Friday, July 20, 2007

ਨਜ਼ਮ: ਦੀਵਾਲ਼ੀ

ਦੀਵਾਲੀ

ਕੀ ਦੀਵਾਲੀ ਭੁੱਖਿਆਂ ਦੀ, ਜਿਹੜੇ ਪਾਉਣ ਰੋਟੀ ਦੀਆਂ ਬਾਤਾਂ?
ਸਦਾ ਦੀਵਾਲੀ ਸਾਧ ਦੀ ਮਿੱਤਰਾ, ਰੋਜ ਚੋਰਾਂ ਦੀਆਂ ਰਾਤਾਂ!
ਦੀਵਾਲੀ ਤਾਂ ਅਫ਼ਸਰ ਨੂੰ ਭਾਉਂਦੀ, ਰੋਲਣ ਮੀਟ-ਸ਼ਰਾਬਾਂ
ਅੱਖ ਏਸ 'ਤੇ ਰੱਖਦੇ ਲੀਡਰ, ਵਿਚਰਨ ਵਾਂਗ ਨਵਾਬਾਂ
ਵਿਚ ਜਿਪਸੀਆਂ ਕਾਰਾਂ ਘੁੰਮਦੇ, ਕਦੇ ਚੰਡੀਗੜ੍ਹ-ਦਿੱਲੀ
ਅੱਜ ਉਹ ਬਣੇ ਸੂਰਮੇ ਫਿਰਦੇ, ਮਾਰੀ ਨਾ ਜਿਸ ਬਿੱਲੀ
ਪੰਜਾਬ ਪੁਲਸ ਦੀ ਬਣੀ ਦੀਵਾਲੀ, ਚੂਸਣ ਖ਼ੂਨ ਗ਼ਰੀਬਾਂ ਦਾ
ਭੁੱਖੇ ਮਰਦੇ ਜੱਟ ਪਏ ਆਖਣ, ਬਾਈ ਜੀ ਖੇਡ ਨਸੀਬਾਂ ਦਾ
ਇਕ ਕਿਸਾਨ ਨੇ ਕਰੀ ਖ਼ੁਦਕਸ਼ੀ, ਦੀਪਵਾਲੀ ਪ੍ਰੀਵਾਰ ਨੂੰ ਭੁੱਲੀ
ਜਿਸ ਦੇ ਘਰ ਦਾ ਦੀਪ ਬੁਝ ਗਿਆ, ਰਹੀ ਕੁੱਲੀ ਨਾ ਜੁੱਲੀ
ਕਾਕਾ ਪੜ੍ਹਿਆ ਬੀ. ਏ. ਐੱਮੇਂ, ਖਾਂਦਾ ਫਿਰਦਾ ਧੱਕੇ
ਖਾ ਕੇ ਆਇਓਡੈਕਸ ਜਦ ਪਾੜ੍ਹੀ, ਫਿਰੇ ਛੁਡਾਉਂਦੀ ਛੱਕੇ
ਮਿਲੇ ਤੇਲ ਨਾ ਆਵੇ ਬਿਜਲੀ, ਕਿਵੇਂ ਦੀਵਾਲੀ ਸੁੱਝੇ?
ਬੱਚੇ ਪਲ਼ਦੇ ਦਿਸਦੇ ਨਾਹੀਂ, ਬਾਤ ਕਿਸ ਤਰ੍ਹਾਂ ਬੁੱਝੇ?
ਨਾਸਾਂ ਤੱਕ ਕਰਜ਼ਾਈ ਹੋਇਆ, ਕਿੱਥੋਂ ਲਊ ਮਠਿਆਈ?
ਸਾਰਾ ਟੱਬਰ ਭੁੱਖਾ ਮਰਦਾ, ਕਾਹਦੀ ਨੇਕ ਕਮਾਈ?
ਸੁੱਖਾਂ ਸੁਖ-ਸੁਖ ਲਿਆ ਭੂਜੰਗੀ, ਫਿਰਦਾ ਨੰਗ ਧੜ੍ਹੰਗਾ
'ਕੱਲੇ ਪੁੱਤ ਦੀਆਂ ਰੀਝਾਂ ਕਿੱਥੋਂ, ਕਰੇਂ ਪੂਰੀਆਂ ਨੰਗਾ?
ਸੋਚੀਂ ਪਿਆ ਦਿਨ ਰਾਤ 'ਚ ਬਾਪੂ, ਨਿੱਤ ਤਕਸੀਮਾਂ ਕਰਦਾ
ਸਾਰੀ ਰਾਤ ਪਿਆ ਪਾਸੇ ਪਰਤੇ, ਕਿਵੇਂ ਲਹੂਗਾ ਕਰਜ਼ਾ?
ਦੀਵਾਲੀ ਤੋਂ ਦੋ-ਤਿੰਨ ਦਿਨ ਪਹਿਲਾਂ, ਟੇਕ-ਚੈਨ ਨਾ ਆਵੇ
ਸੁੱਖੀ-ਲੱਧੇ ਸੋਹਣੇ ਪੁੱਤ ਨੂੰ, ਕੀ ਆਖ ਸਮਝਾਵੇ?
ਮੁੰਡਾ ਆਖੇ ਬਾਪੂ ਸੁਣ ਲੈ, ਸੌ ਦੇ ਲਿਆ ਭੜ੍ਹਾਕੇ
ਜੈਲਦਾਰਾਂ ਦੇ ਕਾਕੇ ਨੇ, ਤਿੰਨ ਸੌ ਦੇ ਪਾਏ ਜੜਾਕੇ!
ਪੁੱਤ ਦੀਆਂ ਰੀਝਾਂ ਪੂਰਨ ਦੇ ਲਈ, ਦਿਲ ਬਾਪੂ ਦਾ ਕਰਦਾ
ਕਿਹੜੇ ਖੂਹ ਵਿਚ ਛਾਲ ਮਾਰ ਕੇ, ਰੱਖਾਂ ਪੁੱਤ ਤੋਂ ਪਰਦਾ?
ਦਿਲ ਬਾਪੂ ਦਾ ਬੜਾ ਦੁਖੀ, ਕਿੰਜ ਪੁੱਤ ਦਾ ਮਨ ਖ਼ੁਸ਼ ਰੱਖਾਂ?
ਪੁੱਤ ਨਿਆਮਤ ਭੋਲਿ਼ਆ ਬੰਦਿਆ, ਮਿਲਦੀ ਨਾ ਵਿਚ ਲੱਖਾਂ!
ਮੰਝਧਾਰ ਵਿਚ ਬਾਪੂ ਫ਼ਸਿਆ, ਦਿਸੇ ਨਾ ਕੋਈ ਕਿਨਾਰਾ
'ਕੱਲੇ ਪੁੱਤ ਨੂੰ ਕਿਹੜੇ ਯੁੱਗ ਦਾ, ਲਾ ਦਿਆਂ ਅੱਜ ਲਾਰਾ?
ਸੋਚਾਂ ਵਿਚ ਪਿਆ ਖੂਹ 'ਤੇ ਪੁੱਜਿਆ, ਦਿਸੇ ਚੁਫ਼ੇਰਾ ਖਾਲੀ
ਖ਼ਾਲੀ ਖ਼ੀਸੇ ਰੁਲ਼ਦਾ ਫਿਰਦਾ, ਭਰੇ ਪੰਜਾਬ ਦਾ ਵਾਲੀ!
ਵਾਰ-ਵਾਰ ਪੁੱਤ ਦਿਲ 'ਤੇ ਚੜ੍ਹਦਾ, ਮੰਗਦਾ ਕੱਢਵੀਂ ਜੁੱਤੀ
ਕੀ ਸਰਕਾਰ ਪੰਜਾਬਾ ਤੇਰੀ, ਘੋੜੇ ਵੇਚ ਕੇ ਸੁੱਤੀ?
ਵੋਟਾਂ ਵੇਲੇ ਪੜੁੱਲ ਤੇ ਗੱਲੀਂ ਆਉਣ ਨ੍ਹੀ ਦਿੰਦੇ ਵਾਰੇ
ਕੀ ਸਰਕਾਰ ਉਏ ਜੱਟਾ ਤੇਰੀ? ਦਿਨੇਂ ਦਿਖਾਤੇ ਤਾਰੇ
'ਕੱਲਾ ਈ ਗੱਲਾਂ ਕਰਦਾ ਫਿ਼ਰਦਾ, ਹੁੰਦੇ ਨੇ ਜਿਵੇਂ ਕਮਲ਼ੇ
ਅੱਜ ਸੁੱਕ ਕੇ ਜੱਟ ਪਿੰਜਰ ਬਣਿਆਂ, ਢਾਹ ਦਿੰਦਾ ਸੀ ਥਮਲ੍ਹੇ
ਕੀ ਮੂੰਹ ਲੈ ਕੇ ਘਰ ਨੂੰ ਜਾਂਵਾਂ? ਕੀ ਮੈਂ ਲਾਊਂ ਬਹਾਨਾ?
ਕਿੱਥੇ ਜਾ ਕੇ ਪਿੱਟਾਂ ਪੁੱਤਰਾ? ਜੇਬ 'ਚ ਹੈਨ੍ਹੀ ਆਨਾ
ਸੇਠ ਤਾਂ ਪਹਿਲਾਂ ਈ ਚਿੜਿਆ ਫਿ਼ਰਦਾ, ਦੱਸ ਹਿਸਾਬ ਪੁਰਾਣਾ
ਆਖੇ ਜਲਦੀ ਮੋੜ ਤਕਾਵੀ, ਨਹੀਂ ਦਿਖਾਊਂ ਠਾਣਾਂ
ਪੁੱਤ, ਖ਼ੁਸ਼ੀਆਂ ਕਿਵੇਂ ਕਰਾਂ ਪੂਰੀਆਂ? ਬਾਪੂ ਤੇਰਾ ਨੰਗਾ
ਕਦੇ ਤੇਲ ਤੇ ਕਦੇ ਤਕਾਵੀ, ਨਿੱਤ ਨਵਾਂ ਕੋਈ ਪੰਗਾ
ਬਾਪੂ ਹੈ ਕਰਜ਼ਾਈ ਤੇਰਾ, ਮਾਫ਼ ਕਰੀਂ ਪੁੱਤ ਮੈਨੂੰ!
'ਕੱਲੇ ਪੁੱਤ ਨੂੰ ਮਸਾਂ ਲਿਆ ਸੀ, ਕੀ ਦੁੱਖ ਦੱਸਾਂ ਤੈਨੂੰ?
ਤੇਰੀ ਰੀਝ ਨਾ ਪੂਰੀ ਕੋਈ, ਕਰ ਸਕਿਆ ਤੇਰਾ ਬਾਪੂ
ਕੀ ਹੈ ਜੱਗ ਜਿਉਣਾਂ ਮੇਰਾ? ਲਾ ਜਾਣਾ ਕੋਈ ਟਾਪੂ!
ਚੰਗਾ ਰੱਬਾ ਸਾਂਭ ਲਵੀਂ ਤੂੰ, ਜੱਟ ਨੂੰ ਜਾਣ ਗਰੀਬ
'ਕੱਲੇ ਪੁੱਤ ਦਾ ਸੁਖ ਨਾ ਦੇਖਿਆ, ਖੋਟੇ ਬੜੇ ਨਸੀਬ
ਐਨੀ ਕਹਿ ਮਜ਼ਬੂਰ ਜੱਟ ਨੇ, ਪੀ ਲਈ ਜ਼ਹਿਰ ਦੁਆਈ
ਸਿਰ ਘੁੰਮਿਆਂ ਤੇ ਦਿਲ ਪਾਟਿਆ, ਭੋਗੀ ਜਿੰਨੀ ਲਿਖ਼ਾਈ
ਚੰਗਾ ਪੁੱਤਰਾ ਜਿਉਂਦਾ ਰਹਿ ਤੂੰ! ਦਿੱਤੀ ਅਸੀਸ ਅਖੀਰੀ
ਦੀਵਾਲੀ ਦੇ ਤੂੰ ਵੀ ਰੰਗ ਮਾਣਦਾ, ਜੇ ਹੁੰਦੀ ਘਰੇ ਅਮੀਰੀ
ਜੱਟ ਦੀ ਪੁੱਤਾ ਜੂਨ ਬੁਰੀ ਉਏ! ਮਰਦਾ-ਮਰਦਾ ਆਖੇ
ਪੁੱਤ ਦੀ ਸੂਰਤ ਦਿਲੋਂ ਨ੍ਹੀ ਲਹਿੰਦੀ, ਜਾਂਦਾ ਕਰੀ ਸਿਆਪੇ
ਕੀ ਦੀਵਾਲੀ ਜੱਟ ਦੀ? ਉਹ ਤਾਂ ਮਰੂ ਜਾਂ ਕਰਜ਼ਾ ਚਾਹੜੂ!
ਜੀਹਦੇ ਘਰ ਦਰਵਾਜੇ ਛੋਟੇ, ਹਾਥੀ ਅੰਦਰ ਵਾੜੂ?
ਭਰੇ ਸਿਸਕੀਆਂ, ਲੈਂਦਾ ਹਾਉਕੇ, ਪੁੱਤ ਨੂੰ ਯਾਦ ਪਿਆ ਕਰਦਾ
ਕੀ ਰੱਬਾ ਇਸ ਜੱਗ 'ਤੇ ਘੱਲਿਆ, ਤੂੰ ਮੈਨੂੰ ਬੇਦਰਦਾ!
ਤੇਰੇ ਘਰ ਇਨਸਾਫ਼ ਹੈਨ੍ਹੀਗਾ, ਨਿੱਤ ਕਾਲ਼ਜਾ ਧੁੱਖੇ
ਇਕ ਪਏ ਆਫ਼ਰ ਕੇ ਖਾਂਦੇ, ਇਕ ਮਰਦੇ ਫਿਰਦੇ ਭੁੱਖੇ
ਕੀ ਦੋਸ਼ੀ-ਨਿਰਦੋਸ਼ੇ, ਇੱਕੋ ਰੱਸੇ ਜਾਂਦੇ ਨਰੜੇ
ਰਾਤ ਦਿਨੇ ਪਏ ਕਰਨ ਕਮਾਈ, ਫਿਰ ਵੀ ਜਾਂਦੇ ਦਰੜੇ
ਇਕਨਾ ਨੂੰ ਕੁਛ ਪਤਾ ਹੀ ਹੈਨੀ, ਕਿੰਨਾਂ ਪੈਸਾ ਕੋਲ਼ੇ?
ਕਈਆਂ ਨੂੰ ਪੰਦਰਾਂ ਕੰਨ ਲਾਏ, ਕੁਝ ਭੱਜੇ ਫਿਰਦੇ ਬੋਲ਼ੇ
ਤੇਰੇ ਘਰ ਇਨਸਾਫ਼ ਜੇ ਹੁੰਦਾ, ਅਸੀਂ ਵੀ ਐਸ਼ਾਂ ਕਰਦੇ
ਜੇ ਤੂੰ ਸਾਡੇ ਵੱਲ ਦਾ ਹੁੰਦਾ, ਅਸੀਂ ਕਿਉਂ ਭੁੱਖੇ ਮਰਦੇ?
ਹਾਏ ਪੁੱਤ-ਹਾਏ ਪੁੱਤਰਾ ਕਹਿੰਦਾ, ਹੋ ਗਿਆ ਬਾਪੂ ਢੇਰੀ
'ਜੱਗੀ' ਨਹੀਂ ਇਨਸਾਫ਼ ਜੱਗ 'ਤੇ, ਝੁਲਦੀ ਭੂਤ-ਹਨ੍ਹੇਰੀ
'ਕੱਲੇ ਪੁੱਤ ਦਾ ਬਾਪ ਮਰ ਗਿਆ, ਕੌਣ ਕਰੂ ਚਾਅ ਪੂਰੇ?
ਕੌਣ ਪੜ੍ਹਾਊ, ਕੌਣ ਲਿਖਾਊ? ਅਜੇ ਤਾਂ ਦਿੱਲੀ ਦੂਰ ਏ!
ਪੁੱਤ ਦੀਆਂ ਖ਼ਾਹਿਸ਼ਾਂ ਦਿਲ ਵਿਚ ਲੈ ਕੇ, ਕਰ ਗਿਆ ਬਾਪ ਚੜ੍ਹਾਈ
'ਕੁੱਸਾ ਪਿੰਡ' ਵਿਚਾਰਾ, ਜਾਂਦਾ ਸਿਰ ਲੇਖਾਂ ਦੇ ਲਾਈ

No comments: