Sunday, July 22, 2007

ਕਹਾਣੀ: ਕਾਲ਼ਜਾ ਧਾਫੜ

ਕਾਲਜਾ ਧਾਫ਼ੜ
(ਕਹਾਣੀ)

ਧੌਲਿਆਂ ਦਾ ਜਿਵੇਂ ਜੂਪੇ ਨਾਲ ਕੋਈ ਪੁਰਾਣਾ ਵੈਰ ਸੀ। ਹਲ ਜਿੱਡਾ ਮੋਚਨਾ ਲੈ ਕੇ ਉਹ ਧੌਲਿਆਂ ਨੂੰ ਘਾਹ ਵਾਂਗੂੰ ਦਾਹੜੀ 'ਚੋਂ ਪੱਟਦਾ। ਪਰ ਉਹ ਤੀਜੇ ਦਿਨ ਹੀ ਖੁੰਬਾਂ ਵਾਂਗੂੰ ਫਿਰ ਉਗ ਪੈਂਦੇ। ਜਿਵੇਂ ਧੌਲੇ ਉਸ ਨਾਲ ਕੋਈ ਖੁੰਧਕ ਰੱਖਦੇ ਸਨ। ਜਿਵੇਂ ਕੋਈ ਆਹਮੋਂ-ਸਾਹਮਣੇਂ ਮੁਕਾਬਲਾ ਸੀ। ਧੌਲੇ ਉਸ ਨੂੰ ਸ਼ਰੀਕਾਂ ਵਾਂਗ ਵੰਗਾਰਦੇ ਸਨ।
ਅੱਖ ਵਿਚ ਮਾਮੂਲੀ 'ਭੈਂਗ' ਹੋਣ ਕਾਰਨ ਲੋਕ ਉਸ ਨੂੰ 'ਜੂਪਾ ਕਾਣਾ' ਆਖ ਕੇ ਬੁਲਾਉਣ ਲੱਗ ਪਏ ਸਨ। ਹਾਣ ਦੇ ਉਸ ਨੂੰ 'ਕਮੰਡਲਾ' ਆਖਦੇ। ਜੂਪਾ ਕੋਈ ਬਹੁਤੀ ਉਮਰ ਦਾ ਨਹੀਂ ਸੀ। ਅਠਾਈ ਕੁ ਸਾਲ ਦਾ ਮੁੰਡਾ ਸੀ। ਖੇਤੀ ਦੇ ਕੰਮ-ਕਾਰ ਨੂੰ ਵੀ ਸੀਟੀ 'ਤੇ ਉਡਦਾ ਸੀ। ਕੰਮ ਦੇ ਉਹ ਅੱਠੇ ਪਹਿਰ ਗੇੜੇ ਖੁਆਈ ਰੱਖਦਾ। ਪੜ੍ਹਾਈ ਨੂੰ ਜੂਪਾ ਬਿਲਕੁਲ ਹੀ ਮੱਠਾ ਸੀ। ਔਖੇ ਸੌਖੇ ਦਸ ਜਮਾਤਾਂ ਕਰਵਾ ਕੇ ਬਾਪੂ ਨੇ ਖੇਤ ਦੀ ਪੰਜਾਲੀ ਹੇਠ ਦੇ ਲਿਆ। ਅਠਾਈ ਸਾਲ ਦੀ ਉਮਰ ਵਿਚ ਹੀ ਜੂਪੇ ਦੇ ਧੌਲੇ ਆਉਣ ਲੱਗ ਪਏ। ਆਂਢ-ਗੁਆਂਢ ਦੀਆਂ ਬੁੜ੍ਹੀਆਂ ਦੱਸਦੀਆਂ ਹੁੰਦੀਆਂ, ਕਿ ਉਸ ਦਾ ਪਿਉ ਤੀਹਾਂ ਸਾਲਾਂ ਦਾ ਹੀ ਬੱਗਾ ਕੁੱਕੜ ਹੋ ਗਿਆ ਸੀ। ਪਰ ਜੂਪਾ ਤਾਂ ਮੋਰ ਬਣਿਆਂ ਹੀ ਰਹਿਣਾ ਚਾਹੁੰਦਾ ਸੀ। ਜਿਸ ਕਰਕੇ ਉਹ ਸ਼ੀਸ਼ਾ-ਮੋਚਨਾ ਲੈ ਕੇ ਹਰ ਤੀਜੇ ਦਿਨ ਕਰੜੀ ਝੁੱਟੀ ਧੌਲਿਆਂ 'ਤੇ ਲਾਉਂਦਾ। ਜਾੜ੍ਹ ਘੁੱਟ, ਕਸੀਸ ਵੱਟ ਕੇ ਧੌਲੇ ਜੜ੍ਹਾਂ 'ਚੋਂ ਧੂੰਹਦਾ। ਪਰ ਤੀਜੇ ਦਿਨ ਉਹ ਹੀ ਬੈਂਹਾਂ ਅਤੇ ਉਹ ਹੀ ਕੁਹਾੜੀ ਹੁੰਦੀ। ਧੌਲੇ ਦੁਸ਼ਮਣਾਂ ਵਾਂਗ ਫਿਰ ਖੜ੍ਹੇ ਹੁੰਦੇ!
ਜੂਪੇ ਦਾ ਵੱਡਾ ਭਰਾ ਇੰਡੀਆ ਅਤੇ ਭੈਣ ਆਸਟਰੀਆ ਵਿਆਹੀ ਹੋਈ, ਰੰਗੀਂ ਵਸਦੀ ਸੀ। ਜੂਪਾ ਬੜਾ ਘਤਿੱਤੀ ਸੀ। ਜਦ ਉਹ ਸ਼ਾਮ ਨੂੰ ਖੇਤੋਂ ਘਰ ਆਉਂਦਾ ਤਾਂ ਭਰਜਾਈ ਕੰਧੋਲੀ ਓਹਲੇ ਰੋਟੀ ਪਕਾ ਰਹੀ ਹੁੰਦੀ। ਉਹ ਕੰਧੋਲੀ ਦੇ ਲਾਗੇ ਇਕ ਖੂੰਜੇ ਬਾਲਟੀ ਰੱਖ, ਨਹਾਉਣ ਲੱਗ ਜਾਂਦਾ। ਕੰਧੋਲੀ ਦੀ ਮੋਰੀ ਵਿਚੋਂ ਜੂਪੇ ਨੂੰ ਭਰਜਾਈ ਦਾ ਮੂੰਹ ਸਾਫ਼ ਦਿਸਦਾ। ਚੁੱਲ੍ਹੇ ਦੀ ਅੱਗ ਦੇ ਸਾਹਮਣੇਂ ਭਰਜਾਈ ਦਾ ਦਗ਼ਦਾ ਸੰਧੂਰੀ ਚਿਹਰਾ ਦੇਖ ਕੇ ਜੂਪੇ ਦੇ ਦਿਲੋਂ ਕਸੀਸ ਉਠਦੀ। ਲਾਟ ਨਿਕਲਦੀ। ਪਰ ਉਹ ਬਾਲਟੀ ਵਿਚੋਂ ਪਾਣੀ ਦੇ ਛੋਟੇ-ਛੋਟੇ ਬੁੱਕ ਭਰ-ਭਰ ਪਿੰਡੇ 'ਤੇ ਪਾਉਂਦਾ, ਦਿਲ ਦੀ ਅੱਗ ਬੁਝਾਉਂਦਾ ਰਹਿੰਦਾ। ਪਰ ਵੱਡੀ ਭਰਜਾਈ ਉਸ ਵੱਲੋਂ ਬੇਪ੍ਰਵਾਹ ਸੀ। ਉਹ ਜੂਪੇ ਵੱਲ ਕੋਈ ਬਹੁਤਾ ਧਿਆਨ ਨਾ ਦਿੰਦੀ। ਭਰਜਾਈ ਉਸ ਨੂੰ 'ਜੂਪਾ-ਕਮਲਾ' ਆਖਦੀ। ਜੂਪੇ ਨੂੰ ਤਾਂ ਤਖ਼ੱਲਸ ਹੀ ਇਤਨੇ ਮਿਲੇ ਹੋਏ ਸਨ ਕਿ ਕਿਸੇ ਲੇਖਕ ਨੂੰ ਨਸੀਬ ਨਹੀਂ ਹੋਏ ਹੋਣੇ। ਕਦੇ-ਕਦੇ ਜੂਪਾ ਮੱਝ ਦੇ ਨੱਕ 'ਤੇ ਮੁੱਕੀ ਮਾਰ ਕੇ ਭਾਬੀ ਵਿਚ ਦੀ ਗੱਲ ਕੱਢਦਾ:
-"ਤੇਰੀਆਂ ਬਿੰਗੀਆਂ ਜੀਆਂ ਲੱਤਾਂ ਮੈਨੂੰ ਕਦੇ ਬੱਢਣੀਆਂ ਪੈਣਗੀਆਂ-ਮੈਂ ਨਿੱਤ ਕਹਿੰਨੈਂ ਕਾਹਨੂੰ ਕਾਹਨੂੰ!" ਪਰ ਭਾਬੀ ਦਿਲ ਵਿਚ ਹੀ ਹੱਸ ਛੱਡਦੀ। ਉਸ ਦੇ ਭਾਅ ਦਾ ਤਾਂ ਕੁੱਤਾ ਭੌਂਕਦਾ ਸੀ। ਉਸ ਦੀ ਜਾਣਦੀ ਸੀ ਜੁੱਤੀ!
ਜੂਪੇ ਦੇ ਪਿਉ ਕੋਲ ਦਸ ਕਿੱਲੇ ਜ਼ਮੀਨ ਸੀ। ਦੋ ਕਿੱਲੇ ਜ਼ਮੀਨ ਉਸ ਨੇ ਬੈਅ ਕਰਕੇ ਕੁੜੀ ਆਸਟਰੀਆ ਵਿਚ ਵਸਦੇ ਮੁੰਡੇ ਨਾਲ ਵਿਆਹ ਦਿੱਤੀ। ਬੜਾ ਲੈਣ-ਦੇਣ ਕੀਤਾ ਸੀ। ਘਰ ਫੂਕ ਕੇ ਤਮਾਸ਼ਾ ਦੇਖਿਆ ਸੀ। ਕੁੜੀ ਦੇ ਸਹੁਰਿਆਂ ਦੇ ਸਾਰੇ ਰਿਸ਼ਤੇਦਾਰਾਂ ਨੂੰ ਮੁੰਦਰੀਆਂ ਦੇ ਤੀਰ ਮਾਰ-ਮਾਰ 'ਵਿੰਨ੍ਹ' ਦਿੱਤਾ ਸੀ। ਬੱਲੇ-ਬੱਲੇ ਕਰਵਾਈ ਸੀ। ਰਿਸ਼ਤੇਦਾਰ ਪੂਰੇ ਬਾਗੋ-ਬਾਗ ਸਨ। ਫਿਰ ਦਿੱਲੀਓਂ ਜਹਾਜ ਚੜ੍ਹਦੀ ਕੁੜੀ ਪਿੰਦਰ ਨੂੰ ਬਾਪੂ ਨੇ ਕਿਹਾ ਸੀ:
-"ਦੋ ਕਿੱਲੇ ਫੂਕ ਕੇ ਤੇਰਾ ਵਿਆਹ ਕੀਤੈ ਪਿੰਦਰ-ਰੂਪ ਤਾਂ ਆਪਣਾ ਵਿਆਹਿਆ ਵਰਿਐ-ਪਰ ਤੂੰ ਆਪਣੇ ਜਗਰੂਪ ਬਾਰੇ ਜਰੂਰ ਕੁਛ ਸੋਚੀਂ-ਚਾਹੇ ਕੋਈ ਅੰਨ੍ਹੀਂ ਕਾਣੀਂ-ਛੱਡੀ ਛੱਡਾਈ ਭਾਲ ਲਈਂ ਧੀਏ-ਐਥੇ ਚਾਰ ਕਿੱਲਿਆਂ ਦੇ ਮੂੰਹ ਨੂੰ ਇਹਨੂੰ ਕਿਸੇ ਨੇ ਸਕੀ ਧੀ ਨਹੀਂ ਦੇਣੀਂ-ਅੱਜ ਕੱਲ੍ਹ ਜੱਟਾਂ ਦੀ ਨਸੌੜ ਬੜੀ ਉਚੀ ਹੋਈ ਵੀ ਐ-ਤੇਰੀ ਖਾਤਰ ਦੋ ਕਿੱਲਿਆਂ ਨੂੰ ਇਸੇ ਕਰਕੇ ਈ ਲਾਂਬੂ ਲਾਇਆ ਸੀ-ਬਈ ਤੇਰੇ ਨਾਲ ਸਾਡੀ ਜੂਨ ਵੀ ਸੁਧਰਜੂ।"
-"ਉਥੇ ਜਾ ਕੇ ਸਹੁਰਿਆਂ ਦੀ ਹੋ ਕੇ ਨਾ ਬਹਿਜੀਂ-ਸਾਡਾ ਵੀ ਖਿਆਲ ਰੱਖੀਂ।" ਬੇਬੇ ਬੋਲੀ ਸੀ ਅਤੇ ਪਿੰਦਰ ਗੱਲਾਂ ਲੜ ਗੰਢ ਦੇ ਕੇ ਜਹਾਜ ਚੜ੍ਹ ਗਈ ਸੀ।
ਆਸਟਰੀਆ ਜਾ ਕੇ ਕੁੜੀ ਨੂੰ ਸਫ਼ਾਈ ਦਾ ਕੰਮ ਮਿਲ ਗਿਆ। ਪਿੰਦਰ ਦੋ-ਦੋ ਕੰਮ ਕਰਨ ਲੱਗ ਪਈ। ਹਰ ਰੋਜ ਸੋਲਾਂ-ਸੋਲਾਂ ਘੰਟੇ ਕੰਮ ਦੇਹ ਤੋੜ ਕੇ ਕਰਦੀ। ਪਿੰਡ ਪੰਦਰਾਂ-ਪੰਦਰਾਂ ਬੰਦਿਆਂ ਦੀਆਂ ਰੋਟੀਆਂ ਪਕਾ ਕੇ ਖੇਤ ਢੋਂਦੀ ਰਹੀ ਮਿਹਨਤੀ ਕੁੜੀ ਨੇ ਕੰਮ ਵਾਲੇ ਆਹੂ ਲਾਹ ਦਿੱਤੇ ਅਤੇ ਪੈਸਿਆਂ ਦਾ ਮੀਂਹ ਵਰ੍ਹਾ ਦਿੱਤਾ। ਉਹ ਇਕ ਤਰ੍ਹਾਂ ਨਾਲ ਇਕ ਮਸ਼ੀਨ ਬਣ ਗਈ ਸੀ। ਰਾਤ ਨੂੰ ਖ਼ਸਮ ਦੀ ਅਤੇ ਦਿਨੇਂ ਕੰਮ ਦੀ! ਪਿੰਦਰ ਦੇ ਘਰਵਾਲਾ ਲੋਲ੍ਹਾ ਜਿਹਾ, ਸਿੱਧਰਾ ਬੰਦਾ ਸੀ। ਪਿੰਦਰ ਉਸ ਨੂੰ 'ਜੀ' ਕਹਿ ਕੇ ਬੁਲਾਉਂਦੀ ਤਾਂ ਉਹ ਖਿਝ ਕੇ ਆਖਦਾ, "ਮੈਨੂੰ ਨਾਂ ਲੈ ਕੇ ਬੁਲਾਇਆ ਕਰ!" ਜੇ ਪਿੰਦਰ ਨਾਂ ਲੈ ਕੇ ਬੁਲਾਉਂਦੀ ਤਾਂ ਉਹ ਫਿਰ ਕਹਿੰਦਾ, "ਤੂੰ ਮੈਨੂੰ 'ਜੀ' ਕਹਿ ਕੇ ਕਿਉਂ ਨਹੀਂ ਬੁਲਾਉਂਦੀ ਭੈਣ ਦੇਣੀਏਂ?" ਉਹ ਦਿਨ ਰਾਤ ਆਪਣੇ ਹੀ ਸਵਿਧਾਨ ਬਦਲਦਾ ਰਹਿੰਦਾ। ਨਾਂ ਉਸ ਦਾ ਲਖਵਿੰਦਰ ਸੀ। ਪਰ ਗੋਰੇ ਉਸ ਨੂੰ 'ਲੱਕੀ' ਆਖ ਕੇ ਬੁਲਾਉਂਦੇ ਅਤੇ ਦੇਸੀ ਭਾਈਬੰਦ 'ਲੱਖੀ ਵਣਜਾਰਾ' ਪੁਕਾਰਦੇ। ਪਿੰਦਰ ਆਪਣੇ ਮਾਂ-ਬਾਪ ਦੀਆਂ ਕਹੀਆਂ ਗੱਲਾਂ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਸੀ। ਉਸ ਨੇ ਦਿਨ ਰਾਤ ਜੱਭਲ ਜਿਹੇ ਲੱਖੀ ਨੂੰ ਪਲੋਸੀ ਰੱਖਿਆ ਅਤੇ ਸਾਲ ਪਾ ਕੇ ਮਾਪਿਆਂ ਨਾਲੋਂ ਵੱਖ ਕਰ ਲਿਆ। ਘੋਗੜ ਜਿਹੇ ਲੱਖੀ ਨੇ ਮਾਂ-ਬਾਪ ਨੂੰ ਇਕ ਵਿਚ ਹੀ ਟੁੱਕ ਵਾਂਗ ਤੋੜ ਕੇ ਪਰ੍ਹੇ ਮਾਰਿਆ ਸੀ:
-"ਭੈਣ ਦਾ ਮਰਾਓ ਤੁਸੀਂ ਟਣਾ-ਅਸੀਂ ਆਪਦਾ ਕੰਮ ਕਾਰ ਕਰਦੇ ਥੋਡੇ ਛਿੱਤਰ ਕਿਉਂ ਖਾਈਏ? ਤੁਸੀਂ ਤਾਂ ਸਾਂਝੀ ਬੋਤਲ 'ਚੋਂ ਪੇਕ ਵੀ ਨਹੀਂ ਪੀਣ ਦਿੰਦੇ-ਅਖੇ ਪੀ ਕੇ ਕਮਲ ਮਿੱਧੂ-ਹੁਣ ਨਿੱਤ ਪੀਆ ਕਰੂੰ ਤੇ ਨਾਲੇ ਬੁਲਾਇਆ ਕਰੂੰ ਬੱਕਰੇ।"
ਮਾਂ-ਬਾਪ ਘੁੱਟ ਵੱਟੀ ਚੁੱਪ ਕਰ ਗਏ ਸਨ ਕਿ ਚਤਰ ਨੂੰਹ ਨੇ ਸਿੱਧੜ ਪੁੱਤ ਪਲੋਸ ਕੇ ਤੋੜ ਲਿਆ ਹੈ। ਉਹਨਾਂ ਨੇ ਸਬਰ ਕਰ ਲਿਆ। ਕੋਈ ਮੰਦਾ ਬਚਨ ਨਾ ਬੋਲਿਆ। ਬੋਲਦੇ ਵੀ ਕਿਵੇਂ? ਲੋਲ੍ਹੜ ਪੁੱਤ ਨੇ ਛਿੱਤਰ ਲਾਹ ਲੈਣਾ ਸੀ। ਆਪਣੀ ਇੱਜ਼ਤ ਆਪਣੇ ਹੱਥ ਦੇਖ ਕੇ ਉਹਨਾਂ ਨੇ ਲਹੂ ਦਾ ਘੁੱਟ ਭਰ ਲਿਆ। ਕਿਸੇ ਦੀ ਢਾਕ 'ਤੇ ਚੜ੍ਹਿਆ ਬੰਦਾ ਅਤੇ ਅੱਕਿਆ ਬਾਂਦਰ ਵਿਰੋਧੀ ਨੂੰ ਘਰੂਟੀਂ ਪਾੜਦੇ ਹਨ।
ਸ਼ਨਿੱਚਰਵਾਰ ਦਾ ਦਿਨ ਸੀ। ਦੋ ਛੁੱਟੀਆਂ ਸਨ। ਪਿੰਦਰ ਨਿੱਖਰ-ਤਿੱਖਰ ਕੇ ਲੱਖੀ ਦੀ ਬੁੱਕਲ ਵਿਚ ਬੈਠ, ਉਸ ਨੂੰ ਮੰਗ ਮੁਤਾਬਿਕ ਦਾਰੂ ਪਿਆ ਰਹੀ ਸੀ। ਆਸਟਰੀਆ ਦਾ ਉਸ ਨੂੰ ਵਾਹਵਾ 'ਪਾਹ' ਲੱਗ ਗਿਆ ਸੀ। ਹਰ ਕਿਸੇ ਤੋਂ ਚੋਰੀ ਉਸ ਨੇ ਕਾਫ਼ੀ ਪੈਸੇ ਕਾਪੀ ਵਿਚ ਜਮ੍ਹਾਂ ਕਰਵਾਏ ਹੋਏ ਸਨ। ਕਿਸੇ ਨੂੰ ਕੋਈ ਖ਼ਬਰ ਨਹੀਂ ਸੀ।
ਨਸ਼ੇ ਕਾਰਨ ਲੱਖੀ ਬਾਂਦਰ ਵਾਂਗ ਲਾਚੜਿਆ ਬੈਠਾ ਸੀ। ਮੁਰਗੇ ਦੀ ਟੰਗ ਨੂੰ ਉਹ ਇਉਂ ਚੱਬਦਾ ਸੀ, ਜਿਵੇ ਬਲਦ ਕੜਬ ਚੱਬਦੈ। ਖਾਂਦੇ ਦੇ ਬੁੱਲ੍ਹ ਅਤੇ ਜੀਭ ਗਿੱਧਾ ਪਾ ਰਹੇ ਸਨ।
-"ਥੋਨੂੰ ਅੱਜ ਮੈਂ 'ਜੀ' ਕਹਿ ਕੇ ਬੁਲਾਵਾਂ ਜਾਂ ਨਾਂ ਲਵਾਂ?" ਪਿੰਦਰ ਨੇ ਪੈੱਗ ਪੇਸ਼ ਕਰਦਿਆਂ ਪੁੱਛਿਆ।
-"ਅੱਜ ਤੂੰ ਮੈਨੂੰ ਖ਼ਸਮ ਆਖ!" ਮੱਝ ਵਾਂਗ ਉਗਾਲਾ ਜਿਹਾ ਕਰਦੇ ਲੱਖੀ ਨੇ ਮੱਤ ਮੁਤਾਬਿਕ ਗੱਲ ਕੀਤੀ।
-"ਮੇਰੇ ਪਿਆਰੇ-ਪਿਆਰੇ ਖ਼ਸਮ ਜੀ! ਇਕ ਗੱਲ ਆਖਾਂ?" ਪਿੰਦਰ ਉਸ ਦੇ ਬਿਲਕੁਲ ਨਜ਼ਦੀਕ ਹੋ ਗਈ।
-"ਸੱਤਰ ਆਖ!" ਉਹ ਪਟਿਆਲੇ ਵਾਲਾ ਰਾਜਾ ਬਣਿਆਂ ਬੈਠਾ ਸੀ।
-"ਨਾਂਹ ਤਾਂ ਨਹੀਂ ਕਰਦੇ?"
-"ਮੈਂ ਕਮਲੈਂ? ਤੇਰੀ ਖਾਤਰ ਮੈਂ ਆਬਦਾ ਪ੍ਰੀਵਾਰ ਛੱਡਤਾ-ਨਾਂਹ ਕਿਉਂ ਕਰੂੰ?"
-"ਸੋ ਮੇਰੇ ਪਿਆਰੇ ਪਿਆਰੇ ਖ਼ਸਮ ਜੀ-ਆਪਣਾ ਜਗਰੂਪ ਐਥੇ ਆਉਣ ਨੂੰ ਬਾਹਲੇ ਰੱਸੇ ਜਿਹੇ ਤੁੜਾਉਂਦੈ।" ਆਖ ਕੇ ਪਿੰਦਰ ਨੇ ਲੱਖੀ ਦਾ ਜਿੰਨ ਵਰਗਾ ਚਿਹਰਾ ਨਿਰਖਿਆ, ਸਪੀਡ ਪੜ੍ਹੀ।
ਲੱਖੀ ਚੁੱਪ ਹੋ ਗਿਆ। ਪਿੰਦਰ ਨੂੰ ਗੱਲ ਸਿਰੇ ਲੱਗਦੀ ਨਜ਼ਰ ਨਾ ਆਈ। ਖ਼ੀਰ ਵਿਚ ਸੁਆਹ ਪੈਂਦੀ ਲੱਗੀ। ਸਕੀਮ ਫ਼ੇਲ੍ਹ ਹੁੰਦੀ ਜਾਪੀ।
-"ਤੁਸੀਂ ਚੁੱਪ ਜਿਹੇ ਕਰ ਗਏ? ਐਥੇ ਆ ਕੇ ਤਾਂ ਉਹ ਆਪਣੀਂ ਬਾਂਹ ਬਣੂੰ-ਛੇ ਫ਼ੁੱਟਾ ਜੁਆਨ ਮੁੰਡੈ।"
-"ਉਥੇ ਭੁੱਖੇ ਮਰਦੇ ਮਰਦੇ ਐਥੇ ਆ ਕੇ ਰਾਣੀ ਖਾਂ ਦੇ ਸਾਲੇ ਬਣ ਜਾਂਦੇ ਐ-ਰਹਿਣ ਦੇ ਬਾਂਹ ਬਣਾਉਣ ਨੂੰ-ਆਪਾਂ ਕਿਹੜਾ ਕਿਸੇ ਨਾਲ ਜੰਗ ਲੜਨੀ ਐਂ?" ਪਿੰਦਰ ਹੱਦੋਂ ਵੱਧ ਹੈਰਾਨ ਹੋ ਗਈ। ਉਸ ਨੂੰ ਜਾਪਿਆ ਕਿ ਇਹ ਲੱਖੀ ਨਹੀਂ, ਕੋਈ ਬਜ਼ੁਰਗ ਅੰਦਰੋਂ ਬੋਲ ਰਿਹਾ ਸੀ।
-"ਸਾਲਾ ਤਾਂ ਉਹਨੇ ਥੋਡਾ ਈ ਰਹਿਣੈਂ-ਬਰਾਬਰ ਕੰਮ ਕਰੂ-ਆਪਾਂ ਮਕਾਨ ਦਾ ਕਰਜਾ ਲਾਹ ਦਿਆਂਗੇ।"
-"ਕਰਜਾ ਲਹਿਜੂ ਆਪੇ-ਬੇਬੇ ਆਖਦੀ ਹੁੰਦੀ ਸੀ-ਇੱਥੋਂ ਦੀ ਧਰਤੀ ਦਾ ਪਾਣੀ ਈ ਮਾੜੈ-ਬੰਦਾ ਉਹਨੀਂ ਅੱਖੀਂ
ਨਹੀਂ ਰਹਿੰਦਾ-ਜਦੋਂ ਚਾਰ ਪੈਸੇ ਕੋਲੇ ਹੋ ਜਾਂਦੇ ਐ-ਮੰਗਵਾਉਣ ਵਾਲਿਆਂ ਨੂੰ ਈ ਮੱਤਾਂ ਦੇਣ ਲੱਗ ਜਾਂਦੇ ਐ ਤੇ ਨਾਲੇ ਕੱਢਦੇ ਐ ਨਿਘੋਚਾਂ!" ਪਿੰਦਰ ਨੇ ਅਜਿਹੀਆਂ ਗੁਣੀਂ ਗਿਆਨੀ ਗੱਲਾਂ ਆਪਣੇਂ 'ਧੱਤੂ' ਪਤੀ-ਦੇਵ ਦੇ ਮੂੰਹੋਂ ਪਹਿਲੀ ਵਾਰ ਸੁਣੀਆਂ ਸਨ। ਉਸ ਨੇ ਆਪਣਾ ਆਖਰੀ ਅਤੇ ਸਭ ਤੋਂ ਵੱਡਾ ਹਥਿਆਰ ਵਰਤਿਆ। ਲੱਖੀ ਦੇ ਪੱਟਾਂ 'ਤੇ ਸਿਰ ਧਰ ਰੋਣ ਲੱਗ ਪਈ। ਲੱਖੀ ਦਾ ਹਮਦਰਦ ਦਿਲ ਪਿਘਲ ਗਿਆ। ਪਿੰਦਰ ਰੋਂਦੀ ਉਹ ਕਦਾਚਿੱਤ ਜਰ ਨਹੀਂ ਸਕਦਾ ਸੀ।
-"ਉਠ-ਚੁੱਪ ਕਰ-ਮੈਨੂੰ ਦੁਖੀ ਨਾ ਕਰ-ਜਿਵੇਂ ਕਹੇਂ ਕਰਲਾਂਗੇ।" ਉਹ ਬੋਲਿਆ। ਪਿੰਦਰ ਉਸ ਦੇ ਗਲ ਨੂੰ ਸੱਪ ਵਾਂਗ ਵਲੇਂਵਾਂ ਮਾਰ ਹੋਰ ਉਚੀ ਡੁਸਕਣ ਲੱਗ ਪਈ। ਲੱਖੀ ਨੇ ਮੱਝ ਦੀ ਜੀਭ ਵਰਗੀ ਜੀਭ ਉਸ ਦੀ ਧੌਣ 'ਤੇ ਫੇਰੀ। ਕਾਲੇ ਨਾਗ ਵਰਗੀ ਜੀਭ ਬੜੀ ਫ਼ੁਰਤੀ ਨਾਲ ਫਿਰ ਅੰਦਰ ਚਲੀ ਗਈ।
-"ਬੱਸ ਵੀ ਕਰ ਬੇਬੇ ਮੇਰੀਏ! ਉਠ ਪੇਕ ਪਾ ਕੇ ਦੇਹ-ਸਾਲਿਆਂ ਦੀ ਨੇ ਨਸ਼ਾ ਈ ਖੋਟਾ ਕਰਤਾ।" ਉਸ ਨੇ ਉਸ ਨੂੰ ਵਰਜਿਆ। 'ਬੇਬੇ' ਸੁਣ ਕੇ ਪਿੰਦਰ ਨੂੰ ਖੁਸ਼ੀ ਹੋਈ ਕਿ ਇਹ ਤਾਂ ਲੱਖੀ ਹੀ ਬੋਲ ਰਿਹਾ ਸੀ! ਘਰਵਾਲੀ ਨੂੰ ਬੇਬੇ ਆਖਣ ਵਾਲਾ ਲੱਖੀ ਤੋਂ ਬਿਨਾ ਹੋਰ ਹੋ ਕੌਣ ਸਕਦਾ ਸੀ? ਉਸ ਦੇ ਦਿਲ ਨੂੰ ਪੂਰਾ ਧਰਵਾਸ ਹੋ ਗਿਆ। ਅੱਖਾਂ ਅਤੇ ਨੱਕ ਪੂੰਝਦੀ ਪਿੰਦਰ ਨੇ ਲੱਖੀ ਨੂੰ ਦਾਰੂ ਦਾ ਗਿਲਾਸ ਭਰ ਦਿੱਤਾ।
-"ਇਕ ਗੱਲ ਐ-।" ਉਸ ਨੇ ਗਿਲਾਸ ਖਾਲੀ ਕਰਕੇ ਧੁੜਧੜੀ ਲੈਂਦਿਆਂ ਆਖਿਆ।
-"ਬੇਬੇ ਆਖਦੀ ਹੁੰਦੀ ਸੀ-ਹੱਥਾਂ ਨਾਲ ਦਿੱਤੀਆਂ ਗੰਢਾਂ ਦੰਦਾਂ ਨਾਲ ਖੋਲ੍ਹਣੀਆਂ ਪੈਂਦੀਐਂ-ਮੰਗਵਾ ਮੈਂ ਦਿੰਨੈਂ-ਪਰ ਪਿੱਛੇ ਵਰਤਣ ਵੱਲੋਂ ਵੀ ਜਾਵਾਂਗੇ।" ਉਸ ਨੇ ਫਿਰ ਕੰਨ ਕੀਤੇ। ਪਿੰਦਰ ਨੂੰ ਉਸ ਦਾ ਦਿਮਾਗ ਫਿਰ ਟਿਕਾਣੇਂ ਆਇਆ ਜਾਪਿਆ। ਇਹ ਕਿਹੋ ਜਿਹਾ ਦਿਮਾਗ ਸੀ ਬੰਦੇ ਦਾ? ਕਦੇ ਬਹੁਤੀਆਂ ਹੀ ਸਚਿਆਰੀਆਂ ਗੱਲਾਂ ਕਰਨ ਲੱਗ ਪੈਂਦਾ ਸੀ ਅਤੇ ਕਦੇ ਲੰਡਰ ਕੁੱਤੇ ਵਾਂਗ ਵਾਹਣੀਂ ਜਾ ਖੜ੍ਹਦਾ ਸੀ।
-"ਕਿਵੇਂ ਜਾਵਾਂਗੇ ਵਰਤਣ ਵੱਲੋਂ? ਮੈਂ ਕਾਹਦੇ ਆਸਤੇ ਬੈਠੀ ਐਂ? ਮੇਰਾ ਭਰਾ ਐ-ਮਾਰ ਮਾਰ ਛਿੱਤਰ ਸਿਰ ਨਾ ਗੰਜਾ ਕਰਦੂੰ!"
-"ਚਲੋ! ਮੰਨ ਲੈਨੇ ਐਂ-ਪਰ ਮੰਗਵਾਉਣਾ ਸਿਰਫ਼ ਮੈਂ ਤੇਰੇ ਕਰਕੇ ਐ।"
-"ਮੈਂ ਹਿੱਕ ਠੋਕ ਕੇ ਆਖਦੀ ਆਂ-ਜੇ ਥੋਡਾ ਪਾਣੀ ਨਾ ਭਰੇ-ਮੈਨੂੰ ਆਖ ਦਿਓ।" ਉਹ ਅਮਰ ਵੇਲ ਵਾਂਗ ਲੱਖੀ ਦੁਆਲੇ ਲਿਪਟ ਗਈ। ਗੱਲ ਪੱਕੀ ਹੋ ਗਈ।
ਪੂਰਾ ਹਫ਼ਤਾ ਪਿੰਦਰ ਨੇ ਲੱਖੀ ਨੂੰ ਦਾਰੂ ਵਿਚ ਟੁੰਨ ਰੱਖਿਆ। ਫ਼ੈਕਟਰੀ ਵਿਚੋਂ 'ਬਿਮਾਰ ਐ' ਆਖ ਕੇ ਦੋ ਹਫ਼ਤੇ ਦੀ ਛੁੱਟੀ ਦੁਆ ਲਈ। ਦਿਨ ਰਾਤ ਲੱਖੀ ਦੁਆਲੇ ਦਾਰੂ ਦਾ ਗਿਲਾਸ ਗੇੜੀਂ ਪਿਆ ਰਹਿੰਦਾ। ਦਸਾਂ ਦਿਨਾਂ ਦੇ ਵਿਚ-ਵਿਚ ਹੀ ਜੂਪੇ ਕਾਣੇਂ ਦੀ ਟਿਕਟ ਅਤੇ ਰਾਹਦਾਰੀ ਇੰਜ ਪਿੰਡ ਜਾ ਵੱਜੀ, ਜਿਵੇਂ ਮੁੰਡਾ ਹੋਏ ਤੋਂ ਖੁਸਰੇ ਆ ਵੱਜਦੇ ਐ।
ਘਰ ਵਿਚ ਰੌਣਕ ਆ ਗਈ। ਮੂਧਾ ਵੱਜਦਾ ਘਰ ਪੈਰਾਂ 'ਤੇ ਹੁੰਦਾ ਜਾਪਿਆ। ਜੂਪੇ ਕਾਣੇਂ ਨੇ ਸ਼ੀਸ਼ਾ ਅਤੇ ਮੋਚਨਾ
ਨਾਲੀ ਵਿਚ ਵਗਾਹ ਕੇ ਮਾਰਿਆ ਅਤੇ ਗੁਰਮੇਲ ਨਾਈ ਦੀ ਦੁਕਾਨ 'ਤੇ ਜਾ ਖੜ੍ਹਾ।
-"ਬਾਈ, ਦਾੜ੍ਹੀ ਤੇ ਮੁੱਛਾਂ 'ਚੋਂ 'ਕੱਲਾ 'ਕੱਲਾ ਧੌਲਾ ਚੁਗ ਦੇਹ-ਇਕ ਨਾ ਰਹੇ!" ਉਸ ਨੇ ਗੁਰਮੇਲ ਨੂੰ ਅਬਦਾਲੀ ਹੁਕਮ ਕੀਤਾ।
ਗੁਰਮੇਲ ਹੱਸ ਪਿਆ।
-"ਜੂਪਿਆ! ਇਹ ਤਾਂ ਸਾਰੀ ਈ ਬੱਗੀ ਹੋਈ ਪਈ ਐ-ਆਖੇਂ ਤਾਂ ਸਾਰੀ ਦਾੜ੍ਹੀ ਈ ਖਿੱਚ ਦਿੰਨੈਂ ਤੇ ਨਾਲੇ ਧੂਹ
ਦਿੰਨੈਂ ਮੁੱਛਾਂ-ਕੰਮ ਨਿੱਬੜੂ!"
-"ਬਾਈ ਗੁਰਮੇਲ! ਬਾਹਰ ਜਾਣੈਂ-ਬੱਸ ਅੱਜ ਐਂ, ਪਤਾ ਨਹੀਂ ਕੱਲ੍ਹ ਐਂ।" ਉਸ ਨੇ ਬਹੁਤ ਧੀਮੀ ਅਵਾਜ਼ ਵਿਚ ਕਿਹਾ।
-"ਫੇਰ ਇਉਂ ਕਰ! ਰਾਤ ਨੂੰ ਆ ਜਾਈਂ-ਇਹਦੇ 'ਤੇ ਦੁਆਈ ਲਾ ਦਿਆਂਗੇ-ਨਾਲੇ ਪਾਲਟੀ ਦੀ ਬੋਤਲ ਫੜੀ ਆਈਂ-ਰੰਗ ਵਾਹਵਾ ਚੜੂ।" ਗੁਰਮੇਲ ਬੋਲਿਆ।
ਰਾਤ ਨੂੰ ਮੁਫ਼ਤੀ ਦੀ ਰੂੜੀ-ਮਾਰਕਾ ਪੀ ਕੇ ਗੁਰਮੇਲ ਨੇ ਜੂਪੇ ਕਾਣੇਂ ਨੂੰ ਬਲੀ ਦੇਣ ਵਾਲੇ ਮੁਰਗੇ ਵਰਗਾ ਬਣਾ
ਦਿੱਤਾ। ਸਿਰ ਦੇ ਝਾਫ਼ੇ ਵਰਗੇ ਵਾਲ ਵੀ ਰੰਗ ਦਿੱਤੇ।
ਅੰਬੈਸੀ ਦੀ ਕਾਰਵਾਈ ਤੋਂ ਬਾਅਦ ਜੂਪਾ ਆਸਟਰੀਆ ਨੂੰ ਪੰਦਰਾਂ ਦਿਨਾਂ ਦੇ ਵਿਚ ਹੀ ਉਡਾਰੀ ਮਾਰ ਗਿਆ। ਲੱਖੀ ਨੇ ਖੁਸ਼ੀ ਕੀਤੀ। ਪਿੰਦਰ ਦਾ ਕਾਰਜ ਰਾਸ ਆ ਗਿਆ। ਲੋੜੀਂਦੀਆਂ ਕਾਰਵਾਈਆਂ ਕਰਦਿਆਂ ਜੂਪਾ ਕਾਣਾ, ਜਗਰੂਪ ਸਿੰਘ ਸੰਧੂ ਬਣ ਗਿਆ। ਵੀਜ਼ਾ 'ਐੱਕਸਟੈਂਡ' ਹੋਣ ਤੋਂ ਬਾਅਦ ਪਿੰਦਰ ਨੇ ਉਸ ਨੂੰ ਆਪਣੇ ਨਾਲ ਹੀ ਕੰਮ 'ਤੇ ਰਖਵਾ ਲਿਆ। ਡਿਊਟੀ ਮੈਨੇਜਰ ਨਾਲ ਉਹ ਪਹਿਲਾਂ ਤੋਂ ਹੀ ਅੱਖ ਮਟੱਕਾ ਕਰਦੀ ਕਰਦੀ, ਇਕ ਦਿਨ ਸ਼ਰੇਆਮ ਹੀ 'ਨਿਲਾਮ' ਹੋ ਗਈ ਸੀ! ਮੈਨੇਜਰ ਪਿੰਦਰ ਦੀ ਆਪਣੇ ਨਾਲ ਹੀ ਡਿਊਟੀ ਲਾਉਂਦਾ ਸੀ। ਜਦ ਦਿਲ ਕਰਦਾ ਉਹ ਪਿੰਦਰ ਨੂੰ ਬੈਕ-ਆਫਿ਼ਸ ਵਿਚ ਲੈ ਵੜਦਾ। ਇਕ ਸਿੱਧੀ-ਸਾਦੀ ਪੇਂਡੂ ਕੁੜੀ ਯੂਰਪ ਦਾ ਪਾਣੀ ਪੀ ਕੇ 'ਘਾਗ' ਔਰਤ ਬਣ ਗਈ ਸੀ। ਸਮਾਂ ਆਦਮੀ ਨੂੰ ਤੁਰਨਾ ਸਿਖਾਉਂਦਾ ਹੈ। ਪਰ ਲੱਖੀ ਨੂੰ ਇਸ ਦੀ ਕੋਈ ਖ਼ਬਰ ਨਹੀਂ ਸੀ। ਟੈਂਕ ਜਿੱਡਾ ਗੋਰਾ ਮੈਨੇਜਰ ਪਿੰਦਰ ਨੂੰ ਹਰ ਰੋਜ ਘੰਟਾ-ਘੰਟਾ ਰੂੰ ਵਾਂਗ ਪਿੰਜਦਾ। ਪਿੰਦਰ ਦਾ ਕੰਮ ਹੋਰ ਔਰਤਾਂ ਕਰਦੀਆਂ। ਬੋਲਦੀ ਕੋਈ ਵੀ ਨਾ। ਮੈਨੇਜਰ ਨਾਲ ਦੁਸ਼ਮਣੀਂ, ਸਮੁੰਦਰ ਵਿਚ ਰਹਿ ਕੇ ਮਗਰਮੱਛ ਨਾਲ ਦੁਸ਼ਮਣੀ ਪਾਉਣ ਬਰਾਬਰ ਸੀ। ਨੌਕਰੀ ਜਾਣ ਦਾ ਖ਼ਤਰਾ ਸੀ। ਪਿੰਦਰ ਹੁਣ ਇਕ ਤਰ੍ਹਾਂ ਨਾਲ ਮੈਨੇਜਰ ਦੀ ਕਾਮੀ ਨਹੀਂ, 'ਰਖੇਲ' ਬਣ ਕੇ ਰਹਿ ਗਈ ਸੀ।
ਜਗਰੂਪ ਨੂੰ ਪਿੰਦਰ ਲੱਖੀ ਦੇ ਖਿ਼ਲਾਫ਼ ਤਰ੍ਹਾਂ-ਤਰ੍ਹਾਂ ਦੇ ਦੋਸ਼ ਲਾ ਕੇ ਰੇਤਦੀ ਰਹਿੰਦੀ। ਅੱਗਿਓਂ ਜਗਰੂਪ ਵੀ ਪੂਰਾ ਲਾਈਲੱਗ ਬੰਦਾ ਸੀ। ਪਿੰਦਰ ਦੀ ਪੈੜ ਵਿਚ ਪੈਰ ਧਰਦਾ, ਲੱਖੀ ਦੀ ਹਰ ਗੱਲ ਵੱਢਵੀਂ ਕਰਨ ਲੱਗ ਪਿਆ। ਦਾੜ੍ਹੀ ਮੁੱਛਾਂ ਉਸ ਨੇ ਰਗੜ ਕੇ ਮੂੰਹ ਖੁਸਰੇ ਦੀ ਅੱਡੀ ਵਰਗਾ ਕੱਢ ਲਿਆ ਸੀ। ਨਾ ਚੋਰ ਲੱਗੇ ਨਾ ਕੁੱਤੀ ਭੌਂਕੇ! ਧੌਲੇ ਪੱਟਣ ਜਾਂ ਕਾਲੇ ਕਰਨ ਦਾ ਯੱਭ ਹੀ ਨਬੇੜ ਧਰਿਆ ਸੀ। ਲੱਖੀ ਦੀ ਲਿਆਂਦੀ ਬੋਤਲ ਜੂਪਾ ਚਾਰ ਪੈੱਗਾਂ ਵਿਚ ਹੀ ਜੜ੍ਹੀਂ ਲਾ ਦਿੰਦਾ। ਜਦੋਂ ਲੱਖੀ ਕੰਮ ਤੋਂ ਆਉਂਦਾ, ਥਕੇਵਾਂ ਲਾਹੁਣ ਵਾਸਤੇ ਬੋਤਲ ਨੂੰ ਅਹੁਲਦਾ ਤਾਂ ਖਾਲੀ ਬੋਤਲ ਦੇਖ ਕੇ ਪਿਆਸੇ ਕਾਂ ਵਾਂਗ ਝਾਕਦਾ। ਕਰ ਉਹ ਕੁਝ ਵੀ ਨਹੀਂ ਸਕਦਾ ਸੀ। ਅੰਦਰੋ ਅੰਦਰੀ ਕੋਲੇ ਵਾਂਗ ਧੁਖਦਾ ਰਹਿੰਦਾ। ਇਕ ਦਿਨ ਲੱਖੀ ਬਾਹਰੋਂ ਹੀ ਪੀ ਕੇ ਆ ਗਿਆ। ਕਿਚਨ ਵਿਚ ਜਾ ਕੇ ਉਸ ਨੇ ਬੋਤਲ ਦੇਖੀ ਤਾਂ ਬੋਤਲ ਛੜੇ ਦੇ ਚੁੱਲ੍ਹੇ ਵਾਂਗ ਖਾਲੀ-ਖਾਲੀ ਝਾਕ ਰਹੀ ਸੀ। ਲੱਖੀ ਨੂੰ ਚੇਹ ਚੜ੍ਹ ਗਈ। ਉਸ ਨੇ ਕੌੜ ਬੋਤੇ ਵਾਂਗ ਦੰਦ ਪੀਹੇ। ਜਗਰੂਪ ਡਰਾਇੰਗ-ਰੂਮ ਵਿਚ 'ਬਾਬੂ' ਬਣਿਆਂ ਬੈਠਾ ਸੀ। ਲੱਖੀ ਨੂੰ ਹੋਰ ਕਰੋਧ ਚੜ੍ਹ ਗਿਆ।
-"ਗੱਲ ਸੁਣ ਉਏ ਸਾਲਿਆ ਲੇਡਿਆ ਜਿਆ!" ਉਹ ਸਾਹਨ ਵਾਂਗ ਭੂਸਰਿਆ ਜੂਪੇ ਮੂਹਰੇ ਜਾ ਖੜ੍ਹਿਆ।
-"ਖਾਣ ਦਾ ਤੈਥੋਂ ਕੋਈ ਖਰਚਾ ਨਹੀਂ ਲੈਂਦੇ-ਰਹੀ ਤੂੰ ਮੁਫ਼ਤ ਜਾਨੈਂ-ਤੇ ਸਾਲਿਆ ਉਤੋਂ ਮੇਰੀ ਦਾਰੂ ਵੀ ਸੜ੍ਹਾਕ
ਧਰਦੈਂ-ਇਹ ਕੀ ਲੱਛਣ ਫੜਿਐ ਤੂੰ?" ਲੱਖੀ ਚੰਗਿਆੜੇ ਛੱਡੀ ਜਾ ਰਿਹਾ ਸੀ। ਪਰ ਜੂਪਾ ਸਿ਼ਵ ਜੀ ਮਹਾਰਾਜ ਦੇ ਬੁੱਤ ਵਾਂਗੂੰ ਅਹਿਲ ਬੈਠਾ ਰਿਹਾ। ਦਾਰੂ ਦਾ ਨਸ਼ਾ ਉਸ ਦੀਆਂ ਅੱਖਾਂ ਵਿਚ ਕਲੋਲਾਂ ਕਰ ਰਿਹਾ ਸੀ। ਲੱਖੀ ਦੇ ਸਿਰ ਨੂੰ ਹੋਰ ਫ਼ਤੂਰ ਚੜ੍ਹ ਗਿਆ।
-"ਤੂੰ ਬੋਲਦਾ ਨਹੀਂ ਉਏ ਸਾਲਿਆ ਚੱਪਣਾਂ ਜਿਆ? ਚੰਗਾ ਭਲਾ ਤੂੰ ਕਮਾਈ ਕਰਦੈਂ-ਆਪ ਦੀ ਲਿਆ ਕੇ ਪੀਆ ਕਰ-ਜੇ ਬੰਦਾ ਕੰਮ ਨਾ ਕਰਦਾ ਹੋਵੇ-ਆਦਮੀ ਤਾਂ ਵੀ ਕਹੇ-ਅੱਗੋਂ ਸਾਲਾ ਗੋਹ-ਗਹੀਰਾ ਬਣਿਆ ਬੈਠੈ ਮੁਫ਼ਤ ਦੀ ਪੀ ਕੇ।"
-"ਇਹ ਤਾਂ ਇਉਂ ਈ ਪੀਊ! ਤੂੰ ਕੌਣ ਹੁੰਨੈਂ ਇਹਨੂੰ ਹਟਾਉਣ ਆਲਾ?" ਉਪਰੋਂ ਪਿੰਦਰ ਨੇ ਅਜ਼ੀਬ ਹੀ ਅਕਾਸ਼ਬਾਣੀ ਕੀਤੀ।
-"ਇਹ ਐਹਨਾਂ ਕੰਜਰਖਾਨਿਆਂ ਨੂੰ ਪੱਲਿਓਂ ਪੈਸੇ ਲਾ ਕੇ ਮੰਗਵਾਇਆ ਸੀ ਕੁੱਤੀਏ ਰੰਨੇ? ਮੈਂ ਇਹਨੂੰ ਆਪਦੇ ਘਰੇ ਈ ਨਹੀਂ ਰੱਖਣਾ-ਚੱਲ ਨਿਕਲ ਬਾਹਰ ਉਏ! ਨਿਕਲ ਮੇਰੇ ਘਰੋਂ ਮੇਰਿਆ ਸਾਲਿਆ ਢੇਡਾ---!"
-"ਤੂੰ ਘਰ ਦਾ ਸਾਲਾ ਲੱਗਦੈਂ? ਘਰ ਮੇਰੇ ਨਾਂ ਐਂ! ਬਾਹਲੀ ਚੀਂ-ਫ਼ੀਂ ਕੀਤੀ-ਪੁਲਸ ਬੁਲਾ ਕੇ ਬਾਹਰ ਵੀ ਮਾਰੂੰ!"
-"ਤੂੰ ਤਾਂ ਭੈਣ ਦੇਣੀਏਂ ਕੁੱਤੀਏ ਕਹਿੰਦੀ ਸੀ ਇਹ ਟੀਰਾ ਜਿਆ ਆਪਣੀ ਬਾਂਹ ਬਣੂੰ-ਤੁਸੀਂ ਹੁਣ ਮੈਨੂੰ ਦੋਵੇਂ ਭੈਣ ਭਰਾ ਰਲ ਕੇ ਈ ਫੁੱਦੂ ਬਣਾਉਣ ਲੱਗ ਪਏ?" ਮਗਜ਼ ਨੂੰ ਚੜ੍ਹੀ ਹਨ੍ਹੇਰੀ ਕਾਰਨ ਉਸ ਨੇ ਜੂਪੇ ਦੇ ਥੱਪੜ ਜੜ ਦਿੱਤੇ।
-"ਗਟਰ-ਗਟਰ ਝਾਕੀ ਜਾਨੈਂ ਔਤਾਂ ਦਿਆ-ਸਿੱਟ ਲੈ ਫੜ ਕੇ ਲਹਿ ਜਾਣੇਂ ਨੂੰ!" ਪਿੰਦਰ ਨੇ ਜੂਪੇ ਨੂੰ ਹੱਲਾਸ਼ੇਰੀ ਦਿੱਤੀ। ਜੂਪੇ ਦੀ ਅੱਖ ਦਾ ਭੈਂਗ ਘੁਕਿਆ ਅਤੇ ਉਸ ਨੇ ਚੁੱਕ ਕੇ ਲੱਖੀ ਨੂੰ ਚਰ੍ਹੀ ਦੀ ਪੂਲੀ ਵਾਂਗ ਥੱਲੇ ਧਰ ਲਿਆ ਅਤੇ ਉਸ ਦੇ ਕੰਨ ਮਸਲ ਧਰੇ। ਸ਼ਰਾਬੀ ਲੱਖੀ ਕਤੂਰੇ ਵਾਂਗ ਮਧੋਲਿਆ ਗਿਆ। ਜਦੋਂ ਦੁਰਮਟ ਵਰਗੇ ਜੂਪੇ ਨੇ ਉਸ ਨੂੰ ਛੱਡਿਆ ਤਾਂ ਉਸ ਨੇ ਹਾਰੇ ਕੁੱਕੜ ਵਾਂਗ ਖੰਭ ਜਿਹੇ ਝਾੜੇ।
-"ਇਕ ਗੱਲ ਸੁਣ ਲੈ ਮੇਰੀ ਕੰਨ ਖੋਲ੍ਹ ਕੇ---!" ਪਿੰਦਰ ਨੇ ਉਸ ਨੂੰ ਹਦਾਇਤ ਕੀਤੀ। ਡਰਾਇਆ।
-"ਦਿਨ ਕਟੀ ਕਰਨੀ ਐਂ ਤਾਂ ਚੁੱਪ ਚਾਪ ਕਰੀ ਚੱਲ-ਤੇ ਜੇ ਬਣਿਐਂ ਗਾਜੀਆਣੇਂ ਆਲਾ ਕੁੰਢਾ ਸਿਉਂ-ਫੇਰ ਨਿੱਤ ਇਉਂ ਈ ਛਿੱਤਰ ਖਾਇਆ ਕਰੇਂਗਾ-ਪੁਲਸ ਨੂੰ ਫੋ਼ਨ ਕਰਕੇ ਘਰੋਂ ਦਿਊਂ ਕਢਵਾ ਤੇ ਇੰਡੀਆ ਤੋਂ ਨਵਾਂ ਖ਼ਸਮ ਵਿਆਹ ਕੇ ਲਿਆਊਂਗੀ-ਬਥੇਰ੍ਹੀਆਂ ਚੱਟ ਲਈਆਂ ਤੇਰੀਆਂ ਲਾਲਾਂ ਮੈਂ!" ਪਿੰਦਰ ਨੇ ਇਕੋ ਸਾਹ ਬੋਲਾਂ ਦੀਆਂ ਕਈ ਬਰਛੀਆਂ ਉਸ ਦੇ ਸੀਨੇ 'ਚ ਮਾਰੀਆਂ। ਲੱਖੀ ਨੇ ਉਠ ਕੇ ਰਹਿੰਦੀ ਬੋਤਲ ਸੂਤ ਧਰੀ ਅਤੇ ਉਪਰ ਜਾ ਕੇ ਬੈੱਡ-ਰੂਮ ਵਿਚ ਚੁੱਪ ਚਾਪ ਪੈ ਗਿਆ। ਸੀਲ ਗਊ ਵਾਂਗ। ਉਸ ਨੂੰ ਸਾਰੀ ਰਾਤ ਨੀਂਦ ਨਾ ਆਈ। ਪਿੰਦਰ ਨੇ ਬੈੱਡ ਆਪਣੇ ਭਰਾ ਕੋਲ ਹੀ ਡਾਹ ਲਿਆ ਸੀ। ਲੱਖੀ ਕੌਡੀਓਂ ਖੋਟਾ ਹੋ ਗਿਆ। ਅਗਲੀ ਸਵੇਰ ਉਠ ਕੇ ਉਹ ਮਾਂ-ਬਾਪ ਕੋਲ ਚਲਾ ਗਿਆ ਅਤੇ ਬੇਬੇ ਦੇ ਸੀਨੇ ਲੱਗ ਕੇ ਧਾਹ ਮਾਰੀ।
-"ਤੇਰਾ ਲੱਖੀ ਪੱਟਿਆ ਗਿਆ ਬੇਬੇ---!"
-"ਕੋਈ ਨਾ ਪੁੱਤ-ਓਸ ਗੱਲ ਦੇ ਆਖਣ ਮਾਂਗੂੰ-ਜੇ ਬਾਗੀਆਂ ਨੇ ਟਾਹ ਦਿੱਤੀ ਤਾਂ ਮਾਲਕਾਂ ਨੇ ਤਾਂ ਨਹੀਂ ਘਰੋਂ ਕੱਢ ਦੇਣੀਂ---!" ਬੇਬੇ ਨੇ ਆਂਦਰਾਂ ਦੀ ਅੱਗ ਨੂੰ ਦਿਲ ਨਾਲ ਲਾਇਆ ਹੋਇਆ ਸੀ। ਲੱਖੀ ਰੋਈ ਜਾ ਰਿਹਾ ਸੀ।
-"ਮੈਨੂੰ ਤਾਂ ਪੁੱਤ ਉਹਦੀ ਖੋਟੀ ਨੀਅਤ ਦਾ ਉਦੇਂ ਈ ਪਤਾ ਲੱਗ ਗਿਆ ਸੀ-ਜਿੱਦੇਂ ਉਹਨੇ ਤੈਨੂੰ ਸਾਡੇ ਨਾਲੋਂ ਨਖੇੜਿਆ ਸੀ-ਪਰ ਤੂੰ ਫਿ਼ਕਰ ਨਾ ਕਰ-ਜੇ ਉਹ ਨਵਾਂ ਖ਼ਸਮ ਲਿਆਉਂਦੀ ਐ ਤੇ ਫੇਰ ਤੈਨੂੰ ਵੀ ਐਹੋ ਜੀਆਂ ਗਧੀੜਾਂ ਵੀਹ---!"
-"ਤਲਾਕ ਲੈ ਕੇ ਵੀ ਤੂੰ ਘਰ ਦਾ ਅੱਧਾ ਮਾਲਕ ਐਂ-ਵਕੀਲ ਤਾਂ ਪਾ ਦੇਣਗੇ ਖਿਲਾਰੇ-ਬੱਸ ਤੂੰ ਈ ਨਹੀਂ ਸੀ ਭੈਣ ਚੋਦਾ ਕਿਸੇ ਕਰਮ ਦਾ-ਗੋਹਾ ਪੱਥ ਤੀਮੀਂ ਮਗਰ ਲੱਗ ਕੇ ਸਾਨੂੰ ਝੱਗਾ ਚੱਕ ਕੇ ਤੁਰ ਗਿਆ।" ਲੱਖੀ ਦੇ ਛੋਟੇ ਭਰਾ ਲਾਲੀ ਨੇ ਕਿਹਾ। ਪੜ੍ਹਿਆ ਲਿਖਿਆ ਲਾਲੀ ਕਾਨੂੰਨੀ ਪੱਖਾਂ ਤੋਂ ਪੂਰੀ ਤਰ੍ਹਾਂ ਜਾਣੂੰ ਸੀ। ਲੱਖੀ ਵਾਂਗ ਭੌਂਦੂ ਨਹੀਂ ਸੀ। ਤੁਰਿਆ ਫਿਰਿਆ ਸੀ।
-"ਲਾਲੀ ਮੈਂ ਅੱਗੇ ਦੁਖੀ ਐਂ-ਮੈਨੂੰ ਹੋਰ ਨਾ ਦੁਖੀ ਕਰ ਬਾਈ।"
-"ਹੁਣ ਬੁੜ੍ਹੀਆਂ ਵਾਂਗੂੰ ਬੂਹਕੀ ਨਾ ਜਾਹ- ਚੱਲ ਵਕੀਲ ਕੋਲੇ ਚੱਲ ਕੇ ਮਸ਼ਵਰਾ ਲੈਨੇਂ ਐਂ-ਪਰ ਤੂੰ ਮਹਾਤਮਾ ਗਾਂਧੀ ਬਣ ਕੇ ਕੁੱਟ ਖਾਈ ਗਿਆ-ਸਾਲਿਆ ਪੁਲੀਸ ਬੁਲਾ ਕੇ ਰਪਟ ਕਿਉਂ ਨਾ ਲਿਖਵਾਈ? ਫ਼ੌਜਦਾਰੀ ਦੇ ਕੇਸ 'ਚ ਆਪੇ ਸਾਲਾ ਅੰਦਰ ਹੁੰਦਾ-ਅਗਲਿਆਂ ਨੇ ਫੜ ਕੇ ਨੱਕ ਦੀ ਸੇਧ ਦਿੱਲੀ ਨੂੰ ਜਹਾਜ ਚਾੜ੍ਹ ਦੇਣਾ ਸੀ।"
-"ਵੇ ਲਾਲੀ! ਜੇ ਇਹ ਐਨੀ ਜੋਕਰਾ ਹੁੰਦਾ-ਗੱਲਾਂ ਈ ਕਾਹਦੀਆਂ ਸੀ? ਇਹ ਤਾਂ ਸਾਧ ਐ ਬਿਚਾਰਾ।" ਮਾਂ ਬੋਲੀ।
ਉਹ ਵਕੀਲ ਦੇ ਤੁਰ ਗਏ। ਬੇਬੇ ਸਿਰ ਫੜੀ ਬੈਠੀ ਸੀ।
ਪਿੰਦਰ ਦੀ ਜਿ਼ੰਦਗੀ ਵਿਚ ਇਕ ਭਾਰੀ ਪੱਥਰ ਡਿੱਗਿਆ। ਜਿਸ ਦੀ ਉਸ ਨੂੰ ਕਦਾਚਿੱਤ ਉਮੀਦ ਨਹੀਂ ਸੀ। ਨਿੱਤ ਦੇ ਕੁੱਤ-ਪੌਅ ਤੋਂ ਦੁਖੀ ਹੋ ਕੇ ਕਿਸੇ ਨੇ ਮੈਨੇਜਰ ਅਤੇ ਪਿੰਦਰ ਦੀ ਸ਼ਕਾਇਤ ਜਨਰਲ ਡਾਇਰੈਕਟਰ ਕੋਲ ਕਰ ਦਿੱਤੀ। ਮੌਕਾ ਪਾ ਕੇ ਡਾਇਰੈਕਟਰ ਨੇ ਦੋਹਾਂ ਨੂੰ 'ਰੰਗੇ-ਹੱਥੀਂ' ਨਗਨ ਫੜ ਲਿਆ। ਜਗਰੂਪ, ਮੈਨੇਜਰ ਅਤੇ ਪਿੰਦਰ ਤੁਰੰਤ ਨੌਕਰੀ ਤੋਂ ਕੱਢ ਦਿੱਤੇ ਗਏ। ਡਿਊਟੀ ਉਪਰ ਕੁਕਰਮ ਕਰਨ ਦਾ ਕੇਸ ਵੱਖਰਾ ਬਣ ਗਿਆ। ਜੂਪੇ ਦਾ ਭੈਂਗ ਡੁੱਬ ਗਿਆ। ਪਿੰਦਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਵਕੀਲਾਂ ਦੀਆਂ ਫ਼ੀਸਾਂ ਅਤੇ ਜੇਲ੍ਹ-ਜੁਰਮਾਨੇਂ ਬਾਰੇ ਸੋਚ ਕੇ ਪਿੰਦਰ ਨੂੰ ਗਸ਼ੀ ਪੈਣ ਵਾਲੀ ਹੋ ਗਈ। ਸਭ ਤੋਂ ਵੱਡਾ ਫਿ਼ਕਰ ਪਿੰਦਰ ਨੂੰ ਜੂਪੇ ਦਾ ਪੈ ਗਿਆ। ਉਸ ਦਾ ਵੀਜ਼ਾ ਸਿਰਫ਼ ਇਕ ਹਫ਼ਤੇ ਦਾ ਹੀ ਰਹਿੰਦਾ ਸੀ। ਜਦੋਂ ਕੋਲ ਕੰਮ ਹੀ ਨਹੀਂ ਸੀ ਰਿਹਾ, ਫਿਰ ਵੀਜ਼ਾ ਕਿਸ ਬੇਸ 'ਤੇ ਮਿਲਣਾ ਸੀ? ਵੀਜ਼ਾ ਨਾ ਮਿਲਣ 'ਤੇ ਜੂਪੇ ਦੀ ਡਿਪੋਰਟੇਸ਼ਨ ਪੱਕੀ ਸੀ। ਅੱਜ ਸੱਚ ਸਾਹਮਣੇਂ ਆ ਜਾਣ 'ਤੇ ਜੂਪਾ ਭੈਣ ਨਾਲ ਅੱਖ ਨਹੀਂ ਮਿਲਾ ਰਿਹਾ ਸੀ। ਜੇ ਉਹ ਕਿਤੇ ਇੰਡੀਆ ਹੁੰਦਾ, ਪਿੰਦਰ ਦਾ ਸਿਰ ਕਲਮ ਕਰ ਦਿੰਦਾ। ਪਰ ਉਹ ਬੈਠਾ ਹੀ ਆਸਟਰੀਆ ਦੇ ਵਿਚ ਸੀ। ਜਿੱਥੇ ਵੱਡੇ-ਵੱਡੇ ਲੀਡਰ ਵੀ ਕਾਨੂੰਨ ਤੋਂ ਚੀਕਾਂ ਮਾਰਦੇ ਸਨ। ਪੂਰੀ ਬੋਤਲ ਸੂਤ ਕੇ ਜੂਪਾ ਪਿੰਦਰ ਦੁਆਲੇ ਹੋ ਗਿਆ ਅਤੇ ਪਿੱਠ 'ਚ ਅੱਡੀਆਂ ਮਾਰ-ਮਾਰ ਉਸ ਨੇ ਪਿੰਦਰ ਨਿੱਸਲ ਕਰ ਦਿੱਤੀ।
-"ਵੇ ਮੈਂ ਤੈਨੂੰ ਐਸ ਭਦਰਕਾਰੀ ਨੂੰ ਬੁਲਾਇਆ ਸੀ, ਕੁੱਤਿਆ---!" ਉਸ ਨੇ ਫ਼ਰਸ਼ 'ਤੇ ਬੈਠ ਕੇ ਦੁਹੱਥੜ ਮਾਰੀ।
-"ਐਦੂੰ ਤਾਂ ਤੂੰ ਮੈਨੂੰ ਬੁਲਾਉਂਦੀ ਹੀ ਨਾ-ਅੱਖੋਂ ਪਰ੍ਹੇ ਜੱਗ ਮਰਦਾ-ਜੀਹਦੇ ਨਾਲ ਮਰਜੀ ਖੇਹ ਖਾਂਦੀ।" ਉਸ ਨੇ ਇਕ ਕਰੜੀ ਝੁੱਟੀ ਹੋਰ ਲਾ ਦਿੱਤੀ। ਗਿੱਦੜ ਕੁੱਟ ਨਾਲ ਨਿਢਾਲ ਹੋਈ ਉਹ ਫ਼ਰਸ਼ 'ਤੇ ਪਈ ਚੂਕੀ ਜਾ ਰਹੀ ਸੀ।
-"ਲੱਖੀ ਜਮਾਂ ਬੁਰਾ ਬੰਦਾ ਨ੍ਹੀਂ-ਤੇਰੀਆਂ ਐਹਨਾਂ ਕਰਤੂਤਾਂ ਕਰਕੇ ਮਾੜਾ ਬਣਾਇਆ ਵਿਆ ਸੀ-ਵਿਚਾਰਾ ਦਰਵੇਸ਼ ਬਾਧੂ ਦਾ ਮੈਥੋਂ ਕੁਟਵਾ ਧਰਿਆ-।" ਉਸ ਨੇ ਆਖਰੀ ਲੱਤ ਮਾਰੀ ਤਾਂ ਪਿੰਦਰ ਦੀ ਗਿੱਦੜ ਵਾਂਗ ਚੂਕ ਜਿਹੀ ਨਿਕਲੀ।
ਬਾਹਰੋਂ ਦਰਵਾਜੇ 'ਤੇ ਘੰਟੀ ਵੱਜੀ ਤਾਂ ਜੂਪੇ ਨੇ ਹੀ ਦਰਵਾਜਾ ਖੋਲ੍ਹਿਆ। ਮੈਨੇਜਰ ਖੜ੍ਹਾ ਸੀ। ਅਜੇ ਉਸ ਨੇ 'ਪਿੰਡਰ' ਹੀ ਕਿਹਾ ਸੀ ਕਿ ਜੂਪੇ ਨੇ ਗਲਮੇਂ ਤੋਂ ਫੜ ਕੇ ਉਸ ਨੂੰ ਮਰੇ ਕੱਟੇ ਵਾਂਗ ਅੰਦਰ ਨੂੰ ਧੂਹ ਲਿਆ ਅਤੇ ਭੁਗਤ ਸੁਆਰ ਦਿੱਤੀ। ਜਦੋਂ ਜੂਪੇ ਦਾ ਮਾੜਾ ਜਿਹਾ ਹੱਥ ਢਿੱਲਾ ਪਿਆ ਤਾਂ ਮੈਨੇਜਰ ਡਰੇ ਊਠ ਵਾਂਗ ਬਾਹਰ ਨੂੰ ਦੌੜ ਤੁਰਿਆ। ਸੜਕ 'ਤੇ ਉਹ ਕੁੱਤੇ ਵਾਂਗ ਤੀੜ ਦੇਈ ਜਾ ਰਿਹਾ ਸੀ। ਪੰਜਾਬੀ ਵਿਚ ਜੂਪੇ ਨੇ ਉਸ ਨੂੰ ਅਥਾਹ ਗੰਦੀਆਂ ਗਾਹਲਾਂ ਕੱਢੀਆਂ ਸਨ। ਮਾਂ-ਭੈਣ ਇਕ ਕਰ ਮਾਰੀ ਸੀ ਅਤੇ ਪਈ ਪਿੰਦਰ ਦੇ ਹੋਰ ਚੁਪੇੜਾਂ ਮਾਰੀਆਂ ਸਨ।
ਅਗਲੇ ਦਿਨ ਲੱਖੀ ਦੇ ਵਕੀਲ ਦੀ ਚਿੱਠੀ ਪਿੰਦਰ ਦੇ ਘਰ ਬਿਜਲੀ ਵਾਂਗ ਆ ਡਿੱਗੀ। ਪਿੰਦਰ ਕੱਖੋਂ ਹੌਲੀ ਹੋ ਗਈ। ਕੇਸ ਤਾਂ ਇਕ ਨਹੀਂ ਮਾਨ। ਇਕ ਹੋਰ ਉਪਰੋਂ ਆ ਵੱਜਿਆ ਸੀ। ਖਰਚਾ ਹੀ ਖਰਚਾ, ਆਮਦਨ ਕੋਈ ਵੀ ਨਹੀਂ! ਬਹੁਤੀ 'ਤਾਰੂ' ਪਿੰਦਰ ਅਚਾਨਕ ਹੀ ਮਗਰਮੱਛ ਦੇ ਮੂੰਹ ਜਾ ਡਿੱਗੀ ਸੀ। ਪਿੰਦਰ ਨੇ ਲੱਖੀ ਦੇ ਲੱਖ ਤਰਲੇ ਕੀਤੇ, ਪਰ ਉਸ ਨੇ ਕੌੜ ਮੱਝ ਵਾਂਗ ਪੈਰ ਹੀ ਨਾ ਲਾਏ। ਸਾਰੇ ਪ੍ਰੀਵਾਰ ਨੇ ਲੱਖੀ ਨੂੰ ਕੰਨ ਕੀਤੇ ਹੋਏ ਸਨ:
-"ਜੇ ਉਸ ਕੁੱਤੀ ਦੀਆਂ ਗੱਲਾਂ 'ਚ ਆ ਕੇ ਉਹਦੇ ਨਾਲ ਰਾਜ਼ੀਨਾਵਾਂ ਕੀਤੈ-ਸਾਲਿਆ ਤੇਰਾ ਮੂੰਹ ਹੀ ਮੂੰਹ ਛਿੱਤਰਾਂ ਨਾਲ ਭੰਨਾਂਗੇ!"
ਪਿੰਦਰ ਨੇ ਵਾਸਤੇ ਪਾਏ, ਉਸ ਨੇ ਇਕ ਨਾ ਸੁਣੀਂ।
ਮਹੀਨਾ ਲੰਘ ਗਿਆ। ਜੂਪੇ ਦਾ ਵੀਜ਼ਾ ਲੰਘ ਗਿਆ ਸੀ। ਕੰਮ ਕਿਤੋਂ ਮਿਲਿਆ ਨਹੀਂ ਸੀ। ਪਿੰਦਰ ਵੀ ਵਿਹਲੀ ਸੀ। ਘੜਿਓਂ ਪਾਣੀ ਨੱਸ ਤੁਰਿਆ ਸੀ। ਜੂਪਾ ਨਿੱਤ ਪੀ ਕੇ ਪਿੰਦਰ ਦੇ ਧੌਲ-ਧੱਫ਼ਾ ਕਰ ਦਿੰਦਾ ਸੀ। ਬਰਾਬਰ ਦੇ ਭਰਾ ਮੂਹਰੇ ਉਹ ਕੁਸਕਦੀ ਤੱਕ ਨਹੀਂ ਸੀ। ਸਗੋਂ ਪੈਰ ਫੜਦੀ ਸੀ ਕਿ ਉਹਦੀ ਕਰਤੂਤ ਬਾਰੇ ਘਰੇ ਭਾਫ਼ ਨਾ ਕੱਢੇ। ਜੂਪਾ ਉਸ ਦੇ ਮੂੰਹ 'ਤੇ ਥੁੱਕਦਾ। ਗੁੱਸੇ ਵਿਚ ਉਸ ਦਾ ਭੈਂਗ ਅੱਠੋ ਪਹਿਰ ਘੁਕਦਾ ਰਹਿੰਦਾ। ਇੱਥੇ ਰਹਿਣਾ ਉਸ ਨੂੰ ਦੁੱਭਰ ਹੋਇਆ ਪਿਆ ਸੀ।
ਲੱਖੀ ਦੇ ਮੁਕੱਦਮੇਂ ਦੀ ਤਾਰੀਖ਼ ਆ ਗਈ। ਵਕੀਲ ਝਗੜੇ। ਜੱਜ ਨੇ ਫ਼ੈਸਲਾ ਸੁਣਾਇਆ: ਜੂਪੇ ਨੂੰ ਡਿਪੋਰਟੇਸ਼ਨ ਦੇ ਹੁਕਮ, ਲੱਖੀ ਅਤੇ ਪਿੰਦਰ ਦਾ ਤਲਾਕ, ਮਕਾਨ ਵਿਚੋਂ ਲੱਖੀ ਦਾ ਅੱਧਾ ਹਿੱਸਾ ਪੱਕਾ, ਮਕਾਨ ਰੱਖਣ ਵਾਲੀ ਧਿਰ ਦੂਜੇ ਨੂੰ ਦੋ ਹਫ਼ਤਿਆਂ ਦੇ ਅੰਦਰ ਅੰਦਰ ਅੱਧੀ ਕੀਮਤ ਤਾਰੇਗੀ! ਫ਼ੈਸਲਾ ਸੁਣ ਕੇ ਪਿੰਦਰ ਬੇਹੋਸ਼ ਹੋ ਗਈ। ਐਂਬੂਲੈਂਸ ਪਿੰਦਰ ਨੂੰ ਹਸਪਤਾਲ ਨੂੰ ਲੱਦ ਤੁਰੀ। ਪਿੰਦਰ ਕੋਲ ਪੱਕਾ ਵੀਜ਼ਾ ਹੋਣ ਕਾਰਨ ਉਸ ਨੂੰ ਡਿਪੋਰਟ ਨਹੀਂ ਕੀਤਾ ਜਾ ਸਕਦਾ ਸੀ। ਪੁਲੀਸ ਨੇ ਜੂਪੇ ਦੇ ਹੱਥਕੜੀਆਂ ਜੜ ਲਈਆਂ। ਜਹਾਜ ਦੀ ਸੀਟ ਮਿਲਣ ਤੱਕ ਉਸ ਨੂੰ ਪੁਲੀਸ ਹਿਰਾਸਤ ਵਿਚ ਰਹਿਣਾ ਪੈਣਾ ਸੀ। ਸਾਰਾ ਕਾਰਜ ਕਾਨੂੰਨ ਅਧੀਨ ਹੋ ਰਿਹਾ ਸੀ।
ਹੱਥਕੜੀਆਂ ਵਿਚ ਜਕੜੇ ਜੂਪੇ ਨੂੰ ਲੱਖੀ ਨੇ ਤਰਕ ਦਾ ਬਾਣ ਮਾਰਿਆ।
-"ਕਿਉਂ ਬਈ ਜੂਪਿਆ! ਬਣਨੈਂ ਯੋਧਾ?"
-"ਪ੍ਰਾਹੁਣਿਆਂ-ਮੇਰਾ ਬੋਲਿਆ ਚੱਲਿਆ ਮਾਫ਼ ਕਰੀਂ-ਇਕ ਦੀ ਥਾਂ ਅੱਧੀ ਖਾ ਕੇ 'ਕਾਲਜਾ ਧਾਫ਼ੜ' ਲਿਆ ਕਰੂੰਗਾ-ਪਰ ਮੇਰੀ ਇਕ ਬੇਨਤੀ ਜਰੂਰ ਸੁਣ ਲੈ।"
-"ਬੋਲ?"
-"ਜੇ ਪਿੰਦਰ ਮਰ ਜਾਵੇ-ਐਥੇ ਈ ਕਿਤੇ ਫੂਕ ਦੇਇਓ-ਸਾਡੇ ਪ੍ਰੀਵਾਰ ਵੱਲੀਓਂ ਤਾਂ ਉਹ ਓਦਣ ਈ ਮਰ ਗਈ ਸੀ-ਜਿੱਦੇਂ---!" ਗੱਲ ਜੂਪੇ ਦੇ ਸੰਘ ਵਿਚ ਹੀ ਮੁੱਕ ਗਈ। ਹੰਝੂ ਉਸ ਦੇ ਗਲ ਵਿਚ ਬਿਲਕੀ ਜਾ ਰਹੇ ਸਨ।
-"ਸਾਡੀ ਬੇਬੇ ਬਾਪੂ ਵੀ ਘੱਟ ਨ੍ਹੀਂ ਪ੍ਰਾਹੁਣਿਆਂ! ਉਹਨਾਂ ਨੇ ਵੀ ਇਹਨੂੰ ਸਹੁਰਿਆਂ ਦੇ ਖਿਲਾਫ਼ ਈ ਰੇਤੀ ਰੱਖਿਐ-ਸਿਰਫ਼ ਧੀ ਦੀ ਕਮਾਈ 'ਤੇ ਐਸ਼ ਕਰਨ ਵਾਸਤੇ-ਤੇ ਆਹ ਦੇਖਲਾ! ਸਾਰਾ ਕੁਛ ਈ ਮਿੰਟਾਂ 'ਚ ਸੁਆਹ ਹੋ ਗਿਆ।" ਜੂਪਾ ਤੁਰਿਆ ਜਾਂਦਾ ਕੁਮੈਂਟਰੀ ਕਰਦਾ ਜਾ ਰਿਹਾ ਸੀ।
ਨਵੇਂ ਖਰੀਦੇ ਪਸ਼ੂ ਵਾਂਗ ਸਿਪਾਹੀ ਜੂਪੇ ਨੂੰ ਜੇਲ੍ਹ ਦੀ ਗੱਡੀ ਵੱਲ ਧੂਹੀ ਜਾ ਰਹੇ ਸਨ।

No comments: