਾਜੂ ਇੰਜ ਚੱਬ ਰਿਹਾ ਸੀ, ਜਿਵੇਂ ਘੋੜਾ ਬੱਕਲੀਆਂ ਚਰਦੈ!
-"ਆਪਾਂ ਮੰਨਵਾ ਕੇ ਵੀ ਕਿਸੇ ਤੋਂ ਕੀ ਲੈਣੈਂ? ਆਬਦੀ ਖਾਤਰ ਕਮਾਉਨੇ ਐਂ-ਕਿਹੜਾ ਕਿਸੇ ਦੀ ਖਾਤਰ ਕਮਾਉਨੇ ਐਂ?" ਸੀਤਲ ਨੇ ਆਖਿਆ।
-"ਗੱਲ ਤੇਰੀ ਬਿਲਕੁਲ ਦਰੁਸਤ ਐ ਸਾਥੀ!" ਉਸ ਨੇ ਆਪਣੇ ਸਰੀਰ ਦੇ ਸੱਪ ਵਾਂਗ ਵਲ ਕੱਢ ਕੇ ਮੇਜ 'ਤੇ ਲੱਤਾਂ ਪਸਾਰ ਲਈਆਂ।
-"ਮੇਰਾ ਤਾਂ ਜੀਅ ਇਕ ਇਉਂ ਕਰਦੈ ਬਈ-।" ਸੀਤਲ ਮੁਰਗੇ ਦੀਆਂ ਟੰਗਾਂ ਮੇਜ 'ਤੇ ਰੱਖਦੀ ਹੋਈ ਬੋਲੀ।
-"ਕੀ ਜੀਅ ਕਰਦੈ?" ਕਾਮਰੇਡ ਮੁਰਗੇ ਦੀ ਟੰਗ ਚੂੰਡਣ ਲੱਗ ਪਿਆ। ਮੁਰਗੇ ਦੀ ਵੱਡੀ ਸਾਰੀ ਟੰਗ ਉਸ ਦੇ ਬੁੱਲ੍ਹਾਂ ਵਿਚ ਕੋਹੜ ਕਿਰਲੇ ਵਾਂਗ ਨੱਚਣ ਲੱਗ ਪਈ।
-"ਜੀਅ ਇਉਂ ਕਰਦੈ ਬਈ ਚਾਰ ਪੰਜ ਸਾਲ ਦੱਬ ਕੇ ਕਮਾਈ ਕਰੀਏ-ਪੈਸੇ ਜੋੜੀਏ ਤੇ ਫੇਰ ਆਬਦੇ ਦੇਸ਼ ਜਾ ਕੇ ਅਰਾਮ ਦੀ ਜਿ਼ੰਦਗੀ ਬਸਰ ਕਰੀਏ-ਐਥੇ ਕੀ ਐ? ਸਿਰਫ਼ ਪੈਸਾ! ਨਾ ਕੋਈ ਭੈਣ ਨਾ ਭਰਾ-ਹਰੇਕ ਨੂੰ ਆਪੋਧਾਪੀ ਪਈ ਐ-ਕਿਸੇ ਕੋਲ ਕਿਸੇ ਲਈ ਵਕਤ ਨ੍ਹੀ-ਮਸ਼ੀਨਾਂ ਨਾਲ ਬੰਦਾ ਮਸ਼ੀਨ ਬਣ ਕੇ ਰਹਿ ਜਾਂਦੈ।" ਸੀਤਲ ਨੇ ਆਪਣੇ ਮਨ ਦੀ ਭੜ੍ਹਾਸ ਕੱਢੀ।
-"ਯੂਰਪ ਤਾਂ ਸੱਪ ਦੇ ਮੂੰਹ 'ਚ ਕੋਹੜ੍ਹ ਕਿਰਲੀ ਐ ਸਾਥੀ-ਖਾਂਦੈ ਕੋਹੜੀ ਛੱਡਦੈ ਕਲੰਕੀ-ਇਹ ਤਾਂ ਮਿਰਗ ਤ੍ਰਿਸ਼ਨਾ ਆਲੀ ਗੱਲ ਐ-ਬੰਦਾ ਭੱਜ-ਭੱਜ ਕੇ ਈ ਮਰ ਜਾਂਦੈ-ਇਹ ਅਲਾਦੀਨ ਦੀ ਉਹ ਸੋਨੇ ਦੀ ਜੇਲ੍ਹ ਐ-ਜਿੱਥੋਂ ਕੋਈ ਜਿਉਂਦਾ ਨਹੀਂ ਨਿਕਲਿਆ।"
-"ਐਥੇ ਬੰਦੇ ਦਾ ਭਵਿੱਖ ਤਾਂ ਕੋਈ ਨ੍ਹੀ-ਖਪੀ ਜਾਓ-ਮਰੀ ਜਾਓ-ਕੋਈ ਦੁਖ-ਸੁਖ ਕਰਨ ਆਲਾ ਨ੍ਹੀ-ਹਰ ਬੰਦਾ ਆਪਣੇ ਸੁਆਰਥ ਪ੍ਰਤੀ ਸੁਚੇਤ ਐ-ਕੋਈ ਮਰੇ ਕੋਈ ਜੀਵੇ!"
-"ਜਿ਼ੰਦਗੀ ਵਿਚ ਕੁਝ ਹਾਲਾਤ ਐਸੇ ਹੁੰਦੇ ਐ ਸਾਥੀ ਕਿ ਬੰਦਾ ਦਿਲੋਂ ਚਾਹੁੰਦਾ ਹੋਇਆ ਵੀ ਇਹਨਾਂ ਹਾਲਾਤਾਂ ਤੋਂ ਜੁਦਾ ਨਹੀਂ ਹੋ ਸਕਦਾ-ਜਾਂ ਕਹੋ ਸਭ ਕੁਛ ਆਪਣੇ ਵੱਸ ਹੁੰਦਾ ਹੋਇਆ ਵੀ ਆਦਮੀ ਇਹਨਾਂ ਹਾਲਾਤਾਂ ਤੋਂ ਖਹਿੜਾ ਨਹੀਂ ਛੁਡਾ ਸਕਦਾ।" ਕਾਮਰੇਡ ਨੇ ਬੋਤਲ ਧੁਰ ਲਾ ਦਿੱਤੀ ਸੀ। ਉਸ ਦੀਆਂ ਅੱਖਾਂ ਦਾ ਰੰਗ ਗੇਰੂ ਹੋ ਗਿਆ ਸੀ।
-"ਮੈਨੂੰ ਇਕ ਗੱਲ ਸਮਝ ਨ੍ਹੀ ਆਉਂਦੀ।"
-"ਕਿਹੜੀ ਦੀ ਸਾਥੀ?"
-"ਇੱਥੇ ਗੌਰਮਿੰਟ ਆਦਮੀ ਨੂੰ ਪੈਨਸ਼ਨ ਪੈਂਹਟ ਸਾਲ ਦੇ ਨੂੰ ਦਿੰਦੀ ਐ ਤੇ ਔਰਤ ਨੂੰ ਸੱਠ ਸਾਲ ਦੀ ਨੂੰ।"
-"ਬਿਲਕੁਲ ਦਰੁਸਤ।"
-"ਥੋਡੀ ਪੈਨਸ਼ਨ ਹੋਣ ਨੂੰ ਤੀਹ ਸਾਲ ਪਏ ਐ ਤੇ ਮੇਰੀ ਨੂੰ ਵੀ ਤੀਹ ਸਾਲ।"
-"ਇਹ ਵੀ ਦਰੁਸਤ।"
-"ਇਹਦਾ ਮਤਲਬ ਐ ਬਈ ਆਪਾਂ ਆਉਣ ਵਾਲੇ ਤੀਹ ਸਾਲ ਮਸ਼ੀਨ ਵਾਂਗੂੰ ਵਗੀ ਜਾਵਾਂਗੇ?"
-"-----!" ਕਾਮਰੇਡ ਉਲਝਣ ਵਿਚ ਫ਼ਸ ਗਿਆ। ਉਸ ਨੇ ਬੋਤਲ 'ਚੋਂ ਆਖਰੀ ਪੈੱਗ ਪਾਇਆ ਅਤੇ ਸੋਢਾ ਪਾ ਕੇ ਇਕ ਦਮ ਅੰਦਰ ਸੁੱਟਿਆ।
-"ਸੀਤਲ! ਸਾਥੀ ਉਰ੍ਹੇ ਆ!" ਉਸ ਨੇ ਖਾਲੀ ਬੋਤਲ ਅਤੇ ਗਿਲਾਸ ਮੇਜ਼ ਦੇ ਇਕ ਪਾਸੇ ਕਰ ਦਿੱਤੇ।
ਸੀਤਲ ਕੋਲ ਆ ਗਈ।
-"ਐਥੇ ਬੈਠ!"
-"ਦੱਸੋ?"
-"ਸੀਤਲ ਸਾਥੀ-ਲੋੜ ਕਾਢ ਦੀ ਮਾਂ ਐਂ!"
-"ਕੀ ਮਤਲਬ?"
-"ਮਤਲਬ ਇਹ! ਕਿ ਹੁਣ ਤੈਨੂੰ ਇਕ ਬੱਚੇ ਦੀ ਲੋੜ ਐ।" ਕਾਮਰੇਡ ਖ਼ੀਂ-ਖ਼ੀਂ ਕਰ ਕੇ ਹੱਸਿਆ ਅਤੇ ਨਾਲ ਹੀ ਸੀਤਲ ਹੱਸ ਪਈ।
-"ਇਹ ਤਾਂ ਘਰ ਦੀ ਮੁਰਗੀ ਆਲੀ ਗੱਲ ਐ-ਜਦੋਂ ਮਰਜੀ ਐ ਮਰੋੜ ਲਈਏ-ਲੈ ਅੱਜ ਆਪਾਂ ਜੁਆਕ ਦਾ ਈ ਨੀਂਹ ਪੱਥਰ ਰੱਖਣੈਂ ਤੇ ਉਦਘਾਟਨ ਕਰੂੰਗਾ ਮੈਂ!"
-"-----!" ਸੀਤਲ ਸ਼ਰਾਬੀ ਕਾਮਰੇਡ ਵੱਲ ਤੱਕ ਕੇ ਮੁਸਕਰਾਈ ਜਾ ਰਹੀ ਸੀ।
-"ਇਕ ਦੋ ਜੁਆਕ ਹੋ ਜਾਣਗੇ-ਜੇ ਨਾ ਸਰਿਆ ਤਾਂ ਬੇਬੇ ਬਾਪੂ ਨੂੰ ਐਥੇ ਮੰਗਵਾ ਲਵਾਂਗੇ-ਬੇਬੇ ਨਾਲੇ ਤਾਂ ਜੁਆਕ ਸਾਂਭਿਆ ਕਰੂ ਤੇ ਨਾਲੇ ਪਕਾਇਆ ਕਰੂ ਰੋਟੀਆਂ-ਤੇ ਆਪਾਂ ਕਰਿਆ ਕਰਾਂਗੇ ਡਟ ਕੇ ਕੰਮ-ਬਾਪੂ ਜੁਆਕਾਂ ਨੂੰ ਸਕੂਲ ਛੱਡ ਆਇਆ ਕਰੂ ਤੇ ਲੈ ਆਇਆ ਕਰੂ।" ਵਿਸਕੀ ਦੀ ਬੋਤਲ ਆਸਰੇ ਕਾਮਰੇਡ ਨੇ ਪਲਾਂ ਵਿਚ ਪ੍ਰੀਵਾਰ ਇਕੱਠਾ ਕਰ ਦਿੱਤਾ ਸੀ।
-"ਰੋਟੀ ਲਿਆਵਾਂ?"
-"ਨਹੀਂ ਰੋਟੀ ਅਜੇ ਨ੍ਹੀ-ਬੋਤਲ ਲਿਆ ਕੱਢ ਕੇ! ਇਕ ਅੱਧਾ ਪੈੱਗ ਹੋਰ ਲਾਈਏ-ਜਾਣੀ ਦੀ ਸਾਲੀ ਅੱਜ ਚੜ੍ਹੀ ਜੀ ਨ੍ਹੀ-ਸਿਰ ਜਿਆ ਘੁਕਣ ਨ੍ਹੀ ਲੱਗਿਆ।"
-"ਬੱਸ-ਬਹੁਤ ਪੀ ਲਈ ਹੁਣ!"
-"ਤੂੰ ਮੈਨੂੰ ਛੁੱਟੀ ਆਲੇ ਦਿਨ ਨਾ ਰੋਕਿਆ ਕਰ ਸਾਥੀ! ਸਾਲਾ ਸਿਰ ਜਿਆ ਘੁਕਣ ਈ ਨ੍ਹੀ ਲੱਗਿਆ ਅਜੇ-ਜਾਹ ਬੋਤਲ ਲਿਆ-ਨਾਲੇ ਟੇਪ ਲਾ-ਇਕ ਅੱਧਾ ਗੀਤ ਸੁਣੀਏਂ।"
ਸੀਤਲ ਸਟੋਰ-ਰੂਮ 'ਚੋਂ ਬੋਤਲ ਲੈਣ ਚਲੀ ਗਈ ਅਤੇ ਜਾਂਦੀ ਹੋਈ ਟੇਪ ਲਾ ਗਈ। ਗੀਤ ਸ਼ੁਰੂ ਹੋ ਗਿਆ, "ਨਾਲੇ ਕਾਗਜ਼ ਗੱਡੀ ਦੇ ਫ਼ੋਟੋ ਤੇਰੀ-ਨੀ ਲੰਡਾ ਜਿਆ ਸਿਪਾਹੀ ਲੈ ਗਿਆ---!"
-"ਉਏ ਬੱਲੇ ਉਏ ਬੱਗਿਆ ਸ਼ੇਰਾ-ਬਚ ਕੇ ਮੋੜ ਤੋਂ-ਤੇਰਾ ਬੱਚਾ ਜੀਵੇ---!" ਗੀਤ ਤੋਂ ਖੁਸ਼ ਹੋ ਕੇ, ਉਠ ਕੇ ਕਾਮਰੇਡ ਨੇ ਬੱਕਰਾ ਬੁਲਾਇਆ ਅਤੇ ਫਿਰ 'ਧੜ੍ਹੰਮ' ਦੇਣੇਂ ਸੋਫ਼ੇ 'ਤੇ ਡਿੱਗ ਪਿਆ।
ਇਸ ਤਰ੍ਹਾਂ ਹੱਸਦਿਆਂ-ਖੇਡਦਿਆਂ ਦੇ ਦਿਨ ਬੀਤਦੇ ਗਏ। ਸੂਰਜ ਚੜ੍ਹਦਾ ਰਿਹਾ, ਛੁਪਦਾ ਰਿਹਾ। ਮੌਸਮ ਬਦਲਦੇ ਰਹੇ। ਇਕ ਦਿਨ ਚਾਣਚੱਕ ਹੀ ਸੀਤਲ ਨੇ ਇਕ ਖੁਸ਼ਖਬਰੀ ਸੁਣਾਈ।
-"ਥੋਨੂੰ ਜੀ ਇਕ ਗੱਲ ਦੱਸਾਂ?"
-"ਜਰੂਰ ਦੱਸੋ ਜੀ!"
-"ਮੈਂ ਤਿੰਨ ਹਫ਼ਤੇ ਹੋ ਗਏ-ਬਿਮਾਰ ਨ੍ਹੀ ਹੋਈ।"
-"ਕਿਉਂ ਬਿਮਾਰ ਹੋਣ ਦਾ ਤੈਨੂੰ ਕੋਈ ਚਾਅ ਐ? ਸੋਹਣੀ ਸਿਹਤ ਚੰਗੀ ਨ੍ਹੀ ਲੱਗਦੀ?"
-"ਤੁਸੀਂ ਤਾਂ ਜਮਾਂ ਈ ਕਸਮ ਨਾਲ-ਕੀ ਆਖਾਂ ਥੋਨੂੰ? ਕਾਮਰੇਡ ਜੀ! ਤੁਸੀਂ ਬਾਪੂ ਬਣਨ ਆਲੇ ਓਂ!" ਸੀਤਲ ਨੇ ਜੋਰ ਦੇ ਕੇ ਕਿਹਾ।
-"ਉਏ ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ!" ਹੌਲੀ ਫੁੱਲ ਵਰਗੀ ਸੀਤਲ ਦਾ ਚੁੱਕ ਕੇ ਕਾਮਰੇਡ ਨੇ ਬਾਲਾ ਕੱਢ ਦਿੱਤਾ। ਖੁਸ਼ੀ ਉਸ ਤੋਂ ਸਾਂਭੀ ਨਹੀਂ ਗਈ ਸੀ। ਉਹ ਹਨ੍ਹੇਰੀ ਵਾਂਗ ਸਟੋਰ-ਰੂਮ ਵਿਚ ਗਿਆ ਅਤੇ ਬੋਤਲ ਕੱਢ ਲਿਆਇਆ।
ਅੱਧੀ ਬੋਤਲ ਪੀ ਕੇ ਕਾਮਰੇਡ ਨੇ ਫ਼ੋਨ ਘੁਕਾਉਣੇਂ ਸ਼ੁਰੂ ਕਰ ਦਿੱਤੇ। ਬੇਬੇ ਬਾਪੂ ਨੂੰ ਫ਼ੋਨ 'ਤੇ ਅਗਾਊਂ ਵਧਾਈ ਦੇ ਦਿੱਤੀ। ਖੁਸ਼ੀ ਕਾਮਰੇਡ ਨੂੰ ਪੈਰੋਂ ਕੱਢੀ ਫਿਰਦੀ ਸੀ। ਖ਼ੈਰ! ਬੱਚੇ ਦੀ ਖੁਸ਼ੀ ਹੀ ਕੁਝ ਐਸੀ ਹੈ ਕਿ ਆਦਮੀ ਦੇ ਪੈਰ ਨਹੀਂ ਲੱਗਦੇ!
-"ਸੀਤਲ! ਸਾਥੀ ਪਤੈ ਮੈਂ ਮੁੰਡੇ ਦਾ ਕੀ ਨਾਂ ਰੱਖੂੰ?"
-"ਥੋਨੂੰ ਕੀ ਪਤੈ ਬਈ ਮੁੰਡਾ ਈ ਹੋਊ? ਰੱਬ ਤੋਂ ਡਰਿਆ ਕਰੋ!"
-"ਰੱਬ? ਕਿਹੜਾ ਰੱਬ? ਐਮੇਂ ਪੀਤੀ ਈ ਲਾਹਤੀ ਸਾਲੀ ਢੇਡ ਨੇ!" ਕਾਮਰੇਡ ਕੱਟੜ ਨਾਸਤਿਕ ਬੰਦਾ ਸੀ। ਰੱਬ ਦੇ ਨਾਂ ਤੋਂ ਉਸ ਨੂੰ ਖਾਸ ਕਰਕੇ ਚਿੜ ਸੀ। ਉਸ ਨੇ ਵਿਸਕੀ ਦਾ ਗਿਲਾਸ ਕੰਗਣੀਂ ਤੱਕ ਭਰ ਕੇ ਅੰਦਰ ਸੁੱਟਿਆ ਅਤੇ ਫਿਰ ਗਧੇ ਵਾਂਗ ਫ਼ਰਾਟਾ ਜਿਹਾ ਮਾਰਿਆ। ਥੱਲੇ ਡਿੱਗੇ ਮੂਡ ਦੀ ਸੂਈ ਫਿਰ ਆਨੇ ਵਾਲੀ ਥਾਂ 'ਤੇ ਆ ਗਈ।
-"ਮੈਂ ਮੁੰਡੇ ਦਾ ਨਾਂ ਰੱਖੂੰ ਲੈਨਿਨ ਜਾਂ ਫਿਰ ਸਟਾਲਿਨ-ਤੇ ਜਾਂ ਰੱਖੂੰਗਾ ਮਾਓ-ਜੇ-ਤੁੰਗ! ਅੱਜ ਮੁਰਗਾ ਨ੍ਹੀ ਬਣਾਇਆ?" ਕਾਮਰੇਡ ਨੂੰ ਪੀਤੀ ਵਿਚ ਅਚਾਨਕ ਯਾਦ ਆਇਆ।
-"ਅੱਜ ਤੋਂ ਥੋਡਾ ਮੁਰਗਾ ਬੰਦ ਤੇ ਕੱਲ੍ਹ ਤੋਂ ਦਾਰੂ!" ਸੀਤਲ ਨੇ ਸੁਣਾਈ ਕੀਤੀ।
-"ਕਿਉਂ? ਇਹ ਜੁਆਕ ਜੰਮਣੈਂ ਕਿ ਕਰਫ਼ੂ ਲਾਉਣੈਂ?"
-"ਬੱਸ ਥੋਨੂੰ ਮੈਂ ਅੱਜ ਦੱਸਤਾ-ਕੱਲ੍ਹ ਤੋਂ ਥੋਡਾ ਕੁੱਕੜ ਪਾਣੀ ਬੰਦ!"
-"ਇਹ ਕਾਮਰੇਡਾਂ ਆਲੇ ਨਾਅਰੇ ਤੂੰ ਕਿੱਥੋਂ ਸਿੱਖਗੀ? ਸਾਡੀ ਪਾਰਟੀ ਨਾਅਰੇ ਲਾਉਂਦੀ ਹੁੰਦੀ ਸੀ: ਇਹਨਾਂ ਪੁਲਸੀ ਕੁੱਤਿਆਂ ਦਾ-ਕੁੱਕੜ ਪਾਣੀ ਬੰਦ ਕਰੋ!"
-"ਤੇ ਕੱਲ੍ਹ ਤੋਂ ਥੋਡਾ ਵੀ ਬੰਦ!"
-"ਇਹਦਾ ਮਤਲਬ-ਐਮਰਜੈਂਸੀ?"
-"ਹਾਂ ਜੀ!"
-"ਵਾਹ ਨੀ ਮਾਂ ਦੀਏ ਰਾਮ ਰੱਖੀਏ! ਅਸੀਂ ਤਾਂ ਇੰਦਰਾ ਗਾਂਧੀ ਦੀ ਐਂਮਰਜੈਂਸੀ ਬਰਦਾਸ਼ਤ ਨ੍ਹੀ ਸੀ ਕੀਤੀ-ਤੇਰੀ ਨੂੰ ਤਾਂ ਅਸੀਂ ਕੀ ਗੌਲਦੇ ਐਂ? ਦਾਰੂ ਮੁਰਗਾ - ਜਿ਼ੰਦਾਬਾਦ!"
-"ਮੈਂ ਤਾਂ ਮਖੌਲ ਕਰਦੀ ਸੀ!" ਸੀਤਲ ਨੇ ਮੁਰਗਾ ਕਾਮਰੇਡ ਅੱਗੇ ਲਿਆ ਧਰਿਆ।
-"ਹੈਅ ਤੇਰੀ ਮਾਂ ਦੀ ਤੇਰੀ ਦੀ!"
-"ਮੈਨੂੰ ਪਤੈ ਤੁਸੀਂ ਇਹ ਚੀਜਾਂ ਕਦੋਂ ਛੱਡ ਸਕਦੇ ਓਂ?"
-"ਛੱਡਣੀਆਂ ਵੀ ਕਾਹਤੋਂ ਐਂ? ਖਾਣਾ ਪੀਣਾ ਈ ਜੱਗ 'ਤੇ ਰਹਿ ਜਾਣਾ-ਹੋਰ ਕੀ ਜਾਣਾ ਈ ਜੱਗ ਤੋਂ ਲੈ ਮੀਆਂ।" ਕਾਮਰੇਡ ਨੇ ਕਵੀਸ਼ਰੀ ਕੀਤੀ।
-"ਮੈਨੂੰ ਆਬਦੇ ਹੱਥੀਂ ਇਕ ਪੈੱਗ ਪਾ ਕੇ ਦੇਹ-ਨਾਲੇ ਟੇਪ ਲਾ!"
-"ਟੇਪ ਲਾ ਦਿੰਨੀ ਐਂ-ਪਰ ਪੈੱਗ ਪੁੱਗ ਨ੍ਹੀ ਮੈਂ ਪਾ ਕੇ ਦੇਣਾ!"
-"ਕਿਉਂ ਹੱਥ ਜੂਠੇ ਹੁੰਦੇ ਐ?"
-"ਹਾਂ ਜੀ!"
-"ਨਾਰਾਂ ਉਹੀ ਸਤਵੰਤੀਆਂ ਆਖਦੇ ਨੇ-ਜੋ ਪਤੀ ਦੀ ਸੇਵਾ ਵਿਚ ਰਹਿੰਦੀਆਂ ਨੇ।" ਉਸ ਨੇ ਫਿਰ ਕਵੀਸ਼ਰੀ ਕੀਤੀ।
-"ਮੈਂ ਸਤਵੰਤੀਆਂ ਨਾਲੋਂ ਐਵੇਂ ਈ ਚੰਗੀ ਐਂ-।" ਤੇ ਸੀਤਲ ਨੇ ਟੇਪ ਚਲਾ ਦਿੱਤੀ।
ਗੀਤ ਸ਼ੁਰੂ ਹੋ ਗਿਆ, "ਦੇਖੂੰ ਤੈਨੂੰ ਪੁੱਤ ਜੰਮਦੇ---!"
-"ਉਏ ਬੱਲੇ ਸਾਹਨਾਂ! ਤੂੰ ਹਮੇਸ਼ਾ ਮੇਰੇ ਦਿਲ ਦੀ ਕਰਦੈਂ-ਬੱਚਾ ਜੀਵੇ ਤੇਰਾ--!" ਤੇ ਕਾਮਰੇਡ ਉਠ ਕੇ ਨੱਚਣ ਲੱਗ ਪਿਆ। ਦਾਰੂ ਦੀ ਪੂਰੀ ਬੋਤਲ ਉਸ ਦੇ ਅੰਦਰ ਡੁੱਲ੍ਹ ਚੁੱਕੀ ਸੀ। ਸੀਤਲ ਨੇ ਮਸਾਂ ਹੀ ਫੜ ਕੇ ਉਸ ਨੂੰ ਰੋਟੀ ਖੁਆਈ ਅਤੇ ਬੈੱਡ 'ਤੇ ਪਾ ਦਿੱਤਾ। ਟੇਪ ਬੰਦ ਕਰ ਦਿੱਤੀ।
ਗਿਣਤੀ ਦੇ ਦਿਨ ਬੀਤਦਿਆਂ ਕੀ ਲੱਗਦੈ? ਸੀਤਲ ਦੇ ਦਿਨ ਪੂਰੇ ਹੋਣ ਤੋਂ ਦਸ ਦਿਨ ਪਹਿਲਾਂ ਹੀ ਦਰਦਾਂ ਸ਼ੁਰੂ ਹੋ ਗਈਆਂ। ਸਵੇਰ ਦੇ ਤਿੰਨ ਵੱਜੇ ਹੋਏ ਸਨ। ਕਾਮਰੇਡ ਨੇ ਐਂਬੂਲੈਂਸ ਨੂੰ ਫ਼ੋਨ ਕੀਤਾ ਤਾਂ ਤਿੰਨ ਡਾਕਟਰਾਂ ਦੀ ਟੀਮ ਆ ਕੇ ਸੀਤਲ ਨੂੰ ਲੈ ਗਈ ਅਤੇ ਹਸਪਤਾਲ ਦਾਖਲ ਕਰਵਾ ਦਿੱਤਾ। ਦਿਨ ਚੜ੍ਹਨ 'ਤੇ ਕਾਮਰੇਡ ਨੇ ਫ਼ੈਕਟਰੀ ਫ਼ੋਨ ਕਰ ਕੇ ਤਿੰਨ ਦਿਨਾਂ ਦੀ ਛੁੱਟੀ ਲੈ ਲਈ, ਜੋ ਕਿ ਬੱਚਾ ਹੋਣ ਕਰ ਕੇ ਉਸ ਦੀ ਕਾਨੂੰਨੀ ਤੌਰ 'ਤੇ ਬਣਦੀ ਸੀ।
ਸਾਰਾ ਦਿਨ ਅਤੇ ਅੱਧੀ ਰਾਤ ਬੀਤ ਗਈ ਸੀ, ਪਰ ਬੱਚਾ ਨਹੀਂ ਹੋਇਆ ਸੀ। ਵੰਗ ਵਰਗੀ ਵਿਚਾਰੀ ਸੀਤਲ ਤਕਰੀਬਨ ਅਠਾਰਾਂ ਘੰਟੇ ਤੋਂ ਬਿਲਕ ਰਹੀ ਸੀ। ਜਾਨ ਉਸ ਦੀ ਸੰਘ ਵਿਚ ਅੜੀ ਪਈ ਸੀ। ਚਿਹਰਾ ਬੱਗਾ ਪੂਣੀ ਵਰਗਾ ਅਤੇ ਬੁੱਲ੍ਹ ਸੁੱਕੇ ਪੱਤੇ ਵਾਂਗ ਖੁਸ਼ਕ ਸਨ। ਉਸ ਦੇ ਸਿਰਹਾਣੇਂ ਕਾਮਰੇਡ ਰੋਣਹਾਕਾ ਹੋਇਆ, ਕਦੇ ਉਸ ਦੇ ਹੱਥ ਘੁੱਟਦਾ ਅਤੇ ਕਦੇ ਪੇਟ 'ਤੇ ਹੱਥ ਫੇਰਨ ਲੱਗ ਜਾਂਦਾ। ਸਾਰੀ ਦਿਹਾੜੀ ਅਤੇ ਹੁਣ ਤੱਕ ਉਸ ਨੇ ਕੁਝ ਵੀ ਖਾਧਾ-ਪੀਤਾ ਨਹੀਂ ਸੀ।
ਰਾਤ ਦੇ ਪੂਰੇ ਦੋ ਵਜੇ ਡਾਕਟਰ ਨੇ ਕਾਮਰੇਡ ਨੂੰ ਇਸ਼ਾਰੇ ਨਾਲ ਆਪਣੇ ਕੋਲ ਬੁਲਾਇਆ। ਡਾਕਟਰ ਕਾਫ਼ੀ ਚਿੰਤਾਤੁਰ ਨਜ਼ਰ ਆ ਰਿਹਾ ਸੀ।
-"ਮਿਸਟਰ ਸਿੰਘ! ਤੁਹਾਡੀ ਮਿਸਜ਼ ਨੂੰ ਅਤੇ ਸਾਨੂੰ ਜੱਦੋਜਹਿਦ ਕਰਦਿਆਂ ਨੂੰ ਪੂਰੇ ਤੇਈ ਘੰਟੇ ਹੋ ਗਏ-।"
-"ਜੀ।"
-"ਬੱਚੇ ਅਤੇ ਮਾਂ ਦੀ ਜਾਨ ਬਚਾਉਣ ਲਈ ਹੁਣ ਸਾਡੇ ਕੋਲ ਇਕ ਹੀ ਰਾਹ ਹੈ।"
-"ਉਹ ਕੀ ਜੀ?" ਕਾਮਰੇਡ ਹੱਥ ਜੋੜੀ ਲਿਫਿ਼ਆ ਖੜ੍ਹਾ, ਗੱਲ ਸੁਣਨ ਲਈ ਕਾਹਲਾ ਸੀ।
-"ਆਪਰੇਸ਼ਨ!" ਡਾਕਟਰ ਨੇ ਕਹਿ ਕੇ ਉਸ ਦਾ ਚਿਹਰਾ ਨਿਰਖਿਆ।
-"ਤੁਸੀਂ ਪਹਿਲਾਂ ਹੀ ਕਰ ਦਿੰਦੇ ਸਰ! ਐਨਾਂ ਚਿਰ ਵਿਚਾਰੀ ਨੂੰ ਕਿਉਂ ਹਲਾਲ ਕਰੀ ਰੱਖਿਆ?" ਸੀਤਲ ਦੀ ਹਾਲਤ 'ਤੇ ਕਾਮਰੇਡ ਦੇ ਹੰਝੂ ਵਗ ਤੁਰੇ। ਉਸ ਨੂੰ ਡਾਕਟਰ 'ਤੇ ਘੋਰ ਗੁੱਸਾ ਆਇਆ। ਪਰ ਸਮੇਂ ਦੀ ਨਜ਼ਾਕਤ ਦੇਖ ਕੇ ਗੁੱਸਾ ਉਹ ਅੰਦਰੋ-ਅੰਦਰੀ ਹੀ ਪੀ ਗਿਆ।
-"ਸੋ ਮਿਸਟਰ ਸਿੰਘ-ਆਪਰੇਸ਼ਨ 'ਤੇ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ?" ਡਾਕਟਰ ਨੇ ਦੁਹਰਾ ਕੇ ਪੁੱਛਿਆ।
-"ਮੈਨੂੰ ਇਤਰਾਜ਼ ਕਿਉਂ ਹੋਊ ਸਰ?"
-"ਠੀਕ ਹੈ! ਐਥੇ ਦਸਤਖ਼ਤ ਕਰ ਦਿਓ।"
ਲੋੜੀਂਦੇ ਕਾਗਜ਼ਾਂ 'ਤੇ ਦਸਤਖ਼ਤ ਕਰ ਕੇ ਕਾਮਰੇਡ ਸੀਤਲ ਕੋਲ ਆ ਗਿਆ। ਸੀਤਲ ਉਸੀ ਤਰ੍ਹਾਂ ਕੁਰਲਾ ਰਹੀ ਸੀ। ਕਾਮਰੇਡ ਦੇ ਜਜ਼ਬਾਤਾਂ ਦਾ ਹੜ੍ਹ ਅੱਖਾਂ ਰਾਹੀਂ ਫਿਰ ਵਹਿ ਤੁਰਿਆ। ਉਸ ਦਾ ਦਿਲ ਕੀਤਾ ਕਿ ਸੀਤਲ ਨੂੰ ਚੁੱਕ ਕੇ ਕਲਾਵੇ ਵਿਚ ਲੈ ਲਵੇ ਅਤੇ ਉਸ ਦੇ ਬੁੱਲ੍ਹਾਂ 'ਤੇ ਬੁੱਲ੍ਹ ਰੱਖ ਕੇ ਸਾਰੀ ਪੀੜ ਚੂਸ ਲਵੇ। ਪਰ ਉਹ ਬੇਵੱਸ ਖੜ੍ਹਾ, ਅੱਧਸੜੇ ਪੰਛੀ ਵਾਂਗ ਅੰਦਰੋ-ਅੰਦਰੀ ਤੜਪ ਰਿਹਾ ਸੀ।
-"ਐਕਸਕਿਊਜ਼ ਮੀ ਮਿਸਟਰ ਸਿੰਘ!" ਪਿੱਛੋਂ ਅਵਾਜ਼ ਆਈ। ਉਸ ਨੇ ਹੰਝੂ ਪੂੰਝ ਕੇ ਪਿੱਛੇ ਤੱਕਿਆ ਤਾਂ ਸੱਤ-ਅੱਠ ਡਾਕਟਰ-ਡਾਕਟਰਨੀਆਂ ਦੀ ਟੀਮ ਖੜ੍ਹੀ ਸੀ। ਕਾਮਰੇਡ ਨੂੰ ਉਹ ਕੋਈ ਡਾਕਟਰਾਂ ਦੀ ਟੀਮ ਨਹੀਂ, ਇਕ ਫ਼ੌਜ ਦੀ ਟੁਕੜੀ ਜਾਪੀ।
ਡਾਕਟਰ ਸੀਤਲ ਦਾ ਬੈੱਡ ਆਪਰੇਸ਼ਨ-ਥੀਏਟਰ ਵੱਲ ਨੂੰ ਲੈ ਤੁਰੇ। ਕਾਮਰੇਡ ਪਿੱਛੇ ਹੀ ਲੱਤਾਂ ਘੜ੍ਹੀਸਦਾ ਹੋ ਤੁਰਿਆ।
-"ਮੁਆਫ਼ ਕਰਨਾ ਡਾਕਟਰ! ਕੀ ਮੈਂ ਅੰਦਰ ਆ ਸਕਦਾ ਹਾਂ?" ਕਾਮਰੇਡ ਨੇ ਪਾਈਏ ਕੁ ਦਾ ਹੋ ਕੇ ਪੁੱਛਿਆ।
-"ਨਹੀਂ-ਬਾਹਰ ਉਡੀਕ ਕਰੋ।" ਡਾਕਟਰ ਨੇ ਉੱਤਰ ਮੋੜਿਆ।
-"ਕਿੰਨਾਂ ਕੁ ਚਿਰ ਡਾਕਟਰ?"
-"ਤਕਰੀਬਨ ਇਕ ਘੰਟਾ।"
ਕਾਮਰੇਡ ਮੁੱਠੀਆਂ ਮੀਟ ਕੇ ਬੈਠ ਗਿਆ।
ਤਕਰੀਬਨ ਡੇੜ੍ਹ ਘੰਟਾ ਹੋ ਗਿਆ ਸੀ ਸੀਤਲ ਨੂੰ ਆਪਰੇਸ਼ਨ-ਥੀਏਟਰ ਦੇ ਅੰਦਰ ਗਿਆਂ, ਪਰ ਅਜੇ ਤੱਕ ਕੋਈ ਡਾਕਟਰ ਜਾਂ ਨਰਸ ਬਾਹਰ ਨਹੀਂ ਆਈ ਸੀ। ਆਪਰੇਸ਼ਨ-ਥੀਏਟਰ ਦੇ ਬਾਹਰ ਲਾਲ ਬੱਤੀ ਜਗ ਰਹੀ ਸੀ। ਜਿਸ ਦਾ ਅਰਥ ਸੀ ਕਿ ਆਪਰੇਸ਼ਨ ਅਜੇ ਵੀ ਚਾਲੂ ਸੀ।
ਅਖੀਰ ਦੋ ਕੁ ਘੰਟੇ ਬਾਅਦ ਇਕ ਨਰਸ ਬਾਹਰ ਆਈ ਤਾਂ ਕਾਮਰੇਡ ਲਪਕ ਕੇ ਉਸ ਦੇ ਮਗਰ ਗਿਆ।
-"ਨਰਸ-ਮੇਰੀ ਮਿਸਜ਼ ਦਾ ਕੀ ਹਾਲ ਐ?"
ਪਰ ਨਰਸ ਨੇ ਕੋਈ ਉੱਤਰ ਨਾ ਦਿੱਤਾ। ਸਗੋਂ ਔਸਰ ਝੋਟੀ ਵਾਂਗ 'ਧੱਪ-ਧੱਪ' ਪੈਰ ਮਾਰਦੀ ਪੌੜੀਆਂ ਉੱਤਰ ਗਈ। ਕਾਮਰੇਡ ਪਾਗਲਾਂ ਵਾਂਗ ਇੱਧਰ-ਉੱਧਰ ਝਾਕ ਰਿਹਾ ਸੀ। ਫਿਰ ਇਕ ਡਾਕਟਰ ਬਾਹਰ ਆਇਆ।
-"ਡਾਕਟਰ-ਮੇਰੀ ਮਿਸਜ਼ ਦਾ ਕੀ ਹਾਲ ਹੈ?"
-"ਮਿਸਟਰ ਸਿੰਘ! ਮੇਰੇ ਨਾਲ ਆਓ!" ਡਾਕਟਰ ਕਾਮਰੇਡ ਨੂੰ ਨਾਲ ਲੈ ਦਫ਼ਤਰ ਵਿਚ ਚਲਾ ਗਿਆ।
-"ਬੜੇ ਅਫ਼ਸੋਸ ਨਾਲ ਕਹਿਣਾ ਪੈ ਰਿਹਾ ਹੈ ਮਿਸਟਰ ਸਿੰਘ ਕਿ ਲੜਕੀ ਪੈਦਾ ਹੋਈ ਸੀ ਅਤੇ ਪੈਦਾ ਹੁੰਦੇ ਹੀ ਮਰ ਗਈ।"
-"ਤੇ ਮੇਰੀ ਮਿਸਜ਼ ਡਾਕਟਰ?" ਕਾਮਰੇਡ ਦਾ ਦਿਲ ਧੜਕ ਨਹੀਂ ਸਗੋਂ ਹਥੌੜੇ ਵਾਂਗ ਛਾਤੀ ਵਿਚ ਵੱਜ ਰਿਹਾ ਸੀ।
-"ਉਸ ਦੀ ਹਾਲਤ ਵੀ ਬਹੁਤ ਨਾਜ਼ਕ ਹੈ-ਬਿਹਤਰ ਤਾਂ ਇਹ ਸੀ ਕਿ ਉਸ ਨੂੰ ਕੁਝ ਹਫ਼ਤੇ ਦੱਸਿਆ ਹੀ ਨਾ ਜਾਂਦਾ ਕਿ ਬੱਚੀ ਜੰਮਦਿਆਂ ਸਾਰ ਹੀ ਮਰ ਗਈ ਹੈ।"
-"ਉਸ ਨੂੰ ਦੱਸਣਾ ਜ਼ਰੂਰੀ ਹੈ ਡਾਕਟਰ?"
-"ਹਾਂ-ਜ਼ਰੂਰੀ ਹੈ।"
-"ਪਰ ਕਿਉਂ?" ਕਾਮਰੇਡ ਦਾ ਸਰੀਰ 'ਥਰਨ-ਥਰਨ' ਕੰਬੀ ਜਾ ਰਿਹਾ ਸੀ। ਕਿਸੇ ਹੋਰ ਆਉਣ ਵਾਲੀ ਆਫ਼ਤ ਲਈ ਉਹ ਆਪਣੇ ਆਪ ਨੂੰ ਅੰਦਰੋ-ਅੰਦਰੀ ਤਿਆਰ ਕਰ ਰਿਹਾ ਸੀ।
-"ਕਿਉਂਕਿ ਮੁਰਦਾ ਘਾਟ ਵਿਚ ਬੱਚੀ ਜਮ੍ਹਾਂ ਕਰਵਾਉਣ ਲਈ ਮਾਂ ਅਤੇ ਬਾਪ ਦੇ ਦਸਤਖ਼ਤ ਜ਼ਰੂਰੀ ਹਨ।"
-"ਪਰ ਡਾਕਟਰ-ਆਪਾਂ ਬੱਚੀ ਨੂੰ ਮੁਰਦਾ ਘਰ ਵਿਚ ਜਮ੍ਹਾਂ ਕਰਵਾਉਂਦੇ ਹੀ ਨਹੀਂ-ਮੈਂ ਬਕਸਾ ਬਣਵਾ ਕੇ ਜਹਾਜ ਰਾਹੀਂ ਬੱਚੀ ਦੀ ਲਾਸ਼ ਨੂੰ ਇੰਡੀਆ ਭੇਜ ਦਿੰਦਾ ਹਾਂ-ਦਿੱਲੀ ਤੋਂ ਆ ਕੇ ਆਪੇ ਮੇਰੇ ਮਾਂ ਬਾਪ ਲਾਸ਼ ਲੈ ਜਾਣਗੇ ਤੇ ਆਖਰੀ ਰਸਮਾਂ ਪੂਰੀਆਂ ਕਰ ਦੇਣਗੇ।"
ਡਾਕਟਰ ਕੌੜਾ ਜਿਹਾ ਹੱਸ ਪਿਆ।
-"ਮਿਸਟਰ ਸਿੰਘ-ਇਹ ਇੰਡੀਆ ਨਹੀਂ ਆਸਟਰੀਆ ਹੈ! ਸਬੰਧਿਤ ਕਾਰਵਾਈ ਸਾਨੂੰ ਅੱਠ ਘੰਟੇ ਦੇ ਅੰਦਰ ਅੰਦਰ ਕਾਨੂੰਨੀ ਤੌਰ 'ਤੇ ਕਰਨੀ ਪੈਂਦੀ ਹੈ।"
ਕਾਮਰੇਡ ਦਾ ਦਿਲ 'ਧੱਕ' ਕਰਕੇ ਰਹਿ ਗਿਆ।
-"ਮਿਸਟਰ ਸਿੰਘ-ਅਗਰ ਤੁਹਾਨੂੰ ਮੇਰੀ ਗੱਲ 'ਤੇ ਨਹੀਂ ਯਕੀਨ ਤਾਂ ਤੁਸੀਂ ਕਿਸੇ ਵਕੀਲ ਦੀ ਰਾਇ ਲੈ ਸਕਦੇ ਹੋ।"
-"ਡਾਕਟਰ ਮੇਰੀ ਮਿਸਜ਼ ਨੂੰ ਹੋਸ਼ ਕਦ ਆਵੇਗੀ?"
-"ਤਕਰੀਬਨ ਛੇ ਘੰਟੇ ਬਾਅਦ।"
-"ਠੀਕ ਹੈ ਡਾਕਟਰ-ਉਦੋਂ ਤੱਕ ਮੈਂ ਕਿਸੇ ਵਕੀਲ ਦੀ ਰਾਇ ਲੈ ਕੇ ਆਉਂਦਾ ਹਾਂ।" ਤੇ ਕਾਮਰੇਡ ਟੁੱਟੇ ਹੋਏ ਦਿਲ ਨਾਲ ਤੁਰ ਗਿਆ।
ਸਵੇਰੇ ਅੱਠ ਵਜੇ ਕਾਮਰੇਡ ਨੇ ਇਕ ਵਕੀਲ ਨਾਲ ਗੱਲ ਕੀਤੀ ਤਾਂ ਵਕੀਲ ਨੇ ਡਾਕਟਰ ਦੇ ਬਿਆਨ ਦੀ ਪੁਸ਼ਟੀ ਕਰ ਦਿੱਤੀ ਕਿ ਬੱਚੀ ਦੀ ਲਾਸ਼ ਮੁਰਦਾ ਘਰ ਵਿਚ ਜਮ੍ਹਾਂ ਕਰਵਾਉਣ ਲਈ ਮਾਂ ਅਤੇ ਬਾਪ ਦੋਨਾਂ ਦੇ ਦਸਤਖ਼ਤ ਹੀ ਜ਼ਰੂਰੀ ਹਨ।
ਸਾਹ ਜਿਹੇ ਵਰੋਲਦਾ ਕਾਮਰੇਡ ਫਿਰ ਹਸਪਤਾਲ ਪਹੁੰਚ ਗਿਆ। ਪਹਿਲੇ ਡਾਕਟਰ ਦੀ ਡਿਊਟੀ ਬਦਲ ਗਈ ਸੀ।
-"ਤੁਹਾਡਾ ਨਾਂ ਮਿਸਟਰ ਸਿੰਘ ਹੈ?" ਕਿਸੇ ਨਰਸ ਨੇ ਆ ਕੇ ਪੁੱਛਿਆ। ਹੱਥ ਵਿਚ ਉਸ ਦੇ ਕੋਈ ਲਿਸਟ ਜਿਹੀ ਫੜੀ ਹੋਈ ਸੀ।
-"ਜੀ ਹਾਂ।"
-"ਤੁਹਾਨੂੰ ਡਾਕਟਰ ਉਡੀਕ ਰਹੇ ਨੇ-ਦਫ਼ਤਰ ਵਿਚ ਆ ਜਾਓ।"
-"ਕਿਉਂ ਕੀ ਗੱਲ ਹੈ?" ਕਾਮਰੇਡ ਦਾ ਸਰੀਰ 'ਡਿੱਗੂੰ-ਡਿੱਗੂੰ' ਕਰਦਾ ਸੀ। ਲੱਤਾਂ ਜਵਾਬ ਦੇ ਰਹੀਆਂ ਸਨ।
-"ਪਤਾ ਨਹੀਂ।"
ਕਾਮਰੇਡ ਭੱਜ ਕੇ ਦਫ਼ਤਰ ਵੱਲ ਗਿਆ।
-"ਡਾਕਟਰ ਕੀ ਗੱਲ ਹੈ? ਤੁਸੀਂ ਮੈਨੂੰ ਉਡੀਕ ਕਿਉਂ ਰਹੇ ਹੋ?" ਉਸ ਦੇ ਕੰਨਾਂ ਵਿਚ ਅਜ਼ੀਬ ਚੁੱਪ ਵੈਣ ਪਾ ਰਹੀ ਸੀ।
-"ਬੈਠੋ ਮਿਸਟਰ ਸਿੰਘ!" ਇਕ ਡਾਕਟਰ ਨੇ ਕੁਰਸੀ ਖਿੱਚ ਕੇ ਕਾਮਰੇਡ ਦੇ ਅੱਗੇ ਕਰ ਦਿੱਤੀ। ਉਹ ਬੈਠ ਗਿਆ।
-"ਮਿਸਟਰ ਸਿੰਘ ਬੜੇ ਅਫ਼ਸੋਸ ਦੀ ਗੱਲ ਹੈ ਕਿ ਅਸੀਂ ਆਪਣਾ ਪੂਰਾ ਤਾਣ ਲਾਉਣ ਦੇ ਬਾਵਜੂਦ ਵੀ ਤੁਹਾਡੀ ਮਿਸਜ਼ ਨੂੰ ਬਚਾ ਨਹੀਂ ਸਕੇ-ਉਹ ਅੱਧਾ ਘੰਟਾ ਪਹਿਲਾਂ ਮਰ ਚੁੱਕੀ ਹੈ-ਆਓ!" ਤੇ ਡਾਕਟਰ ਉਸ ਨੂੰ ਅਗਵਾਈ ਦਿੰਦੇ ਅੱਗੇ ਲੱਗ ਤੁਰੇ। ਕਾਮਰੇਡ ਦੇ ਕੰਨਾਂ ਵਿਚ ਬਿੰਡੇ ਟਿਆਂਕ ਰਹੇ ਸਨ।
ਜਾਣ ਸਾਰ ਡਾਕਟਰ ਨੇ ਸੀਤਲ ਦੀ ਲਾਸ਼ ਤੋਂ ਚਿੱਟਾ ਕੱਪੜਾ ਉਤਾਰ ਦਿੱਤਾ। ਜਿਵੇਂ ਸੀਤਲ ਸਦੀਆਂ ਤੋਂ ਸੁੱਤੀ ਪਈ ਸੀ। ਬੇਫਿ਼ਕਰ, ਅਹਿਲ! ਕਾਮਰੇਡ ਦਾ ਸੀਨਾਂ ਪਾਟ ਗਿਆ। ਉਸ ਨੇ ਧਾਹ ਮਾਰੀ।
-"ਹਾਏ ਉਏ ਡਾਢਿਆ ਰੱਬਾ-ਮੈਂ ਲੁੱਟਿਆ ਗਿਆ! ਉਏ ਰੱਬਾ ਮੈਨੂੰ ਵੀ ਚੱਕ ਲੈ ਉਏ ਦੁਸ਼ਮਣਾਂ!"
ਡਾਕਟਰ ਉਸ ਨੂੰ ਵਿਰਾਉਂਦੇ ਰਹੇ। ਪਰ ਉਹ ਸੀਤਲ ਦੀ ਲਾਸ਼ ਨੂੰ ਵਾਰ-ਵਾਰ ਹਿੱਕ ਨਾਲ ਲਾਉਂਦਾ ਰਿਹਾ। ਉਸ ਨਾਲ ਪਾਗਲਾਂ ਵਾਂਗ ਗੱਲਾਂ ਕਰਦਾ ਰਿਹਾ। ਰੋਂਦਾ ਰਿਹਾ। ਛਾਤੀ ਪਿੱਟਦਾ ਰਿਹਾ। ਹੰਝੂ ਕੇਰਦਾ ਰਿਹਾ।
ਅਖੀਰ ਡਾਕਟਰਾਂ ਨੇ ਉਸ ਨੂੰ ਸੀਤਲ ਦੀ ਲਾਸ਼ ਨਾਲੋਂ ਇਕ ਤਰ੍ਹਾਂ ਨਾਲ ਤੋੜ ਲਿਆ ਅਤੇ ਦਫ਼ਤਰ ਲੈ ਆਏ।
-"ਮਿਸਟਰ ਸਿੰਘ-ਤੁਸੀਂ ਲਾਸ਼ਾਂ ਇੰਡੀਆ ਲਿਜਾਣੀਆਂ ਚਾਹੋਂਗੇ ਕਿ ਇੱਥੇ ਹੀ ਸਸਕਾਰ ਕਰੋਂਗੇ?" ਜਦ ਡਾਕਟਰ ਨੇ ਪੁੱਛਿਆ ਤਾਂ ਕਾਮਰੇਡ ਨੂੰ ਸੀਤਲ ਦੇ ਕਹੇ ਲਫ਼ਜ਼ ਚੇਤੇ ਆ ਗਏ।
-"ਮਰਨਾਂ ਤਾਂ ਇਕ ਦਿਨ ਸਭ ਨੇ ਐਂ-ਮਰੀਏ ਜਿੱਥੇ ਮਰਜ਼ੀ-ਪਰ ਮੇਰਾ ਸਸਕਾਰ ਪੰਜਾਬ 'ਚ ਹੋਵੇ-ਜਿੱਥੇ ਦੋ ਜਾਣੇਂ ਰੋਣ ਆਲੇ ਵੀ ਹੋਣ।" ਕਾਮਰੇਡ ਦੇ ਨੇਤਰ ਫਿਰ ਚੋਣ ਲੱਗ ਪਏ।
-"ਬੋਲੋ ਮਿਸਟਰ ਸਿੰਘ?"
-"ਡਾਕਟਰ ਇੰਡੀਆ ਈ ਲੈ ਕੇ ਜਾਵਾਂਗਾ।"
-"ਠੀਕ ਹੈ-ਤੁਸੀਂ ਹਵਾਈ ਟਿਕਟਾਂ ਅਤੇ ਬਕਸਿਆਂ ਦਾ ਪ੍ਰਬੰਧ ਕਰ ਲਓ-ਅਸੀਂ ਉਤਨਾ ਚਿਰ ਲਾਸ਼ਾਂ ਮੁਰਦਾ ਘਰ ਭੇਜ ਦਿੰਦੇ ਹਾਂ-ਤੇ ਐਥੇ ਦਸਤਖ਼ਤ ਕਰ ਦਿਓ!"
ਕਾਮਰੇਡ ਨੇ ਦਸਤਖ਼ਤ ਕਰ ਦਿੱਤੇ।
ਹਸਪਤਾਲ ਤੋਂ ਬਾਹਰ ਆ ਕੇ ਕਾਮਰੇਡ ਨੇ ਸਭ ਤੋਂ ਪਹਿਲਾਂ ਟਿਕਟਾਂ ਅਤੇ ਬਕਸਿਆਂ ਦਾ ਪ੍ਰਬੰਧ ਕੀਤਾ। ਫ਼ੈਕਟਰੀ ਫ਼ੋਨ ਕਰ ਕੇ ਛੁੱਟੀ ਮਨਜ਼ੂਰ ਕਰਵਾਈ ਅਤੇ ਫਿਰ ਦਿਲ-ਵਿੰਨ੍ਹਵੀਂ ਗੱਲ ਬਾਪੂ ਨੂੰ ਅਤੇ ਰਿਸ਼ਤੇਦਾਰਾਂ ਨੂੰ ਫ਼ੋਨ 'ਤੇ ਦੇ ਦਿੱਤੀ। ਟਰੱਕ ਲੈ ਕੇ ਦਿੱਲੀ ਇੰਦਰਾ ਗਾਂਧੀ ਏਅਰਪੋਰਟ 'ਤੇ ਪਹੁੰਚਣ ਦੀ ਤਾਕੀਦ ਕੀਤੀ। ਸਾਰਿਆਂ ਦੇ ਔਸਾਣ ਮਾਰੇ ਗਏ। ਰੋਣ ਪਿੱਟਣ ਪੈ ਗਿਆ। ਮਾਲੂਕ ਜਿਹੀ ਜਿੰਦੜੀ ਵਾਲੀ 'ਹੱਸੂੰ-ਹੱਸੂੰ' ਕਰਦੀ ਸੀਤਲ ਸਭ ਨੂੰ 'ਅਲਵਿਦਾ' ਆਖ ਜਹਾਨੋਂ ਕੂਚ ਕਰ ਗਈ ਸੀ। ਇਤਨਾ ਕਿਸੇ ਨੂੰ ਬੱਚੀ ਦੇ ਮਰਨ ਦਾ ਦੁੱਖ ਨਹੀਂ ਸੀ, ਜਿਤਨਾ ਕਿ ਸੀਤਲ ਮਰੀ ਦਾ।
ਅਗਲੀ ਸ਼ਾਮ ਕਾਮਰੇਡ ਦੋਨੋਂ ਲਾਸ਼ਾਂ ਲੈ ਕੇ ਦਿੱਲੀ ਜਾ ਉਤਰਿਆ।
ਇੰਮੀਗਰੇਸ਼ਨ ਤੋਂ ਵਿਹਲਾ ਹੋ ਕੇ ਜਦ ਉਸ ਨੇ ਲਾਸ਼ਾਂ ਲੈਣੀਆਂ ਚਾਹੀਆਂ ਤਾਂ ਏਅਰਪੋਰਟ ਵਾਲਿਆਂ ਨੇ ਲਾਸ਼ਾਂ ਦੇਣ ਤੋਂ ਇਨਕਾਰ ਕਰ ਦਿੱਤਾ। ਉਹ ਖਾਹ-ਮਖਾਹ ਮੌਤ ਦਾ ਕਾਰਨ ਜਾਨਣਾ ਚਾਹੁੰਦੇ ਸਨ। ਦੁਬਾਰਾ ਪੋਸਟ ਮਾਰਟਮ ਕਰਵਾਉਣ ਦੀ ਧਮਕੀ ਦੇ ਰਹੇ ਸਨ। ਕਿਉਂਕਿ ਸੀਤਲ ਕੋਲ ਭਾਰਤੀ ਨਾਗਰਿਕਤਾ ਸੀ। ਉਹਨਾਂ ਦੇ ਕਹਿਣ ਮੁਤਾਬਿਕ ਮੌਤ ਦੇ ਕਾਰਨ ਦਾ ਸਪੱਸ਼ਟੀਕਰਨ ਜ਼ਰੂਰੀ ਸੀ। ਪਰ ਪੋਸਟ ਮਾਰਟਮ ਦੀ ਕਾਪੀ ਕਾਮਰੇਡ ਕੋਲ ਹੈ ਨਹੀਂ ਸੀ।
ਅਖੀਰ ਤਿੰਨ ਘੰਟੇ ਦੀ ਖੱਜਲ ਖੁਆਰੀ ਬਾਅਦ ਕਾਮਰੇਡ ਨੇ ਦੋ ਸੌ ਅਮਰੀਕਨ ਡਾਲਰ ਸਬੰਧਿਤ ਅਫ਼ਸਰ ਨੂੰ ਦੇ ਕੇ ਲਾਸ਼ਾਂ ਕਬਜ਼ੇ ਵਿਚ ਲਈਆਂ।
ਬਾਪੂ ਗਲ ਲੱਗ ਕੇ ਕਾਮਰੇਡ ਭੁੱਬਾਂ ਮਾਰ ਕੇ ਰੋਇਆ, ਦਿਲ ਹਲਕਾ ਕੀਤਾ। ਬਾਪੂ ਵੀ ਚੁੱਪ ਚਾਪ ਅੱਥਰੂ ਕੇਰਦਾ ਰਿਹਾ। ਖਾਰੇ ਹੰਝੂਆਂ ਨਾਲ ਉਸ ਦੀ ਸਾਊ ਬੀਬੀ, ਚਿੱਟੀ ਦਾਹੜੀ ਭਿੱਜਦੀ ਰਹੀ।
ਟਰੱਕ 'ਤੇ ਲਾਸ਼ਾਂ ਲੱਦ ਕੇ ਪਿੰਡ ਲੈ ਆਂਦੀਆਂ। ਘਰ ਆਈਆਂ ਦੋ ਲਾਸ਼ਾਂ ਅਤੇ ਸੱਖਣਾ ਪੁੱਤ ਦੇਖ ਕੇ ਬੇਬੇ ਨੂੰ ਗਸ਼ ਪੈ ਗਈ। ਚਮਚੇ ਨਾਲ ਬੇਬੇ ਦੀ ਦੰਦਲ ਤੋੜੀ। ਪਿੰਡ 'ਚੋਂ ਡਾਕਟਰ ਬੁਲਾ ਕੇ ਟੀਕਾ ਕਰਵਾਇਆ। ਦੁਆਈ ਦਿੱਤੀ। ਬੇਬੇ ਕੁਝ ਸੁਰਤ ਫੜ ਗਈ। ਪਰ ਬੇਬੇ ਦੇ ਵੈਣ ਕੰਧਾਂ ਪਾੜ ਰਹੇ ਸਨ।
ਸਾਰੇ ਰਿਸ਼ਤੇਦਾਰ ਪਹੁੰਚਣ 'ਤੇ ਸ਼ਾਮ ਨੂੰ ਸ਼ਮਸ਼ਾਨ ਭੂਮੀ ਲਿਜਾ ਕੇ ਸਸਕਾਰ ਕਰ ਦਿੱਤਾ। ਲਾਟਾਂ ਅੰਬਰ ਛੂਹ ਰਹੀਆਂ ਸਨ। ਚਿਖ਼ਾ ਦੇ ਪਾਸੀਂ ਖੜ੍ਹੇ ਬੰਦਿਆਂ ਦੇ ਚਿਹਰਿਆਂ 'ਤੇ ਲਾਟਾਂ ਦਾ ਚਾਨਣ ਪੈ ਰਿਹਾ ਸੀ। ਸਾਰੇ ਬੰਦੇ ਸੋਗ ਵਿਚ ਡੁੱਬੇ ਖੜ੍ਹੇ ਸਨ। ਇੰਜ ਜਾਪਦਾ ਸੀ, ਜਿਵੇਂ ਕੋਈ ਬੰਦੇ ਨਹੀਂ, ਮੜ੍ਹੀਆਂ 'ਤੇ ਦੀਵੇ ਬਲ ਰਹੇ ਸਨ। ਖ਼ਾਮੋਸ਼ ਦੀਵੇ! ਪਿੱਛੇ ਹਟ ਕੇ ਬੋਹੜ ਹੇਠਲੇ ਨਲਕੇ ਕੋਲ ਬੁੜ੍ਹੀਆਂ ਰੋ ਰਹੀਆਂ ਸਨ।
ਕਾਮਰੇਡ ਸੀਤਲ ਦੀ ਚਿਖ਼ਾ ਨਾਲ ਗੱਲਾਂ ਕਰ ਰਿਹਾ ਸੀ।
-"ਲੈ! ਤੂੰ ਮੈਨੂੰ ਸ਼ਰਾਬ ਮੀਟ ਤੋਂ ਰੋਕਦੀ ਸੀ ਨ੍ਹਾ? ਛੱਡਤਾ ਅੱਜ ਸਾਰਾ ਕੁਛ! ਮੱਚ ਗਿਆ ਸਾਰਾ ਕੁਛ ਅੱਜ ਤੇਰੀ ਚਿਖ਼ਾ ਨਾਲ ਈ-ਮੱਚ ਗਿਆ ਬੱਸ!" ਤੇ ਫਿਰ ਗੁਰਦੁਆਰੇ ਦੇ ਸਪੀਕਰ ਵਿਚੋਂ ਪਵਿੱਤਰ ਗੁਰਬਾਣੀ ਉਸ ਦੇ ਕੰਨਾਂ ਵਿਚ ਪਈ।
-"ਕੋਈ ਨਿੰਦਕੁ ਹੋਵੇ ਸਤਿਗੁਰੂ ਕਾ ਫਿਰਿ ਸਰਣਿ ਗੁਰ ਆਵੈ।। ਪਿਛਲੇ ਗੁਨਹ ਸਤਿਗੁਰੁ ਬਖਸਿ਼ ਲਏ ਸਤਿ ਸੰਗਤਿ ਨਾਲ ਰਲਾਵੈ।।" ਸੁਣਦਿਆਂ ਹੀ ਕਾਮਰੇਡ ਸਿਰ ਤੋੜ ਗੁਰਦੁਆਰੇ ਵੱਲ ਨੂੰ ਦੌੜ ਪਿਆ ਅਤੇ ਸ੍ਰੀ ਗੁਰੂ ਗ੍ਰੰਥ ਸਾੁਹਬ ਜੀ ਦੀ ਤਾਬਿਆ ਵਿਚ ਜਾ ਡਿੱਗਿਆ।
-"ਰੱਬ? ਕਿਹੜਾ ਰੱਬ?" ਆਖਣ ਵਾਲਾ ਕਾਮਰੇਡ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਵਿਚ ਪਿਆ, ਨੱਕ ਨਾਲ ਲਕੀਰਾਂ ਕੱਢਦਾ, ਮੁਆਫ਼ੀਆਂ ਮੰਗਦਾ, ਜਾਰੋ ਜਾਰ ਰੋਈ ਜਾ ਰਿਹਾ ਸੀ। ਅਤੇ ਫਿਰ, " ਜੋ ਸਰਣਿ ਆਵੈ ਤਿਸੁ ਕੰਠ ਲਾਵੈ ਇਹੁ ਬਿਰਦੁ ਸੁਆਮੀ ਸੰਦਾ।।" ਮਿੱਠੀ ਬਾਣੀ ਕਾਮਰੇਡ ਦੇ ਕੰਨਾਂ ਵਿਚ ਅੰਮ੍ਰਿਤ ਬਣ ਘੁਲ ਗਈ।
Sunday, July 22, 2007
Subscribe to:
Post Comments (Atom)
No comments:
Post a Comment