Saturday, July 21, 2007

ਵਿਅੰਗ: ਅਸੀਂ ਕਾਕੇ ਦਾ ਨਾਂ ਰੱਖਿਆ

ਅਸੀਂ ਕਾਕੇ ਦਾ ਨਾਂ ਰੱਖਿਆ…
(ਵਿਅੰਗ)

ਸਾਡੇ ਦੋਸਤ ਦੇ ਘਰ ਰੱਬ ਨੇ ਪੁੱਤਰ ਦੀ ਦਾਤ ਬਖ਼ਸ਼ੀ। ਬੜੀ ਖ਼ੁਸ਼ੀ ਹੋਈ। ਹੋਣੀ ਹੀ ਸੀ। ਸਾਡੇ ਪ੍ਰਮ-ਮਿੱਤਰ ਨੂੰ ਅਕਾਲ ਪੁਰਖ ਨੇ ਤਿੰਨ ਕੁੜੀਆਂ ਤੋਂ ਬਾਅਦ ਕਾਕਾ ਜੀ ਦੀ ਅਦੁਤੀ ਦਾਤ ਦਿੱਤੀ ਸੀ। ਅਸੀਂ ਬਿਨਾ ਮੌਜਿਆਂ ਤੋਂ ਹੀ ਹਸਪਤਾਲ ਨੂੰ ਭੱਜ ਤੁਰੇ। ਧਰਤੀ 'ਤੇ ਪੈਰ ਨਾ ਲੱਗਣ। ਦੇਵਤਿਆਂ ਵਾਂਗ ਅਸੀਂ ਧਰਤੀ ਮਾਤਾ ਤੋਂ ਚਾਰ ਗਿੱਠਾਂ ਉਪਰ ਹੀ ਤੁਰ ਰਹੇ ਸਾਂ। ਰਸਤੇ ਵਿਚ ਪੱਬ ਆਇਆ ਤਾਂ ਅਸੀਂ ਲੰਡੂ ਜਿਹਾ ਪੈੱਗ ਅੰਦਰ ਸੁੱਟਿਆ, ਅੱਖਾਂ ਖੁੱਲ੍ਹ ਗਈਆਂ। ਸਰੂਰ ਨਾਲ ਮਸਤੀ ਵੀ ਚੜ੍ਹ ਗਈ। ਕੋਈ ਮਾੜੀ ਮੋਟੀ ਗੱਲ ਤਾਂ ਨਹੀਂ ਸੀ, ਮਿੱਤਰ ਦੇ ਘਰੇ ਲਾਲ ਜੀ ਨੇ ਚਰਨ ਪਾਏ ਸਨ! ਇਕ ਹੋਰ ਲਾਉਣ ਦਾ ਫ਼ੈਸਲਾ ਕੀਤਾ, ਇਕ ਹੋਰ ਅਤੇ ਫਿਰ ਇਕ ਹੋਰ…! ਨਸ਼ੇ ਨਾਲ ਪਹਿਲਾਂ ਬੰਦੇ-ਬੁੜ੍ਹੀਆਂ ਡੇੜ੍ਹ-ਡੇੜ੍ਹ ਅਤੇ ਫਿਰ ਦੋ-ਦੋ ਦਿਸਣ ਲੱਗ ਪਏ। ਅਸੀਂ ਆਪਣਾ ਪੁਰਾਣਾ ਫ਼ਾਰਮੂਲਾ ਵਰਤਿਆ, ਇਕ ਅੱਖ ਮੀਟ ਕੇ ਹਿਟਲਰ ਦੀ ਫ਼ੌਜ ਵਾਂਗ ਅੱਗੇ ਵਧਣ ਲੱਗੇ। ਇਕ ਅੱਖ ਬੰਦ ਕਰਨ ਕਰਕੇ ਦੋ-ਦੋ ਦੀ ਥਾਂ ਹੁਣ ਇਕ-ਇਕ ਹੀ ਦਿਸਣ ਲੱਗਿਆ। ਰਸਤੇ ਵਿਚ ਖੋਜੀ ਕੁੱਤੇ ਵਾਂਗ ਕਰੋਲੇ ਜਿਹੇ ਦਿੰਦੇ ਅਸੀਂ ਆਖਰ ਨੂੰ ਹਸਪਤਾਲ ਪਹੁੰਚ ਗਏ। ਭਰਜਾਈ ਜੀ ਅਤੇ ਭਤੀਜ ਜੀ ਬਾਰੇ ਪਤਾ ਕੀਤਾ। ਨਰਸ ਨੇ ਤੀਰ ਵਰਗੀ ਉਂਗਲ ਉਪਰ ਵੱਲ ਨੂੰ ਕੀਤੀ ਤਾਂ ਅਸੀਂ ਸਿ਼ਕਾਰੀ ਕੁੱਤੇ ਵਾਂਗ ਪੌੜੀਆਂ ਚੜ੍ਹਨ ਲਈ ਮਿੰਟ ਨਾ ਲਾਇਆ। ਹਸਪਤਾਲ ਦੇ ਕਮਰੇ ਦਾ ਦਰਵਾਜਾ ਖੋਲ੍ਹ ਕੇ ਅਸੀਂ ਇੰਜ ਝਾਤੀ ਮਾਰੀ, ਜਿਵੇਂ ਚੂਹਾ ਖੱਡ ਵਿਚੋਂ ਸਿਰੀ ਕੱਢ ਕੇ ਬਿੱਲੀ ਮਾਸੀ ਦਾ ਜਾਇਜਾ ਲੈਂਦੈ।
ਭਰਜਾਈ ਜੀ ਦੇ ਬੈੱਡ ਦੇ ਉਰਲੇ ਪਾਸੇ ਸਾਡੇ ਪ੍ਰਮ-ਮਿੱਤਰ ਖੜ੍ਹੇ ਸਨ। ਜੁਆਕ ਦੇ ਸਿਰ ਵਿਚ ਠੋਲ੍ਹਾ ਜਿਹਾ ਮਾਰਨ ਵਾਂਗ ਅਸੀਂ ਦਰਵਾਜੇ 'ਤੇ ਦਸਤਕ ਦਿੱਤੀ। ਸਾਡੇ ਮਿੱਤਰ ਨੂੰ ਸਾਡੇ ਪਧਾਰਨ ਦਾ ਪਤਾ ਲੱਗ ਗਿਆ। ਉਸ ਨੇ ਇਸ਼ਾਰੇ ਨਾਲ 'ਹੁਣੇ ਆਇਆ' ਦਾ ਸੰਕੇਤ ਦਿੱਤਾ। ਸਾਡੇ ਭਰਜਾਈ ਜੀ ਸਾਨੂੰ ਅਤੇ ਸਾਡੀਆਂ ਆਦਤਾਂ ਨੂੰ ਸ਼ਾਇਦ ਬਹੁਤਾ ਪਸੰਦ ਨਹੀਂ ਕਰਦੇ।
-"ਕੌਣ ਐਂ?" ਭਰਜਾਈ ਜੀ ਦੀ ਵੰਝਲੀ ਵਰਗੀ ਅਵਾਜ਼ ਸਾਨੂੰ ਸੁਣਾਈ ਦਿੱਤੀ।
-"ਆਪਣਾ ਲੇਖਕ ਬਾਈ ਐ!" ਮਿੱਤਰ ਨੇ ਬੜੇ ਮਾਣ ਭਰੇ ਅੰਦਾਜ਼ ਨਾਲ ਭਰਜਾਈ ਜੀ ਨੂੰ ਤਸੱਲੀ ਕਰਵਾਈ।
-"ਇਹਨੂੰ ਤੁਸੀਂ ਕਾਹਤੋਂ ਸੱਦ ਲਿਆ?" ਗੱਲ ਸਾਡੇ ਕੰਨ 'ਤੇ ਛਾਂਟੇ ਵਾਂਗ ਪਈ। ਸਾਡੀ ਭਰਜਾਈ ਸਾਹਿਬਾਂ ਨੂੰ ਵੀ ਪਤਾ ਸੀ ਕਿ ਅਸੀਂ ਮਾੜੀ-ਮੋਟੀ ਕਲਮ ਦੀ ਵਹਾਈ ਕਰ ਲੈਂਦੇ ਹਾਂ। ਪਰ ਸਾਡੀ ਭਰਜਾਈ ਸਾਹਿਬਾਂ ਸਾਡੀਆਂ ਕਿਰਤਾਂ ਨੂੰ ਨਹੀਂ ਪੜ੍ਹਦੀ, ਇਸ ਦਾ ਸਾਨੂੰ ਅਥਾਹ ਦੁੱਖ ਹੈ, "ਇਹ ਗੁੰਡਾ ਜਿਆ ਕੀ ਖੇਹ ਤੇ ਸੁਆਹ ਲਿਖਦਾ ਹੋਊਗਾ।" ਸਾਡੀ ਭਰਜਾਈ ਸਾਹਿਬਾਂ ਦੇ ਬੋਲ ਸਨ। ਇਕ ਵਾਰੀ ਦਾ ਸਾਨੂੰ ਹੁਣ ਤੱਕ ਚੇਤਾ ਹੈ, ਜਦੋਂ ਭਰਜਾਈ ਜੀ ਅਜੇ 'ਬਾਹਰ' ਆਏ ਹੀ ਸਨ। ਸਾਨੂੰ ਸਾਡੇ ਮਿੱਤਰ-ਸ਼੍ਰੀ ਨੇ ਇਕ ਦੋ ਵਾਰ ਘਰੇ ਬੁਲਾਇਆ। ਅਸੀਂ 'ਰੰਗੀਲੇ' ਜਿਹੇ ਹੋ ਕੇ ਬਾਹਰ ਨਿਕਲੇ ਤਾਂ ਸਾਡੀ ਭਰਜਾਈ ਜੀ ਦੇ ਪ੍ਰਵਚਨ ਸਾਡੇ ਕੰਨੀਂ ਪਏ, "ਥੋਨੂੰ ਕਿੰਨੇ ਆਰੀ ਕਿਹੈ ਬਈ ਇਹਨੂੰ ਘਰੇ ਨਾ ਲਿਆਇਆ ਕਰੋ-ਮੈਨੂੰ ਤਾਂ ਇਹਦੀਆਂ ਭੈੜ੍ਹੀਆਂ ਜੀਆਂ ਅੱਖਾਂ ਤੋਂ ਡਰ ਆਉਂਦੈ!" ਸਾਨੂੰ ਆਪਣੀਆਂ ਅੱਖਾਂ 'ਤੇ ਬੜਾ ਮਾਣ ਸੀ। ਪਰ ਪਿਆਰੀ ਭਰਜਾਈ ਜੀ ਨੇ ਤਾਂ ਸਾਡੀਆਂ ਮਿਰਗ-ਅੱਖੀਆਂ ਦੀ ਮਿੰਟ ਵਿਚ ਮਿੱਟੀ ਪੁਲੀਤ ਕਰ ਮਾਰੀ ਸੀ!
-"ਫੇਰ ਵੀ ਸਾਡਾ ਦੋਸਤ ਐ-ਜਿਗਰੀ ਦੋਸਤ!" ਦੋਸਤ ਦੇ ਆਖਣ 'ਤੇ ਸਾਡੇ ਸਾਰੇ ਗਿਲੇ-ਸਿ਼ਕਵੇ ਦੂਰ ਹੋ ਗਏ।
-"ਇਹਨੂੰ ਤਾਂ ਲੋਕ ਸਵੇਰੇ ਸਵੇਰੇ ਮੱਥੇ ਲਾਉਣੋਂ ਡਰਦੇ ਐ-ਤੁਸੀਂ ਆਪਣੇ ਮੁੰਡੇ ਦੇ ਪਹਿਲਾਂ ਇਹ ਬਿੱਜੂ ਮੱਥੇ ਲਾਓਂਗੇ?" ਭਰਜਾਈ ਜੀ ਦਾ ਦੂਜਾ ਵਾਰ ਸਾਡਾ ਨਾਸ ਮਾਰ ਗਿਆ। ਨਸ਼ਾ ਗਰਨ ਦੇਣੇ ਲਹਿ ਗਿਆ। ਉਬਾਸੀ ਆਉਣ ਲੱਗੀ ਤਾਂ ਅਸੀਂ ਅੜਬ ਮਾਸ਼ੂਕ ਵਾਂਗ ਥਾਂ 'ਤੇ ਹੀ ਘੁੱਟ ਲਈ।
-"ਐਵੇਂ ਭਰਮ ਨ੍ਹੀ ਕਰੀਦਾ ਹੁੰਦਾ-ਪੜ੍ਹਿਆ ਲਿਖਿਆ ਬੰਦੈ।" ਸਾਡੇ ਮਿੱਤਰ ਦੀ ਪ੍ਰਸੰ਼ਸਾ ਨੇ ਸਾਡਾ ਬਲੱਡ-ਪ੍ਰੈਸ਼ਰ ਫਿਰ ਥਾਂ ਸਿਰ ਲੈ ਆਂਦਾ। ਭਰਜਾਈ ਜ਼ਖ਼ਮ ਕਰਦੀ, ਦੋਸਤ ਮੱਲ੍ਹਮ ਲਾ ਦਿੰਦਾ। ਸਾਡੀ ਸੰਤੁਸ਼ਟੀ ਹੋ ਜਾਂਦੀ। ਨਾਲੇ ਔਰਤਾਂ 'ਤੇ ਗੁੱਸਾ ਕਾਹਦਾ, ਜਦੋਂ ਸਾਡਾ ਮਿੱਤਰ ਸਾਡਾ ਪੱਖ ਲੈਂਦਾ ਸੀ। ਭਰਜਾਈ ਫਿਰ ਵੀ ਬਿਗਾਨੀ ਧੀ, ਪਰ ਮਿੱਤਰ ਤਾਂ ਸਾਡਾ ਆਪਣਾ ਸੀ ਨਾ?
-"ਤੂੰ ਹੁਣ 'ਰਾਮ ਕਰਲਾ-ਮੈਂ ਬਾਈ ਨੂੰ ਮਿਲ ਲਵਾਂ।"
-"ਮਿਲ ਲਵੋ ਪਰ ਪੀਣੀਂ ਨ੍ਹੀ!" ਭਰਜਾਈ ਨੇ ਕਰੜੀ ਹਦਾਇਤ ਕੀਤੀ, "ਇਹਨੂੰ ਰਿੱਛ ਨੂੰ ਤਾਂ ਪੀਤੀ ਤੋਂ ਬਿਨਾ ਸੂਰਜ ਨ੍ਹੀ ਦੀਂਹਦਾ-।" ਭਰਜਾਈ ਜੀ ਨੇ ਸ਼ਬਦਾਂ ਦੀ ਇਕ ਹੋਰ ਇੱਟ ਸਾਡੇ ਵੱਲ ਵਗਾਹ ਮਾਰੀ, ਟੀਕ ਚਲਾ ਦਿੱਤਾ ਅਤੇ ਅਸੀਂ ਮੱਥਾ ਫੜ ਲਿਆ।
-"ਲੈ! ਮੈਂ ਉਹਦੇ ਅਰਗਾ ਸ਼ਰਾਬੀ ਕਬਾਬੀ ਐਂ? ਨਾਲੇ ਜਿਹੜੇ ਬੰਦੇ ਦੇ ਵਿਚ ਕੋਈ ਗੁਣ ਹੋਵੇ-ਇਹ ਕੁਦਰਤੀ ਗੱਲ ਐ-ਉਹਦੇ ਵਿਚ ਕੋਈ ਨਾ ਕੋਈ ਔਗਣ ਵੀ ਤਾਂ ਜਰੂਰ ਹੁੰਦੈ-।" ਸਾਡਾ ਮਿੱਤਰ ਸਾਡੀ ਨਿਖੇਧੀ ਕਰ ਕੇ ਵੀ ਸਿਫ਼ਤ ਕਰ ਗਿਆ। ਕਹਾਵਤ ਯਾਦ ਆਈ, ਆਪਦਾ ਮਾਰੂ-ਛਾਂਵੇਂ ਸਿੱਟੂ। ਸਾਡਾ ਮਿੱਤਰ ਸਾਡੀ ਭਰਜਾਈ ਜੀ ਦੀ ਖ਼ੁਸ਼ੀ ਲੈਣ ਕਰਕੇ ਚਾਹੇ ਸਾਡੀਆਂ ਖਲਪਾੜਾਂ ਕਰ ਗਿਆ ਸੀ, ਪਰ ਨਾਲ ਦੀ ਨਾਲ ਸਾਡੀ ਉਸਤਤ ਵੀ ਤਾਂ ਕਰ ਹੀ ਗਿਆ ਸੀ। ਸਦਕੇ ਜਾਵਾਂ ਸਾਡੇ ਮਿੱਤਰ ਦੇ!
-"ਇਹਨੇ ਕਿਤੇ ਆਪਦੇ ਮਸ਼ਟੰਡੇ ਦੋਸਤਾਂ ਨੂੰ ਤਾਂ ਨ੍ਹੀ ਦੱਸਤਾ? ਉਹ ਤਾਂ ਐਥੇ ਆ ਕੇ ਘੜ੍ਹਮੱਸ ਪੱਟ ਦੇਣਗੇ-ਥੋਡੀ ਵੀ ਯਾਰੀ ਐਹੋ ਜਿਆਂ ਦੇ ਨਾਲ-ਅਖੇ ਬਾਬੇ ਦੇ ਯਾਰ ਗਿੱਦੜ ਤੇ ਬਘਿਆੜ੍ਹ!" ਭਰਜਾਈ ਜੀ ਨੇ ਕੋਕੇ ਵਾਲਾ ਸੋਹਣਾ ਸੁਨੱਖਾ ਨੱਕ ਸਕੋੜ ਕੇ, ਨਿਚੋੜ ਕੇ ਰੱਖੀ ਸੁੱਥਣ ਵਰਗਾ ਕਰ ਲਿਆ।
ਸਾਡਾ ਦਿਲ ਧੜ੍ਹਕਿਆ। ਅਸੀਂ ਪੈੱਗ-ਸ਼ੈੱਗ ਲਾਉਂਦਿਆਂ ਨੇ ਆਪਣੇ ਜੁੰਡੀ ਦੇ ਯਾਰਾਂ ਨੂੰ ਮੋਬਾਇਲ 'ਤੇ ਮਿੱਤਰ ਦੇ ਘਰ ਮੁੰਡਾ ਹੋਣ ਦੀ ਖ਼ਬਰ ਜੰਗੀ ਪੱਧਰ 'ਤੇ ਸੁਣਾ ਦਿੱਤੀ ਸੀ। ਮੱਥੇ ਤੋਂ ਤਰੇਲੀ ਫੁੱਟੀ। ਯਾਰ ਝੂਠਾ ਪੈਂਦਾ ਲੱਗਿਆ। ਸਾਡੇ ਮਿੱਤਰਾਂ ਨੇ ਤਾਂ ਜਿੰਨ ਵਾਂਗ ਆ ਵੱਜਣਾ ਸੀ। ਚਾਹੇ ਕਿਸੇ ਦੇ ਮੁੰਡਾ ਹੋਵੇ ਅਤੇ ਭਾਵੇਂ ਕਿਸੇ ਦਾ ਵਿਆਹ ਹੋਵੇ, ਉਹ ਬੋਤਲ ਦੇ ਨਾਂ ਨੂੰ ਮਰੇ ਪਏ ਵੀ ਉਠ ਖੜਨ। ਇਕ ਵਾਰੀ ਸਾਡੇ ਕਿਸੇ ਮਿੱਤਰ ਦਾ ਬਾਪੂ ਮਰ ਗਿਆ। ਮਿੱਤਰ ਰੋਣੋਂ ਨਾ ਹਟੇ। ਰੋਣਾ ਹੀ ਸੀ, ਫੇਰ ਵੀ ਬਾਪੂ ਸੀ! ਸਾਡੇ ਹਮਦਰਦ ਮਿੱਤਰ ਆਖਣ ਲੱਗੇ; ਬੁੜ੍ਹਾ ਤਾਂ ਮਰਨ ਆਲਾ ਮਰ ਗਿਆ, ਇਹਨੂੰ ਪੈੱਗ-ਸ਼ੈੱਗ ਲੁਆ ਕੇ ਕੈਮ ਕਰੋ-ਦਿਲ ਧਰਲੂ। ਉਸ ਨੂੰ ਪੈੱਗ ਲੁਆ ਕੇ ਹੀ ਸਾਹ ਲਿਆ।
-"ਲੈ! ਉਹ ਐਨਾ ਵੀ ਪਾਗਲ ਹੈਨ੍ਹੀ-ਜਿੰਨਾ ਉਹਨੂੰ ਤੂੰ ਸਮਝਦੀ ਐਂ।"
-"ਮੈਨੂੰ ਤਾਂ ਇਹਦੇ 'ਤੇ ਜਮਾਂ 'ਤਬਾਰ ਨ੍ਹੀ-ਇਹ ਤਾਂ ਬਾਡੀਗਾਰਡਾਂ ਮਾਂਗੂੰ ਚਾਰ ਪੰਜ ਗੁੰਡੇ ਜੇ ਨਾਲ ਈ ਰੱਖਦੈ।"
-"ਕਿਸੇ ਨਾਲ ਤਾਂ ਬਣਾ ਕੇ ਰੱਖਣੀ ਪੈਂਦੀ ਈ ਐ-ਪ੍ਰਦੇਸ ਦਾ ਮਾਮਲੈ।"
ਮਿੱਤਰ ਬਾਹਰ ਆ ਗਿਆ। ਅਜੇ ਅਸੀਂ ਜੱਫ਼ੀਆਂ ਪਾ ਕੇ 'ਵਧਾਈਆਂ-ਵਧਾਈਆਂ' ਹੀ ਕੀਤੀਆਂ ਸਨ ਕਿ ਸਾਡੇ ਜੁੰਡੀ ਦੇ ਯਾਰਾਂ ਦੀ ਪਲਟਣ ਸਾਹਣ ਵਾਂਗ ਖੁਰਗੋ ਪੱਟਦੀ ਅੰਦਰ ਆ ਵੱਜੀ। ਉਹ ਮੇਰੇ ਵਾਂਗ 'ਰੰਗੀਲੇ' ਨਹੀਂ 'ਨੀਲੇ' ਹੋ ਕੇ ਆਏ ਸਨ। ਫੜ ਲਓ ਪੂਛ! ਉਹਨਾਂ ਨੇ ਆਉਣਸਾਰ ਹੀ ਕਬਿੱਤਾਂ ਗਾਉਣੀਆਂ ਸ਼ੁਰੂ ਕਰ ਦਿੱਤੀਆਂ, "ਭਾਬੀ ਤੈਨੂੰ ਪੁੱਤ ਜੰਮਿਆਂ-ਛੋਟੇ ਦਿਉਰ ਨੂੰ ਪੰਜੀਰੀ ਨਾ ਖੁਆਈ…!" ਦੂਜਾ ਆਖਣ ਲੱਗਿਆ, "ਸਾਲਿਆ ਬੱਗੇ ਕਾਂਵਾਂ ਵੇਲੇ ਦਾ ਤੂੰ ਜੰਮਿਆਂ ਵਿਐਂ-ਅਜੇ ਤੂੰ ਛੋਟਾ ਦਿਉਰ ਈ ਐਂ?" ਤੀਜੇ ਨੇ ਹੋਰ ਹੇਕ ਕੱਢੀ, "ਹਾਕਾਂ ਮਾਰਦੇ ਬੱਕਰੀਆਂ ਵਾਲੇ-ਨੀ ਦੁੱਧ ਪੀ ਕੇ ਜਾਈਂ ਜੈ ਕੁਰੇ!" ਪਹਿਲੇ ਨੂੰ ਕਵਿਤਾ ਮੇਚ ਨਹੀਂ ਆਈ ਸੀ, "ਲਓ ਜੀ ਕਰ ਲਓ ਘਿਉ ਨੂੰ ਭਾਂਡਾ-ਇਹਦੀ ਯੂਰਪ 'ਚ ਆ ਕੇ ਵੀ ਬੱਕਰੀਆਂ ਚਾਰਨ ਦੀ ਬਾਣ ਨਾ ਗਈ!" ਉਹ ਕਵੀਸ਼ਰੀ ਕਰ ਰਹੇ ਸਨ ਅਤੇ ਮੇਰੇ ਹੌਲ ਪਈ ਜਾ ਰਹੇ ਸਨ। ਦਿਲ ਢਿੱਲੀ ਢੋਲਕੀ ਵਾਂਗ 'ਘੜ੍ਹੱਬਚੂੰ-ਘੜ੍ਹੱਬਚੂੰ' ਕਰੀ ਜਾ ਰਿਹਾ ਸੀ। ਮਿੱਤਰ ਦੀ ਅਤੇ ਸਾਡੀ, ਭਰਜਾਈ ਤੋਂ ਹੋਣ ਵਾਲੀ ਦੁਰਗਤੀ ਬਾਰੇ ਸੋਚ-ਸੋਚ ਕੇ ਅਸੀਂ ਬੇਹੇ ਪਾਣੀ ਵਿਚ ਬੈਠਦੇ ਜਾ ਰਹੇ ਸਾਂ। ਦਿਲ ਤਾਂ ਅਸੀਂ ਉਦੋਂ ਧਰਿਆ, ਜਦੋਂ ਸਾਡੇ ਸੁਹਿਰਦ ਬੇਲੀਆਂ ਨੇ ਬੋਤਲ ਦਾ ਨਾਂ ਲਿਆ। ਅਸੀਂ ਤਾਂ ਸੁਣਦੇ ਸਾਰ ਹੀ ਗਿੱਦੜੋਂ ਸ਼ੇਰ ਬਣ ਗਏ। ਤਲੀਆਂ ਮਲਦੇ, ਕਮਾਂਡੋ-ਫ਼ੋਰਸ ਵਾਲਿਆਂ ਵਾਂਗ ਕਾਰ ਨੂੰ ਘੇਰਾ ਘੱਤ ਲਿਆ।
ਦੋ-ਦੋ ਕਰੜੇ ਪੈੱਗ ਲਾਏ। ਸਾਰਾ ਫਿ਼ਕਰ ਲਹਿ ਗਿਆ। ਦਿਲ ਲਲਕਾਰੇ ਮਾਰਨ ਲੱਗ ਪਿਆ। ਭਰਜਾਈ ਦੇ ਖੌਂਸੜੇ ਭੁੱਲ ਗਏ। ਦਿਲ ਵਿਚ ਆਪਣੀ ਖੜਮਸਤ ਦੁਨੀਆਂ ਆ ਵਸੀ।
-"ਕੀ ਨਾਂ ਰੱਖਿਐ ਮੁੰਡੇ ਦਾ?" ਭਾਈਬੰਦ ਨੇ ਪੁੱਛਿਆ। ਉਸ ਦੀ ਮੋਟੀ ਜ਼ੁਬਾਨ ਮੂੰਹ ਵਿਚ 'ਡੱਕ-ਡੱਕ' ਵੱਜ ਰਹੀ ਸੀ।
-"ਥੋਤੋਂ ਬਿਨਾ ਕਿਮੇਂ ਰੱਖਲੂੰ ਯਾਰ-ਆਪਣੀ ਯਾਰੀ ਐ ਛੋਲਿਆਂ ਦਾ ਵੱਢ ਨ੍ਹੀ!"
-"ਕੀ ਰੱਖਣੈਂ ਫਿਰ ਨਾਂ?"
-"ਗੱਡੀ ਕਰੋ ਘਰੇ ਖੜ੍ਹੀ ਤੇ ਨਵੀਂ ਬੋਤਲ ਖੋਲ੍ਹ ਕੇ ਨਾਂ ਰੱਖਾਂਗੇ-ਆਂਏਂ ਤਾਂ ਨਜਾਰਾ ਜਿਆ ਨ੍ਹੀ ਆਉਣਾ।"
ਗੱਡੀ ਘਰੇ ਆ ਗਈ। ਨਵੀਂ ਬੋਤਲ ਖੁੱਲ੍ਹ ਗਈ। ਬੋਤਲ ਬਰੂਦ ਬਣਦੀ ਥੱਲੇ ਜਾ ਲੱਗੀ। ਸਾਰੇ ਅਲਕ ਵਹਿੜਕੇ ਵਾਂਗ ਝੂਲਣ ਜਿਹੇ ਲੱਗ ਪਏ। ਜਿਵੇਂ ਸਾਰਿਆਂ ਨੂੰ ਉੱਚਾ ਸੁਣਨ ਲੱਗ ਪਿਆ ਸੀ। ਸਾਰੇ ਸਪੀਕਰ ਵਾਂਗ ਬੋਲ ਰਹੇ ਸਨ। ਪਹਿਲਾਂ ਬਾਈ, ਫੇਰ ਭਾਅ ਜੀ ਅਤੇ ਹੁਣ ਸਾਰੇ 'ਉਏ' 'ਤੇ ਆ ਗਏ ਸਨ।
-"ਨਾਂ ਵੀ ਯਾਰ ਮੂੰਹ ਦੇਖ ਕੇ ਰੱਖਾਂਗੇ।" ਪਹਿਲਾ ਭਾਈਬੰਦ ਬੋਲਿਆ।
-"ਮੂੰਹ ਤੋਂ ਮੈਨੂੰ ਯਾਦ ਆ ਗਿਆ ਬਾਈ ਸਿਆਂ।" ਦੂਜੇ ਨੇ ਕਿਹਾ।
-"ਕੀ?"
-"ਜਦੋਂ ਮੈਂ ਐਥੇ ਆਇਆ ਸੀ-ਉਦੋਂ ਮੇਰਾ ਮੂੰਹ ਤੇਰੇ ਮੂੰਹ ਨਾਲੋਂ ਵੀ ਭੈੜ੍ਹਾ ਸੀ।"
-"ਤੇ ਤੂੰ ਸਾਲਿਆ ਕ੍ਰਿਸ਼ਨ ਭਗਵਾਨ ਐਂ?" ਭਾਈਬੰਦ ਭੂਸਰ ਗਿਆ।
-"ਨਾ ਬਈ ਲੜੋ ਨਾ।"
-"ਨਾ ਤੂੰ ਮੇਰੇ ਮੂੰਹ ਨੂੰ ਭੈੜ੍ਹਾ ਆਖਿਐ-ਮੈਂ ਕਿਸੇ ਦੀ…।" ਅਸੀਂ ਉਸ ਦੇ ਮੂੰਹ 'ਤੇ ਹੱਥ ਰੱਖ ਦਿੱਤਾ।
-"ਤੇਰੀ ਭੈਣ ਦੀ…ਨਿਕਲ ਮੇਰੇ ਘਰੋਂ!"
-"ਮੈਂ ਮੇਰਿਆ ਸਾਲਿਆ ਤੇਰੇ ਘਰ 'ਤੇ ਧਾਰ ਨ੍ਹੀ ਮਾਰਦਾ।"
-"ਤੂੰ ਇਹਨੂੰ ਗਾਲ੍ਹ ਕੱਢਦੈਂ ਉਏ-ਭੈਣ ਦਿਆ ਯਾਰਾ?" ਪਹਿਲਾ ਰੇਲ ਦੇ ਕੰਨ ਵਾਂਗ ਉਠ ਕੇ ਖੜ੍ਹਾ ਹੋ ਗਿਆ।
-"ਕੱਢੂੰਗਾ! ਤੂੰ ਉਹਦਾ ਸਾਲੈਂ?" ਭਾਈਬੰਦ ਨੇ ਉਸ ਦਾ ਗਲ ਫੜ ਲਿਆ ਤਾਂ ਪਹਿਲੇ ਨੇ ਉਸ ਦੇ ਦੋ ਹੂਰੇ ਜੜ ਦਿੱਤੇ। ਅਸੀਂ ਜਿੰਨੀ ਕੁ ਜੋਕਰੇ ਸੀ, ਹੀਲ-ਹੁੱਜਤ ਕਰ ਕੇ ਉਸ ਨੂੰ ਛੁਡਾਇਆ। ਸਾਡੇ ਤਾਂ ਆਪਦੇ ਪੈਰ ਨਹੀਂ ਖੜ੍ਹ ਰਹੇ ਸਨ!
-"ਤੂੰ ਰਾਤ ਨੂੰ ਕੰਮ 'ਤੇ ਆਈਂ-ਫੇਰ ਕੱਢਾਂਗੇ ਤੇਰੀ ਚੌਧਰ।"
-"ਤੂੰ ਜਿਹੜਾ…!" ਉਹ ਕੋਰੜਾ ਛੰਦ ਪੜ੍ਹਨ ਹੀ ਲੱਗਿਆ ਸੀ ਕਿ ਅਸੀਂ ਫਿਰ ਉਸ ਦਾ ਮੂੰਹ ਘੁੱਟ ਲਿਆ।
-"ਲੈ ਹੁਣ ਕੱਢਾਂਗੇ ਤੇਰੀ ਧੌਣ ਦਾ ਕਿੱਲਾ-ਕੈਮ ਹੋ ਕੇ ਆਈਂ!" ਤੇ ਉਹ ਧੱਕਮ-ਧੱਕੀ ਹੁੰਦੇ, ਭੂਸਰੇ ਊਠ ਵਾਂਗ ਤੜਾਫ਼ੇ ਜਿਹੇ ਮਾਰਦੇ ਭੱਜ ਗਏ। ਲਓ, ਰੱਖ ਲਓ ਕਾਕਾ ਜੀ ਦਾ ਨਾਂ! ਕਾਕੇ ਦੀ ਖ਼ੁਸ਼ੀ ਕਿਸੇ ਹੋਰ ਹੀ ਰਾਹ ਤੁਰ ਪਈ ਸੀ। ਅਸੀਂ ਕਦੇ ਬੋਤਲ ਵੱਲ ਅਤੇ ਕਦੇ ਮੁੰਡੇ ਦੇ ਪਿਉ ਵੱਲ ਪਿਆਸੇ ਕਾਂ ਵਾਂਗ ਝਾਕ ਰਹੇ ਸਾਂ। ਕਾਕੇ ਦਾ ਨਾਂ ਕੁੱਕੜ-ਲੜਾਈ ਵਿਚ ਹੀ ਉਲਝ ਕੇ ਰਹਿ ਗਿਆ ਸੀ। ਕਾਕੇ ਦੇ ਨਾਂ ਦਾ ਮਸਲਾ ਅਗਲੇ ਦਿਨ 'ਤੇ ਪਾ ਕੇ ਅਸੀਂ ਬਲਦ ਮੂਤਣੀਆਂ ਪਾਉਂਦੇ ਘਰ ਨੂੰ ਤੁਰ ਪਏ।

No comments: