ਮਾਂ ਨੂੰ ਸ਼ਰਧਾਂਜਲੀ
ਅਜੇ ਕੱਲ੍ਹ ਦੀ ਤਾਂ ਗੱਲ ਹੈ, ਮਾਂ!
ਜਦੋਂ ਤੂੰ ਮੈਨੂੰ ਪਿਆਰ ਨਾਲ਼ ਝਿੜਕਦੀ ਸੀ,
ਚੁਪੇੜੀ ਜਿਹੀ ਮਾਰਦੀ,
ਲਾਡ ਨਾਲ਼ 'ਕੁੱਤਾ' ਆਖਦੀ ਸੀ!
ਕਦੇ ਕੁਛ ਖਾਣ ਨੂੰ ਕਹਿੰਦੀ,
ਕਦੇ ਕੁਛ ਪੀਣੋਂ ਵਰਜਦੀ!
ਪੱਗ ਦੀ ਪੂਣੀ ਕਰਵਾਉਂਦੀ,
ਮੇਰੇ ਦੇਰ ਨਾਲ਼ ਆਉਣ ਦਾ,
ਕਾਰਨ ਪੁੱਛਦੀ!
ਕਦੇ ਨਾ ਆਉਣ ਦਾ,
ਫ਼ਿਕਰ ਕਰਦੀ!....
ਅਜੇ ਕੱਲ੍ਹ ਦੀ ਤਾਂ ਗੱਲ ਹੈ, ਮਾਂ!
ਜਦੋਂ 13 ਮਾਰਚ 2006 ਨੂੰ,
ਸਵੇਰੇ ਸੱਤ ਵੱਜ ਕੇ ਬੱਤੀ ਮਿੰਟ 'ਤੇ,
ਤੂੰ ਮੇਰੇ ਹੱਥਾਂ ਵਿੱਚ,
ਆਪਣੇ ਸੁਆਸ ਤਿਆਗੇ ਸਨ...!
ਪਰ ਮੈਨੂੰ ਇੰਝ ਲੱਗਦੈ,
ਜਿਵੇਂ ਤੈਨੂੰ ਵਿਛੜੀ ਨੂੰ,
ਜੁੱਗੜੇ ਬੀਤ ਗਏ ਨੇ!....
ਪਰ ਇੱਕ ਗੱਲ ਹੈ, ਮਾਂ!
ਹੁਣ ਮੈਨੂੰ ਕੋਈ,
ਕੁਛ ਖਾਣ ਨੂੰ ਨਹੀਂ ਕਹਿੰਦਾ,
ਕੁਛ ਪੀਣੋਂ ਨਹੀਂ ਵਰਜਦਾ!
ਮੈਂ ਜਦੋਂ ਮਰਜ਼ੀ ਆਵਾਂ,
ਚਾਹੇ ਨਾ ਆਵਾਂ,
ਕੋਈ ਫ਼ਿਕਰ ਨਹੀਂ ਕਰਦਾ!....
ਬੱਸ! ਉਦੋਂ ਮੈਂ ਦਿਲ ਵਿੱਚ,
ਤੇਰੀ ਇਬਾਦਤ ਦੀ,
ਮੋਮਬੱਤੀ ਬਾਲ਼ ਕੇ ਬੈਠ ਜਾਂਦਾ ਹਾਂ!
ਅਤੇ ਪਿਘਲਦਾ ਹਾਂ, ਬੂੰਦ-ਬੂੰਦ,
ਯਾਦਾਂ ਦੀ ਮੋਮਬੱਤੀ ਨਾਲ਼!
ਅਤੇ ਮੇਰਾ ਰੋਮ-ਰੋਮ, ਕਣ-ਕਣ,
ਮਾਂ! ਮਾਂ! ਪੁਕਾਰ ਉਠਦਾ ਹੈ!
ਅਤੇ ਬਿਆਨਦਾ ਹੈ,
ਹੋਂਦ ਅਤੇ ਅਣਹੋਂਦ ਦੀ ਦਾਸਤਾਨ!....
ਹੁਣ ਮੈਨੂੰ ਪਿੰਡ ਜਾਂਦੇ ਨੂੰ,
ਹੌਲ ਪੈਂਦੇ ਨੇ, ਮਾਂ!
ਸੋਚਦਾ ਹਾਂ,
ਮਾਂ ਦੇ ਮੰਜੇ ਵਾਲ਼ੀ ਥਾਂ ਤਾਂ,
ਹੁਣ ਖਾਲੀ ਪਈ ਹੋਵੇਗੀ?....
ਕੌਣ ਕਹੇਗਾ ਮੈਨੂੰ,
ਰਾਤ ਤੂੰ ਦੁੱਧ ਨਹੀਂ ਪੀਤਾ, ਪੁੱਤ?
ਖ਼ੈਰ...! ਜੱਗ ਦਿਖਾਉਣ ਵਾਲ਼ੀਏ,
ਦੁੱਧੀਆਂ ਚੁੰਘਾਉਣ ਵਾਲ਼ੀਏ,
ਮੂੰਹੋਂ ਬੁਰਕੀ ਕੱਢ ਕੇ ਦੇਣ ਵਾਲ਼ੀਏ,
ਗਿੱਲਿਓਂ ਸੁੱਕੇ ਪਾਉਣ ਵਾਲ਼ੀਏ, ਮਾਂ!
ਤੇਰਾ ਪੁੱਤ ਰਾਜ਼ੀ ਖ਼ੁਸ਼ੀ ਹੈ,
ਅਤੇ ਅਕਾਲ ਪੁਰਖ਼ ਅੱਗੇ,
ਅਰਦਾਸੀ ਹੈ,
ਤੇਰਾ ਸਵਰਗ 'ਚ ਵਾਸਾ ਹੋਵੇ...!!
No comments:
Post a Comment