Monday, August 13, 2007

ਕਹਾਣੀ: ਸੂਲ਼ੀ ਚੜ੍ਹਿਆ ਚੰਦਰਮਾ

ਸੂਲੀ ਚੜ੍ਹਿਆ ਚੰਦਰਮਾਂ
(ਕਹਾਣੀ)

-"ਪਾਠ ਕਰਿਆ ਕਰ ਬੀਬੀ-ਕੁਛ ਨ੍ਹੀ ਪਿਆ ਕਰਮ ਕਾਂਡਾਂ ਚ-ਗੁਰੂ ਦੀ ਬਾਣੀ ਈ ਆਖਰ ਨੂੰ ਓਟ ਆਸਰਾ ਬਣਦੀ ਐ---!" ਬਾਬਾ ਗੁਰਮਖ ਸਿੰਘ ਗੁਰਮੀਤ ਕੌਰ ਨੂੰ ਕਹਿੰਦਾ।
ਗੁਰਮੀਤ ਕੌਰ ਬਾਬੇ ਗੁਰਮਖ ਸਿੰਘ ਦੀ ਗੁਆਂਢਣ ਸੀ। ਧੀਆਂ ਵਰਗੀ!
ਗੁਰਮੀਤ ਦਸ ਕੁ ਜਮਾਤਾਂ ਪੜ੍ਹੀ ਹੋਈ ਸੀ। ਉਸ ਦਾ ਪਤੀ ਮਹਿੰਦਰ ਸਿੰਘ ਫ਼ੌਜ ਵਿਚ ਸੀ। ਪੰਜ ਕੁ ਸਾਲ ਹੋ ਗਏ ਸਨ, ਵਿਆਹੀ ਆਈ ਨੂੰ। ਪਰ ਰੱਬ ਨੇ ਉਸ ਦੀ ਗੋਦ ਨਹੀਂ ਭਰੀ ਸੀ। ਫ਼ੌਜੀ ਵਰ੍ਹੇ ਛਿਮਾਹੀਂ ਛੁੱਟੀ ਆਉਂਦਾ ਤਾਂ ਗੁਰਮੀਤ ਦੀ ਪੁੱਤ ਵਾਲੀ ਆਸ ਦੀ ਕਿਰਨ ਜਾਗਦੀ। ਪਰ ਫ਼ੌਜੀ ਦੇ ਦੋ-ਦੋ ਮਹੀਨੇ ਛੁੱਟੀ ਕੱਟ ਕੇ ਜਾਣ ਤੋਂ ਬਾਅਦ ਵੀ ਜਦ ਉਸ ਦੀ ਕੁੱਖ ਖਾਲੀ ਦੀ ਖਾਲੀ ਹੀ ਰਹਿੰਦੀ ਤਾਂ ਉਹ ਪ੍ਰੇਸ਼ਾਨ ਹੋ ਉਠਦੀ। ਸੱਸ, ਨਣਾਨਾਂ ਅਤੇ ਗੁਆਂਢਣਾਂ ਵੀ ਉਸ ਨੂੰ ਨੱਕ ਬੁੱਲ੍ਹ ਕੱਢਣ ਲੱਗ ਪਈਆਂ ਸਨ। ਸੱਸ ਤਾਂ ਅਸਿੱਧੇ ਤੌਰ 'ਤੇ ਪੁੱਤ ਨੂੰ ਦੁਬਾਰਾ ਵਿਆਹੁੰਣ ਲਈ ਵੀ ਸੁਣਾਈ ਕਰ ਚੁੱਕੀ ਸੀ।
-"ਭਾਈ ਪੁੱਤ ਦੀ ਕੁਲ ਆਸਤੇ ਕਰਨੈਂ-ਕਿਤੇ ਚਾਅ ਨੂੰ ਕਰਨੈਂ?" ਸੱਸ ਅਕਸਰ ਆਖਦੀ।
ਗੁਰਮੀਤ ਦੇ ਦਿਲ ਨੂੰ ਡੋਬੂ ਪੈਂਦੇ। ਫ਼ੌਜੀ ਸੋਹਣਾ ਸੁਨੱਖਾ ਜੁਆਨ ਸੀ। ਚਾਰ ਕਿੱਲੇ ਜ਼ਮੀਨ ਵੀ ਆਉਂਦੀ ਸੀ। ਫ਼ੌਜ ਵਿਚ ਭਰਤੀ ਸੀ। ਗੁਰਮੀਤ ਦਾ ਦਿਲ ਥਾਲੀ ਦੇ ਪਾਣੀ ਵਾਂਗ ਡੋਲਦਾ। ਦੀਵੇ ਦੀ ਲਾਟ ਵਾਂਗ ਬੁਝ-ਬੁਝ ਜਾਂਦਾ। ਉਸ ਅੰਦਰ ਦਿਨ ਰਾਤ ਮਾੜੀਆਂ ਚੰਗੀਆਂ ਗੱਲਾਂ ਦਾ ਜਹਾਦ ਛਿੜਿਆ ਰਹਿੰਦਾ। ਗੁਰਮੀਤ ਦੇ ਸਚਿਆਰਪੁਣੇਂ 'ਤੇ ਵੀ ਪ੍ਰੀਵਾਰ ਵੱਲੋਂ ਨਿਘੋਚਾਂ ਕੱਢੀਆਂ ਜਾਂਦੀਆਂ। ਤਰ੍ਹਾਂ-ਤਰ੍ਹਾਂ ਦੀਆਂ ਚੋਭਾਂ ਲਾਈਆਂ ਜਾਂਦੀਆਂ।
ਨਣਾਨਾਂ ਤਾਂ ਗੁਰਮੀਤ ਨੂੰ "ਕੰਜ ਬੱਕਰੀ" ਜਾਂ "ਫੰਡਰ ਮੱਝ" ਤੱਕ ਆਖ ਜਾਂਦੀਆਂ। ਜਿਹੜੀ ਨਾ ਸੂਆ ਦਿੰਦੀ ਸੀ ਅਤੇ ਨਾ ਹੀ ਦੁੱਧ ਦਿੰਦੀ ਸੀ। ਜੇ ਉਹ ਸੱਥ ਕੋਲ ਦੀ ਗੋਹੇ ਕੂੜੇ ਦਾ ਟੋਕਰਾ ਲੈ ਕੇ ਲੰਘਦੀ ਤਾਂ ਵੀ ਅਵਾਜ਼ੇ ਕਸੇ ਜਾਦੇ।
-"ਝੋਟਾ ਈ ਮਾੜੈ ਭਾਈ-ਮੱਝ ਤਾਂ ਸਿਰੇ ਦੀ ਐ-ਮੈਨੂੰ ਲੱਗਦੈ ਝੋਟਾ ਈ ਨਵੇਂ ਪਿੰਡੋਂ ਜਾ ਕੇ ਲਿਆਉਣਾ ਪਊ।" ਲੰਡਰ ਮਡੀਹਰ ਤਰਕ ਦੇ ਬਾਣ ਮਾਰਦੀ ਤਾਂ ਉਹ ਸਾਹੋ ਸਾਹ ਹੋਈ ਘਰੇ ਪਹੁੰਚਦੀ। ਘਰਦਿਆਂ ਅਤੇ ਲੋਕਾਂ ਦੇ ਰੇਗਮਾਰ ਵਰਗੇ ਅੱਖੜ ਬੋਲ ਉਸ ਦਾ ਕਾਲਜਾ ਵਲੂੰਧਰ ਧਰਦੇ!
ਸਭ ਤੋਂ ਜਿ਼ਆਦਾ ਖ਼ਤਰਾ ਉਸ ਨੂੰ ਉਸ ਦਾ ਮੁਕੰਦਾ ਜੇਠ ਬਣਿਆ ਹੋਇਆ ਸੀ। ਉਸ ਦੀ ਘਰਵਾਲੀ ਮਰ ਚੁੱਕੀ ਸੀ। ਉਮਰੋਂ ਅੱਧਖੜ੍ਹ ਦਾ ਕੋਈ ਬੰਨ੍ਹ-ਸੁੱਬ ਨਾ ਹੋ ਸਕਿਆ। ਬਿਨ-ਜੁਗਾੜਾ ਉਹ ਬਿਨਾ ਗੱਲੋਂ ਕੰਧਾਂ ਕੌਲਿਆਂ ਨਾਲ ਵੱਜਦਾ ਫਿਰਦਾ ਸੀ। ਉਸ ਦਾ ਖ਼ਤਰਨਾਕ 'ਭੈਂਗ' ਗੁਰਮੀਤ ਨੂੰ ਜ਼ਖਮੀ ਕਰਦਾ ਅਤੇ 'ਛਾਂਗਾ' ਹੱਥ ਉਸ ਨੂੰ ਡਰਾਉਂਦਾ ਰਹਿੰਦਾ। ਵੇਲੇ-ਕੁਵੇਲੇ ਉਹ ਗੁਰਮੀਤ ਦੀ ਕਨਸੋਅ ਲੈਂਦਾ ਰਹਿੰਦਾ। ਹਨ੍ਹੇਰੇ-ਸਵੇਰੇ ਇਕੱਲੀ ਦੇਖ ਕੇ ਮਗਰ ਆ ਜਾਂਦਾ। ਉਹ ਹਮੇਸ਼ਾ ਗੁਰਮੀਤ ਦੀ ਬਿੜਕ ਰੱਖਦਾ ਅਤੇ ਇਕੱਲੀ ਹੀ ਤਾੜਦਾ ਰਹਿੰਦਾ। ਇੱਕ ਦਿਨ ਤਾਂ ਹੱਦ ਹੀ ਹੋ ਗਈ, ਜਦ ਮੁਕੰਦੇ ਨੇ ਮੂੰਹ ਪਾੜ ਕੇ ਆਖ ਹੀ ਦਿੱਤਾ।
-"ਜਿਹੜੇ ਜੁਆਕ ਦੀ ਖਾਤਰ ਤੂੰ ਥਾਂ-ਥਾਂ 'ਤੇ ਮੱਥੇ ਰਗੜਦੀ ਫਿਰਦੀ ਐਂ-ਉਹ ਤਾਂ ਮੈਂ ਇੱਕ ਰਾਤ 'ਚ ਬਣਾ ਕੇ ਪਰਾਂਹ ਕਰਾਂ-ਤੂੰ ਕੌੜਾ ਘੁੱਟ ਭਰ ਕੇ ਤਾਂ ਦੇਖ! ਜੁਆਕ ਬਣਵਾਉਣ ਵਾਲੀ ਤਾਂ ਬਣ-ਜੁਆਕਾਂ ਦੀ ਤਾਂ ਨ੍ਹੇਰੀ ਲਿਆ ਦਿਆਂਗੇ!" ਮੁਕੰਦਾ ਰੱਬ ਬਣਿਆਂ ਖੜ੍ਹਾ ਸੀ।
ਗੁਰਮੀਤ ਨੂੰ ਕੱਚੀ ਤਰੇਲੀ ਆ ਗਈ।
ਬੇਲੱਜ ਜੇਠ ਮੁਕੰਦਾ ਉਸ ਦੇ ਸਾਹਮਣੇ ਇੱਕ ਤਰ੍ਹਾਂ ਨਾਲ ਨਗਨ ਹੋਇਆ ਖੜ੍ਹਾ ਸੀ। ਉਸ ਦੇ ਜਰਦੇ ਵਾਲੇ ਮੂੰਹ 'ਚੋਂ ਗੁਰਮੀਤ ਨੂੰ ਅਜ਼ੀਬ ਜਿਹੀ ਬਦਬੂ ਆਈ। ਉਸ ਨੂੰ ਉਲਟੀ ਆਉਣ ਵਾਲੀ ਹੋ ਗਈ। ਉਸ ਨੇ ਸਾਹ ਥਾਂ 'ਤੇ ਹੀ ਘੁੱਟ ਲਿਆ।
-"ਸਹੁਰੇ ਘਰ 'ਚ ਵਸਣ ਆਸਤੇ ਬਹੁਤ ਪਾਪੜ ਵੇਲਣੇ ਪੈਂਦੇ ਐ ਮੀਤੋ! ਜੁਆਕ ਬਿਨਾ ਤੈਨੂੰ ਕਿਸੇ ਨੇ ਨਹੀਂ ਇੱਥੇ ਵਸਾਉਣਾ।" ਉਸ ਨੇ ਗੁਰਮੀਤ ਦਾ ਹੱਥ ਫੜ ਲਿਆ। ਗੁਰਮੀਤ ਦਾ ਸਰੀਰ ਝੂਠਾ ਪੈ ਗਿਆ। ਲੱਤਾਂ ਥਰ-ਥਰ ਕੰਬੀਆਂ। ਉਹ ਇੱਕੋ ਝਟਕੇ ਨਾਲ ਬਾਂਹ ਛੁਡਾ ਕੇ ਬਾਹਰ ਆ ਗਈ। ਉਸ ਦਾ ਸਾਰਾ ਸਰੀਰ ਮੁੜ੍ਹਕੇ ਨਾਲ ਭਿੱਜਿਆ ਹੋਇਆ ਸੀ।
ਗੁਰਮੀਤ ਕੋਈ ਵੀ ਦਿਨ ਸੁਦ ਸੁੱਕਾ ਨਾ ਜਾਣ ਦਿੰਦੀ। ਹਰ ਤਰ੍ਹਾਂ ਦਾ ਵਰਤ ਰੱਖਦੀ। ਬਾਬਾ ਗੁਰਮਖ ਸਿੰਘ ਬੜਾ ਰੱਬੀ ਬੰਦਾ ਸੀ। ਉਹ ਗੁਰਮੀਤ ਨੂੰ ਵਰਤ ਰੱਖਣੋਂ ਵਰਜਦਾ।
-"ਬੀਬੀ ਗੁਰਮੀਤ ਕੁਰੇ! ਗੁਰੂ ਦੀ ਪਵਿੱਤਰ ਬਾਣੀ ਕਹਿੰਦੀ ਐ: ਹਰਿ ਕਾ ਸਿਮਰਨੁ ਛਾਡਿ ਕੈ।। ਅਹੋਈ ਰਾਖੈ ਨਾਰਿ।। ਗਦਹੀ ਹੋਇ ਕੈ ਆਉਤਰੈ।। ਭਾਰੁ ਸਹੈ ਮਣ ਚਾਰਿ।।"
-"ਇਹਦਾ ਮਤਲਬ ਕੀ ਐ ਬਾਬਾ ਜੀ?" ਗੁਰਮੀਤ ਪੁੱਛਦੀ।
-"ਇਹਦਾ ਮਤਲਬ ਐ ਧੀਏ ਮੇਰੀਏ! ਬਈ ਜਿਹੜੀ ਬੀਬੀ ਰੱਬ ਦਾ ਸਿਮਰਨ ਛੱਡ ਕੇ ਅਹੋਈ ਦੇ ਵਰਤ ਰੱਖਦੀ ਐ-ਉਹ ਅਗਲੇ ਜਨਮ 'ਚ ਗਧੀ ਬਣਦੀ ਐ ਤੇ ਨਾਲੇ ਚਾਰ-ਚਾਰ ਮਣ ਭਾਰ ਢੋਂਦੀ ਐ।" ਬਾਬਾ ਵਿਆਖਿਆ ਕਰ ਕੇ ਦੱਸਦਾ।
-"ਪਰ ਬਾਬਾ ਜੀ! ਵਰਤ ਮੈਂ 'ਕੱਲੀ ਤਾਂ ਨਹੀਂ ਰੱਖਦੀ? ਸਾਰੀਆਂ ਈ ਰੱਖਦੀਐਂ!"
-"ਧੀਏ ਮੇਰੀਏ! ਉਹ ਤਾਂ ਅਨਪੜ੍ਹ ਐ-ਪਰ ਤੂੰ ਤਾਂ ਪੜ੍ਹੀ ਲਿਖੀ ਐਂ!"
-"ਪਰ ਬਾਬਾ ਜੀ-ਮਨ ਤਾਂ ਕਿਸੇ ਆਸਰੇ ਖੜ੍ਹਾਉਣਾ ਈ ਹੁੰਦੈ!"
-"ਧੀਏ ਸਿਆਣੀਏਂ! ਤੂੰ ਗੁਰੂ ਦੀ ਬਾਣੀ ਪੜ੍ਹ ਕੇ ਦੇਖ! ਜਦੋਂ ਸੂਰਜ ਚੜ੍ਹ ਪਵੇ-ਤਾਂ ਕਿਸੇ ਦੀਵੇ ਦੀ ਜਰੂਰਤ ਈ ਨਹੀਂ ਰਹਿ ਜਾਂਦੀ-'ਕੱਲੀ ਪਵਿੱਤਰ ਗੁਰਬਾਣੀ ਦਾ ਓਟ ਆਸਰਾ ਲੈ ਲਾ-ਹੋਰ ਆਸਰੇ ਤੈਨੂੰ ਸਾਰੇ ਈ ਫਿੱਕੇ ਦਿਸਣ ਲੱਗ ਪੈਣਗੇ-ਜਦੋਂ ਵਰਖਾ ਹੋਣ ਲੱਗ ਪਵੇ-ਫੇਰ ਸਾਨੂੰ ਫੁਆਰੇ ਨਾਲ ਬੂਟਿਆਂ ਨੂੰ ਪਾਣੀ ਦੇਣ ਦੀ ਲੋੜ ਈ ਨਹੀਂ ਪੈਂਦੀ-ਕੁਛ ਨਹੀਂ ਪਿਆ ਧੀਏ ਵਰਤਾਂ 'ਚ-ਬਾਬੇ ਕਬੀਰ ਦੀ ਬਾਣੀ ਕਹਿੰਦੀ ਐ: ਛੋਡਹਿ ਅੰਨੁ ਕਰਹਿ ਪਾਖੰਡੁ।। ਨਾ ਸੁਹਾਗਨਿ ਨਾ ਓਹਿ ਰੰਡਿ।। ਜਿਹੜੀ ਅੰਨ ਛੱਡ ਕੇ ਪਾਖੰਡ ਕਰਦੀ ਐ-ਉਹ ਬੀਬੀ ਨਾ ਸੁਹਾਗਣ ਤੇ ਨਾ ਈ ਰੰਡੀ ਹੁੰਦੀ ਐ-ਬਾਬੇ ਨਾਨਕ ਦੀ ਬਾਣੀ, ਧੁਰ ਕੀ ਬਾਣੀ ਐਂ ਧੀਏ ਮੇਰੀਏ! ਬਾਣੀ ਜਰੂਰ ਪੜ੍ਹਿਆ ਕਰ! ਸਾਰੇ ਕਰਮ ਕਾਂਡ ਆਪੇ ਈ ਭੱਜ ਜਾਣਗੇ-ਬਾਣੀ ਹੋਰ ਵੀ ਫ਼ੁਰਮਾਉਂਦੀ ਐ: ਅੰਨੁ ਨ ਖਾਹਿ ਦੇਹੀ ਦੁਖੁ ਦੀਜੈ-ਬਿਨੁ ਗੁਰ ਗਿਆਨ ਤ੍ਰਿਪਤਿ ਨਹੀ ਥੀਜੈ-।" ਬਾਬਾ ਗੁਰਮਖ ਸਿੰਘ ਆਪਣੇ ਵੱਲੋਂ ਪੂਰਾ ਜ਼ੋਰ ਦੇ ਕੇ ਪ੍ਰਚਾਰ ਕਰਦਾ। ਪਰ ਗੁਰਮੀਤ ਆਪਣੇ ਦਿਲ ਦੀ ਲਾਲਸਾ ਪੂਰੀ ਕਰਨ ਲਈ ਵਰਤ ਰੱਖਣੋਂ ਨਾ ਹੱਟਦੀ। ਜੇ ਉਹ ਖੁਦ ਵਰਤ ਬਗੈਰਾ ਰੱਖਣ ਤੋਂ ਗੁਰੇਜ਼ ਕਰਦੀ ਤਾਂ ਉਸ ਦੀ ਸੱਸ ਉਸ ਦੇ ਹੁੱਝਾਂ ਮਾਰਨੋ ਨਾ ਹੱਟਦੀ।
-"ਨੀ ਤੂੰ 'ਕੱਲੀ ਕੀ ਰੱਬ ਬਣਗੀ? ਸਾਰਾ ਜੱਗ ਈ ਆਬਦੇ ਪ੍ਰੀਵਾਰ ਆਸਤੇ ਵਰਤ ਰੱਖਦੈ।"
ਜੇ ਉਹ ਕਦੇ 'ਕਰਵਾ-ਚੌਥ' ਦਾ ਵਰਤ ਨਾ ਰੱਖਦੀ ਤਾਂ ਸੱਸ ਫਿਰ 'ਅਲੀ-ਅਲੀ' ਕਰਕੇ ਮਗਰ ਪੈ ਜਾਂਦੀ।
-"ਕਿੱਡੀ ਪੱਥਰ ਦਿਲ ਤੀਮੀ ਐਂ ਨੀ ਇਹੇ! ਮਾਲਕ ਇਹਦਾ ਚੌਵੀ ਘੰਟੇ ਬਰੂਦ ਨਾਲ ਖੇਡਦੈ ਤੇ ਇਹੇ? ਤੇ ਇਹੇ ਉਹਦੀ ਸਲਾਮਤੀ ਲਈ ਵਰਤ ਨਹੀਂ ਰੱਖ ਸਕਦੀ-ਕਿੱਡੀ ਖਾਣ ਦੀ ਕੁੱਤੀ ਐ-ਅਸੀਂ ਤਾਂ ਹੁਣ ਤੱਕ ਰੱਖਦੀਆਂ ਰਹੀਐਂ-ਨਾਲੇ ਮਾਲਕ ਸਾਰੀ ਦਿਹਾੜ੍ਹੀ ਸਿਰ 'ਤੇ ਰਹਿੰਦਾ ਸੀ-ਇਹਦੇ ਆਲਾ ਤਾਂ ਰਹਿੰਦਾ ਈ ਬਾਡਰ 'ਤੇ ਐ-ਇਹਨੂੰ ਤਾਂ ਬਾਹਲੇ ਰੱਖਣੇ ਚਾਹੀਦੇ ਐ!" ਸੱਸ ਕਚੀਰ੍ਹਾ ਕਰਦੀ।
-"ਇਹ ਤਾਂ ਉਹਨੂੰ ਮਰਿਆ ਈ ਭਾਲਦੀ ਐ, ਬੇਬੇ!" ਮੁਕੰਦੇ ਦਾ 'ਟੀਰ' ਉਸ ਦੇ ਵਿਚ ਦੀ ਨਿਕਲ ਜਾਂਦਾ।
-"ਲੋਕਾਂ ਦੇ ਮਸ਼ਟੰਡਿਆਂ ਨਾਲ ਅੱਖ ਮਟੱਕੇ ਜਿਉਂ ਕਰਦੀ ਐ!" ਸਹੁਰਿਆਂ ਤੋਂ ਆਈ ਨਣਾਨ ਵੀ ਪਿੱਛੇ ਨਾ ਰਹਿੰਦੀ। ਗੁਰਮੀਤ ਉਸ ਦੀ ਪੂਰੀ ਅੱਖਤਿਣ ਸੀ। ਨਾਲੇ ਗੁਰਮੀਤ ਨੇ ਉਸ ਨੂੰ ਕਦੇ 'ਫਿੱਟ੍ਹੇ ਮੂੰਹ' ਨਹੀਂ ਕਿਹਾ ਸੀ। 'ਭੈਣ ਜੀ-ਭੈਣ ਜੀ' ਕਰਦੀ ਦਾ ਮੂੰਹ ਸੁੱਕਦਾ ਸੀ। ਇਸ ਪਿੱਛੇ ਵੀ ਇੱਕ 'ਕਾਰਣ' ਛੁਪਿਆ ਹੋਇਆ ਸੀ।
ਦੋ ਕੁ ਸਾਲਾਂ ਵਿਚ ਜਦ ਗੁਰਮੀਤ ਨੂੰ ਕੋਈ ਬੱਚਾ-ਬੱਚੀ ਨਾ ਹੋਇਆ ਤਾਂ ਉਸ ਦੀ ਨਣਾਨ ਕਿੰਦਰ ਨੇ ਆਨੀਂ-ਬਹਾਨੀਂ ਗੁਰਮੀਤ ਨੂੰ ਮੁਕੰਦੇ ਦੇ ਨੇੜੇ ਲੱਗਣ ਦੀ ਬਾਤ ਜਿਹੀ ਪਾਉਣੀ ਸ਼ੁਰੂ ਕਰ ਦਿੱਤੀ।
-"ਭਾਬੀ! ਜੇ ਪੁੱਤ ਖਿਡਾਉਣੇ ਹੋਣ ਤਾਂ ਫਿਰ ਦਿਉਰਾਂ ਜੇਠਾਂ ਤੋਂ ਨਹੀਂ ਡਰੀਦਾ ਹੁੰਦਾ! ਫੇਰ ਵੀ ਘਰ ਦਾ ਖੂਨ ਐਂ-ਬਿਗਾਨਾ ਥੋੜ੍ਹੋ ਐ? ਪੁੱਤਾਂ ਧੀਆਂ ਦੀ ਖਾਤਰ ਤਾਂ ਤੀਮੀਆਂ ਲੋਕਾਂ ਦੇ ਕੰਧਾਂ ਕੋਠੇ ਟੱਪ ਦਿੰਦੀਐਂ-ਮੁਕੰਦਾ ਤਾਂ ਫੇਰ ਤੇਰਾ ਜੇਠ ਐ-ਘਰ ਦਾ ਬੰਦਾ ਐ!" ਆਖਰੀ ਗੱਲ ਕਿੰਦਰ ਨੇ ਬੜੀ ਹੀ ਹੌਲੀ, ਪਰ ਬੜੇ ਮਜਾਜ਼ ਨਾਲ ਆਖੀ ਸੀ।
-"ਪਰ ਭੈਣ ਜੀ-ਮੈਥੋਂ ਤਾਂ ਨ੍ਹੀ ਕਿਸੇ ਦਾ ਕਲੰਕ ਅੰਦਰ ਝੱਲਿਆ ਜਾਣਾ-ਪਤਾ ਨਹੀਂ ਲੋਕਾਂ ਦੀਆਂ ਤੀਮੀਆਂ ਦੂਜੇ ਦਾ ਦਲਿੱਦਰ ਕਿਵੇਂ ਚੱਕ ਲੈਂਦੀਐਂ?" ਗੁਰਮੀਤ ਬੋਲੀ ਸੀ।
-"ਲੈ! ਕਿੰਨੀ ਮੂੰਹ ਫੱਟ ਐ ਨੀ ਇਹੇ! ਇਹ ਕੋਈ ਅਲੈਹਦੀ ਅਸਮਾਨੋਂ ਉੱਤਰੀ ਐ? ਤੇਰੇ ਅਰਗੀਆਂ ਮੈਂ ਦੁਨੀਆਂ ਦੀ ਜੂਠ ਕੋਲੇ ਜਾਂਦੀਆਂ ਦੇਖੀਐਂ!"
-"ਉਹਨਾਂ ਨੂੰ ਭਾਈ ਪ੍ਰੀਵਾਰ ਦੀ ਜੜ੍ਹ ਦਾ ਫਿਕਰ ਹੁੰਦੈ!" ਚੌਂਕੇ ਵਿਚੋਂ ਸੱਸ ਬੋਲੀ। ਗੁਰਮੀਤ ਸਤੰਭ ਰਹਿ ਗਈ, ਕਿ ਇਸ ਡਰਾਮੇ ਵਿਚ ਸੱਸ ਦਾ ਵੀ ਪੂਰਾ-ਪੂਰਾ ਹੱਥ ਸੀ।
-"ਇਹ ਤਾਂ ਕਿਸੇ ਦਿਨ ਮਾਰਕੇ ਚੂਕਣੇ 'ਚ ਲੱਤਾਂ-ਪੇਕੀਂ ਈ ਬਾੜਨੀ ਪਊ ਬੇਬੇ---!" ਤੂੜੀ ਵਾਲੇ ਅੰਦਰੋਂ ਮੁਕੰਦਾ ਬੋਲਿਆ।
ਗੁਰਮੀਤ ਦੇ ਕੰਨਾਂ ਵਿਚ ਬਿੰਡੇ ਟਿਆਂਕ ਰਹੇ ਸਨ। ਉਹ ਸਾਰੇ ਪ੍ਰੀਵਾਰ ਦੇ 'ਏਕੇ' ਅਤੇ 'ਸਹਿਮਤੀ' 'ਤੇ ਅਥਾਹ ਹੈਰਾਨ ਸੀ ਅਤੇ ਪ੍ਰੇਸ਼ਾਨ ਸੀ। ਉਸ ਅੱਗੇ ਸਾਰਾ ਟੱਬਰ ਹੀ 'ਨਿਰਵਸਤਰ' ਹੋਇਆ ਖੜ੍ਹਾ ਸੀ। ਸਾਰਿਆਂ ਨੇ ਹੀ ਲੋਈ ਲਾਹ ਧਰੀ ਸੀ।
ਇਕੱਲਾ ਫ਼ੌਜੀ ਹੀ ਸੀ, ਜਿਹੜਾ ਗੁਰਮੀਤ ਨੂੰ ਦਿਲੋਂ ਪ੍ਰੇਮ ਕਰਦਾ ਸੀ। ਬਾਕੀ ਟੱਬਰ ਤਾਂ 'ਹੱਟ-ਕੁੱਤੀਏ' ਨਹੀਂ ਕਹਿਣ ਦਿੰਦਾ ਸੀ।
ਮਹੀਨੇ ਦੋ ਮਹੀਨੇ ਬਾਅਦ ਫ਼ੌਜੀ ਦੀ ਆਈ ਚਿੱਠੀ ਉਸ ਦਾ ਧਰਵਾਸ ਬਣਦੀ। ਪਰ ਹੁਣ ਤਾਂ ਫ਼ੌਜੀ ਦੀ ਚਿੱਠੀ ਆਉਣੀ ਵੀ ਬੰਦ ਹੋ ਗਈ ਸੀ। ਪਤਾ ਨਹੀਂ ਸਾਰੇ ਟੱਬਰ ਨੇ ਫ਼ੌਜੀ ਨੂੰ ਕੀ ਸੁੰਘਾਇਆ ਸੀ? ਗੁਰਮੀਤ ਦੇ ਦਿਲ ਅੰਦਰ ਬੜੇ ਉਤਰਾਅ ਚੜ੍ਹਾਅ ਆਉਂਦੇ!
ਅਸਲ ਵਿਚ ਫ਼ੌਜੀ ਨੇ ਚਿੱਠੀ ਲਿਖਣ ਵਿਚ ਕੋਈ ਕੋਤਾਹੀ ਜਾਂ ਘੌਲ ਨਹੀਂ ਕੀਤੀ ਸੀ। ਪਰ ਮੁਕੰਦੇ ਨੇ ਪਿੰਡ ਦੇ ਡਾਕੀਏ ਨੂੰ ਪੈੱਗ ਦੇ ਲਾਲਚ ਲਾ ਲਿਆ ਸੀ। ਜਦੋਂ ਫ਼ੌਜੀ ਦੀ ਚਿੱਠੀ ਗੁਰਮੀਤ ਦੇ ਨਾਂ ਆਉਂਦੀ ਤਾਂ ਪੈੱਗ ਦੇ ਲਾਲਚ ਦੀ ਭੇਂਟ ਚੜ੍ਹ ਜਾਂਦੀ। ਡਾਕੀਆ ਚਿੱਠੀ ਸਿੱਧੀ ਹੀ ਮੁਕੰਦੇ ਨੂੰ ਲਿਆ ਫੜਾਉਂਦਾ। ਮੁਕੰਦਾ ਚਿੱਠੀ ਪੜ੍ਹ ਕੇ ਪਾੜ ਦਿੰਦਾ।
-"ਸਾਲਾ ਤੀਮੀਂ ਭਗਤ!" ਉਹ ਫ਼ੌਜੀ 'ਤੇ ਖਿੱਝਦਾ, ਥੁੱਕਦਾ, ਦੰਦ ਪੀਂਹਦਾ। ਕਾਰਨ ਕੀ ਸੀ? ਸਿਰਫ਼ ਇਹ ਕਿ ਉਸ ਦੀ ਸਤੀ-ਸਵਿੱਤਰੀ ਤੀਵੀਂ ਉਸ ਦੀ ਲੱਤ ਹੇਠ ਦੀ ਨਹੀਂ ਲੰਘਦੀ ਸੀ!
ਗੁਰਮੀਤ ਫ਼ੌਜੀ ਦੀ ਚਿੱਠੀ ਨਾ ਆਉਣ ਕਰਕੇ ਪ੍ਰੇਸ਼ਾਨ ਰਹਿੰਦੀ। ਪਰ ਬਾਬੇ ਗੁਰਮਖ ਸਿੰਘ ਦੇ ਨੂਰੀ ਬੋਲ ਉਸ ਦਾ ਦਿਲ ਧਰਾ ਦਿੰਦੇ।
-"ਫ਼ੌਜ ਦਾ ਕੰਮ ਐਂ ਬੀਬੀ-ਉਥੇ ਅਫ਼ਸਰਾਂ ਦੇ ਛਾਂਟੇ ਹੇਠ ਵਗਣਾ ਪੈਂਦਾ ਐ-ਦਿਲ ਰੱਖ-ਬਥੇਰ੍ਹੀ ਚਿੱਠੀ ਆਜੂਗੀ-ਮਹਿੰਦਰ ਸਿਉਂ ਬੜਾਂ ਸਾਊ ਬੰਦੈ-ਫਿ਼ਕਰ ਨਾ ਕਰਿਆ ਕਰ-ਗੁਰੂ ਮਿਹਰ ਕਰੂ।"
ਗੁਰਮੀਤ ਬਾਬੇ ਦੀਆਂ ਦਲੀਲਾਂ ਕਾਰਨ ਕੁਝ ਸਕੂਨ ਮਹਿਸੂਸ ਕਰਦੀ।
ਸਮਾਂ ਪਾ ਕੇ ਬਾਰਡਰ ਵੱਲੋਂ ਭੈੜ੍ਹੀਆਂ ਜਿਹੀਆਂ ਖ਼ਬਰਾਂ ਆਉਣ ਲੱਗ ਪਈਆਂ। ਅਖ਼ਬਾਰ ਵੱਖੋ-ਵੱਖ ਕਿਆਫ਼ੇ ਲਾ ਰਹੇ ਸਨ। ਕਾਰਗਿਲ ਖੇਤਰ ਦਾ ਮਸਲਾ ਤੂਲ ਫੜਦਾ ਜਾ ਰਿਹਾ ਸੀ। ਬਾਰਡਰ ਵੱਲੋਂ ਆਉਂਦੀਆਂ ਮਾਰ-ਮਰਾਈ ਦੀਆਂ ਖ਼ਬਰਾਂ ਸਾਹ ਸੂਤ ਲੈਂਦੀਆਂ ਸਨ। ਬਾਰਡਰ ਉਪਰ ਲੱਗੇ ਫ਼ੌਜੀਆਂ ਦੇ ਪ੍ਰੀਵਾਰ 'ਵਾਹਿਗੁਰੂ-ਵਾਹਿਗੁਰੂ' ਜਪਦੇ ਰਹਿੰਦੇ। ਬੁਰੀਆਂ ਖ਼ਬਰਾਂ ਕਾਲਜਾ ਕੱਢ ਲੈਂਦੀਆਂ। ਪਰ ਮੁਕੰਦਾ ਆਪਣੇ 'ਮਿਸ਼ਨ' ਵਿਚ ਜੁਟਿਆ ਹੋਇਆ ਸੀ। ਮੱਝ ਦੇ ਕੱਟਰੂ ਵਾਂਗ, ਉਹ ਗੁਰਮੀਤ ਦੇ ਮਗਰ-ਮਗਰ ਹੀ ਰਹਿੰਦਾ।
ਫ਼ੌਜੀ ਮਹਿੰਦਰ ਸਿੰਘ ਦੀ ਚਿੱਠੀ ਵੀ ਆ ਗਈ। ਮੁਕੰਦਾ ਚਿੱਠੀ ਲੈ ਕੇ ਘਰੇ ਆ ਗਿਆ।
ਚਿੱਠੀ ਬੜੀ ਹੀ ਸੰਖੇਪ ਲਿਖੀ ਹੋਈ ਸੀ।
ਫ਼ੌਜੀ ਕਾਰਗਿਲ ਖੇਤਰ ਵਿਚ ਪਹੁੰਚ ਗਿਆ ਸੀ। ਗੋਲੀ ਅੱਧਾਧੁੰਦ ਚੱਲ ਰਹੀ ਸੀ। ਹਰ ਵਕਤ ਉਹਨਾਂ ਦੇ ਸਿਰ 'ਤੇ ਮੌਤ ਮੰਡਰਾਉਂਦੀ ਸੀ। ਪਰ ਉਹ ਚੜ੍ਹਦੀਆਂ ਕਲਾਂ ਵਿਚ ਸਨ ਅਤੇ ਦੇਸ਼ ਲਈ ਮਰਨ ਵਾਸਤੇ ਉਹ ਤਿਆਰ-ਬਰ-ਤਿਆਰ ਸਨ। ਹੌਸਲੇ ਬੁਲੰਦ ਸਨ। ਦੁਸ਼ਮਣ ਨੂੰ ਸਬਕ ਸਿਖਾਉਣ ਲਈ ਤਤਪਰ ਸਨ।
ਗੁਰਮੀਤ ਨੇ ਦਿਨ ਰਾਤ ਫ਼ੌਜੀ ਦੀ ਚੜ੍ਹਦੀ ਕਲਾ ਲਈ ਅਰਦਾਸਾਂ ਸ਼ੁਰੂ ਕਰ ਦਿੱਤੀਆਂ। ਫ਼ੌਜੀ ਬਿਨਾ ਉਸ ਨੂੰ ਹਨ੍ਹੇਰ ਨਜ਼ਰ ਆਉਂਦਾ ਸੀ। ਸਹੁਰਾ ਪ੍ਰੀਵਾਰ ਸਾਰਾ ਹੀ ਉਸ ਨੂੰ 'ਕੁਲਿਹਣੀ' ਸਮਝਦਾ ਸੀ।
ਖ਼ਬਰਾਂ ਦਿਨੋਂ ਦਿਨ ਗੰਭੀਰ ਹੁੰਦੀਆਂ ਜਾ ਰਹੀਆਂ ਸਨ। ਬਾਰਡਰ ਵੱਲੋਂ ਲੜਾਈ ਰੁਕ-ਰੁਕ ਕੇ ਜਾਰੀ ਸੀ। ਮਾਰ-ਧਾੜ ਦੀਆਂ ਖ਼ਬਰਾਂ ਨਿਰੰਤਰ ਆ ਰਹੀਆਂ ਸਨ। ਗੁਰਮੀਤ ਹਰ ਰੋਜ਼ ਹੀ ਫ਼ੌਜੀ ਲਈ ਕੋਈ ਓਹੜ-ਪੋਹੜ ਕਰਦੀ। ਗਊ ਨੂੰ ਪੇੜਾ ਦਿੰਦੀ। ਪਿੱਪਲ ਨੂੰ ਪਾਣੀ ਪਾਉਂਦੀ। ਜੰਡ 'ਤੇ ਸੰਧੂਰ ਭੁੱਕਦੀ। ਟੂਣੇਂ ਟਾਮਣ ਕਰਵਾਉਂਦੀ। ਪੁੱਛਾਂ ਪੁਆਉਂਦੀ। ਪੰਡਤ-ਪਾਧਿਆਂ ਦੇ ਗੋਡੇ ਘੁੱਟਦੀ। ਪੰਡਤ ਜੀ ਵੀ ਉਸ ਦਾ ਸਿਰ ਪਲੋਸ ਕੇ ਘਰੇ ਤੋਰ ਦਿੰਦੇ। ਫਿ਼ਕਰ ਨਾ ਕਰਨ ਲਈ ਆਖਦੇ। ਉਹਨਾਂ ਦੇ ਮੰਤਰ ਫ਼ੌਜੀ ਦੇ ਅੰਗ-ਸੰਗ ਸਨ। ਪਰ ਗੁਰਮੀਤ ਦਾ ਦਿਲ ਨਾ ਟਿਕਦਾ। ਡੋਲਦਾ ਰਹਿੰਦਾ।
ਅੱਜ ਗੁਰਮੀਤ ਨੇ ਫ਼ੌਜੀ ਦੀ ਚੜ੍ਹਦੀ ਕਲਾ ਲਈ 'ਕਰਵਾ-ਚੌਥ' ਦਾ ਵਰਤ ਰੱਖਿਆ ਹੋਇਆ ਸੀ। ਆਪਣੇ ਪਤੀ ਦੀ ਸਲਾਮਤੀ ਲਈ!
ਉਸ ਭੁੱਖੀ ਦਾ ਦਿਲ ਘਟੀ ਜਾ ਰਿਹਾ ਸੀ ਅਤੇ ਖੱਬੀ ਅੱਖ ਸਵੇਰ ਦੀ ਫ਼ਰਕੀ ਜਾ ਰਹੀ ਸੀ। ਉਸ ਨੂੰ ਇਹ ਨਹੀਂ ਪਤਾ ਸੀ ਕਿ ਉਸ ਦਾ ਦਿਲ ਰੋਣ ਨੂੰ ਕਿਉਂ ਕਰੀ ਜਾ ਰਿਹਾ ਸੀ?
ਸ਼ਾਮ ਨੂੰ ਚਾਰ ਕੁ ਵਜੇ ਡਾਕੀਆ ਇੱਕ ਟੈਲੀਗ੍ਰਾਮ ਲੈ ਕੇ ਆਇਆ। ਸਭ ਦੇ ਥੰਮ੍ਹ ਹਿੱਲ ਗਏ। ਫ਼ੌਜੀ ਮਹਿੰਦਰ ਸਿੰਘ ਗੋਲੀਆਂ ਲੱਗਣ ਕਾਰਨ ਸ਼ਹੀਦ ਹੋ ਗਿਆ ਸੀ!!
ਗੁਰਮੀਤ ਸਤੰਭ ਹੋਈ ਖੜ੍ਹੀ ਸੋਚ ਰਹੀ ਸੀ ਕਿ ਉਸ ਨੇ 'ਕਰਵਾ-ਚੌਥ' ਦਾ ਵਰਤ ਕਾਹਦੇ ਲਈ ਰੱਖਿਆ ਸੀ? ਫ਼ੌਜੀ ਦੀ ਸਲਾਮਤੀ ਵਾਸਤੇ? ਪਰ ਫ਼ੌਜੀ ਤਾਂ ਸ਼ਹੀਦ ਹੋ ਗਿਆ ਸੀ! ਵਰਤ ਨੇ ਕੀ ਕੀਤਾ? ਬਾਬਾ ਗੁਰਮਖ ਸਿੰਘ ਦੀਆਂ ਗੱਲਾਂ ਬਿਲਕੁਲ ਹੀ ਸੱਚੀਆਂ ਸਨ। ਪੰਡਤਾਂ ਦੇ ਮੰਤਰ ਕਿੱਥੇ ਗਏ? ਜੰਡ 'ਤੇ ਭੁੱਕੇ ਸੰਧੂਰ ਨੇ ਕੀ ਰੰਗ ਲਿਆਂਦਾ? ਸਭ ਬੇਅਰਥ!
ਘਰ ਵਿਚ ਰੋਣਾ ਪਿੱਟਣਾ ਪਿਆ ਹੋਇਆ ਸੀ। ਬਨੇਰਿਆਂ 'ਤੇ ਮੌਤ ਕੂਕ ਰਹੀ ਸੀ। ਪਰ ਗੁਰਮੀਤ ਪੱਥਰ ਹੋਈ ਬੈਠੀ ਸੀ। ਸਿਲ-ਪੱਥਰ! ਉਦਾਸ! ਚੁੱਪ!
ਬਾਬਾ ਗੁਰਮਖ ਸਿੰਘ ਬੈਠਣ ਆਇਆ ਤਾਂ ਗੁਰਮੀਤ ਦਾ ਬੰਨ੍ਹਿਆਂ ਦਿਲ ਹੜ੍ਹ ਵਾਂਗ ਹਿੱਲ ਪਿਆ। ਉਸ ਨੇ ਫ਼ੌਜੀ ਨੂੰ ਰੋ ਕੇ ਮਨ ਹਲਕਾ ਕਰ ਲਿਆ। ਬਾਬਾ ਉਸ ਨੂੰ ਸਵਰਗਵਾਸੀ ਬਾਪੂ ਵਰਗਾ ਜਾਪਿਆ ਸੀ।
ਰਾਤ ਨੂੰ ਉਸ ਨੇ ਕੋਠੇ ਚੜ੍ਹ ਚੰਦਰਮਾਂ ਵੱਲ ਦੇਖਿਆ, ਜਿਸ ਨੂੰ ਉਸ ਨੇ 'ਅਰਘ' ਦੇਣਾ ਸੀ। ਚੰਦਰਮਾਂ ਦੂਰ ਕਿਸੇ ਮੋਹੜੀਆਂ ਵਾਲੀ ਕਿੱਕਰ ਵਿਚ ਅੜਿਆ ਜਿਹਾ ਖੜ੍ਹਾ ਸੀ। ਗੁਰਮੀਤ ਨੂੰ ਜਾਪਿਆ ਜਿਵੇਂ ਚੰਦਰਮਾਂ ਤਾਂ ਖੁਦ ਸੂਲੀ ਚੜ੍ਹਿਆ ਹੋਇਆ ਸੀ! ਦਾਗਾਂ ਨਾਲ ਭਰਿਆ ਹੋਇਆ, ਪ੍ਰਾਂਤ ਜਿੱਡਾ ਚੰਦਰਮਾਂ!
-"ਭਾਬੀ! ਫ਼ੌਜੀ ਨੇ ਤਾਂ ਤੈਨੂੰ ਬੜੀਆਂ ਚਿੱਠੀਆਂ ਪਾਈਆਂ-ਪਰ ਮੁਕੰਦਾ ਪੜ੍ਹ ਕੇ ਪਾੜ ਦਿੰਦਾ ਸੀ।" ਅਗਲੇ ਦਿਨ ਡਾਕੀਏ ਨੇ ਪਛਤਾਵੇ ਵਜੋਂ ਦੱਸਿਆ ਤਾਂ ਗੁਰਮੀਤ ਦਾ ਰਹਿੰਦਾ-ਖੂੰਹਦਾ ਹੜ੍ਹ ਵੀ ਵਹਿ ਤੁਰਿਆ। ਉਹ ਫ਼ੌਜੀ ਦੇ ਵੈਰਾਗ਼ ਅਤੇ ਵਿਯੋਗ ਵਿਚ ਰੱਜ ਕੇ ਰੋਈ!

No comments: