ਗੱਲ ਸੁਣੀ ਵੇ ਰਾਹੀਆ! ਇੱਕ ਗੱਲ ਸੁਣ ਕੇ ਜਾਵੀਂ!!
ਮਿਲੇ ਜੇ ਮੇਰਾ ਬਾਪ, ਤਾਂ ਗੱਜ ਕੇ 'ਫ਼ਤਹਿ' ਬੁਲਾਵੀਂ
ਪੈਂਦੇ ਰਹਿੰਦੇ ਪਿੰਡ ਮੇਰੇ ਦੇ ਝਾਉਲੇ਼ ਮੈਨੂੰ
ਮਨ ਵਿਚ ਬੜਾ ਵੈਰਾਗ, ਦਿਲਾਂ ਦੀ ਦੱਸਾਂ ਤੈਨੂੰ
ਨਗਰ ਮੇਰੇ ਦਾ ਮਿਲੇ ਜੇ ਬੰਦਾ, ਹੱਥ ਮਿਲਾਵੀਂ
ਦੇਖੀਂ ਕਿਤੇ ਨਾ ਦੇਖ ਕੇ, ਪਾਸਾ ਵੱਟ ਜਾਵੀਂ
ਪਿੰਡ ਮੇਰੇ ਦਾ ਹਰ ਬੰਦਾ ਲੱਗੇ ਫ਼ੱਕਰ ਵਰਗਾ
ਜਿੱਥੇ ਮਿਲਦਾ, ਰਹਿੰਦਾ ਹਾਂ ਮੈਂ ਸਜ਼ਦੇ ਕਰਦਾ
ਪਿੰਡ ਮੇਰੇ ਦੀ ਹਰ ਔਰਤ, ਮਾਈ-ਭਾਗੋ ਵਰਗੀ
ਰੁੱਖੀ-ਮਿੱਸੀ ਖਾ ਕੇ ਸ਼ੁਕਰ ਵੀ ਰੱਬ ਦਾ ਕਰਦੀ
ਬੰਦੇ ਮੇਰੇ ਪਿੰਡ ਦੇ, ਰੱਬ ਦੀ ਰਜ਼ਾ 'ਚ ਰਹਿੰਦੇ
'ਕਾਲੇ ਦਿਨ' ਵੀ ਕੱਟੇ, ਫਿਰ ਵੀ ਰਲ-ਮਿਲ ਬਹਿੰਦੇ
ਪਿੰਡ ਮੇਰੇ ਦੇ ਲੋਕ ਬੜੇ ਨੇ ਭੋਲ਼ੇ-ਭਾਲੇ਼
ਰਹਿਣ ਰਹਿਮਤਾਂ ਬਖ਼ਸ਼ਦੇ, ਉਹ ਕਰਮਾਂ ਵਾਲੇ
ਹੱਸਦੇ ਖੇਡਦੇ ਰਹਿਣ ਸਦਾ ਉਹ ਜਿਉਂਦੇ ਵਸਦੇ
ਰੱਬੀ ਰਹਿਮਤ ਝਰਦੀ ਰਹੇ 'ਕੁੱਸੇ' ਦੇ ਰਸਤੇ
ਪਿੰਡ ਮੇਰਾ, ਮੇਰੇ ਵੀਰਾ ਦਿਲ 'ਤੇ ਚੜ੍ਹਿਆ ਰਹਿੰਦਾ
ਇਹਦੇ ਵਿਚ ਦੀ ਹੀ ਹਾਂ ਮੈਂ ਪੂਰਾ ਸਾਹ ਲੈਂਦਾ
ਪਿੰਡ ਮੇਰੇ ਨੂੰ ਆਖੀਂ, ਮੈਂ ਸੁੱਖ ਮੰਗਦਾ ਤੇਰੀ
ਰਹਿਣ ਬਲਾਵਾਂ ਦੂਰ ਤੈਥੋਂ ਇਹ ਬੰਦਗੀ ਮੇਰੀ
ਮਿਲੇ ਜੇ ਮੇਰੀ ਮਾਂ, ਉਹਦੇ ਪੈਰੀਂ ਹੱਥ ਲਾਈਂ
ਜੱਗ ਦਿਖਾਇਆ ਜਿਸ ਨੇ, ਰਾਜ਼ੀ ਰੱਖੇ ਸਾਈਂ
ਖੇਡਦੇ ਮਿਲਣ ਜੇ ਯਾਰ ਮੇਰੇ, ਹਾਲ ਦੱਸੀਂ ਮੇਰਾ
ਖੇਡਾਂ ਭੁੱਲੀਆਂ 'ਜੱਗੀ' ਨੂੰ, ਪ੍ਰਦੇਸੀਂ ਡੇਰਾ
No comments:
Post a Comment