ਘੋਟਣਾ ਅਤੇ ਸੱਸ
ਸੱਸ ਨੂੰ ਕੁੱਟਣ ਦੇ ਲਈ
ਘੜ੍ਹਾ ਕੇ ਰੱਖੇ
ਨਿੰ੍ਹਮ ਦੇ ਘੋਟਣੇ ਵਾਲੀਏ!
ਕਦੇ ਸੋਚਿਐ?
ਕਦੇ ਸੋਚਿਐ??
ਕਿ ਤੇਰੇ ਸੁਹਾਗ ਨੂੰ ਜਨਮ ਦੇਣ ਵਾਲੀ,
ਤੇਰੀ ਸੱਸ ਹੈ!
ਜਿਸ ਨੇ ਤੈਨੂੰ ਪਸੰਦ ਕੀਤਾ,
ਵਰਿਆ,
ਤੇਰੇ ਉਤੋਂ ਪਾਣੀ ਵਾਰੇ,
ਪਿਆਲ੍ਹੇ (ਸ਼ਗਨ) ਦਿੱਤੇ,
"ਬੁੱਢ ਸੁਹਾਗਣ ਰਹੇਂ,
ਦੁੱਧੀਂ ਪੁੱਤੀਂ ਫਲੇਂ!"
ਅਸੀਸਾਂ ਦਿੱਤੀਆਂ!
ਕੀ ਇਸ ਦੇ ਬਦਲੇ,
ਸ਼ੁਕਰਾਨੇ ਵਜੋਂ,
ਤੇਰੇ ਕੋਲ
ਨ੍ਹਿੰਮ ਦੇ ਘੋਟਣੇ ਤੋਂ ਬਿਨਾਂ,
ਹੋਰ ਕੁਝ ਵੀ ਨਹੀਂ?
ਤੇਰੀ ਪੰਜਾਬਣ ਹੋਣ ਦੀ
ਬੱਸ! ਇਹ ਹੀ ਫਿ਼ਤਰਤ ਹੈ?
ਅਗਰ, ਹਾਂ!
ਤਾਂ ਜਾਹ! ਮੈਂ ਤੈਨੂੰ,
ਪੰਜਾਂ ਦਰਿਆਵਾਂ ਦੀ ਰੂਹ ਹੀ ਨਹੀਂ ਮੰਨਦਾ!
ਕਦੇ ਘੋਟਣੇ ਦੀ ਗੱਲ ਸੋਚਦੀ ਨੇ,
ਪਾਂਡਵਾਂ ਦੀ ਮਾਂ ਬਾਰੇ ਵੀ ਸੋਚਿਐ?
ਉਹ ਵੀ ਦਰੋਪਦੀ ਦੀ ਸੱਸ ਹੀ ਸੀ!
ਮੈਂ ਮੰਨਦਾ ਹਾਂ!
ਕਿ ਹਰ ਸੱਸ, ਮਾਂ ਨਹੀਂ ਬਣ ਸਕਦੀ।
ਪਰ ਸਿਰਫ਼ ਸੱਸ ਨੂੰ ਹੀ ਦੋਸ਼ ਕਿਉਂ?
ਕਦੇ ਕਿਸੇ ਨੇ ਸੋਚਣ ਦੀ ਕੋਸਿ਼ਸ਼ ਕੀਤੀ??
ਕਿ ਹਰ ਨੂੰਹ,
'ਧੀ' ਕਿਉਂ ਨਹੀਂ ਬਣ ਸਕਦੀ?
ਸਿਰਫ਼ ਸ਼ੱਕ, ਈਰਖਾ ਅਤੇ ਵਹਿਮ ਦਾ ਸਿ਼ਕਾਰ ਕਰਕੇ?
ਨ੍ਹਿੰਮ ਦੇ ਘੋਟਣੇ ਵਾਲੀਏ!
ਅਗਰ ਤੂੰ 'ਧੀ' ਹੋਣ ਦਾ
ਦਾਅਵਾ ਕਰਦੀ ਐਂ, ਤਾਂ ਕਦੀ
ਅਜਿਹਾ ਵਿਉਹਾਰ
ਆਪਣੀ ਸਕੀ ਮਾਂ ਨਾਲ ਵੀ ਕੀਤਾ ਸੀ?
ਦੱਸੀਂ ਖਾਂ ਜ਼ਰਾ!
ਅਗਰ ਤੇਰੇ ਹੀ ਅਜਿਹੇ ਵਿਚਾਰ ਹਨ,
ਤਾਂ ਤੇਰੀ ਸਕੀ ਭਰਜਾਈ
ਤੇਰੇ ਤੋਂ ਕਿਹੋ ਜਿਹੀ ਸਿੱਖਿਆ ਲਵੇਗੀ?
ਤੇ ਤੇਰੀ ਆਉਣ ਵਾਲੀ ਨੂੰਹ,
ਤੇਰੇ ਨਾਲ ਫਿਰ ਕੀ ਵਰਤਾਰਾ ਕਰੇਗੀ?
ਨ੍ਹਿੰਮ ਦੇ ਘੋਟਣੇ ਵਾਲੀਏ!
ਇੱਕ ਗੱਲ ਹੋਰ ਦੱਸੀਂ!
ਕਿ ਤੇਰੀ ਕੁੱਖੋਂ ਜੰਮੀ ਔਲਾਦ
ਕਿਤਨੀ ਕੁ ਰਹਿਮ-ਦਿਲ ਹੋਵੇਗੀ?
ਅਗਰ ਤੂੰ ਆਪਣਾ 'ਘੋਟਣੇ' ਵਾਲਾ
ਸਿਧਾਂਤ ਹੀ ਬਰਕਰਾਰ ਰੱਖਿਆ
ਤਾਂ ਤੇਰੀ ਕੁੱਖੋਂ
ਕੌਡੇ ਰਾਕਸ਼ਸ ਹੀ ਜੰਮਣਗੇ,
ਬਾਬੇ ਨਾਨਕ ਨਹੀਂ!
ਫਿਰ ਦੱਸੀਂ!
ਜ਼ਰਾ ਸੋਚਕੇ!!
ਤੇਰਾ ਸਮਾਜ਼ ਭਲਾਈ ਵਿਚ,
ਕਿਤਨਾ ਕੁ ਯੋਗਦਾਨ ਹੋਵੇਗਾ?
Friday, July 20, 2007
Subscribe to:
Post Comments (Atom)
No comments:
Post a Comment