ਗੁੱਥਮ-ਗੁੱਥਾ
ਪੜ੍ਹੀ ਬਾਣੀ ਜੀਹਨੇ ਬਾਬੇ ਦਾ ਧਿਆਨ ਧਰਕੇ
ਕਸਾਈ ਸਦਨੇ ਤੋਂ ਬਣ ਗਿਆ ਭਗਤ ਬੰਦਾ
ਠੱਗ ਰਿਹਾ ਨਾ, ਸੱਜਣ ਬਣ ਗਿਆ ਉਹ
ਛੱਡਿਆ ਗਣਕਾ ਤੇ ਅਜੈਮਲ ਬੁਰਾ ਧੰਦਾ
ਬਲੀ ਕੰਧਾਰੀ ਦੀ ਹਾਉਮੈ ਉਠ ਭੱਜੀ
ਨੂਰ ਜਹਾਂ ਦੇ ਇਲਮ ਵੀ ਉੱਡਗੇ ਸੀ
ਤੀਰ ਬਾਬੇ ਦੀ ਬਾਣੀ ਦੇ ਜਦ ਵੱਜੇ
ਸਿੱਧੇ 'ਸਿੱਧਾਂ' ਦੇ ਦਿਲਾਂ ਤੱਕ ਪੁੱਜਗੇ ਸੀ
ਜ਼ਮਾਨਾ ਅੱਜ ਕੱਲ੍ਹ ਹੈ ਭਾਈ ਕਲਯੁਗ ਦਾ
ਬਾਣੀ ਘੱਟ ਅਤੇ "ਤਾਣੇ" ਦਾ ਅਸਰ ਬਹੁਤਾ
ਬਾਣੀ-ਗੁਰੂ ਨੂੰ ਬੜਾ ਇਹ ਘੱਟ ਮੰਨਦੇ
ਕਰਮ-ਕਾਂਡਾਂ 'ਤੇ ਕਰਦੇ ਅਸਰ ਬਹੁਤਾ
ਪਹਿਲਾਂ ਪਤਨੀ ਪਤੀਵਰਤਾ ਹੁੰਦੀ ਸੀ
ਪਤਨੀ ਘੱਟ ਤੇ ਕੁਰਕੀ ਬਾਹਲੀ ਅੱਜ-ਕੱਲ੍ਹ
ਕੋਈ ਖਰਚਾ ਮੰਗੇ, ਕੋਈ ਤਲਾਕ ਮੰਗੇ,
ਕੰਡਾ ਪਤੀ ਦਾ ਕੱਢਣ ਨੂੰ ਕੋਈ ਕਾਹਲੀ ਅੱਜ-ਕੱਲ੍ਹ
ਨਿੱਤ ਕੱਢਦੀ ਨਿਘੋਚਾਂ ਵਿਚ ਘਰਵਾਲੇ
ਕਹਿੰਦੀ, ਮੈਂ ਹੀ ਹਾਂ ਜੋ ਕੱਟੀ ਜਾਂਦੀ
ਥੋਨੂੰ ਇਹਦੀ ਜੇ ਭਦਰਕਾਰੀ ਦੱਸਾਂ
ਪਤੀਦੇਵ ਦੀ ਮਿੱਟੀ ਉਹ ਪੱਟੀ ਜਾਂਦੀ
ਭੈਣ ਜੀ ਨਿੱਤ ਦਾਰੂ ਇਹ ਪੀਂਵਦਾ ਹੈ
ਜਾਂਦਾ ਦੂਜੀਆਂ ਤੀਵੀਆਂ ਕੋਲ ਇਹੇ
ਦਾਲਾਂ ਸਬਜ਼ੀਆਂ 'ਚ ਪਿਆ ਨਿੱਤ ਨੁਕਸ ਕੱਢੇ
ਰਾਤ ਦਿਨ ਕਰੇ ਬੋਲ-ਕਬੋਲ ਇਹੇ
ਸੁੱਤਾ ਪਿਆ ਇਹ ਦੰਦ ਜਿਹੇ ਕਿਰਚਦਾ ਹੈ
ਨਾਲੇ ਘੁਰਾੜ੍ਹੇ ਇਹ ਬੁਰੀ ਤਰ੍ਹਾਂ ਮਾਰਦਾ ਹੈ
ਰੋਟੀ ਖਾਂਦੇ ਦੀਆਂ ਜਾਭਾਂ ਪਈਆਂ ਖੜਕਣ
ਆਪਣਾ ਮੂੰਹ ਨਾ ਮੱਥਾ ਸੁਆਰਦਾ ਹੈ
ਨਹਾਉਂਦਾ ਮਹੀਨੇ ਵਿਚ ਸ਼ਾਇਦ ਇਹ ਇਕ ਵਾਰੀ
ਮੁਸ਼ਕ ਬੋਕ ਵਾਂਗੂੰ ਇਹਦੇ 'ਚੋਂ ਮਾਰਦਾ ਹੈ
ਨਾ ਲਾਹੁੰਣ-ਪਾਉਣ ਦਾ ਚੱਜ ਇਹਨੂੰ
ਹਿੰਗ-ਫਟਕੜੀ ਨਾਲ ਡੰਗ ਸਾਰਦਾ ਹੈ
ਜੂੰਆਂ ਵਾਲਿਆਂ ਵਾਂਗ ਇਹ ਸਿਰ ਖੁਰਕੇ
ਜਿਵੇਂ ਕੁੱਤੇ ਦੇ ਪਈ ਕਿਤੇ ਖੁਰਕ ਹੋਵੇ
ਮੂੰਹ ਧੋਣਾ ਨਾ ਸਿਰ ਨਾ ਵਾਹੁੰਦਾ ਕਦੇ
ਖਾਵੇ, ਮਾਰਦਾ ਸਾਹਣ ਜਿਉਂ ਬੁਰਕ ਹੋਵੇ
ਦੰਦ ਗਲ਼ੇ ਇਹਦੇ ਬੁੱਲ੍ਹ ਮੈਨੂੰ ਇੰਜ ਲੱਗਣ
ਜਿਵੇਂ ਭਈਏ ਨੇ ਲਾਇਆ ਹੋਵੇ ਕੱਥਾ
ਨਾ ਅਕਲ ਇਹਨੂੰ, ਨਾ ਸ਼ਕਲ ਇਹਦੀ
ਜਿਵੇਂ ਹੁੰਦਾ ਪਹਾੜੋਂ ਜਿੰਨ ਲੱਥਾ
ਇਹਦੇ ਨਾਲ ਰਹਿ ਕੇ ਦੱਸੋ ਕਿਵੇ ਕੱਟਾਂ
ਇਹ ਨਿਰਾ ਬੇਸ਼ਰਮ ਤੇ ਢੀਠ ਬੰਦਾ
ਗੱਲ ਦੱਸੀ ਹੋਈ ਇਹਦੇ ਨ੍ਹੀ ਅਕਲ ਪੈਂਦੀ
ਮੈਂ ਕਿਹਾ ਤਲਾਕ ਈ ਰਹੂ ਚੰਗਾ
ਓਧਰ ਪਤੀ ਦੇਵ ਜੀ ਬੁੜ੍ਹਕ ਉਠੇ
ਕਹਿੰਦੇ ਸੁਣ ਲਓ ਕਹਾਣੀ ਪਤਨੀ ਦੀ
ਇਹ ਲਾਵੇ ਊਝਾਂ ਤਾਂ ਮੇਰੇ ਉਤੇ
ਹੁਣ ਸੁਣੋਂ ਗਾਥਾ ਸਤੀ-ਜਤਨੀ ਦੀ
ਮੇਰਾ ਜਿਉਣਾ ਜੀ ਇਹਨੇ ਹਰਾਮ ਕੀਤਾ
ਨਾਸੀਂ ਧੂੰਆਂ ਲਿਆਈ ਇਹ ਰੱਖਦੀ ਏ
ਮੰਗਾਂ ਇਹਦੀਆਂ ਵਿਚ ਨਾ ਟੋਟ ਆਵੇ
ਲਿਸਟ ਹੱਥ ਵਿਚ ਹੀ ਫੜੀ ਰੱਖਦੀ ਏ
ਕਦੇ ਆਖਦੀ ਮੈਂ ਗਰਾਰਾ ਸੂਟ ਲੈਣਾ
ਕਦੇ ਆਖਦੀ ਲਹਿੰਗਾ ਲਿਆਵਣਾ ਹੈ
ਬੁੱਢੀ ਘੋੜੀ ਇਹ ਲਾਲ ਲਗਾਮ ਲੱਭੇ
ਆਮ ਸੂਟ ਹਮ ਨਹੀਂ ਪਾਵਣਾ ਹੈ
ਸੂਟ ਕੋਈ ਲਿਆ ਕੇ ਇਹਨੂੰ ਦੇ ਦੇਵੋ
ਮੱਥਾ ਰਹੂ ਪੰਜ ਕਲਿਆਣਾ ਇਹਦਾ
ਰੰਗ ਬੈਂਗਣੀ ਹੀ ਇਹਦਾ ਪਾਊ ਭੜਥੂ
ਕਦੇ ਇਉਂ ਹੀ ਬੇੜਾ ਬਹਿ ਜਾਣਾ ਇਹਦਾ
ਦੇਖੋ ਮਾਂ ਨੇ ਕਮੰਡਲੀ ਜੰਮ ਦਿੱਤੀ
ਪੂਛਾਂ ਵਾਲਾ ਸੁਰਮਾਂ ਉਤੋਂ ਪਾ ਲੈਂਦੀ
ਫਰੜ-ਭਰਵੱਟਿਆਂ 'ਤੇ ਜੋਤਾ ਨਿੱਤ ਲਾਵੇ
ਅਖੇ ਮੈਂ ਤਲਵਾਰ ਬਣਾ ਲੈਂਦੀ
ਜੇ ਨਾਲਾ ਲੱਭੇ ਨਾ ਮਾਂ ਦੀ ਲਾਡਲੀ ਨੂੰ
ਪੜਛੱਤੀ ਸਿਰ 'ਤੇ ਲੈਂਦੀ ਚੱਕ ਪਤਨੀ
ਅਸੀਂ ਧੌਲਿਆਂ ਦੀ ਨਾ ਪਰਵਾਹ ਕੀਤੀ
ਪਰ ਮੁੱਛਾਂ ਪੱਟੇ ਆਪਣੀਆਂ ਠੱਕ-ਠੱਕ ਪਤਨੀ
ਸਿਰ ਨੂੰ ਮਹਿੰਦੀ ਤੇ ਕਦੇ ਰੰਗ ਲਾਵੇ
ਮੌਲੀ ਮੱਝ ਵਾਂਗ ਚੋਪੜਦੀ ਸਿੰਗ ਆਪਣੇ
ਰੰਗੇ ਵਾਲਾਂ ਨੂੰ ਚੰਗੀ ਤਰ੍ਹਾਂ ਨਹਿਬ ਲੈਂਦੀ
ਪੱਗ ਬੰਨ੍ਹਦੇ ਜਿਉਂ ਨਹਿੰਗ-ਸਿੰਘ ਆਪਣੇ
ਗੁਸਲਖਾਨੇ ਵਿਚੋਂ ਘੰਟਾ ਨਾ ਬਾਹਰ ਨਿਕਲੇ
ਲੱਗੇ ਸਮਝ ਨਾ ਅੰਦਰ ਇਹ ਕੀ ਕਰਦੀ
ਕਦੇ ਪੁੱਛਲਾਂ ਕਿੰਨਾ ਕੁ ਚਿਰ ਲੱਗੂ
ਬੁੱਲ੍ਹਾਂ 'ਤੇ ਹੱਥ ਰੱਖ ਕੇ "ਛੀ-ਛੀ" ਕਰਦੀ
ਡਾਢਾ ਮੁਸ਼ਕਿਲ ਕੱਟਣਾ ਨਾਲ ਇਹਦੇ
ਮੈਨੂੰ ਦਿਓ ਤਲਾਕ ਖ਼ਲਾਸੀ ਕਰੋ ਮੇਰੀ
ਜੱਜ ਸਾਹਬ ਕਰੋ ਕਬੂਲ ਅਰਜ਼ੀ
ਜਾਂ ਰਿੱਟ 'ਤੇ ਬੇਨਤੀ ਧਰੋ ਮੇਰੀ
ਪੁੱਛੇ ਪਤੀ, ਪਤਨੀ ਜੀ ਦਾਲ ਕਾਹਦੀ
ਕਹਿੰਦੀ, ਦੱਸ ਕਿਹੜੀ ਤੂੰ 'ਝੁਲਸਣੀ' ਏ
ਪਰਸੋਂ ਵਾਲੀ ਪਈ, ਲਿਆਂਦੀ ਗੁਰੂਘਰ ਤੋਂ
ਚੱਲੂ ਉਹੀ ਹੋਰ ਨ੍ਹੀ ਤੁੜਕਣੀ ਏਂ
ਸਾਹ ਸੰਘ ਵਿਚ ਪਤੀ ਦੇ ਪਿਆ ਅੜਿਆ
ਖੜ੍ਹਾ ਕੱਟੇ ਵਾਂਗ ਪਿਆ ਅਰੜਾਹਟ ਪਾਵੇ
ਬਖ਼ਸ਼ੀ ਰੱਖੇ ਸੱਚਾ ਰੱਬ ਸਾਰਿਆਂ ਨੂੰ
ਕਿਸੇ ਘਰ 'ਤੇ ਨਾ ਐਸੀ ਬਲਾਅ ਆਵੇ
ਜਿਹੜੇ ਨਾਲ ਪਿਆਰੇ ਦੇ ਵਸਦੇ ਨੇ
ਰਹਿੰਦੇ ਆਪ ਸੁਖੀ, ਸੁਖੀ ਰੱਖਦੇ ਨੇ
ਜਿਹੜੇ ਲੈ ਕੇ ਘਰੇ ਤਲਾਕ ਬਹਿੰਦੇ
ਫਿਰ ਛੜਿਆਂ ਵਾਂਗ ਕੌਲ਼ੇ ਕੱਛਦੇ ਨੇ
ਬੁਰੀ ਜਿ਼ੰਦਗੀ ਆਪਦੀ ਕਰਦੇ ਨੇ
ਨਾਲੇ ਉਜਾੜਦੇ ਦੂਜੇ ਨੂੰ ਖੁਆਰ ਕਰਦੇ
ਦਿਲ ਦੇਵੇ ਦੁਰਸੀਸਾਂ ਪਾੜ ਪਾਉਣਿਆਂ ਨੂੰ
ਰੱਬਾ ਇਹੇ ਦੁਸ਼ਟ ਨਹੀਂ ਕਿਉਂ ਮਰਦੇ
ਪਤੀ ਪਤਨੀਓਂ ਸੁਣੋਂ ਧਿਆਨ ਦੇ ਕੇ
ਰਹੋ ਮਿਲ ਕੇ ਦੋਵੇ ਨਾਲੇ ਹੱਸੋ ਟੱਪੋ
'ਜੱਗੀ ਕੁੱਸਾ' ਬੱਸ ਇਹੋ ਦੁਆ ਕਰਦਾ
ਤੁਸੀਂ ਖ਼ੁਸ਼-ਖ਼ੁਸ਼ ਆਪਣੇ ਘਰੀਂ ਵਸੋ
Friday, July 20, 2007
Subscribe to:
Post Comments (Atom)
No comments:
Post a Comment