
ਯਾਦਾਂ
(ਕਿਸ਼ਤ 1)
ਮਾਂ ਜ਼ਿੰਦਗੀ ਦਾ ਇਕ ਉਹ ਅਨਮੋਲ ਤੋਹਫ਼ਾ ਹੈ, ਜਿਹੜਾ ਇਨਸਾਨ ਨੂੰ ਜ਼ਿੰਦਗੀ ਵਿਚ ਸਿਰਫ਼ ਇਕ ਵਾਰ ਹੀ ਨਸੀਬ ਹੁੰਦਾ ਹੈ। ਕੁਦਰਤ ਦੀ ਮਹਿਮਾਂ ਅਪਰ-ਅਪਾਰ ਹੈ। ਜਿੱਥੇ ਅੰਡਜ, ਜੇਰਜ, ਸੇਤਜ ਦੀ ਚਰਚਾ ਹੈ, ਉਥੇ ਮਾਂ ਦਾ ਰਿਸ਼ਤਾ ਅਟੁੱਟ ਹੈ, ਅਭੁਰ ਹੈ, ਅਖੁਰ ਹੈ ਅਤੇ ਪਰਬਤ ਵਾਂਗ ਸਥਿਰ ਹੈ। ਪਰ ਜਦ ਮਾਂ ਦਾ ਰਿਸ਼ਤਾ ਟੁੱਟਦਾ, ਖੁਰਦਾ ਜਾਂ ਭੁਰਦਾ ਹੈ ਤਾਂ ਉਥੇ ਬੰਜਰ ਉਜਾੜਾਂ ਵਰਗੀ ਸਥਿਤੀ ਹੁੰਦੀ ਹੈ। ਜਿਵੇਂ ਛਾਂ ਰੁੱਖ ਤੋਂ ਜੁਦਾ ਨਹੀਂ ਹੋ ਸਕਦੀ, ਰੁੱਖ ਛਾਂ ਤੋਂ ਨਹੀਂ। ਉਸ ਤਰ੍ਹਾਂ ਹੀ ਪੁੱਤ-ਮਾਂ ਅਤੇ ਮਾਂ-ਪੁੱਤ ਦਾ ਰਿਸ਼ਤਾ ਵੱਖ ਨਹੀਂ ਹੋ ਸਕਦਾ। ਮਾਂ ਦਾ ਰਿਸ਼ਤਾ ਨਿਰਲੇਪ, ਨਿਰਛਲ, ਨਿਰਕਪਟ, ਨਿਰਾਕਾਰ ਅਤੇ ਸੁਖਦਾਈ ਹੈ।
------
ਮਾਂ ਦਾ ਨਾਂ ਸੁਣ ਕੇ ਹੀ ਪ੍ਰਵਾਸ ਭੋਗਦੇ ਪ੍ਰਵਾਸੀ ਦੇ ਦਿਲੋਂ ਵਿਛੋੜੇ ਦੀ ਐਸੀ ਹੂਕ ਨਿਕਲਦੀ ਹੈ ਕਿ ਆਤਮਾ ਕਸੀਸ ਵੱਟ ਕੇ ਰਹਿ ਜਾਂਦੀ ਹੈ! ਮਾਂ ਸ਼ਬਦ ਹੀ ਮੋਹ ਨਾਲ ਲਿਬਰੇਜ਼ ਅਤੇ ਸ਼ਹਿਦ ਵਰਗਾ ਮਿੱਠਾ ਸ਼ਬਦ ਹੈ। ਵੈਸੇ ਮੇਰੀ ਨਜ਼ਰ ਵਿਚ ਮਾਂ ਦਾ ਰਿਸ਼ਤਾ ਸਿਰਫ਼ ਮੌਤ-ਵਿਛੋੜੇ ਨਾਲ ਸਰੀਰਕ ਤੌਰ 'ਤੇ ਹੀ ਸਮਾਪਤ ਹੁੰਦਾ ਹੈ, ਪਰ ਖ਼ਤਮ ਫਿਰ ਵੀ ਨਹੀਂ ਹੁੰਦਾ! ਜਿਸ ਤਰ੍ਹਾਂ ਮਰਨ ਨਾਲ ਸਰੀਰ ਜ਼ਰੂਰ ਮਿਟ ਜਾਂਦਾ ਹੈ, ਪਰ ਰੂਹ ਅਰਥਾਤ ਆਤਮਾ ਅਮਿਟ, ਬਰਕਰਾਰ ਅਤੇ ਅਮਰ ਰਹਿੰਦੀ ਹੈ। ਮਾਂ ਦਾ ਰਿਸ਼ਤਾ ਸਦੀਵੀ ਅਤੇ ਅਟੁੱਟ ਹੈ। ਸਰੀਰਕ ਪੱਖੋਂ ਤਾਂ ਚਾਹੇ ਮਾਂ ਵਿਛੜ ਜਾਂਦੀ ਹੈ, ਪਰ ਉਸ ਦੀਆਂ ਘਾਲੀਆਂ ਘਾਲਣਾਵਾਂ, ਕੀਤਾ ਪਾਲਣ ਪੋਸ਼ਣ ਧੀ-ਪੁੱਤ ਦੇ ਦਿਲ 'ਤੇ ਸਦਾ ਸ਼ਿਲਾਲੇਖ ਵਾਂਗ ਉੱਕਰਿਆ ਰਹਿੰਦਾ ਹੈ। ਤਾਂ ਹੀ ਤਾਂ ਪੁੱਤ ਜੁਆਨ ਹੋ ਕੇ ਵੀ ਮਾਂ ਦੀ ਦਿੱਤੀ ਗੁੜ੍ਹਤੀ, ਦਿੱਤੀਆਂ ਦੁਆਵਾਂ ਅਤੇ ਮੱਥੇ 'ਤੇ ਦਿੱਤਾ ਪਹਿਲਾ ਚੁੰਮਣ ਨਹੀਂ ਭੁੱਲ੍ਹਦਾ। ਮਾਂ ਦੀ ਗੁਣਵਾਨ-ਦੇਣ ਬ੍ਰਿਹੋਂ, ਮੋਹ, ਦੁੱਖ-ਦਰਦ ਅਤੇ ਪ੍ਰੇਮ ਸਿਰਜਣ ਵਿਚ ਹਰ ਥਾਂ ਸੋਲ੍ਹਾਂ ਕਲਾਂ ਸੰਪੂਰਨ ਹੋ ਕੇ ਨਿੱਤਰਦੀ ਹੈ।
-----
ਸੰਸਾਰ ਵਿਚ ਕਈਆਂ ਦੇ ਪੰਜ-ਪੰਜ ਪੁੱਤਰ, ਪੰਜ-ਪੰਜ ਧੀਆਂ, ਦੋ-ਦੋ ਪਤਨੀਆਂ ਹਨ। ਪਰ ਮਾਂ ਇਕ ਹੀ ਹੁੰਦੀ ਹੈ। ਮੇਰੇ ਪ੍ਰਮ-ਮਿੱਤਰ ਬਾਈ ਦੇਵ ਥਰੀਕਿਆਂ ਵਾਲੇ ਵਰਗਿਆਂ ਨੇ ਐਂਵੇਂ ਨਹੀਂ ਗੀਤ ਜੋੜ ਦਿੱਤੇ, "ਮਾਂ ਹੁੰਦੀ ਏ ਮਾਂ ਉਏ ਦੁਨੀਆਂ ਵਾਲਿਓ....!" ਕੱਲ੍ਹ ਵਿਸਾਖੀ ਹੈ। ਅੱਜ, ਜਦੋਂ ਇਹ ਸਤਰਾਂ ਲਿਖੀਆਂ ਜਾ ਰਹੀਆਂ ਹਨ, 13 ਅਪ੍ਰੈਲ 2006 ਹੈ! ਅੱਜ ਮੇਰੀ ਮਾਂ ਨੂੰ ਗੁਜ਼ਰਿਆਂ ਪੂਰਾ ਇਕ ਮਹੀਨਾ ਬੀਤ ਗਿਆ ਹੈ। ਅਜੇ ਕੱਲ੍ਹ ਦੀ ਗੱਲ ਹੈ, ਪਰ ਇੰਜ ਲੱਗਦਾ ਹੈ ਕਿ ਜਿਵੇਂ ਕੋਈ ਯੁੱਗ ਬੀਤ ਗਿਆ ਹੋਵੇ। 13 ਮਾਰਚ 2006 ਦਿਨ ਸੋਮਵਾਰ ਨੂੰ ਮਾਂ ਨੇ ਸਵੇਰੇ ਸੱਤ ਵੱਜ ਕੇ ਬੱਤੀ ਮਿੰਟ ਉਤੇ, ਮੇਰੇ ਸੱਜੇ ਗੋਡੇ 'ਤੇ ਆਖਰੀ ਸਾਹ ਲਿਆ ਸੀ। ਕਿੰਨਾ ਦੁਖਦਾਈ ਸੀ ਉਹ ਸਮਾਂ, ਜਿਸ ਦਾ ਬਿਆਨ ਕਰਨਾ ਹੀ ਮੇਰੇ ਲਈ ਅਤਿ ਮੁਸ਼ਕਿਲ ਹੈ।
-----
ਜਦੋਂ ਮਾਂ ਦੀ ਅਰਥੀ ਤਿਆਰ ਕਰਕੇ ਆਖਰੀ ਦਰਸ਼ਣ ਕਰਵਾਏ ਤਾਂ ਮੇਰੇ ਮਨ ਨੂੰ ਹੌਲ ਜਿਹਾ ਪਿਆ, ਕਿ ਅੱਜ ਤੋਂ ਬਾਅਦ ਮਾਂ ਦਾ ਇਹ ਚਿਹਰਾ ਦੇਖਣਾ ਨਸੀਬ ਨਹੀਂ ਹੋਵੇਗਾ। ਖ਼ੈਰ! ਦੂਸਰੇ ਪਾਸੇ ਆਪਣੇ ਆਪ ਨੂੰ ਭਾਗਸ਼ਾਲੀ ਵੀ ਸਮਝਦਾ ਹਾਂ ਕਿ ਅੰਤਿਮ ਸਮੇਂ ਮੈਂ ਆਪਣੀ ਮਾਤਾ ਦੇ ਕੋਲ ਸਾਂ, ਉਸ ਦੀ ਰੂਹ-ਆਤਮਾਂ ਵੀ ਸੁਰਖ਼ਰੂ ਇਸ ਦੁਨੀਆਂ ਤੋਂ ਗਈ ਹੋਵੇਗੀ ਕਿ ਮੇਰਾ ਇਕਲੌਤਾ ਪੁੱਤਰ ਮੇਰੇ ਪਾਸ ਹੈ। ਕਈ ਨਿਭਾਗਿਆਂ ਦੇ ਤਾਂ ਇਹ ਸਮਾਂ ਵੀ ਕਰਮਾਂ ਵਿਚ ਨਹੀਂ ਹੁੰਦਾ। ਮਾਂ ਕਿਤੇ ਵਿਲਕਦੀ ਹੁੰਦੀ ਹੈ ਅਤੇ ਪੁੱਤ ਧੀਆਂ ਕਿਤੇ ਤੜਫ਼ਦੇ ਹੁੰਦੇ ਨੇ! ਖ਼ੈਰ, ਹਰ ਕੁਝ ਕੁਦਰਤ ਦੇ ਵੱਸ ਹੈ। ਸੰਯੋਗ ਵਿਯੋਗ ਅਨੁਸਾਰ ਸੰਸਾਰ ਤੁਰਦਾ ਹੈ। ਬੰਦਾ ਕੁਝ ਵੀ ਨਹੀਂ ਕਰ ਸਕਦਾ। ਕੀ ਹੱਥ-ਵੱਸ ਹੈ ਬੰਦੇ ਦੇ...? ਕੁਝ ਵੀ ਤਾਂ ਨਹੀਂ...! ਬੱਸ ਵਾਧੂ ਮੇਰੀ-ਮੇਰੀ ਹੀ ਹੈ।
----
ਮੇਰਾ ਪ੍ਰੀਵਾਰ ਆਸਟਰੀਆ ਤੋਂ ਇੰਗਲੈਂਡ 'ਮੂਵ' ਹੋ ਗਿਆ ਹੈ। 30 ਅਪ੍ਰੈਲ ਤੱਕ ਮੈਂ ਅਜੇ ਆਸਟਰੀਆ ਹੀ ਰਹਿਣਾ ਸੀ। ਕੁਝ ਛੁੱਟੀਆਂ ਲੈ ਕੇ ਮਕਾਨ ਖਰੀਦਣ ਦੇ ਮਸਲੇ ਵਿਚ ਮੈਂ 28 ਫ਼ਰਵਰੀ ਨੂੰ ਇੰਗਲੈਂਡ ਪੁੱਜ ਗਿਆ। ਪੰਜ ਕੁ ਦਿਨ ਭੱਜ-ਨੱਠ ਹੋਈ। ਛੇ ਮਾਰਚ ਨੂੰ ਸਵੇਰੇ-ਸਵੇਰੇ ਦੋ ਵੱਜ ਕੇ ਛੇ ਮਿੰਟ 'ਤੇ ਮੇਰੇ ਹਮਜਮਾਤੀ ਅਤੇ ਪ੍ਰਮ-ਮਿੱਤਰ ਹਰਪਾਲ ਕੁੱਸਾ ਦਾ ਫ਼ੋਨ ਆ ਗਿਆ। ਹਰਪਾਲ ਕੁੱਸਾ ਨੂੰ ਸਾਰੇ 'ਨੀਲੂ' ਕਹਿ ਕੇ ਬੁਲਾਉਂਦੇ ਹਨ। ਨੀਲੂ, ਅਕਾਲੀ ਦਲ ਅੰਮ੍ਰਿਤਸਰ ਦਾ, ਮੋਗਾ ਜਿਲ੍ਹੇ ਦਾ ਪ੍ਰਧਾਨ ਹੈ। ਜਦੋਂ ਨੀਲੂ ਦਾ ਇਤਨੀ ਸਾਝਰੇ ਫ਼ੋਨ ਖੜਕਿਆ ਤਾਂ ਕੁਝ ਹੈਰਾਨੀ ਜਿਹੀ ਹੋਈ। ਉਸ ਨੇ ਸੰਖੇਪ ਜਿਹੀ ਗੱਲ ਕੀਤੀ, "ਬਾਈ, ਬੇਬੇ ਥੋੜ੍ਹੀ ਜੀ ਬਿਮਾਰ ਹੋਗੀ ਸੀ-ਮੋਗੇ ਹਸਪਤਾਲ ਦਾਖ਼ਲ ਕਰਵਾਈ ਐ!" ਮੇਰੀ ਮਾਂ ਨੀਲੂ ਦੀ ਲੱਗਦੀ ਤਾਂ ਚਾਚੀ ਹੈ, ਪਰ ਨੀਲੂ ਪਤਾ ਨਹੀਂ ਕਿਉਂ 'ਬੇਬੇ' ਹੀ ਆਖ ਕੇ ਬੁਲਾਉਂਦਾ ਰਿਹਾ ਹੈ।
-"ਕੋਈ ਖ਼ਤਰੇ ਵਾਲੀ ਗੱਲ ਤਾਂ ਨ੍ਹੀ?" ਮੈਂ ਪੁੱਛਿਆ।
-"ਨਹੀਂ, ਕੋਈ ਖ਼ਤਰੇ ਆਲੀ ਗੱਲ ਨ੍ਹੀ-ਮਾੜਾ ਜਿਆ ਬਲੱਡ ਪ੍ਰੈਸ਼ਰ ਚੜ੍ਹ ਗਿਆ ਸੀ-ਤਾਂ ਦਾਖ਼ਲ ਕਰਵਾਈ ਐ।" ਨੀਲੂ ਦੇ ਆਖਣ 'ਤੇ ਮੈਂ ਵੀ ਬੇਫਿ਼ਕਰ ਜਿਹਾ ਹੋ ਗਿਆ ਅਤੇ ਇਸ ਸੰਖੇਪ ਗੱਲ ਤੋਂ ਬਾਅਦ ਫਿਰ ਸੌਂ ਗਿਆ। ਸੁਚੇਤ ਤਾਂ ਮੈਂ ਉਦੋਂ ਹੋਇਆ, ਜਦੋਂ ਨੀਲੂ ਦਾ ਘੰਟੇ ਕੁ ਬਾਅਦ, ਅਰਥਾਤ ਸਵੇਰੇ ਤਿੰਨ ਵੱਜ ਕੇ ਚਾਰ ਮਿੰਟ 'ਤੇ ਫਿਰ ਫ਼ੋਨ ਵੱਜਿਆ।
-"ਬਾਈ, ਬੇਬੇ ਦੀ ਹਾਲਤ ਥੋੜੀ ਜੀ ਖਰਾਬ ਹੋਗੀ!" ਉਸ ਨੇ ਦੱਸਿਆ।
-"ਨੀਲੂ ਸਥਿਤੀ ਸਪੱਸ਼ਟ ਕਰ-!" ਮੈਂ ਉਠ ਕੇ ਬੈਠ ਗਿਆ।
-"ਸਥਿਤੀ ਤਾਂ ਬਾਈ ਇਉਂ ਐਂ-।" ਉਸ ਨੇ ਲੰਬਾ ਸਾਹ ਲੈ ਕੇ ਗੱਲ ਫਿਰ ਸ਼ੁਰੂ ਕੀਤੀ, "ਐਕਸਰੇ ਤੇ ਸਕੈਨਿੰਗ ਕਰਵਾਈ ਐ-ਰਿਪੋਰਟਾਂ ਅਜੇ ਆਉਣੀਐਂ-ਸਥਿਤੀ ਤਾਂ ਰਿਪੋਰਟਾਂ ਆਉਣ ਤੋਂ ਬਾਅਦ ਈ ਦੱਸਾਂਗੇ-ਤੂੰ ਪੰਜਾਬ ਆ ਸਕਦੈਂ?"
-"ਹੁਣ ਤਿੰਨ ਵੱਜ ਕੇ ਪੰਜ ਮਿੰਟ ਹੋਏ ਐ-ਆਉਣ ਬਾਰੇ ਤਾਂ ਮੈਂ ਜਹਾਜ ਦੀ ਸੀਟ ਮਿਲਣ ਤੋਂ ਬਾਅਦ ਈ ਦੱਸ ਸਕਦੈਂ-ਪਰ ਜਦੋਂ ਰਿਪੋਰਟਾਂ ਆਉਣ-ਬਾਈ ਬਣਕੇ ਮੈਨੂੰ ਤੁਰੰਤ ਦੱਸਣੈਂ-ਓਨਾਂ ਚਿਰ ਮੈਂ ਸੀਟ ਸੂਟ ਦਾ ਪ੍ਰਬੰਧ ਕਰਦੈਂ-।" ਫ਼ੋਨ ਕੱਟਿਆ ਗਿਆ। ਦਿਲ ਨੂੰ ਡੋਬੂ ਜਿਹਾ ਪਿਆ। ਮੇਰੀ ਦਰਵੇਸ਼ ਮਾਂ, ਜਿਸ ਨੇ ਗਰੀਬੀ ਵਿਚ ਵੀ ਸਾਨੂੰ ਕਦੇ ਮੱਥੇ ਵੱਟ ਨਹੀਂ ਸੀ ਪਾ ਕੇ ਵਿਖਾਇਆ। ਉਹ ਹਸਪਤਾਲ ਪਤਾ ਨਹੀਂ ਕਿਹੜੀ ਹਾਲਤ ਵਿਚ ਪਈ ਸੀ?
ਉਠ ਕੇ ਬੁਰਸ਼ ਕੀਤਾ ਅਤੇ ਮਾਂ ਦੀ ਚੜ੍ਹਦੀ ਕਲਾ ਲਈ ਪਾਠ ਆਰੰਭ ਕਰ ਦਿੱਤਾ।……
-"ਤੀਨੇ ਤਾਪ ਨਿਵਾਰਣਹਾਰਾ ਦੁਖੁ ਹੰਤਾ ਸੁਖ ਰਾਸ।। ਤਾ ਕੋ ਵਿਘਨ ਨ ਕੋਊ ਲਾਗੈ ਜਾਂ ਕੀ ਪ੍ਰਭ ਆਗੈ ਅਰਦਾਸ।।…
-"ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ।। ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ।।"……
ਸਵੇਰੇ ਸੱਤ ਵਜੇ ਨੀਲੂ ਦਾ ਫ਼ੋਨ ਫਿਰ ਆ ਗਿਆ।
-"ਬਾਈ ਐਧਰੋਂ ਮਾੜ੍ਹਾ ਜਿਆ ਫ਼ੋਨ ਕਰੀਂ…!" ਜਦੋਂ ਉਸ ਨੇ ਆਖ ਕੇ ਫ਼ੋਨ ਕੱਟਿਆ ਤਾਂ ਮੇਰਾ ਦਿਲ ਹਿੱਲ ਗਿਆ। ਪਤਾ ਨਹੀਂ ਕੀ ਗੱਲ ਸੀ? ਕੀ ਖ਼ਬਰ ਸੀ? ਦਿਲ ਡਿੱਕਡੋਲੇ ਜਿਹੇ ਖਾਣ ਲੱਗ ਪਿਆ। ਫ਼ੋਨ ਕਰਨ ਨੂੰ ਦਿਲ ਜਿਹਾ ਨਾ ਪਵੇ। ਪਰ ਸਾਰਾ ਸਾਹਸ ਇਕੱਠਾ ਕਰਕੇ ਫ਼ੋਨ ਮਿਲਾ ਹੀ ਲਿਆ। ਮਿਲਾਉਣਾ ਹੀ ਪੈਣਾ ਸੀ। ਕੀ ਕੋਈ ਵੱਸ ਸੀ?
-"ਹਾਂ ਬਾਈ ਨੀਲੂ, ਕੀ ਹਾਲ ਐ?" ਗੱਲ ਕਰਦੇ ਦਾ ਮੇਰਾ ਮਨ ਮੁੱਠੀ ਵਿਚੋਂ ਰੇਤ ਵਾਂਗ ਕਿਰੀ ਜਾ ਰਿਹਾ ਸੀ।
-"ਬਾਈ ਰਿਪੋਰਟਾਂ ਆ ਗਈਆਂ-।"
-"ਹਾਂ ਵੀਰੇ, ਜਲਦੀ ਦੱਸ?" ਮੈਂ ਅੰਦਰੋਂ ਕਾਹਲਾ ਪਿਆ ਹੋਇਆ ਸੀ।
-"ਬਾਈ ਰਿਪੋਰਟਾਂ ਆ ਗਈਆਂ-ਤੇ ਡਾਕਟਰ ਨੇ 'ਜਵਾਬ' ਦੇ ਦਿੱਤਾ।" ਉਸ ਨੇ ਰੁਕ-ਰੁਕ ਕੇ ਜਿਹੇ ਦੱਸਿਆ।
-"ਕਾਹਤੋਂ…?" ਮੇਰਾ ਦਿਲ ਹਥੌੜੇ ਵਾਂਗ ਛਾਤੀ ਵਿਚ ਵੱਜਣ ਲੱਗ ਪਿਆ।
-"ਕਹਿੰਦਾ, ਮਾਤਾ ਨੂੰ ਘਰੇ ਲੈ ਜਾਵੋ ਤੇ ਸੇਵਾ ਸੂਵਾ ਕਰ ਲਓ!"
-"ਬਾਈ ਗੱਲ ਐਨੀ ਐਂ…।" ਮੈਂ ਕਿਹਾ।
-"……।"
-"ਮੇਰੀ ਫ਼ਲਾਈਟ ਦਾ ਮੈਨੂੰ ਸਵਾ ਦਸ ਵਜੇ ਪਤਾ ਲੱਗਣੈਂ-ਓਨਾ ਚਿਰ ਡਾਕਟਰ ਨੂੰ ਬੇਨਤੀ ਕਰੋ ਕਿ ਸਾਡਾ ਬੰਦਾ ਇੰਗਲੈਂਡ ਤੋਂ ਆ ਰਿਹਾ ਹੈ-ਉਸ ਦੇ ਆਉਣ ਤੱਕ ਅਸੀਂ ਮਾਤਾ ਨੂੰ ਐਥੇ ਹਸਪਤਾਲ 'ਚ ਈ ਰੱਖਾਂਗੇ।" ਮੇਰਾ ਤਾਂ ਇਕ ਤਰ੍ਹਾਂ ਦਾ ਤਰਲਾ ਹੀ ਸੀ। ਵੈਸੇ ਮੇਰੀ ਜਹਾਜ ਦੀ ਸੀਟ ਬਾਰੇ ਬਾਈ ਬਲਦੇਵ ਨੇ ਫ਼ੋਨ ਕਰ ਦਿੱਤਾ ਸੀ। ਟਰੈਵਲ ਏਜੰਸੀ ਵਾਲਾ ਆਖ ਰਿਹਾ ਸੀ ਕਿ ਅਸੀਂ ਤੁਹਾਨੂੰ ਦਸ ਵਜੇ ਦੱਸਾਂਗੇ।
ਖ਼ੈਰ! ਟਰੈਵਲ ਏਜੰਟ ਦਾ ਸਵਾ ਕੁ ਦਸ ਵਜੇ ਫ਼ੋਨ ਆ ਗਿਆ। ਸ਼ਾਮ ਦੀ 'ਸਹਾਰਾ ਏਅਰ' ਵਿਚ ਸੀਟ ਮਿਲ ਰਹੀ ਸੀ। ਰੇਟ 429 ਪੌਂਡ! ਮੈਂ 'ਹਾਂ' ਕਰ ਦਿੱਤੀ। 429 ਪੌਂਡ ਮਾਂ ਤੋਂ ਵੱਡੇ ਨਹੀਂ ਸਨ। ਫ਼ਲਾਈਟ ਸ਼ਾਮ ਨੌਂ ਵਜੇ ਦੀ ਸੀ।