Saturday, July 21, 2007

ਵਿਅੰਗ: ਅਸੀਂ ਚਾਲ਼੍ਹੀਆਂ ਦੇ ਹੋ ਗਏ

ਅਸੀਂ ਚਾਲ੍ਹੀਆਂ ਦੇ ਹੋ ਗਏ
(ਵਿਅੰਗ)

ਅਸੀਂ ਵੀ ਕਿਸੇ ਨਾਲੋਂ ਘੱਟ ਨਹੀਂ, ਉਨਤਾਲੀ ਸਾਲਾਂ ਦਾ ਸਫ਼ਰ ਕਰਦੇ ਅਸੀਂ ਚਾਲ੍ਹੀਆਂ 'ਤੇ ਆ ਗਏ। ਬੱਚਿਆਂ ਨੂੰ ਬੜੀ ਖ਼ੁਸ਼ੀ ਹੋਈ, ਪਾਪਾ ਦਾ ਜਨਮ ਦਿਨ ਹੈ। ਖਾਣ-ਪੀਣ ਤੋਂ ਇਲਾਵਾ ਜਨਮ ਦਿਨ ਲਈ 'ਕੇਕ' ਵੀ ਬੱਚਿਆਂ ਨੇ ਹੀ ਆਰਡਰ ਕੀਤਾ। ਉਪਰ ਚਾਕਲੇਟ ਨਾਲ 'ਪਾਪਾ' ਲਿਖਵਾ ਕੇ 40 ਵੀ ਉੱਕਰਿਆ ਹੋਇਆ ਸੀ। ਗੋਲਧਾਰੇ ਵਿਚ ਮੋਮਬੱਤੀਆਂ ਵੀ ਗੱਡੀਆਂ ਗਈਆਂ ਸਨ, ਪੂਰੀਆਂ ਚਾਲੀ! ਬੱਚਿਆਂ ਨੇ ਆਪਣੇ ਸਕੂਲ ਸਾਥੀਆਂ ਨੂੰ ਵੀ ਸੱਦਾ ਪੱਤਰ ਭੇਜਿਆ ਸੀ। ਆਂਢੀ-ਗੁਆਂਢੀ ਵੀ ਬੁਲਾਏ ਹੋਏ ਸਨ। ਅਸੀਂ ਆਉਣ ਵਾਲੇ ਖਰਚੇ ਪ੍ਰਤੀ ਆਪਣੀ ਜੇਬ ਤੋਲ-ਤੋਲ ਕੇ ਦੇਖ ਰਹੇ ਸਾਂ। ਘਰਵਾਲੀ ਨੂੰ ਵੀ ਕੋਈ ਬਹੁਤਾ ਚਾਅ ਨਹੀਂ ਸੀ। ਉਸ ਦੀ ਧਰਨ ਵੀ ਮੇਰੇ ਵਾਂਗ ਹੀ ਡਿੱਕਡੋਲੇ ਜਿਹੇ ਖਾ ਰਹੀ ਸੀ। ਕਾਰਨ? ਸਾਡੀ ਘਰਵਾਲੀ ਨੇ ਸਾਡੇ ਨਾਲੋਂ ਪੂਰੇ ਦਸ ਸਾਲ ਪਹਿਲਾਂ ਅਵਤਾਰ ਧਾਰਿਆ ਸੀ। ਮੈਂ ਚਾਲ੍ਹੀਆਂ ਦਾ ਅਤੇ ਘਰਵਾਲੀ ਪੰਜਾਹਾਂ ਦੀ, ਰੱਬ ਬਖ਼ਸ਼ੀ ਰੱਖੇ! ਉਹ ਮੱਝ ਦੇ ਮਗਰ ਕੱਟਾ ਫਿਰਨ ਵਾਂਗ ਮੇਰੇ ਪਿੱਛੇ-ਪਿੱਛੇ ਹੀ ਤੁਰੀ ਫਿਰਦੀ ਸੀ। ਮੈਨੂੰ ਕਾਰਨ ਸਮਝ ਨਾ ਆਇਆ ਕਿ ਸਿੰਘਣੀ ਅੱਜ ਮੇਰਾ ਪਿੱਛਾ ਕਿਉਂ ਨਹੀਂ ਛੱਡ ਰਹੀ? ਅੱਗੇ ਤਾਂ ਉਸ ਦੀ ਇੱਕੋ ਹੀ ਰਟ ਹੁੰਦੀ ਸੀ, "ਜਾਓ ਜਿੱਥੇ ਜਾਣੈਂ-ਖਾਓ ਧੱਕੇ-ਮਰੋ ਪਰ੍ਹੇ!" ਪਰ ਅੱਜ ਤਾਂ ਮੇਰਾ ਕੁਝ ਜਿ਼ਆਦਾ ਹੀ ਮੋਹ ਜਿਹਾ ਕਰ ਰਹੀ ਸੀ? ਦਿਮਾਗ 'ਤੇ ਕਈ ਵਾਰ ਸੋਚਾਂ ਦਾ ਰੇਗਮਾਰ ਫੇਰਿਆ, ਪਰ ਜੰਗਾਲਿਆ ਦਿਮਾਗ ਕਦੋਂ ਛੇਤੀ ਕੀਤੇ ਲਿਸ਼ਕੋਰ ਫੜਦੈ! ਫੇਰ ਸਿਰ ਵਿਚ ਪੁਰਾਣੇ ਰੇਡੀਓ ਵਾਂਗ ਧੱਫ਼ੇ ਜਿਹੇ ਮਾਰੇ, ਕਿ ਕੀ ਐ 'ਘਿਰੜ-ਘਿਰੜ' ਕਰਦੇ ਰੇਡੀਓ ਵਾਂਗ ਸ਼ਾਇਦ ਕੋਈ ਸਟੇਸ਼ਨ ਫੜ ਹੀ ਲਵੇ? ਪਰ ਸਾਨੂੰ ਸਾਡੇ ਦਿਮਾਗ 'ਤੇ ਅਥਾਹ ਮਾਣ ਸੀ ਕਿ ਸਾਡਾ ਦਿਮਾਗ ਸਾਨੂੰ ਲੋੜ ਪੈਣ 'ਤੇ ਦਗ਼ਾ ਨਹੀਂ ਦੇਵੇਗਾ। ਵਿਸ਼ਵਾਸ ਆਸਰੇ ਹੀ ਧਰਤੀ ਖੜ੍ਹੀ ਹੈ! ਦਿਲ ਨੂੰ ਧਰਵਾਸ ਦਿੱਤਾ।
ਜਦ ਮੈਂ ਸਾਰੇ ਖਾਣ ਪੀਣ ਦਾ ਜਾਇਜਾ ਲੈਣ ਡਰਾਇੰਗ-ਰੂਮ ਵਿਚ ਆਇਆ ਤਾਂ ਮੇਰੇ ਲੜਕੇ ਦੇ ਸਕੂਲ ਦੇ ਜੋਟੀਦਾਰ ਨੇ ਮੈਨੂੰ ਪੁੱਛ ਹੀ ਲਿਆ, "ਅੰਕਲ, ਕਿੰਨੀ ਉਮਰ ਹੋ ਗਈ ਤੁਹਾਡੀ?" ਕੇਕ ਅਜੇ ਸਜਾਇਆ ਨਹੀਂ ਸੀ, ਜਿਸ 'ਤੇ 40 ਲਿਖਿਆ ਹੋਇਆ ਸੀ। ਮੈਂ ਉੱਤਰ ਦੇਣ ਹੀ ਲੱਗਿਆ ਸੀ ਕਿ ਘਰਵਾਲੀ ਨੇ ਮੈਨੂੰ ਘੂਰੀ ਵੱਟੀ ਅਤੇ ਮੇਰੀ ਸੋਚ ਬਿੱਲੇ ਵਾਂਗ ਛਹਿ ਗਈ। ਮੈਂ ਮੁੜ੍ਹਕੋ-ਮੁੜ੍ਹਕੀ ਹੋਇਆ ਘਰਵਾਲੀ ਦੇ ਵੇਲਣੇ ਦੀ ਕਲਪਨਾ ਕਰਨ ਲੱਗਿਆ। ਘਰਵਾਲੀ ਦੀਆਂ ਤਿਊੜੀਆਂ ਭੋਲੇ-ਸ਼ੰਕਰ ਜੀ ਦੇ ਸ਼ੇਸ਼ਨਾਗ ਵਾਂਗ ਮੱਥੇ ਵਿਚ ਫ਼ਣ ਚੁੱਕੀ ਖੜ੍ਹੀਆਂ ਸਨ। ਜਦ ਲੜਕੇ ਨੇ ਆਪਣਾ ਸੁਆਲ ਦੁਹਰਾਇਆ ਤਾਂ ਸਾਡੇ ਦਿਮਾਗ ਨੇ ਸਾਡਾ ਸਾਥ ਦਿੱਤਾ, ਭਲਾ ਹੋਵੇ ਵਿਚਾਰੇ ਦਾ! ਮੈਂ ਉੱਤਰ ਦਿੱਤਾ, "ਪੁੱਤਰ ਮੈਂ ਬਾਲਗ ਹੋ ਗਿਐਂ!" ਸਾਰੇ ਬੱਚੇ ਹੱਸ ਪਏ। ਘਰਵਾਲੀ ਨੇ ਕੌੜਾ ਜਿਹਾ ਹਾਸਾ ਹੱਸ ਕੇ ਤੂੰਬੇ ਵਰਗਾ ਸਿਰ ਹਿਲਾਇਆ। ਪਰ ਮੂੰਹ ਉਸ ਦਾ ਕੌੜਤੁੰਮੇ ਵਾਂਗ ਸਕੋੜਿਆ ਹੀ ਰਿਹਾ। ਅਸੀਂ ਸੋਚਿਆ ਗ਼ਲਤੀ ਤਾਂ ਕੋਈ ਕੀਤੀ ਨਹੀਂ, ਪਰ ਘਰਵਾਲੀ ਫਿਰ ਵੀ ਨਿਰਾਸ਼ ਹੋ ਗਈ, ਜਾਂ ਸ਼ਾਇਦ ਗੁੱਸੇ ਹੋ ਗਈ। ਦਿਲ ਵਿਚ ਸੋਚਿਆ ਕਿ ਜਨਮ ਦਿਨ 'ਤੇ ਮਹਿਮਾਨ ਬੁਲਾ ਕੇ ਘੋਰ ਗ਼ਲਤੀ ਕੀਤੀ। ਨਾ ਹੀ ਜਨਮ ਦਿਨ ਮਨਾਉਂਦੇ ਅਤੇ ਨਾ ਹੀ ਘਰਵਾਲੀ ਦੇ ਕਰੋਧ ਦਾ ਸਿ਼ਕਾਰ ਹੋਣਾ ਪੈਂਦਾ। ਪਰ ਮੈਂ ਕਦੋਂ ਆਖਿਆ ਸੀ ਜਨਮ ਦਿਨ ਮਨਾਉਣ ਨੂੰ? ਬੱਚਿਆਂ ਨੇ ਹੀ ਖਹਿੜਾ ਨਾ ਛੱਡਿਆ। ਘਰਵਾਲੀ ਨੇ ਵੀ 'ਹਾਂ-ਪੱਖੀ' ਹੁੰਗਾਰਾ ਹੀ ਭਰਿਆ ਸੀ। ਹੁਣ ਭੁਗਤੇ ਆਪ ਈ, ਮੈਂ ਕੀ ਕਰਾਂ? ਮੇਰਾ ਕੀ ਕਸੂਰ?
ਪਤਾ ਨਹੀਂ ਮੇਰੇ ਜੁੰਡੀ ਦੇ ਯਾਰਾਂ ਨੂੰ ਕਿੱਥੋਂ ਪਤਾ ਲੱਗ ਗਿਆ। ਉਹ ਵੀ ਭੂਤਾਂ ਵਾਂਗ ਘਰੇ ਆ ਵੱਜੇ।
-"ਤੁਸੀਂ ਸਾਨੂੰ ਸੱਦੋ ਨਾ ਸੱਦੋ-ਪਰ ਸਾਨੂੰ ਤਾਂ ਥੋਡੇ ਜਨਮ ਦਿਨ ਦਾ ਚਾਅ ਐ!" ਮੇਰੇ ਬੇਲੀ ਆਖ ਰਹੇ ਸਨ। ਦਿਲ ਨੂੰ ਹੋਰ ਹੌਲ ਪੈ ਗਿਆ। ਅਗਲਾ ਫਿ਼ਕਰ, ਘਰਵਾਲੀ ਕੀ ਸੋਚੇਗੀ? ਅਸੀਂ ਘਰਵਾਲੀ ਦੇ ਘੋਟਣੇ ਸਹਿ ਲਏ, ਵਾਰ ਜਰ ਲਏ, ਪਰ ਕਦੇ ਮੱਥੇ ਦਾ ਮੁੜ੍ਹਕਾ ਨਹੀਂ ਸਹਾਰਿਆ। ਘਰਵਾਲੀ ਆਈ ਅਤੇ ਚੋਰੀ ਜਿਹੇ ਦੇਖ ਕੇ ਮੁੜ ਗਈ। ਉਸ ਦੇ ਮੱਥੇ ਦੀ ਕਸੀਸ ਮੇਰਾ ਕਾਲਜਾ ਕੱਢੀ ਜਾ ਰਹੀ ਸੀ। ਮੈਂ ਮਗਰੇ ਹੀ ਚਲਾ ਗਿਆ। ਸਾਡੇ ਕੁਝ ਕਹਿਣ ਤੋਂ ਪਹਿਲਾਂ ਹੀ ਉਸ ਨੇ ਸੁਆਲ ਦਾ ਤੀਰ ਸਾਡੇ ਮੱਥੇ ਵਿਚ ਮਾਰਿਆ, "ਇਹਨਾਂ ਬੇਵਕੂਫ਼ਾਂ ਨੂੰ ਕੀਹਨੇ ਬੁਲਾਇਐ?" ਮੈਂ ਸਪੱਸ਼ਟੀਕਰਨ ਦੇਣ ਹੀ ਲੱਗਿਆ ਸੀ ਕਿ ਘਰਵਾਲੀ ਜੀ ਨੇ ਫਿਰ ਕਿਹਾ, "ਇਹਨਾਂ ਨੂੰ ਚਾਹ-ਚੂਹ ਪਿਆ ਕੇ ਦਫ਼ਾ ਕਰੋ!" ਅਬਦਾਲੀ ਹੁਕਮ ਆਇਆ। ਮੇਰਾ ਕੁਝ ਕਹਿਣ ਦਾ ਹੀਆਂ ਹੀ ਨਾ ਪਿਆ। ਮੈਂ ਕੁੱਟੇ ਹੋਏ ਕੁੱਤੇ ਵਾਂਗ ਡਰਾਇੰਗ-ਰੂਮ ਵੱਲ ਤੁਰ ਪਿਆ। ਮੇਰੇ ਜੁੰਡੀ ਦੇ ਯਾਰ ਚੌੜੇ ਹੋਏ, ਲਾਚੜੇ ਬੈਠੇ ਸਨ।
ਮੈਨੂੰ ਕੁਝ ਸੁੱਝ ਨਹੀਂ ਰਿਹਾ ਸੀ ਕਿ ਇਸ ਹਨੂੰਮਾਨ ਦੀ ਸੈਨਾ ਨੂੰ ਕਿਵੇਂ ਗਲੋਂ ਲਾਹਿਆ ਜਾਵੇ?
-"ਬੱਚਿਆਂ ਨੇ ਮਨਾਉਣੈਂ-ਆਪਾਂ ਕਦੇ ਫੇਰ ਮਨਾਲਾਂਗੇ।" ਮੈਂ ਉਹਨਾਂ ਨੂੰ ਤਰਲੇ ਭਰਿਆ ਬਹਾਨਾ ਜਿਹਾ ਮਾਰਿਆ।
-"ਕੇਕ ਤਾਂ ਕੱਟ ਲਵੋ-ਫੇਰ ਚਲੇ ਜਾਂਵਾਂਗੇ-ਸਾਨੂੰ ਘਰੋਂ ਤਾਂ ਨ੍ਹੀ ਕੱਢਣਾ-ਘਰੇ ਆਏ ਤਾਂ ਕੋਈ ਕੁੱਤੇ ਨੂੰ ਨ੍ਹੀ ਦੁਰਕਾਰਦਾ-ਅਸੀਂ ਤਾਂ ਫੇਰ ਵੀ ਆਪ ਦੇ ਮਿੱਤਰ ਹਾਂ!"
-"ਹਮ ਪਿਆਲਾ-ਹਮ ਨਿਵਾਲਾ!" ਦੂਜੇ ਨੇ ਪੈੱਗ ਵੱਲ ਇਸ਼ਾਰਾ ਕੀਤਾ।
-"ਸੁੱਕੀ ਨ੍ਹੀ ਪੀਤੀ ਜਾਣੀ!" ਤੀਜੇ ਦੀ ਉਂਗਲ ਮੀਟ-ਮੁਰਗੇ ਵੱਲ ਸੀ।
ਮੇਰਾ ਧਿਆਨ ਘਰਵਾਲੀ ਤਰਫ਼ ਸੀ। ਪਰ ਇਕ ਗੱਲੋਂ ਸਾਨੂੰ ਆਪਣੀ ਘਰਵਾਲੀ 'ਤੇ ਪੂਰਾ ਮਾਣ ਹੈ। ਜੇ ਗਾਲ੍ਹ ਵੀ ਕੱਢੇਗੀ ਤਾਂ ਬੜੇ ਹੀ ਸਲੀਕੇ ਨਾਲ, "ਜਨਾਬ ਤੁਸੀਂ ਬਹੁਤ ਬੇਵਕੂਫ਼ ਹੋ!" ਜਾਂ "ਜਨਾਬ ਤੁਹਾਡਾ ਦਿਮਾਗ ਖਰਾਬ ਹੋ ਗਿਐ!" ਪੜ੍ਹੀ ਲਿਖੀ ਜਿਉਂ ਹੋਈ! ਹਿਸਟਰੀ ਅਤੇ ਇੰਗਲਿਸ਼ ਦੀ ਡਬਲ ਐੱਮ ਏ ਬੀ ਐੱਡ! ਕਾਲਜ ਵਿਚ ਲੈਕਚਰਾਰ! ਪੜ੍ਹੇ ਲਿਖੇ ਇਨਸਾਨ ਅਤੇ ਅਨਪੜ੍ਹ ਵਿਚ ਇਹੀ ਤਾਂ ਫ਼ਰਕ ਹੁੰਦੈ! ਇਕ ਵਾਰੀ ਘਰਵਾਲੀ ਤੋਂ ਸਾਡੇ ਮੌਰਾਂ ਵਿਚ ਘੋਟਣਾ ਵੱਜ ਗਿਆ, ਕਸੂਰ ਘਰਵਾਲੀ ਦਾ ਨਹੀਂ, ਕਸੂਰ ਸਰਾਸਰ ਉਸ ਦੇ ਗੁੱਸੇ ਦਾ! ਗੁੱਸਾ ਬੜੀ ਚੰਡਾਲ ਚੀਜ਼! ਖ਼ੈਰ ਵੱਜ ਤਾਂ ਵਿਚਾਰੀ ਤੋਂ ਗਿਆ, ਅਸੀਂ ਵੀ ਸੀਲ ਬਲਦ ਵਾਂਗ ਖੜ੍ਹ ਕੇ ਹੀ ਖਾ ਲਿਆ, ਸੋਚਿਆ, ਚਲਾਵੇਂ ਘੋਟਣੇ ਦੀ ਸੱਟ ਵੱਧ ਵੱਜਦੀ ਐ। ਸਾਡੇ ਘਰਵਾਲੀ ਘੰਟਾ ਮਾਲਿਸ਼ ਵੀ ਕਰਦੀ ਰਹੀ, ਨਾਲੇ ਮੱਤਾਂ ਦਿੰਦੀ ਰਹੀ, "ਜੇ ਤੁਹਾਨੂੰ ਜਨਾਬ ਉਸ ਕਮਾਂਡੋ ਵਾਲੀ ਕੁੱਤੀ ਨਾਲ ਮੈਂ ਕਦੇ ਮੁੜ ਕੇ ਦੇਖ ਲਿਆ-ਫੇਰ ਮਾਲਿਸ਼ ਮੈਂ ਨਹੀਂ-ਹਸਪਤਾਲ ਵਾਲੇ ਈ ਕਰਨਗੇ।" ਅਸੀਂ ਵੀ 'ਸੌਰੀ-ਸ਼ੁਕਰੀਆ' ਕਰੀ ਗਏ। ਪਰ ਅਸੀਂ ਸੁਧਰਨ ਵਾਲੀ ਜੜ੍ਹ ਕਦੋਂ ਹਾਂ? ਸੋਚਿਆ ਇਕ ਮਾਲਿਸ਼ ਹੁਣ ਘਰਵਾਲੀ ਤੋਂ ਤੇ ਦੂਜੀ ਕਮਾਂਡੋ ਵਾਲੀ ਤੋਂ ਕਰਵਾਵਾਂਗੇ ਤੇ ਨਾਲੇ ਆਖਾਂਗੇ, "ਦੇਖੋ ਤੁਹਾਡੇ ਕਰਕੇ ਅਸੀਂ ਕੀ-ਕੀ ਦੁਖੜੇ ਸਹਾਰਦੇ ਹਾਂ ਸੋਹਣਿਓਂ!" ਕਮਾਂਡੋ ਵਾਲੀ ਗੋਰੀ ਵਿਚਾਰੀ ਸਾਡੇ ਨਾਲ ਕੰਮ ਕਰਦੀ ਹੈ ਅਤੇ ਕਦੇ-ਕਦੇ ਆਪਣੀ ਕਾਰ ਵਿਚ ਘਰੇ ਲਾਹ ਜਾਂਦੀ ਹੈ। ਗੱਲ ਹੋਰ ਵਿਚੋਂ ਕੁਝ ਵੀ ਨਹੀਂ! ਘਰਵਾਲੀ ਨੂੰ ਪਤਾ ਨਹੀਂ ਉਸ 'ਤੇ ਕੀ ਖੁੰਧਕ ਐ? ਵਿਚਾਰੀ ਨੂੰ 'ਕੁੱਤੀ-ਬਿੱਲੀ' ਤੋਂ ਬਿਨਾ ਸੰਬੋਧਨ ਹੀ ਨਹੀਂ ਕਰਦੀ। ਅਸੀਂ ਘਰਵਾਲੀ ਨੂੰ ਬਥ੍ਹੇਰਾ ਸਮਝਾਇਆ ਕਿ ਜਦੋਂ ਦੀ ਇਰਾਕ ਜੰਗ ਲੱਗੀ ਐ, ਪੈਟਰੋਲ ਬਹੁਤ ਮਹਿੰਗਾ ਹੋ ਗਿਐ, ਜੇ ਇਹ ਮੈਨੂੰ ਘਰੇ ਛੱਡ ਜਾਂਦੀ ਐ ਤਾਂ ਆਪਣੇ ਪੈਟਰੋਲ ਦੀ ਬੱਚਤ ਹੁੰਦੀ ਐ। ਪਰ ਨਾ, ਘਰਵਾਲੀ ਕਿੱਥੇ ਮੰਨਣ ਵਾਲੀ ਜੜੀ ਸੀ? ਰੱਪੜ ਪਾ ਕੇ ਬੈਠ ਗਈ, ਮੈਨੂੰ ਪਤੈ ਤੁਸੀਂ ਕਿੰਨ੍ਹੀ ਕੁ ਬੱਚਤ ਕਰਨ ਆਲੇ ਓਂ ਜਨਾਬ, ਬੱਸ ਚੁੱਪ ਰਹੋ, ਨਹੀਂ ਮੈਥੋਂ ਕੁਛ ਹੋਰ ਹੋਜੂ! ਖ਼ੈਰ, ਪਤਨੀ ਦਾ ਆਖਿਆ ਤਾਂ ਸਿ਼ਵ ਜੀ ਮਹਾਰਾਜ ਨਹੀਂ ਮੋੜਦੇ ਸੀ, ਅਸੀਂ ਕੌਣ ਹੋਏ?
ਸਾਡੇ ਸਾਰੇ ਜੁੰਡੀ ਦੇ ਯਾਰਾਂ ਨੂੰ ਪਤਾ ਹੈ ਕਿ ਘਰਵਾਲੀ ਸਾਥੋਂ ਦਸ ਸਾਲ ਵੱਡੀ ਹੈ। ਮੈਂ ਵਾਰ ਵਾਰ ਕੁਝ ਸੋਚ ਕੇ, ਬਲੂੰਗੜੇ ਵਾਂਗ ਇਕੱਠਾ ਜਿਹਾ ਹੋਈ ਜਾ ਰਿਹਾ ਸੀ। ਮੈਂ ਪੂਰਾ ਦਿਲ ਕੱਢ ਕੇ ਅੰਦਰ ਘਰਵਾਲੀ ਕੋਲ ਗਿਆ।
-"ਇਹ ਐਂਵੇਂ ਤੁਰਨ ਆਲੇ ਹੈਨ੍ਹੀ-ਇਹਨਾਂ ਨੂੰ ਪੈੱਗ ਸ਼ੈੱਗ ਲੁਆਉਣਾ ਪਊ-ਨਹੀਂ ਇਹਨਾਂ ਜਮਦੂਤਾਂ ਨੇ ਆਥਣ ਤੱਕ ਨ੍ਹੀ ਹਿੱਲਣਾ।" ਮੈਨੂੰ ਘਰਵਾਲੀ ਮੂਹਰੇ ਸੱਚਾ ਰਹਿਣ ਵਾਸਤੇ ਆਪਣੇ ਮਿੱਤਰਾਂ ਨੂੰ 'ਜਮਦੂਤ' ਕਹਿਣਾ ਪਿਆ। ਹਾਲਾਂ ਕਿ ਉਹ ਮੈਥੋਂ ਜਾਨ ਵਾਰਦੇ ਹਨ। ਜਦੋਂ ਸਾਡੀ ਕਿਸੇ ਨਾਲ 'ਜੰਗ' ਹੋ ਜਾਂਦੀ ਹੈ ਤਾਂ ਮੇਰੇ ਇਹ ਮਿੱਤਰ ਮੇਰੇ ਨਾਲੋਂ ਵੱਧ ਅਗਲੇ ਦੀ 'ਸੇਵਾ' ਕਰਦੇ ਹਨ। ਭਾਵਨਾ ਦਿਖਾਉਂਦੇ ਹਨ। ਪਰ ਰੱਬ ਨੇੜੇ ਕਿ ਘਸੁੰਨ? ਘਰਵਾਲੀ ਤਾਂ ਮਗਰਮੱਛ ਵਾਂਗ ਮੂੰਹ ਅੱਡੀ ਖੜ੍ਹੀ ਸੀ। ਅਸੀਂ ਮਾੜੇ ਕਬੂਤਰ ਵਾਂਗ ਆਪਣੇ ਖੰਭ ਬਚਾ ਰਹੇ ਸਾਂ। ਜਦੋਂ ਸਾਡੀ ਘਰਵਾਲੀ ਨੂੰ ਗੁੱਸਾ ਆਉਂਦਾ ਹੈ ਤਾਂ ਉਸ ਵਿਚ 'ਭੀਮ-ਸੈਨ' ਜਿੰਨਾ ਬਲ ਆ ਜਾਂਦਾ ਹੈ। ਭਾਵੇਂ ਅਸੀਂ ਕਬੱਡੀ ਦੇ ਘਾਗ ਖਿਡਾਰੀ ਰਹੇ ਹਾਂ, ਪਰ ਹੁਣ ਤੱਕ ਘਰਵਾਲੀ ਨੂੰ 'ਜੱਫ਼ਾ' ਨਹੀਂ ਲਾ ਸਕੇ। ਦਿਲ ਹੀ ਨਹੀਂ ਪੈਂਦਾ। ਜਦੋਂ ਮਨ ਕਮਜ਼ੋਰ ਹੋਵੇ, ਤਨ ਆਪੇ ਕਮਜ਼ੋਰ ਹੋ ਜਾਂਦਾ ਹੈ!
ਖ਼ੈਰ! ਘਰਵਾਲੀ ਦੀ ਅੱਧੀ ਕੁ ਸਹਿਮਤੀ ਲੈ ਕੇ ਮੈਂ ਮਿੱਤਰਾਂ ਅੱਗੇ ਬੈਲਨਟਾਈਨ ਦੀ ਬੋਤਲ ਰੱਖ ਦਿੱਤੀ। ਨਾਲ ਦੀ ਨਾਲ ਮੈਨੂੰ ਡਰ ਵੀ ਖਾਈ ਜਾ ਰਿਹਾ ਸੀ ਕਿ ਮੁਫ਼ਤ ਦੀ ਚੜ੍ਹਦੀ ਵੀ ਬਹੁਤ ਛੇਤੀ ਹੈ। ਕਿਤੇ ਕੋਈ ਅਵਲੀ-ਸਵਲੀ ਗੱਲ ਨਾ ਮੂੰਹੋਂ ਕੱਢ ਮਾਰਨ, ਜਿਸ ਕਾਰਨ ਸਾਨੂੰ ਘਰਵਾਲੀ ਦੇ ਗੁੱਸੇ ਦਾ ਸਿ਼ਕਾਰ ਹੋਣਾ ਪਵੇ! ਮਿੱਤਰਾਂ ਨੇ ਪੈੱਗ-ਸ਼ੈੱਗ ਲਾ ਕੇ ਮੇਰੇ ਜਨਮ ਦਿਨ ਦੇ ਸੋਹਿਲੇ ਗਾਉਣੇ ਸ਼ੁਰੂ ਕਰ ਦਿੱਤੇ, "ਸਾਡੇ ਬਾਈ ਜੀ ਚਾਲ੍ਹੀਆਂ ਸਾਲਾਂ ਦੇ ਹੋ ਗਏ-ਹੈਪੀ ਬਰਥ ਡੇ ਟੂ ਯੂ-ਰੱਬ ਬਾਈ ਜੀ ਦੀ ਉਮਰ ਲੰਮੀ ਕਰੇ-ਅਗਲੇ ਸਾਲ ਫੇਰ ਆਈਏ!" ਉਹ ਮਰਾਸੀਆਂ ਵਾਂਗ ਅਸੀਸਾਂ ਜਿਹੀਆਂ ਦੇ ਰਹੇ ਸਨ। ਇਕ ਪੀ ਕੇ ਆਖੀ ਜਾ ਰਿਹਾ ਸੀ, "ਸੱਚੇ ਪਾਤਸ਼ਾਹ ਸਾਡੇ ਬਾਈ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀਂ।" ਕਿਸੇ ਨੂੰ ਕਿਸੇ ਦੀ ਗੱਲ ਪੂਰੀ ਸਮਝ ਨਹੀਂ ਆ ਰਹੀ ਸੀ। ਫੇਰ ਇਕ ਉੱਭੜਵਾਹੇ ਬੋਲਿਆ, "ਬਾਈ ਜੀ ਚਾਲ੍ਹੀਆਂ ਦੇ ਤੇ ਸਾਡੇ ਭਰਜਾਈ ਜੀ ਤਾਂ ਫੇਰ ਅੱਧੀ ਸਦੀ ਨੂੰ ਟੱਪਗੇ ਹੋਣੇ ਐਂ?" ਅਸੀਂ ਉਸ ਦੇ ਮੂੰਹ ਅੱਗੇ ਹੱਥ ਦੇ ਕੇ ਮਸਾਂ ਹੀ ਰੋਕਿਆ, ਪਰ ਫਿਰ ਵੀ ਉਹ ਬਲਦ ਵਾਂਗ ਉਗਾਲਾ ਜਿਹਾ ਕਰਦਾ ਹੋਇਆ, ਗੱਲ ਪੂਰੀ ਕਰ ਗਿਆ। ਤੀਜਾ ਬੋਲਿਆ, "ਚਲੋ ਰੱਬ ਉਹਨਾਂ ਦੀ ਆਤਮਾ ਨੂੰ ਵੀ ਸ਼ਾਂਤੀ ਬਖ਼ਸ਼ੇ!" ਸ਼ੁਕਰ ਕੀਤਾ ਪਤਨੀ ਜੀ ਰਸੋਈ ਵਿਚ ਸਨ। ਮੌਕਾ ਸਾਂਭਦਿਆਂ ਅਸੀਂ ਕਿਹਾ, "ਚਲੋ ਬਈ ਹੁਣ ਬੱਚਿਆਂ ਦੀ ਵਾਰੀ ਐ।" ਮੇਰੇ ਆਖਣ ਦੀ ਦੇਰ ਸੀ ਕਿ ਉਹਨਾਂ ਨੇ ਕਵੀਸ਼ਰੀ ਕਰਨੀ ਸ਼ੁਰੂ ਕਰ ਦਿੱਤੀ, "ਬਾਈ ਹੋਇਆ ਚਾਲ੍ਹੀਆਂ ਦਾ, ਅੱਧੀ ਸਦੀ ਤੋਂ ਟੱਪਗੀ ਭਾਬੀ-ਡੱਬ ਪੈਗੇ ਮੁਖੜੇ 'ਤੇ, ਪਹਿਲਾਂ ਸੀਗਾ ਰੰਗ ਗੁਲਾਬੀ!" ਬੋਲੀ ਸੁਣ ਕੇ ਮੇਰਾ ਸਰੀਰ ਥਰ-ਥਰ ਕੰਬਣ ਲੱਗ ਪਿਆ। ਪਰ ਸ਼ਾਇਦ ਘਰਵਾਲੀ ਨੂੰ ਕਿਚਨ ਵਿਚ ਸੁਣਿਆਂ ਨਹੀਂ ਸੀ, ਸ਼ੁਕਰ ਰੱਬ ਦਾ! ਪਰ ਖੋਟੇ ਕਰਮ ਮੇਰੇ, ਬੋਲੀ ਦੂਜੇ ਭਾਈਬੰਦ ਨੇ ਚੁੱਕ ਲਈ, "ਹੁਣ ਬੁੱਢੀ ਹੋ ਗਈ ਐ, ਮੁਸ਼ਕੀ ਰੰਗ ਜਾਵੇ ਪਿਆ ਖ਼ੁਰਦਾ-ਸੈਂਡਲ ਪਾ ਇਉਂ ਤੁਰਦੀ ਐ, ਕੁੱਕੜ ਜਿਉਂ ਸੂਲਾਂ 'ਤੇ ਤੁਰਦਾ!" ਮੈਂ ਛੇਤੀ ਨਾਲ ਡਰਾਇੰਗ-ਰੂਮ ਦਾ ਦਰਵਾਜਾ ਬੰਦ ਕੀਤਾ ਅਤੇ ਹੱਥ ਜੋੜ ਕੇ ਚੁੱਪ ਦਾ ਦਾਨ ਬਖਸ਼ਣ ਲਈ ਬੇਨਤੀ ਭਰਿਆ ਇਸ਼ਾਰਾ ਕੀਤਾ। ਪਰ ਤੀਜੇ ਮਾਈ ਦੇ ਲਾਲ ਨੇ ਕਸਰ ਹੀ ਪੂਰੀ ਕਰ ਦਿੱਤੀ, "ਚਾਹੇ ਮੌਲੀ ਹੋਗੀ ਐ, ਮਿਰਚਾਂ ਨਾਲ ਨੈਣਾਂ ਦੇ ਭੋਰੇ-ਵਿਚ ਚੁੰਨ੍ਹੀਆਂ ਅੱਖਾਂ ਦੇ, ਖਿੱਚਦੀ ਅਜੇ ਕੱਜਲ ਦੇ ਡੋਰੇ!" ਸੁਣ ਕੇ ਮੇਰਾ ਸੀਤ ਨਿਕਲ ਗਿਆ।
ਘਰਵਾਲੀ ਨੂੰ ਪਤਾ ਲੱਗ ਗਿਆ ਕਿ ਕਵੀਸ਼ਰੀ ਉਸ ਦੇ ਸਬੰਧ ਵਿਚ ਹੀ ਕੀਤੀ ਜਾ ਰਹੀ ਸੀ। ਉਹ ਹਨ੍ਹੇਰੀ ਵਾਂਗ ਡਰਾਇੰਗ-ਰੂਮ ਵਿਚ ਆਈ। ਉਸ ਦਾ ਜਾਹੋ-ਜਲਾਲ ਦੇਖ ਕੇ ਭਾਈਬੰਦਾਂ ਦੇ ਸਾਹ ਸੂਤੇ ਗਏ। ਇਕ ਚੁੱਪ ਛਾ ਗਈ। ਅਸੀਂ ਆਪਣੀ ਸ਼ਾਮਤ ਆਈ ਸਮਝੀ। ਮੈਂ ਮੌਕਾ ਸਾਂਭ ਕੇ ਆਖਿਆ, "ਚੱਲੋ ਬਈ ਆਪਾਂ ਹੁਣ ਬਾਗੋਬਾਗ ਹੋ ਗਏ ਆਂ-ਆਪਾਂ ਜਨਮ ਦਿਨ ਮਨਾ ਲਿਆ-ਹੁਣ ਬੱਚਿਆਂ ਦੀ ਵਾਰੀ ਐ-।" ਮੈਂ ਭਾਈਬੰਦਾਂ ਨੂੰ ਬਾਹੋਂ ਫੜ ਆਲਸੀ ਕੱਟੇ ਵਾਂਗ ਬਾਹਰ ਧੂਹ ਲਿਆਇਆ। ਘਰਵਾਲੀ ਦੀਆਂ ਅੱਖਾਂ ਦਾ ਸੇਕ ਮੈਨੂੰ ਬਾਹਰ ਤੱਕ ਆ ਰਿਹਾ ਸੀ। ਜਦੋਂ ਮੈਂ ਉਹਨਾਂ ਨੂੰ ਬਾਹਰ ਛੱਡ ਕੇ ਮੁੜਿਆ ਤਾਂ ਘਰਵਾਲੀ ਜੀ ਮੇਰੇ 'ਤੇ ਰਾਸ਼ਣ-ਪਾਣੀ ਲੈ ਕੇ ਚੜ੍ਹ ਗਏ। ਭਾਈਬੰਦਾਂ ਨੂੰ ਬੇਵਕੂਫ਼, ਜੰਗਲੀ, ਬਦਮਗਜ, ਬਦਮਾਸ਼, ਗੁੰਡੇ ਅਤੇ ਹੋਰ ਪਤਾ ਨਹੀਂ ਕੀ-ਕੀ ਵਿਸ਼ਲੇਸ਼ਣ ਲਾ ਦਿੱਤੇ। ਘਰਵਾਲੀ ਦਾ ਪੱਖ ਪੂਰਨਾ ਤਾਂ ਮੇਰਾ ਪਹਿਲਾ ਕਰਮ ਸੀ, ਕਿਉਂਕਿ ਮੈ 'ਜਨਮ-ਦਿਨ' ਅਤੇ 'ਫ਼ੱਟੜ-ਦਿਨ' ਇੱਕੋ ਦਿਨ ਹੀ ਨਹੀਂ ਚਾਹੁੰਦਾ ਸੀ, ਮੈਂ ਢਿੱਲੇ ਜਿਹੇ ਹੁੰਦੇ ਨੇ ਆਖਿਆ, "ਸੱਚੀਂ ਮੂਰਖ ਐ ਸਾਲੇ-ਇਹਨਾਂ ਨੂੰ ਇਹ ਨ੍ਹੀਂ ਪਤਾ ਬਈ ਬੰਦੇ ਦਾ ਮਨ ਨਾ ਬੁੱਢਾ ਹੋਵੇ-ਬੰਦਾ ਬੁੱਢਾ ਨ੍ਹੀ ਹੁੰਦਾ-ਚਾਲੀ ਪੰਜਾਹ ਸਾਲ ਵੀ ਸਾਲੀ ਕੋਈ ਉਮਰ ਹੁੰਦੀ ਐ?" ਘਰਵਾਲੀ ਨੂੰ ਸਾਡੇ ਤੀਸਰੇ ਬਚਨ ਤੋਂ ਸੰਤੁਸ਼ਟੀ ਹੋਈ ਅਤੇ ਆਖਣ ਲੱਗੀ, "ਗੋਲੀ ਮਾਰੋ ਉਹਨਾਂ ਦੇ-ਹੁਣ ਤੁਸੀਂ ਜੁਆਕਾਂ ਨਾਲ ਜਨਮ ਦਿਨ ਮਨਾਓ!" ਤਾਂ ਸਾਡੀ ਵੀ ਧੜਕਦੀ ਕੌਡੀ ਥਾਂ-ਸਿਰ ਆਉਣ ਲੱਗੀ ਅਤੇ ਅਸੀਂ ਬੱਚਿਆਂ ਨਾਲ ਆਪਣਾ ਜਨਮ ਦਿਨ ਮਨਾਉਣ ਵਿਚ ਰੁੱਝ ਗਏ।

No comments: