Wednesday, August 15, 2007

ਸ਼ਰਧਾਂਜਲੀ: ਸ਼ਹਿਜ਼ਾਦੀ ਡਿਆਨਾ ਨੂੰ

ਅੱਧੀ ਤੇਰੀ ਆਂ ਮੁਲ੍ਹਾਜੇਦਾਰਾ-ਅੱਧੀ ਆਂ ਗਰੀਬ ਜੱਟ ਦੀ
31 ਅਗਸਤ 'ਤੇ ਵਿਸ਼ੇਸ਼

ਰਾਜਕੁਮਾਰੀ ਡਿਆਨਾ ਦੀ ਇੱਕ ਅਜੀਬ ਅਤੇ ਅਧੂਰੀ ਕਹਾਣੀ ਹੈ। ਜੋ ਮੇਰੇ ਅੰਦਾਜ਼ੇ ਅਨੁਸਾਰ ਕਦੇ ਵੀ ਸੰਪੂਰਨ ਨਹੀਂ ਹੋ ਸਕੇਗੀ। ਉਸ ਦੀ ਨਿੱਕੀ ਜਿਹੀ ਜਿ਼ੰਦਗੀ ਵਿਚ ਬੜੀਆਂ ਭਿਆਨਕ ਹਵਾਵਾਂ ਵਗੀਆਂ ਅਤੇ ਕਈ ਖ਼ੌਫ਼ਨਾਕ ਝੱਖੜ ਝੁੱਲੇ। ਪਰ ਫਿਰ ਵੀ ਉਹ ਕਤਰਾ-ਕਤਰਾ ਜਿ਼ੰਦਗੀ ਨੂੰ ਘੁੱਟ-ਘੁੱਟ ਕੇ ਜਿਉਂਦੀ ਰਹੀ। ਡਿਆਨਾ ਇੱਕ ਮੱਧ-ਵਰਗੀ ਪ੍ਰੀਵਾਰ 'ਚੋਂ ਉਠ ਕੇ ਕਿਸਮਤ ਆਸਰੇ 'ਰਾਜਕੁਮਾਰੀ' ਬਣੀ। ਪਰ ਉਸ ਦਰਵੇਸ਼ ਕਿਸਮ ਦੀ ਡਿਆਨਾ ਨਾਲ ਜਿ਼ੰਦਗੀ ਨੇ ਕਦੇ ਵੀ ਵਫ਼ਾ ਨਾ ਕੀਤਾ। ਪ੍ਰਿੰਸ ਚਾਰਲਸ ਦੀ ਮੰਗੇਤਰ ਬਣਨ ਉਪਰੰਤ ਉਹ ਰਾਤੋ-ਰਾਤ ਸੰਸਾਰ ਪੱਧਰ ਦੇ ਮੀਡੀਆ ਵਿਚ ਚਰਚਿਤ ਹੋਈ।
ਇਤਨੇ ਵੱਡੇ ਘਰਾਣੇ ਦੀ ਨੂੰਹ ਬਣਨ ਤੋਂ ਬਾਅਦ ਵੀ ਉਹ ਪਤੀ ਦੇ ਪ੍ਰੇਮ ਵਿਚ ਭਟਕਦੀ ਰਹੀ, ਉਸ ਦੇ ਅਰਮਾਨ ਤਿੜਕ-ਤਿੜਕ ਟੁੱਟਦੇ ਰਹੇ ਅਤੇ ਭਾਵਨਾਵਾਂ ਲਹੂ-ਲੁਹਾਣ ਹੋ-ਹੋ ਕੇ ਮਰਦੀਆਂ ਰਹੀਆਂ। ਜ਼ਖਮੀ ਦਿਲ ਸਹਿਕਦਾ ਰਿਹਾ। ਤਰੇੜੋ-ਤਰੇੜੀ ਹੋਈ ਆਤਮਾ ਤੁਪਕਾ-ਤੁਪਕਾ ਹੋ ਕੇ ਚੋਂਦੀ ਰਹੀ ਤਾਂ ਉਸ ਨੇ ਪੱਥਰ ਦੇ ਮਹੱਲਾਂ ਵਿਚੋਂ ਬਾਹਰਲੀ ਕੋਮਲ ਦੁਨੀਆਂ ਵੱਲ ਝਾਤੀ ਮਾਰਨੀ ਸ਼ੁਰੂ ਕਰ ਦਿੱਤੀ। ਪਰ ਪੱਲੇ ਫਿਰ ਵੀ ਉਸ ਦੇ ਨਿਰਾਸ਼ਾ ਹੀ ਪਈ! ਨਿਰਾਸ਼ਾ ਉਸ ਦੀ ਸਕੀ-ਸਹੇਲੀ ਸੀ ਅਤੇ ਖੁਸ਼ੀ-ਆਸ ਨਿਰੀ ਸੌਕਣ! ਹਰ ਬੰਦੇ ਨੂੰ ਜਿ਼ੰਦਗੀ ਵਿਚ ਇਸ਼ਕ-ਪ੍ਰੇਮ ਨਸੀਬ ਹੁੰਦਾ ਹੈ, ਪਰ ਕਿਸੇ ਨੂੰ ਇਸ਼ਕ ਜਾਂ ਪ੍ਰੇਮ ਕਰਨਾ ਅਤੇ ਕਿਸੇ ਨੂੰ ਕਰਵਾਉਣਾ ਨਹੀਂ ਆਉਂਦਾ। ਕੋਈ ਮਾਣ-ਮੱਤੀ, ਕੋਈ ਮੂੜ੍ਹ-ਮੱਤੀ, ਕੋਈ ਆਪ-ਮੱਤੀ ਅਤੇ ਕੋਈ ਹਉਂ-ਮੱਤੀ! ਕਈ ਐਹੋ ਜਿਹੀਆਂ ਨਿਰ-ਮੱਤੀਆਂ ਵੀ ਹੁੰਦੀਆਂ ਹਨ, ਜਿਹੜੀਆਂ ਆਖਦੀਆਂ ਹਨ, "ਅੱਧੀ ਤੇਰੀ ਆਂ ਮੁਲ੍ਹਾਜੇਦਾਰਾ - ਅੱਧੀ ਆਂ ਗਰੀਬ ਜੱਟ ਦੀ!" ਅਰਥਾਤ ਇੱਕੋ ਸਮੇਂ ਦੋ ਬੇੜੀਆਂ ਵਿਚ ਪੈਰ! ਪਰ ਡਿਆਨਾ ਬੜੀ ਭੋਲੀ-ਭਾਲੀ ਸੀ, ਨਿਆਣ-ਮੱਤੀ!
ਵਿਆਹੁਤਾ ਜਿ਼ੰਦਗੀ ਦੌਰਾਨ ਦੋ ਪੁੱਤਰਾਂ ਦੀ ਆਮਦ ਨੇ ਵੀ ਉਸ ਨੂੰ ਸੰਤੁਸ਼ਟ ਨਾ ਕੀਤਾ ਅਤੇ ਮ੍ਰਿਗ-ਤ੍ਰਿਸ਼ਨਾ ਵਾਂਗ ਉਹ ਰੋਹੀ-ਬੀਆਬਾਨ ਦੇ ਔਝੜ ਰਸਤੇ ਪੈ ਗਈ, ਇੱਕ ਤਰ੍ਹਾਂ ਨਾਲ ਬਿਖੜੇ ਪੈਂਡੇ। ਜਿਸ ਬਾਹਰਲੀ ਦੁਨੀਆਂ ਨੂੰ ਉਸ ਨੇ ਕੋਮਲ ਅਤੇ ਹੁਸੀਨ ਚਿਤਵਿਆ ਸੀ, ਉਹ ਵੀ ਉਸ ਲਈ ਮਲ੍ਹੇ-ਝਾੜੀਆਂ ਹੀ ਸਿੱਧ ਹੋਏ ਅਤੇ ਉਹ ਖੰਡਰਾਂ ਦਾ ਸਫ਼ਰ ਤਹਿ ਕਰ ਕੇ ਜਾਂ ਕਹੋ ਅਣਮਿਥੀ ਮੰਜਿ਼ਲ ਵਿਚਕਾਰ ਹੀ ਛੱਡ, 31 ਅਗਸਤ 1997 ਨੂੰ ਇਸ ਫ਼ਾਨੀ ਸੰਸਾਰ ਨੂੰ 'ਅਲਵਿਦਾ' ਆਖ ਗਈ ਅਤੇ ਪਿੱਛੇ ਛੱਡ ਗਈ ਇੱਕ ਬਹੁਤ ਵੱਡਾ ਰਹੱਸ, ਜਿਹੜਾ ਸ਼ਾਇਦ 'ਖੋਜੀਆਂ' ਲਈ ਇੱਕ 'ਕਿਆਫ਼ਾ' ਹੀ ਬਣਿਆ ਰਹੇਗਾ! ਉਸ ਦੀ ਪ੍ਰੇਮ ਅਤੇ ਦੁਖਾਂਤ ਨਾਲ ਭਰਪੂਰ ਕਹਾਣੀ ਇੱਕੋ ਸਮੇਂ ਹੀ ਸ਼ੁਰੂ ਹੋਈ ਅਤੇ ਉਸ ਦੇ ਮਰਨ ਤੱਕ ਨਿਰੰਤਰ ਚਲਦੀ ਰਹੀ। ਉਸ ਦੇ ਤੁਰ ਜਾਣ ਤੋਂ ਬਾਅਦ ਬੜੀਆਂ ਹੀ ਹੈਰਾਨੀਜਨਕ ਗੱਲਾਂ ਸੁਣਨ ਅਤੇ ਦੇਖਣ ਨੂੰ ਮਿਲੀਆਂ।
ਡਿਆਨਾ ਦੀ ਪੱਕੀ ਦੋਸਤ ਅਤੇ ਪਾਕਿਸਤਾਨ ਦੇ ਪ੍ਰਸਿੱਧ ਕ੍ਰਿਕਟ ਖਿਡਾਰੀ ਇਮਰਾਨ ਖਾਨ ਦੀ (ਹੁਣ ਸਾਬਕਾ) ਪਤਨੀ ਜੇਮੀਨਾ ਗੋਲਡਸਮਿੱਥ ਦਾ ਕਹਿਣਾ ਹੈ, "ਡਿਆਨਾ ਦਾ ਇਸ਼ਕ ਇੱਕ ਪਾਕਿਸਤਾਨੀ ਮੂਲ ਦੇ ਹਾਰਟ-ਸ਼ਪੈਸ਼ਲਿਸਟ ਅਤੇ ਲੰਡਨ ਵਸਦੇ ਡਾ ਼ਹਸਨਤ ਖਾਨ ਨਾਲ ਤਕਰੀਬਨ ਦੋ ਸਾਲ ਲਗਾਤਾਰ ਚੱਲਿਆ। ਡਿਆਨਾ ਉਸ ਨਾਲ ਸ਼ਾਦੀ ਕਰਨਾ ਚਾਹੁੰਦੀ ਸੀ। ਉਹ ਹਮੇਸ਼ਾ ਦਾਅਵੇ ਨਾਲ ਇਹ ਹੀ ਕਹਿੰਦੀ ਰਹੀ ਕਿ ਡਾ ਼ਹਸਨਤ ਖਾਨ ਉਸ ਦੀ ਜਿ਼ੰਦਗੀ ਦਾ ਬਿਹਤਰੀਨ ਪਾਰਟਨਰ ਹੋਵੇਗਾ। ਪਰ ਅਫ਼ਸੋਸ! ਉਸ ਦੀ ਇਹ ਖ਼ਾਹਿਸ਼ ਪੂਰੀ ਨਾ ਹੋ ਸਕੀ!"
ਡਿਆਨਾ ਨੇ ਜੇਮੀਨਾ ਗੋਲਡਸਮਿੱਥ ਨੂੰ ਇਸ ਪ੍ਰਤੀ ਅਪੀਲ ਵੀ ਕੀਤੀ ਸੀ ਕਿ ਉਹ ਡਾ ਼ਹਸਨਤ ਖਾਨ ਨਾਲ ਸ਼ਾਦੀ ਬਾਰੇ ਗੱਲਬਾਤ ਕਰੇ ਅਤੇ ਲੋੜੀਂਦਾ ਸਹਿਯੋਗ ਦੇਵੇ। ਜਰਮਨ ਦੇ ਇੱਕ ਮਸ਼ਹੂਰ ਰਸਾਲੇ ਭੁਨਟੲ ਅਨੁਸਾਰ ਡਿਆਨਾ ਨੇ ਡੋਡੀ ਅਲ-ਫ਼ਾਇਦ ਨੂੰ ਸਿਰਫ਼ ਇੱਕ 'ਸਤਰੰਜ' ਵਜੋਂ ਵਰਤਣਾ ਚਾਹਿਆ। ਅਰਥਾਤ ਡੋਡੀ ਅਲ-ਫ਼ਾਇਦ ਉਸ ਦਾ ਮਨ ਚਾਹਿਆ ਪ੍ਰੇਮੀ ਨਹੀ਼ਂ, ਸਗੋਂ ਮੌਕੇ ਦਾ ਹਥਿਆਰ ਸੀ! ਜਿਸ ਦੀ ਨੁਮਾਇਸ਼ ਕਰਕੇ ਉਹ ਡਾ ਼ਖਾਨ ਨੂੰ ਆਪਣੇ ਨੇੜੇ ਲਿਆਉਣਾ ਚਾਹੁੰਦੀ ਸੀ। ਡਿਆਨਾ ਦਾ ਅਨੁਮਾਨ ਸੀ ਕਿ ਜੇ ਉਹ ਆਪਣੇ ਆਪ ਨੂੰ ਡੋਡੀ ਦੀ ਪ੍ਰੇਮਿਕਾ ਹੋਣ ਦਾ ਵਿਖਾਵਾ ਕਰੇਗੀ ਤਾਂ ਸ਼ਾਇਦ 40 ਸਾਲਾ ਡਾ ਼ਖਾਨ ਉਸ ਨਾਲ ਜਲਦੀ ਸ਼ਾਦੀ ਰਚਾ ਲਵੇਗਾ। ਪਰ ਇਸ ਹਥਿਆਰ ਨੇ ਵੀ ਉਸ ਨਾਲ ਵਫ਼ਾਈ ਨਾ ਕੀਤੀ।
ਡਿਆਨਾ ਅਤੇ ਡਾ ਼ਹਸਨਤ ਖ਼ਾਨ ਦਾ ਪ੍ਰੇਮ-ਕਿੱਸਾ ਕਿਸੇ ਤੋਂ ਛੁਪਿਆ ਹੋਇਆ ਨਹੀਂ। ਉਸ ਪ੍ਰੇਮ-ਪਿਆਸੀ ਰਾਜਕੁਮਾਰੀ ਨੇ ਹਸਨਤ ਖ਼ਾਨ ਨੂੰ ਪਾਉਣ ਲਈ ਕਿਹੜੀ-ਕਿਹੜੀ ਜੱਦੋਜਹਿਦ ਨਹੀਂ ਕੀਤੀ? ਕੀ-ਕੀ ਪਾਪੜ ਨਹੀਂ ਵੇਲੇ? ਇਸ ਬਾਰੇ ਪ੍ਰਸਿੱਧ ਲੇਡੀ ਜਰਨਲਿਸਟ ਸੈਲੀ ਬੈਡਲ ਨੇ ਐਲਸਾ ਬੋਕਰ ਦੀ ਡਿਆਨਾ ਨਾਲ ਕੀਤੀ ਇੰਟਰਵਿਊ ਦਾ ਵੀ ਜਿ਼ਕਰ ਕੀਤਾ ਹੈ।
ਡਾ ਼ਹਸਨਤ ਖ਼ਾਨ ਨਾਲ ਡਿਆਨਾ ਦਾ ਪ੍ਰੇਮ-ਕਿੱਸਾ ਸਤੰਬਰ 1995 ਵਿਚ ਸ਼ੁਰੂ ਹੋਇਆ। ਉਹ ਇਕ ਵਾਰ 'ਰੌਇਲ ਬਰੈਂਪਟਨ ਹੌਸਪੀਟਲ ਲੰਡਨ' ਗਈ। ਉਥੇ ਉਸ ਦੀ ਬਣਦੇ-ਤਣਦੇ, ਪਰ ਸ਼ਰਮਾਕਲ ਡਾ ਼ਹਸਨਤ ਖ਼ਾਨ ਨਾਲ ਜਾਣ ਪਹਿਚਾਣ ਹੋਈ। ਇੱਕ ਅਹਿਮ ਆਪਰੇਸ਼ਨ ਦੌਰਾਨ ਡਿਆਨਾ ਆਪਰੇਸ਼ਨ-ਥੀਏਟਰ ਵਿਚ ਹਾਜ਼ਰ ਸੀ ਅਤੇ ਡਾ ਼ਹਸਨਤ ਖ਼ਾਨ ਆਪਣੀ ਟੀਮ ਨਾਲ ਕਿਸੇ ਮਰੀਜ਼ ਦਾ ਆਪਰੇਸ਼ਨ ਕਰ ਰਿਹਾ ਸੀ। ਇਹ ਫ਼ੋਟੋ ਵੀ ਵਿਸ਼ਵ-ਪੱਧਰ 'ਤੇ ਮੀਡੀਆ ਵੱਲੋਂ ਦਿਖਾਈ ਗਈ ਸੀ। ਬੱਸ! ਉਥੇ ਹੀ ਉਹ ਸਿਰ ਤੋਂ ਲੈ ਕੇ ਪੈਰਾਂ ਤੱਕ ਡਾਕਟਰ ਖ਼ਾਨ 'ਤੇ ਮਰ-ਮਿਟੀ ਅਤੇ "ਨੈਟੀ" ਨੂੰ ਆਪਣਾ ਦਿਲ ਦੇ ਬੈਠੀ। ਹਸਨਤ ਖ਼ਾਨ ਨੂੰ ਉਸ ਦੇ ਯਾਰ-ਮਿੱਤਰ ਅਤੇ ਉਸ ਦੀ ਸਾਰੀ ਟੀਮ 'ਨੈਟੀ' ਆਖ ਕੇ ਬੁਲਾਉਂਦੀ ਸੀ। ਮਾਸਿਕ ਪੱਤਰ 'ਬੂੰਟੇ' ਮੁਤਾਬਿਕ, "ਕਿਉਂਕਿ ਹਸਨਤ ਉਸ ਨਾਲ ਬਹੁਤੀ ਅੱਖ ਨਹੀਂ ਮਿਲਾਉਂਦਾ ਸੀ, ਇਸ ਕਰਕੇ ਉਹ ਉਸ ਨੂੰ ਆਕਰਸ਼ਤ ਕਰਨ
ਲਈ ਸਲਵਾਰ-ਕਮੀਜ਼ ਪਹਿਨ ਕੇ ਵੀ ਉਸ ਦੇ ਸਾਹਮਣੇ ਆਈ, ਤਾਂ ਕਿ ਡਾ ਼ਖ਼ਾਨ ਦਾ ਧਿਆਨ-ਬਿੰਦੂ ਆਪਣੇ ਵੱਲ ਖਿੱਚਿਆ ਜਾ ਸਕੇ।"
ਜਦ ਉਹ ਡਾ ਼ਖ਼ਾਨ ਨੂੰ ਆਪਣੇ ਵੱਲ ਖਿੱਚਣ ਵਿਚ ਕਾਮਯਾਬ ਹੋ ਗਈ ਤਾਂ ਉਹ ਕਈ ਵਾਰ ਡਿਆਨਾ ਦੇ ਕਿੰਨਸਿੰਗਟਨ ਮਹੱਲ ਦੇ ਅਪਾਰਟਮੈਂਟ ਵਿਚ ਮਿਲੇ। ਇਸ ਅਪਾਰਟਮੈਂਟ ਵਿਚ ਡਾ ਼ਖ਼ਾਨ ਦੀ ਹਰ 'ਸੁੱਖ-ਸਹੂਲਤ' ਦਾ ਵਿਸ਼ੇਸ਼ ਤੌਰ 'ਤੇ 'ਖਿਆਲ' ਰੱਖਿਆ ਗਿਆ! ਇੰਨ੍ਹਾਂ ਮਿਲਣੀਆਂ ਤੋਂ ਬਾਅਦ ਡਿਆਨਾ ਨੇ ਡਾ ਼ਖ਼ਾਨ ਨੂੰ 'ਸ਼ਹਿਦ ਵਾਂਗ ਮਿੱਠਾ' ਬਿਆਨ ਕੀਤਾ। ਐਲਸਾ ਬੋਕਰ ਨੇ ਦੱਸਿਆ: ਡਾ ਼ਖ਼ਾਨ ਨੇ ਡਿਆਨਾ ਦੀਆਂ ਪ੍ਰੇਮ-ਭਾਵਨਾਵਾਂ ਦੀ ਤਰਜ਼ਮਾਨੀ ਕੀਤੀ ਅਤੇ ਉਹ ਮਾਨਸਿਕ ਤੌਰ 'ਤੇ ਪੂਰੀ ਸੰਤੁਸ਼ਟ ਅਤੇ ਹਲਕੀ-ਹਲਕੀ ਸੀ। ਐਲਸਾ ਬੋਕਰ ਨੇ ਇਹ ਵੀ ਕਿਹਾ ਕਿ ਡਿਆਨਾ ਡਾਕਟਰ ਲਈ ਸਭ ਕੁਝ ਕਰਨ ਲਈ ਤਿਆਰ ਸੀ, ਇੱਥੋਂ ਤੱਕ ਕਿ ਉਹ ਉਸ ਲਈ ਇਸਲਾਮ ਧਰਮ ਕਬੂਲ ਕਰਨ ਲਈ ਵੀ ਰਾਜ਼ੀ ਹੋ ਗਈ ਸੀ। ਡਿਆਨਾ ਨੇ ਖੁਦ ਬੋਕਰ ਨੂੰ ਦੱਸਿਆ ਕਿ ਮੈਂ ਆਪਣੀ ਜਿ਼ੰਦਗੀ ਦੀ ਮਨਚਾਹੀ ਮੰਜਿ਼ਲ ਪਾ ਲਈ ਹੈ। ਉਸ ਨੇ ਮੈਨੂੰ ਉਹ ਸਾਰਾ ਕੁਝ ਦਿੱਤਾ, ਜੋ ਮੈਨੂੰ ਚਾਹੀਦਾ ਸੀ।
ਫਿਰ ਡਿਆਨਾ ਨੇ ਇੱਕ ਘੋਰ ਵੱਡੀ ਗਲਤੀ ਕੀਤੀ। ਉਸ ਨੇ ਹਸਨਤ ਖ਼ਾਨ ਨੂੰ ਹਸਪਤਾਲ ਫ਼ੋਨ ਕੀਤਾ ਅਤੇ ਤੁਰੰਤ ਮਿਲਣ ਲਈ ਕਿਹਾ। ਉਸ ਨੇ ਇਹ ਵੀ ਦੁਹਰਾਇਆ ਕਿ ਮੈਂ ਤੇਰੇ ਨਾਲ ਹੁਣੇ ਹੀ ਮਿਲ ਕੇ ਗੱਲ ਕਰਨੀ ਹੈ, ਚਾਹੇ ਤੂੰ ਆਪਰੇਸ਼ਨ ਹੀ ਕਿਉਂ ਨਾ ਕਰ ਰਿਹਾ ਹੋਵੇਂ! ਉਸ ਨੇ ਉਸ ਨੂੰ ਪਾਗਲਪਨ ਦੀ ਹੱਦ ਤੱਕ ਪਾਉਣਾ ਚਾਹਿਆ। ਉਸ ਨੇ ਇਹ ਨਹੀਂ ਸੋਚਿਆ ਕਿ ਇਸ ਨਾਲ ਡਾ ਼ਖ਼ਾਨ ਦੇ ਕੈਰੀਅਰ 'ਤੇ 'ਪ੍ਰਸ਼ਨ-ਚਿੰਨ੍ਹ' ਲੱਗ ਸਕਦਾ ਸੀ! ਡਿਆਨਾ ਨੇ ਹਸਪਤਾਲ ਦੇ ਪ੍ਰੋਫ਼ੈਸਰ ਕਰਿਸਟੀਅਨ ਬਿਰਨਾਰਡ ਨੂੰ ਵੀ ਫ਼ੋਨ ਕਰ ਕੇ ਪੁੱਛਿਆ ਕਿ ਕੀ ਉਹ ਹਸਨਤ ਖ਼ਾਨ ਨੂੰ ਸਾਊਥ ਅਫ਼ਰੀਕਾ ਦੇ ਪ੍ਰਮੁੱਖ ਸ਼ਹਿਰ ਕੈਪਸਟਾਡ ਵਿਚ ਜੌਬ ਨਹੀਂ ਦੇ ਸਕਦਾ? ਉਥੇ ਉਸ ਵਕਤ ਡਿਆਨਾ ਦਾ ਭਰਾ ਰਹਿ ਰਿਹਾ ਸੀ। ਇਸ ਬਾਰੇ ਜਦੋਂ ਡਾ ਼ਖ਼ਾਨ ਨੂੰ ਪਤਾ ਲੱਗਿਆ ਤਾਂ ਉਸ ਨੂੰ ਡਿਆਨਾ ਦਾ ਇਹ ਬੇਹੂਦਾ ਵਤੀਰਾ ਚੰਗਾ ਨਾ ਲੱਗਿਆ।
ਡਿਆਨਾ ਨੇ ਪ੍ਰੋਫ਼ੈਸਰ ਬਿਰਨਾਰਡ ਨੂੰ ਇਹ ਵੀ ਕਿਹਾ ਕਿ ਉਹ ਡਾ ਼ਖ਼ਾਨ ਨਾਲ ਸ਼ਾਦੀ ਕਰਕੇ ਕਈ ਧੀਆਂ ਜੰਮਣੀਆਂ ਚਾਹੁੰਦੀ ਹੈ। ਉਸ ਦੀਆਂ ਇਹਨਾਂ 'ਕਮਲੀਆਂ' ਗੱਲਾਂ ਕਾਰਨ ਡਾ ਼ਖ਼ਾਨ ਉਸ ਤੋਂ ਕਿਨਾਰਾ ਕਰਨ ਲੱਗ ਪਿਆ। ਐਲਸੇ ਬੋਕਰ ਅਨੁਸਾਰ ਡਿਆਨਾ ਦੀ ਸਭ ਤੋਂ ਵੱਡੀ ਗਲਤੀ ਇਹ ਸੀ ਕਿ ਉਹ ਮਈ 1997 ਵਿਚ ਡਾਕਟਰ ਨੂੰ ਦੱਸਣ ਤੋਂ ਬਗੈਰ ਹੀ ਪਾਕਿਸਤਾਨ ਚਲੀ ਗਈ। ਸਿਰਫ਼ ਖ਼ਾਨ ਦੇ ਮਾਂ-ਬਾਪ ਨੂੰ ਇਹ ਅਹਿਸਾਸ ਕਰਵਾਉਣ ਲਈ ਕਿ ਉਹ ਕਿਤਨੀ ਪਿਆਰੀ ਅਤੇ ਅੱਛੀ ਲੜਕੀ ਹੈ! ਉਸ ਨੇ ਪਾਕਿਸਤਾਨ ਦੇ ਰਵਾਇਤੀ ਕੱਪੜੇ ਵੀ ਬਣਵਾਏ ਅਤੇ ਉਥੋਂ ਦੇ ਸੰਸਕਾਰਾਂ ਦਾ ਵੀ ਗ੍ਰਹਿਣ ਕੀਤਾ। ਉਸ ਨੂੰ ਵਿਸ਼ਵਾਸ਼ ਸੀ ਕਿ ਜੇ ਖ਼ਾਨ ਦੇ ਮਾਪੇ ਰਾਜ਼ੀ ਹੋ ਗਏ ਤਾਂ ਉਹਨਾਂ ਦੀ ਸ਼ਾਦੀ ਦੇ ਰਾਹ ਵਿਚ ਕੋਈ ਰੋੜਾ ਨਹੀਂ ਰਹੇਗਾ। ਇਹਨਾਂ ਸਾਰੀਆਂ ਕਾਰਵਾਈਆਂ ਨੇ ਖ਼ਾਨ ਨੂੰ ਡਿਆਨਾ ਤੋਂ ਦੂਰ ਕਰ ਦਿੱਤਾ ਅਤੇ ਉਹ ਡਿਆਨਾ ਨੂੰ 'ਕੌੜਨ' ਲੱਗ ਪਿਆ। ਅਤੇ ਫਿਰ,
ਜਦੋਂ ਡਿਆਨਾ ਦੇ ਪਾਕਿਸਤਾਨੀ ਟੂਰ ਦੀਆਂ ਫ਼ੋਟੋਆਂ ਟੀ ਼ਵੀ ਼ਅਤੇ ਅਖ਼ਬਾਰਾਂ ਵਿਚ ਆਈਆਂ ਤਾਂ ਡਾ ਼ਖ਼ਾਨ ਲਈ ਇਹ ਸਭ ਕੁਝ ਅਸਹਿ ਹੋ ਗਿਆ ਅਤੇ ਉਸ ਨੇ ਡਿਆਨਾ ਲਈ ਆਪਣੇ ਦਰਵਾਜ਼ੇ ਹਮੇਸ਼ਾ ਲਈ ਬੰਦ ਕਰ ਦਿੱਤੇ!
ਪਰ ਡਿਆਨਾ ਨੇ ਸਾਹਸ ਦਾ ਪੱਲਾ ਨਾ ਛੱਡਿਆ। ਉਸ ਨੇ ਪ੍ਰਸਿੱਧ ਕ੍ਰਿਕਟ ਖਿਡਾਰੀ ਅਤੇ ਆਪਣੀ ਸਹੇਲੀ ਜੇਮੀਨਾ ਗੋਲਡਸਮਿੱਥ ਦੇ ਪਤੀ ਇਮਰਾਨ ਖ਼ਾਨ ਨੂੰ ਵਿਚੋਲਗਿਰੀ ਲਈ ਮਨਾ ਲਿਆ। ਇਮਰਾਨ ਖ਼ਾਨ ਨੇ ਚੈਨਲ 5 ਨੂੰ ਬੜੇ ਹੀ ਦੁਖੀ ਹਿਰਦੇ ਨਾਲ ਦੱਸਿਆ, "ਅਜੇ ਮੈਂ ਹਸਨਤ ਖ਼ਾਨ ਨਾਲ ਗੱਲਬਾਤ ਕਰਨ ਲਈ ਵਿਚਾਰ ਬਣਾ ਹੀ ਰਿਹਾ ਸਾਂ ਕਿ ਬਾਜ਼ੀ ਬੀਤ ਗਈ...!"
ਬ੍ਰਿਹਾ-ਵਿਗੁੱਚੀ, ਪ੍ਰੇਮ ਦੀ ਤਲਾਸ਼ ਵਿਚ ਭਟਕਦੀ, ਧੁਖ਼ਦੀ ਡਿਆਨਾ ਆਖਰ ਸਦਾ ਲਈ ਤੁਰ ਗਈ। ਹਰ ਸਾਲ 31 ਅਗਸਤ ਨੂੰ ਪੈਰਿਸ ਦੇ ਫਅਰਸਿੲਰ ਪੋਨਟ ਦੲ ੀ'ਅਲਮਅ ਵਿਖੇ ਡਿਆਨਾ ਦੀ ਯਾਦ ਨੂੰ ਤਾਜ਼ਾ ਕੀਤਾ ਜਾਂਦਾ ਹੈ। ਜਿੱਥੇ ਉਹ, ਡੋਡੀ ਅਲ-ਫ਼ਾਇਦ ਅਤੇ ਕਾਰ ਡਰਾਈਵਰ ਹੈਨਰੀ ਪਾਲ ਨਾਲ ਦੁਰਘਟਨਾ ਦਾ ਸਿ਼ਕਾਰ ਹੋਈ ਸੀ। 31 ਅਗਸਤ 2000 ਨੂੰ ਪੈਰਿਸ ਵਿਖੇ ਡਿਆਨਾ 'ਤੇ ਛਪੀ ਪੁਸਤਕ ਫਰਨਿਚੲਸਸੲ ਦੁ ੰੋਨਦ ਅਰਥਾਤ 'ਦਿਲਾਂ ਦੀ ਰਾਜਕੁਮਾਰੀ' ਵੀ ਰਿਲੀਜ਼ ਕੀਤੀ ਗਈ ਸੀ। ਲੰਡਨ ਅਤੇ ਐਲਥੌਰਪ ਵਿਖੇ ਵੀ ਉਸ ਨੂੰ ਭਰੇ ਮਨਾਂ ਨਾਲ ਸ਼ਰਧਾਂਜਲੀ ਅਰਪਨ ਕੀਤੀ ਜਾਂਦੀ ਹੈ। ਉਹ ਦਰਵੇਸ਼ ਰਾਜਕੁਮਾਰੀ ਅਤੇ ਭੋਲੇ ਮਨ ਦੀ ਮੂਰਤ ਡਿਆਨਾ ਹਮੇਸ਼ਾ ਲੋਕਾਂ ਦੇ ਦਿਲਾਂ ਵਿਚ ਵਸਦੀ ਰਹੇਗੀ। ਅਕਾਲ ਪੁਰਖ਼ ਉਸ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ!!

No comments: