Sunday, October 18, 2009
ਸਾਡੀ ਵੀ ਕੋਈ ਮਾਂ ਹੁੰਦੀ ਸੀ- ਯਾਦਾਂ (1)
ਯਾਦਾਂ
(ਕਿਸ਼ਤ 1)
ਮਾਂ ਜ਼ਿੰਦਗੀ ਦਾ ਇਕ ਉਹ ਅਨਮੋਲ ਤੋਹਫ਼ਾ ਹੈ, ਜਿਹੜਾ ਇਨਸਾਨ ਨੂੰ ਜ਼ਿੰਦਗੀ ਵਿਚ ਸਿਰਫ਼ ਇਕ ਵਾਰ ਹੀ ਨਸੀਬ ਹੁੰਦਾ ਹੈ। ਕੁਦਰਤ ਦੀ ਮਹਿਮਾਂ ਅਪਰ-ਅਪਾਰ ਹੈ। ਜਿੱਥੇ ਅੰਡਜ, ਜੇਰਜ, ਸੇਤਜ ਦੀ ਚਰਚਾ ਹੈ, ਉਥੇ ਮਾਂ ਦਾ ਰਿਸ਼ਤਾ ਅਟੁੱਟ ਹੈ, ਅਭੁਰ ਹੈ, ਅਖੁਰ ਹੈ ਅਤੇ ਪਰਬਤ ਵਾਂਗ ਸਥਿਰ ਹੈ। ਪਰ ਜਦ ਮਾਂ ਦਾ ਰਿਸ਼ਤਾ ਟੁੱਟਦਾ, ਖੁਰਦਾ ਜਾਂ ਭੁਰਦਾ ਹੈ ਤਾਂ ਉਥੇ ਬੰਜਰ ਉਜਾੜਾਂ ਵਰਗੀ ਸਥਿਤੀ ਹੁੰਦੀ ਹੈ। ਜਿਵੇਂ ਛਾਂ ਰੁੱਖ ਤੋਂ ਜੁਦਾ ਨਹੀਂ ਹੋ ਸਕਦੀ, ਰੁੱਖ ਛਾਂ ਤੋਂ ਨਹੀਂ। ਉਸ ਤਰ੍ਹਾਂ ਹੀ ਪੁੱਤ-ਮਾਂ ਅਤੇ ਮਾਂ-ਪੁੱਤ ਦਾ ਰਿਸ਼ਤਾ ਵੱਖ ਨਹੀਂ ਹੋ ਸਕਦਾ। ਮਾਂ ਦਾ ਰਿਸ਼ਤਾ ਨਿਰਲੇਪ, ਨਿਰਛਲ, ਨਿਰਕਪਟ, ਨਿਰਾਕਾਰ ਅਤੇ ਸੁਖਦਾਈ ਹੈ।
------
ਮਾਂ ਦਾ ਨਾਂ ਸੁਣ ਕੇ ਹੀ ਪ੍ਰਵਾਸ ਭੋਗਦੇ ਪ੍ਰਵਾਸੀ ਦੇ ਦਿਲੋਂ ਵਿਛੋੜੇ ਦੀ ਐਸੀ ਹੂਕ ਨਿਕਲਦੀ ਹੈ ਕਿ ਆਤਮਾ ਕਸੀਸ ਵੱਟ ਕੇ ਰਹਿ ਜਾਂਦੀ ਹੈ! ਮਾਂ ਸ਼ਬਦ ਹੀ ਮੋਹ ਨਾਲ ਲਿਬਰੇਜ਼ ਅਤੇ ਸ਼ਹਿਦ ਵਰਗਾ ਮਿੱਠਾ ਸ਼ਬਦ ਹੈ। ਵੈਸੇ ਮੇਰੀ ਨਜ਼ਰ ਵਿਚ ਮਾਂ ਦਾ ਰਿਸ਼ਤਾ ਸਿਰਫ਼ ਮੌਤ-ਵਿਛੋੜੇ ਨਾਲ ਸਰੀਰਕ ਤੌਰ 'ਤੇ ਹੀ ਸਮਾਪਤ ਹੁੰਦਾ ਹੈ, ਪਰ ਖ਼ਤਮ ਫਿਰ ਵੀ ਨਹੀਂ ਹੁੰਦਾ! ਜਿਸ ਤਰ੍ਹਾਂ ਮਰਨ ਨਾਲ ਸਰੀਰ ਜ਼ਰੂਰ ਮਿਟ ਜਾਂਦਾ ਹੈ, ਪਰ ਰੂਹ ਅਰਥਾਤ ਆਤਮਾ ਅਮਿਟ, ਬਰਕਰਾਰ ਅਤੇ ਅਮਰ ਰਹਿੰਦੀ ਹੈ। ਮਾਂ ਦਾ ਰਿਸ਼ਤਾ ਸਦੀਵੀ ਅਤੇ ਅਟੁੱਟ ਹੈ। ਸਰੀਰਕ ਪੱਖੋਂ ਤਾਂ ਚਾਹੇ ਮਾਂ ਵਿਛੜ ਜਾਂਦੀ ਹੈ, ਪਰ ਉਸ ਦੀਆਂ ਘਾਲੀਆਂ ਘਾਲਣਾਵਾਂ, ਕੀਤਾ ਪਾਲਣ ਪੋਸ਼ਣ ਧੀ-ਪੁੱਤ ਦੇ ਦਿਲ 'ਤੇ ਸਦਾ ਸ਼ਿਲਾਲੇਖ ਵਾਂਗ ਉੱਕਰਿਆ ਰਹਿੰਦਾ ਹੈ। ਤਾਂ ਹੀ ਤਾਂ ਪੁੱਤ ਜੁਆਨ ਹੋ ਕੇ ਵੀ ਮਾਂ ਦੀ ਦਿੱਤੀ ਗੁੜ੍ਹਤੀ, ਦਿੱਤੀਆਂ ਦੁਆਵਾਂ ਅਤੇ ਮੱਥੇ 'ਤੇ ਦਿੱਤਾ ਪਹਿਲਾ ਚੁੰਮਣ ਨਹੀਂ ਭੁੱਲ੍ਹਦਾ। ਮਾਂ ਦੀ ਗੁਣਵਾਨ-ਦੇਣ ਬ੍ਰਿਹੋਂ, ਮੋਹ, ਦੁੱਖ-ਦਰਦ ਅਤੇ ਪ੍ਰੇਮ ਸਿਰਜਣ ਵਿਚ ਹਰ ਥਾਂ ਸੋਲ੍ਹਾਂ ਕਲਾਂ ਸੰਪੂਰਨ ਹੋ ਕੇ ਨਿੱਤਰਦੀ ਹੈ।
-----
ਸੰਸਾਰ ਵਿਚ ਕਈਆਂ ਦੇ ਪੰਜ-ਪੰਜ ਪੁੱਤਰ, ਪੰਜ-ਪੰਜ ਧੀਆਂ, ਦੋ-ਦੋ ਪਤਨੀਆਂ ਹਨ। ਪਰ ਮਾਂ ਇਕ ਹੀ ਹੁੰਦੀ ਹੈ। ਮੇਰੇ ਪ੍ਰਮ-ਮਿੱਤਰ ਬਾਈ ਦੇਵ ਥਰੀਕਿਆਂ ਵਾਲੇ ਵਰਗਿਆਂ ਨੇ ਐਂਵੇਂ ਨਹੀਂ ਗੀਤ ਜੋੜ ਦਿੱਤੇ, "ਮਾਂ ਹੁੰਦੀ ਏ ਮਾਂ ਉਏ ਦੁਨੀਆਂ ਵਾਲਿਓ....!" ਕੱਲ੍ਹ ਵਿਸਾਖੀ ਹੈ। ਅੱਜ, ਜਦੋਂ ਇਹ ਸਤਰਾਂ ਲਿਖੀਆਂ ਜਾ ਰਹੀਆਂ ਹਨ, 13 ਅਪ੍ਰੈਲ 2006 ਹੈ! ਅੱਜ ਮੇਰੀ ਮਾਂ ਨੂੰ ਗੁਜ਼ਰਿਆਂ ਪੂਰਾ ਇਕ ਮਹੀਨਾ ਬੀਤ ਗਿਆ ਹੈ। ਅਜੇ ਕੱਲ੍ਹ ਦੀ ਗੱਲ ਹੈ, ਪਰ ਇੰਜ ਲੱਗਦਾ ਹੈ ਕਿ ਜਿਵੇਂ ਕੋਈ ਯੁੱਗ ਬੀਤ ਗਿਆ ਹੋਵੇ। 13 ਮਾਰਚ 2006 ਦਿਨ ਸੋਮਵਾਰ ਨੂੰ ਮਾਂ ਨੇ ਸਵੇਰੇ ਸੱਤ ਵੱਜ ਕੇ ਬੱਤੀ ਮਿੰਟ ਉਤੇ, ਮੇਰੇ ਸੱਜੇ ਗੋਡੇ 'ਤੇ ਆਖਰੀ ਸਾਹ ਲਿਆ ਸੀ। ਕਿੰਨਾ ਦੁਖਦਾਈ ਸੀ ਉਹ ਸਮਾਂ, ਜਿਸ ਦਾ ਬਿਆਨ ਕਰਨਾ ਹੀ ਮੇਰੇ ਲਈ ਅਤਿ ਮੁਸ਼ਕਿਲ ਹੈ।
-----
ਜਦੋਂ ਮਾਂ ਦੀ ਅਰਥੀ ਤਿਆਰ ਕਰਕੇ ਆਖਰੀ ਦਰਸ਼ਣ ਕਰਵਾਏ ਤਾਂ ਮੇਰੇ ਮਨ ਨੂੰ ਹੌਲ ਜਿਹਾ ਪਿਆ, ਕਿ ਅੱਜ ਤੋਂ ਬਾਅਦ ਮਾਂ ਦਾ ਇਹ ਚਿਹਰਾ ਦੇਖਣਾ ਨਸੀਬ ਨਹੀਂ ਹੋਵੇਗਾ। ਖ਼ੈਰ! ਦੂਸਰੇ ਪਾਸੇ ਆਪਣੇ ਆਪ ਨੂੰ ਭਾਗਸ਼ਾਲੀ ਵੀ ਸਮਝਦਾ ਹਾਂ ਕਿ ਅੰਤਿਮ ਸਮੇਂ ਮੈਂ ਆਪਣੀ ਮਾਤਾ ਦੇ ਕੋਲ ਸਾਂ, ਉਸ ਦੀ ਰੂਹ-ਆਤਮਾਂ ਵੀ ਸੁਰਖ਼ਰੂ ਇਸ ਦੁਨੀਆਂ ਤੋਂ ਗਈ ਹੋਵੇਗੀ ਕਿ ਮੇਰਾ ਇਕਲੌਤਾ ਪੁੱਤਰ ਮੇਰੇ ਪਾਸ ਹੈ। ਕਈ ਨਿਭਾਗਿਆਂ ਦੇ ਤਾਂ ਇਹ ਸਮਾਂ ਵੀ ਕਰਮਾਂ ਵਿਚ ਨਹੀਂ ਹੁੰਦਾ। ਮਾਂ ਕਿਤੇ ਵਿਲਕਦੀ ਹੁੰਦੀ ਹੈ ਅਤੇ ਪੁੱਤ ਧੀਆਂ ਕਿਤੇ ਤੜਫ਼ਦੇ ਹੁੰਦੇ ਨੇ! ਖ਼ੈਰ, ਹਰ ਕੁਝ ਕੁਦਰਤ ਦੇ ਵੱਸ ਹੈ। ਸੰਯੋਗ ਵਿਯੋਗ ਅਨੁਸਾਰ ਸੰਸਾਰ ਤੁਰਦਾ ਹੈ। ਬੰਦਾ ਕੁਝ ਵੀ ਨਹੀਂ ਕਰ ਸਕਦਾ। ਕੀ ਹੱਥ-ਵੱਸ ਹੈ ਬੰਦੇ ਦੇ...? ਕੁਝ ਵੀ ਤਾਂ ਨਹੀਂ...! ਬੱਸ ਵਾਧੂ ਮੇਰੀ-ਮੇਰੀ ਹੀ ਹੈ।
----
ਮੇਰਾ ਪ੍ਰੀਵਾਰ ਆਸਟਰੀਆ ਤੋਂ ਇੰਗਲੈਂਡ 'ਮੂਵ' ਹੋ ਗਿਆ ਹੈ। 30 ਅਪ੍ਰੈਲ ਤੱਕ ਮੈਂ ਅਜੇ ਆਸਟਰੀਆ ਹੀ ਰਹਿਣਾ ਸੀ। ਕੁਝ ਛੁੱਟੀਆਂ ਲੈ ਕੇ ਮਕਾਨ ਖਰੀਦਣ ਦੇ ਮਸਲੇ ਵਿਚ ਮੈਂ 28 ਫ਼ਰਵਰੀ ਨੂੰ ਇੰਗਲੈਂਡ ਪੁੱਜ ਗਿਆ। ਪੰਜ ਕੁ ਦਿਨ ਭੱਜ-ਨੱਠ ਹੋਈ। ਛੇ ਮਾਰਚ ਨੂੰ ਸਵੇਰੇ-ਸਵੇਰੇ ਦੋ ਵੱਜ ਕੇ ਛੇ ਮਿੰਟ 'ਤੇ ਮੇਰੇ ਹਮਜਮਾਤੀ ਅਤੇ ਪ੍ਰਮ-ਮਿੱਤਰ ਹਰਪਾਲ ਕੁੱਸਾ ਦਾ ਫ਼ੋਨ ਆ ਗਿਆ। ਹਰਪਾਲ ਕੁੱਸਾ ਨੂੰ ਸਾਰੇ 'ਨੀਲੂ' ਕਹਿ ਕੇ ਬੁਲਾਉਂਦੇ ਹਨ। ਨੀਲੂ, ਅਕਾਲੀ ਦਲ ਅੰਮ੍ਰਿਤਸਰ ਦਾ, ਮੋਗਾ ਜਿਲ੍ਹੇ ਦਾ ਪ੍ਰਧਾਨ ਹੈ। ਜਦੋਂ ਨੀਲੂ ਦਾ ਇਤਨੀ ਸਾਝਰੇ ਫ਼ੋਨ ਖੜਕਿਆ ਤਾਂ ਕੁਝ ਹੈਰਾਨੀ ਜਿਹੀ ਹੋਈ। ਉਸ ਨੇ ਸੰਖੇਪ ਜਿਹੀ ਗੱਲ ਕੀਤੀ, "ਬਾਈ, ਬੇਬੇ ਥੋੜ੍ਹੀ ਜੀ ਬਿਮਾਰ ਹੋਗੀ ਸੀ-ਮੋਗੇ ਹਸਪਤਾਲ ਦਾਖ਼ਲ ਕਰਵਾਈ ਐ!" ਮੇਰੀ ਮਾਂ ਨੀਲੂ ਦੀ ਲੱਗਦੀ ਤਾਂ ਚਾਚੀ ਹੈ, ਪਰ ਨੀਲੂ ਪਤਾ ਨਹੀਂ ਕਿਉਂ 'ਬੇਬੇ' ਹੀ ਆਖ ਕੇ ਬੁਲਾਉਂਦਾ ਰਿਹਾ ਹੈ।
-"ਕੋਈ ਖ਼ਤਰੇ ਵਾਲੀ ਗੱਲ ਤਾਂ ਨ੍ਹੀ?" ਮੈਂ ਪੁੱਛਿਆ।
-"ਨਹੀਂ, ਕੋਈ ਖ਼ਤਰੇ ਆਲੀ ਗੱਲ ਨ੍ਹੀ-ਮਾੜਾ ਜਿਆ ਬਲੱਡ ਪ੍ਰੈਸ਼ਰ ਚੜ੍ਹ ਗਿਆ ਸੀ-ਤਾਂ ਦਾਖ਼ਲ ਕਰਵਾਈ ਐ।" ਨੀਲੂ ਦੇ ਆਖਣ 'ਤੇ ਮੈਂ ਵੀ ਬੇਫਿ਼ਕਰ ਜਿਹਾ ਹੋ ਗਿਆ ਅਤੇ ਇਸ ਸੰਖੇਪ ਗੱਲ ਤੋਂ ਬਾਅਦ ਫਿਰ ਸੌਂ ਗਿਆ। ਸੁਚੇਤ ਤਾਂ ਮੈਂ ਉਦੋਂ ਹੋਇਆ, ਜਦੋਂ ਨੀਲੂ ਦਾ ਘੰਟੇ ਕੁ ਬਾਅਦ, ਅਰਥਾਤ ਸਵੇਰੇ ਤਿੰਨ ਵੱਜ ਕੇ ਚਾਰ ਮਿੰਟ 'ਤੇ ਫਿਰ ਫ਼ੋਨ ਵੱਜਿਆ।
-"ਬਾਈ, ਬੇਬੇ ਦੀ ਹਾਲਤ ਥੋੜੀ ਜੀ ਖਰਾਬ ਹੋਗੀ!" ਉਸ ਨੇ ਦੱਸਿਆ।
-"ਨੀਲੂ ਸਥਿਤੀ ਸਪੱਸ਼ਟ ਕਰ-!" ਮੈਂ ਉਠ ਕੇ ਬੈਠ ਗਿਆ।
-"ਸਥਿਤੀ ਤਾਂ ਬਾਈ ਇਉਂ ਐਂ-।" ਉਸ ਨੇ ਲੰਬਾ ਸਾਹ ਲੈ ਕੇ ਗੱਲ ਫਿਰ ਸ਼ੁਰੂ ਕੀਤੀ, "ਐਕਸਰੇ ਤੇ ਸਕੈਨਿੰਗ ਕਰਵਾਈ ਐ-ਰਿਪੋਰਟਾਂ ਅਜੇ ਆਉਣੀਐਂ-ਸਥਿਤੀ ਤਾਂ ਰਿਪੋਰਟਾਂ ਆਉਣ ਤੋਂ ਬਾਅਦ ਈ ਦੱਸਾਂਗੇ-ਤੂੰ ਪੰਜਾਬ ਆ ਸਕਦੈਂ?"
-"ਹੁਣ ਤਿੰਨ ਵੱਜ ਕੇ ਪੰਜ ਮਿੰਟ ਹੋਏ ਐ-ਆਉਣ ਬਾਰੇ ਤਾਂ ਮੈਂ ਜਹਾਜ ਦੀ ਸੀਟ ਮਿਲਣ ਤੋਂ ਬਾਅਦ ਈ ਦੱਸ ਸਕਦੈਂ-ਪਰ ਜਦੋਂ ਰਿਪੋਰਟਾਂ ਆਉਣ-ਬਾਈ ਬਣਕੇ ਮੈਨੂੰ ਤੁਰੰਤ ਦੱਸਣੈਂ-ਓਨਾਂ ਚਿਰ ਮੈਂ ਸੀਟ ਸੂਟ ਦਾ ਪ੍ਰਬੰਧ ਕਰਦੈਂ-।" ਫ਼ੋਨ ਕੱਟਿਆ ਗਿਆ। ਦਿਲ ਨੂੰ ਡੋਬੂ ਜਿਹਾ ਪਿਆ। ਮੇਰੀ ਦਰਵੇਸ਼ ਮਾਂ, ਜਿਸ ਨੇ ਗਰੀਬੀ ਵਿਚ ਵੀ ਸਾਨੂੰ ਕਦੇ ਮੱਥੇ ਵੱਟ ਨਹੀਂ ਸੀ ਪਾ ਕੇ ਵਿਖਾਇਆ। ਉਹ ਹਸਪਤਾਲ ਪਤਾ ਨਹੀਂ ਕਿਹੜੀ ਹਾਲਤ ਵਿਚ ਪਈ ਸੀ?
ਉਠ ਕੇ ਬੁਰਸ਼ ਕੀਤਾ ਅਤੇ ਮਾਂ ਦੀ ਚੜ੍ਹਦੀ ਕਲਾ ਲਈ ਪਾਠ ਆਰੰਭ ਕਰ ਦਿੱਤਾ।……
-"ਤੀਨੇ ਤਾਪ ਨਿਵਾਰਣਹਾਰਾ ਦੁਖੁ ਹੰਤਾ ਸੁਖ ਰਾਸ।। ਤਾ ਕੋ ਵਿਘਨ ਨ ਕੋਊ ਲਾਗੈ ਜਾਂ ਕੀ ਪ੍ਰਭ ਆਗੈ ਅਰਦਾਸ।।…
-"ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ।। ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ।।"……
ਸਵੇਰੇ ਸੱਤ ਵਜੇ ਨੀਲੂ ਦਾ ਫ਼ੋਨ ਫਿਰ ਆ ਗਿਆ।
-"ਬਾਈ ਐਧਰੋਂ ਮਾੜ੍ਹਾ ਜਿਆ ਫ਼ੋਨ ਕਰੀਂ…!" ਜਦੋਂ ਉਸ ਨੇ ਆਖ ਕੇ ਫ਼ੋਨ ਕੱਟਿਆ ਤਾਂ ਮੇਰਾ ਦਿਲ ਹਿੱਲ ਗਿਆ। ਪਤਾ ਨਹੀਂ ਕੀ ਗੱਲ ਸੀ? ਕੀ ਖ਼ਬਰ ਸੀ? ਦਿਲ ਡਿੱਕਡੋਲੇ ਜਿਹੇ ਖਾਣ ਲੱਗ ਪਿਆ। ਫ਼ੋਨ ਕਰਨ ਨੂੰ ਦਿਲ ਜਿਹਾ ਨਾ ਪਵੇ। ਪਰ ਸਾਰਾ ਸਾਹਸ ਇਕੱਠਾ ਕਰਕੇ ਫ਼ੋਨ ਮਿਲਾ ਹੀ ਲਿਆ। ਮਿਲਾਉਣਾ ਹੀ ਪੈਣਾ ਸੀ। ਕੀ ਕੋਈ ਵੱਸ ਸੀ?
-"ਹਾਂ ਬਾਈ ਨੀਲੂ, ਕੀ ਹਾਲ ਐ?" ਗੱਲ ਕਰਦੇ ਦਾ ਮੇਰਾ ਮਨ ਮੁੱਠੀ ਵਿਚੋਂ ਰੇਤ ਵਾਂਗ ਕਿਰੀ ਜਾ ਰਿਹਾ ਸੀ।
-"ਬਾਈ ਰਿਪੋਰਟਾਂ ਆ ਗਈਆਂ-।"
-"ਹਾਂ ਵੀਰੇ, ਜਲਦੀ ਦੱਸ?" ਮੈਂ ਅੰਦਰੋਂ ਕਾਹਲਾ ਪਿਆ ਹੋਇਆ ਸੀ।
-"ਬਾਈ ਰਿਪੋਰਟਾਂ ਆ ਗਈਆਂ-ਤੇ ਡਾਕਟਰ ਨੇ 'ਜਵਾਬ' ਦੇ ਦਿੱਤਾ।" ਉਸ ਨੇ ਰੁਕ-ਰੁਕ ਕੇ ਜਿਹੇ ਦੱਸਿਆ।
-"ਕਾਹਤੋਂ…?" ਮੇਰਾ ਦਿਲ ਹਥੌੜੇ ਵਾਂਗ ਛਾਤੀ ਵਿਚ ਵੱਜਣ ਲੱਗ ਪਿਆ।
-"ਕਹਿੰਦਾ, ਮਾਤਾ ਨੂੰ ਘਰੇ ਲੈ ਜਾਵੋ ਤੇ ਸੇਵਾ ਸੂਵਾ ਕਰ ਲਓ!"
-"ਬਾਈ ਗੱਲ ਐਨੀ ਐਂ…।" ਮੈਂ ਕਿਹਾ।
-"……।"
-"ਮੇਰੀ ਫ਼ਲਾਈਟ ਦਾ ਮੈਨੂੰ ਸਵਾ ਦਸ ਵਜੇ ਪਤਾ ਲੱਗਣੈਂ-ਓਨਾ ਚਿਰ ਡਾਕਟਰ ਨੂੰ ਬੇਨਤੀ ਕਰੋ ਕਿ ਸਾਡਾ ਬੰਦਾ ਇੰਗਲੈਂਡ ਤੋਂ ਆ ਰਿਹਾ ਹੈ-ਉਸ ਦੇ ਆਉਣ ਤੱਕ ਅਸੀਂ ਮਾਤਾ ਨੂੰ ਐਥੇ ਹਸਪਤਾਲ 'ਚ ਈ ਰੱਖਾਂਗੇ।" ਮੇਰਾ ਤਾਂ ਇਕ ਤਰ੍ਹਾਂ ਦਾ ਤਰਲਾ ਹੀ ਸੀ। ਵੈਸੇ ਮੇਰੀ ਜਹਾਜ ਦੀ ਸੀਟ ਬਾਰੇ ਬਾਈ ਬਲਦੇਵ ਨੇ ਫ਼ੋਨ ਕਰ ਦਿੱਤਾ ਸੀ। ਟਰੈਵਲ ਏਜੰਸੀ ਵਾਲਾ ਆਖ ਰਿਹਾ ਸੀ ਕਿ ਅਸੀਂ ਤੁਹਾਨੂੰ ਦਸ ਵਜੇ ਦੱਸਾਂਗੇ।
ਖ਼ੈਰ! ਟਰੈਵਲ ਏਜੰਟ ਦਾ ਸਵਾ ਕੁ ਦਸ ਵਜੇ ਫ਼ੋਨ ਆ ਗਿਆ। ਸ਼ਾਮ ਦੀ 'ਸਹਾਰਾ ਏਅਰ' ਵਿਚ ਸੀਟ ਮਿਲ ਰਹੀ ਸੀ। ਰੇਟ 429 ਪੌਂਡ! ਮੈਂ 'ਹਾਂ' ਕਰ ਦਿੱਤੀ। 429 ਪੌਂਡ ਮਾਂ ਤੋਂ ਵੱਡੇ ਨਹੀਂ ਸਨ। ਫ਼ਲਾਈਟ ਸ਼ਾਮ ਨੌਂ ਵਜੇ ਦੀ ਸੀ।
Wednesday, October 7, 2009
ਸਮਾਂ ਆਪਣੀਆਂ ਮੁਹਾਰਾਂ ਕਦੋਂ ਮੋੜੇਗਾ? - ਲੇਖ
ਲੇਖ
ਮਨੁੱਖਤਾ ਕਿੰਨੀ ਲਾਲਚੀ ਅਤੇ ਬੇਰਹਿਮ ਹੋ ਚੁੱਕੀ ਹੈ, ਇਸ ਦਾ ਜਵਾਬ ਨਿੱਤ ਛਪਦੀਆਂ ਅਖ਼ਬਾਰਾਂ ਦੇ ਦਿੰਦੀਆਂ ਹਨ। ਸਾਡਾ ਸਮਾਜਿਕ ਢਾਂਚਾ ਕਿਵੇਂ ਅਪਾਹਜ ਬਣਦਾ ਜਾ ਰਿਹਾ ਹੈ, ਇਸ ਦਾ ਸਬੂਤ ਸਾਡੇ ਲੀਡਰਾਂ ਦੀ ਚੁੱਪ ਹੈ! ਉਹ ਸਭ ਕੁਝ ਹੱਥ ਵੱਸ ਹੋਣ ਦੇ ਬਾਵਜੂਦ ਵੀ ਮੂੰਹ 'ਤੇ ਛਿੱਕਲ਼ੀ ਚਾੜ੍ਹ ਲੈਂਦੇ ਹਨ ਕਿ ਕਿਤੇ ਕੁਝ ਬੋਲਿਆਂ ਤੋਂ ਸਾਡਾ 'ਵੋਟ ਬੈਂਕ' ਨਾ ਖੁੱਸ ਜਾਵੇ! ਕਿਸੇ ਸਮੇਂ 'ਰੰਗਲੇ' ਅਤੇ ਅੱਜ ਦੇ 'ਕੰਗਲੇ' ਪੰਜਾਬ ਵਿਚ ਮਨੁੱਖ ਆਪਣੀਆਂ ਧੀਆਂ-ਭੈਣਾਂ ਅਤੇ ਨੂੰਹਾਂ ਨੂੰ ਬੇਰਹਿਮੀ ਨਾਲ਼ ਕਤਲ ਕਰੀ ਜਾ ਰਿਹਾ ਹੈ। ਪਰ ਲੀਡਰਾਂ ਵੱਲੋਂ ਵੱਡੇ ਵੱਡੇ ਦਮਗੱਜੇ ਮਾਰਨ ਦੇ ਬਾਵਜੂਦ ਹੋ ਕੁਝ ਵੀ ਨਹੀਂ ਰਿਹਾ। ਕਿਉਂ..? ਦਹੇਜ...! ਸਿਰਫ਼ ਇਹਨਾਂ ਕੂੜਤਾ ਭਰੇ ਸ਼ਬਦਾਂ ਦੇ ਮਗਰ ਲੱਗ ਕੇ! ਸੱਚ ਹੀ ਅੱਜ ਉਸ ਵਿਅਕਤੀ ਨੂੰ ਕੋਸਣ ਨੂੰ ਮਨ ਕਰਦਾ ਹੈ, ਜਿਸ ਨੇ ਦਹੇਜ ਦੇ ਇਹਨਾਂ ਤਿੰਨ ਅੱਖਰਾਂ ਦਾ ਸੁਮੇਲ ਕਲਪਿਆ। ਕਹਾਵਤ ਹੈ ਕਿ ਲੋੜ ਕਾਢ ਦੀ ਮਾਂ ਹੈ! ਜਦ ਸਾਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਤਾਂ ਅਸੀਂ ਕਿਸੇ ਚੀਜ਼ ਦੀ ਕਾਢ ਕੱਢਦੇ ਹਾਂ ਅਤੇ ਜ਼ਰੂਰ ਕੋਈ ਨਾ ਕੋਈ ਨਵੀਂ ਵਸਤੂ ਹੋਂਦ ਵਿਚ ਆਉਂਦੀ ਹੈ! ਇੱਥੇ ਸਾਰਿਆਂ ਤੋਂ ਵੱਡਾ ਸੁਆਲ ਇਹ ਉਠਦਾ ਹੈ ਕਿ ਦਹੇਜ ਦੀ ਲੋੜ ਕਿਉਂ ਪਈ? ਲੋੜ ਤਾਂ ਸ਼ਾਇਦ ਇਸ ਕਰਕੇ ਪਈ ਕਿ ਮਾਂ-ਬਾਪ ਆਪਣੀ ਧੀ ਨੂੰ 'ਬਿਗਾਨੇ' ਘਰੇ ਜਾਣ ਕਰਕੇ ਉਸ ਨੂੰ ਆਪਣੇ ਵੱਲੋਂ ਕੁਝ ਨਾ ਕੁਝ 'ਦਾਨ' ਦੇ ਰੂਪ ਵਿਚ ਦਿੰਦੇ ਸਨ ਅਤੇ ਧੀ ਦੀਆਂ ਲੋੜਾਂ ਦਾ ਮੁਢਲਾ ਸਮਾਨ ਦਾਜ ਵਿਚ ਦਿੱਤਾ ਜਾਣ ਲੱਗਿਆ। ਕਿਉਂਕਿ ਪੁਰਾਣੇ ਜ਼ਮਾਨੇ ਵਿਚ ਦਰਜਣ-ਦਰਜਣ ਭੈਣ ਭਰਾ ਹੁੰਦੇ ਸਨ। ਮਾਂ-ਬਾਪ ਜਾਂ ਕਬੀਲੇ ਵਾਲ਼ੇ ਸੋਚਦੇ ਸਨ ਕਿ ਕੁੜੀ ਵੱਡੇ ਪ੍ਰੀਵਾਰ ਵਿਚ ਜਾ ਰਹੀ ਹੈ, ਜੇ ਪ੍ਰੀਵਾਰ ਵੱਡਾ ਹੋਣ ਕਾਰਨ ਕਿਤੇ ਇਸ ਦੀ ਸੁਖ-ਸਹੂਲਤ ਵਿਚ ਸੰਕਟ ਆ ਗਿਆ ਤਾਂ ਇਹ ਆਪਣਾ ਸਮਾਨ ਕੱਢ ਕੇ ਵਰਤ ਲਵੇਗੀ! ਇੱਥੋਂ ਇਸ ਲੈਣ-ਦੇਣ ਦੀ ਸ਼ੁਰੂਆਤ ਹੋਈ!
----
ਇਕ ਤਾਂ ਮਾਂ-ਬਾਪ ਦੇ ਘਰ ਬੈਠੀ ਕੁੜੀ ਆਪਣੇ ਸਹੁਰੇ ਘਰ ਜਾਂ ਆਪਣੇ ਹੋਣ ਵਾਲ਼ੇ ਪਤੀ ਦੀ ਕਲਪਨਾ ਕਰਦੀ ਕੋਈ ਸਿਰਹਾਣਾਂ ਜਾਂ ਚਾਦਰ ਕੱਢਦੀ ਸੀ ਅਤੇ ਜਾਂ ਕੋਈ ਬਾਗ! ਦਰੀ ਬੁਣਦੀ ਸੀ ਜਾਂ ਖੇਸ! ਇਸ ਨਾਲ਼ ਉਸ ਕੁੜੀ ਦੀ ਆਪਣੇ ਹੋਣ ਵਾਲ਼ੇ ਪਤੀ ਪ੍ਰਤੀ ਸ਼ਰਧਾ ਅਤੇ ਪ੍ਰੇਮ-ਭਾਵਨਾ ਦਾ ਪ੍ਰਗਟਾਵਾ ਵੀ ਹੁੰਦਾ ਸੀ ਅਤੇ ਉਸ ਦੀ ਸੁਚੱਜੀ ਯੋਗਤਾ ਦਾ ਵੀ ਸਬੂਤ ਮਿਲ਼ਦਾ ਸੀ ਅਤੇ ਤਿਆਰ ਕੀਤੀ ਚੀਜ਼ ਪ੍ਰੀਵਾਰ ਵਿਚ ਕੰਮ ਵੀ ਆਉਂਦੀ ਸੀ। ਉਸ ਸਮੇਂ ਵੱਡੇ ਵੱਡੇ ਪ੍ਰੀਵਾਰਾਂ ਵਿਚੋਂ ਭਰਾਵਾਂ ਦਾ ਆਪਸ ਵਿਚ 'ਅੱਡ' ਹੋਣਾ ਵੀ ਕਦੇ ਨਾ ਕਦੇ ਲਾਜ਼ਮੀ ਹੁੰਦਾ ਸੀ ਅਤੇ ਮਾਂ ਬਾਪ ਸੋਚਦੇ ਸਨ ਕਿ ਅਗਰ ਕੁੜੀ ਆਪਣੇ ਸਹੁਰੇ ਪ੍ਰੀਵਾਰ ਨਾਲ਼ੋਂ ਅੱਡ ਹੁੰਦੀ ਹੈ ਤਾਂ ਉਹ ਸਾਡੇ ਵੱਲੋਂ ਦਿੱਤਾ ਗਿਆ ਸਮਾਨ ਬੇਝਿਜਕ ਵਰਤ ਲਵੇਗੀ ਅਤੇ ਇਹ ਸਮਾਨ ਉਸ ਦੇ ਅੱਡ ਹੋਣ ਵਾਲ਼ੇ ਸਮੇਂ ਕੰਮ ਵੀ ਆਉਂਦਾ ਸੀ! ਸਵਰਗਵਾਸੀ ਜਗਮੋਹਣ ਕੌਰ ਦਾ ਗੀਤ, "ਬਾਪੂ ਵੇ ਅੱਡ ਹੁੰਨੀ ਐਂ...!" ਇਸ ਗੱਲ ਦੀ ਹਾਮੀਂ ਭਰਦਾ ਹੈ!
----
ਪਰ ਹੁਣ ਵੱਡਾ ਸੁਆਲ ਇਹ ਉਠਦਾ ਹੈ ਕਿ ਸਾਡੇ ਸੁਆਰਥੀ ਲੋਕ ਇਸ 'ਦਾਜ' ਦੇ ਨਾਂ 'ਤੇ 'ਵਪਾਰ' ਕਿਉਂ ਕਰਨ ਲੱਗ ਪਏ? ਆਖਰ ਕੋਹੜ ਨੂੰ ਇਸ ਨੂੰ ਜੱਗ ਦੀਆਂ ਰੀਤਾਂ ਰਿਵਾਜਾਂ ਵਿਚ ਸ਼ਾਮਲ ਕਿਉਂ ਕਰ ਲਿਆ ਗਿਆ? ਵਪਾਰ ਹੀ ਤਾਂ ਹੈ! ਮੁੰਡੇ ਦਾ ਮੁੱਲ ਵੱਟ ਕੇ ਫੇਰ ਵਿਆਹੁਣਾ! ਫੇਰ ਉਲਾਂਭਾ ਕਿਸ ਲਈ ਦਿੰਦੇ ਨੇ ਕਿ ਸਾਡੀ ਨੂੰਹ ਸਾਡੀ 'ਸੇਵਾ' ਨਹੀਂ ਕਰਦੀ ਜਾਂ ਸਾਨੂੰ ਚੰਗਾ ਨਹੀਂ ਸਮਝਦੀ? ਜਿਹੜੀ ਨੂੰਹ ਦੀ ਧੌਣ 'ਤੇ ਗੋਡਾ ਧਰ ਕੇ ਟੈਲੀਵੀਯਨ, ਫ਼ਰਿੱਜ ਜਾਂ ਹੋਰ ਮਨੋਰੰਜਨ ਦੀਆਂ ਚੀਜ਼ਾਂ ਮੰਗਵਾਉਂਦੇ ਹੋ ਅਤੇ ਫਿਰ ਉਸ ਤੋਂ ਬਾਅਦ ਇਹ ਝਾਕ ਵੀ ਰੱਖਦੇ ਹੋ ਕਿ ਸਾਡੀ ਨੂੰਹ ਸਾਨੂੰ ਚੰਗਾ ਵੀ ਸਮਝੇ ਅਤੇ ਸਾਡੀਆਂ ਲੱਤਾਂ ਵੀ ਘੁੱਟੇ? ਦਿਲ ਉਸ ਨੂੰ ਪ੍ਰਵਾਨ ਕਰਦਾ ਹੈ, ਜੋ ਤੁਹਾਨੂੰ ਪ੍ਰੇਮ ਕਰਦਾ ਹੈ! ਜਿਹੜੀ ਚੀਜ਼ ਨੂੰ ਅੱਖਾਂ ਨਹੀਂ ਝੱਲਦੀਆਂ, ਉਸ ਨੂੰ ਜੀਭ ਕਦ ਝੱਲੇਗੀ?
----
ਮੈਨੂੰ ਇਕ ਗੱਲ ਯਾਦ ਆ ਗਈ। ਮੇਰੀ ਵੱਡੀ ਸਾਲ਼ੀ ਦੇ ਮੁੰਡੇ ਦਾ ਵਿਆਹ ਸੀ। ਵਿਆਹ 'ਤੇ ਤਾਂ ਮੈਂ ਜਾ ਨਾ ਸਕਿਆ। ਪਰ ਉਸ ਤੋਂ ਬਾਅਦ ਮੈਨੂੰ ਅਤੇ ਮੇਰੇ ਘਰਵਾਲ਼ੀ ਨੂੰ ਮੇਰੀ ਸਾਲ਼ੀ ਅਤੇ ਸਾਢੂ ਨੇ ਵਿਸ਼ੇਸ਼ ਤੌਰ 'ਤੇ ਸੱਦਿਆ ਅਤੇ ਸਾਨੂੰ ਕੱਪੜੇ ਬਗੈਰਾ ਦਿੱਤੇ ਗਏ। ਮੈਂ ਚਾਹ ਪੀਂਦਿਆਂ ਆਪਣੇ ਸਾਢੂ ਨੂੰ ਪੁੱਛਿਆ, "ਬਾਈ..! ਸਾਰੀ ਜ਼ਿੰਦਗੀ ਤੂੰ ਵੀ ਦਾਜ ਦੇ ਖ਼ਿਲਾਫ਼ ਹੀ ਰਿਹੈਂ ਤੇ ਮੈਂ ਵੀ, ਨਾ ਮੈਂ ਦਾਜ ਲਿਐ ਤੇ ਨਾ ਤੂੰ..! ਤੇ ਹੁਣ ਆਹ ਕੀ ਕਰੀ ਜਾਨੈਂ..?" ਤੇ ਬਾਈ ਆਖਣ ਲੱਗਿਆ, "ਮੈਂ ਕੁਛ ਨ੍ਹੀ ਕੀਤਾ..! ਮੈਂ ਤਾਂ ਆਪਦੇ ਕੁੜਮਾਂ ਨੂੰ ਬਥੇਰਾ ਰੋਕਿਆ, ਪਰ ਉਹ ਕਹਿੰਦੇ ਜੇ ਅਸੀਂ ਲੈਣ ਦੇਣ ਨਾ ਕੀਤਾ ਤਾਂ ਸਾਡਾ ਨੱਕ ਨਹੀਂ ਰਹਿਣਾ..!" ਨਾ ਤਾਂ ਸਾਡੇ ਕੋਲ ਬਾਈ ਦਾ ਕੁੜਮ ਸੀ ਅਤੇ ਨਾ ਹੀ ਮੈਂ ਹੋਰ ਕਿਸੇ ਨਾਲ ਦਲੀਲਬਾਜ਼ੀ ਕਰ ਸਕਦਾ ਸੀ। ਸੋ ਚੁੱਪ ਰਹਿਣਾ ਹੀ ਬਿਹਤਰ ਸਮਝਿਆ। ਮੇਰੇ ਸਾਲ਼ੀ ਸਾਹਿਬਾਂ ਲੋਕਾਂ ਨੂੰ ਹਮੇਸ਼ਾ ਇਕ ਦਲੀਲ ਦਿੰਦੇ ਹੁੰਦੇ ਹਨ ਕਿ ਸਾਡੇ ਪਿਉ ਨੇ ਸਾਨੂੰ ਪਾਲ਼ ਦਿੱਤਾ, ਪੜ੍ਹਾ ਦਿੱਤਾ, ਅਸੀਂ ਦਾਜ ਕਾਹਦੇ ਵਾਸਤੇ ਲਿਆਉਣਾ ਸੀ? ਮੈਂ ਲਿਆਉਣ ਦੇ ਹੱਕ ਵਿਚ ਵੀ ਨਹੀਂ ਹਾਂ! ਪਰ ਹੁਣ ਮੈਂ ਆਪਣੀ ਸਾਲ਼ੀ ਸਾਹਿਬਾਂ ਨੂੰ ਪੁੱਛਣਾ ਚਾਹੁੰਦਾ ਸੀ ਕਿ ਸਾਲ਼ੀ ਸਾਹਿਬਾਂ, ਜੋ ਤੁਹਾਡੀ ਇੰਗਲੈਂਡ ਵਿਚ ਜੰਮੀ ਪਲ਼ੀ ਨੂੰਹ ਆਈ ਹੈ, ਉਸ ਦੇ ਪਿਉ ਨੇ ਉਹ ਅਨਪੜ੍ਹ ਹੀ ਤੁਹਾਡੇ ਘਰੇ ਤੋਰ ਦਿੱਤੀ? ਜੇ ਤੁਹਾਡੀ ਨੂੰਹ ਵੀ ਪੜ੍ਹ ਲਿਖ ਕੇ ਤੁਹਾਡੇ ਘਰ ਆਈ ਹੈ ਤਾਂ ਫਿਰ ਹੁਣ ਦਾਜ ਕਿਉਂ? ਹੁਣ ਕਿਉਂ ਨਾ ਉਹਨਾਂ ਨੂੰ ਸਖ਼ਤੀ ਨਾਲ਼ ਮਨ੍ਹਾ ਕੀਤਾ ਕਿ ਅਸੀਂ ਦਾਜ ਨਹੀਂ ਲੈਣਾ? ਫਿਰ ਪਿੰਡਾ ਅਗਾਂਹ ਤੇ ਪੁੱਤਾ ਪਿਛਾਂਹ ਦਾ ਸਿਧਾਂਤ ਕਿਉਂ? ਪਰ ਤੁਹਾਡੀ ਦਲੀਲ ਵੀ ਉਥੇ ਚੱਲਦੀ ਹੈ, ਜਿੱਥੇ ਕੋਈ ਤੁਹਾਡੀ ਦਲੀਲ ਸੁਣਨ ਵਾਲ਼ਾ ਹੋਵੇ! ਨਹੀਂ ਕੱਟੇ ਦੇ ਅੱਗੇ ਵੰਝਲੀ ਵਜਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਉਸ ਨੂੰ ਸੁਰਾਂ ਦੀ ਸਮਝ ਨਹੀਂ ਹੁੰਦੀ! ਉਸ ਨੂੰ ਤਾਂ ਗੋਹੇ ਨਾਲ਼ ਲਿੱਬੜੀ ਪੂਛ ਘੁੰਮਾ ਕੇ ਮੂੰਹ 'ਤੇ ਮਾਰਨ ਦੀ ਹੀ ਜਾਂਚ ਹੁੰਦੀ ਹੈ! ਜੇ ਅਗਲਾ ਆਪ ਦੀ ਦਲੀਲ ਜਬਰੀ ਮੰਨਵਾਉਣ ਲਈ ਆਖੇ ਕਿ ਜੀ ਅਸੀਂ ਤਾਂ ਕੁਛ ਮੰਗਿਆ ਹੀ ਨਹੀਂ ਸੀ, ਅਗਲੇ ਨੇ ਆਪਦੀ ਕੁੜੀ ਨੂੰ ਸ਼ਰੀਕੇ ਕਬੀਲੇ ਵਿਚ ਆਪਣਾ 'ਨੱਕ' ਰੱਖਣ ਮੱਲੋਮੱਲੀ ਦੇ ਦਿੱਤਾ, ਤਾਂ ਕੀ ਉਥੇ ਦਾਜ ਲੈਣ ਵਾਲ਼ੇ ਦਾਜ ਲੈਣ ਦੇ ਦੋਸ਼ ਤੋਂ ਮੁਕਤ ਹੋ ਗਏ?
----
ਹਰ ਮਾਂ-ਬਾਪ ਨੂੰ ਆਪਣੇ ਧੀ-ਪੁੱਤ ਜੁਆਨ ਹੋਣ ਅਤੇ ਜੁਆਨ ਦੇਖਣ ਦਾ ਚਾਅ ਹੁੰਦਾ ਹੈ। ਜੁਆਨ ਹੋਣ 'ਤੇ ਪੁੱਤ ਨੂੰ ਵਿਆਹ ਕੇ ਨੂੰਹ ਘਰੇ ਲਿਆਉਣ ਦਾ ਉਤਨਾ ਚਾਅ ਨਹੀਂ ਹੁੰਦਾ, ਜਿੰਨਾਂ ਨੂੰਹ ਦੇ ਦਾਜ ਆਉਣ ਦਾ ਚਾਅ ਹੁੰਦਾ ਹੈ। ਜਦ ਨੂੰਹ ਘਰ ਆਉਂਦੀ ਹੈ ਤਾਂ ਘਰ ਵਾਲ਼ੇ ਮੱਝ ਵਾਂਗ ਸੰਗਲ਼ ਜਿਹੇ ਤੁੜਾ ਕੇ ਦਾਜ ਨੂੰ ਪੱਬਾਂ ਭਾਰ ਹੋ ਕੇ ਦੇਖਦੇ ਹਨ। ਜੇ ਕਿਸੇ ਗਰੀਬ ਨੇ ਦਾਜ ਘੱਟ ਦਿੱਤਾ ਹੋਵੇ ਤਾਂ ਸੌ ਨੱਕ ਬੁੱਲ੍ਹ ਮਾਰੇ ਜਾਂਦੇ ਨੇ ਅਤੇ ਨਵੀਂ ਵਿਆਹੀ ਆਈ ਦੇ ਨਾਸੀਂ ਧੂੰਆਂ ਲਿਆਂਦਾ ਜਾਂਦਾ ਹੈ, "ਤੇਰੇ ਪਿਉ ਨੇ ਤਾਂ ਬੜਾ ਨਿੱਕਾ ਕੱਤਿਆ ਕੁੜ੍ਹੇ..!" ਅੱਜ ਦੇ ਜ਼ਮਾਨੇ ਵਿਚ ਵਿਚ ਕਈ ਬੇਕਿਰਕ ਮਾਪੇ ਆਪਣੇ 'ਸੁੱਖੀ ਲੱਧੇ' ਪੁੱਤ ਦਾ 'ਸੌਦਾ' ਕਰਕੇ ਸਹੁਰੇ ਘਰੋਂ ਲਹੂ-ਪਸੀਨੇ ਨਾਲ਼ ਕਮਾਇਆ ਧਨ 'ਮੁੱਛ' ਲਿਆਉਂਦੇ ਹਨ ਅਤੇ ਸ਼ਰੀਕੇ ਕਬੀਲੇ ਵਿਚ ਆਪਣੀ ਹੈਂਕੜ ਨੂੰ ਖਲ਼ ਚਾਰਦੇ ਹਨ! ਇਹੀ ਕਾਰਨ ਹੈ ਕਿ ਅੱਜ ਕੱਲ੍ਹ ਦਿਲਾਂ ਦਾ ਪਿਆਰ ਸਤਿਕਾਰ ਤਾਂ ਮਾਨੁੱਖਤਾ ਵਿਚੋਂ ਖੰਭ ਲਾ ਕੇ ਉਡ ਗਿਆ ਹੈ। ਜਿਹੜੀ ਨੂੰਹ ਮਜਬੂਰੀ ਕਾਰਨ ਆਪਣੇ ਮਾਂ-ਬਾਪ ਦੇ ਗਲ਼ 'ਤੇ ਆਰੀ ਧਰ ਕੇ ਦਾਜ ਲੈ ਕੇ ਆਈ ਹੁੰਦੀ ਹੈ, ਸਹੁਰੇ ਘਰ ਪੈਰ ਲੱਗਣ 'ਤੇ ਉਹ ਸਾਰੀ ਉਮਰ ਆਪਣੇ ਸਹੁਰੇ ਘਰ ਨੂੰ ਕੋਸਦੀ ਪਿੱਟਦੀ ਰਹਿੰਦੀ ਹੈ ਅਤੇ ਕਦੇ ਕਦੇ ਗੱਲ ਤਲਾਕ 'ਤੇ ਜਾ ਕੇ ਨਿੱਬੜਦੀ ਹੈ। ਕਹਿਣ ਦਾ ਮਤਲਬ ਇਹ ਹੈ ਕਿ ਕੁੜੀ ਦਾ ਪੇਕਾ ਘਰ ਫਸਿਆ ਫਸਾਇਆ ਇਕ ਵਾਰ ਤਾਂ ਦਾਜ ਦੇਣ ਦਾ 'ਹੂਲ਼ਾ' ਫ਼ੱਕ ਲੈਂਦਾ ਹੈ। ਪਰ ਕੁੜੀ ਸਾਰੀ ਜ਼ਿੰਦਗੀ ਸਹੁਰੇ ਘਰ ਨਾਲ਼ ਮਨ ਨਹੀਂ ਮਿਲ਼ਾਉਂਦੀ! ਉਹਨਾਂ ਨੂੰ ਅੱਖ-ਤਿਣ ਹੀ ਰੱਖਦੀ ਹੈ!
----
ਇਸ ਦਾ ਦੂਜਾ ਪੱਖ ਇਹ ਹੈ ਕਿ ਜਦ ਧੀ ਧਰੇਕ ਵਾਂਗ ਦਿਨੋਂ ਦਿਨ ਜੁਆਨ ਹੋਣ ਲੱਗਦੀ ਹੈ ਤਾਂ ਉਸ ਦੇ ਵਿਆਹ ਦੀ ਚਿੰਤਾ ਮਾਪਿਆਂ ਦੇ ਦਿਲ ਨੂੰ ਖੋਰਨ ਲੱਗਦੀ ਹੈ ਅਤੇ ਇਸ ਦੇ ਨਾਲ਼ ਨਾਲ਼ ਦਾਜ ਦੀ ਸੋਚ ਦਹਿਲੀਜਾਂ ਆਣ ਟੱਪਦੀ ਹੈ। ਖ਼ਾਸ ਤੌਰ 'ਤੇ ਇਹ ਸੋਚ ਮਾਪਿਆਂ ਦੀ ਮਾਨਸਿਕਤਾ 'ਤੇ ਘਰੂਟ ਮਾਰਨ ਲੱਗਦੀ ਹੈ ਅਤੇ ਜਜ਼ਬਾਤਾਂ ਨੂੰ ਖੁਰਚਦੀ ਹੈ। ਮੇਰੇ ਬਾਈ ਕੁਲਦੀਪ ਮਾਣਕ ਨੇ ਇਕ ਵਾਰ ਕਿਹਾ ਸੀ ਕਿ ਜੇ ਸਾਡੇ ਸਮਾਜ ਵਿਚ ਦਾਜ ਦਾ ਕੋਹੜ੍ਹ ਨਾ ਹੁੰਦਾ ਤਾਂ ਧੀ ਨੂੰ ਕੋਈ ਬੁਰਾ ਨਾ ਆਖਦਾ। ਇਸ ਬਾਰੇ ਸਟੇਜਾਂ ਉਪਰ ਹਿੱਕ 'ਤੇ ਧੱਫ਼ੇ ਮਾਰ ਕੇ ਟਾਹਰਾਂ ਮਾਰਨ ਵਾਲ਼ਿਆਂ ਨੂੰ ਵਿਚਾਰ ਕਰਨੀ ਚਾਹੀਦੀ ਹੈ! ਸਾਡੇ ਸਮਾਜ ਵਿਚ ਉਹ 'ਗਿੱਦੜਮਾਰ' ਵੀ ਹਨ, ਜਿੰਨ੍ਹਾਂ ਦੀ ਕਥਨੀ ਅਤੇ ਕਰਨੀ ਕਦੇ ਵੀ ਹਾਣੀ ਹੋ ਕੇ ਨਹੀਂ ਤੁਰਦੀ, ਸਗੋਂ ਜੋ ਉਹ ਦਾਅਵੇ ਕਰਦੇ ਹਨ, ਉਸ ਤੋਂ ਸਰਾਸਰ ਉਲਟ ਚੱਲਦੇ ਹਨ! ਮੁੰਡੇ ਵਾਲ਼ਿਆਂ ਵੱਲੋਂ ਮੂੰਹ ਪਾੜ ਕੇ ਮੰਗਣਾ ਅਤੇ ਕੁੜੀ ਵਾਲ਼ਿਆਂ ਵੱਲੋਂ ਉਹਨਾਂ ਦੇ ਬੋਲਾਂ 'ਤੇ 'ਫ਼ੁੱਲ' ਚੜਾਉਣਾ ਇਕ ਮਜਬੂਰੀ ਬਣ ਕੇ ਰਹਿ ਗਿਆ ਹੈ! ਘੱਟ ਦਾਜ ਦੇਣ 'ਤੇ ਅਗਲੇ ਦੀ ਧੀ ਦੀ ਜ਼ਿੰਦਗੀ ਸ਼ਿਕਾਰੀਆਂ ਦੀ ਮਾਰ ਵਿਚ ਆਏ ਖ਼ਰਗੋਸ਼ ਵਰਗੀ ਬਣ ਜਾਂਦੀ ਹੈ! ਸਹੁਰੇ ਘਰ ਅਤਿਅੰਤ ਘ੍ਰਿਣਾ ਭਰਿਆ ਵਤੀਰਾ ਅਤੇ ਪਸ਼ੂਆਂ ਵਰਗਾ ਵਰਤਾਉ ਉਹਨਾਂ ਦਾ ਜਿਉਣਾ ਮੁਹਾਲ ਕਰੀ ਰੱਖਦਾ ਹੈ।
----
ਕਿਸੇ ਮਿੱਤਰ ਨੇ ਇਕ ਗੱਲ ਸੁਣਾਈ। ਇਕ ਵਾਰ ਕਿਸੇ ਦੇ ਘਰ ਕੋਈ ਮਹਿਮਾਨ ਆ ਗਿਆ। ਮਾਂ ਨੇ ਪੁੱਤ ਸੱਜਰਾ ਹੀ ਵਿਆਹਿਆ ਸੀ। ਦਾਜ ਘੱਟ ਲਿਆਉਣ ਕਰਕੇ ਨੂੰਹ 'ਤੇ ਤਾਂ ਮਾਤਾ ਜੀ ਪਹਿਲਾਂ ਹੀ ਅੱਕੇ ਰਹਿੰਦੇ ਸਨ। ਆਂਢ ਗੁਆਂਢ ਅਤੇ ਸ਼ਰੀਕੇ ਵਿਚ ਤਾਂ ਮਾਤਾ ਜੀ ਦਾ ਨੱਕ 'ਵੱਢਿਆ' ਗਿਆ ਸੀ! ਐਹੋ ਜਿਹੀਆਂ ਸੱਸਾਂ ਦੇ ਤਾਂ ਰੱਬ ਨੂੰ ਨੱਕ ਨਹੀਂ, ਹਾਥੀ ਦੀ ਸੁੰਡ ਲਾਉਣੀ ਚਾਹੀਦੀ ਸੀ। ਜੇ ਪੰਜ ਸੱਤ ਨੂੰਹਾਂ ਦੇ ਆਉਣ 'ਤੇ ਹਰ ਵਾਰ ਨੱਕ ਚਾਰ ਉਂਗਲਾਂ ਵੱਢਿਆ ਵੀ ਜਾਂਦਾ ਤਾਂ ਸਾਹ ਜੋਕਰਾ ਤਾਂ ਫੇਰ ਵੀ ਬਾਕੀ ਬਚ ਜਾਂਦਾ। ....ਖ਼ੈਰ, ਅੱਤ ਦੀ ਗਰਮੀ ਹੋਣ ਕਾਰਨ ਅੱਕਲ਼ਕਾਨ ਹੋਏ ਮਹਿਮਾਨ ਨੇ ਆ ਕੇ ਠੰਢੇ ਪਾਣੀ ਦੀ ਮੰਗ ਰੱਖੀ ਤਾਂ ਸੱਸ ਘਰੋੜਵੇਂ ਸ਼ਬਦਾਂ ਵਿਚ ਬੋਲੀ, "ਕੁੜ੍ਹੇ ਨੂੰਹ ਰਾਣੀ..! ਆਹ ਤੇਰੇ ਮਾਸੜ ਜੀ ਆਏ ਨੇ..! ਇਹਨਾਂ ਨੂੰ ਠੰਢਾ ਪਾਣੀ ਲਿਆ ਕੇ ਦੇਹ ਫਰਿੱਜ 'ਚੋਂ, ਜਿਹੜਾ ਤੇਰੇ ਪੇਕਿਆਂ ਨੇ ਦਿੱਤਾ ਸੀ..!" ਅਸਲ ਵਿਚ ਨੂੰਹ ਰਾਣੀ ਦਾਜ ਵਿਚ ਕੋਈ ਫਰਿੱਜ ਲੈ ਕੇ ਹੀ ਨਹੀਂ ਆਈ ਸੀ। ਉਸੇ ਦਿਨ ਨੂੰਹ ਰਾਣੀ ਨੇ ਆਪਣੇ ਬਾਪ ਦੀ ਹਿੱਕ 'ਤੇ ਅੜੀ ਦੀ ਬੰਦੂਕ ਧਰ ਲਈ ਕਿ ਮੈਨੂੰ ਜਲਦੀ ਫਰਿੱਜ ਲਿਆ ਕੇ ਭੇਜੋ, ਜਿੱਥੋਂ ਮਰਜ਼ੀ ਐ ਪੈਸਿਆਂ ਦਾ ਪ੍ਰਬੰਧ ਕਰੋ! ਮੈਨੂੰ ਸਹੁਰੇ ਘਰ ਵਿਚ ਨਿੱਤ ਤਾਹਨੇ ਮਿਹਣੇ ਮਿਲ਼ਦੇ ਨੇ। ਦੱਸੋ ਉਹ ਨੂੰਹ ਸਹੁਰੇ ਘਰ ਨੂੰ ਕਿਵੇਂ ਚੰਗਾ ਸਮਝੇਗੀ, ਜਿਸ ਨੂੰ ਰਿਸ਼ਤੇਦਾਰਾਂ ਵਿਚ ਸ਼ਰੇਆਮ 'ਨਸ਼ਤਰ' ਲਾਏ ਜਾ ਰਹੇ ਹਨ?
----
ਦਾਜ ਦਹੇਜ ਕਾਰਨ ਮਾਰ ਮਰਾਈ ਅਜੇ ਵੀ ਜਾਰੀ ਹੈ, ਜੋ ਵਾਕਿਆ ਹੀ ਚਿੰਤਾਜਨਕ ਹੈ! ਇਕ ਚੰਗੀ ਪੜ੍ਹੀ ਲਿਖੀ, ਅਮੀਰ ਘਰਾਣੇ ਦੀ ਕੁੜੀ ਮੇਰੇ ਸਾਹਮਣੇ ਟਾਹਰਾਂ ਮਾਰ ਰਹੀ ਸੀ, "ਕੁੱਸਾ ਜੀ, ਮੈਂ ਤਾਂ ਆਬਦੇ ਮਾਂ ਬਾਪ ਨੂੰ ਸ਼ਰੇਆਮ ਠੋਕ ਕੇ ਕਿਹਾ ਹੋਇਐ, ਬਈ ਜੇ ਤੁਸੀਂ ਮੇਰੇ ਵਿਆਹ 'ਤੇ ਪੱਚੀ ਤੀਹ ਲੱਖ ਲਾਵੋਂਗੇ, ਮੈਂ ਤਾਂ ਵਿਆਹ ਕਰੂੰਗੀ, ਨਹੀਂ ਮੈਂ ਵਿਆਹ ਈ ਨ੍ਹੀ ਕਰਵਾਉਣਾ...!" ਇਸ ਵਿਚ ਕੋਈ ਸ਼ੱਕ ਨਹੀਂ ਕਿ ਉਸ ਦੇ ਘਰਦੇ ਪੱਚੀ ਤੀਹ ਤਾਂ ਕੀ, ਪੰਜਾਹ ਲੱਖ ਲਾਉਣ ਦੀ ਸਮਰੱਥਾ ਵੀ ਰੱਖਦੇ ਸਨ। ਪਰ ਇਹ ਸਾਰਾ ਅਡੰਬਰ ਕਾਹਦੇ ਵਾਸਤੇ? ਮੈਂ ਉਸ ਕੁੜੀ ਨੂੰ ਕਿਹਾ, "ਜੇ ਕੋਈ ਅਣਪੜ੍ਹ ਕੁੜੀ ਮੈਨੂੰ ਆਹ ਗੱਲ ਆਖ ਦਿੰਦੀ ਤਾਂ ਮੈਂ ਗੁੱਸਾ ਗ਼ਿਲਾ ਨਾ ਕਰਦਾ..! ਪਰ ਤੇਰੀ ਪੜ੍ਹੀ ਲਿਖੀ ਸੋਚ 'ਤੇ ਮੈਨੂੰ ਤਰਸ ਨਹੀਂ ਆਉਂਦਾ, ਅਫ਼ਸੋਸ ਹੋ ਰਿਹੈ!" ਉਹ ਬੇਪਰਵਾਹ ਹੋ ਕੇ ਆਖਣ ਲੱਗੀ, "ਕੁੱਸਾ ਜੀ, ਬੰਦਾ ਇਕ ਵਾਰੀ ਜਿਉਂਦੈ ਤੇ ਸ਼ਾਦੀ ਦੀ ਖ਼ੁਸ਼ੀ ਵੀ ਜ਼ਿੰਦਗੀ ਵਿਚ ਇਕ ਵਾਰ ਆਉਂਦੀ ਐ..!" ਉਸ 'ਪੜ੍ਹੀ ਲਿਖੀ' ਕੁੜੀ ਨਾਲ਼ ਮੈਂ ਮਗਜ਼ਮਾਰੀ ਕਰਨੀ ਆਪਣੀ ਬੇਵਕੂਫ਼ੀ ਸਮਝੀ। ਮੈਂ ਉਸ ਨੂੰ ਕਹਿਣ ਤਾਂ ਲੱਗਿਆ ਸੀ ਕਿ ਜੇ ਤੇਰੇ ਵਰਗੀਆਂ ਪੜ੍ਹੀਆਂ ਲਿਖੀਆਂ ਸਮਾਜ ਨੂੰ ਸੁਧਾਰਨ ਦੀ ਵਜਾਏ ਬਾਪ ਦੇ ਅਮੀਰਪੁਣੇ ਦੀ ਧੌਂਸ ਵਿਚ ਕੁਰਾਹੇ ਲਈ ਜਾ ਰਹੀਆਂ ਹਨ, ਤਾਂ ਅਨਪੜ੍ਹਾਂ ਨੂੰ ਕੀ ਮਿਹਣਾ ਦੇਣਾ ਹੋਇਆ? ਚੱਲ ਉਸ ਕੁੜੀ ਦਾ ਬਾਪ ਤਾਂ ਪੱਚੀ ਤੀਹ ਲੱਖ ਦੇਣ ਦੀ ਸਮਰੱਥਾ ਰੱਖਦਾ ਹੈ, ਦੇ ਵੀ ਦੇਵੇਗਾ! ਪਰ ਜਿੰਨ੍ਹਾਂ ਕੋਲ਼ ਪੱਚੀ ਤੀਹ ਲੱਖ ਨਹੀਂ, ਉਹ ਕੀ ਕਰਨ? ਭੇਡ ਨੂੰ ਦੇਖ ਕੇ ਭੇਡ ਖੂਹ ਵਿਚ ਤਾਂ ਛਾਲ਼ ਮਾਰੇਗੀ ਹੀ ਮਾਰੇਗੀ, ਪਿਉ ਚਾਹੇ ਕਰਜ਼ਾਈ ਹੋ ਕੇ ਕਿਸੇ ਗੱਡੀ ਥੱਲੇ ਆ ਜਾਵੇ ਜਾਂ ਜ਼ਹਿਰ ਪੀ ਕੇ ਖ਼ੁਦਕਸ਼ੀ ਹੀ ਕਰ ਲਵੇ! ਉਹ ਕੁੜੀ ਵਾਰ ਵਾਰ ਇੱਕੋ ਗੱਲ 'ਤੇ ਜੋਰ ਦੇ ਰਹੀ ਸੀ ਕਿ ਮੇਰੇ ਨਾਲ਼ ਜੋ ਕੁੜੀਆਂ ਕਾਲਜ ਵਿਚ ਪੜ੍ਹਦੀਆਂ ਸਨ, ਉਹਨਾਂ ਨੂੰ ਮੈਂ ਨਿੱਤ ਆਖ ਕੇ ਚਿੜਾਉਂਦੀ ਹੁੰਦੀ ਸੀ ਕਿ ਮੈਂ ਤੁਹਾਡੇ ਸਾਰੀਆਂ ਨਾਲ਼ੋਂ ਵੱਧ ਦਾਜ ਲੈ ਕੇ ਜਾਵਾਂਗੀ ਤੇ ਪੱਚੀ ਤੀਹ ਲੱਖ ਵਿਆਹ 'ਤੇ ਖ਼ਰਚ ਕਰਵਾਵਾਂਗੀ, ਤੇ ਉਹ ਗੱਲ ਮੈਂ ਪੂਰੀ ਕਰ ਕੇ ਹਟਣੀ ਹੈ ਤੇ ਕੁੜੀਆਂ ਨੂੰ ਕਰ ਕੇ ਵੀ ਦਿਖਾਉਣਾ ਹੈ, ਮੇਰੇ ਨਾਲ਼ ਪੜ੍ਹਦੀ ਕੁੜੀ ਦੇ ਪਿਉ ਨੇ ਉਸ ਦੇ ਵਿਆਹ 'ਤੇ ਵੀਹ ਲੱਖ ਖਰਚਿਆ ਸੀ, ਤੇ ਮੈਂ ਆਪਦੇ ਬਾਪ ਤੋਂ ਪੱਚੀ ਜਾਂ ਤੀਹ ਲੱਖ ਲੁਆਵਾਂਗੀ...! ਦੱਸੋ ਇਹੋ ਜਿਹੀ ਕੁੜੀ ਨੂੰ ਬੰਦਾ ਕੀ ਆਖੇ? ਖਾੜਕੂਵਾਦ ਵੇਲ਼ੇ ਲੋਕਾਂ ਨੂੰ ਇਸ ਪੱਖੋਂ ਜ਼ਰੂਰ ਕੁਝ ਸੁਖ ਦਾ ਸਾਹ ਆਇਆ ਸੀ। ਪਰ ਲਹਿਰ ਦੇ ਦਬਣ ਤੋਂ ਬਾਅਦ ਉਹੀ ਬੈਹਾਂ ਅਤੇ ਉਹੀ ਕੁਹਾੜੀ ਖੜ੍ਹੀ ਹੋ ਗਈ।
----
ਮੈਂ ਨਿੱਜੀ ਤੌਰ 'ਤੇ ਕਈ ਧਰਮ ਦੇ 'ਠੇਕੇਦਾਰ' ਵੀ ਦੇਖੇ ਹਨ, ਜੋ ਆਪਣੇ ਆਪ ਨੂੰ ਬੜੇ 'ਧਰਮੀ' ਅਤੇ ਅਸੂਲਾਂ ਦੇ ਨਾਨੇ ਅਖਵਾਉਂਦੇ ਹਨ। ਪਰ ਅੰਦਰੋਂ ਕੀ ਹਨ...? "ਤੇਰਾ ਹੀ ਆਸਰਾ" ਕਹਿ ਕੇ ਜ਼ੁਲਮ ਢਾਹੁਣ ਵਾਲ਼ੇ ਬੁੱਚੜ, ਅਹਿਸਾਨ ਫ਼ਰਾਮੋਸ਼, ਅਕ੍ਰਿਤਘਣ, ਹਾਉਮੈ-ਗ੍ਰਸੇ ਅਤੇ ਅੱਤ ਦੇ ਲਾਲਚੀ, ਖ਼ੂਨੀ ਕੁੱਤੇ ਹਨ! ਜੋ ਡਰਾਵੇ ਦੇ ਕੇ ਜਾਂ ਫਿਰ ਤਰ੍ਹਾਂ ਤਰ੍ਹਾਂ ਦੇ ਪੱਤੇ ਖੇਡ ਕੇ ਆਪਣੇ ਨਿੱਜੀ ਸੁਆਰਥਾਂ ਲਈ ਮਜਬੂਰ ਰਿਸ਼ਤੇਦਾਰਾਂ ਨੂੰ ਵਰਤਦੇ ਹਨ। ਉਹਨਾਂ ਦੀ ਸੌੜੀ ਸੋਚ ਸਿਰਫ਼ ਆਪਣੇ ਮਤਲਬ ਤੱਕ ਹੀ ਸੀਮਤ ਰਹਿੰਦੀ ਹੈ! ਮਨੁੱਖ ਨੂੰ ਕਤਲ ਕਰਨਾ ਕਿਸ ਧਰਮ ਨੇ ਦੱਸਿਆ ਹੈ? ਸਾਡੇ ਗੁਰੂ ਤਾਂ "ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ" ਦਾ ਹੋਕਾ ਹੀ ਦਿੰਦੇ ਹਨ!
----
ਮੈਂ ਤਾਂ ਇਸ ਗੱਲ 'ਤੇ ਹੀ ਜੋਰ ਦਿਆਂਗਾ ਕਿ ਕਸੂਰ ਜਿੰਨਾਂ ਦਾਜ ਲੈਣ ਵਾਲ਼ਿਆਂ ਦਾ ਹੈ, ਉਸ ਤੋਂ ਕਿਤੇ ਵੱਧ ਦਾਜ ਦੇਣ ਵਾਲ਼ਿਆਂ ਦਾ ਹੈ! ਆਮ ਦੇਖਣ ਵਿਚ ਆਉਂਦਾ ਹੈ ਕਿ ਉਸੇ ਲੜਕੀ ਨੂੰ ਹੀ ਜ਼ਿਆਦਾ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ, ਜੋ ਵੱਧ ਤੋਂ ਵੱਧ ਦਾਜ ਲੈ ਕੇ ਆਉਂਦੀ ਹੈ! ਕੁੱਤੇ ਦੇ ਮੂੰਹ ਨੂੰ ਲਹੂ ਲੱਗਿਆ, ਕਦੋਂ ਭਲੀ ਗੁਜ਼ਾਰਦਾ ਹੈ? ਵਾਰਦਾਤਾਂ ਦੇਖ ਸੁਣ ਅਤੇ ਪੜ੍ਹ ਕੇ ਸੋਚੀਦਾ ਹੈ ਕਿ ਜ਼ਮਾਨਾ ਇਤਨਾ ਜ਼ਾਲਮ ਕਿਉਂ ਬਣਦਾ ਜਾ ਰਿਹਾ ਹੈ? ਮਨੁੱਖ ਦੀ ਮਤਲਬ-ਪ੍ਰਸਤ ਸੋਚ ਕਿਉਂ ਇਤਨੀ ਪਤਲੀ ਪੈਂਦੀ ਜਾ ਰਹੀ ਹੈ? ਲੋਭੀਆਂ ਨੂੰ ਰੱਬ ਦਾ ਡਰ ਭੈਅ ਕਿਉਂ ਨਹੀਂ ਰਿਹਾ? ਮਨੁੱਖਤਾ ਇਤਨੀ ਕੁਰਾਹੇ ਕਿਉਂ ਪੈਂਦੀ ਜਾ ਰਹੀ ਹੈ? ਇਹ ਨੌਜਵਾਨ, ਇੱਕੀਵੀਂ ਸਦੀ ਵਿਚ ਵਿਚਰਦੀ ਪੜ੍ਹੀ ਲਿਖੀ ਪੀੜ੍ਹੀ ਵੀ ਕਿਉਂ ਹਨ੍ਹੇਰੇ ਭਰੇ ਰਸਤਿਆਂ ਨੂੰ ਅੰਨ੍ਹੇਵਾਹ ਅਪਣਾਉਂਦੀ ਜਾ ਰਹੀ ਹੈ? ਇਸ "ਤਰੱਕੀ ਕਰ ਰਹੇ" ਸਮਾਜ ਵਿਚੋਂ ਇਹ ਊਣਤਾਈਆਂ ਅਤੇ ਖੋਟਾਂ ਕਦੋਂ ਨਿਕਲਣਗੀਆਂ? ਦਿਸ਼ਾਹੀਣ ਹੋਇਆ ਸਮਾਂ ਆਪਣੀਆਂ ਮੁਹਾਰਾਂ ਕਦੋਂ ਮੋੜੇਗਾ? ਇਕ ਗੱਲ ਹੋਰ ਵੀ ਦੱਸਦਾ ਜਾਵਾਂ..! ਇਕ ਜ਼ਾਲਮ ਟੱਬਰ ਆਪਣੀ ਨੂੰਹ ਨੂੰ ਰੱਜ ਕੇ ਕੁੱਟਦਾ ਮਾਰਦਾ ਰਿਹਾ। ਅਖੀਰ ਉਸ ਨਿਭਾਗੀ ਕੁੜੀ ਦਾ ਅੰਤ ਉਸ ਦੀ ਮੌਤ ਨਾਲ਼ ਹੋਇਆ। ਇਕ ਦਿਨ ਉਹਨਾਂ ਦਾ ਨੌਕਰ ਦੁੱਧ ਦਾ ਡਰੰਮ ਚੁੱਕੀ ਆ ਰਿਹਾ ਸੀ। ਉਸ ਪ੍ਰੀਵਾਰ ਦਾ 'ਅੱਤ ਪਿਆਰਾ' ਪਾਲਤੂ ਕੁੱਤਾ ਨੌਕਰ ਦੇ ਪੈਰ ਚੱਟਣ ਆ ਲੱਗਿਆ। ਨੌਕਰ ਦੇ ਕੁਤਕੁਤੀਆਂ ਜਿਹੀਆਂ ਨਿਕਲਣ ਲੱਗ ਪਈਆਂ ਅਤੇ ਉਸ ਨੇ ਦੁੱਧ ਡੁੱਲ੍ਹਣ ਦੇ ਡਰੋਂ ਕੁੱਤੇ ਦੇ ਪੋਲੀ ਜਿਹੀ ਲੱਤ ਮਾਰ ਦਿੱਤੀ। ਬੱਸ ਫਿਰ ਕੀ ਸੀ...? ਨੌਕਰ ਦੀ ਸ਼ਾਮਤ ਆ ਗਈ ਅਤੇ ਕੁੱਤਾ-ਪ੍ਰੇਮੀ ਟੱਬਰ ਨੇ ਉਸ ਦੀ ਕੁੱਟ ਕੁੱਟ ਕੇ ਲੱਤ ਤੋੜ ਦਿੱਤੀ। ਇਸ ਦਾ ਮਤਲਬ ਕੀ ਹੋਇਆ..? ਕਿ ਉਸ ਬੇਰਹਿਮ ਟੱਬਰ ਨੂੰ ਆਪਣੀ ਨੂੰਹ ਨਾਲ਼ੋਂ ਜ਼ਿਆਦਾ ਆਪਣਾ ਪਾਲਤੂ ਕੁੱਤਾ ਪਿਆਰਾ ਸੀ ਅਤੇ ਉਸੇ ਕੁੱਤੇ ਦੀ ਖਾਤਰ ਗ਼ਰੀਬ ਨੌਕਰ ਦੀ ਲੱਤ ਵੀ ਤੋੜੀ ਗਈ। ਮੈਂ ਨਹੀਂ ਕਹਿੰਦਾ ਕਿ ਬੇਜ਼ੁਬਾਨ ਜਾਨਵਰ ਨੂੰ ਪ੍ਰੇਮ ਨਹੀਂ ਕਰਨਾ ਚਾਹੀਦਾ। ਪਰ ਜਾਨਵਰ ਦੇ ਨਾਲ਼ ਨਾਲ਼ ਇਨਸਾਨ ਅਤੇ ਇਨਸਾਨੀਅਤ ਨੂੰ ਵੀ ਮੋਹ ਕਰਨਾ ਚਾਹੀਦਾ ਹੈ! ਤੀਜੇ ਪਾਤਿਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਫ਼ੁਰਮਾਇਆ ਹੈ, "ਗੁਣਵੰਤੀ ਸਚੁ ਪਾਇਆ ਤ੍ਰਿਸਨਾ ਤਜਿ ਵਿਕਾਰ।। ਗੁਰ ਸਬਦੀ ਮਨੁ ਰੰਗਿਆ ਰਸਨਾ ਪ੍ਰੇਮ ਪਿਆਰਿ।।"
----
ਆਪਣੀਆਂ ਧੀਆਂ-ਭੈਣਾਂ ਦੇ ਸਿਵੇ ਦੀ ਅੱਗ ਸੇਕਦੇ ਪੰਜਾਬੀਓ! ਹੰਭਲਾ ਮਾਰਨ ਦੀ ਲੋੜ ਹੈ। ਤੁਸੀਂ "ਪਹਿਲੇ ਆਪ - ਪਹਿਲੇ ਆਪ" ਕਰਦੇ ਕਰਦੇ ਗੱਡੀਆਂ ਲੰਘਾਈ ਜਾ ਰਹੇ ਹੋ! ਚੁੱਪ ਕਰਕੇ ਕਾਤਲਾਂ ਦੇ ਚਿਹਰੇ ਪੜ੍ਹਨ ਦੀ ਲੋੜ ਨਹੀਂ! ਜ਼ਾਲਮ ਅਤੇ ਜ਼ੁਲਮ ਨਾਲ਼ ਟੱਕਰ ਲੈਣ ਦੀ ਲੋੜ ਹੈ! ਇਹ ਬਰਬਾਦੀ ਵੱਲ ਤੁਰਿਆ ਸਮਾਜ ਛੇਤੀ ਕੀਤੇ ਸਹੀ ਦਿਸ਼ਾ ਵੱਲ ਆਉਣ ਵਾਲ਼ਾ ਨਹੀਂ। ਇਸ ਲਾਲਚ ਤੋਂ ਵਿੱਥ ਰੱਖ ਕੇ ਆਪਣੀਆਂ ਧੀਆਂ-ਭੈਣਾਂ ਦੀ ਇੱਜ਼ਤ ਨੂੰ ਇੱਜ਼ਤ, ਜਾਨ ਨੂੰ ਜਾਨ ਅਤੇ ਇਨਸਾਨ ਨੂੰ ਇਨਸਾਨ ਸਮਝੋ! ਦਾਜ ਮੰਗ ਕੇ ਘੱਟੋ ਘੱਟ ਪੰਜਾਬ ਦੇ ਨਾਂ 'ਤੇ ਕਲੰਕ ਨਾ ਬਣੋਂ! ਇਹ ਗੁਰੂਆਂ-ਫ਼ਕੀਰਾਂ ਦੀ ਰਹਿਮਤ ਵਾਲ਼ੀ ਧਰਤੀ ਹੈ! ਹੌਸਲੇ ਨਾਲ਼ ਨਵੀਂ ਨਰੋਈ ਦੁਨੀਆਂ ਸਿਰਜਣ ਦਾ ਸੰਕਲਪ ਲੈਣਾ ਨਾਜ਼ੁਕ ਸਮੇਂ ਦੀ ਜ਼ਰੂਰਤ ਹੈ। ਕੁਰਾਹੇ ਪਏ ਸਮਾਜੀਆਂ ਨੂੰ ਇਕ ਮੁੱਠ ਹੋ ਕੇ ਲਾਹਣਤਾਂ ਪਾਉਣ ਦੀ ਲੋੜ ਹੈ! ਜਿੰਨਾਂ ਘਰ ਫ਼ੂਕ ਕੇ ਤਮਾਸ਼ਾ ਦੇਖੀ ਜਾਓਗੇ, ਦਾਜ ਦੇ ਲਾਲਚੀਆਂ ਦੇ ਹੌਸਲੇ ਹੋਰ ਬੁਲੰਦ ਹੋਣਗੇ। ਲੋੜ ਹੈ ਇਸ ਨੂੰ ਨੱਥ ਕੇ ਠੱਲ੍ਹ ਪਾਉਣ ਦੀ! ਜੋ ਬਿਗਾਨੀਆਂ ਧੀਆਂ ਨੂੰ ਹਥਿਆਰ ਬਣਾ ਕੇ ਵਰਤਦੇ ਹਨ, ਉਹਨਾਂ ਦੇ ਨਿਸ਼ਾਨੇ ਤੋੜਨਾ ਅਤੇ ਮੂੰਹ ਮੋੜਨਾ ਹੀ ਮਰਦਾਨਗੀ ਅਤੇ ਨਵੇਂ ਸਮਾਜ ਦੀ ਸਿਰਜਣਾ ਹੈ! ਸਾਡੀਆਂ ਧੀਆਂ-ਭੈਣਾਂ ਨੂੰ ਵੀ ਆਪਣੀ ਜ਼ਿੰਦਗੀ ਮਹਿਫ਼ੂਜ਼ ਅਤੇ ਖ਼ੁਸ਼ਹਾਲ ਰੱਖਣ ਲਈ, ਫ਼ੋਕੀ ਸ਼ੁਹਰਤ ਪਾਸੇ ਰੱਖ ਕੇ ਦਾਜ ਦੀ ਕਾਲ਼ੀ ਵਹੀ ਪਾੜਨੀ ਹੋਵੇਗੀ। ਜੇ ਤੁਹਾਡੇ ਅਮੀਰ ਬਾਪ ਤੁਹਾਡੀਆਂ ਖ਼ਾਹਿਸ਼ਾਂ ਪੂਰੀਆਂ ਕਰਨ ਦੀ ਸਮਰੱਥਾ ਰੱਖਦੇ ਹਨ, ਤਾਂ ਇਹ ਜ਼ਰੂਰੀ ਨਹੀਂ ਕਿ ਸਾਰੀਆਂ ਧੀਆਂ ਦੇ ਬਾਪ ਤੁਹਾਡੇ ਬਾਪ ਜਿੰਨੀ ਧਗੇੜ ਝੱਲਣ ਦੀ ਸਮਰੱਥਾ ਰੱਖਦੇ ਹੋਣ? ਸਮੇਂ ਦੀ ਨਬਜ਼ ਤੁਹਾਡੇ ਹੱਥ ਹੈ!
Monday, July 6, 2009
"ਬੋਲ ਛਿੱਤਰ ਭਲਵਾਨ ਕੀ...!" - ਵਿਅੰਗ
ਲਓ ਜੀ, ਛਿੱਤਰ ਭਲਵਾਨ 'ਤੇ ਪਿਛਲੇ ਸਾਲ ਦਸੰਬਰ ਤੋਂ ਲੈ ਕੇ ਹੁਣ ਤੱਕ ਬਹੁਤ ਕੁਛ ਲਿਖਿਆ ਗਿਆ। ਮੈਂ ਚੁੱਪ ਜਿਹਾ ਬੈਠਾ ਰਿਹਾ! ਇਕ ਕਠੋਰ ਚੁੱਪ ਵੱਟੀ ਰੱਖੀ! ਸੋਚਿਆ ਕਿ ਛਿੱਤਰ ਭਲਵਾਨ ਦੀ ਪ੍ਰੀਭਾਸ਼ਾ ਮੇਰੇ ਕੋਲੋਂ ਲਿਖੀ ਨਹੀਂ ਜਾਣੀ..! ਸਿਆਣੇ ਆਖਦੇ ਹਨ ਕਿ ਜਿਸ ਦਾ ਖਾਈਏ, ਉਸ ਦੇ ਗੁਣ ਗਾਈਏ..! ਇਸ ਛਿੱਤਰ ਭਲਵਾਨ ਜੀ ਦੀ ਮੇਰੇ 'ਤੇ ਐਨੀ ਕਿਰਪਾ ਰਹੀ ਹੈ ਕਿ ਸਕੂਲ ਦੇ ਮਾਸਟਰਾਂ ਤੋਂ ਲੈ ਕੇ ਮੇਰੇ ਘਰਵਾਲ਼ੀ ਤੱਕ, ਛਿੱਤਰ ਭਲਵਾਨ ਜੀ ਮੇਰੇ 'ਤੇ ਮਿਹਰਬਾਨ ਹੀ ਰਹੇ ਹਨ! ਮੈਂ ਛਿੱਤਰ ਭਲਵਾਨ ਜੀ ਦੀ ਬਦਖ਼ੋਹੀ ਕਿਉਂ ਕਰਾਂ..? ਬਦਖੋਹੀ ਬੰਦਾ ਉਸ ਦੀ ਕਰਦਾ ਹੈ, ਜੋ ਆਪ ਦੀ ਸਿਹਤ ਅਤੇ ਮੱਤ ਵਾਸਤੇ ਹਾਨੀਕਾਰਕ ਹੋਵੇ! ਪਰ ਜੋ ਚੀਜ਼ ਤੁਹਾਡੇ ਲਈ ਫ਼ਾਇਦੇਮੰਦ ਸਾਬਤ ਹੁੰਦੀ ਹੈ, ਬੰਦਾ ਉਸ ਨਾਲ਼ ਛਿੱਤਰੋ-ਛਿੱਤਰੀ ਕਿਉਂ ਹੋਵੇ..? ਮੈਨੂੰ ਛਿੱਤਰ ਦੀ ਯਾਦ ਕਿੱਥੋਂ ਆਈ..? ਮੈਂ ਮਹੀਨਾ ਭਰ ਆਪਦੇ ਘਰ ਦੇ ਅੰਦਰਲੇ ਅਤੇ ਬਾਹਰਲੇ ਗਾਰਡਨ ਵਿਚ ਮੱਥਾ ਮਾਰਦਾ ਰਿਹਾ। ਹਰ ਵੀਕ-ਐਂਡ ਵੀ ਦੋਨੋਂ ਗਾਰਡਨਾਂ ਦੀ ਭੇਂਟ ਚੜ੍ਹ ਜਾਂਦਾ! 14 ਤਰ੍ਹਾਂ ਦੇ ਵੱਖੋ ਵੱਖਰੇ ਗੁਲਾਬ ਲਾਏ। ਜਦ ਗੁਲਾਬ ਖਿੜ ਗਏ ਅਤੇ ਗਾਰਡਨ ਮਹਿਕਣ ਲੱਗਣ ਲੱਗ ਪਿਆ ਤਾਂ ਮੇਰੀ ਬੱਤੀ ਸੁਲੱਖਣੀਂ ਘਰਵਾਲ਼ੀ ਨੇ ਅੰਦਰਲੇ ਗਾਰਡਨ ਵਿਚ ਡੰਡੇ ਦੇ ਸਿਰ 'ਤੇ ਛਿੱਤਰ ਟੰਗ ਦਿੱਤਾ! ਅਖੇ ਕਿਸੇ ਚੰਦਰੇ ਦੀ ਨਜ਼ਰ ਨਾ ਲੱਗ ਜਾਵੇ..! ਮੈਂ ਕਿਹਾ ਆਪਣੇ ਘਰ ਵਿਚ ਜਾਂ ਤਾਂ ਆਪਣੇ ਬੱਚੇ ਹਨ ਅਤੇ ਜਾਂ ਮੈਂ ਅਤੇ ਤੂੰ..! ਨਜ਼ਰ ਕੀਹਦੀ ਲੱਗਣੀ ਐਂ..? ਮੈਂ ਛਿੱਤਰ ਪੱਟ ਕੇ ਪਰਾਂਹ ਮਾਰਿਆ ਅਤੇ ਮੈਨੂੰ 'ਛਿੱਤਰ' 'ਤੇ ਲਿਖਣ ਦਾ ਹਲ਼ਕ ਜਿਹਾ ਉਠ ਖੜ੍ਹਿਆ!
----
ਮੈਂ ਕਿਸੇ ਏਅਰਪੋਰਟ 'ਤੇ ਜਾਂ ਕਿਸੇ ਗੁਰੂ ਘਰ ਜਾਵਾਂ, ਜਾਂ ਕਿਤੇ ਸੜਕ 'ਤੇ ਹੀ ਤੁਰਿਆ ਜਾਂਦਾ ਹੋਵਾਂ, ਤਾਂ ਮੈਨੂੰ ਦੋ ਚਾਰ ਬੀਬੀਆਂ ਜਾਂ ਬੰਦੇ ਐਹੋ ਜਿਹੇ ਜ਼ਰੂਰ ਮਿਲ ਜਾਂਦੇ ਹਨ, ਜੋ ਪੁੱਛਦੇ ਹਨ, "ਬਾਈ ਤੂੰ 'ਓਹੀ' ਐਂ..?" ਉਹਨਾਂ ਦਾ ਇਸ਼ਾਰਾ ਮੇਰੇ ਲੇਖਕ ਹੋਣ ਵੱਲ ਹੁੰਦਾ ਹੈ! ਬਹੁਤਾ ਰੌਲ਼ਾ ਜਿਹਾ ਪਾਉਣ ਦਾ ਆਦੀ ਮੈਂ ਵੀ ਨਹੀਂ! ਮੈਂ ਵੀ ਹੱਸ ਕੇ ਬੜਾ ਸੰਖੇਪ ਆਖਦਾ ਹੁੰਦਾ ਹਾਂ, "ਬਿਲਕੁਲ ਈ 'ਓਹੀ' ਐਂ ਬਾਈ ਜੀ..!" ਸਾਨੂੰ ਦੇਖਣ ਵਾਲ਼ੇ ਜਾਂ ਮੈਨੂੰ ਨਾ ਜਾਨਣ ਵਾਲ਼ੇ ਲੋਕ ਆਚੰਭੇ ਜਿਹੇ ਵਿਚ ਪੈ ਜਾਂਦੇ ਹਨ ਕਿ ਇਹ 'ਓਹੀ' ਕੀ 'ਬਲਾਅ' ਹੋਈ..? ਹਾਲਾਂ ਕਿ ਜੇ ਤੁਸੀਂ ਮਾਲਵੇ ਵਿਚ ਕਿਸੇ ਨੂੰ ਆਖ ਦੇਵੋਂ, "ਜਾਹ ਯਾਰ..! ਤੂੰ ਓਹੀ ਦਾ ਓਹੀ ਰਿਹਾ ਨ੍ਹਾਂ...!" ਇਕ ਤਰ੍ਹਾਂ ਦੀ 'ਗਾਲ਼' ਮੰਨੀ ਜਾਂਦੀ ਐ! ਤੇ ਹੁਣ ਜੇ ਕਿਸੇ ਸਮਾਗਮ 'ਤੇ ਜਾਈਏ ਤਾਂ ਲੋਕ ਆਪਸ ਵਿਚ 'ਘੁਸਰ-ਮੁਸਰ' ਕਰਨ ਲੱਗ ਪੈਂਦੇ ਹਨ, "ਇਹ ਤਾਂ 'ਓਹੀ' ਐ ਯਾਰ..! ਇਹਦੀ ਜੁੱਤੀ ਬਾਹਰ ਈ ਲੁਹਾ ਲਓ, ਹੋਰ ਨਾ ਕਿਸੇ ਦੀ ਪੁੜਪੜੀ 'ਚ 'ਚਿੱਬ' ਪਾ ਦੇਵੇ..!" ਹੁਣ 'ਜ਼ਿੰਮੇਵਾਰ' ਲੋਕ ਕਲਮਾਂ ਵਾਲਿ਼ਆਂ ਨੂੰ ਵੀ 'ਓਹੀ' ਦੱਸਣ ਲੱਗ ਪਏ ਹਨ ਕਿਉਂਕਿ ਇਰਾਕ ਦੇ ਪੱਤਰਕਾਰ ਮੁਨਤਾਦਹਾਰ ਅਲ-ਜਾਇਦੀ ਤੋਂ ਲੈ ਕੇ ਪੱਤਰਕਾਰ ਜਰਨੈਲ ਸਿੰਘ ਤੱਕ ਵੱਲੋਂ ਮੰਤਰੀਆਂ 'ਤੇ ਤਕਰੀਬਨ ਇੱਕੋ ਤਰ੍ਹਾਂ ਦਾ 'ਹਥਿਆਰ' ਵਰਤਿਆ ਗਿਆ! ਅਜੇ ਤਾਂ ਮੈਂ ਸ਼ੁਕਰ ਕਰਦਾ ਹਾਂ ਕਿ ਜ਼ਮਾਨਾ ਬਦਲ ਗਿਆ ਹੈ ਅਤੇ ਲੋਕ ਮੁਲਾਇਮ ਬੂਟ ਪਹਿਨਣ ਲੱਗ ਪਏ ਹਨ। ਜੇ ਕਿਤੇ ਜ਼ਮਾਨਾ ਪੁਰਾਣਾ ਹੁੰਦਾ ਅਤੇ ਲੋਕ 'ਖੜਾਵਾਂ' ਪਾਉਂਦੇ ਹੁੰਦੇ। ਮੰਤਰੀਆਂ ਦਾ ਤਾਂ ਫ਼ੇਰ ਰੱਬ ਹੀ ਰਾਖਾ ਸੀ! ਅੱਗੇ ਜੁੱਤੀ 'ਕਸੂਰ' ਦੀ ਮਸ਼ਹੂਰ ਮੰਨੀ ਜਾਂਦੀ ਸੀ ਅਤੇ ਹੁਣ ਕਿਸੇ ਨਾ ਕਿਸੇ ਦੇਸ਼ ਦੀ ਜੁੱਤੀ ਆਏ ਦਿਨ ਮਸ਼ਹੂਰੀ ਪ੍ਰਾਪਤ ਕਰਦੀ ਹੀ ਰਹਿੰਦੀ ਐ..! ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਅਲ-ਜਾਇਦੀ ਦੀ 'ਕਿਰਪਾ' ਨਾਲ਼ ਸਭ ਤੋਂ ਪਹਿਲਾਂ ਜੁੱਤੀ ਇਰਾਕ ਦੀ ਮਸ਼ਹੂਰ ਹੋਈ! ਲੋਕਾਂ ਨੇ ਉਸ ਨੂੰ ਖਰੀਦਣ ਲਈ ਆਪਣੀ 'ਬੋਲੀ' ਲਾ ਦਿੱਤੀ। ਪਰ ਬੁਸ਼ ਬਾਬਾ ਜੀ ਦੀ ਇੱਜ਼ਤ-ਆਬਰੂ ਨੂੰ ਮੁੱਖ ਰੱਖ ਕੇ ਉਹ ਜੁੱਤੀ ਹੀ 'ਨਸ਼ਟ' ਕਰ ਦਿੱਤੀ ਗਈ। ਨਾ ਚੋਰ ਲੱਗੇ ਤੇ ਨਾ ਕੁੱਤੀ ਭੌਂਕੇ!
----
ਜੁੱਤੀਆਂ ਚੱਲਣ ਦੇ ਕਈ ਅੰਦਾਜ਼ ਰਹੇ ਹਨ। ਹਰ ਚੀਜ਼ ਨੂੰ ਚਲਾਉਣ ਦਾ ਢੰਗ ਹੁੰਦਾ ਹੈ! ਇਕ ਵਾਰ ਸਾਡੇ ਪਿੰਡ ਵਿਚ ਕਾਮਰੇਡਾਂ ਵੱਲੋਂ ਕੋਈ ਡਰਾਮਾ ਖੇਡਿਆ ਜਾ ਰਿਹਾ ਸੀ। ਪਿੰਡ ਦੇ ਕੁਝ ਲੋਕਾਂ ਦੀ ਦਾਰੂ ਪੀਤੀ ਹੋਈ ਸੀ। ਮੈਨੂੰ ਉਮੀਦ ਹੈ ਕਿ ਮੇਰੇ ਮਾਲਵੇ ਦੇ ਲੋਕ ਸਿਰਫ਼ ਮਕਾਣ ਹੀ 'ਸੋਫ਼ੀ' ਜਾਂਦੇ ਹਨ। ਨਹੀਂ ਕੋਈ ਕਿੱਤਾ ਐਹੋ ਜਿਹਾ ਨਹੀਂ ਹੋਵੇਗਾ, ਜਿੱਥੇ ਮਲਵਈ ਦਾਰੂ ਨਹੀਂ ਪੀਂਦੇ! ਕਿਸੇ ਗੱਲ ਤੋਂ ਸ਼ਰਾਬੀ ਬੰਦੇ ਡਰਾਮਾ ਦੇਖਦੇ ਦੇਖਦੇ ਆਪਸ ਵਿਚ ਲੜ ਪਏ। ਦੁਨੀਆਂ ਖਿੰਡ ਗਈ। ਧੂਤਕੜਾ ਪੈਣ ਸਾਰ ਡਰਾਮਾਕਾਰੀ ਵੀ ਸਟੇਜਜ ਵਿਹਲੀ ਕਰ ਗਏ। ਸਟੇਜ 'ਤੇ ਇਕ ਗੈਸ ਜਗੀ ਜਾ ਰਿਹਾ ਸੀ। ਉਦੋਂ ਪਿੰਡਾਂ ਵਿਚ ਬਿਜਲੀ ਨਹੀਂ ਆਈ ਸੀ। ਸਟੇਜਾਂ 'ਤੇ ਚਾਨਣ ਕਰਨ ਲਈ ਗੈਸ ਨਾਲ਼ ਹੀ ਕੰਮ ਚਲਾਇਆ ਜਾਂਦਾ ਸੀ। ਇਕ ਅਮਲੀ ਨੇ ਆਪਣੀ ਜੁੱਤੀ 'ਚ ਰੋੜਾ ਪਾ ਕੇ ਗੈਸ ਵੱਲ ਨੂੰ ਚਲਾਇਆ ਤੇ ਬਣਾ ਸੁਆਰ ਕੇ ਕਹਿੰਦਾ, "ਜਲਸੇ ਆਲ਼ੇ ਤਾਂ ਤਿੱਤਰ ਹੋਗੇ ਤੇ ਆਹ ਭੈਣ ਦੇਣੇ ਦਾ 'ਕੱਲਾ ਈ ਜਗੀ ਜਾਂਦੈ..?" ਜੁੱਤੀ 'ਚ ਪਾਏ ਰੋੜੇ ਨਾਲ਼ ਗੈਸ ਖੱਖੜੀਆਂ ਹੋ ਗਿਆ ਸੀ।
----
ਇਸੇ ਤਰ੍ਹਾਂ ਹੀ ਮੈਂ ਬੱਸ ਵਿਚ ਛਿੱਤਰ-ਪਰੇਡ ਹੁੰਦੀ ਦੇਖੀ। ਉਦੋਂ ਮੈਂ ਡੀ.ਐੱਮ. ਕਾਲਜ ਮੋਗੇ ਪੜ੍ਹਦਾ ਸੀ। ਅਸੀਂ ਬੌਡਿਆਂ ਤੋਂ ਬੱਸ ਫੜਕੇ ਮੋਗੇ ਆਉਂਦੇ ਹੁੰਦੇ ਸਾਂ। ਸਾਡੇ ਪਿੰਡ ਅਜੇ ਬੱਸ ਨਹੀਂ ਆਉਣ ਲੱਗੀ ਸੀ। ਜੇ ਕਦੇ ਕਦਾਈਂ ਕੋਈ ਆਉਂਦੀ ਵੀ ਸੀ ਤਾਂ ਲੋਕ ਉਸ ਦੀ ਇਉਂ ਉਡੀਕ ਕਰਦੇ ਜਿਵੇਂ ਕਰਵਾ ਚੌਥ ਦਾ ਵਰਤ ਰੱਖੀ ਬੀਬੀਆਂ ਰਾਤ ਨੂੰ 'ਅਰਘ' ਦੇਣ ਲਈ ਚੰਦਰਮਾਂ ਦੀ ਉਡੀਕ ਕਰਦੀਆਂ ਹਨ! ਮੋਗੇ ਦੇ ਬੱਸ ਸਟੈਂਡ 'ਤੇ ਖੜ੍ਹੀਆਂ ਬੱਸਾਂ ਵਿਚ ਇਕ ਬੰਦਾ ਇਕ-ਇਕ ਰੁਪਈਏ ਦੀ ਜਲਧਾਰੇ ਦੀ ਸ਼ੀਸ਼ੀ ਵੇਚਦਾ ਹੁੰਦਾ ਸੀ। ਇਕ ਰੁਪਏ ਦੀ ਇਸ ਸ਼ੀਸ਼ੀ ਦੇ ਗੁਣ ਜਦ ਉਹ ਦੱਸਣ ਲੱਗਦਾ ਤਾਂ ਲੋਕ ਉਸ ਦੇ ਇੰਜ ਕਾਇਲ ਹੋ ਜਾਂਦੇ ਜਿਵੇਂ ਉਹ ਲੰਡਨ ਦਾ ਕਿੰਗ ਜੌਰਜ ਹਸਪਤਾਲ਼ ਨਾਲ਼ ਹੀ ਚੁੱਕੀ ਫਿ਼ਰਦਾ ਹੋਵੇ। ਸ਼ੀਸ਼ੀ ਦੇ ਗੁਣਾਂ ਵਿਚ ਇਹ ਵੀ ਸ਼ਾਮਲ ਸੀ ਕਿ ਜੇ ਕਿਤੇ ਰਾਤ ਬਰਾਤੇ ਕਿਸੇ ਦੇ ਕੱਟਰੂ-ਵੱਛਰੂ ਨੂੰ ਅਫ਼ਰੇਵਾਂ ਹੋ ਜਾਵੇ ਤਾਂ ਪਸ਼ੂ ਦੀ ਅੱਖ ਵਿਚ ਇਕ ਤੁਪਕਾ 'ਜਲਧਾਰੇ' ਦਾ ਪਾਓ! ਅਫ਼ਰੇਵਾਂ ਖ਼ਤਮ ਹੋ ਜਾਵੇਗਾ। ਖ਼ੈਰ, ਸਾਡੇ ਪਿੰਡ ਦੇ ਧਿਆਨੇ ਨੇ ਉਸ ਸ਼ੀਸ਼ੀ ਦੇ ਵੀਹ-ਪੱਚੀ ਗੁਣ ਸੁਣ ਕੇ ਇਕ ਰੁਪਈਆ ਖ਼ਰਚ ਦਿੱਤਾ ਅਤੇ ਜਲਧਾਰੇ ਦੀ ਸ਼ੀਸ਼ੀ ਖ਼ਰੀਦ ਲਈ। ਕੁਦਰਤ ਰੱਬ ਦੀ ਇਕ ਦਿਨ ਗੁਆਂਢੀਆਂ ਦੀ ਮੱਝ ਨੂੰ ਸਪਰੇਅ ਵਾਲ਼ਾ ਗੁਆਰਾ ਖਾ ਕੇ ਅਫ਼ਰੇਵਾਂ ਹੋ ਗਿਆ। ਧਿਆਨ ਸਿੰਘ ਨੇ ਜਦ ਰੌਲ਼ਾ ਜਿਹਾ ਸੁਣਿਆ ਤਾਂ ਉਹ ਆਪਣੀ ਸ਼ੀਸ਼ੀ ਗੀਝੇ ਵਿਚ ਪਾ ਕੇ ਗੁਆਂਢੀਆਂ ਦੇ ਘਰੇ ਚਲਾ ਗਿਆ।
----
-"ਕੀ ਗੱਲ ਐ ਭਤੀਜ...?"
-"ਕਾਹਦੀ ਗੱਲ ਐ ਤਾਇਆ..! ਮੱਝ ਨੂੰ 'ਫ਼ਰੇਮਾਂ ਹੋ ਗਿਆ..!" ਗੁਆਂਢੀ ਮੁੰਡੇ ਨੇ ਦੁਖੀ ਜਿਹੇ ਮਨ ਨਾਲ਼ ਦੱਸਿਆ।
-"ਦੁਆਈ ਮੇਰੇ ਕੋਲ਼ੇ ਐ - ਤੁਸੀਂ ਇਹਨੂੰ ਕੇਰਾਂ ਮੂਧੀ ਪਾਓ!" ਉਸ ਨੇ ਹਕੀਮ ਵਾਂਗ ਕਿਹਾ।
-"ਮੂਧੀ ਪਾਉਣ ਨੂੰ ਕੋਈ ਟੀਕਾ ਟੂਕਾ ਲਾਉਣੈਂ ਭਾਈ ਜੀ..?" ਮੁੰਡੇ ਦੀ ਮਾਂ ਨੇ ਪੁੱਛਿਆ।
-"ਕਾਹਨੂੰ ਲਾਣੇਦਾਰਨੀਏਂ..! ਤੂੰ ਆਬਦੀਆਂ ਦੁੱਧ ਰਿੜਕਣ ਆਲ਼ੀਆਂ ਗੱਲਾਂ ਨਾ ਕਰ..! ਦੁਆਈ ਇਹਦੀ ਅੱਖ 'ਚ ਪਾਉਣੀਂ ਐਂ..! ਦੇਖੀ ਜਾਈਂ..! ਚੱਕਦੂ ਅੱਖਾਂ ਦੀ ਲਾਲੀ..!"
-"ਫ਼ੇਰ ਮੂਧੀ ਪਾਉਣ ਦੀ ਕੀ ਲੋੜ ਐ ਤਾਇਆ..? ਮੂਧਾ ਤਾਂ ਪਸ਼ੂ ਪਹਿਲਾਂ ਈ ਹੁੰਦੈ..!"
-"ਹਾਂ..! ਇਹ ਗੱਲ ਵੀ ਸਹੀ ਐ..! ਚਲੋ ਫ਼ੇਰ ਇਹਨੂੰ ਟੇਢੀ ਪਾਓ..!"
ਮੁੰਡਿਆਂ ਨੇ ਬਿਮਾਰ ਮੱਝ ਔਖੇ ਸੌਖੇ ਹੋ ਕੇ ਟੇਢੀ ਕਰ ਲਈ।
ਮੱਝ ਦੀ ਅੱਖ ਵਿਚ ਜਲਧਾਰਾ ਪਾ ਦਿੱਤਾ ਗਿਆ। ਪਰ ਕੋਈ ਫ਼ਰਕ ਨਾ ਪਿਆ। ਮੱਝ ਹੋਰ ਵੀ ਔਖੇ ਔਖੇ ਸਾਹ ਲੈਣ ਲੱਗ ਪਈ।
-"ਦੇਬੂ..! ਮੱਝ ਤੰਗ ਐ ਭਾਈ..! ਕਿਸੇ ਸਲੋਤਰੀ ਨੂੰ ਬੁਲਾਓ..!" ਦੇਬੂ ਦੀ ਮਾਂ ਚਿੰਤਾ ਵਿਚ ਬੋਲੀ।
-"ਲਾਣੇਦਾਰਨੀਏਂ ਤੂੰ ਫਿ਼ਕਰ ਕਿਉਂ ਕਰਦੀ ਐਂ..? ਸਲੋਤਰੀ ਨੇ ਆ ਕੇ ਕਿਹੜਾ ਟੂਣਾਂ ਕਰ ਜਾਣੈਂ..? ਦੁਆਈ ਆਪਣੇ ਕੋਲ਼ੇ ਐ..! ਇਕ ਵਾਰੀ ਹੋਰ ਚਾੜ੍ਹ ਦਿਆਂਗੇ..!"
-"ਵੇ ਭਾਈ ਉਹਨਾਂ ਦੀਆਂ ਪੜ੍ਹਾਈਆਂ ਕੀਤੀਆਂ ਹੁੰਦੀਐਂ, ਅਗਲੇ ਮਿੰਟ 'ਚ ਰੋਗ ਬੁੱਝ ਲੈਂਦੇ ਐ..!"
-"ਲੈ ਭੜ੍ਹਾਈਆਂ ਕਰਕੇ ਉਹਨਾਂ ਕੋਲ਼ੇ ਕਿਹੜਾ ਗਿੱਦੜਸਿੰਗੀ ਆ ਜਾਂਦੀ ਐ..? ਆਹ ਬਰਾੜਾਂ ਦਾ ਬੱਲੀ ਸਾਰੇ ਪਿੰਡ ਜਿੰਨਾਂ 'ਕੱਲਾ ਈ ਪੜ੍ਹ ਗਿਆ..! ਉਹਦਾ ਡਮਾਕ ਹਿੱਲ ਗਿਆ..! ਆਬਦੇ ਬਾਪੂ ਨੂੰ 'ਭਾਅਪਾ' ਈ ਦੱਸਦੈ..! ਉਏ ਮੁੰਡਿਓ..! ਹੁਣ ਮੈਨੂੰ ਇਹਦੀ ਦੂਜੀ ਅੱਖ 'ਚ ਪਾਉਣ ਦਿਓ ਇਕ ਤੁਪਕੀ..! ਦੇਖਿਓ ਕਿਮੇ ਫ਼ੁੱਲ ਮਾਂਗੂੰ ਹੌਲ਼ੀ ਹੁੰਦੀ ਐ..! ਇਹ ਤਾਂ ਦਸਾਂ ਮਿੰਟਾਂ 'ਚ ਸੀਟੀਆਂ ਮਾਰੂ, ਸੀਟੀਆਂ..! ਸੀਸੀ 'ਤੇ ਮੇਰਾ ਪੂਰਾ ਰੁਪਈਆ ਲਾਇਆ ਵਿਐ..! ਜਿਹੜੇ ਬੱਸਾਂ 'ਚ 'ਪਰਾਟੀਸ' ਕਰਦੇ ਫਿਰਦੇ ਐ, ਕਿਤੇ ਝੂਠ ਤੁਫ਼ਾਨ ਤਾਂ ਨ੍ਹੀ ਤੋਲਦੇ..! ਕਰੋ ਇਹਨੂੰ ਮਾੜਾ ਜਿਆ ਬੱਤ ਕੇਰਾਂ..! ਫੜ ਬਈ ਇਹਦਾ ਕੰਨ..! ਡਰਦਾ ਕਾਹਤੋਂ ਐਂ..? ਇਹ ਸ਼ਾਟ ਤਾਂ ਨ੍ਹੀ ਮਾਰਦੀ..!" ਮੁੰਡਿਆਂ ਨੇ ਉਸ ਦੇ ਆਖੇ ਲੱਗ ਕੇ ਦੁਆਈ ਮੱਝ ਦੀ ਦੂਜੀ ਅੱਖ ਵਿਚ ਵੀ ਪੁਆ ਦਿੱਤੀ। ਪਰ ਰਾਜ਼ੀ ਹੋਣ ਦੀ ਜਗਾਹ ਮੱਝ ਅੱਧੇ ਕੁ ਘੰਟੇ ਬਾਅਦ ਇਸ 'ਫ਼ਾਨੀ ਸੰਸਾਰ' ਨੂੰ 'ਫ਼ਤਹਿ' ਬੁਲਾ ਗਈ। ਦਸ ਕਿਲੋ ਦੁੱਧ ਦੇਣ ਵਾਲ਼ੀ ਮੱਝ ਦੇ ਵਿਯੋਗ ਵਿਚ ਬੁੜ੍ਹੀ ਦੇ ਪਿੱਟ-ਸਿਆਪਾ ਜਿਹਾ ਕਰਨ 'ਤੇ ਮੁੰਡਿਆਂ ਨੇ ਧਿਆਨਾ ਮੱਝ ਵਾਂਗ ਹੀ ਮੂਧਾ ਪਾ ਲਿਆ ਅਤੇ ਤਕੜੀ ਦੁਰਬੜੀ ਲਾ ਦਿੱਤੀ। ਕੁੱਟ ਖਾ ਕੇ ਸਤਿਆ ਧਿਆਨਾਂ ਅਗਲੇ ਦਿਨ ਮੋਗੇ ਨੂੰ ਬੱਸ ਚੜ੍ਹ ਗਿਆ। ਜਾਣ ਸਾਰ ਉਸ ਨੇ ਉਹ ਸ਼ੀਸ਼ੀਆਂ ਵੇਚਣ ਵਾਲ਼ਾ ਬਾਈ ਲੱਭ ਲਿਆ ਅਤੇ ਉਸ 'ਤੇ ਧੌੜੀ ਦੀ ਜੁੱਤੀ 'ਫੇਰਨੀ' ਸ਼ੁਰੂ ਕਰ ਦਿੱਤੀ।
----
ਇਕ ਸੱਭਿਆਚਾਰਕ ਮੇਲੇ ਵਿਚ ਇਕ ਗਾਇਕ ਲੋਕਾਂ ਨੂੰ ਅਤੇ ਗਾਇਕਾਂ ਨੂੰ 'ਉਪਦੇਸ਼' ਜਿਹਾ ਦੇਈ ਜਾ ਰਿਹਾ ਸੀ, "ਮੇਰੀ ਗਾਇਕ ਵੀਰਾਂ ਨੂੰ ਬੇਨਤੀ ਹੈ ਕਿ ਪ੍ਰਸਿੱਧੀ ਲਈ ਲੱਚਰ ਗੀਤਾਂ ਦਾ ਸਹਾਰਾ ਨਾ ਲੈਣ..! ਜਿੱਥੋਂ ਤੱਕ ਹੋ ਸਕੇ, ਗੀਤ ਧੀਆਂ ਭੈਣਾਂ ਵਿਚ ਸੁਣਨ ਵਾਲ਼ੇ ਹੀ ਗਾਏ ਜਾਣ..! ਮੇਰੀ ਗੀਤਕਾਰ ਭਰਾਵਾਂ ਨੂੰ ਵੀ ਗੁਜ਼ਾਰਿਸ਼ ਹੈ ਕਿ ਉਹ ਅਸ਼ਲੀਲ ਗੀਤ ਨਾ ਸਿਰਜਿਆ ਕਰਨ..! ਸੱਭਿਆਚਾਰਕ ਗੀਤ ਹੀ ਲਿਖਿਆ ਕਰਨ ਤਾਂ ਕਿ ਅਸੀਂ ਆਪਣਾ ਵਿਰਸਾ ਬਚਾ ਸਕੀਏ..!" ਤੇ ਜਦ ਉਸੇ ਗਾਇਕ ਨੇ "ਨਾਲ਼ੋਂ ਜਾ ਕੇ ਨਾਇਣ ਚੱਕ ਲਈ - ਮੈਂ ਤਾਂ ਸੋਚਿਆ ਪਟੋਲ੍ਹਾ ਹੱਥ ਆ ਗਿਆ..!" ਸ਼ੁਰੂ ਕੀਤਾ ਤਾਂ ਉਥੇ ਉਸ ਦੇ ਸਿਰ ਵਿਚ ਕਿੰਨੇ ਅਤੇ ਕਿੰਨੀ ਤਰ੍ਹਾਂ ਦੇ ਛਿੱਤਰ ਵਰ੍ਹੇ..? ਦੱਸਣਾ ਮੁਸ਼ਕਿਲ ਹੈ..! ਇਹ ਤਾਂ ਸ਼ਾਇਦ ਕੋਈ ਡਾਕਟਰੀ ਰਿਪੋਰਟ ਹੀ ਦੱਸ ਸਕੇਗੀ!
----
ਸਾਡੇ ਪਿੰਡ ਵਿਚ ਇਕ ਤਾਈ ਹਰਨਾਮੀ ਹੁੰਦੀ ਸੀ। ਉਮਰ ਉਸ ਦੀ ਅੱਸੀਆਂ ਦੇ ਨੇੜ ਅਤੇ ਸੋਟੀ ਆਸਰੇ ਹੀ ਤੁਰਦੀ ਸੀ! ਆਦਤ ਉਸ ਦੀ ਵੀ ਬਹੁਤ ਭੈੜ੍ਹੀ ਸੀ। ਜਦ ਕਿਸੇ ਪਿੰਡ ਦੀ ਨੂੰਹ ਨੇ ਖੇਤ ਰੋਟੀ ਲਈ ਜਾਂਦੀ ਨੇ ਉਸ ਨੂੰ, "ਬੇਬੇ ਜੀ ਮੱਥਾ ਟੇਕਦੀ ਆਂ" ਆਖ ਜਾਣਾ ਤਾਂ ਤਾਈ ਹਰਨਾਮੀ ਨੇ ਸੋਟੀ ਆਸਰੇ ਉਥੇ ਹੀ ਖੜ੍ਹ ਕੇ ਅਸੀਸਾਂ ਦੇਣ ਲੱਗ ਜਾਣਾ, "ਵੀਰ ਜਿਉਣ, ਮਹਾਰਾਜ ਬੱਚਾ ਦੇਵੇ, ਰੱਬ ਭਾਗ ਲਾਵੇ, ਬੁੱਢ ਸੁਹਾਗਣ ਰਹੇਂ..!" ਮੱਥਾ ਟੇਕਣ ਵਾਲ਼ੀ ਨੇ ਰੋਟੀ ਲੈ ਕੇ ਖੇਤ ਪਹੁੰਚ ਜਾਣਾ। ਪਰ ਤਾਈ ਨੇ ਉਥੇ ਖੜ੍ਹੀ ਨੇ ਹੀ ਅਸੀਸਾਂ ਦੇਈ ਜਾਣੀਆਂ! ਤੇ ਜੇ ਕਿਸੇ ਨੇ ਬੇਧਿਆਨੀ ਜਾਂ ਤੇਜੀ ਵਿਚ ਤਾਈ ਹਰਨਾਮੀ ਨੂੰ ਮੱਥਾ ਟੇਕਣੋਂ ਭੁੱਲ ਜਾਣਾ ਤਾਂ ਉਦੋਂ ਤਾਂ ਤਾਈ ਨੇ ਕੁਝ ਨਾ ਬੋਲਣਾ। ਪਰ ਜਦ ਅਗਲੀ ਨੇ ਕਿੱਲਾ ਦੋ ਕਿੱਲੇ ਵਾਟ ਅੱਗੇ ਲੰਘ ਜਾਣਾ ਤਾਂ ਤਾਈ ਨੇ ਆਪਣਾ 'ਸੋਲ੍ਹਾ' ਛਿੱਤਰ ਲਾਹ ਕੇ ਅਗਲੀ ਦੇ ਪੈਰ ਦੀ ਪੈੜ ਕੁੱਟਣ ਲੱਗ ਜਾਣੀ, "ਇਹ ਤਾਂ ਕਿਸੇ ਗਏ ਘਰ ਦੀ ਐ..! ਇਹਨੂੰ ਅਕਲ ਨ੍ਹੀ ਭਾਈ..!" ਤੇ ਜੇ ਕਿਸੇ ਨੇ ਉਸ ਨੂੰ ਜੁੱਤੀ ਨਾਲ਼ ਪੈੜ ਕੁੱਟਣ ਦਾ ਕਾਰਨ ਪੁੱਛਣਾ ਤਾਂ ਉਸ ਨੇ ਛਿੱਤਰ ਦੀ ਸੱਟ ਹੋਰ ਕਰੜੀ ਕਰ ਦੇਣੀਂ ਅਤੇ ਨਾਲ਼ੇ ਪੈੜ 'ਤੇ ਥੁੱਕਣਾ, "ਕਿਸੇ ਮਾੜੇ ਪੈੜੇ ਆਲ਼ੀ ਦੀ ਪੈੜ ਕੁੱਟਦੀ ਐਂ ਭਾਈ..! ਐਹੋ ਜੀ ਦਾ ਤਾਂ ਪਿੰਡ 'ਤੇ ਪਰਛਾਵਾਂ ਪਿਆ ਵੀ ਮਾੜੈ..!" ਉਸ ਨੇ ਮੱਥਾ ਨਾ ਟੇਕਣ ਦਾ ਗੁੱਸਾ ਅਗਲੀ ਦੀ ਪੈੜ ਕੁੱਟ ਕੇ ਲੈਣਾਂ! ਕਦੇ ਕਦੇ ਉਸ ਨੇ ਬਿਨਾ ਗੱਲੋਂ ਵੀਹੀ ਵਿਚ ਖੜ੍ਹ ਕੇ ਆਪਣਾ ਗੁੱਸਾ ਕੱਢਣ ਲੱਗ ਪੈਣਾਂ, "ਪੰਜ ਦਿਨ ਹੋ ਗਏ, ਆਹ ਟੁੱਟੜਾ ਮਿਸਤਰੀ ਮੇਰੀ ਪੀੜ੍ਹੀ ਨ੍ਹੀ ਠੋਕ ਕੇ ਦਿੰਦਾ..! ਮੈਂ ਇਕ ਅੱਧਾ ਦਿਨ ਹੋਰ ਦੇਖਣੈਂ, ਰੁੜ੍ਹ ਜਾਣੇ ਦੇ ਘਰੇ ਸਿਆਪਾ ਕਰ ਕੇ ਆਊਂ..!" ਤੇ ਨਾਲ਼ ਦੀ ਨਾਲ਼ ਉਸ ਨੇ ਅੰਦਰੋਂ ਛੱਜ ਲਿਆ ਕੇ ਉਸ 'ਤੇ ਆਪਣਾ ਛਿੱਤਰ ਖੜਕਾਉਣਾ ਸ਼ੁਰੂ ਕਰ ਦੇਣਾ!
----
ਇਕ ਗੱਲ ਹੋਰ ਦੱਸਦਾ ਜਾਂਵਾਂ ਕਿ ਛਿੱਤਰ ਸਿਰਫ਼ ਕੁੱਟਣ ਵਾਸਤੇ ਹੀ ਨਹੀਂ ਹੁੰਦਾ! ਛਿੱਤਰ ਕਦੇ ਕਦੇ ਦੁਆਈ ਵਾਂਗ ਲਾਹੇਵੰਦ ਵੀ ਸਾਬਤ ਹੁੰਦਾ ਹੈ! ਆਮ ਲੋਕਾਂ ਦਾ ਕਥਨ ਹੈ ਕਿ ਜੇ ਕਿਸੇ ਨੂੰ ਮਿਰਗੀ ਪੈ ਜਾਵੇ, ਤਾਂ ਉਸ ਰੋਗੀ ਨੂੰ ਛਿੱਤਰ ਸੁੰਘਾਓ! ਠੀਕ ਹੋ ਜਾਵੇਗਾ! ਜੁੱਤੀ ਉਤਨੀ ਬਦਨਾਮ ਨਹੀਂ, ਜਿੰਨੀ ਲੋਕਾਂ ਨੇ ਬਦਨਾਮ ਕਰ ਮਾਰੀ ਹੈ! ਜਦ ਅਸੀਂ ਗੁਰੂ ਘਰ ਜਾਂਦੇ ਹਾਂ ਤਾਂ ਜੋੜਿਆਂ ਦੀ ਸੇਵਾ ਨੂੰ ਉੱਤਮ ਸਮਝ ਕੇ ਕਰਦੇ ਹਾਂ! ਜੋੜਿਆਂ ਦੀ ਸੇਵਾ ਕਰਨ ਨਾਲ਼ ਮਨ ਦੀ ਮੈਲ਼ ਅਤੇ ਪਾਪ ਧੋਤੇ ਜਾਂਦੇ ਹਨ। ਇਕ ਵਾਰੀ ਧੰਨੇ ਅਮਲੀ ਨੂੰ ਕੋਈ ਜੋਗੀ 'ਮਣਕਾ' ਦੇ ਗਿਆ। ਅਖੇ ਜੇ ਕਿਸੇ ਦੇ ਸੱਪ ਲੜ ਜਾਵੇ ਤਾਂ ਇਹ ਮਣਕਾ ਉਪਰ ਲਾ ਦੇਵੀਂ। ਇਹ ਮਣਕਾ ਸਾਰੀ ਜ਼ਹਿਰ ਚੂਸ ਲਵੇਗਾ। ਅਮਲੀ ਸੀ ਕਮਲ਼ਾ! ਉਸ ਨੇ ਖੇਤਾਂ ਦੀਆਂ ਉੱਜੜੀਆਂ ਖੱਡਾਂ ਵਿਚ ਹੱਥ ਮਾਰਨੇ ਸ਼ੁਰੂ ਕਰ ਦਿੱਤੇ ਕਿ ਕਦੋਂ ਸੱਪ ਮੇਰੇ ਲੜੇ, ਤੇ ਕਦੋਂ ਮੈਂ ਮਣਕਾ ਅਜ਼ਮਾਵਾਂ..! ਸਾਡੇ ਗੁਆਂਢੀ ਤਾਏ ਨੇ ਹੱਸਦਿਆਂ ਕਿਹਾ, "ਦੇਖੋ ਉਏ ਮੁੰਡਿਓ..! ਇਹਦੀਆਂ ਲੱਕੜਾਂ ਦਾ ਪ੍ਰਬੰਧ ਕਰੋ ਉਏ..! ਔਹ ਧੰਨੇ ਨੂੰ ਮਣਕੇ ਦਾ ਕੀ ਕਮਲ਼ ਚੜ੍ਹਿਐ..! ਦਿਨ ਰਾਤ ਸੱਪਾਂ ਦੀਆਂ ਖੱਡਾਂ ਵਿਚ ਹੱਥ ਪਾ ਪਾ ਕੇ ਸੱਪ ਟੋਂਹਦੈ ਫਿਰਦੈ..! ਇਹ ਕਿਸੇ ਦਿਨ ਸੱਪ ਫੜਦਾ ਫੜਦਾ ਕਿਤੇ ਬੰਦੇ ਨਾ ਫੜਨ ਲੱਗ ਪਵੇ? ਕਿਸੇ ਦਿਨ ਸੱਪ ਆਉਣੈਂ ਨਿਕਲ਼ ਤੇ ਉਹਨੇ ਮਾਰਨੈਂ ਇਹਦੇ ਡੰਗ, ਮਣਕੇ ਨੇ ਕੁਛ ਕਰਨਾ ਨ੍ਹੀ ਤੇ ਇਹਨੇ ਮਰ ਜਾਣੈਂ..! ਲੱਕੜਾਂ ਆਪਾਂ ਨੂੰ ਈ ਲਾਉਣੀਆਂ ਪੈਣੀਐਂ..!" ਇਕ ਦਿਨ ਕਿਸੇ ਖੱਡ 'ਚੋਂ ਕੋਈ ਚੂਹੇ ਖਾਣਾ ਸੱਪ ਨਿਕਲ਼ ਆਇਆ ਤੇ ਧੰਨੇ ਦੇ ਦੰਦੀ ਜਿਹੀ ਵੱਢ ਗਿਆ। ਸੱਪ ਦੀਆਂ ਕਈ ਨਸਲਾਂ ਐਹੋ ਜਿਹੀਆਂ ਹੁੰਦੀਆਂ ਨੇ, ਜਿੰਨ੍ਹਾਂ ਦੇ ਡੰਗ ਵਿਚ ਜ਼ਹਿਰ ਹੀ ਨਹੀਂ ਹੁੰਦਾ। ਸੱਪ ਦੇ ਡੰਗਣ ਨਾਲ਼ ਧੰਨੇ ਨੂੰ ਬਹੁਤਾ ਕੁਛ ਤਾਂ ਨਾ ਹੋਇਆ ਅਤੇ ਨਾ ਹੀ ਉਸ ਦੇ ਮਣਕੇ ਨੇ ਕੋਈ ਕੰਮ ਕੀਤਾ! ਪਿੰਡ ਵਾਲ਼ੇ ਕਿਤੋਂ ਕਿਸੇ ਜੋਗੀ ਨੂੰ ਲੱਭ ਲਿਆਏ। ਉਸ ਨੇ ਸਲਾਹ ਦਿੱਤੀ ਕਿ ਚੂਹੇ ਖਾਣੇ ਸੱਪ ਦੇ ਡੰਗਣ ਨਾਲ਼ ਬੰਦਾ ਮਰਦਾ ਨਹੀਂ। ਬੱਸ 'ਘਾਊਂ-ਮਾਊਂ' ਜਿਹਾ ਹੋ ਜਾਂਦੈ ਤੇ ਡੰਗ ਵਾਲ਼ੀ ਜਗਾਹ 'ਤੇ ਸੋਜ਼ ਜਿਹੀ ਹੋ ਜਾਂਦੀ ਐ!
----
-"ਇਹਦਾ 'ਲਾਜ ਵੀ ਦੱਸ ਦਿਓ ਜੋਗੀ ਜੀ..! ਇਹਦੀ ਸੋਜ ਦਾ ਕੀ ਕਰੀਏ..?" ਕਿਸੇ ਰਹਿਮ ਦਿਲ ਨੇ ਪੁੱਛਿਆ।
-"ਇਹਦੇ ਸੋਜਜ ਵਾਲ਼ੀ ਥਾਂ 'ਤੇ ਨਿੰਮ੍ਹ ਦਾ ਪਾਣੀ ਲਾ ਕੇ ਸੁੱਕਿਆ ਛਿੱਤਰ ਰਗੜੋ..! ਲੋਟ ਹੋਜੂ..!" ਆਖ ਕੇ ਜੋਗੀ ਚਲਾ ਗਿਆ।
ਸੋ ਮਿੱਤਰੋ! ਛਿੱਤਰ ਇਕੱਲਾ ਦੁੱਖ ਦੇਣ ਵਾਲ਼ਾ ਹੀ ਨਹੀਂ, ਦੁਆਈ ਦਾ ਕੰਮ ਵੀ ਕਰਦਾ ਹੈ! ਇਹ ਤਾਂ ਵਰਤਣ ਦਾ ਢੰਗ ਆਉਣਾ ਚਾਹੀਦਾ ਹੈ! ਬਹੁਤੀਆਂ ਗੱਲਾਂ ਦੱਸਣ ਵਾਲ਼ੀਆਂ ਨਹੀਂ ਹੁੰਦੀਆਂ! ਇਸੇ ਲਈ ਹੀ ਤਾਂ ਮੈਂ ਆਖਦਾ ਹਾਂ ਕਿ ਬੋਲ ਛਿੱਤਰ ਭਲਵਾਨ ਕੀ..! ਅੱਗੇ ਥੋਡਾ ਕੰਮ ਹੈ..!
Sunday, May 17, 2009
ਕੂੜ ਫਿਰੇ ਪ੍ਰਧਾਨ ਵੇ ਲਾਲੋ - ਕਹਾਣੀ
ਕੂੜ ਫਿਰੇ ਪ੍ਰਧਾਨ ਵੇ ਲਾਲੋ
ਖ਼ੁਸ਼ੀ ਵਿਚ ਜੰਗੀਰ ਕੌਰ ਦੀ ਅੱਡੀ ਨਹੀਂ ਲੱਗਦੀ ਸੀ। ਕਿਸੇ ਚਾਅ ਵਿਚ ਉਹ ਭੱਜੀ ਫਿਰਦੀ ਸੀ। ਉਹ ਤਾਂ ਲੋਕਾਂ ਦੀਆਂ ਖ਼ੁਸ਼ੀਆਂ ਸਾਂਝੀਆਂ ਕਰਦੀ ਸੀ। ਪਰ ਅੱਜ ਤਾਂ ਫਿਰ ਉਸ ਦੇ ਘਰੇ ਖ਼ੁਸ਼ੀ ਸੀ। ਖੇੜਾ ਸੀ! ਉਸ ਦੇ ਇਕਲੌਤੇ ਪੁੱਤ ਦਾ ਵਿਆਹ ਸੀ। ਪਹਿਲੀ ਅਤੇ ਇੱਕੋ-ਇਕ ਨੂੰਹ ਘਰੇ ਆਉਣੀ ਸੀ। ਚਾਅ ਤਾਂ ਕੁਦਰਤੀਂ ਹੋਣਾ ਹੀ ਸੀ।
ਸ਼ਾਦੀ ਹੋ ਗਈ। ਨੂੰਹ ਘਰੇ ਆ ਗਈ। ਜੰਗੀਰ ਕੌਰ ਨੇ ਨੂੰਹ-ਪੁੱਤ ਉਪਰੋਂ ਦੀ ਖ਼ੂਬ ਪਾਣੀ ਵਾਰ-ਵਾਰ ਪੀਤਾ ਸੀ। ਰੱਜ ਕੇ ਸ਼ਗਨ ਕੀਤੇ ਸਨ। ਗੀਤ, ਦੋਹੇ ਗਾਏ ਸਨ ਅਤੇ ਧਰਤੀ ਹਿਲਾਊ ਗਿੱਧਾ ਪਾਇਆ ਸੀ। ਜਾਣੋਂ ਹਰ ਖ਼ੁਸ਼ੀ ਪੂਰੀ ਕੀਤੀ ਸੀ।
ਜੰਗੀਰ ਕੌਰ ਬਹੁਤ ਹੀ 'ਲਾਈਲੱਗ' ਬੁੜ੍ਹੀ ਸੀ। ਹਰ ਇਕ ਦੇ 'ਪਿੱਛੇ' ਲੱਗ ਜਾਂਦੀ ਸੀ। ਕੋਈ ਕੁਝ ਵੀ ਕਹਿ ਦਿੰਦਾ, ਉਸ ਨੂੰ 'ਸੱਤ' ਹੀ ਮੰਨਦੀ ਸੀ। ਦਿਮਾਗ ਦੀ ਥੋਥੀ ਸੀ। ਇਸ ਲਈ ਕੁਝ ਸੋਚਦੀ ਵੀ ਨਹੀਂ ਸੀ। ਭੇਡ ਦੇ ਪਿੱਛੇ ਭੇਡ ਡਿੱਗਣ ਵਾਂਗ, ਕਿਸੇ ਮਗਰ ਲੱਗ ਕੇ ਤਾਂ ਉਹ ਖੂਹ ਵਿਚ ਵੀ ਡਿੱਗ ਸਕਦੀ ਸੀ!
-"ਇਕ ਗੱਲ ਸੁਣ ਲੈ ਜੰਗੀਰੋ! ਨੂੰਹ ਨੂੰ ਸਿਰ 'ਤੇ ਨਾ ਚੜ੍ਹਾਲੀਂ-ਇਹ ਚਾਂਭਲਦੀਆਂ ਵੀ ਬਾਹਲੀ ਛੇਤੀ ਐ-ਮੇਰੀ ਮੰਨੇਂ ਤਾਂ ਹੁਣੇ ਤੋਂ ਈ ਛਿੱਤਰ ਹੇਠਾਂ ਰੱਖੀਂ-ਤੇਰੀ ਤਾਂ ਫਿਰ ਵੀ ਇਕੋ ਇਕ ਨੂੰਹ ਐਂ-ਵਿਗੜੀ ਲੋਟ ਨ੍ਹੀ ਆਉਣੀ!" ਸੰਤੀ ਕੂਕਣ ਇਕ ਦਿਨ ਘਰੇ ਆ ਕੇ ਜੰਗੀਰੋ ਨੂੰ ਕਹਿ ਗਈ ਸੀ।
----
ਸੰਤੀ ਕੂਕਣ ਨੂੰਹਾਂ ਤੋਂ ਕਾਫ਼ੀ ਮਾਯੂਸ ਹੋ ਗਈ ਸੀ। ਨੂੰਹਾਂ ਨੂੰ ਜੁੱਤੀ ਹੇਠ ਰੱਖਦੀ-ਰੱਖਦੀ ਨੇ ਕਿ ਦਿਨ ਝਾਟਾ ਹੀ ਪੁਟਵਾ ਲਿਆ ਸੀ। ਉਹ ਨੂੰਹਾਂ ਨੂੰ ਮੂੰਹ ਨਹੀਂ ਬੋਲਦੀ ਸੀ। ਇਕ ਦਿਨ ਕਰੋਧੀ ਹੋਈਆਂ ਨੂੰਹਾਂ ਨੇ ਕਿੱਲੇ ਨਾਲ ਬੰਨ੍ਹ ਕੇ ਸੁੱਕੇ ਛਿੱਤਰਾਂ ਨਾਲ ਮੂੰਹ ਹੀ ਮੂੰਹ ਭੰਨਿਆਂ ਸੀ। ਪਰ ਸੰਤੀ ਨੇ ਰੌਲਾ ਨਹੀਂ ਪਾਇਆ ਸੀ। ਚੁੱਪ-ਚਾਪ ਸੀਲ ਬਣ ਲੇ ਕੁੱਟ ਸਹਿ ਲਈ ਸੀ। ਰੱਬ ਦਾ ਭਾਣਾ ਮਿੱਠਾ-ਮਿੱਠਾ ਕਰਕੇ ਮੰਨ ਲਿਆ ਸੀ। ਬੁੱਢੀ ਦਾ ਮੂੰਹ ਸੁੱਜ ਕੇ ਬੁਲ੍ਹਬਲ੍ਹੇ ਜਿੱਡਾ ਬਣ ਗਿਆ ਸੀ। ਜਦ ਲੋਕਾਂ ਨੇ ਮੂੰਹ ਸੁੱਜਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਬੜੀ ਧਹੱਮਲ ਨਾਲ ਫੈਂਟਰ ਸੁੱਟਿਆ ਸੀ ਕਿ ਉਹ ਅੰਦਰੋਂ ਪਾਥੀਆਂ ਲੈਣ ਗਈ ਤਾਂ ਛੱਤ 'ਤੇ ਭਰਿੰਡਾਂ ਦੀ ਖੱਖਰ ਲੱਗੀ ਹੋਈ ਸੀ। ਭਰਿੰਡਾਂ ਨੇ ਅਚਾਨਕ ਹਮਲਾ ਕਰ ਦਿੱਤਾ ਸੀ। ਅਸਲੀਅਤ ਦੱਸਣੀ ਤਾਂ ਉਸ ਦੀ ਆਪਣੀ ਹੀ ਬੇਇੱਜ਼ਤੀ ਸੀ, ਹੇਠੀ ਸੀ!
ਜੰਗੀਰ ਕੌਰ ਸੱਚੀਂ ਹੀ ਲਾਈਲੱਗ ਨਿਕਲੀ। ਜਦੋਂ ਦੂਜੀ ਵਾਰ ਨੂੰਹ ਸਹੁਰੀਂ ਆਈ ਤਾਂ ਉਸ ਨੇ ਜ਼ਿਆਦਤੀਆਂ ਸ਼ੁਰੂ ਕਰ ਦਿੱਤੀਆਂ। ਨੂੰਹ ਸਚਿਆਰੀ ਸੀ। ਕੰਮ ਧੰਦੇ ਨੂੰ ਤਕੜੀ ਸੀ। ਪਰ ਜੰਗੀਰੋ ਨਿਘੋਚਾਂ ਕੱਢਣੋਂ ਨਹੀਂ ਹੱਟਦੀ ਸੀ। ਹਰ ਵਕਤ ਨੱਕ ਬੁੱਲ੍ਹ ਕੱਢਦੀ ਰਹਿੰਦੀ।
-"ਸੱਸਾਂ ਭੁੱਲ ਕਿਉਂ ਜਾਂਦੀਐਂ ਬਈ ਨੂੰਹਾਂ ਵੀ ਕਿਸੇ ਦੀਆਂ ਧੀਆਂ ਹੁੰਦੀਐਂ?" ਬਹੂ ਕਦੇ-ਕਦੇ ਸੋਚਦੀ। ਪਰ ਚੁੱਪ ਰਹਿੰਦੀ। ਆਪਦੇ ਘਰਵਾਲੇ ਨੂੰ ਵੀ ਕਦੇ ਕੁਝ ਨਾ ਦੱਸਦੀ। ਹਿੱਕ 'ਤੇ ਪੱਥਰ ਰੱਖ ਕੇ ਸਭ ਕੁਝ ਜਰਦੀ।
ਮਹੀਨਾ ਕੁ ਗੁਜਰਿਆ। ਬਹੂ ਦਾ ਵੱਡਾ ਭਰਾ ਲੈਣ ਲਈ ਆ ਗਿਆ। ਸ਼ਾਮ ਨੂੰ ਉਸ ਨੇ ਬੁੱਢੀ ਦੇ ਮੰਜੇ ਦੀ ਪੈਂਦ 'ਤੇ ਬੈਠ ਕੇ ਲਿਜਾਣ ਵਾਲੀ ਗੱਲ ਚਿਤਾਰੀ ਤਾਂ ਬੁੜ੍ਹੀ ਕੌੜ ਮੱਝ ਵਾਂਗ ਲੱਤ ਹੀ ਚੁੱਕ ਗਈ। ਲੋਹੇ ਦਾ ਥਣ ਬਣ ਗਈ।
-"ਭਾਈ ਸਾਡਾ ਤਾਂ ਕੰਮ ਦਾ ਆਬਦਾ ਨ੍ਹੀ ਸਰਦਾ-ਇਕ ਔਤਰੇ ਮੇਰੇ ਹੱਡ ਪ੍ਰਾਣ ਜੁੜੇ ਰਹਿੰਦੇ ਐ-ਮੇਥੀ ਜਿਹੀ ਵੀ ਰਲਾ ਕੇ ਖਾਧੀ ਸੀ-ਪਰ 'ਰਾਮ ਨ੍ਹੀ ਆਇਆ-ਨਾਲੇ ਪੁੱਤ ਜੇ ਇਹਨੂੰ ਪੇਕੀਂ ਰੱਖਣ ਦਾ ਬਹੁਤਾ ਈ ਚਾਅ ਸੀ-ਤਾਂ ਇਹਨੂੰ ਵਿਆਹੁੰਣਾ ਈ ਕਾਹਤੋਂ ਸੀ? ਘਰੇ ਈ ਰੱਖ ਲੈਂਦੇ!" ਬੁੱਢੀ ਦਾ ਖੱਪਰਖਾਧਾ ਮੂੰਹ ਕੌੜਾ ਜਿਹਾ ਹੱਸਿਆ ਸੀ। ਮੁੰਡਾ ਚੁੱਪ ਵੱਟ ਗਿਆ। ਪਰ ਬੁੱਢੀ ਦੀ ਚੋਭਵੀਂ ਗੱਲ ਮੁੰਡੇ ਦੇ ਸੀਨੇ ਵਿਚ ਲਾਟ ਵਾਂਗ ਫਿਰ ਗਈ ਸੀ। ਉਹ ਭਰਿਆ ਪੀਤਾ ਮੁੜ ਗਿਆ। ਪਰ ਬੱਤੀ-ਸੁਲੱਖਣੀਂ ਨੂੰਹ ਨੇ ਫਿਰ ਨਾ ਕਿਸੇ ਕੋਲ ਭਾਫ਼ ਕੱਢੀ। ਉਹ ਅੰਦਰੋ-ਅੰਦਰੀ ਰੋ ਕੇ ਚੁੱਪ ਕਰ ਗਈ ਸੀ। ਉਹ ਸੋਚਦੀ ਸੀ ਕਿ ਕਿਵੇਂ ਨਾ ਕਿਵੇਂ ਇਸ ਘਰ ਵਿਚ ਵਸ ਜਾਵਾਂ। ਨਾਲੇ ਸੱਸ ਦਾ ਕੀ ਸੀ? ਨਦੀ ਕਿਨਾਰੇ ਰੁੱਖ ਸੀ। ਇਹ ਨਹੀਂ ਪਤਾ ਸੀ ਕਿ ਕਦੋਂ ਸਾਹ ਛੱਡ ਜਾਣੇ ਸਨ। ਬਹੂ ਬਹੁਤੀਆਂ ਹੀ ਡੂੰਘੀਆਂ ਗੱਲਾਂ ਸੋਚਦੀ ਸੀ। ਪਰ 'ਪੱਟ-ਹੋਣੀ' ਬੁੜ੍ਹੀ ਹੋਸ਼ੀ ਵਗਦੀ ਸੀ।
----
ਸਬੱਬੀਂ ਇਕ ਦਿਨ ਸੰਤੀ ਕੂਕਣ ਨੇ ਫਿਰ ਗੇੜਾ ਮਾਰਿਆ। ਅੱਜ ਫਿਰ ਉਸ ਦੀ ਇਕ ਅੱਖ ਸੁੱਜੀ ਹੋਈ ਸੀ। ਕਿਸੇ ਨੂੰਹ ਦੀ ਕਰਤੂਤ ਜਾਪਦੀ ਸੀ। ਕੁੱਟ ਖਾਧੇ ਬਿਨਾ ਸੰਤੀ ਦੇ ਰੋਟੀ ਹਜ਼ਮ ਨਹੀਂ ਆਉਂਦੀ ਸੀ।
-"ਮੱਥਾ ਟੇਕਦੀ ਐਂ ਅੰਮਾਂ ਜੀ!" ਜੰਗੀਰੋ ਨੇ ਸੰਤੀ ਦੇ ਪੈਰੀਂ ਹੱਥ ਲਾਏ।
-"ਵੀਰ ਜਿਉਣ-ਗੁਰੂ ਭਾਗ ਲਾਵੇ-ਪੋਤਿਆਂ 'ਚ ਖੇਡੇਂ!" ਸੰਤੀ ਨੇ ਘਰਾਟ ਰਾਗ ਚਾਲੂ ਕਰ ਦਿੱਤਾ ਸੀ।
-"ਅੰਮਾਂ ਜੀ-ਅੱਖ 'ਤੇ ਕੀ ਹੋ ਗਿਆ?"
-"ਨੀ ਕੀ ਪੁੱਛਦੀ ਐਂ? ਹੱਥ ਮੂੰਹ ਧੋ ਕੇ ਗੁਰਦੁਆਰੇ ਜਾਣ ਲੱਗੀ ਸੀ-ਤਿਲ੍ਹਕ ਕੇ ਡਿੱਗਪੀ-ਤੇ ਨਲਕੇ ਦੀ ਹੱਥੀ ਵੱਜੀ।" ਸੰਤੀ ਨੇ ਕਾਹਲੀ ਨਾਲ ਸਮਾਂ ਬੋਚਿਆ। ਅਸਲ ਵਿਚ ਛੋਟੀ ਨੂੰਹ ਨੇ ਚਲਾਵਾਂ ਘੋਟਣਾ ਮਾਰਿਆ ਸੀ।
-"ਸੱਚ! ਦੇਹ ਗੱਲ ਬਹੂ ਦੀ? ਹੋਈ ਕੋਈ ਮੈਦਵਾਰੀ?" ਸੰਤੀ ਨੇ ਪੈਂਦੀ ਸੱਟੇ ਗੱਲ ਬਦਲੀ!
-"ਨੀ ਕਾਹਨੂੰ ਅੰਮਾਂ ਜੀ! ਅਜੇ ਤਾਂ ਕੋਈ ਮੈਦਵਾਰੀ ਨ੍ਹੀ ਹੋਈ-ਆਹ ਕੱਲ੍ਹ ਫੇਰ ਬਿਮਾਰ ਹੋਗੀ।" ਪਿਛਲੀ ਗੱਲ ਜੰਗੀਰੋ ਨੇ ਦੱਬਵੀਂ ਜਿਹੀ ਅਵਾਜ਼ ਨਾਲ ਕਹੀ।
-"ਹਾਏ-ਹਾਏ ਨ੍ਹੀ! ਬੁਰਸ਼ੇ ਅਰਗੀ ਪਈ ਐ-ਜੇ ਇਹੇ ਸਾਡੇ ਪ੍ਰੀਵਾਰ 'ਚ ਵਾਧਾ ਨਾ ਕਰੂਗੀ-ਫੇਰ ਅਸੀਂ ਐਹੋ ਜੀ ਕੰਜ ਬੱਕਰੀ ਤੋਂ ਕਾਢਾ ਕਢਵਾਉਣੈਂ?" ਸੰਤੀ ਨੇ ਮੂੰਹ ਘੁੱਟ ਲਿਆ। ਸੁੱਜੀ ਅੱਖ ਡੰਡ ਬੈਠਕਾਂ ਕੱਢਣ ਲੱਗ ਪਈ ਸੀ।
-"ਨੀ ਬਹੂ! ਤੈਨੂੰ ਐਨੀ ਵੀ ਅਕਲ ਨ੍ਹੀ ਬਈ ਘਰ ਆਏ ਬੰਦੇ ਦਾ ਕਿਮੇ ਮਾਣ ਤਾਣ ਕਰਨੈਂ? ਅੰਮਾਂ ਜੀ ਦੇ ਪੈਰੀਂ ਹੱਥ ਨ੍ਹੀ ਲਾਏ ਤੂੰ---?" ਜੰਗੀਰੋ ਨੇ ਨੂੰਹ ਉਪਰ ਆਪਣਾ ਰੋਅਬ ਜਿਹਾ ਦਿਖਾਉਣ ਲਈ ਕਿਆਂਕ ਕੱਢੀ। ਬਹੂ ਆ ਕੇ ਪੈਰੀਂ ਹੱਥ ਲਾ ਗਈ। ਬਹੂ ਨੂੰ ਸੰਤੀ ਆਈ ਦਾ ਪਤਾ ਤਾਂ ਲੱਗ ਗਿਆ ਸੀ। ਪਰ ਉਹ ਪਤਾ ਨਹੀਂ ਕਿਉਂ, ਸੰਤੀ ਦੇ ਮੱਥੇ ਲੱਗਣੋਂ ਡਰਦੀ ਸੀ। ਪਤਾ ਨਹੀਂ ਕਿਉਂ ਉਸ ਦਾ ਸੰਤੀ ਨੂੰ ਦੇਖ ਕੇ ਕਾਲਜਾ ਜਿਹਾ ਨਿਕਲ ਜਾਂਦਾ ਸੀ? ਡਰ ਜਿਹੀ ਜਾਂਦੀ ਸੀ ਉਹ ਉਸ ਦੀ ਮਨਹੂਸ ਸ਼ਕਲ ਤੱਕ ਕੇ!
-"ਕੁਛ ਘਰੋੜ ਜਿਹੀ ਰੱਖਦੀ ਐ ਬਹੂ?" ਸੰਤੀ ਨੇ ਪੁੱਛਿਆ।
-"ਤੀਮੀ ਮਾਲਕ ਦੀ ਘੱਟ ਈ ਬਣਦੀ ਐ।" ਜੰਗੀਰੋ ਨੇ ਸੰਤੀ ਦੇ ਨੇੜੇ ਜਿਹੇ ਹੋ ਕੇ ਕਿਹਾ।
-"ਤੇ ਫੇਰ ਤੂੰ ਬਣ ਚੁੱਕੀ ਦਾਦੀ!" ਸੰਤੀ ਨੇ ਬੁੱਲ੍ਹ ਟੇਰੇ।
-"-----।" ਜੰਗੀਰੋ ਕੁਝ ਚੁੱਪ ਜਿਹਾ ਕਰ ਗਈ। ਸ਼ਾਇਦ ਉਸ ਨੂੰ ਆਪਣੀ ਕਹੀ ਗੱਲ ਦਾ ਅਹਿਸਾਸ ਹੋਇਆ ਸੀ।
-"ਦੇਹ ਅੰਮਾਂ ਜੀ ਤੇਰੇ ਘਰ ਦੀ ਖਬਰ?" ਜੰਗੀਰੋ ਨੇ ਗੱਲ ਬਦਲਣ ਦਾ ਯਤਨ ਕੀਤਾ।
-"ਮਿਹਰ ਐ ਦਾਤੇ ਦੀ-ਵੱਡੀ ਪੇਕੀਂ ਗਈ ਹੋਈ ਐ-ਤੇ ਛੋਟੀ ਸੁੱਖ ਨਾਲ ਮੰਜੇ 'ਤੇ ਪੈਣ ਆਲੀ ਐ-ਅੱਜ ਉਹਦਾ ਭਰਾ ਲੈਣ ਆਇਆ ਬੈਠੈ।" ਸੰਤੀ ਨੇ ਦੱਸਿਆ। ਅਸਲ ਵਿਚ ਵੱਡੀ ਲੜ ਕੇ ਪੇਕੀਂ ਗਈ ਹੋਈ ਸੀ ਅਤੇ ਛੋਟੀ ਨਾਲ ਸੰਤੀ ਹੁਣੇ ਜੁੰਡੋ-ਜੁੰਡੀ ਹੋ ਕੇ ਆਈ ਸੀ। ਪਰ ਵਿਚਲੀ ਗੱਲ ਉਹ ਕਿਸੇ ਨੂੰ ਵੀ ਨਹੀਂ ਦੱਸਦੀ ਸੀ। ਉਹ ਭੁੱਖਣ-ਭਾਣੀ ਘਰੋਂ ਖਿਸਕ ਆਈ ਸੀ, ਮਤਾਂ ਨੂੰਹ ਫਿਰ ਨਾ ਤਾਉਣੀ ਚਾੜ੍ਹ ਦੇਵੇ!
ਬਹੂ ਚਾਹ ਬਣਾ ਕੇ ਰੱਖ ਗਈ।
-"ਕੁੜ੍ਹੇ ਬਹੂ! ਇਕ ਅੱਧੀ ਰੋਟੀ ਨ੍ਹੀ ਪਈ?" ਸੰਤੀ ਨੇ ਪੁੱਛਿਆ। ਬਹੂ ਬਿਨਾ ਬੋਲੇ ਹੀ ਚਕਲੇ ਵਰਗੀਆਂ ਦੋ ਰੋਟੀਆਂ ਅਚਾਰ ਨਾਲ ਰੱਖ ਗਈ। ਰੋਟੀਆਂ ਰਗੜ ਕੇ ਅਤੇ ਚਾਹ ਸੜ੍ਹਾਕ ਕੇ ਸੰਤੀ ਤੁਰ ਗਈ।
----
ਜੰਗੀਰੋ ਕੇ ਘਰ 'ਤੇ ਵੀ ਰੱਬ ਦੀ ਮਿਹਰ ਹੋਈ। ਬਹੂ ਦਾ 'ਪੈਰ ਭਾਰਾ' ਹੋ ਗਿਆ। ਉਮੀਦਵਾਰੀ ਹੋ ਗਈ। ਦਿਨ ਬੀਤਦੇ ਗਏ। ਪੰਜਵਾਂ ਮਹੀਨਾਂ ਚੱਲ ਰਿਹਾ ਸੀ। ਇਕ ਸਵੇਰ ਬਹੂ ਨੂੰ ਚੱਕਰ ਜਿਹੇ ਆ ਰਹੇ ਸਨ। ਉਹ ਮੰਜੇ ਤੋਂ ਨਾ ਉਠ ਸਕੀ। ਬੁੱਢੀ ਦਾ ਪੁੱਤ ਤਾਂ ਦਹੀਂ ਪੀ ਕੇ ਸਾਝਰੇ ਹੀ ਖੇਤ ਚਲਾ ਗਿਆ ਸੀ। ਪੁੱਤ ਬਹੁਤ ਸਾਊ ਅਤੇ ਕੂਨਾਂ ਸੀ। ਉਹ ਹਨ੍ਹੇਰੇ-ਹਨ੍ਹੇਰੇ ਹੌ ਖੇਤ ਚਲਾ ਜਾਂਦਾ ਅਤੇ ਅੱਧੀ ਰਾਤ ਘਰ ਆਉਂਦਾ ਸੀ।
ਸੂਰਜ ਦੀ ਕਿਰਨ ਫੁੱਟੀ। ਪਰ ਜੰਗੀਰੋ ਨੂੰ ਨੂੰਹ ਵਿਹੜੇ ਵਿਚ ਫਿਰਦੀ ਨਜ਼ਰ ਨਾ ਆਈ। ਉਹ ਮੱਚ ਕੇ ਕੋਲੇ ਹੋ ਗਈ। ਉਸ ਦੀਆਂ ਚੜ੍ਹ ਮੱਚੀਆਂ ਸਨ। ਉਹ ਕਰੋਧ ਨਾਲ ਸੜ ਉਠੀ ਸੀ।
-"ਨੀ ਤੂੰ ਸੁੱਤੀ ਨ੍ਹੀ ਉਠੀ ਅਜੇ? ਮੇਰੇ ਘਰੇ ਤੇਰੇ ਹਰਾਮ ਹੱਡ ਨ੍ਹੀ ਚੱਲਣੇ! ਇਹ ਤੇਰੇ ਪੇਕੇ ਨ੍ਹੀ ਬਈ ਦਿਨੇ ਯਾਰਾਂ ਹੇਠ ਪੈ ਗਈ ਤੇ ਰਾਤ ਨੂੰ ਸੌਂ ਲਿਆ-ਕੀ ਢਿੱਡ ਜਿਆ ਕਰਵਾ ਕੇ ਮਸਤਗੀ ਇਹੇ-ਨੀ ਅਸੀਂ ਵੀ ਤਿੰਨ ਜੰਮੇ ਸੀ-ਪਰ ਤੇਰੇ ਮਾਂਗੂੰ ਪਖੰਡ ਨ੍ਹੀ ਸੀ ਕੀਤੇ-।" ਜੰਗੀਰੋ ਦੇ ਮੂੰਹੋਂ ਝੱਗ ਡਿੱਗਣ ਲੱਗ ਪਈ ਸੀ। ਜੁਆਕ ਤਾਂ ਉਸ ਨੇ ਤਿੰਨ ਹੀ ਜੰਮੇ ਸਨ। ਪਰ ਦੋ ਮਰ ਗਏ ਸਨ।
-"ਉਠ ਕੇ ਗੋਹਾ ਸਿੱਟ! ਪਸ਼ੂ ਚਰਘਲ ਕਰੀ ਜਾਂਦੇ ਐ-ਉਠ ਕੇ ਖੜ੍ਹੀ ਹੋਜਾ ਜੇ ਅਸਲ ਦੀ ਐਂ ਤਾਂ---!" ਬੁੜ੍ਹੀ ਨੇ ਭਕਾਟ ਪਾ ਦਿੱਤਾ ਸੀ। ਉਸ ਦੇ ਸਾਹਮਣੇ ਧਰਤੀ ਘੁਕਣ ਲੱਗ ਪਈ ਸੀ।
ਬਹੂ ਦੀਆਂ ਅੱਖਾਂ ਵਿਚੋਂ ਹੰਝੂ ਵਗ ਰਹੇ ਸਨ। ਉਹ ਸੱਸ ਦੀਆਂ ਜ਼ਿਆਦਤੀਆਂ ਤੋਂ ਅਤੀਅੰਤ ਦੁਖੀ ਸੀ। ਪਰ ਕਰ ਵੀ ਕੀ ਸਕਦੀ ਸੀ? ਉਸ ਦਾ ਤਾਂ ਇਕ ਹੀ ਮਿਥਿਆ ਹੋਇਆ ਸੀ ਕਿ, ਵਸਣਾ ਹੈ!
----
ਉਹ ਬੜੀ ਜੱਦੋਜਹਿਦ ਨਾਲ ਉਠੀ। ਉਸ ਦਾ ਬੁਰਾ ਹਾਲ ਸੀ। ਸਿਰ ਫ਼ਟ ਰਿਹਾ ਸੀ। ਚੱਕਰ ਆ ਰਹੇ ਸਨ। ਬੁਖ਼ਾਰ ਨਾਲ ਸਰੀਰ ਭੱਠ ਵਾਂਗ ਤਪ ਰਿਹਾ ਸੀ। ਉਸ ਨੇ ਕੜਾਹੀਆ ਲਿਆ ਅਤੇ ਗੋਹਾ ਇਕੱਠਾ ਕਰਨ ਲੱਗ ਪਈ। ਉਸ ਦੀ ਨਜ਼ਰ ਪਾਟ ਰਹੀ ਸੀ। ਅੱਖਾਂ ਮੂਹਰੇ ਭੰਬੂਤਾਰੇ ਜਿਹੇ ਨੱਚ ਰਹੇ ਸਨ।
ਸੱਸ ਨੇ ਉਸ ਨੂੰ ਗੋਹੇ ਦਾ ਭਰਿਆ ਕੜਾਹੀਆ ਚੁਕਾ ਦਿੱਤਾ। ਉਹ ਡਿਗਦੀ-ਢਹਿੰਦੀ ਦਰਵਾਜੇ ਤੱਕ ਪਹੁੰਚੀ ਤਾਂ ਬੇਵੱਸ ਹੋ ਗਈ। ਨਜ਼ਰ ਬਿਲਕੁਲ ਜਵਾਬ ਦੇ ਗਈ। ਅੱਖਾਂ ਅੱਗੇ ਹਨ੍ਹੇਰ ਛਾ ਗਿਆ। ਲੱਤਾਂ ਸੌਂ ਗਈਆਂ ਅਤੇ ਉਹ 'ਧੜ੍ਹੰਮ' ਕਰਕੇ ਮੂਧੇ ਮੂੰਹ ਡਿੱਗ ਪਈ। ਦੇਹਲੀ ਤੋਂ ਅੱਧੀ ਉਧਰ ਅਤੇ ਅੱਧੀ ਉਧਰ ਉਹ ਲਟਕ ਜਿਹੀ ਰਹੀ ਸੀ। ਉਸ ਦੀਆਂ ਚੀਕਾਂ ਗੁਆਂਢੀਆਂ ਦੇ ਘਰੇ ਸੁਣੀਆਂ ਸਨ। ਦਰਦ ਨਾ ਸਹਿੰਦੀ ਹੋਈ ਉਹ ਬੇਹੋਸ਼ ਹੋ ਗਈ। ਲੋਕਾਂ ਨੇ ਆ ਕੇ ਉਸ ਨੂੰ ਮੂਧੀ ਪਈ ਨੂੰ ਚੁੱਕਿਆ। ਗਰਭ ਤੜਪ ਰਿਹਾ ਸੀ। ਬੁੜ੍ਹਕ ਰਿਹਾ ਸੀ। ਬਹੂ ਦਾ ਬੁਰਾ ਹਾਲ ਸੀ। ਖ਼ੂਨ ਦਾ ਛੱਪੜ ਲੱਗ ਗਿਆ ਸੀ।
----
ਪਿੰਡ 'ਚੋਂ ਟਰਾਲੀ ਲਿਆਂਦੀ ਗਈ। ਟਰਾਲੀ ਵਿਚ ਪਾ ਕੇ ਬਹੂ ਨੂੰ ਹਸਪਤਾਲ ਪਹੁੰਚਾਇਆ। ਉਸ ਦੀ ਹਾਲਤ ਕਾਫ਼ੀ ਖ਼ਤਰਨਾਕ ਸੀ। ਡਾਕਟਰ ਪ੍ਰੇਸ਼ਾਨ ਸੀ।
-"ਨੀ ਕਮਲੀਏ-ਤੂੰ ਪੰਜਮੇਂ ਮਹੀਨੇ ਬਹੂ ਕਿਉਂ ਗੋਹੇ ਕੂੜੇ ਲਾਈ?" ਕਈ ਬੁੜ੍ਹੀਆਂ ਨੇ ਆ ਕੇ ਜੰਗੀਰੋ ਨੂੰ ਠ੍ਹੋਕਰਿਆ।
-"ਨੀ ਕਾਹਨੂੰ ਭਗਵਾਨ ਕੁਰੇ-ਮੈਂ ਤਾਂ ਬੀਹ ਆਰੀ ਵਰਜਿਆ ਸੀ ਬਈ ਨਾ ਗੋਹੇ ਨਾਲ ਪੰਗੇ ਲਿਆ ਕਰ-ਕੋਈ ਮਜ੍ਹਬਣ ਰੱਖ ਲੈਨੇ ਐਂ-ਪਰ ਕੀ ਕਰਾਂ? ਮੰਨੀ ਈ ਨ੍ਹੀ!"
-"ਨੀ ਭੈਣੇ ਐਹੋ ਜੇ ਮੌਕੇ ਤਾਂ ਅਗਲਾ ਕਿਸੇ ਚੂਹੜ੍ਹੀ ਤੋਂ ਨ੍ਹੀ ਗੋਹਾ ਕੂੜਾ ਸੁੱਟਵਾਉਂਦਾ-ਇ ਤਾਂ ਫੇਰ ਵੀ ਸਕੀ ਨੂੰਹ ਐਂ-ਤੇ ਉਹ ਵੀ 'ਕੱਲੀ 'ਕੱਲੀ!" ਕਿਸੇ ਸਿਆਣੀ ਬੁੜ੍ਹੀ ਨੇ ਹੱਡ 'ਤੇ ਮਾਰੀ।
-"ਨੀ ਮੈਂ ਬਥ੍ਹੇਰੀ ਕਲਪੀ-ਪਰ ਕਾਹਨੂੰ ਥੜ੍ਹੇ-ਥੂਹ ਲੱਗਣ ਦਿੰਦੀ ਸੀ-ਨੀ ਭੈਣੇ ਅਸੀਂ ਤਾਂ ਜੁਆਕ ਵੀ ਜੰਮੇ ਸੀ-ਪੰਦਰਾਂ ਪੰਦਰਾਂ ਪਸ਼ੂਆਂ ਦਾ ਗੋਹਾ ਵੀ ਸਿੱਟਿਆ-ਤੇ ਨਾਲੇ ਪਕਾਉਂਦੇ ਸੀ ਪੂਰੇ ਪੰਜਾਹਾਂ ਜਾਣਿਆਂ ਦੀਆਂ ਰੋਟੀਆਂ-ਸਾਨੂੰ ਤਾਂ ਕੋਈ ਕੋਹੜ ਨਾ ਚੱਲਿਆ।" ਜੰਗੀਰੋ ਚੀਕ ਜਿਹੀ ਪਈ।
-"ਨੀ ਹੁਣ ਉਹ ਖੁਰਾਕਾਂ ਕਿਤੇ ਰਹੀਐਂ? ਤੂੰ ਪੂਰਾ ਰਿੜਕਣਾਂ ਲੱਸੀ ਦਾ ਈ ਪੀ ਜਾਂਦੀ ਸੀ-ਤੇ ਅੱਜ ਦੀਆਂ ਨੂੰ ਕੌਲੀ ਦਹੀਂ ਦੀ ਹਜਮ ਨ੍ਹੀ ਆਉਂਦੀ।"
-"ਭੈਣੇ ਬਹੂ ਉਦਮੀ ਐਂ-ਰੱਬ ਤੰਦਰੁਸਤੀ ਦੇਵੇ ਬਿਚਾਰੀ ਨੂੰ।" ਪੰਜਾਬ ਕੌਰ ਨੇ ਕਿਹਾ। ਉਸ ਦੀਆਂ ਗੰਧਲੀਆਂ ਅੱਖਾਂ ਵਿਚ ਦੁੱਖ ਅਤੇ ਨਿਰਾਸ਼ਾ ਛੁਪੀ ਹੋਈ ਸੀ।
ਅਗਲੀ ਸ਼ਾਮ ਹਸਪਤਾਲੋਂ ਖ਼ਬਰ ਪਹੁੰਚ ਗਈ ਕਿ ਗਹਿਰੀ ਚੋਟ ਲੱਗਣ ਕਾਰਨ ਗਰਭ ਤਾਂ ਜਾਂਦਾ ਰਿਹਾ। ਪਰ ਬਹੂ ਰੱਬ ਦੀ ਮਿਹਰ ਨਾਲ ਹੁਣ ਠੀਕ ਸੀ। ਡਾਕਟਰ ਨੇ ਤਿੰਨ ਹਜ਼ਾਰ ਦਾ ਬਿੱਲ ਬਣਾ ਦਿੱਤਾ ਸੀ। ਸੁਣ ਕੇ ਜੰਗੀਰੋ ਹੋਰ ਭੂਤਰ ਗਈ।
ਜਦੋਂ ਸਾਡਾ ਜੁਆਕ ਈ ਨ੍ਹੀ ਰਿਹਾ-ਫੇਰ ਕੜਮੀਂ ਬਹੂ ਤੋਂ ਅਸੀਂ ਮੇਹੜ ਪੁਆਉਣੀ ਐਂ? ਸਾਡੇ ਕੋਲੇ ਹੈਨ੍ਹੀ ਪੈਸੇ ਪੂਸੇ! ਲਿਆਵੇ ਆਬਦੇ ਪੇਕਿਆਂ ਤੋਂ ਜਿਹਨਾਂ ਨੇ ਉਹ ਜੰਮੀ ਐਂ-ਸਾਡਾ ਨਿੱਤ ਦਾ ਠੇਕਾ ਨ੍ਹੀ ਲਿਆ-ਉਹ ਤਾਂ ਨਿੱਤ ਬਿਮਾਰ ਈ ਰਹਿੰਦੀ ਐ-ਬਿਮਾਰੀ ਦਾ ਘਰ-ਕਿਹੜਾ ਰੋਜ ਪੈਸੇ ਲਾਈ ਜਾਵੇ? ਕਿੱਥੇ ਲਹਿ ਜਾਣਿਆਂ ਨੇ ਬਿਮਾਰੀ ਮੱਥੇ ਮਾਰੀ ਸਾਡੇ!" ਜੰਗੀਰੋ ਬੜੀ ਪੱਥਰ ਦਿਲ ਬੁੜ੍ਹੀ ਸੀ। ਪਹਿਲਾਂ ਉਸ ਨੇ ਆਪਣੀ ਸੱਸ ਅਜਿਹੀਆਂ ਘਤਿੱਤਾਂ ਕਰ-ਕਰ ਮਾਰੀ ਸੀ।
----
ਸੁਨੇਹੇ ਵਾਲਾ ਵਾਪਿਸ ਮੁੜ ਗਿਆ।
ਖ਼ੈਰ! ਬਹੂ ਦੇ ਪੇਕਿਆਂ ਨੇ ਸਾਰਾ ਹਸਪਤਾਲ ਦਾ ਖਰਚਾ ਦੇ ਦਿੱਤਾ। ਦੋ ਮਹੀਨੇ ਪੇਕਿਆਂ ਤੋਂ ਆਉਣ ਨਾ ਦਿੱਤਾ।
-"ਬੇਬੇ ਤੂੰ ਇਹ ਸਾਰਾ ਕੁਛ ਠੀਕ ਨ੍ਹੀ ਕੀਤਾ।" ਇਕ ਦਿਨ ਅੱਕਿਆ ਮੁੰਡਾ ਬਘਿਆੜ੍ਹੀ ਮਾਂ ਮੂਹਰੇ ਬੋਲ ਹੀ ਪਿਆ। ਸ਼ਾਇਦ ਉਹ ਮਾਂ ਅੱਗੇ ਪਹਿਲੀ ਵਾਰ ਬੋਲਿਆ ਸੀ।
-"ਵੇ ਜਾਹ ਵੇ ਪਰ੍ਹਾਂ ਜੱਭਲਾ ਜਿਆ! ਮੇਰਾ ਜੰਮਿਆਂ ਤੂੰ ਕੱਲ੍ਹ ਦੀ ਵਿਆਹੀ ਦੀ ਸੁੱਥਣ 'ਚ ਵੜੀ ਜਾਨੈਂ? ਖਾਖਾਂ ਪਾੜਦੂੰ ਖਾਖਾਂ-ਸਣੇ ਤੇਰੀ ਬਹੂ ਦੀਆਂ! ਜੇ ਬਾਹਲਾ ਔਖੈਂ ਤਾਂ ਚੱਕਲਾ ਹਿੱਸੇ ਬਹਿੰਦਾ ਸਮਾਨ ਤੇ ਅੱਡ ਹੋਜਾ! ਮੈਂ ਈ ਮਾੜੀ ਬਣਗੀ ਇਸ ਘਰ 'ਚ-ਬਾਕੀ ਸਾਰੇ ਦੁੱਧ ਧੋਤੇ ਐ-ਵੇ ਮੈਂ ਥੋਨੂੰ ਹਥਾਂ 'ਤੇ ਚੱਕਾਂ-ਤੇ ਤੂੰ ਮੈਨੂੰ ਆਹ ਦਾਤਨਾ ਦੇਤੀ?" ਬੁੜ੍ਹੀ ਮੁੰਡੇ ਨੂੰ ਭਰਿੰਡ ਵਾਂਗ ਪਈ। ਪਰ ਸਿਆਣਾ ਮੁੰਡਾ ਚੁੱਪ ਕਰ ਗਿਆ। ਉਹ ਜੱਗ ਤਮਾਸ਼ੇ ਤੋਂ ਕੁਝ ਜ਼ਿਆਦਾ ਹੀ ਡਰਦਾ ਸੀ।
ਦਿਨ ਲੰਘਦੇ ਰਹੇ। ਜੰਗੀਰੋ ਦਾ ਉਹੀ ਕੰਮ ਚੱਲਦਾ ਰਿਹਾ। ਸੰਤੀ ਆਉਂਦੀ ਅਤੇ ਜੰਗੀਰੋ ਨੂੰ 'ਸੇਕ' ਦੇ ਜਾਂਦੀ। ਉਹ ਜੰਗੀਰੋ ਦਾ ਤਾਪਮਾਨ ਘਟਣ ਨਹੀਂ ਦਿੰਦੀ ਸੀ। ਹਰ ਰੋਜ ਨਵੀਂ ਹੀ ਸਕੀਮ ਦੱਸਦੀ ਸੀ। ਕਿਤਨਾ ਸਿਦਕ ਸੀ ਸੰਤੀ ਵਿਚ!
ਠੰਢ ਦਾ ਮੌਸਮ ਉਤਰ ਆਇਆ। ਠੰਢ ਵੀ ਕੀ ਸੀ? ਕਹਿਰਾਂ ਦੀ ਸਰਦੀ ਪੈਂਦੀ ਸੀ। ਉਹ ਵੀ ਸੁੱਕੀ! ਹਰ ਬੱਚਾ, ਬੁੱਢਾ, ਜੁਆਨ ਹਰ ਵਕਤ ਨਲੀ ਸੁਣਕਦਾ ਰਹਿੰਦਾ ਸੀ। ਨਿੱਘੀ ਰਜਾਈ ਵਿਚੋਂ ਰਾਤ ਨੂੰ ਜੰਗੀਰੋ ਪਿਸ਼ਾਬ ਕਰਨ ਉਠੀ ਤਾਂ ਠੱਕਾ ਵਗ ਰਿਹਾ ਸੀ। ਗਰਮ ਸਰੀਰ ਵਿਚ ਠੰਢੀ ਸੀਤ ਹਵਾ ਵੱਜੀ ਤਾਂ ਬੁੜ੍ਹੀ ਸਾਰੀ ਦੀ ਸਾਰੀ ਹੀ ਜੁੜ ਗਈ। ਉਸ ਦੀਆਂ ਲੱਤਾਂ ਬਾਂਹਾਂ ਟੁੱਟ ਰਹੀਆਂ ਸਨ। ਸੰਘ ਬੈਠ ਗਿਆ ਸੀ। ਛਾਤੀ ਜੁੜ ਕੇ ਮਾੜੇ ਟਰੱਕ ਵਾਂਗ 'ਘੈਂ-ਘੈਂ' ਕਰ ਰਹੀ ਸੀ। ਸਾਹ ਕਿਸ਼ਤਾਂ 'ਤੇ ਹੀ ਆਉਂਦਾ ਸੀ। ਨੱਕ ਵਿਚ ਸੀਂਢ ਬਰੇਕਾਂ ਲਾਈ ਬੈਠਾ ਸੀ। ਪਿੱਠ ਪਟੜਾ ਬਣ ਗਈ ਸੀ।
----
ਬੁੱਢੀ ਨੂੰ ਬਰਾਂਡੀ ਵਿਚ ਸ਼ਹਿਦ ਪਾ ਕੇ ਦਿੱਤਾ ਗਿਆ। ਫਿਰ ਗਰਮ ਦੁੱਧ ਵਿਚ ਦੋ ਆਂਡੇ ਫੈਂਟ ਕੇ ਪਿਆਏ। ਪਰ ਕੋਈ ਫ਼ਰਕ ਨਾ ਪਿਆ। ਬੁੱਢੀ ਨੇ ਮੰਜੇ ਕੋਲ ਸੁਆਹ ਦਾ ਭਰਿਆ ਬੱਠਲ ਰਖਵਾ ਲਿਆ। ਜਿਸ ਵਿਚ ਉਹ 'ਤੋਤੇ ਰੰਗੇ' ਘੰਗਾਰ ਤੋਲ-ਤੋਲ ਕੇ ਸੁੱਟ ਰਹੀ ਸੀ। ਬਹੂ ਉਸ ਦੀ ਲਗਾਤਾਰ, ਦਿਲੋਂ ਸੇਵਾ ਕਰ ਰਹੀ ਸੀ। ਪਰ ਜ਼ਿੱਦੀ ਬੁੜ੍ਹੀ ਬੁੱਢੇ ਬੋਤੇ ਵਾਂਗ ਬੁੱਲ੍ਹ ਸੁੱਟੀ ਬੈਠੀ ਸੀ।
ਸੰਤੀ ਵੀ ਬੁੱਢੀ ਦੀ ਖ਼ਬਰ ਨੂੰ ਪਹੁੰਚ ਗਈ।
-"ਨੀ ਤੂੰ ਹਿੰਗ ਲੈ ਕੇ ਦੇਖ!" ਸੰਤੀ ਨੇ ਅਕਲ ਅਨੁਸਾਰ ਇਲਾਜ ਦੱਸਿਆ, "ਹਿੰਗ ਨੇ ਤਾਂ ਸਾਡੀ ਝੋਟੀ ਆਥਣ ਨੂੰ ਰਾਜੀ ਕਰਤੀ ਸੀ।" ਸੰਤੀ ਨੇ ਪ੍ਰਮਾਣ ਦਿੱਤਾ। ਅਜੇ ਸ਼ੁਕਰ ਹੈ ਉਸ ਨੇ 'ਸਲੋਤਰੀ' ਬੁਲਾਉਣ ਲਈ ਨਹੀਂ ਆਖ ਦਿੱਤਾ!
-"ਅੰਮਾਂ ਜੀ ਸਾਰਾ ਕੁਛ ਕਰਕੇ ਦੇਖ ਲਿਆ-ਨਪੁੱਤੇ ਦਾ 'ਰਾਮ ਈ ਨ੍ਹੀ ਆਉਂਦਾ।" ਜੰਗੀਰੋ ਨੱਕ 'ਚੋਂ 'ਭੱਗ-ਭੱਗ' ਜਿਹਾ ਕਰਕੇ ਬੋਲੀ।
-"ਤੇ ਕੋਈ ਡਾਕਦਾਰ ਤੋਂ ਗੋਲੀ ਗੱਪਾ ਲੈ ਲੈਣਾ ਸੀ?"
-"ਇਹ ਵੀ ਕਰ ਕੇ ਦੇਖ ਲੈਨੀਂ ਆਂ।" ਜੰਗੀਰੋ ਕਾਫ਼ੀ ਤੰਗ ਸੀ। ਗੁਆਂਢੀਆਂ ਦਾ ਜੁਆਕ ਭੇਜ ਕੇ ਡਾਕਟਰ ਬੁਲਾਇਆ ਗਿਆ। ਡਾਕਟਰ ਵੀ ਕਾਹਦਾ ਸੀ? ਉਸ ਨੇ ਦੋ ਕੁ ਮਹੀਨੇ ਸ਼ਹਿਰ ਕਿਸੇ ਡਾਕਟਰ ਕੋਲ ਲਾਏ ਸਨ। ਫਿਰ ਉਥੇ ਉਸ ਨੇ ਕੋਈ ਕੁੜੀ-ਕੱਤਰੀ ਨਾਲ ਪੰਗਾ ਲੈ ਲਿਆ। ਜਿਸ ਕਰਕੇ ਡਾਕਟਰ ਨੇ ਕਲੀਨਿਕ ਵਿਚੋਂ ਦਫ਼ਾ ਕਰ ਦਿੱਤਾ ਸੀ। ਗੋਲੀ-ਗੱਟੇ ਦੀ ਮਾੜੀ ਮੋਟੀ ਸੂੰਹ ਆ ਗਈ ਸੀ, ਜਿਸ ਕਰਕੇ ਉਸ ਨੇ ਪਿੰਡ ਆ ਕੇ ਦੁਕਾਨ ਕਰ ਲਈ ਸੀ।
----
ਡਾਕਟਰ ਨੇ ਬੁੱਢੀ ਨੂੰ ਟੂਟੀ ਜਿਹੀ ਲਾ ਕੇ ਦੇਖੀ। ਫਿਰ ਥਰਮਾਮੀਟਰ ਲਾਇਆ। ਫਿਰ ਬੁੱਢੀ ਦੀ ਨਬਜ਼ ਅਤੇ ਆਪਣੀ ਘੜ੍ਹੀ ਪੜ੍ਹੀ।
-"ਤੁਸੀਂ ਲੋਕ ਬਿਮਾਰੀ ਵਧੀ ਤੋਂ ਚੀਕਾਂ ਮਾਰਦੇ ਓਂ-ਪਹਿਲਾਂ ਗੌਰ ਨ੍ਹੀ ਕਰਦੇ।" ਉਸ ਨੇ ਸੁਲਝੇ ਡਾਕਟਰਾਂ ਵਾਲਾ 'ਛੁਰਲ੍ਹਾ' ਛੱਡ ਕੇ ਬੁੜ੍ਹੀ 'ਤੇ ਰੋਅਬ ਜਿਹਾ ਖਿਲਾਰਿਆ।
-"ਵੇ ਪੁੱਤ! ਤੈਨੂੰ ਪਤਾ ਈ ਐ ਘਰਾਂ ਦਾ।" ਬੁੜ੍ਹੀ ਨੇ ਆਪਣੀ ਗਲਤੀ ਜਿਹੀ ਮੰਨੀ ਅਤੇ ਖੰਘ ਕੇ ਥੁੱਕਣ ਦਾ ਦਿਖਾਵਾ ਜਿਹਾ ਕੀਤਾ।
-"ਮਾਈ ਪਹਿਲਾਂ ਸਰੀਰ ਫੇਰ ਘਰ-ਜੇ ਸਿਹਤ ਈ ਠੀਕ ਨਹੀਂ ਤਾਂ ਘਰ ਕਿਹੜਾ ਸਿਰ 'ਤੇ ਚੱਕ ਕੇ ਲੈ ਜਾਣੈਂ?" ਦੋ ਸੁਣੀਆਂ ਸੁਣਾਈਆਂ ਗੱਲਾਂ ਕਰਕੇ ਡਾਕਟਰ ਨੇ ਬੁੱਢੀ ਨੂੰ ਸੱਪ ਵਾਂਗ ਕੀਲ ਜਿਹਾ ਲਿਆ। ਉਸ ਨੇ ਦੋ ਗੋਲੀਆਂ ਪਾਣੀ ਵਿਚ ਘੋਲ ਕੇ ਬੁੜ੍ਹੀ ਨੂੰ ਪਿਆਈਆਂ ਅਤੇ ਇਕ ਟੀਕਾ ਲਾਇਆ। ਮਾੜੀ ਕਿਸਮਤ ਸੀ ਜੰਗੀਰੋ ਦੀ ਕਿ ਟੀਕਾ 'ਰੀ-ਐਕਸ਼ਨ' ਕਰ ਗਿਆ! ਉਸ ਨੇ ਪਿੰਡਾ ਖੁਰਕਣਾ ਛੱਡ ਵੱਢਣਾਂ ਸ਼ੁਰੂ ਕਰ ਦਿੱਤਾ। ਸਰੀਰ ਭੜ੍ਹੋਲੇ ਵਾਂਗ ਸੁੱਜ ਗਿਆ। ਉਸ ਨੂੰ ਸਾਹ ਘੁੱਟ-ਘੁੱਟ ਕੇ ਆਉਣ ਲੱਗ ਪਿਆ। ਦਿਲ ਦੀ ਧੜਕਣ ਬੰਦ ਹੁੰਦੀ ਲੱਗਦੀ ਸੀ। ਡਾਕਟਰ ਭਮੱਤਰਿਆ ਖੜ੍ਹਾ ਕੰਬੀ ਜਾ ਰਿਹਾ ਸੀ। ਕੁਝ ਸੁੱਝ ਨਹੀਂ ਰਿਹਾ ਸੀ। ਸੰਘ ਖੁਸ਼ਕ ਹੋ ਗਿਆ ਸੀ। ਚਿਹਰਾ ਬੱਗਾ ਅਤੇ ਜ਼ੁਬਾਨ ਸੁੱਕ ਗਈ ਸੀ।
-"ਇਹਨੂੰ ਸ਼ਹਿਰ ਵੱਡੇ ਹਸਪਤਾਲ ਲੈ ਜਾਓ-ਨਹੀਂ ਤਾਂ ਮਰਜੂਗੀ!" ਕਹਿੰਦਾ ਡਾਕਟਰ ਆਪਣਾ ਝੋਲਾ ਜਿਹਾ ਚੁੱਕ ਕੇ ਭੱਜ ਗਿਆ।
ਦੇਰ ਨ੍ਹੇਰ ਸੀ। ਬੁੱਢੀ ਤਾਂ ਅੱਖਾਂ ਫੇਰ ਚੱਲੀ ਸੀ। ਸਾਰਾ ਮੂੰਹ ਸਿਰ ਸੁੱਜ ਕੇ ਇੱਕੋ ਹੀ ਬਣ ਗਿਆ ਸੀ। ਕੰਨ ਗੁਲਗਲੇ ਵਰਗੇ ਬਣ ਗਏ ਸਨ। ਉਹ ਲਗਾਤਾਰ ਖੁਰਕ ਰਹੀ ਸੀ। ਚੀਕ-ਚਿਹਾੜਾ ਪਾ ਰਹੀ ਸੀ। ਮੱਝ ਦੇ ਮੱਖ ਲੜਨ ਵਾਂਗ ਛੜਾਂ ਜਿਹੀਆਂ ਮਾਰ ਰਹੀ ਸੀ।
----
ਪੰਚਾਇਤ ਦੀ ਸਾਂਝੀ ਕਾਰ ਲਿਆਂਦੀ ਗਈ। ਬੋਹੜ ਦੇ ਮੁੱਛ ਵਰਗੀ ਬੁੱਢੀ ਨੂੰ ਕਾਰ ਵਿਚ ਲੱਦ ਕੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਨੇ ਬੁੱਢੀ ਨੂੰ ਸੰਭਾਲਿਆ। ਟੀਕੇ ਲਾਏ। ਗੋਲੀਆਂ ਦਿੱਤੀਆਂ। ਦੁਆਈ ਪਿਆਈ। ਘੰਟੇ ਕੁ ਬਾਅਦ ਬੁੱਢੀ ਨੂੰ ਸ਼ਾਂਤੀ ਜਿਹੀ ਆ ਗਈ। ਤਾਜ਼ੀ ਸੂਅ ਕੇ ਹਟੀ ਮੱਝ ਵਾਂਗ ਨਿਢਾਲ ਜਿਹੀ ਹੋ ਗਈ ਸੀ। ਉਸ ਨੂੰ ਮੱਲੋਮੱਲੀ ਨੀਂਦ ਆ ਰਹੀ ਸੀ। ਪਰ ਡਾਕਟਰਾਂ ਦਾ ਕਹਿਣਾ ਸੀ ਕਿ ਉਹ ਸੌਂ ਨਹੀਂ ਸੀ ਸਕਦੀ। ਸੌਣ ਨਾਲ ਦਿਲ ਦੀ ਹਰਕਤ ਕਦੇ ਵੀ ਬੰਦ ਹੋ ਸਕਦੀ ਸੀ ਅਤੇ ਬੁੱਢੀ ਦਾ ਗੁੱਗਾ ਪੂਜਿਆ ਜਾਣਾ ਸੀ।
ਖ਼ੈਰ! ਰੱਬ ਬੁੱਢੀ 'ਤੇ ਮਿਹਰਵਾਨ ਹੋਇਆ ਅਤੇ ਉਹ ਤੀਜੇ ਦਿਨ ਟੱਲੀ ਵਰਗੀ ਹੋ ਕੇ ਘਰੇ ਆ ਗਈ। ਸੰਤੀ ਕੂਕਣ ਨੇ ਫਿਰ ਚੱਕਰ ਮਾਰਿਆ। ਬਹੂ ਨੂੰ ਚੱਕਰ ਆਇਆ! ਉਸ ਦਾ ਦਿਲ ਕੰਬਿਆ ਕਿ ਕੋਈ ਪੁਆੜਾ ਫਿਰ ਪੈਣ ਵਾਲਾ ਸੀ। ਕੋਈ ਨਵਾਂ ਭਾਣਾ ਵਰਤਣ ਵਾਲਾ ਸੀ। ਸੁੱਖ ਨਹੀਂ ਸੀ!
-"ਕੀ ਬਿਪਤਾ ਆ ਪਈ ਸੀ ਰੱਬ ਨੇ ਹੱਥ ਦੇ ਕੇ ਰੱਖੀਂ ਐਂ-ਸ਼ੁਕਰ ਕਰ!" ਸੰਤੀ ਨੇ ਹਮਦਰਦੀ ਪ੍ਰਗਟਾਈ। ਚੁੱਪ ਰਹਿਣਾ ਉਸ ਲਈ ਅਸੰਭਵ ਸੀ।
-"ਤੇ ਹੋਰ ਅੰਮਾਂ ਜੀ-ਔਤਾਂ ਦੇ ਨੇ ਜਾਹ ਜਾਂਦੀ ਕਰ ਦੇਣੀ ਸੀ।" ਜੰਗੀਰੋ ਅੰਦਰੋਂ ਹਿੱਲੀ। ਉਸ ਨੂੰ ਡਾਕਟਰ 'ਹੋਣੀਂ' ਜਾਪਿਆ ਸੀ।
-"ਨੀ ਇਹੋ ਡਾਕਦਾਰ ਲੋਕਾਂ ਦਾ ਵੀ 'ਲਾਜ ਕਰਦਾ ਈਐ-ਤੇ ਫੇਰ ਤੇਰੇ 'ਤੇ ਆ ਕੇ ਈ ਆਹ ਘਾਣੀਂ ਬੀਤਣੀ ਸੀ? ਮੈਨੂੰ ਤਾਂ ਦਾਲ 'ਚ ਕੁਛ ਕਾਲਾ ਲੱਗਦੈ।" ਪਿਛਲੀ ਗੱਲ ਸੰਤੀ ਨੇ ਟਿਕਾਅ ਕੇ ਜਿਹੇ ਕਹੀ।
-"ਕੀ ਅੰਮਾਂ ਜੀ?"
-"ਮੈਨੂੰ ਤਾਂ ਹੋਰ ਸ਼ੱਕ ਐ ਬਈ ਤੇਰੀ ਨੂੰਹ ਨੇ ਤੈਨੂੰ ਕੁਛ ਕਰਵਾਤਾ-ਐਹੋ ਜੀਆਂ ਫਫੇਕੁੱਟ ਧਾਗਿਆਂ ਤਬੀਤਾਂ ' ਬਾਹਲਾ ਪਈਆਂ ਹੁੰਦੀਐਂ।" ਸੰਤੀ ਬਰਾਬਰ ਜੰਗੀਰੋ ਦੇ ਚਿਹਰੇ ਨੂੰ ਨਿਹਾਰ ਰਹੀ ਸੀ।
-"ਚੱਲ ਕੱਲ੍ਹ ਨੂੰ ਤੈਨੂੰ ਰੋਡੇ ਸਾਧ ਕੋਲੇ ਲੈ ਕੇ ਚੱਲਾਂ-ਭੈਣੇਂ ਆਪਾਂ ਨੂੰ ਤਾਂ ਆਉਂਦੈ ਤੇਰਾ ਦੁੱਖ-ਮੈਨੂੰ ਤਾਂ ਤਿੰਨ ਦਿਨ ਰੋਟੀ ਨੀ ਸੁਆਦ ਲੱਗੀ-ਤੇਰੇ ਘਰ ਵੱਲੀਂ ਦੇਖਣ ਨੂੰ ਚਿੱਤ ਨਾ ਕਰੇ-ਸੋਚੀ ਜਾਵਾਂ-ਖਬਰੇ ਘਰੇ ਮੁੜੇਂਗੀ-ਖਬਰੇ ਨਹੀਂ!" ਗੱਲਾਂ ਗੱਲਾਂ ਵਿਚ ਸੰਤੀ ਨੇ ਜੰਗੀਰੋ ਨੂੰ ਇਕ ਤਰ੍ਹਾਂ ਨਾਲ ਨਹਿਬ ਲਿਆ ਸੀ, ਨਰੜ ਲਿਆ ਸੀ।
----
ਅਗਲੀ ਸਵੇਰ ਹੀ ਦੋਵੇਂ ਰੋਡੇ ਸਾਧ ਦੇ ਡੇਰੇ ਜਾ ਵੜੀਆਂ। ਇਸ ਸਾਧ ਦੀਆਂ ਲੋਕ ਕਾਫ਼ੀ ਸਿਫ਼ਤਾਂ ਕਰਦੇ ਸਨ। ਸੁਣਿਆਂ ਸੀ ਉਹ ਸਰਦੀਆਂ ਵਿਚ ਜਲਧਾਰਾ ਕਰਦਾ ਸੀ ਅਤੇ ਗਰਮੀਆਂ ਵਿਚ ਧੂੰਣਾ ਤਾਪਦਾ ਸੀ। ਫਿਰ ਸਵਾ ਮਹੀਨਾ ਇਕ ਲੱਤ 'ਤੇ ਖੜ੍ਹਦਾ ਸੀ। ਬੜਾ ਕਰਨੀ ਵਾਲਾ ਸਾਧ ਸੀ।
ਰੋਡਾ ਸਾਧ ਹਲਟੀ ਤੋਂ ਇਸ਼ਨਾਨ ਕਰ ਕੇ ਹਟਿਆ ਸੀ। ਉਹ ਆਪਣੇ ਸਾਰੇ ਸਰੀਰ 'ਤੇ ਵਾਲ ਨਹੀਂ ਛੱਡਦਾ ਸੀ। ਜਿਸ ਕਰ ਕੇ ਉਸ ਦਾ ਨਾਂ 'ਰੋਡਾ ਸਾਧ' ਪਿਆ ਹੋਇਆ ਸੀ।
ਦੋਹਾਂ ਨੇ ਬਾਬੇ ਦੇ ਚਰਨੀਂ ਹੱਥ ਲਾਏ। ਬਾਬੇ ਨੇ ਆਸ਼ੀਰਵਾਦ ਦਿੱਤਾ। ਜੰਗੀਰੋ ਭੁੱਬੀਂ ਰੋ ਪਈ।
-"ਸਭ ਮਾਲੁਮ ਹੈ ਹਮੇਂ-ਸਭ ਮਾਲੁਮ ਹੈ! ਰੋਨਾ ਬੰਦ ਕਰੀਏ-ਰੋਨਾ ਪਸੰਦ ਨਹੀਂ ਹੈ ਹਮੇਂ--!" ਸਾਧ ਨੇ ਚਿਲਮ 'ਚੋਂ ਸੂਟਾ ਮਾਰਿਆ।
ਜੰਗੀਰੋ ਹੈਰਾਨ ਹੋਈ ਕਿ ਬਾਬੇ ਤਾਂ ਜਾਣੀਜਾਣ, ਪਹੁੰਚੇ ਹੋਏ ਹਨ। ਪਰ ਫਿਰ ਵੀ ਉਸ ਨੇ ਸੰਖੇਪ ਦੁੱਖ ਸੁਣਾਇਆ।
-"ਹੂੰ---!" ਕਹਿ ਕੇ ਉਸ ਨੇ ਜੰਗੀਰੋ ਦੇ ਚਿਹਰੇ 'ਤੇ ਫ਼ੂਕ ਮਾਰੀ। ਹੱਥ ਹਵਾ ਵਿਚ ਲਹਿਰਾਇਆ, ਅੱਖਾਂ ਬੰਦ ਕਰ ਲਈਆਂ। ਸਾਧ ਕਿੱਲੇ ਵਾਂਗ ਆਕੜ ਗਿਆ ਸੀ!
-"ਰਵੀਵਾਰ ਕੋ ਤੁਮਹਾਰੀ ਬਹੂ ਨੇ ਤੁਮਹੇਂ ਦੂਧ ਮੇਂ ਤਬੀਤ ਘੋਲ ਕਰ ਪਿਲਾਏ ਹੈਂ-ਤਬੀਤ ਬਹੁਤ ਖ਼ਤਰਨਾਕ ਥੇ-ਯੇਹ ਏਕ ਮੁਸਲਮਾਨ ਕਾ ਪ੍ਰੇਤ ਥਾ-ਲੇਕਿਨ ਤੁਮ ਹਮਾਰੀ ਜੂਹ ਮੇਂ ਵਸਤੀ ਹੈਂ-ਇਸ ਲੀਏ ਤੁਮ ਬਚ ਗਈ-ਤੁਮ ਹਮਾਰੇ ਭਗਤ ਹੈਂ-ਆਜ ਸੇ ਕੋਈ ਭੀ ਐਸੀ ਵੈਸੀ ਵਸਤੂ ਤੁਮਹੇਂ ਪ੍ਰੇਸ਼ਾਨ ਨਹੀਂ ਕਰੇਗੀ-ਕੁਸ਼ਲ ਵਸੀਏ-ਪ੍ਰੀਵਾਰ ਮੇਂ ਖੁਸ਼ਹਾਲੀ ਆ ਜਾਏਗੀ-ਬਹੂ ਸੇ ਸਾਵਧਾਨ ਰਹਿਨਾ ਔਰ ਸੰਗਰਾਂਦ ਕੋ ਏਕ ਸੌ ਏਕ ਰੁਪਏ ਔਰ ਸਾਮੱਗਰੀ ਲੇਕਰ ਆ ਜਾਨਾ-ਹਵਨ ਕਰੇਂਗੇ।" ਸਾਧ ਥਾਪੀਆਂ ਮਾਰ ਰਿਹਾ ਸੀ। ਸੂਟੇ ਮਾਰ ਮਾਰ ਉਸ ਨੇ ਚਿਲਮ ਦਾ ਧੂੰਆਂ ਰੋਲ ਕਰ ਦਿੱਤਾ ਅਤੇ ਫਿਰ ਉਸ ਨੂੰ ਹੱਥੂ ਆ ਗਿਆ।
ਦੋਨਾਂ ਨੇ ਮੱਥਾ ਟੇਕਿਆ ਅਤੇ ਵਾਪਿਸ ਪਰਤ ਆਈਆਂ।
-"ਕਿਉਂ? ਮੈਂ ਕੀ ਕਿਹਾ ਸੀ ਜੰਗੀਰੋ?" ਸੰਤੀ ਨੇ ਆਪਣੀ ਜਿੱਤ ਦੀ ਵਡਿਆਈ ਜਿਹੀ ਕੀਤੀ।
ਜੰਗੀਰੋ ਗੁੱਸੇ ਵਿਚ ਜਲੀ ਪਈ ਸੀ।
-"ਅੱਜ ਕੱਲ੍ਹ ਦੀਆਂ ਨ੍ਹੀ ਕਰਦੀਆਂ ਸੇਵਾ! ਉਹ ਤਾਂ ਆਪਾਂ ਈ ਸੀ ਜਿਹੜੀਆਂ ਅੜਬ ਸੱਸਾਂ ਨਾਲ ਵੀ ਕੱਟ ਗਈਆਂ-ਕੀ ਕਲਯੁੱਗ ਆ ਗਿਆ ਭੈਣੇਂ-ਲੋਹੜਾ!" ਸਾਰੇ ਰਾਹ ਹੀ ਸੰਤੀ ਉਸ ਨੂੰ ਫ਼ੂਕ ਭਰਦੀ ਆਈ।
----
ਬਹੂ ਨੂੰ ਫਿਰ ਬਾਲ-ਬੱਚਾ ਹੋਣ ਵਾਲਾ ਸੀ। ਤੀਜਾ ਮਹੀਨਾ ਸੀ। ਉਹ ਰਸੋਈ ਵਿਚ ਕੋਈ ਚੱਕਣ-ਧਰਨ ਕਰ ਰਹੀ ਸੀ। ਗੁੱਸੇ ਨਾਲ ਦਧਨ, ਭੂਤਰੀ ਜੰਗੀਰੋ ਅੰਦਰ ਆਈ। ਪੂਰੇ ਕਰੋਧ ਅਤੇ ਜੋਰ ਨਾਲ ਉਸ ਨੇ ਘੋਟਣਾ ਚੁੱਕ ਕੇ ਬਹੂ ਦੇ ਸਿਰ ਵਿਚ ਮਾਰਿਆ। ਬਹੂ ਦੇ ਹੋਸ਼ ਪਹਿਲੀ ਸੱਟ ਨਾਲ ਹੀ ਉੱਡ ਗਏ। ਉਹ ਕਿਸੇ ਪੱਥਰ ਵਾਂਗ ਧਰਤੀ 'ਤੇ ਵਿਛ ਗਈ ਸੀ। ਪਈ ਬਹੂ ਦੇ ਕਈ ਵਾਰ ਜੰਗੀਰੋ ਨੇ ਹੋਰ ਕੀਤੇ। ਪਰ ਉਸ ਦੇ ਮੂੰਹੋਂ 'ਹਾਏ' ਵੀ ਨਾ ਨਿਕਲੀ। ਸ਼ਾਇਦ ਮਰ ਗਈ ਸੀ। ਸਿਰ 'ਚੋਂ ਲਹੂ ਦਾ ਖਾਲ ਤੁਰ ਪਿਆ ਸੀ।
ਸੰਤੀ ਨੇ ਦੁਹਾਈ ਦਿੱਤੀ।
ਪਿੰਡ ਇਕੱਠਾ ਹੋ ਗਿਆ।
ਬਹੂ ਸੱਚ ਹੀ ਮਰ ਚੁੱਕੀ ਸੀ। ਕਿਸੇ ਦੀ ਖਬਰ 'ਤੇ ਪੁਲੀਸ ਪੁੱਜ ਗਈ। ਲਾਸ਼ ਕਬਜ਼ੇ ਵਿਚ ਕਰ ਲਈ ਗਈ। ਮੁੰਡੇ ਅਤੇ ਜੰਗੀਰੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁੱਛ-ਦੱਸ ਤੋਂ ਬਾਅਦ ਮੁੰਡੇ ਦਾ ਤਾਂ ਰੱਸਾ ਲਾਹ ਦਿੱਤਾ। ਪਰ ਜੰਗੀਰੋ ਨੂੰ ਹੱਥਕੜੀ ਲਾ ਕੇ ਧਰਮਸਾਲਾ ਵਿਚ ਬਿਠਾ ਲਿਆ।
-"ਨੂੰਹਾਂ ਸੱਸਾਂ ਲੜਦੀਆਂ ਤਾਂ ਸੁਣੀਆਂ ਸੀ-ਪਰ ਆਹ ਅਨਰਥ ਨ੍ਹੀ ਸੁਣਿਆਂ-ਹਾਏ ਹਾਏ ਨੀ ਕਲਜੋਗਣੇਂ! ਤੈਨੂੰ ਸੋਨੇ ਅਰਗੀ ਸਾਊ ਨੂੰਹ ਮਾਰਦੀ ਨੂੰ ਤਰਸ ਨਾ ਆਇਆ? ਪਰ ਕਾਹਨੂੰ ਭਾਈ-ਕਲਯੁਗ ਐ ਕਲਯੁਗ!" ਸੰਤੀ ਜੰਗੀਰੋ ਦੇ ਮੂੰਹ 'ਚ ਹੱਥ ਦੇਣ ਤੱਕ ਜਾਂਦੀ ਸੀ।
-"ਠਾਣੇਦਾਰਾ-ਜੇ ਤੂੰ ਮੇਰਾ ਧਰਮ ਦਾ ਪੁੱਤ ਐਂ ਤਾਂ ਏਸ ਕਲਜੋਗਣ ਨੂੰ ਫਾਹਾ ਲੁਆ ਦੇਹ!" ਸੰਤੀ ਨੇ ਕਿਹਾ।
----
ਜੰਗੀਰੋ ਮੁਤਰ-ਮੁਤਰ, ਮਜੌਰਾਂ ਦੀ ਮਾਂ ਵਾਂਗ ਸੰਤੀ ਵੱਲ ਘੋਰ ਹੈਰਾਨ ਤੱਕ ਰਹੀ ਸੀ। ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਹਮੇਸ਼ਾ ਉਸ ਦੀ ਮੱਦਦਗਾਰ ਰਹੀ ਸੰਤੀ ਅੱਜ ਕੀ ਬੱਕੜਵਾਹ ਕਰ ਰਹੀ ਸੀ?
-"ਰਿਸ਼ਤਿਆਂ 'ਚ ਭਾਨੀ ਮਾਰਨ ਵਾਲਿਆਂ ਤੇ ਲਾਈਲੱਗਾਂ ਨਾਲ ਇਉਂ ਈ ਹੁੰਦੀ ਐ!" ਸੰਤੀ ਨੇ ਜੰਗੀਰੋ ਦੇ ਕਾਫ਼ੀ ਨਜ਼ਦੀਕ ਹੋ ਕੇ ਕੰਨ 'ਚ ਕਿਹਾ ਤਾਂ ਜੰਗੀਰੋ ਦੇ ਕੰਨ 'ਪਟੱਕ' ਦੇਣੇ ਖੁੱਲ੍ਹ ਗਏ। ਅਸਲ ਵਿਚ ਜੰਗੀਰੋ ਨੇ ਸੰਤੀ ਦੇ ਭਤੀਜੇ ਦੇ ਸਾਕ 'ਚ ਭਾਨੀ ਮਾਰੀ ਸੀ। ਰਿਸ਼ਤਾ ਨਹੀਂ ਹੋਣ ਦਿੱਤਾ ਸੀ। ਪਰ ਸੰਤੀ ਚੁੱਪ ਕਰ ਗਈ ਸੀ। ਉਸ ਨੇ ਜ਼ਾਹਿਰ ਨਾ ਹੋਣ ਦਿੱਤਾ, ਪਰ ਬਦਲਾ ਲੈਣ ਦੀ ਠਾਣ ਲਈ ਸੀ।
ਸੰਤੀ 'ਬਾਖਰੂ-ਬਾਖਰੂ' ਕਰਦੀ ਘਰ ਨੂੰ ਜਾ ਰਹੀ ਸੀ। ਜੰਗੀਰੋ ਅੱਡੀਆਂ ਅੱਖਾਂ ਨਾਲ ਜਾਂਦੀ ਸੰਤੀ ਨੂੰ ਤੱਕ ਰਹੀ ਸੀ!