Friday, July 20, 2007

ਨਜ਼ਮ: ਵਿਸ਼ ਦਾ 'ਵਾਸ'

'ਵਿਸ਼' ਦਾ 'ਵਾਸ'

-ਅੱਜ ਪਤਾ ਨਹੀਂ ਮਨ ਕਿਉਂ ਉਦਾਸ ਹੈ?
ਘੋਰ ਉਦਾਸ!!
ਪਰ ਕੁਛ ਕੁਛ ਪਤਾ ਵੀ ਹੈ - ਕਿਉਂ?
ਸਿਰਫ਼ ਦਿਲ ਕਹਿਣੋਂ ਡਰਦਾ ਹੈ।
ਕਿਉਂਕਿ ਲੋਕਾਂ ਦੇ ਤਾਹਨੇ,
ਕਿਸੇ ਦੁਸਾਂਗ ਵਾਂਗ
ਸੀਨੇ ਵਿਚ ਖੁੱਭ ਜਾਂਦੇ ਨੇ!
ਪਤਾ ਨਹੀਂ - ਇਹ ਕੋਈ ਸੁਪਨਾ ਹੈ?
ਜਾਂ ਹਕੀਕਤ?
ਦਿਲ ਦੱਸਣਾ ਨਹੀਂ ਚਾਹੁੰਦਾ,
ਪਰ ਜ਼ਮੀਰ
ਦੱਸਣ ਲਈ ਮਜ਼ਬੂਰ ਕਰਦੀ ਹੈ!
ਦੱਸਣਾ ਹੀ ਅਕਲਮੰਦੀ ਹੈ।
ਕਿੳਂਕਿ ਦਿਲ ਨਾਲੋਂ,
ਜ਼ਮੀਰ ਜਿ਼ਆਦਾ ਮਹੱਤਤਾ ਰੱਖਦੀ ਹੈ!!
-ਮੈਂ ਲੋਕਾਂ ਦੇ ਤਾਹਨੇ ਮਿਹਣੇ ਸੁਣਦਾ-ਜਰਦਾ,
ਇੱਕ ਬੂਟਾ ਖੁੱਗ ਲਿਆਇਆ!
ਉਸ ਨੂੰ ਆਪਣੇ ਦਿਲ ਦੇ ਵਿਹੜੇ ਵਿਚ
ਬੜੀ ਹਸਰਤ ਨਾਲ ਲਾਇਆ!
ਉਸ ਨੂੰ ਆਪਣੇ ਖੂਨ ਨਾਲ ਸਿੰਜਿਆ,
ਹੱਥੀਂ ਛਾਵਾਂ ਕੀਤੀਆਂ!
ਕਿਸੇ ਸਰੂਰ ਵਿਚ ਆ ਕੇ,
ਮੈਂ ਉਸ ਨਾਲ ਘੰਟਿਆਂ ਬੱਧੀ
ਹੱਸਦਾ-ਖੇਡਦਾ ਰਹਿੰਦਾ!
ਲੋਕ ਆਖਦੇ, "ਪਾਗਲ ਐ!"
ਪਰ ਪਰਵਾਹ ਕਿਸ ਨੂੰ ਸੀ?
ਮੈਂ ਉਸ ਨਾਲ ਉਤਨਾ ਹੀ,
ਸਨੇਹ ਰੱਖਿਆ! ਮਸਤ ਰਿਹਾ!!
-ਕਿੰਨੇ ਸਾਲ ਬੀਤ ਗਏ
ਇਹੋ ਦਰੱਖਤ ਵਧ-ਫੁੱਲ ਕੇ,
ਮੇਰੇ ਘਰ ਦੀ ਸ਼ਾਨ ਐਂ!
ਛਾਂ ਦਿੰਦਾ ਹੈ, ਮਹਿਕਦਾ ਹੈ!
ਝੂਮਦਾ ਹੈ, ਗਾਉਂਦਾ ਹੈ!
ਡਾਂਟਦਾ ਹੈ, ਝਿੜਕਦਾ ਹੈ!
ਪਰ ਮਿੱਠਾ ਮਿੱਠਾ!!
ਮੈਂ ਮੁਸਕਰਾ ਪੈਂਦਾ ਹਾਂ,
ਨਸਿ਼ਆ ਜਾਂਦਾ ਹਾਂ!
ਕਿ ਮੇਰਾ ਹੀ ਲਾਇਆ ਰੁੱਖ
ਸ਼ਾਇਦ ਮੈਨੂੰ ਮੇਰੀ ਮੰਜਿ਼ਲ ਵੱਲ
ਤੋਰਨ ਲਈ ਹੀ ਘੂਰਦਾ ਹੈ!
-ਪਰ ਅੱਜ ਮੈਂ 'ਉਸ' ਨਾਲ ਜਿ਼ਦ ਪਿਆ!
ਕਿ 'ਤੂੰ' ਆਪਣੇ ਆਪ ਨੂੰ
ਬਹੁਤ ਵੱਡਾ ਸਮਝਣ ਲੱਗ ਪਿਐਂ?
ਮੈਂ ਅਜੇ ਵੀ ਤੇਰੇ ਕੱਦ ਤੋਂ ਉੱਚੀ
ਛਾਲ ਲਾ ਸਕਦਾ ਹਾਂ!
ਉਸ ਨੇ ਮੈਨੂੰ ਪਰਖਣਾ ਚਾਹਿਆ!
ਤੇ ਆਖਿਆ, "ਲਾ ਫੇਰ!"
ਮੈਨੂੰ ਉਸ 'ਤੇ 'ਪੂਰਨ' ਵਿਸ਼ਵਾਸ ਸੀ,
ਕਿ ਜੇ ਮੈਂ ਉਸ ਤੋਂ ਉੱਚੀ ਛਾਲ,
ਨਾ ਲਾ ਸਕਿਆ ਤਾਂ ਮੇਰੀ ਜਿੱਤ ਲਈ,
ਉਹ ਖੁਦ ਝੁਕ ਜਾਵੇਗਾ!
-ਪਰ ਨਹੀਂ!
ਮੈਂ ਪੂਰਾ ਤਾਣ ਲਾ ਕੇ ਛਾਲ ਲਾਈ!
ਉਸ ਦੇ ਕੱਦ ਤੋਂ ਵੀ ਕਾਫ਼ੀ ਉੱਚਾ,
ਅਸਮਾਨ ਵਿਚ ਉੱਡ ਗਿਆ!!
ਤੇ ਹੇਠਾਂ ਪਰਤਣ ਲਈ ਮੈਨੂੰ
ਕਿਸੇ ਆਸਰੇ ਦੀ ਜ਼ਰੂਰਤ ਸੀ!
ਮੈਂ ਹੇਠਾਂ ਡਿੱਗਦੇ ਨੇ ਕਿਹਾ,
"ਮੈਨੂੰ ਤੇਰੇ ਸਹਾਰੇ ਦੀ ਲੋੜ ਐ!"
ਤੇ ਮੈਂ ਘੁੱਟ ਕੇ ਉਸ ਦੇ,
ਟਾਹਣ ਨੂੰ ਕਲਾਵਾ ਮਾਰ ਲਿਆ!
ਪਰ 'ਉਹ' ਨਹੀਂ ਬੋਲਿਆ।
ਸ਼ਾਇਦ 'ਵੱਡਾ' ਹੋਣ ਕਰਕੇ
ਹੰਕਾਰ ਗਿਆ ਸੀ!
-"ਉਏ ਤੂੰ ਮੈਨੂੰ ਆਪਣਾ ਗੁਲਾਮ ਸਮਝ ਲਿਆ?"
ਉਹ ਚੀਕਿਆ!!
ਪਰ ਮੈਨੂੰ ਯਕੀਨ ਹੀ ਨਾ ਆਇਆ!
ਮੈਂ ਬਿੱਟ-ਬਿੱਟ ਉਸ ਵੱਲ ਤੱਕ ਰਿਹਾ ਸਾਂ!
ਲਟਕ ਰਿਹਾ ਸਾਂ!!
ਇਤਨੇ ਨੂੰ ਉਹ ਟਾਹਣ ਟੁੱਟ ਗਿਆ!
ਤੇ ਮੈਂ ਧਰਤੀ 'ਤੇ ਆਣ ਡਿੱਗਿਆ!
ਅਤੇ ਟਾਹਣ ਸਿੱਧਾ ਮੇਰੀ,
ਹਿੱਕ ਵਿਚ ਖੁੱਭ ਗਿਆ!!
-"ਉਏ ਤੂੰ ਵਿਸ਼ਵਾਸ ਦਾ ਕਤਲ ਕੀਤਾ?"
ਮੈਂ ਸਹਿਕਦੇ, ਕੁਰਲਾਉਂਦੇ ਹੋਏ ਪੁੱਛਿਆ!
"ਤੇ ਫੇਰ ਕੀ ਹੋ ਗਿਆ?"
ਉਸ ਦੇ ਬੋਲਾਂ ਦਾ
ਇੱਕ ਹੋਰ 'ਟਾਹਣ'
ਮੇਰੀ ਹਿੱਕ ਵਿਚ ਖੁੱਭ ਗਿਆ!
"ਤੈਨੂੰ 'ਵਿਸ਼ਵਾਸ' ਦਾ ਕੀ ਇਲਮ?
ਤੇਰੇ 'ਚ ਤਾਂ 'ਵਿਸ਼' ਦਾ 'ਵਾਸ' ਹੈ!"
ਮੇਰਾ ਮਨ 'ਉਸ' ਰੁੱਖ ਨੂੰ ਕਹਿ ਰਿਹਾ ਸੀ!!

No comments: