Friday, July 20, 2007

ਨਜ਼ਮ: ਬਾਗ ਦੀ ਜੂਹ

ਬਾਗ ਦੀ ਜੂਹ

-ਚਿਰਾਂ ਤੋਂ ਰਾਜ਼ੀ ਹੋਏ ਜ਼ਖ਼ਮ
ਅੱਜ ਫਿਰ ਚਸਕਣ ਲੱਗ ਪਏ!
ਅੱਜ ਤੂੰ ਮੇਰੇ ਬਹੁਤ ਯਾਦ ਆਈ,
ਅੱਗੇ ਇਤਨੀ ਕਦੇ ਵੀ ਨਹੀਂ!
ਪਰ ਚੰਦਰੀਏ!
ਤੂੰ ਮੈਨੂੰ ਪਤਾ ਨਹੀਂ,
ਕਦੇ ਯਾਦ ਕੀਤਾ ਵੀ ਹੈ ਜਾਂ ਨਹੀਂ?
ਦੁਆ ਕਰਦਾ ਹਾਂ
ਉਸ ਪ੍ਰਵਰਦਿਗ਼ਾਰ ਅੱਗੇ,
ਤੂੰ ਹਮੇਸ਼ਾ ਖੁਸ਼ ਰਹੇਂ!
ਪਰ ਮੈਨੂੰ ਵਿਸ਼ਵਾਸ਼ ਹੈ ਕਿ ਤੂੰ
ਜਰੂਰ ਖੁਸ਼ ਹੋਵੇਂਗੀ!
ਕਿਉਂਕਿ, ਖੁਸ਼ੀ ਵਿਚ ਵਿਚਰਨ ਵਾਲੇ ਲੋਕ ਹੀ
'ਆਪਣਿਆਂ' ਨੂੰ ਭੁੱਲਦੇ ਹਨ!!
-ਮੈਂ ਵੀ ਬਹੁਤ ਖੁਸ਼ ਸਾਂ,
ਤੈਨੂੰ ਭੁੱਲ ਗਿਆ ਸਾਂ!
ਇਹ ਗਲਤੀ ਮੇਰੀ ਨਹੀਂ,
ਮੇਰੇ ਬਾਗ ਦੀ ਹੈ!
ਮੈਂ ਮਦਹੋਸ਼ ਹੋਇਆ ਘੁੰਮਦਾ ਰਿਹਾ,
ਕਿਸੇ ਸਵਰਗ ਵਿਚ!
ਪਰ ਜਦ ਮੇਰੇ ਬਾਗ ਦੀ ਜੂਹ ਆਈ,
ਤੇ ਮੈਂ ਮਦਹੋਸ਼ੀ ਵਿਚ
ਪਾਰ ਕਰਨ ਦੀ ਕੋਸਿ਼ਸ਼ ਕੀਤੀ!
ਪਰ ਹਾਏ!!
ਐਸਾ 'ਕੰਡਾ' ਚੁੱਭਿਆ
ਕਿ ਮੇਰੀ ਰੂਹ ਬਿਲਕ ਉਠੀ!
-ਮੈਂ ਚੁਫ਼ੇਰੇ ਝਾਤੀ ਮਾਰੀ
ਕੋਈ ਨਜ਼ਰ ਨਾ ਆਇਆ!
ਸੁਣਿਆਂ ਕਰਦਾ ਸੀ,
ਆਪਣੇ ਹੱਥੀਂ ਕੱਢਿਆ ਕੰਡਾ,
ਜਿ਼ਆਦਾ ਦਰਦ ਕਰਦਾ ਹੈ!
ਮੈਂ 'ਕਿਸੇ' ਦੀ ਉਡੀਕ ਕਰਦਾ ਰਿਹਾ!
ਪਰ ਕੋਈ ਨਾ ਬਹੁੜਿਆ!
ਜਦ ਲੱਗਦੇ ਹਨ ਵਦਾਣ ਰੂਹ 'ਤੇ
ਤਾਂ ਫਿਰ ਅਚੇਤ ਹੀ
'ਆਪਣੇ' ਯਾਦ ਆਉਂਦੇ ਹਨ!
-ਫਿਰ ਉਭਰਿਆ ਤੇਰਾ ਨਕਸ਼
ਮੇਰੇ ਦਿਮਾਗ ਵਿਚ
ਤੇ ਮੈਂ ਕੰਡੇ ਦਾ ਸਿਰਾ ਫੜ
ਖਿੱਚ ਕੇ ਵਗਾਹ ਮਾਰਿਆ!
ਲਹੂ ਫੁੱਟ ਪਿਆ!
ਦਿਲ 'ਚੋਂ, ਦਿਮਾਗ 'ਚੋਂ
ਰੂਹ 'ਚੋਂ, ਵਜੂਦ 'ਚੋਂ
ਹੱਦ 'ਚੋਂ, ਹਦੂਦ 'ਚੋਂ
ਮੈਨੂੰ ਤੇਰੀ ਗਲਵਕੜੀ ਵਾਲੀ
'ਪੱਟੀ' ਦੀ ਜ਼ਰੂਰਤ ਸੀ!
ਅਤੇ ਹਮਦਰਦੀ ਵਾਲੀ ਮੱਲ੍ਹਮ ਦੀ!
ਪਰ ਕੀ ਕਰਦਾ?
ਹੁਣ ਤਾਂ ਤੇਰੀ ਯਾਦ ਦੀ ਹੀ
ਲੇਪ ਕਰ ਰਿਹਾ ਹਾਂ
ਜ਼ਖ਼ਮ ਉਤੇ!
ਬੜਾ ਸਕੂਨ ਮਿਲਦਾ ਹੈ!!

No comments: